ਚੰਗੇਰੇ ਭਵਿੱਖ ਲਈ ਪਰਦੇਸੀਂ ਜਾ ਵੱਸਣਾ ਪੰਜਾਬ ਦੀ ਨਵੀਂ ਪੀੜ੍ਹੀ ਦਾ ਸੁਪਨਾ ਵੀ ਹੈ ਅਤੇ ਚੰਗੇ ਭਾਗਾਂ ਦੇ ਦਰ ਖੁਲ੍ਹਣਾ ਵੀ। ਪਰਦੇਸਾਂ ਵਿਚ ਖਾਸ ਕਰਕੇ ਅਮਰੀਕਾ, ਕੈਨੇਡਾ ਜਿਹੇ ਵਿਕਸਿਤ ਮੁਲਕਾਂ ਵਿਚ ਸਾਡੀ ਨਵੀਂ ਪੀੜ੍ਹੀ ਨੇ ਮੱਲਾਂ ਵੀ ਬਥੇਰੀਆਂ ਮਾਰੀਆਂ ਹਨ, ਪਰ ਸਾਡੀ ਪਿਛਲੇਰੀ ਪੀੜ੍ਹੀ ਲਈ ਕਈ ਵਾਰ ਪਰਦੇਸ ਇਕ ਅਜੀਬ ਕੁੜਿੱਕੀ ਬਣ ਜਾਂਦੇ ਹਨ-ਨਾ ਉਹ ਏਧਰਲੇ ਰਹਿ ਜਾਂਦੇ ਹਨ ਤੇ ਨਾ ਉਧਰਲੇ।
ਇਸੇ ਨੂੰ ਬਲਕਾਰ ਸਿੰਘ ਬਾਜਵਾ ਨੇ ‘ਕੋਠੀ ਲੱਗਣਾ’ ਕਿਹਾ ਹੈ। ਇਸ ਲੇਖ ਵਿਚ ਉਨ੍ਹਾਂ ਸਾਡੇ ਲੋਕਾਂ ਦੇ ਵਹਿਮਾਂ-ਭਰਮਾਂ ਵਿਚ ਫਸੇ ਹੋਣ ਦੀ ਗੱਲ ਕੀਤੀ ਹੈ, ਜੋ ਕਦੀ ਫਰੇਬੀ, ਧੋਖੇਬਾਜ਼ ਜੋਤਸ਼ੀਆਂ ਦੇ ਚੱਕਰ ‘ਚ ਫਸ ਜਾਂਦੇ ਹਨ, ਰਾਹੂ ਕੇਤੂਆਂ ਦੇ ਇਲਾਜ ਕਰਨ ਲੱਗ ਪੈਂਦੇ ਹਨ ਜਾਂ ਧਾਗੇ-ਤਵੀਤਾਂ ਟੂਣੇ-ਟਾਮਣਿਆਂ ‘ਚ ਖੁੱਬੇ, ਗੋਤੇ ਖਾਂਦੇ ਪੈਸਾ ਰੋੜ੍ਹੀ ਜਾਂਦੇ ਹਨ, ਪਰ ਬਿਮਾਰ ਦੇ ਬਚ ਜਾਣ ‘ਤੇ ਉਨ੍ਹਾਂ ਡਾਕਟਰਾਂ ਦਾ ਧੰਨਵਾਦ ਨਹੀਂ ਕਰਦੇ ਜਿਨ੍ਹਾਂ ਨੇ ਮਰੀਜ ਨੂੰ ਬਚਾਇਆ ਹੁੰਦਾ ਹੈ। ਉਹ ਕਹਿੰਦੇ ਹਨ ਕਿ ਪਾਠ ਪੂਜਾ ਤੇ ਹੋਰ ਵਹਿਮਾਂ-ਭਰਮਾਂ ‘ਤੇ ਖਰਚਣ ਦੀ ਥਾਂ ਇਹ ਪੈਸਾ ਉਨ੍ਹਾਂ ਨੂੰ ਹਸਪਤਾਲਾਂ ਨੂੰ ਦਾਨ ਕਰਨਾ ਚਾਹੀਦਾ ਹੈ। -ਸੰਪਾਦਕ
ਪ੍ਰਿੰ. ਬਲਕਾਰ ਸਿੰਘ ਬਾਜਵਾ
ਫੋਨ: 647-402-2170
ਜਦੋਂ ਹਾਈਟੈਕ ਪੜ੍ਹੇ-ਲਿਖੇ ਭਰਮਾਂ ‘ਚ ਫਸੇ ਹੋਣ ਤਾਂ ਸੋਚ ਗਿਲੇ ਸ਼ਿਕਵਿਆਂ ਨਾਲ ਝੁੰਜਲਾ ਉਠਦੀ ਹੈ। ਡਾਕਟਰੀ ਚਮਤਕਾਰ ਸਦਕਾ ਸਿਹਤਯਾਬ ਹੋਏ ਇੱਕ ਬਹੁਤ ਹੀ ਨਜ਼ਦੀਕੀ ਹਾਈਟੈਕ ਪੜ੍ਹੇ-ਲਿਖੇ ਅਜ਼ੀਜ਼ ਨੇ ਜਦੋਂ ਸ਼ੁਕਰਾਨਾ ਪਾਠ ਕਰਵਾਇਆ ਤਾਂ ਮੈਨੂੰ ਵੀ ਸੱਦਾ ਦਿੱਤਾ। ਰੂਹ ਤੜਪ ਉਠੀ। ਉਏ ਭਲਿਓ ਲੋਕੋ! ਥੋੜ੍ਹਾ ਸੋਚੋ, ਜ਼ਰਾ ਗੌਰ ਤਾਂ ਕਰੋ! ਜਦ ਤੁਸੀਂ ਜ਼ਿੰਦਗੀ ਤੇ ਮੌਤ ਵਿਚਾਲੇ ਲਟਕ ਰਹੇ ਸੀ, ਉਦੋਂ ਕਿਉਂ ਨਾ ਪਾਠ ਕਰਵਾਏ? ਉਦੋਂ ਕਿਉਂ ਨਾ ਉਸ ਦੇ ਰਹਿਮੋ-ਕਰਮ ‘ਤੇ ਰਹੇ? ਉਦੋਂ ਕਿਉਂ ਹਸਪਤਾਲਾਂ ਵੱਲ ਭੱਜੇ?
