ਡਾ. ਗੁਰੂਮੇਲ ਸਿੱਧੂ ਦੀ ਇਹ ਦਿਲਚਸਪ ਲਿਖਤ ਜੇਲ੍ਹ ਅੰਦਰਲੇ ਜੀਵਨ ਦੇ ਨਾਲ-ਨਾਲ ਮਨੁੱਖੀ ਮਨ ਦੀ ਬੁਲੰਦੀ ਦੀ ਬਾਤ ਵੀ ਪਾਉਂਦੀ ਹੈ। ਲੇਖਕ ਨੇ ਆਪਣੀ ਲਿਖਤ ਦਾ ਆਧਾਰ ਆਜ਼ਾਦੀ ਘੁਲਾਟੀਆਂ ਨਾਲ ਜੁੜੀਆਂ ਘਟਨਾਵਾਂ ਨੂੰ ਬਣਾਇਆ ਹੈ। ਜੇਲ੍ਹ ਦੌਰਾਨ ਕਿਵੇਂ ਇਕ ਕੁੱਤਾ ਇਨਸਾਨੀ ਜ਼ਿੰਦਗੀ ਦਾ ਹੀ ਹਿੱਸਾ ਬਣ ਜਾਂਦਾ ਹੈ ਅਤੇ ਕਿਵੇਂ ਇਹ ਜਾਪਣ ਲੱਗਦਾ ਹੈ ਕਿ ਆਜ਼ਾਦੀ ਘੁਲਾਟੀਏ ਕਾਮਰੇਡ ਵਾਸਦੇਵ ਸਿੰਘ ਦਾ ਇਹ ਕੁੱਤਾ ‘ਮੋਤੀ’ ਵੀ ਇਕ ਆਜ਼ਾਦੀ ਘੁਲਾਟੀਆ ਹੀ ਹੈ,
ਇਸੇ ਵਾਰਤਾ ਨੂੰ ਆਪਣੇ ਇਸ ਲੇਖ ਵਿਚ ਡਾ. ਸਿੱਧੂ ਨੇ ਚਿਤਰਿਆ ਹੈ। ਦੇਸ਼ ਲਈ ਸਭ ਕੁਝ ਵਾਰ ਦੇਣ ਦਾ ਦਿਲ-ਗੁਰਦਾ ਰੱਖਣ ਵਾਲੇ ਇਨ੍ਹਾਂ ਆਜ਼ਾਦੀ ਘੁਲਾਟੀਆਂ ਦੇ ਅਣਛੋਹੇ ਪੱਖ ਇਸ ਲੇਖ ਦਾ ਹਿੱਸਾ ਬਣੇ ਹਨ। -ਸੰਪਾਦਕ
ਡਾ. ਗੁਰੂਮੇਲ ਸਿੱਧੂ
ਮੋਤੀ, ਗਦਰੀ ਬਾਬਿਆਂ ਦਾ ਪਾਲਤੂ ਕੁੱਤਾ ਸੀ। ਉਸ ਦੇ ਨਾਂ ਦੀ ਕਹਾਣੀ ਬਾਬਾ ਸੋਹਣ ਸਿੰਘ ਭਕਨਾ ਦੇ ਘਰੋਂ ਸ਼ੁਰੂ ਹੁੰਦੀ ਹੈ। ਬਾਬਾ ਭਕਨਾ ਬਾਰੇ ਕੁਝ ਕਹਿਣਾ, ਸੂਰਜ ਨੂੰ ਦੀਵਾ ਦਿਖਾਉਣਾ ਹੈ। ਤਾਂ ਵੀ ਏਨਾ ਕੁ ਦੱਸਣਾ ਕੁਥਾਵਾਂ ਨਹੀਂ ਕਿ ਬਾਬਾ ਜੀ ਨੇ 1912 ਵਿਚ ਅਮਰੀਕਾ ਵਿਖੇ ਗਦਰ ਪਾਰਟੀ ਦਾ ਮੁੱਢ ਬੰਨ੍ਹ ਕੇ ਹਿੰਦੋਸਤਾਨ ਦੇ ਗਲੋਂ ਗੁਲਾਮੀ ਦਾ ਜੂਲਾ ਲਾਹੁਣ ਲਈ ਮੈਦਾਨ ਸਾਫ ਕੀਤਾ। ਮੋਤੀ ਬਾਬਾ ਜੀ ਦੇ ਬਾੜੇ ਵਿਚ ਰਹਿੰਦਾ ਸੀ। ਦੇਖਣ ਨੂੰ ਉਹ ਕੁੱਤਾ ਸੀ, ਪਰ ਵਿਹਾਰ ਕਰੀਬ ਬੰਦਿਆਂ ਵਾਲੇ ਸਨ। ਕਈ ਬੰਦੇ ਸ਼ਕਲ-ਸੂਰਤ ਤੋਂ ਇਨਸਾਨ ਲਗਦੇ ਹਨ, ਹਰਕਤਾਂ ਕੁੱਤਿਆਂ ਵਾਲੀਆਂ ਕਰਦੇ ਹਨ। ਮੋਤੀ ਇਸ ਦੇ ਉਲਟ ਸੀ।
ਜੰਗੇ ਆਜ਼ਾਦੀ ਦੇ ਦਿਨੀਂ ਕਾਮਰੇਡ ਵਾਸਦੇਵ ਸਿੰਘ ਕੈਦ ‘ਚੋਂ ਰਿਹਾ ਹੋ ਕੇ ਕੁਝ ਦਿਨ ਬਾਬਾ ਭਕਨਾ ਦੇ ਵਾੜੇ ‘ਚ ਰਿਹਾ। ਓਥੇ ਉਹ ਚਿੱਟੇ ਰੰਗ ਦੇ ਪਾਲਤੂ ਕੁੱਤੇ ਮੋਤੀ ਨੂੰ ਮਿਲਿਆ। ਬੰਦਿਆਂ ਵਾਂਗ ਮੋਤੀ ਦਾ ਅੰਨ ਪਾਣੀ ਵੀ ਬਾਬਾ ਜੀ ਦੇ ਲੰਗਰੋਂ ਆਉਂਦਾ ਸੀ। ਬਾਬਾ ਜੀ ਜਦ ਰਾਜਨੀਤੀ ਦੀਆਂ ਉਲਝੀਆਂ ਪਿੜੀਆਂ ਖੋਲ੍ਹਣ ਬੈਠਦੇ ਤਾਂ ਮੋਤੀ ਕੋਲ ਆ ਬਹਿੰਦਾ। ਉਹ ਸੁਤੇ ਸਿਧੇ ਮੋਤੀ ਦੇ ਸਿਰ ‘ਤੇ ਹੱਥ ਫੇਰੀ ਜਾਂਦੇ। ਕੁਝ ਦਿਨਾਂ ਵਿਚ ਹੀ ਵਾਸਦੇਵ ਸਿੰਘ ਦਾ ਮੋਤੀ ਨਾਲ ਨਿਹੁੰ ਪੈ ਗਿਆ। ਬਾਬਾ ਜੀ ਆਏ-ਗਏ ਨਾਲ ਰੁੱਝੇ ਰਹਿੰਦੇ, ਮੋਤੀ ਕਾਮਰੇਡ ਕੋਲ ਆ ਬਹਿੰਦਾ। ਜੇ ਉਹ ਝਕਾਨੀ ਦੇ ਕੇ ਕਿਤੇ ਲੁਕ ਕੇ ਪੁਸਤਕ ਪੜ੍ਹਨ ਬੈਠਦੇ ਤਾਂ ਮੋਤੀ ਸੁੰਘ-ਸੁੰਘਾ ਕੇ ਉਨ੍ਹਾਂ ਨੂੰ ਲੱਭ ਲੈਂਦਾ। ਵਾੜੇ ‘ਚੋਂ ਰੁਖਸਤ ਹੋਣ ਵੇਲੇ ਵਾਸਦੇਵ ਸਿੰਘ ਨੇ ਬਾਬਾ ਜੀ ਨੂੰ ਗਲਵੱਕੜੀ ਪਾਈ ਤੇ ਮੋਤੀ ਨੂੰ ਪਿਆਰ ਦਿੱਤਾ। ਜਦ ਉਹ ਥੋੜ੍ਹੀ ਦੂਰ ਚਲੇ ਗਏ ਤਾਂ ਮੋਤੀ ਪਿੱਛੇ ਭੱਜਿਆ। ਬਾਬਾ ਜੀ ਨੇ ਮਸਾਂ ਪੁਚਕਾਰ ਕੇ ਵਾਪਸ ਬੁਲਾਇਆ ਤੇ ਕਾਮਰੇਡ ਮੋਤੀ ਬਾਰੇ ਸੋਚਦਾ ਪੈਰ ਘਸੇਂਦਾ ਤੁਰਿਆ ਆਇਆ।
