ਮੁਹੱਬਤ-ਮੁਹਾਰਨੀ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਹ ਹੈ ਤਾਂ ਫਿਜ਼ਿਕਸ ਜਿਹੇ ਖੁਸ਼ਕ ਵਿਸ਼ੇ ਦੇ ਅਧਿਆਪਕ, ਪਰ ਉਨ੍ਹਾਂ ਦੀ ਵਾਰਤਕ ਵਿਚ ਕਵਿਤਾ ਦੀ ਰਵਾਨਗੀ ਹੈ। ਉਹ ਸ਼ਬਦਾਂ ਦੀ ਅਜਿਹੀ ਜੁਗਤ ਬੰਨਦੇ ਹਨ ਕਿ ਪਾਠਕ ਦੇ ਮੂੰਹੋਂ ਸੁਤੇ ਸਿਧ ਨਿਕਲ ਜਾਂਦਾ ਹੈ, ਕਿਆ ਬਾਤ ਹੈ!

ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਕੁਦਰਤ ਦੇ ਉਪਾਏ ਹਰ ਜੀਵ-ਜੰਤ ਲਈ ਨੀਂਦ ਦੀ ਅਹਿਮੀਅਤ ਦੀ ਗੱਲ ਕਰਦਿਆਂ ਕਿਹਾ ਸੀ, “ਨੀਂਦ, ਮਨੁੱਖੀ ਸਰੀਰ ਲਈ ਊਰਜਾ-ਸਰੋਤ, ਥੱਕੇ ਹਾਰਿਆਂ ਲਈ ਸੁਖਨ-ਸੇਜ ਅਤੇ ਮਾਨਸਿਕ ਰੁਮਕਣੀ ਸੁਪਨ-ਸਾਜ਼।” ਹਥਲੇ ਲੇਖ ਵਿਚ ਡਾ. ਭੰਡਾਲ ਨੇ ਮੁਹੱਬਤ ਦੀਆਂ ਪਰਤਾਂ ਖੋਲ੍ਹਦਿਆਂ ਕਿਹਾ ਹੈ, “ਮੁਹੱਬਤ, ਜ਼ਿੰਦਗੀ ਦਾ ਗੀਤ, ਸਾਹਾਂ ਵਿਚਲਾ ਸੰਗੀਤ, ਚਾਵਾਂ ਭਿੰਨੀ ਰੀਤ ਅਤੇ ਕਦਮਾਂ ਵਿਚ ਰਾਹਾਂ ਨੂੰ ਨਵੀਆਂ ਮੰਜ਼ਲਾਂ ਮਿੱਥਣ ਵਾਲਾ ਮੀਤ।” ਪਰ ਨਾਲ ਹੀ ਉਨ੍ਹਾਂ ਸ਼ਿਕਵਾ ਕੀਤਾ ਹੈ, “ਮੁਹੱਬਤ, ਅਜੋਕੇ ਮਨੁੱਖ ਲਈ ਮਖੌਟਾ। ਸਤਹੀ ਮੁਹੱਬਤ ਨੇ ਮਨੁੱਖੀ ਰਿਸ਼ਤਿਆਂ, ਸਬੰਧਾਂ ਅਤੇ ਦੋਸਤੀਆਂ ਨੂੰ ਕੀਤਾ ਏ ਤਾਰ ਤਾਰ। ਹੁਣ ਤਾਂ ਸੰਵੇਦਨਸ਼ੀਲ ਮਨੁੱਖ, ਮੁਹੱਬਤ ਦੇ ਨਾਮ ਤੋਂ ਹੀ ਤ੍ਰਿਹਣ ਲੱਗ ਪਿਆ।” -ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ
ਮੁਹੱਬਤ, ਇਕ ਅਹਿਸਾਸ, ਭਾਵਨਾਵਾਂ ਦਾ ਸੁੱਚਾ ਪ੍ਰਗਟਾਅ, ਮਨ-ਤਰੰਗਾਂ ਦੀ ਝਰਨਾਹਟ ਅਤੇ ਵਿਸਮਾਦੀ ਲੋਰ।
ਮੁਹੱਬਤ, ਆਪਣੇ ਤੋਂ ਆਪਣੇ ਤੱਕ ਦਾ ਇਲਾਹੀ ਸਫਰ, ਖੁਦ ‘ਚ ਗੁਆਚਣ ਦਾ ਸਰੂਰ ਅਤੇ ਸਵੈ-ਪਛਾਣ ਦੀ ਖੋਜ-ਧਰਾਤਲ।
ਮੁਹੱਬਤ ਬਹੁਰੰਗੀ। ਹਰ ਰੰਗ ਦੀ ਆਪਣੀ ਆਭਾ, ਲਿਸ਼ਕੋਰ, ਦਿੱਖ, ਤਾਸੀਰ, ਪਰਵਾਜ਼, ਅੰਦਾਜ਼ ਅਤੇ ਵਿਭਿੰਨ ਨਾਦ-ਅਨਾਦ।
ਮੁਹੱਬਤ ਦੀਆਂ ਅਸੀਮ ਪਰਤਾਂ, ਬਹੁ-ਪ੍ਰਤੀ ਪਰਿਭਾਸ਼ਾਵਾਂ, ਅਣਗਿਣਤ ਸਿਰਲੇਖ, ਅਸੀਮਤ ਸਿਰਹੱਦੇ ਅਤੇ ਸਿਰਨਾਵੇਂ।
ਮੁਹੱਬਤ ਦੇ ਪਿੰਡੇ ‘ਤੇ ਉਕਰੇ ਨੇ ਅਣਗਿਣਤ ਪ੍ਰਾਪਤੀਆਂ ਦੇ ਸ਼ਿਲਾਲੇਖ ਅਤੇ ਨਾ-ਗਿਣਨਯੋਗ ਅਸਫਲਤਾਵਾਂ ਦੇ ਰੇਤ-ਮਿਨਾਰ।
ਮੁਹੱਬਤ ਨੂੰ ਆਪਣੀ ਅਕੀਦਤ ਦਾ ਮਾਣ, ਇਬਾਦਤ ਦਾ ਫਖਰ, ਅਕੀਦੇ ਦੀ ਭਰਪਾਈ ਦਾ ਹੁਲਾਸ ਅਤੇ ਮਾਣਨ ਦਾ ਗਰੂਰ।
ਮੁਹੱਬਤ ਦੀ ਕਈ ਰੂਪਾਂ ਨਾਲ ਜਿੰ.ਦਗੀ ਦੇ ਦਰ ‘ਤੇ ਦਸਤਕ। ਹਰ ਦਸਤਕ ਦਾ ਵਿਲੱਖਣ ਮਿਜ਼ਾਜ਼, ਅਲੋਕਾਰੀਪੁਣਾ, ਸੁਰ, ਸੰਗੀਤਕਤਾ, ਪਰਵਾਜ਼ ਅਤੇ ਪ੍ਰਾਪਤੀ।
ਮੁਹੱਬਤ, ਸਭ ਦਾ ਸੁਪਨਾ। ਹਰ ਹੀਲੇ ਇਸ ਨੂੰ ਪਾਉਣ ਅਤੇ ਇਸ ਦੇ ਰੰਗ ਵਿਚ ਰੰਗੇ ਜਾਣ ਦਾ ਉਤਾਵਲਾਪਨ। ਭਾਗਾਂ ਵਾਲਿਆਂ ਦੀ ਝੋਲੀ ਮੁਹੱਬਤ ਨਾਲ ਭਰਦੀ ਅਤੇ ਮੁਹੱਬਤੀ ਜਾਹੋ-ਜਲਾਲ ‘ਚ ਸ਼ਰਸ਼ਾਰ ਹੁੰਦੇ।