ਡਰੇ ਅੰਧਵਿਸ਼ਵਾਸੀ, ਕਰਮਕਾਂਡੀ ਮੇਰੇ ਵੀਰ ਤੇ ਭੈਣਾਂ ਡਾਕਟਰੀ ਇਲਾਜਾਂ ਦੇ ਨਾਲ ਨਾਲ ਸ਼ਾਇਦ ਅਰਦਾਸਾਂ ਵੀ ਕਰਦੇ ਰਹੇ ਹੋਣਗੇ। ਹਰ ਪੂਜਾ ਅਸਥਾਨ ਅੱਗੇ ਨਤਮਸਤਕ ਹੁੰਦੇ ਰਹੇ ਹੋਣਗੇ। ਸ਼ਾਇਦ ਲੁਕਵੇਂ ਤੌਰ ‘ਤੇ ਧਾਗੇ ਤਵੀਤ ਵੀ ਕਰਵਾਏ ਹੋਣਗੇ। ਸੋਚਦੇ ਹੋਣਗੇ, ਜਾਨ ਬਚ ਜਾਏ, ਭਾਵੇਂ ਕਿਸੇ ਦੀ ਰਹਿਮਤ ਹੋ ਜਾਏ। ਉਹ ਇੰਨੇ ਡਰ ਗਏ ਹੁੰਦੇ ਹਨ ਕਿ ਡਾਕਟਰੀ ਇਲਾਜ ਦੇ ਨਾਲ ਹਰ ਪਾਸੇ ਭਟਕਦੇ ਫਿਰਦੇ ਹਨ। ਜੋ ਵੀ ਕੋਈ ਦੱਸਦਾ ਹੈ, ਜਿਵੇਂ ਵੀ ਕਰਨ ਨੂੰ ਕਹਿੰਦਾ ਹੈ, ਓਵੇਂ ਹੀ ਕਰੀ ਜਾਂਦੇ ਹਨ। ਹੁਣ ਜਦੋਂ ਡਾਕਟਰ ਰੱਬ ਬਣ ਬਹੁੜੇ ਹਨ, ਆਪ ਵੀ ਮੰਨਦੇ ਹਨ, ਪਰ ਹਸਪਤਾਲ ਤਾਂ ਭੁੱਲ ਗਏ ਨੇ, ਅਤੇ ਤੁਰ ਪਏ ਨੇ ਸ਼ੁਕਰਾਨੇ ਦੇ ਰਸਮੀ ਪੂਜਾ ਪਾਠਾਂ ਵੱਲ!
ਗੰਭੀਰਤਾ ਨਾਲ ਜ਼ਰਾ ਸੋਚੋ ਤਾਂ ਸਹੀ। ਜੇ ਤੁਹਾਡਾ ਪੂਜਨੀਕ, ਸਤਿਕਾਰਯੋਗ ‘ਰਾਖਾ ਸਭਨੀਂ ਥਾਈਂ’ ਹੈਗਾ ਸੀ, ਤਾਂ ਤੁਹਾਨੂੰ ਉਸ ਨੇ ਬਿਮਾਰ ਹੀ ਕਿਉਂ ਕੀਤਾ? ਤੁਹਾਨੂੰ ਉਸ ਨੇ ਜਾਨਲੇਵਾ ਰੋਗ ਲੱਗਣ ਹੀ ਕਿਉਂ ਦਿੱਤਾ? ਤੁਸੀਂ ਤਾਂ ਉਦੋਂ ਵੀ ਉਸ ਦੀ ਬਾਕਾਇਦਾ ਅਰਾਧਨਾ ਕਰਦੇ ਹੁੰਦੇ ਸੀ। ਹਰ ਰੋਜ਼ ਉਸ ਅੱਗੇ ਨਤਮਸਤਕ ਹੁੰਦੇ ਸੀ। ਭਲਾ ਨਾਸਤਕਾਂ ਨੂੰ ਤਾਂ ਕੋਈ ਰੋਗ ਲੱਗ ਜਾਣ, ਪਰ ਤੁਹਾਨੂੰ ਕਿਉਂ ਲੱਗਣ! ਉਹ ਤੁਹਾਡਾ ਸੀ, ਤੁਸੀਂ ਉਹਦੇ ਸੀ। ਤੁਸੀਂ ਤਾਂ ਉਸ ਦੇ ਅੰਨੇ ਉਪਾਸ਼ਕ, ਸੇਵਕ ਸੀ, ਉਸ ਦੇ ਸ਼ਰਧਾਲੂ ਸੀ। ਫਿਰ ਤੁਹਾਨੂੰ ਕਿਉਂ ਇਹ ਬਿਪਤਾ ਪਾਈ? ਮੁਸੀਬਤ ‘ਚ ਕਿਉਂ ਝੋਕਿਆ?