ਵਾਸਦੇਵ ਸਿੰਘ ਨੂੰ ਕ੍ਰਾਂਤੀਕਾਰੀ ਗਤੀਵਿਧੀਆਂ ਕਰਕੇ ਸਰਕਾਰ ਨੇ ਲਾਹੌਰ ਦੀ ਸੈਂਟਰਲ ਜੇਲ੍ਹ ਵਿਚ ਬੰਦ ਕੀਤਾ ਹੋਇਆ ਸੀ। ਕਾਮਰੇਡ ਚੰਨਣ ਸਿੰਘ ਪਹਿਲਾਂ ਹੀ ਜੇਲ੍ਹ ਵਿਚ ਸਨ। ਇਕ ਵਾਰ ਟਰੱਕ ਡਰਾਈਵਰ ਜੇਲ੍ਹ ਦੇ ਸਟੋਰ ਨੂੰ ਸਮਾਨ ਦੇਣ ਆਇਆ। ਉਸ ਪਾਸ ਇਕ ਕਤੂਰਾ ਸੀ ਜੋ ਜੇਲ੍ਹ ਦੇ ਡੀ. ਆਈ. ਜੀ. ਦੀ ਕੋਠੀ ਤੋਂ ਮਿਲਿਆ ਸੀ। ਕਤੂਰੇ ਨੇ ਅਜੇ ਅੱਖਾਂ ਪੂਰੀਆਂ ਨਹੀਂ ਸਨ ਖੋਲ੍ਹੀਆਂ। ਸਟੋਰ ਦੇ ਨੰਬਰਦਾਰ (ਕੈਦੀਆਂ ਦੀ ਦੇਖ ਭਾਲ ਕਰਨ ਵਾਲਾ) ਨੂੰ ਇਹ ਪਸੰਦ ਆ ਗਿਆ ਤੇ ਡਰਾਈਵਰ ਨੂੰ ਕਿਹਾ, ਕੈਦੀਆਂ ਨੇ ਜੇਲ੍ਹ ਵਿਚ ਕਦੇ ਕੁੱਤਾ ਨਹੀਂ ਦੇਖਿਆ, ਜੇ ਦੇਵੇਂ ਤਾਂ ਉਨ੍ਹਾਂ ਨੂੰ ਦਿਖਾ ਲਿਆਵਾਂ! ਹਾਂ ਕਰਨ ‘ਤੇ ਕਤੂਰੇ ਨੂੰ ‘ਸ਼ਾਹੀ ਕੈਦੀਆਂ ਦੇ ਵਾਰਡ’ ਵਿਚ ਲੈ ਆਇਆ। ਲਾਹੌਰ ਦੀ ਜੇਲ੍ਹ ਦੇ ਕੁਝ ਕਮਰਿਆਂ ਨੂੰ ‘ਸ਼ਾਹੀ ਕੈਦੀਆਂ ਦਾ ਵਾਰਡ’ ਕਿਹਾ ਜਾਂਦਾ ਸੀ ਕਿਉਂਕਿ, ਇਹ ਵਾਰ-ਵਾਰ ਜੇਲ੍ਹ ਆਉਣ ਵਾਲੇ ਗਦਰੀ ਬਾਬਿਆਂ ਲਈ ਰਾਖਵੇਂ ਸਨ।
ਵਾਸਦੇਵ ਸਿੰਘ ਨੇ ਕਤੂਰੇ ਨੂੰ ਗੋਦੀ ਚੁੱਕ ਕੇ ਕਿਹਾ, ‘ਬੜਾ ਸੋਹਣਾ ਏ।’ ਨਾਲ ਦੇ ਕੈਦੀ ਖੋਹ ਕੇ ਅਹਾਤੇ ਵਿਚ ਲੈ ਗਏ। ਉਥੇ ਕੇਵਲ ਦਰੋਗਾ ਜਾ ਸਕਦਾ ਸੀ, ਹੋਰ ਕਿਸੇ ਦੀ ਕੀ ਮਜਾਲ ਕਿ ਅੰਦਰ ਵੜ ਸਕੇ। ਵਾਸਦੇਵ ਸਿੰਘ ਪੁਰਾਣਾ ਸ਼ਾਹੀ ਕੈਦੀ ਸੀ। ਉਸ ਨੇ ਕਿਹਾ, ‘ਜਾ ਡਰਾਈਵਰ ਨੂੰ ਕਹਿ ਦੇਹ, ਮੈਂ ਰੱਖ ਲਿਆ।’ ਡਰਾਈਵਰ ਕਤੂਰਾ ਮੰਗੇ ਤੇ ਕੈਦੀ ਹੱਥਾਂ ਨਾਲ ਚਲੇ ਜਾਣ ਦਾ ਇਸ਼ਾਰਾ ਕਰਨ। ਡਰਾਈਵਰ ਨੇ ਸਟੋਰ ਕੀਪਰ ਨੂੰ ਕਤੂਰਾ ਵਾਪਸ ਦੁਆਉਣ ਲਈ ਬੇਨਤੀ ਕੀਤੀ। ਉਸ ਨੇ ਅੱਗੋਂ ਦਬਕਾ ਮਾਰਿਆ, ‘ਬੇਵਕੂਫਾ ਤੂੰ ਕਤੂਰਾ ਭਾਲਦੈਂ, ਤੈਨੂੰ ਪਤਾ ਸੀ ਜੇਲ੍ਹ ਅੰਦਰ ਕਤੂਰਾ ਲਿਆਉਣਾ ਮਨ੍ਹਾ ਹੈ, ਤੂੰ ਕਿਉਂ ਲਿਆਇਆ, ਚੁੱਪ ਕਰਕੇ ਪਾਸਾ ਵੱਟ, ਉਲਟਾ ਫਸ ਜਾਏਂਗਾ।’
ਹਾਰ ਕੇ ਉਹ ਤੁਰ ਪਿਆ ਤੇ ਕਤੂਰਾ ਜੇਲ੍ਹੀਆਂ ਪਾਸ ਰਹਿ ਗਿਆ। ਬੁਲਟੇਰੀਅਨ ਨਸਲ ਦੇ, ਚਿੱਟੇ ਰੰਗ ਦੇ ਇਕ ਕੰਨੋ ਲਾਲ ਇਸ ਕਤੂਰੇ ਨੇ, ਵਾਸਦੇਵ ਨੂੰ ਬਾਬਾ ਭਕਨਾ ਦੇ ਮੋਤੀ ਦੀ ਯਾਦ ਤਾਜਾ ਕਰਾ ਦਿੱਤੀ। ਉਸ ਨੇ ਕਤੂਰੇ ਦਾ ਨਾਂ ‘ਮੋਤੀ’ ਰੱਖ ਦਿੱਤਾ।
ਜੇਲ੍ਹ ਦੇ ਨੰਬਰਦਾਰ ਨੂੰ ਕਿਹਾ ਕਿ ਕਤੂਰੇ ਨੂੰ ਸਿਖਾਉਣਾ ਸ਼ੁਰੂ ਕਰੇ। ਨੰਬਰਦਾਰ ਕਤੂਰੇ ਨੂੰ ਨਾਲ ਸੁਆ ਲੈਂਦਾ। ਸਿਆਣੀ ਨਸਲ ਦਾ ਹੋਣ ਕਰਕੇ ਉਹ ਬਿਸਤਰੇ ‘ਤੇ ਟੱਟੀ ਪਿਸ਼ਾਬ ਨਾ ਕਰਦਾ। ਹਾਜਤ ਵੇਲੇ ਚੂੰ-ਚੂੰ ਕਰਦਾ ਤਾਂ ਉਸ ਨੂੰ ਬਾਹਰ ਕੱਢ ਦਿੱਤਾ ਜਾਂਦਾ। ਹਾਜਤ ਕਰ ਕੇ ਬਿਸਤਰੇ ਵਿਚ ਆ ਵੜਦਾ। ਨੰਬਰਦਾਰ ਰੋਟੀ ਵਗੈਰਾ ਦਾ ਖਿਆਲ ਰਖਦਾ, ਕਦੇ-ਕਦੇ ਕੈਦੀ ਵੀ ਰੋਟੀ ਪਾ ਦਿੰਦੇ। ਸੇਵਾ ਚੰਗੀ ਸੀ, ਦੋ ਕੁ ਮਹੀਨਿਆਂ ਵਿਚ ਮੋਤੀ ਨੇ ਕੱਦਕਾਠ ਕੱਢ ਲਿਆ। ਨੰਬਰਦਾਰ ਨੇ ਮੋਤੀ ਨੂੰ ਅਗਲੀਆਂ ਲੱਤਾਂ ਚੁੱਕ ਕੇ ਸਲੂਟ ਮਾਰਨਾ, ਹੱਥ ਮਿਲਾਉਣਾ ਤੇ ਮੂੰਹ ਨਾਲ ਚੀਜ਼ ਫੜ੍ਹਨਾ ਸਿਖਾ ਲਿਆ। ਥੋੜ੍ਹੇ ਸਮੇਂ ਵਿਚ ਮੋਤੀ ਨੰਬਰਦਾਰ ਦਾ ਫਰਮਾਬਰਦਾਰ ਸਾਥੀ ਬਣ ਗਿਆ। ਜੋ ਚੀਜ਼ ਕਾਗਜ਼ ਵਿਚ ਲਪੇਟ ਕੇ ਦਿੰਦਾ, ਸਿੱਧਾ ਕਾਮਰੇਡ ਵਾਸਦੇਵ ਕੋਲ ਲੈ ਆਉਂਦਾ। ਦਰਬਾਨ ਡਾਕ ਦਾ ਬੰਡਲ ਬਣਾ ਕੇ ਦਿੰਦਾ ਤਾਂ ਉਹ ਪੋਲੇ ਜਿਹੇ ਮੂੰਹ ਨਾਲ ਫੜ੍ਹ ਕੇ ਟਿਕਾਣੇ ‘ਤੇ ਪੁਚਾ ਦਿੰਦਾ। ਕਿਸੇ ਦੀ ਕੀ ਮਜਾਲ ਕਿ ਰਾਹ ‘ਚੋਂ ਖੋ ਲਵੇ। ਮੋਤੀ ਐਨਾ ਸਿਆਣਾ ਹੋ ਗਿਆ ਕਿ ਇਸ਼ਾਰਿਆਂ ‘ਤੇ ਹੁਕਮ ਵਜਾਉਣਾ ਅਤੇ ਡਿਊਟੀ ਨਿਭਾਉਣਾ ਸਿੱਖ ਗਿਆ। ਇਸ ਦੀ ਇਕ ਮਿਸਾਲ ਹਾਜ਼ਰ ਹੈ।
ਵਾਸਦੇਵ ਨੇ ਸਟੋਰ ‘ਚੋਂ ਦੋ ਲੀਟਰ ਘਿਉ ਉਧਾਰ ਲਿਆ ਹੋਇਆ ਸੀ। ਉਸ ਨੇ ਸਟੋਰ ਕੀਪਰ ਨਾਲ ਸ਼ਰਤ ਲਾ ਲਈ ਕਿ ਦੋ ਲੀਟਰ ਘਿਉ ਦਾ ਡੱਬਾ ਮੋਤੀ ਨੂੰ ਫੜ੍ਹਾ ਦੇਵੇ ਤੇ ਉਸ ਤੋਂ ਖੋਹਣ ਲਈ ਕਾਮਿਆਂ ਨੂੰ ਕਹਿ ਦੇਵੇ। ਜਿਹੜਾ ਖੋਹ ਲਵੇ, ਘਿਉ ਉਸ ਦਾ। ਜੇ ਮੋਤੀ ਅਹਾਤੇ ਵਿਚ ਲੈ ਆਵੇ ਤਾਂ ਸਾਡਾ। ਬਥੇਰਾ ਜ਼ੋਰ ਲਾਇਆ, ਡੱਬਾ ਕਿਸੇ ਤੋਂ ਵੀ ਨਾ ਖੋਹ ਹੋਇਆ। ਮੋਤੀ ਘਿਉ ਲੈ ਕੇ ਸਿੱਧਾ ਕਾਮਰੇਡ ਪਾਸ ਪਹੁੰਚ ਗਿਆ।
19 ਜਨਵਰੀ 1939 ਨੂੰ ਪੰਜ ਕੁ ਵਜੇ, ਲਾਹੌਰ ਦੀ ਕਚਹਿਰੀ ‘ਚੋਂ ਜੇਲ੍ਹ ਦੀ ਦਫਤਰੀ ਕਾਰਵਾਈ ਪੂਰੀ ਕਰ ਕੇ ਕਾਮਰੇਡ ਅਰਜਨ ਸਿੰਘ ਗੜਗੱਜ ਨੇ ਦੁਬਾਰਾ ਲਾਹੌਰ ਜੇਲ੍ਹ ਅੰਦਰ ਪੈਰ ਧਰਿਆ। ਗੜਗੱਜ ਹੋਰਾਂ ਗੁਰਦੁਆਰਾ ਸੁਧਾਰ ਲਹਿਰ ਅਤੇ ਬੱਬਰ ਅਕਾਲੀ ਅੰਦੋਲਨ ਵਿਚ ਵਧ ਚੜ੍ਹ ਕੇ ਭਾਗ ਲਿਆ ਸੀ। ਜੇਲ੍ਹ ਦੇ ਮਾਹੌਲ ਤੋਂ ਉਹ ਪਹਿਲਾਂ ਹੀ ਜਾਣੂ ਸੀ ਕਿਉਂਕਿ ਪਿਛਲੇ 17 ਸਾਲਾਂ ਵਿਚ ਕੋਈ ਵਰ੍ਹਾ ਹੀ ਬੀਤਿਆ ਹੋਵੇਗਾ ਜਦੋਂ ਉਸ ਨੂੰ ਕਿਸੇ ਨਾ ਕਿਸੇ ਸਿਆਸੀ ਸਰਗਰਮੀ ਤਹਿਤ ਜੇਲ੍ਹ ਨਾ ਹੋਈ ਹੋਵੇ। ਜੇਲ੍ਹ ਵਿਚ ਉਨ੍ਹਾਂ ਦੀ ਇਹ ਚੌਥੀ ਫੇਰੀ ਸੀ। ਜੇਲ੍ਹ ਦੇ ਦਰਵਾਜੇ ਅੱਗੇ ਖੜਿਆਂ ਦੇਖ ਨੰਬਰਦਾਰ ਨੇ ਸਲੂਟ ਮਾਰਿਆ, “ਸਰਦਾਰ ਜੀ, ਮੋਤੀ ਤੁਹਾਨੂੰ ਲੈਣ ਆਇਆ ਹੈ।” ਨੰਬਰਦਾਰ ਨੇ ਮੋਤੀ ਨੂੰ ਕਿਹਾ, “ਸਰਦਾਰ ਜੀ ਨਾਲ ਹੱਥ ਮਿਲਾ।” ਮੋਤੀ ਝੱਟ ਖੜ੍ਹਾ ਹੋ ਗਿਆ ਅਤੇ ਪਿਛਲੇ ਪੈਰਾਂ ‘ਤੇ ਬਹਿ ਕੇ ਸੱਜਾ ਪੈਰ ਚੁੱਕ ਕੇ ਅੱਗੇ ਵਧਾਇਆ।
ਗੜਗੱਜ ਹੋਰੀਂ ਲਿਖਦੇ ਹਨ, “ਮੈਨੂੰ ਮੋਤੀ (ਕੁੱਤਾ) ਲੈਣ ਆਇਆ ਸੀ, ਜਿਸ ਨੂੰ ਮੈਂ ਕੁਝ ਅਪਮਾਨ ਵੀ ਜਾਤਾ। ਮੋਤੀ ਨੇ ਆਪਣੇ ਪਿਛਲੇ ਪੈਰਾਂ ‘ਤੇ ਬਹਿ ਕੇ ਅਗਲੇ ਦੋਵੇਂ ਪੈਰ ਚੁੱਕ ਕੇ ਮੈਨੂੰ ਸਲਾਮ ਕੀਤਾ ਤੇ ਮੇਰੇ ਵੱਲ ਬੜੀ ਲਾਡ ਭਰੀ ਨਜ਼ਰ ਨਾਲ ਵੇਖਣ ਲੱਗਾ। ਓਨਾ ਚਿਰ ਓਸੇ ਤਰ੍ਹਾਂ ਦੋਂਹ ਲੱਤਾਂ ‘ਤੇ ਬੈਠਾ ਰਿਹਾ ਜਿੰਨਾ ਚਿਰ ਮੈਂ ਪੁਚਕਾਰ ਕੇ ਪਿਆਰ ਨਾ ਦਿੱਤਾ। ਇਸ ਗੱਲ ਨੇ ਮੇਰੇ ਅਪਮਾਨ ਵਾਲਾ ਭਰਮ ਦੂਰ ਕਰ ਦਿੱਤਾ।”
ਇਹ ਕੌਤਕ ਦੇਖ ਕੇ ਗੜਗੱਜ ਹੋਰਾਂ ਥੋੜ੍ਹਾ ਨਿਵ ਕੇ ਮਲਕੜੇ ਜਿਹੇ ਆਪਣਾ ਸੱਜਾ ਹੱਥ ਮੋਤੀ ਦੇ ਪੰਜੇ ‘ਤੇ ਧਰ ਦਿੱਤਾ। ਪੰਜੇ ਨੂੰ ਪੋਲਾ ਜਿਹਾ ਘੁੱਟਿਆ ਤਾਂ ਮੋਤੀ ਦੀਆਂ ਅੱਖਾਂ ‘ਚੋਂ ਹੰਝੂ ਡਲ੍ਹਕਣ ਲੱਗ ਪਏ। ਡਰ ਜਾਂ ਤੇਹ ਵੇਲੇ ਕੁੱਤੇ ਦੀਆਂ ਅੱਖਾਂ ‘ਚੋਂ ਪਰਲ ਪਰਲ ਹੰਝੂ ਨਹੀਂ ਡਿਗਦੇ, ਅੱਖਾਂ ਸਿੱਲੀਆਂ ਹੋ ਜਾਂਦੀਆਂ ਹਨ। ਮੋਤੀ ਦੀਆਂ ਸਿਲ੍ਹੀਆਂ ਅੱਖਾਂ ਦੇਖ ਕੇ ਗੜਗੱਜ ਨੂੰ ਲੱਗਾ ਜਿਵੇਂ ਕੋਈ ਚਿਰ-ਵਿਛੁੰਨਾ ਮਿੱਤਰ ਮਿਲ ਗਿਆ ਹੋਵੇ। ਨੰਬਰਦਾਰ ਗੜਗੱਜ ਨੂੰ ਜੇਲ੍ਹ ਦਾ ਸ਼ਾਹੀ ਕਮਰਾ ਦਿਖਾਉਣ ਤੁਰ ਪਿਆ। ਗੜਗੱਜ ਹੋਰੀਂ ਜੇਲ੍ਹ ਅੰਦਰਲੇ ਇਸ ਸਫਰ ਬਾਰੇ ਲਿਖਦੇ ਹਨ:
“ਨੰਬਰਦਾਰ ਮੇਰਾ ਸਾਮਾਨ ਲੈ ਕੇ ਮੇਰੇ ਨਾਲ ਸੀ। ਅਸੀਂ ਦੋਵੇਂ ਮੋਤੀ ਦੇ ਪਿੱਛੇ-ਪਿਛੇ ਜਾ ਰਹੇ ਸਾਂ। ਕੋਈ ਅੱਧੀ ਫਰਲਾਂਗ ਜਾ ਕੇ ਮੋਤੀ ਸੱਜੇ ਬੰਨੇ ਮੁੜ ਪਿਆ। ਸਾਡਾ ਇਹ ਸੰਖੇਪ ਕਾਫਲਾ ਚੌਦਾਂ ਨੰਬਰ ਬਾਰਕ ਅੱਗੇ ਪੁੱਜਾ। ਇਸ ਬਾਰਕ ਵਿਚ ਉਹ ਫਾਂਸੀ-ਕੋਠੀਆਂ ਸਨ ਜਿਨ੍ਹਾਂ ਵਿਚ ਸ਼ਹੀਦ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀ, ਬੱਬਰ ਅਕਾਲੀ ਤੇ ਗਦਰ ਪਾਰਟੀ ਦੇ ਕਈ ਸ਼ਹੀਦ ਰਹਿ ਚੁਕੇ ਸਨ। ਗੱਲਾ-ਗੁਦਾਮ ਅੱਗੋਂ ਦੀ ਜਾਂਦਾ ਮੋਤੀ ਫਾਂਸੀ ਦਾ ਥੜ੍ਹਾ ਵੀ ਲੰਘ ਚੁਕਾ ਸੀ। ਅਸੀਂ ਉਸ ਦੇ ਪਿੱਛੇ-ਪਿਛੇ ਇਉਂ ਤੁਰੇ ਜਾ ਰਹੇ ਸਾਂ, ਜਿਵੇਂ ਪੁਲਿਸ ਵਾਲੇ ਖੋਜੀ ਕੁੱਤੇ ਦੇ ਪਿੱਛੇ-ਪਿੱਛੇ ਜਾ ਰਹੇ ਹੋਣ। ਜਿਸ ਸੜਕੇ ਮੋਤੀ ਸਾਨੂੰ ਲਿਜਾ ਰਿਹਾ ਸੀ, ਉਸ ਦੇ ਲਾਗੇ ਚਾਗੇ ਕੰਮ ਕਰਨ ਵਾਲੇ, ਨਾਲ ਦੀਆਂ ਬਾਰਕਾਂ ਤੇ ਫਾਂਸੀ-ਕੋਠੀਆਂ ਵਾਲੇ ਜਾਂ ਗੁਦਾਮ ਵਿਚ ਕੰਮ ਕਰਨ ਵਾਲੇ ਤੇ ਕੈਦੀ ਪਹਿਰੇਦਾਰ, ‘ਸ਼ਾਹੀ ਕੈਦੀਆਂ ਦਾ ਕੁੱਤਾ ਜਾ ਰਿਹਾ ਹੈ’ ਆਖ-ਆਖ ਚਾਈਂ ਚਾਈਂ ਸਾਨੂੰ ਵੇਖ ਰਹੇ ਸਨ ਜਿਵੇਂ, ਕਿਸੇ ਵਜ਼ੀਰ, ਲੀਡਰ ਜਾਂ ਹੋਰ ਕਿਸੇ ਵੱਡੇ ਪੁਰਸ਼ ਦਾ ਜਲੂਸ ਲੰਘਣ ਵੇਲੇ ਘਰਾਂ ਤੇ ਬਾਜ਼ਾਰਾਂ ਦੇ ਲੋਕ ਸੜਕਾਂ ਦੇ ਕੰਢਿਆਂ ‘ਤੇ ਆਣ ਕੇ ਵੇਖਦੇ ਹਨ।”
ਮੋਤੀ ‘ਸ਼ਾਹੀ-ਵਾਰਡ’ ਦੇ ਦਰਵਾਜੇ ਅੱਗੇ ਬਹਿ ਗਿਆ ਤੇ ਪੂਛ ਹਿਲਾਉਣ ਲੱਗਾ। ਨੰਬਰਦਾਰ ਨੇ ਦੱਸਿਆ ਕਿ ਹੁਣ ਇਹ ਅੰਦਰ ਜਾ ਕੇ ਸ਼ਾਹੀ ਕੈਦੀਆਂ ਨੂੰ ਤੁਹਾਡੇ ਆਉਣ ਬਾਰੇ ਦੱਸੇਗਾ। ਸ਼ਾਹੀ ਕੈਦੀਆਂ ‘ਚੋਂ ਇਕ ਵਾਸਦੇਵ ਸਿੰਘ ਸੀ ਜੋ 11 ਸਾਲਾਂ ਤੋਂ ਜੇਲ੍ਹ ਵਿਚ ਬੰਦ ਸੀ ਅਤੇ ਦੂਜਾ ਚੰਨਣ ਸਿੰਘ ਸੱਤਾਂ ਸਾਲਾਂ ਤੋਂ ਨਜ਼ਰਬੰਦ ਸੀ। ਵਾਸਦੇਵ ਸਿੰਘ ਬੀਮਾਰ ਸੀ ਤੇ ਚੰਨਣ ਸਿੰਘ ਸਰ੍ਹਾਣੇ ਬੈਠਾ ਉਨ੍ਹਾਂ ਦੀ ਸੇਵਾ ਕਰ ਰਿਹਾ ਸੀ। ਦੋਹਾਂ ਨੇ ਮੋਤੀ ਨੂੰ ਪਾਲਿਆ ਸੀ ਤੇ ਗੜਗੱਜ ਨੂੰ ਲਿਆਉਣ ਲਈ ਭੇਜਿਆ ਸੀ। ਗੜਗੱਜ ਹੋਰੀ ਲਿਖਦੇ ਹਨ, “ਮੋਤੀ ਨੇ ਉਵਂੇ ਕੀਤਾ ਜਿਵੇਂ ਕਿਸੇ ਵੱਡੇ ਘਰ ਬਾਹਰੋਂ ਆਏ ਮਹਿਮਾਨ ਨੂੰ ਦੇਖ ਕੇ ਨੌਕਰ ਮਾਲਕ ਮਕਾਨ ਨੂੰ ਖਬਰ ਕਰਨ ਅੰਦਰ ਜਾਂਦਾ ਹੈ।” ਮੋਤੀ ਅੰਦਰ ਗਿਆ ਤੇ ਚੰਨਣ ਸਿੰਘ ਨੂੰ ਲੈ ਆਇਆ। ਬਗਲਗੀਰ ਹੋ ਕੇ ਦੋਵੇਂ ਵਾਸਦੇਵ ਸਿੰਘ ਵਲ ਤੁਰ ਪਏ। ਗੜਗੱਜ ਅਤੇ ਚੰਨਣ ਸਿੰਘ ਅੱਗੇ ਤੇ ਮੋਤੀ ਪਿੱਛੇ ਤੁਰ ਪਿਆ। ਮੋਤੀ ਨੇ ਮੰਜੇ ਦੀ ਬਾਹੀ ਲਾਗੇ ਬਹਿ ਕੇ ਵਾਸਦੇਵ ਸਿੰਘ ਨੂੰ ਸਲਾਮ ਕੀਤਾ। ਮੋਤੀ ਦੇ ਸਿਰ ‘ਤੇ ਹੱਥ ਫੇਰਦਾ ਉਹ, ਗੜਗੱਜ ਨੂੰ ਦੇਖਦਿਆਂ ਸਾਰ ਉਠ ਕੇ ਬਹਿ ਗਿਆ। ਉਹ ਇਉਂ ਮਿਲੇ ਜਿਵੇਂ ਚਿਰਾਂ ਪਿੱਛੋਂ ਵਿਛੜੇ ਯਾਰ ਮਿਲਦੇ ਹਨ। ਨੰਬਰਦਾਰ ਨੇ ਦਰਵਾਜੇ ‘ਤੇ ਲਟਕੀ ਤਖਤੀ ‘ਤੇ 2 ਕੱਟ ਕੇ 3 ਲਿਖ ਦਿੱਤਾ, ਭਾਵ ਹੁਣ ਸ਼ਾਹੀ ਵਾਰਡ ਵਿਚ ਤਿੰਨ ਸ਼ਾਹੀ ਕੈਦੀ ਹੋ ਗਏ ਹਨ।
ਇਹ ਤਿੰਨੇ ਯਾਰ ਅਕਸਰ ਕੈਦ ਵਿਚ ਹੀ ਮਿਲਦੇ ਸਨ, ਬਾਹਰ ਤਾਂ ਕਦੇ ਕਦਾਈਂ ਲੁਕ-ਛਿੱਪ ਮੇਲ ਮਿਲਾਪ ਹੁੰਦਾ ਸੀ, ਸਰਕਾਰ ਜੋ ਪਿੱਛੇ ਪਈ ਰਹਿੰਦੀ ਸੀ! ਪੁਰਾਣੀਆਂ ਅਤੇ ਨਵੀਆਂ ਯਾਦਾਂ ਤਾਜਾ ਕੀਤੀਆਂ ਅਤੇ ਕ੍ਰਾਂਤੀ ਬਾਰੇ ਗੱਲਾਂ-ਬਾਤਾਂ ਹੋਈਆਂ। ਮੋਤੀ ਦੁਆਲੇ ਇਉਂ ਫਿਰਨ ਲੱਗਾ ਜਿਵੇਂ ਸੱਸ ਘਰ ਆਏ ਜੁਆਈ ਦੇ ਅੱਗੇ ਪਿਛੇ ਫਿਰਦੀ ਹੈ। ਉਹ ਕਦੇ ਕਿਚਨ ਵਲ ਜਾਵੇ ਤੇ ਕਦੇ ਪੂਛ ਹਿਲਾਉਂਦਾ ਸ਼ਾਹੀ ਕੈਦੀਆਂ ਕੋਲ ਬਹਿ ਕੇ ਤੇਹ ਜਤਾਵੇ। ਮੋਤੀ ਦੇ ਸਿਰ ‘ਤੇ ਹੱਥ ਫੇਰਦੇ ਤਾਂ ਬਾਂਹਾਂ ਨਾਲ ਮੂੰਹ ਘਸਾਉਂਦਾ ਹਸਰਤ ਭਰੀਆਂ ਨਜ਼ਰਾਂ ਨਾਲ ਦੇਖਦਾ। ਰਾਤ ਨੂੰ ਸੌਣ ਵੇਲੇ ਮੰਜਿਆਂ ਦੇ ਵਿਚਕਾਰ ਪੈ ਜਾਂਦਾ। ਸਵੇਰੇ ਉਠਦੇ ਤਾਂ ਅਖਬਾਰ ਲਿਆ ਕੇ ਸਰਾਹਣੇ ਰੱਖ ਦਿੰਦਾ। ਅਖਬਾਰ ਪੜ੍ਹ ਕੇ ਮੋਤੀ ਦੇ ਮੂੰਹ ਵਿਚ ਦੇ ਦਿੰਦੇ ਤਾਂ ਉਹ ਪ੍ਰੈਸ ਦੇ ਹਾਤੇ, ਬੀ. ਕਲਾਸ ਵਾਰਡ, ਕੌਕੇਸ਼ੀਅਨ ਵਾਰਡ, ਹਸਪਤਾਲ, ਵਰਦੀ-ਗੁਦਾਮ ਅਤੇ ਸਿਆਸਤ ਖਾਨਾ ਲੰਘ ਕੇ ਬੰਬ-ਕੇਸ ਵਾਰਡ ਦੇ ਸਿਆਸੀ ਕੈਦੀਆਂ ਨੂੰ ਦੇ ਦਿੰਦਾ। ਸਿਆਸੀ ਕੈਦੀਆਂ ਨਾਲ ਸ਼ਾਹੀ ਕੈਦੀਆਂ ਦੀ ਸੁਰ ਰਲਦੀ ਸੀ ਕਿਉਂਕਿ ਸਾਰੇ ਇਕੋ ਮਕਸਦ ਨਾਲ ਪ੍ਰਨਾਏ ਹੋਏ ਸਨ, ਉਹ ਸੀ ਹਿੰਦੋਸਤਾਨ ਨੂੰ ਆਜ਼ਾਦ ਕਰਾਉਣਾ। ਬੰਬ ਵਾਰਡ ਦੇ ਕੈਦੀ ਜੋ ਵੀ ਮੋਤੀ ਨੂੰ ਫੜ੍ਹਾਉਂਦੇ, ਉਹ ਲੈ ਕੇ ਉਨ੍ਹਾਂ ਪਾਸ ਪਹੁੰਚ ਜਾਂਦਾ। ਜੇਲ੍ਹ ਦੇ ਚੱਪੇ ਚੱਪੇ ‘ਤੇ ਜਾਸੂਸ ਤੇ ਚੁਗਲ ਸਨ, ਉਨ੍ਹਾਂ ਤੋਂ ਅੱਖ ਬਚਾ ਕੇ ਮੋਤੀ ਆਪਣਾ ਫਰਜ਼ ਉਸੇ ਤਰ੍ਹਾ ਨਿਭਾਉਂਦਾ ਜਿਵੇਂ ਕੋਈ ਹਲਕਾਰਾ ਚਿੱਠੀਆਂ ਵੰਡਦਾ ਹੈ ਜਾਂ ਕੋਈ ਨਿੱਤਨੇਮੀ ਪਾਠ ਕਰਦਾ ਹੈ।
ਦਿਨ ਵੇਲੇ ਮੋਤੀ ਜੇਲ੍ਹ ਅੰਦਰ ਘੁੰਮ-ਫਿਰ ਆਉਂਦਾ ਤੇ ਰਾਤ ਨੂੰ ਸ਼ਾਹੀ ਕੈਦੀਆਂ ਪਾਸ ਸੌਂ ਜਾਂਦਾ। ਕੈਦ ਵਿਚ ਵਕਤ ਕੱਟਣ ਲਈ ਗੜਗੱਜ ਹੋਰਾਂ ਇਕ ਤੋਤਾ ਪਾਲਿਆ ਹੋਇਆ ਸੀ। ਉਸ ਨੂੰ ਸਲਾਮ ਕਰਨਾ ਸਿਖਾ ਲਿਆ। ਜਦ ਕੋਈ ਮਿਲਣ ਆਉਂਦਾ ਤਾਂ ਤੋਤਾ ਇਕ ਪੈਰ ਚੁਕ ਕੇ ਸਲਾਮ ਕਰਦਾ। ਇਹ ਕਸਬ ਉਹ ਹਰ ਆਏ ਗਏ ਨੂੰ ਦਿਖਾਉਂਦਾ ਸੀ। ਗੜਗੱਜ ਨੇ ਮੋਤੀ ਅਤੇ ਤੋਤੇ ਨੂੰ ਆਪਸ ਵਿਚੀ ਸਾਹਬ ਸਲਾਮ ਕਰਨਾ ਸਿਖਾ ਲਿਆ। ਜਦ ਮਿਲਦੇ ਤਾਂ ਮੋਤੀ ਅਗਲੇ ਪੈਰ ਚੁੱਕ ਕੇ ਅਤੇ ਤੋਤਾ ਇਕ ਪੈਰ ਉਠਾ ਕੇ ਇਕ ਦੂਜੇ ਦਾ ਸਵਾਗਤ ਕਰਦੇ। ਜੇਲ੍ਹ ਵਿਚ ਕਦੇ ਕਦਾਈਂ ਬਿੱਲੀ ਆ ਜਾਂਦੀ। ਗੜਗੱਜ ਨੇ ਮੋਤੀ ਨੂੰ ਤੋਤੇ ਦੀ ਰਾਖੀ ਕਰਨ ਦੀ ਡਿਊਟੀ ਦੇ ਦਿੱਤੀ। ਇਕ ਰਾਤ ਬਿੱਲੀ ਤੋਤੇ ਨੂੰ ਆ ਪਈ। ਉਸ ਨੇ ਟ੍ਰਾਂ ਟ੍ਰਾਂ ਦੀਆਂ ਆਵਾਜ਼ਾਂ ਕੱਢੀਆਂ, ਮੋਤੀ ਜਾਗ ਪਿਆ ਤੇ ਬਿੱਲੀ ਨੂੰ ਪੈ ਗਿਆ। ਬਿੱਲੀ ਨੂੰ ਤੋਤੇ ਦੇ ਸਾਹਮਣੇ ਮਾਰ ਦਿੱਤਾ। ਸ਼ਾਹੀ ਕੈਦੀ ਜਾਗ ਪਏ ਤੇ ਦੇਖਿਆ, ਤੋਤੇ ਦੇ ਪਿੰਜਰੇ ਲਾਗੇ ਬਿੱਲੀ ਮਰੀ ਪਈ ਸੀ, ਮੋਤੀ ਅਗਲੇ ਪੈਰ ਬਿੱਲੀ ‘ਤੇ ਧਰ ਕੇ ਇਉਂ ਦੇਖ ਰਿਹਾ ਸੀ ਜਿਵੇਂ ਕੋਈ ਸ਼ਿਕਾਰੀ ਸ਼ੇਰ ਮਾਰ ਕੇ, ਧੜ ‘ਤੇ ਬੰਦੂਕ ਧਰੀ ਫੋਟੋ ਖਿਚਾ ਰਿਹਾ ਹੋਵੇ।
ਇਕ ਦਿਨ ਤਿੰਨੇ ਸ਼ਾਹੀ ਕੈਦੀ ਤਾਸ਼ ਦੀ ਬਾਜੀ ਲਾ ਰਹੇ ਸਨ। ਐਨੇ ਨੂੰ ਨੰਬਰਦਾਰ ਆਇਆ ਤੇ ਕਿਹਾ, “ਬਾਹਰ ਸਟੋਰ ਕਲਰਕ ਤੁਹਾਨੂੰ ਬੁਲਾ ਰਿਹਾ ਹੈ।” ਉਨ੍ਹਾਂ ਕਿਹਾ, ਅੰਦਰ ਸੱਦ ਲਿਆ ਤਾਂ ਜਵਾਬ ਆਇਆ, ਉਹ ਬਾਹਰ ਹੀ ਮਿਲਣਾ ਚਾਹੁੰਦਾ ਹੈ। ਜਦ ਬਾਹਰ ਗਏ ਤਾਂ ਕਲਰਕ ਨੇ ਮੁਸਕਣੀ ਹਸਦਿਆਂ ਕਿਹਾ, ‘ਤੁਹਾਡਾ ਮੋਤੀ ਚੋਰੀ ਕਰਨਾ ਸਿੱਖ ਗਿਆ ਹੈ।’ ਸਟੋਰ ‘ਚੋਂ ਇਕ ਵੱਡੀ ਸਾਰੀ ਲੱਕੜ ਦੰਦਾਂ ਵਿਚ ਫੜ੍ਹ ਕੇ ਧੂਹ ਲਿਆਇਆ ਹੈ। ਕਿਚਨ ਵਿਚ ਜਾ ਕੇ ਦੇਖਿਆ ਤਾਂ ਮੋਤੀ ਲੱਕੜ ਨੂੰ ਪੈਰਾਂ ਹੇਠ ਦਬਾਈ ਬੈਠਾ ਸੀ। ਲਾਂਗਰੀ ਆਇਆ ਤਾਂ ਲੱਕੜ ਛੱਡ ਕੇ ਪੂਛ ਹਿਲਾਉਂਦਾ ਬਾਹਰ ਆ ਗਿਆ। ਸਟੋਰ ਕਲਰਕ ਨੂੰ ਦੇਖ ਕੇ ਅਗਲੇ ਪੈਰ ਚੁੱਕ ਕੇ ਸਲਾਮ ਕੀਤਾ ਤੇ ਵਿਚਾਰੀਆਂ ਜਿਹੀਆਂ ਅੱਖਾਂ ਬਣਾ ਕੇ ਉਸ ਵਲ ਤੱਕਿਆ। ਲਗਦਾ ਸੀ, ਮੋਤੀ ਆਪਣੇ ਕੀਤੇ ਕੰਮ ‘ਤੇ ਖੁਸ਼ ਵੀ ਸੀ ਤੇ ਸ਼ਰਮਿੰਦਾ ਵੀ। ਖੁਸ਼ ਇਸ ਲਈ ਕਿ ਕਿਚਨ ਵਿਚ ਰੋਟੀ ਪਕਾਉਣ ਦਾ ਵਸੀਲਾ ਬਣਾਇਆ ਸੀ, ਸ਼ਰਮਿੰਦਾ ਇਸ ਲਈ ਕਿ ਚੋਰੀ ਕੀਤੀ ਸੀ।