ਮੁਹੱਬਤ ਕਈ ਰੂਪਾਂ ‘ਚ ਆਲੇ-ਦੁਆਲੇ ਬਿਖਰੀ। ਅਸੀਂ ਕਿਹੜੀ ਮੁਹੱਬਤ ਨੂੰ, ਕਿਸ ਰੂਪ ਤੇ ਰਹਿਤਲ ਨਾਲ ਮਾਣਨਾ, ਇਹ ਸਾਡੀ ਮਾਨਸਿਕਤਾ ਤੇ ਸੰਵੇਦਨਾ ‘ਤੇ ਨਿਰਭਰ।
ਮੁਹੱਬਤ, ਅਜੋਕੇ ਮਨੁੱਖ ਲਈ ਮਖੌਟਾ। ਸਤਹੀ ਮੁਹੱਬਤ ਨੇ ਮਨੁੱਖੀ ਰਿਸ਼ਤਿਆਂ, ਸਬੰਧਾਂ ਅਤੇ ਦੋਸਤੀਆਂ ਨੂੰ ਕੀਤਾ ਏ ਤਾਰ ਤਾਰ। ਹੁਣ ਤਾਂ ਸੰਵੇਦਨਸ਼ੀਲ ਮਨੁੱਖ, ਮੁਹੱਬਤ ਦੇ ਨਾਮ ਤੋਂ ਹੀ ਤ੍ਰਿਹਣ ਲੱਗ ਪਿਆ।
ਮਨੁੱਖ ਦੇ ਕੁਦਰਤ ਸੰਗ ਪਿਆਰ ਨੇ, ਮਨੁੱਖ ਤੇ ਆਲੇ-ਦੁਆਲੇ ਦੀ ਚਿਰੰਜੀਵਤਾ ਤੇ ਸਿਹਤਮੰਦੀ ਦਾ ਰਾਗ ਬਣਨਾ ਸੀ। ਪਰ ਮਨੁੱਖ ਨੇ ਇਸ ਨੂੰ ਮਰਸੀਆ ਬਣਾ ਦਿੱਤਾ ਜੋ ਹਰ ਸਜੀਵ ਪ੍ਰਾਣੀ ਦੇ ਕੰਨਾਂ ਵਿਚ ਸਰਾਪ ਬਣ ਕੇ ਗੂੰਜਦਾ ਏ।
ਮੁਹੱਬਤ ਜਦ ਨਿਜੀ ਮੁਫਾਦ ਦੇ ਦਾਇਰਿਆਂ ਵਿਚ ਸੁੰਗੜ ਜਾਵੇ ਤਾਂ ਨਿੱਘੇ ਅਹਿਸਾਸਾਂ ਨੂੰ ਕੰਬਣੀ ਛਿੱੜਦੀ ਅਤੇ ਇਸ ਦੇ ਮੁਖੜੇ ਦੀ ਲਾਲੀ ‘ਤੇ ਪਿਲੱਤਣਾਂ ਦੀ ਰੰਗਤ ਫੈਲ ਜਾਂਦੀ।
ਮੁਹੱਬਤ ਤਾਂ ਜੀਵਨ-ਦਾਨੀ ਬਿਰਖਾਂ, ਪਰਿੰਦਿਆਂ, ਪੌਣ ਅਤੇ ਪਾਣੀਆਂ ਨਾਲ ਵੀ ਹੁੰਦੀ। ਪਰ ਅਸੀਂ ਇਨ੍ਹਾਂ ਤੋਂ ਬੇਮੁੱਖ ਹੋ, ਆਪਣੇ ਰਾਹਾਂ ਵਿਚ ਕੰਡੇ ਬੀਜਣ ਵਿਚ ਰੁੱਝੇ ਹੋਏ, ਜੀਵਨ ਵਿਹਾਜ ਰਹੇ ਹਾਂ।
ਮੁਹੱਬਤ ਤਾਂ ਰੱਬ ਨਾਲ ਹੁੰਦੀ। ਪਰ ਅਜੋਕੇ ਬਨਾਵਟੀ ਪ੍ਰਭੂ ਪ੍ਰੇਮ ਨੇ ਨਿਜੀ ਸੁੱਖਾਂ ਨੂੰ ਪਹਿਲ ਦਿੱਤੀ ਏ। ਕਾਦਰ ਦੀ ਅੱਖ ਵਿਚ ਉਤਰੀ ਨਮੀ, ਮਨੁੱਖਤਾ ਨੂੰ ਗਲਣ ਤੋਂ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕਰ ਰਹੀ ਏ।