ਸਿਖਰ ਦਾ ਸਵਾਲ ਹੈ: ਰੋਗ ਕਿਉਂ ਲੱਗਦੇ ਹਨ? ਜਾਂ ਬੰਦਾ ਰੋਗੀ ਕਿਵੇਂ ਬਣਦਾ ਹੈ? ਇਹ ਹਰ ਕਿਸੇ ਨੂੰ ਲੱਗ ਸਕਦੇ ਹਨ, ਭਾਵੇਂ ਹੋਵੇ ਕੋਈ ਆਸਤਕ ਤੇ ਭਾਵੇਂ ਕੋਈ ਨਾਸਤਕ। ਸਰੀਰ ਦੀ ਹਰ ਅਹੁਰ ਦੇ ਕੁਝ ਕਾਰਨ ਹੁੰਦੇ ਹਨ। ਵਿਗਿਆਨੀ ਉਨ੍ਹਾਂ ਦੀ ਖੋਜ ਕਰ ਚੁਕੇ ਹਨ ਅਤੇ ਅੱਗੇ ਹੋਰ ਖੋਜਾਂ ਚੱਲ ਰਹੀਆਂ ਹਨ। ਬੱਸ ਇੰਨਾ ਸਮਝ ਲਵੋ, ਨਹੀਂ ਤਾਂ ਐਵੇਂ ਭਟਕਦੇ ਰਹੋਂਗੇ। ਡਰਪੋਕ ਨਾ ਬਣੋ! ਦਲੇਰ ਬਣੋ! ‘ਜਿਨੀ ਸਚੁ ਪਛਾਣਿਆ ਸੇ ਸੁਖੀਏ ਜੁਗ ਚਾਰਿ।’
ਮੇਰੇ ਉਸ ਅਜੀਜ਼ ਦੀ ਜ਼ਿੰਦਗੀ ‘ਚ ਇੱਕ ਸਮਾਂ ਆ ਗਿਆ ਸੀ, ਜਦੋਂ ਜੇ ਦੋ ਪਲ ਹੋਰ ਉਹਦੇ ਦਿਲ ਦੀ ਹਰਕਤ ਮੁੜ ਚਾਲੂ ਨਾ ਹੁੰਦੀ ਤਾਂ ਕਹਾਣੀ ਮੁੱਕ ਜਾਂਦੀ। ਦਿਲੀ ਕਾਮਨਾ ਹੈ, ਅਜਿਹੀ ਸਥਿਤੀ ਕਿਸੇ ਦੁਸ਼ਮਣ ‘ਤੇ ਵੀ ਨਾ ਆਵੇ। ਮਾਫ ਕਰਨਾ, ਜੇ ਇਹ ਸ਼ਬਦ ਬੁਰੇ ਲੱਗਣ, ਪਰ ਹੈਨ ਇਹ ਠੋਸ ਸੱਚ। ਡਾਕਟਰਾਂ ਦੀ ਸੰਕਟੀ ਟੀਮ ਤੁਰੰਤ ਹਰਕਤ ‘ਚ ਆਈ। ਆਕਸੀਜਨ ਲੱਗੀ, ਦਿਲ ਨੂੰ ਥਪਥਪਾਇਆ, ਕ੍ਰਿਆਸ਼ੀਲ ਕੀਤਾ ਤੇ ਬਣਾਵਟੀ ਸਾਹ ਦਿੱਤਾ। ਤਕਨੀਕੀ ਯੰਤਰਾਂ ਨਾਲ ਕੁਝ ਸਮੇਂ ‘ਚ ਹੀ ਉਹਦੀ ਨਬਜ਼ ਚੱਲਣ ਲਾ ਦਿੱਤੀ। ਇਸ ਤਰ੍ਹਾਂ ਇੱਕ ਵਾਰੀ ਨਹੀਂ, ਦੋ-ਤਿੰਨ ਵਾਰੀ ਇਹ ਭਾਣਾ ਵਰਤਿਆ। ਤੁਰੰਤ ਮਦਦ ਮਿਲਦੀ ਰਹੀ। ਜੀਵਨ ਨਬਜ਼ ਬੰਦ ਹੁੰਦੀ ਹੁੰਦੀ ਚੱਲਦੀ ਕੀਤੀ ਜਾਂਦੀ ਰਹੀ, ਕਿਉਂਕਿ ਇੰਡੀਕੇਟਰ ਯੰਤਰਾਂ ‘ਤੇ ਨਰਸ ਦੀ ਨਿਗਾਹ ਸੀ। ਫਿਰ ਰੱਬ ਡਾਕਟਰ ਹੋਇਆ ਕਿ ਇਹ ਕਾਲਪਨਿਕ ਸ਼ਕਤੀਆਂ? ਜਿਨ੍ਹਾਂ ਨੂੰ ਹਾਲੀ ਤੱਕ ਕਿਸੇ ਮਨੁੱਖ ਨੇ ਵੇਖਿਆ ਤੱਕ ਨਹੀਂ, ਅਤੇ ਨਾ ਹੀ ਕੋਈ ਵੇਖ ਸਕੇਗਾ, ਕਿਉਂਕਿ ਹੋਣ ਤਾਂ ਦਿੱਸਣ।
ਸਾਡੇ ਵਡੇਰੇ ਵੀ ਗੱਲਾਂ ਕਰਦੇ ਹੁੰਦੇ ਸੀ, ਜੇ ਕਿਤੇ ਹੈ ਤਾਂ ਆਪਣੇ ਨੇਕ ਮਿਹਨਤੀ ਗਰੀਬ ਭਗਤਾਂ ‘ਤੇ ਤਾਂ ਤਰਸ ਕਰੇ, ਜੋ ਹਰ ਰੋਜ਼ ਆਪਣੇ ਘਰਾਂ ‘ਚ ਉਨ੍ਹਾਂ ਦੀਆਂ ਮੂਰਤੀਆਂ ਨੂੰ ਪੂਜਦੇ, ਧੂਫਾਂ ਦਿੰਦੇ ਤੇ ਭੋਗ ਵੀ ਲਵਾਉਂਦੇ ਹਨ, ਉਹ ਜੋ ਪਸੂਆਂ ਤੋਂ ਬਦਤਰ ਜ਼ਿੰਦਗੀ ਜੀਅ ਰਹੇ ਹਨ। ਇਹ ਕਿਹੋ ਜਿਹਾ ਦਿਆਲੂ ਸਰਬਸ਼ਕਤੀਮਾਨ ਹੈ! ਮਿਹਰਾਂ ਦੇ ਗੱਫੇ ਅਮੀਰਾਂ ‘ਤੇ ਹੀ ਕਿਉਂ ਸੁੱਟਦਾ ਤੁਰਿਆ ਜਾ ਰਿਹੈ? ਉਹ, ਜੋ ਗਰੀਬ ਬੱਚਿਆਂ ਦੇ ਮੂੰਹੋਂ ਖੋਹੀ ਰੋਟੀ ਦੇ ਚੜ੍ਹਾਵਿਆਂ ਨਾਲ ਵੀ ਨਹੀਂ ਪਸੀਜਦਾ। ਉਹ ਕਿਹੋ ਜਿਹੀ ਅਕਾਲ ਮੂਰਤ ਹੈ, ਜੋ ਚੜ੍ਹਾਵਿਆਂ ‘ਤੇ ਹੀ ਤੁੱਠੀ ਫਿਰੇ! ਅਜਿਹੇ ਬੇਰਹਿਮ, ਬੇਨਿਆਜ਼ ਰੱਬ ਨੂੰ ਮੈਂ ਨਹੀਂ ਮੰਨਦਾ!
ਸਿਹਤਯਾਬ ਹੋਣ ਪਿੱਛੋਂ ਸਾਖਸ਼ਾਤ ਜੀਵਨ ਦਾਤਿਆਂ ਡਾਕਟਰਾਂ ਨੂੰ ਭੁੱਲ ਕੇ ਅਸੀਂ ਸਰਬ ਸ਼ਕਤੀਮਾਨ ਰੱਬ, ਪਰਮਾਤਮਾ, ਵਾਹਿਗੁਰੂ, ਅੱਲ੍ਹਾ, ਰਾਮ, ਰਹੀਮ ਦੀ ਮਿਹਰ ਦਾ ਨਾਮ ਜਪਣ ਲੱਗ ਪੈਂਦੇ ਹਾਂ। ਇਹ ਕਿੱਧਰ ਦਾ ਨਿਆਂ ਹੈ? ਜਾਨ ਬਚੀ ਦਾ ਸ਼ੁਕਰਾਨਾ ਹਸਪਤਾਲਾਂ ਦਾ ਕਰਨਾ ਚਾਹੀਦਾ ਹੈ, ਵਿਗਿਆਨੀਆਂ, ਡਾਕਟਰਾਂ ਤੇ ਨਰਸਾਂ ਦਾ ਕਰਨਾ ਬਣਦਾ ਹੈ। ਆਓ ਲੋਕੋ! ਕੋਈ ਹੱਕ ਸੱਚ ਦਾ ਰਸਤਾ ਫੜ੍ਹੀਏ! ਕੋਈ ਨਿਆਂ ਕਰੀਏ। ਮੇਰੇ ਭੋਲਿਓ ਵੀਰੋ! ਭਰਮਾਂ, ਵਹਿਮਾਂ ‘ਚੋਂ ਨਿਕਲੋ। ਚਾਨਣ ਦੇ ਬੀਜ ਬੀਜੋ, ਸਵੱਛ ਵਿਗਿਆਨਕ ਰਾਹਾਂ ‘ਤੇ ਚੱਲੋ। ਆਪਣੇ ਉਨ੍ਹਾਂ ਲੋਕਾਂ ਦੀ ਅਗਵਾਈ ਕਰੋ, ਜਿਨ੍ਹਾਂ ਤੁਹਾਨੂੰ ਪੜ੍ਹੇ-ਗੁੜ੍ਹੇ ਸਮਝ ਤੁਹਾਡੇ ਕੋਲੋਂ ਜੀਵਨ ਜਾਚ ਸਿੱਖਣੀ ਹੈ।
ਅੱਜ ਬਹੁਗਿਣਤੀ ਸਮਝਦਾਰ ਲੋਕ ਡਾਕਟਰਾਂ ਨੂੰ ਜੀਵਨ ਦਾਤਾ ਮੰਨਣ ਲੱਗ ਪਏ ਹਨ। ਉਹ ਕੋਈ ਤਰਫਦਾਰੀ ਨਹੀਂ ਕਰਦੇ, ਅਟੱਲ ਸੱਚ ਨੂੰ ਪ੍ਰਵਾਨ ਕਰ ਰਹੇ ਹਨ। ਇਸ ਵਿਚ ਉਨ੍ਹਾਂ ਦੀ ਸਿਆਣਪ ਤੇ ਦਾਨਸ਼ਮੰਦੀ ਟਪਕਦੀ ਹੈ। ਮੇਰਾ ਇੱਕ ਬਹੁਤ ਸੁਹਿਰਦ ਦੋਸਤ ਹਰ ਰੋਜ਼ ਕਿਸੇ ਮਹਾਨ ਦਾਰਸ਼ਨਿਕ ਦੀ ਇੱਕ ਟੂਕ ਭੇਜਦਾ ਹੈ, ਜੋ ਕਿਸੇ ਮਹਾਨ ਸੱਚ ਵੱਲ ਧਿਆਨ ਦਿਵਾਉਂਦੀ ਹੈ। ਅੱਜ ਜਿੱਥੇ ਉਨ੍ਹੇ ਇਸ ਸਮਾਗਮ ਦੀ ਜਾਣਕਾਰੀ ਦਿੱਤੀ, ਉਥੇ ਨਾਲ ਹੀ ਇਹ ਟੂਕ ਵੀ ਭੇਜੀ, ‘ਦਾਨਸ਼ਮੰਦੀ ਦੀ ਇੱਕ ਵਿਸ਼ੇਸ਼ਤਾ: ਕਦੀ ਵੀ ਨਿਰਾਸ਼ਾਮਈ, ਭਰਮੀ, ਵਹਿਮੀ ਕਾਰਜ ਨਾ ਕਰੋ।’ (ਥੋਰੋ)
ਸੁਣਨਾ ਔਖਾ ਹੋ ਜਾਂਦਾ ਹੈ, ਜਦੋਂ ਉਸੇ ਹੀ ਸਮਾਗਮ ‘ਚ ਜੁੜੀ ਸੰਗਤ ਕਹਿੰਦੀ ਹੋਵੇ, ‘ਉਹਦੀ ਵਧੀ ਹੋਈ ਸੀ, ਬਚ ਗਿਆ’, ‘ਉਸ ਨੇ ਹੱਥ ਦੇ ਕੇ ਰੱਖ ਲਿਆ’, ‘ਉਸ ਦੀ ਮਿਹਰ ਬਿਨਾ ਕੁਝ ਨਹੀਂ ਵਾਪਰਦਾ’, ‘ਉਹ ਹੀ ਜੀਵਨ ਦਾਤਾ ਹੈ’ ਆਦਿ। ਦੋਸਤੋ! ਦੁਰਘਟਨਾਵਾਂ ਵਾਪਰਦੀਆਂ ਹਨ। ਉਨ੍ਹਾਂ ‘ਚ ਕੋਈ ਨਾ ਕੋਈ ਮਨੁੱਖੀ ਗਲਤੀ ਜ਼ਰੂਰ ਹੁੰਦੀ ਹੈ। ਬਿਨਾ ਕਾਰਨ ਕੁਝ ਨਹੀਂ ਵਾਪਰਦਾ। ਨਾ ਵਾਪਰਿਆ ਹੈ, ਨਾ ਕਦੀ ਵਾਪਰੇਗਾ। ਜਦੋਂ ਦੀ ਹੋਸ਼ ਸੰਭਾਲੀ ਹੈ, ਉਪਰਲੀਆਂ ਘਸੀਆਂ-ਪਿਟੀਆਂ ਗੱਲਾਂ ਸੁਣਦਾ ਆ ਰਿਹਾ ਹਾਂ। ਭੋਲੇ ਲੋਕ ਕਦੀ ਦਸਵੇਂ ਪਾਤਸ਼ਾਹ ਦਾ ਬਾਜ ਗੁਰਦੁਆਰੇ ਦੀ ਪਾਲਕੀ ‘ਤੇ ਬੈਠੇ ਦੀ ਗੱਲ ਕਰਨ ਲੱਗ ਜਾਂਦੇ ਹਨ, ਕਦੀ ਸਟੋਵ ਦੇਵਤਾ ਬਣ ਤੁਰਨ ਲੱਗ ਪੈਂਦਾ ਹੈ, ਕਦੀ ਗਣੇਸ਼ ਜੀ ਦੁੱਧ ਪੀਣ ਲੱਗ ਪੈਂਦਾ ਹੈ, ਕਦੀ ਬੱਚਾ ਖੰਭ ਨਾਲ ਹੀ ਦੀਰਘ ਰੋਗੀਆਂ ਨੂੰ ਸਿਹਤਯਾਬੀ ਕਰਨ ਲਾ ਦਿੰਦਾ ਹੈ, ਅਤੇ ਅਨੇਕਾਂ ਹੋਰ ਕਿੱਸੇ ਕਹਾਣੀਆਂ ਚੱਲ ਪੈਂਦੀਆਂ ਹਨ। ਪਰ ਥੋੜ੍ਹੇ ਚਿਰ ਬਾਅਦ ਉਨ੍ਹਾਂ ਦਾ ਕੋਈ ਨਾਮੋ-ਨਿਸ਼ਾਨ ਨਹੀਂ ਰਹਿੰਦਾ।