ਚੰਨਣ ਸਿੰਘ ਮੋਤੀ ਨਾਲ ਲੋਹੜੇ ਦਾ ਤੇਹ ਕਰਦਾ ਸੀ। ਉਸ ਨਾਲ ਕਈ ਤਰ੍ਹਾਂ ਦੀਆਂ ਖੇਡਾਂ ਖੇਡਦਾ ਤੇ ਸ਼ਰਾਰਤਾਂ ਕਰਦਾ। ਕਦੇ ਕੰਨ ਪੱਟਦਾ, ਕਦੇ ਲੱਤੋਂ ਫੜ੍ਹ ਕੇ ਘਾਹ ‘ਤੇ ਘੜੀਸਦਾ ਅਤੇ ਕਦੇ ਪੂਛ ਖਿੱਚਦਾ। ਜੇ ਚੰਨਣ ਸਿੰਘ ਸ਼ਰਾਰਤਾਂ ਕਰਨੋ ਹਟ ਜਾਂਦਾ ਤਾਂ ਮੋਤੀ ਅੱਗੇ ਬੈਠ ਕੇ ਲੱਤਾਂ ‘ਚ ਮੂੰਹ ਦੇ ਕੇ ਟੇਡੀ ਨਜ਼ਰੇ ਦੇਖਦਾ ਤੇ ਕਘਾਨੀਆਂ ਦੇਣ ਵਾਲੇ ਪੋਜ਼ ਬਣਾਉਂਦਾ। ਇਕ ਦਿਨ ਚੰਨਣ ਸਿੰਘ ਨੇ ਮੋਤੀ ਨੂੰ ਅਗਲੀਆਂ ਲੱਤਾਂ ਤੋਂ ਫੜ੍ਹ ਕੇ ਘਮੇਟੀ ਦਿੱਤੀ। ਸ਼ਾਇਦ ਉਸ ਨੂੰ ਦੁੱਖ ਲਗਿਆ ਹੋਵੇ; ਜਦ ਛੱਡਿਆ ਤਾਂ ਮੋਤੀ ਨੇ ਭੌਂਕਦਿਆਂ ਚੰਨਣ ਸਿੰਘ ਦੀ ਲੱਤ ਨੂੰ ਦੰਦ ਮਾਰਿਆ। ਸਾਰੇ ਹੈਰਾਨ ਕਿ ਇਸ ਨੂੰ ਕੀ ਹੋ ਗਿਆ? ਚੰਨਣ ਸਿੰਘ ਅਤੇ ਵਾਸਦੇਵ ਨੂੰ ਗੁੱਸਾ ਆ ਗਿਆ, ਉਨ੍ਹਾਂ ਹਾਤੇ ਦਾ ਦਰਵਾਜਾ ਬੰਦ ਕਰਕੇ ਮੱਛਰਦਾਨੀ ਦੀਆਂ ਸੋਟੀਆਂ ਨਾਲ ਕੁੱਟਿਆ। ਕੁਟਦਿਆਂ ਕਹਿਣ, ‘ਅਸੀਂ ਬੜੇ ਲਾਡ ਪਿਆਰ ਨਾਲ ਪਾਲਿਆ, ਸਾਨੂੰ ਹੀ ਵੱਢਣ ਪੈ ਗਿਆ।’ ਮੋਤੀ ਬਾਹਰ ਨੂੰ ਦੌੜੇ, ਪਰ ਦਰਵਾਜਾ ਬੰਦ ਸੀ। ਇਕ ਪਾਸੇ ਤੋਤਾ ਕੁਰਲਾਵੇ ਤੇ ਦੂਜੇ ਪਾਸੇ ਨੰਬਰਦਾਰ ਤਰਲੇ ਪਾਵੇ ਕਿ ਮੋਤੀ ਨੂੰ ਜਾਣ ਦਿਉ, ਮਰ ਜਾਏਗਾ। ਨੰਬਰਦਾਰ ਨੇ ਦਰਵਾਜਾ ਖੋਲ੍ਹ ਦਿੱਤਾ ਤੇ ਮੋਤੀ ਬੇਤਹਾਸ਼ਾ ਬਾਹਰ ਨੂੰ ਭੱਜਾ।
ਮੋਤੀ ਤਰਕਾਲਾਂ ਤਕ ਨਾ ਮੁੜਿਆ। ਸਾਰੇ ਸੋਚਣ ਲੱਗੇ, ਕਿੱਥੇ ਚਲਿਆ ਗਿਆ ਹੋਵੇਗਾ? ਭਾਲਣ ਲਈ ਗੜਗੱਜ ਨੂੰ ਕਿਹਾ ਕਿਉਂਕਿ ਉਸ ਨੇ ਨਹੀਂ ਸੀ ਮਾਰਿਆ। ਗੜਗੱਜ ਬਾਹਰ ਨਿਕਲਿਆ ਤਾਂ ਮੋਤੀ ਕਿਤੇ ਨਾ ਦਿਸਿਆ। ਲੱਭਦਾ ਲਭਾਉਂਦਾ ਤੁਰਿਆ ਗਿਆ ਤਾਂ ਦੇਖਿਆ, ਮੋਤੀ ਹਸਪਤਾਲ ਦੇ ਜੰਗਲੇ ਕੋਲ ਲੱਤਾਂ ਵਿਚ ਮੂੰਹ ਦਈ ਨਿਢਾਲ ਪਿਆ ਸੀ। ਗੜਗੱਜ ਨੂੰ ਦੇਖ ਕੇ ਪਰੇ ਨੂੰ ਤੁਰ ਪਿਆ ਤੇ ਥੋੜ੍ਹੀ ਦੂਰ ਜਾ ਕੇ ਫੇਰ ਲੱਤਾਂ ‘ਚ ਮੂੰਹ ਦੇ ਕੇ ਬਹਿ ਗਿਆ। ਗੜਗਜ ਜਿੰਨਾ ਕੁ ਉਸ ਵਲ ਤੁਰੇ, ਮੋਤੀ ਓਨਾ ਕੁ ਹੋਰ ਪਰ੍ਹਾਂ ਜਾ ਬੈਠੇ। ਹੌਲੀ ਹੌਲੀ ਗੜਗੱਜ ਨੇੜੇ ਪਹੁੰਚ ਗਿਆ ਤੇ ਪਿਆਰ ਨਾਲ ਮੋਤੀ-ਮੋਤੀ ਆਖ ਕੇ ਪੁਚਕਾਰਿਆ। ਸਹਿਜੇ ਸਹਿਜੇ ਮੋਤੀ ਦੇ ਨੇੜੇ ਜਾ ਬੈਠਾ। ਡਰਦਿਆਂ ਹੱਥ ਮੋਤੀ ਵਲ ਵਧਾਇਆ, ਉਹ ਰਤਾ ਵੀ ਨਾ ਹਿੱਲਿਆ। ਪੁਚਕਾਰਦਿਆਂ ਉਸ ਦੇ ਸਿਰ ‘ਤੇ ਹੱਥ ਰੱਖ ਦਿਤਾ। ਮੋਤੀ ਦੀਆਂ ਅੱਖਾਂ ‘ਚ ਹੰਝੂ ਭਰ ਆਏ ਤੇ ਪਿਆ-ਪਿਆ ਰੋਣ ਲੱਗਾ। ਗੜਗੱਜ ਨੇ ਸਿਰ, ਗਰਦਨ ਅਤੇ ਪਿੱਠ ‘ਤੇ ਪੋਲਾ-ਪੋਲਾ ਹੱਥ ਫੇਰਿਆ ਤੇ ਕਿਹਾ, “ਉਠ ਮੋਤੀ! ਉਠ!! ਘਰ ਚੱਲੀਏ।” ਜਦ ਨਾ ਉਠਿਆ ਤਾਂ, “ਚੰਗਾ, ਨਾ ਉਠ, ਪਿਆ ਰਹੁ, ਭੁੱਖਾ ਮਰੇਂਗਾ”, ਕਹਿ ਕੇ ਗੜਗੱਜ ਤੁਰ ਪਿਆ। ਚਾਰ ਕੁ ਕਦਮ ਚੱਲ ਕੇ ਦੇਖਿਆ ਤਾਂ ਮੋਤੀ ਸਿਰ ਸੁੱਟੀ, ਪਿਛੇ-ਪਿਛੇ ਬਧੋਰੁੱਧਾ ਤੁਰਿਆ ਆ ਰਿਹਾ ਸੀ। ਮੋਤੀ ਦਾ ਵਤੀਰਾ ਉਸ ਬੱਚੇ ਵਰਗਾ ਸੀ ਜੋ ਮਾਪਿਆ ਤੋਂ ਮਾਰ-ਕੁਟ ਖਾ ਕੇ ਮਨਾਉਣ ‘ਤੇ ਵੀ ਨਾ ਮੰਨੇ ਪਰ ਪੈਰ ਘਸੇਂਦਾ ਹੌਲੀ ਹੌਲੀ ਘਰ ਵਲ ਤੁਰਿਆ ਆਵੇ।