ਇਹ ਵਰਤਾਰੇ ਮੇਰੇ ਜ਼ਿਹਨ ਵਿਚ ਸਵਾਲਾਂ ਦਾ ਇੱਕ ਵੱਡਾ ਘੋਲ ਵਿੱਢ ਦਿੰਦੇ ਹਨ। ਬੜਾ ਬੇਚੈਨ ਹੋ ਜਾਂਦਾ ਹਾਂ। ਇਹ ਲੋਕ ਏਦਾਂ ਕਿਉਂ ਕਰਦੇ ਹਨ? ਉਹ ਕੌਣ ਹੈ? ਜਿਸ ਨੂੰ ਕਦੀ ਕਿਸੇ ਨੇ ਵੇਖਿਆ ਹੀ ਨਹੀਂ। ਰਹਿੰਦੀ ਕਸਰ ਸਾਡੇ ਧਾਰਮਿਕ ਕੀਰਤਨੀਏ ਤੇ ਕਥਾਕਾਰ ਅਰਥਾਂ ਦੇ ਅਨਰਥ ਕਰਦੇ ਇਨ੍ਹਾਂ ਬਾਰੇ ਹੋਰ ਮਿਥਿਹਾਸਕ ਸਾਖੀਆਂ ਸੁਣਾ ਪੱਕਾ ਕਰਦੇ ਰਹਿੰਦੇ ਹਨ। ਲੋਕਾਂ ਨੂੰ ਭਾਵੁਕ ਕਰ ਮਾਇਆ ਇਕੱਠੀ ਕਰਨ ਦੇ ਰਾਹੇ ਪਏ ਹੋਏ ਹਨ ਅਤੇ ਅੱਗੋਂ ਲਈ ਵੀ ਇਸ ਤਰ੍ਹਾਂ ਹੀ ਕਰਦੇ ਰਹਿਣ ਦੇ ਬਾਨਣੂੰ ਬੰਨ੍ਹੀ ਜਾ ਰਹੇ ਹਨ। ਸੰਗਤ ਨੂੰ ‘ਸ਼ਬਦ ਗੁਰੂ ਗੁਰੂ ਹੈ ਬਾਣੀ, ਵਿਚ ਬਾਣੀ ਅੰਮ੍ਰਿਤ ਸਾਰੇ’ ਨਾਲ ਨਹੀਂ ਜੋੜਦੇ। ਗੁਰ ਸ਼ਬਦ ਤੋਂ ਟੁੱਟੇ ਲੋਕ ਹੀ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹਨ। ਕਿਸੇ ਗੈਬੀ ਸ਼ਕਤੀ ਦਾ ਨਾਮ ਲੈ ਚੁੱਪ ਰਹਿਣ, ਬਿਨਸਣ ਦੇ ਰਾਹ ਪਾਉਂਦੇ ਹਨ। ਆਪਣੇ ਆਪ ਦੇ ਦਾਨਸ਼ਮੰਦ ਹੋਣ ਦਾ ਭਰਮ ਭਾਲਦੇ ਹਨ। ਸੌਖਾ ਰਸਤਾ। ਸ਼ਬਦਾਂ ਨੂੰ ਕੋਈ ਵਾਚਦਾ ਨਹੀਂ, ਰਸਮਵਾਦ, ਪੂਜਾਵਾਦ ਦੀ ਪ੍ਰਧਾਨਗੀ ਵਧੀ ਜਾ ਰਹੀ ਹੈ।
ਡੂੰਘਾਈ ‘ਚ ਸੋਚ ਚਲੀ ਜਾਂਦੀ ਹੈ। ਇਨ੍ਹਾਂ ਵਰਤਾਰਿਆਂ ਦੀ ਜੜ੍ਹ ਅਗਿਆਨ, ਦਲੇਰੀ ਦੀ ਘਾਟ, ਡਰ ਤੇ ਬੇਵਿਸ਼ਵਾਸੀ ਹੈ। ਇਸ ਵਿਚੋਂ ਨਿਕਲਣ ਲਈ ਮਿਹਨਤ ਕਰਨੀ ਪੈਂਦੀ ਹੈ। ਅਸੀਂ ਪੜ੍ਹਨ, ਗੁੜ੍ਹਨ ਤੋਂ ਭੱਜਦੇ ਹਾਂ। ਬੱਸ ਰਟੇ-ਰਟਾਏ ਸ਼ਬਦ: ਉਹਦਾ ਹਾਲੀ ਦਾਣਾ ਪਾਣੀ ਹੈਗਾ ਸੀ, ਜਿਸ ਨੂੰ ਰੱਖੇ ਸਾਈਆਂ ਉਹਨੂੰ ਮਾਰ ਨਾ ਸਕੇ ਕੋਈ, ਦੀ ਕਾਂਵਾਂ ਰੌਲੀ ‘ਚ ਜਿਸ ਨੇ ਬਚਾਇਆ ਹੁੰਦੈ, ਉਸ ਮਹਾਨ ਡਾਕਟਰ ਨੂੰ ਕੋਈ ਯਾਦ ਨਹੀਂ ਕਰਦਾ, ਜਿਸ ਦੀ ਮਿਹਨਤ, ਸੂਝ, ਤਕਨੀਕ ਤੇ ਗਿਆਨ-ਵਿਗਿਆਨ ਸਦਕਾ ਮੁੜ ਜੀਵਨ ਮਿਲਿਆ ਹੈ।
ਕਮਜ਼ੋਰਾਂ ਦੇ ਮਨ ‘ਚ ਡਰ ਤੇ ਬੇਵਿਸ਼ਵਾਸੀ ਓੜਕਾਂ ਦੀ ਹੁੰਦੀ ਹੈ। ਉਨ੍ਹਾਂ ਨੂੰ ਤਾਂ ਆਪਣੇ ਅਕੀਦੇ ‘ਤੇ, ਨਾ ਹੀ ਆਪਣੇ ਧਰਮ ਗ੍ਰੰਥ (ਗੁਰੂਆਂ ਦੀ ਬਾਣੀ) ‘ਤੇ ਵਿਸ਼ਵਾਸ ਹੁੰਦਾ ਹੈ। ਉਹ ਹਰ ਪਾਸੇ ਭਟਕਦੇ ਫਿਰਦੇ ਹਨ। ਕਦੀ ਫਰੇਬੀ, ਧੋਖੇਬਾਜ਼ ਜੋਤਸ਼ੀਆਂ ਦੇ ਚੱਕਰ ‘ਚ ਫਸ ਜਾਂਦੇ ਹਨ, ਰਾਹੂ ਕੇਤੂਆਂ ਦੇ ਇਲਾਜ ਕਰਨ ਲੱਗ ਪੈਂਦੇ ਹਨ ਜਾਂ ਧਾਗੇ-ਤਵੀਤਾਂ ਟੂਣੇ-ਟਾਮਣਿਆਂ ‘ਚ ਖੁੱਬੇ, ਗੋਤੇ ਖਾਂਦੇ ਪੈਸਾ ਰੋੜ੍ਹੀ ਜਾਂਦੇ ਹਨ। ਇਹ ਪੈਸਾ ਉਨ੍ਹਾਂ ਨੂੰ ਹਸਪਤਾਲਾਂ ਨੂੰ ਦਾਨ ਕਰਨਾ ਚਾਹੀਦਾ ਹੈ। ਸਮਾਜਕ, ਆਰਥਕ ਤੇ ਵਿਦਿਅਕ ਸੰਸਥਾਵਾਂ, ਜੋ ਮਨੁੱਖ ਦੀ ਆਰਥਕ ਤੇ ਸਮਾਜਕ ਮੁਕਤੀ ਦੇ ਚਾਨਣ ਮੁਨਾਰੇ ਹਨ, ਜੀਵਨਦਾਤਾ ਹਨ, ਨੂੰ ਦੇਣਾ ਚਾਹੀਦਾ ਹੈ ਜਾਂ ਲੋਕਾਂ ਦੇ ਭਲੇ ਲਈ ਸਰਗਰਮ ਜਥੇਬੰਦੀਆਂ ਨੂੰ ਦੇਣੇ ਚਾਹੀਦੇ ਹਨ-ਉਹ, ਜੋ ਗਿਆਨ, ਚਾਨਣ ਦੇ ਛੱਟੇ ਦਿੰਦੀਆਂ ਹਨ। ਘਸੇ-ਪਿੱਟੇ, ਦਕੀਆਨੂਸੀ, ਰੂੜੀਵਾਦੀ ਰਵਾਇਤਾਂ ‘ਤੇ ਤੋਰਨ ਵਾਲੇ ਪ੍ਰਚਾਰਕਾਂ ਨੂੰ ਨਹੀਂ ਦੇਣੇ ਚਾਹੀਦੇ। ਸ਼ੁਕਰਾਨੇ ਵਜੋਂ ਮਾਇਆ ਉਤੇ ਹਸਪਤਾਲਾਂ ਅਤੇ ਵਿਦਿਅਕ ਸੰਸਥਾਵਾਂ ਦਾ ਹੱਕ ਬਣਦਾ ਹੈ। ਉਹ ਹੀ ਇਸ ਦੀਆਂ ਸਹੀ ਹੱਕਦਾਰ ਹੁੰਦੀਆਂ ਹਨ।
ਜ਼ਰਾ ਸੋਚੋ! ਹਸਪਤਾਲਾਂ ਵਿਚ ਇੰਤਜ਼ਾਰ ਸਮੇਂ ਕਿਉਂ ਲੰਬੇ ਹਨ? ਕਿਉਂਕਿ ਇਨ੍ਹਾਂ ਸੰਸਥਾਵਾਂ ਕੋਲ ਫੰਡ ਨਹੀਂ ਹਨ, ਪਰ ਅਸੀਂ ਸਰਕਾਰਾਂ ਨੂੰ ਕੋਸਦੇ ਹਾਂ। ਕਦੀ ਸੋਚਦੇ ਨਹੀਂ ਕਿ ਇਸ ਵੇਲੇ ਜੋ ਸਹੂਲਤਾਂ ਮਿਲ ਰਹੀਆਂ ਹਨ, ਉਹ ਦੁਨੀਆਂ ਵਿਚ ਚੋਟੀ ਦੀਆਂ ਹਨ। ਇਸ ਵਿਚ ਵੀ ਸਰਕਾਰਾਂ ਦਾ ਹੀ ਵੱਡਾ ਹਿੱਸਾ ਹੈ। ਦਾਨੀਆਂ ਦਾ ਵੀ ਹੈ, ਤੁਹਾਡੇ ਮੇਰੇ ਵਰਗਿਆਂ ਦੇ ਤਿਲ-ਫੁੱਲ ਦਾ ਵੀ ਹੈ।
ਮੈਨੂੰ ਹਸਪਤਾਲ ‘ਚੋਂ ਇੱਕ ਚਿੱਠੀ ਮਿਲੀ, ਜਿਸ ਵਿਚ ਇੱਕ ਮਰੀਜ਼ ਕਹਿੰਦਾ, “ਜ਼ਿੰਦਗੀ ਦੇ ਯਥਾਰਥਾਂ ਨੇ ਮਾਪਿਆਂ ਦੇ ਤੋਲਾ ਮਾਸਾ ਦੇ ਫਰਕ ਨੇ ਹੀ ਜ਼ਿੰਦਗੀ ਨੂੰ ਤੋਲਾ ਮਾਸਾ ਬਣਾ ਧਰਿਆ ਹੋਇਐ।”