ਸ਼ਾਹੀ ਵਾਰਡ ਦੇ ਲਾਗੇ ਜਾ ਕੇ ਮੋਤੀ ਅੰਦਰ ਵੜਨੋਂ ਅੜ ਗਿਆ ਤੇ ਬਹਿ ਕੇ ਰੋਣ ਲੱਗ ਪਿਆ, ਉਸੇ ਤਰ੍ਹਾ ਜਿਵੇਂ ਕੋਈ ਬੱਚੇ ਘਰ ਦੀ ਸਰਦਲ ਟੱਪਣ ਤੋਂ ਪਹਿਲਾਂ ਅੜੀਆਂ ਕਰਦਾ ਡੁਸਕਦਾ ਹੈ। ਵਾਰਡ ਵਿਚ ਪਤਾ ਲੱਗਾ ਤਾਂ ਵਾਸਦੇਵ ਸਿੰਘ ਸੰਗਲ ਲਈ ਮੋਤੀ ਵਲ ਤੁਰ ਪਿਆ। ਦੇਖ ਕੇ ਮੋਤੀ ਫੇਰ ਪਿਛਾਂਹ ਮੁੜਨ ਲੱਗਾ। ਵਾਸਦੇਵ ਨੇ ਸੰਗਲ ਸੁੱਟ ਕੇ ਪਿਆਰ ਨਾਲ ਪੁਚਕਾਰਿਆ, ‘ਆ ਜਾ ਮੋਤੀ, ਮੁੜ ਪੈ ਪੁੱਤਰ, ਜ਼ਿਦ ਨਹੀਂ ਕਰੀਦੀ।’ ਮੋਤੀ ਨੇ ਹਲਕੀ ਹਲਕੀ ਪੂਛ ਹਿਲਾਈ ਤੇ ਸਹਿਜੇ ਸਹਿਜੇ ਪੈਰ ਪੁੱਟਦਾ ਸ਼ਾਹੀ ਵਾਰਡ ਵਿਚ ਦਾਖਲ ਹੋ ਗਿਆ। ਇਉਂ ਲੱਗਾ ਜਿਵੇਂ ਤੋਤੇ ਨੇ ਇਕ ਲੱਤ ਚੁੱਕ ਕੇ ‘ਇਸਲਾਮਾ ਲੈਕਮ’ ਕਿਹਾ ਹੋਵੇ ਤੇ ਮੋਤੀ ਨੇ ਦੋਵੇਂ ਲੱਤਾਂ ਚੁਕ ਕੇ ‘ਬਾਲੈਕਮ ਇਸਲਾਮ’ ‘ਚ ਉਤਰ ਦਿਤਾ ਹੋਵੇ। ਹਾਲੇ ਵੀ ਮੋਤੀ ਦੀਆਂ ਅੱਖਾਂ ਸਿੱਲ੍ਹੀਆਂ ਸਨ, ਜਿਨ੍ਹਾਂ ‘ਚੋਂ ਗੁੱਸਾ ਅਤੇ ਹੇਜ-ਦੋਵੇਂ ਢਲ੍ਹਕ ਰਹੇ ਸਨ।
ਤਿੰਨਾਂ ਸ਼ਾਹੀ ਕੈਦੀਆਂ ਦੀ ਰਿਹਾਈ ਦੇ ਨਾਲ ਮੋਤੀ ਵੀ ਜੇਲ੍ਹ ‘ਚੋਂ ਬਾਹਰ ਆਇਆ। ਉਸ ਨੇ ਜੇਲ੍ਹ ਵਿਚ ਅੱਖਾਂ ਖੋਲ੍ਹੀਆਂ ਸਨ, ਕੋਈ ਆਪਣੇ ਵਰਗਾ ਨਹੀਂ ਸੀ ਦੇਖਿਆ। ਬਾਹਰ ਆ ਕੇ ਜਦ ਆਪਣੇ ਵਰਗੇ ਦੇਖੇ ਤਾਂ ਸ਼ਾਇਦ ਉਸ ਨੂੰ ਲੱਗਾ ਕਿ ਉਹ ਕੁੱਤਿਆਂ ਵਿਚ ਆ ਗਿਆ ਹੈ। ਮੋਤੀ ਦੀ ਹਾਲਤ ਉਸ ਪਾਦਰੀ ਵਰਗੀ ਸੀ ਜੋ ਅਚਾਨਕ ਨਾਸਤਕਾਂ ਦੇ ਪਿੰਡ ਆ ਵੜਿਆ ਹੋਵੇ।
ਜੇਲ੍ਹਾਂ ਦੇ ਮਾਹੌਲ ਦਾ ਸਖਤ, ਤੁਰਸ਼ ਤੇ ਕਰੂਰ ਹੋਣਾ ਸੁਭਾਵਕ ਹੈ। ਬ੍ਰਿਟਿਸ਼ ਰਾਜ ਵੇਲੇ ਸਿਆਸੀ ਕੈਦੀਆਂ ਲਈ ਜੇਲ੍ਹਾਂ ਦਾ ਮਾਹੌਲ ਖੁਸ਼ਕ, ਬੇਕਿਰਕ ਅਤੇ ਤਣਾਅ ਭਰਿਆ ਸੀ। ਫੇਰ ਵੀ ਆਜ਼ਾਦੀ ਘੁਲਾਟੀਏ ਕੋਈ ਪ੍ਰਵਾਹ ਨਹੀਂ ਸਨ ਕਰਦੇ। ਜੇਲ੍ਹਾਂ ਅੰਦਰ ਦਿਨ-ਕਟੀ ਕਰਨ ਲਈ ਬਹੁਤੇ ਕੈਦੀ ਜੰਗੇ ਆਜ਼ਾਦੀ ਦੀਆਂ ਤਜਵੀਜ਼ਾਂ ਬਣਾਉਂਦੇ, ਕੁਝ ਕਿਤਾਬਾਂ ਪੜ੍ਹਨ ਲੱਗ ਜਾਂਦੇ ਅਤੇ ਕਈ ਜਾਨਵਰਾਂ ਨਾਲ ਮੋਹ ਪਾਲ ਲੈਂਦੇ, ਜਿਵੇਂ ਮੋਤੀ। ਇਸੇ ਤਰ੍ਹਾਂ ਦੀਆਂ ਕੁਝ ਹੋਰ ਕਹਾਣੀਆਂ ਹਨ, ਜਿਨ੍ਹਾਂ ਵਿਚ ਕੈਦੀਆਂ ਦੇ ਜਾਨਵਰਾਂ ਨਾਲ ਤੇਹ ਦਾ ਇਜ਼ਹਾਰ ਮਿਲਦਾ ਹੈ।
ਸ਼ਿਵ ਕਮਾਰ ਵਰਮਾ ਦੀ ਪੁਸਤਕ ‘ਮੌਤ ਦੀ ਉੜੀਕ’ ਵਿਚ ਇਕ ਚਮਗਾਦੜ ਬਾਰੇ ਬੜੀ ਦਿਲਚਸਪ ਕਹਾਣੀ ਹੈ। ਆਂਧਰਾ ਪ੍ਰਦੇਸ਼ ਦੀ ਰਾਜ ਮੁਹਿੰਦਰੀ ਜੇਲ੍ਹ ਵਿਚ ਨਰ ਸਿੰਘ ਸਾਹੂ ਨਾਂ ਦਾ ਕੈਦੀ ਸੀ। ਉਸ ਦੇ ਜੇਲ੍ਹ-ਕਮਰੇ ਦੀ ਛੱਤ ਵਿਚ ਚਮਗਾਦੜਾਂ ਦੇ ਘੁਰਨੇ ਸਨ। ਉਹ ਜੇਲ੍ਹ ਦੇ ਖਾਣੇ ‘ਚੋਂ ਕੁਝ ਭੋਰਾ-ਚੂਰਾ ਚਮਗਾਦੜਾਂ ਦੇ ਘੁਰਨਿਆਂ ਵਿਚ ਰੱਖ ਦਿੰਦਾ। ਉਨ੍ਹਾਂ ‘ਚੋਂ ਇਕ ਚਮਗਾਦੜ ਰਾਤ ਨੂੰ ਉਸ ਦੇ ਮੰਜੇ ‘ਤੇ ਆ ਬਹਿੰਦਾ ਤੇ ਸੌਣ ਵੇਲੇ ਚਾਦਰ ਵਿਚ ਘੁੱਸ ਜਾਂਦਾ। ਨਰ ਸਿੰਘ ਸਾਹੂ ਨੇ ਉਸ ਦਾ ਨਾਂ ‘ਬਯਾ’ ਰੱਖ ਲਿਆ। ਇਕ ਦਿਨ ਬਾਹਰ ਉੜਦੇ ਬਯਾ ਨੂੰ ਇਲ ਨੇ ਦਬੋਚ ਲਿਆ। ਇਲ ਭੌਂ ਕੇ ਹੇਠਾਂ ਆ ਪਈ। ਸਾਹੂ ਨੇ ਦੋਹਾਂ ਨੂੰ ਉਠਾ ਕੇ ਦੇਖਿਆ, ਇੱਲ ਦੇ ਢਿੱਡ ਵਿਚ ਬਯਾ ਦੀਆਂ ਨਹੁੰਦਰਾਂ ਖੁੱਬੀਆਂ ਹੋਈਆਂ ਸਨ। ਉਸ ਨੇ ਨਹੁੰਦਰਾਂ ਕੱਢ ਕੇ ਬਯਾ ਨੂੰ ਅੰਦਰ ਲੈ ਆਂਦਾ, ਪਾਣੀ ਪਿਆਇਆ ਤੇ ਰੋਟੀ ਦੇ ਭੋਰੇ ਅੱਗੇ ਰੱਖੇ। ਜ਼ਖਮਾਂ ਨੂੰ ਸਾਫ ਕਰਕੇ ਕੱਪੜੇ ‘ਚ ਲਪੇਟ ਕੇ ਨਾਲ ਪਾ ਲਿਆ।