ਆਓ! ਵੱਡੇ ਜੀਵਨ ਦਾਨੀ ਬਣੀਏ! ਅਸੀਂ ਵੱਡੀਆਂ ਜਾਇਦਾਦਾਂ ਬੱਚਿਆਂ ਲਈ ਛੱਡ ਜਾਂਦੇ ਹਾਂ। ਉਨ੍ਹਾਂ ਨੂੰ ਭੁਲਾ ਦਿੰਦੇ ਹਾਂ, ਜਿਨ੍ਹਾਂ ਤੁਹਾਡੇ ਜੀਵਨ ਦੇ ਔਖੇ ਸਮੇਂ ਨੂੰ ਸੌਖਾ ਬਣਾਇਆ ਸੀ। ਸਾਡੀਆਂ ਕਮਾਈਆਂ, ਛੱਡ ਕੇ ਜਾਣ ਵਾਲੀਆਂ ਵਿਰਾਸਤਾਂ ਵਿਚ ਅਜਿਹੀਆਂ ਸੰਸਥਾਵਾਂ ਦਾ ਵੀ ਹੱਕ ਹੈ।
ਅਜੋਕੇ ਪੁੱਤਾਂ ਤੇ ਨੂੰਹਾਂ ਦੀ ਇੱਕ ਬਾਤ ਸੁਣਦੇ ਜਾਓ। ਸਸਕਾਰ ਵੇਲੇ ਪਰਿਵਾਰ ਨੂੰ ਮਾਂ ਦੇ ਨੱਕ ਦਾ ਕੋਕਾ ਯਾਦ ਆ ਜਾਂਦੈ। ਔਲਾਦ ਮਾਂ ਦੇ ਨੱਕ ਵਿਚ ਪਾਏ (ਫਸੇ) ਕੋਕੇ ਦੀ ਖਾਤਰ ਪਹਿਲਾਂ ਤਾਂ ਮਾਂ ਦਾ ਨੱਕ ਪਾੜਨ ਤੁਰ ਪਏ। ਕਿਸੇ ਨੇ ਸਮਝਾਇਆ, ਉਹਦੀ ਰਾਖ ‘ਚੋਂ ਤਲਾਸ਼ ਲਿਓ। ਪਹਿਲਾਂ ਉਨ੍ਹਾਂ ਛੱਤ ਤੱਕ ਵੰਡ-ਵੰਡਾਈ ਕਰ ਲਈ ਹੋਈ ਸੀ, ਲੱਕੜਾਂ, ਸਸਕਾਰ ਦੇ ਖਰਚੇ ਵੀ ਵੰਡ ਲਏ ਗਏ ਸਨ। ਬੱਸ ਇਹ ਇੱਕ ਕੋਕਾ ਰਹਿ ਗਿਆ ਸੀ, ਨੱਕ ‘ਚ ਫਸਿਆ। ਪੁੱਤ-ਨੂੰਹਾਂ ‘ਰਾਖ ਦੀ ਢੇਰੀ ਦੀ ਰਾਖੀ’ ਬਹਿ ਗਏ। ਰਾਖ ਫੋਲੀ, ਕੋਕਾ ਨਾ ਲੱਭਾ। ਕਿਸੇ ਕਿਹਾ, ਹੱਡੀ ‘ਚ ਫਸਿਆ ਹੋਵੇਗਾ। ਹੱਡੀਆਂ (ਫੁੱਲ) ਤੋੜੇ ਗਏ, ਨਾ ਲੱਭਾ। ਹੋ ਸਕਦੈ, ਖੋਪੜੀ ‘ਚ ਹੋਵੇ। ਖੋਪੜੀ ਤੋੜੀ ਗਈ, ਉਸ ਵਿਚੋਂ ਅਚਾਨਕ ਆਵਾਜ਼ ਆਈ, “ਮੇਰੇ ਅਫਸਰ ਪੁੱਤਰੋ! ਵੱਡੇ ਪੁੱਤਰੋ! ਮੈਂ ਹੁਣ ਕੀ ਕਰਾਂ? ਜੇ ਮੈਂ ਜਿਉਂਦੀ ਹੁੰਦੀ, ਆਪਣੀਆਂ ਲਾਡਲੀਆਂ ਨੂੰਹਾਂ ਨੂੰ ਇੱਕ ਇੱਕ ਕੋਕਾ ਬਣਵਾ ਦਿੰਦੀ। ਹੁਣ ਮੈਂ ਕੀ ਕਰਾਂ, ਮੈਂ ਤਾਂ ਰਾਖ ‘ਚੋਂ ਪੈਦਾ ਹੋਈ ਤੇ ਆਖਰ ਰਾਖ ‘ਚ ਹੀ ਮਿਲ ਗਈ ਆਂ. . . ।”
ਅਚਾਨਕ ਹਵਾ ਦਾ ਇੱਕ ਵੱਡਾ ਬੁੱਲਾ ਆਇਆ ਅਤੇ ਮਾਂ ‘ਰੱਖੋ’ ਦੀ ਰਾਖ ਅੱਧ ਅਸਮਾਨੇ ਲੈ ਗਿਆ। ਮਾਂ ਦੀ ਆਵਾਜ਼ ਦੇਰ ਤੱਕ ਰਾਖ ਦੇ ਰਖਵਾਲਿਆਂ ਦੇ ਕੰਨਾਂ ‘ਚ ਗੂੰਜਦੀ ਰਹੀ!