ਮੁਲਤਾਨ ਜੇਲ੍ਹ ਦੇ ਹਾਤੇ ਵਿਚ ਕਈ ਮਸ਼ਹੂਰ ਕ੍ਰਾਂਤੀਕਾਰੀ ਬੰਦ ਸਨ ਜਿਨ੍ਹਾਂ ਵਿਚ ਡਾ. ਗਯਾ ਪ੍ਰਸਾਦ, ਵਿਜੇ ਕੁਮਾਰ ਸਿਨਹਾ ਅਤੇ ਪੰਡਿਤ ਕਿਸ਼ੋਰੀ ਲਾਲ ਸ਼ਾਮਿਲ ਸਨ। ਉਨ੍ਹਾਂ ਵਿਚ ਇਕ ਡਾਕੂ ਫੱਜਾ ਵੀ ਸੀ ਜਿਸ ਨੇ ਕਬੂਤਰ ਪਾਲੇ ਹੋਏ ਸਨ। ਫੱਜਾ ਜੇਲ੍ਹ-ਗੁਦਾਮ ‘ਚੋਂ ਛੋਲੇ ਲਿਆ ਕੇ ਭਿਉਂਦਾ ਤੇ ਕਬੂਤਰਾਂ ਨੂੰ ਆਓ! ਆਓ! ਕਹਿੰਦਾ ਕੁਝ ਭੁੰਜੇ ਤੇ ਕੁਝ ਛੱਤ ‘ਤੇ ਛੱਟਾ ਮਾਰ ਦਿੰਦਾ। ਇਕ ਦਿਨ ਉਸ ਦੇ ਗੁਆਂਢੀ ਕੈਦੀ ਨੇ ਇਕ ਕਬੂਤਰ ਮਾਰ ਕੇ ਰਿੰਨਿਆਂ ਤੇ ਖਾ ਲਿਆ। ਫੱਜੇ ਨੂੰ ਪਤਾ ਲੱਗ ਗਿਆ ਤਾਂ ਉਹ ਅੱਗ ਬਗੋਲਾ ਹੋ ਗਿਆ ਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਗੁਆਂਢੀ ਕੈਦੀ ਐਨਾ ਡਰਿਆ ਕਿ ਟੋਪੀ ਲਾਹ ਕੇ ਫੱਜੇ ਦੇ ਪੈਰਾਂ ‘ਤੇ ਧਰ ਕੇ ਗਿੜਗੜਾਉਣ ਲੱਗਾ। ਦੋਵੇਂ ਹੱਥ ਜੋੜ ਕੇ ਮਾਫੀ ਮੰਗੀ ਤਾਂ ਫੱਜੇ ਨੇ ਲਾਹਨਤ ਪਾਈ ਤੇ ਤਨਜ਼ ਨਾਲ ਕਿਹਾ, ‘ਤੂੰ ਬੇਜ਼ੁਬਾਨ ਨੂੰ ਮਾਰਿਆ, ਉਨ੍ਹਾਂ ਨੂੰ ਮਾਰ ਜੋ ਤੇਰੇ ‘ਤੇ ਜ਼ੁਬਾਨਾਂ ਚਲਾਉਂਦੇ ਹਨ।’
ਇਕ ਜੇਲ੍ਹ ਵਿਚ ਸ਼ਿਵ ਕੁਮਾਰ ਵਰਮਾ ਕੈਦ ਸੀ। ਜੇਲ੍ਹ ਦੇ ਕਮਰਿਆਂ ਦੀਆਂ ਛੱਤਾਂ ਵਿਚ ਚਿੜੀਆਂ ਦੇ ਆਲ੍ਹਣਿਆਂ ਵਿਚ ਆਂਡੇ ਤੇ ਬੱਚੇ ਸਨ। ਆਲ੍ਹਣਿਆਂ ‘ਚੋਂ ਰੋਜ਼ ਆਂਡਿਆਂ ਦੇ ਖੋਲ ਅਤੇ ਬੋਟ ਹੇਠਾਂ ਡਿਗ ਪੈਂਦੇ। ਇਨ੍ਹਾਂ ਨੂੰ ਹੂੰਝ ਕੇ ਬਾਹਰ ਸੁੱਟਣ ਦੀ ਡਿਊਟੀ ਇਕ ਕੈਦੀ ਦੀ ਸੀ। ਬਾਹਰ ਸੁੱਟਣ ਸਮੇਂ, ਬਿਨਾ ਨਾਂ ਲਿਆਂ, ਉਹ ਜੇਲ੍ਹ ਦੇ ਸਰਕਾਰੀ ਕਾਰਿੰਦਿਆਂ ਨੂੰ ਬੁਰਾ ਭਲਾ ਕਹਿੰਦਾ ਤੇ ਗੰਦੀਆਂ ਗਾਲ੍ਹਾਂ ਕੱਢਦਾ। ਇਕ ਦਿਨ ਇਕ ਬੋਟ ਨੂੰ, ਜਿਸ ਦੀਆਂ ਅੱਖਾਂ ਅਜੇ ਖੁੱਲ੍ਹਿਆਂ ਨਹੀਂ ਸਨ, ਸੁਟਣ ਜਾਂਦੇ ਨੂੰ ਸ਼ਿਵ ਕੁਮਾਰ ਵਰਮਾ ਨੇ ਦੇਖ ਲਿਆ ਤੇ ਕਿਹਾ, ‘ਇਹ ਬੋਟ ਮੈਨੂੰ ਦੇ ਦੇਹ।’ ਬੋਟ ਨੂੰ ਅੰਦਰ ਲਜਾ ਕੇ ਪਾਣੀ ਪਿਲਾਇਆ ਤੇ ਕੱਪੜੇ ਵਿਚ ਲਪੇਟ ਕੇ ਨਿੱਘਾ ਕੀਤਾ। ਕੁਝ ਦਿਨਾਂ ਵਿਚ ਬੋਟ ਵੱਡਾ ਹੋ ਗਿਆ ਤੇ ਪਰ ਕੱਢ ਲਏ। ਕਮਰੇ ਵਿਚ ਉਹ ਏਧਰ ਓਧਰ ਘੁੰਮਦਾ ਪਰਾਂ ਅਤੇ ਪੈਰਾਂ ਦੇ ਸਹਾਰੇ ਬਿਸਤਰੇ ‘ਤੇ ਚੜ੍ਹ ਕੇ ਬਹਿ ਜਾਂਦਾ। ਰਾਤ ਪਈ ‘ਤੇ ਸਿਰਹਾਣੇ ਨਾਲ ਲੱਗ ਕੇ ਸੌਂ ਜਾਂਦਾ। ਇਹ ਬੋਟ ਸ਼ਿਵ ਕੁਮਾਰ ਵਰਮਾ ਲਈ ਜੇਲ੍ਹ ਦੀ ਅਲਕਾਣ ਨੂੰ ਘਟਾਉਣ ਦਾ ਦਿਲਕਸ਼ ਠੁੰਮਣਾ ਬਣ ਗਿਆ।
ਇਕ ਦਿਨ ਵਰਮਾ ਜੀ ਨੇ ਉਸ ਨੂੰ ਬਾਹਰ ਕੱਢ ਕੇ ਉੜਨ ਲਈ ਉਤਾਂਹ ਨੂੰ ਉਲਾਰਿਆ, ਪਰ ਉਹ ਉਡਣ ਦੀ ਥਾਂ ਭੋਇੰ ‘ਤੇ ਆ ਡਿੱਗਾ। ਚਿੜੀ ਦੇ ਬੱਚੇ ਦਾ ਹਾਲ ਵੀ ਮੋਤੀ ਜਿਹਾ ਸੀ, ਉਸ ਨੇ ਵੀ ਕਦੇ ਪਰਿੰਦੇ ਨਹੀਂ ਦੇਖੇ ਸਨ। ਵਰਮਾ ਜੀ ਉਸ ਨੂੰ ਰੋਜ਼ ਉੜਨ ਦਾ ਅਭਿਆਸ ਕਰਾਉਂਦੇ। ਉਹ ਨਹੀਂ ਸਨ ਚਾਹੁੰਦੇ ਕਿ ਉਹ ਕੈਦੀ ਬਣ ਕੇ ਰਹੇ। ਉਸ ਪਾਸ ਪਰ ਸਨ ਜਿਨ੍ਹਾਂ ਦੇ ਸਹਾਰੇ ਖੁੱਲ੍ਹੇ ਅੰਬਰ ਵਿਚ ਉਡ ਸਕਦਾ ਸੀ। ਇਕ ਦਿਨ ਉਸ ਨੇ ਉਡਾਣ ਭਰੀ ਤੇ ਰੁੱਖ ਦੀ ਟਾਹਣੀ ‘ਤੇ ਜਾ ਬੈਠਾ। ਸ਼ਿਵ ਕੁਮਾਰ ਵਰਮਾ ਸੋਚਣ ਲੱਗੇ, ਕਾਸ਼ ਉਸ ਪਾਸ ਵੀ ਪਰ ਹੁੰਦੇ।
(ਇਸ ਲੇਖ ਦੀਆਂ ਕਹਾਣੀਆਂ ਮੂਲ ਰੂਪ ਵਿਚ ਸੱਚੀਆਂ ਹਨ। ਇਨ੍ਹਾਂ ਨੂੰ ਮੇਰੇ ਧਿਆਨ ਗੋਚਰੇ ਲਿਆਉਣ ਲਈ, ਬੇਕਰਜ਼ਫੀਲਡ ਦੇ ਕਸ਼ਮੀਰ ਸਿੰਘ ਕਾਂਗਣਾ ਦਾ ਧੰਨਵਾਦ ਕਰਨਾ ਜ਼ਰੂਰੀ ਹੈ।)
ਧੰਨਵਾਦ ਸਹਿਤ, ਸਾਹਿਤਕ ਮੈਗਜ਼ੀਨ, “ਸੰਖ” ‘ਚੋਂ (ਸੰਪਾਦਕ ਸਿੱਧੂ ਦਮਦਮੀ)।