ਮਾਪੇ ਸੱਚੀ ਅਤੇ ਸੁੱਚੀ ਮੁਹੱਬਤ, ਬੱਚਿਆਂ ਦੀ ਝੋਲੀ ਵਿਚ ਪਾਉਂਦੇ, ਆਪਣੇ ਸੁੱਖਾਂ ਨੂੰ ਤਿਆਗ, ਉਨ੍ਹਾਂ ਦੀ ਤਲੀ ‘ਤੇ ਸੁੱਖ ਖੁਣਦੇ ਅਤੇ ਉਨ੍ਹਾਂ ਦੇ ਮਨ-ਮਸਤਕ ‘ਤੇ ਸੁਪਨਿਆਂ ਦੀ ਤਸ਼ਬੀਹ ਉਕਰਦੇ। ਪਰ ਜਦ ਬੱਚੇ, ਮਾਪਿਆਂ ਦੀ ਮੁਹੱਬਤ ਨੂੰ ਵਿਸਾਰ, ਉਨ੍ਹਾਂ ਨੂੰ ਪਿੰਡ ਦੇ ਬੁੱਢੇ ਦਰਾਂ ਵਿਚ ਆਖਰੀ ਸਾਹ ਲੈਣ ਲਈ ਮਜਬੂਰ ਕਰ ਦੇਣ ਜਾਂ ਵਿਲਕਦੀਆਂ ਆਂਦਰਾਂ ਨੂੰ ਠੰਡਕ ਪਹੁੰਚਾਉਣ ਤੋਂ ਨਾਕਾਮ ਰਹਿਣ ਅਤੇ ਉਨ੍ਹਾਂ ਦੇ ਸਿਵੇ ਦੀ ਮਿੱਟੀ ਨੂੰ ਨਤਮਸਤਕ ਹੋਣ ਤੋਂ ਟਾਲਾ ਵੱਟ ਲੈਣ ਤਾਂ ਬੱਚੇ, ਫਰਜੰਦ ਅਖਵਾਉਣ ਦਾ ਹੱਕ ਗਵਾ ਬਹਿੰਦੇ।
ਮੁਹੱਬਤ, ਹਰ ਰੋਜ਼ ਦਾ ਕਰਮ। ਹਰ ਦਿਨ ਹੀ ਮੁਹੱਬਤ ਵਿਚ ਰੰਗਿਆ ਅਤੇ ਲਬਰੇਜ਼ਤਾ ਸੰਗ ਭਰਪੂਰ ਹੁੰਦਾ। ਇਸ ਨੂੰ ਮਹਿਸੂਸ ਕਰਨ ਦੀ ਸੋਝੀ ਅਤੇ ਇਸ ਨੂੰ ਮਾਣਨ ਦੇ ਯੋਗ ਹੋਣਾ ਚਾਹੀਦਾ ਏ। ਤੁਹਾਡੇ ਚੁਫੇਰੇ ਹਰ ਪਲ ਹੀ ਮੁਹੱਬਤੀ ਪਲਾਂ ਦੀ ਦਸਤਕ ਹੁੰਦੀ, ਮੁਹੱਬਤੀ ਬੋਲਾਂ ਦਾ ਸੰਗੀਤ ਗੂੰਜਦਾ, ਮੁਹੱਬਤੀ ਕਰਮਾਂ ਦੀ ਫਸਲ ਲਹਿਰਾਉਂਦੀ ਅਤੇ ਮੁਹੱਬਤੀ ਬਚਨਾਂ ਦੀ ਫਿਜ਼ਾ ਫੈਲਦੀ, ਪਰ ਤੁਸੀਂ ਇਸ ਨੂੰ ਕਿੰਜ ਮਾਣਦੇ ਹੋ, ਇਹ ਤੁਹਾਡੇ ਨਿਜ ‘ਤੇ ਨਿਰਭਰ।
ਭੈਣਾਂ-ਭਰਾਵਾਂ ਵਿਚਲੀ ਮੁਹੱਬਤੀ ਕਣੀਂ ਦੀ ਲੋਅ ਹਟਕੋਰੇ ਭਰਦੀ, ਮਨ ਦਾ ਹਉਕਾ ਕਿਸ ਨਾਲ ਸਾਂਝਾ ਕਰੇ ਅਤੇ ਕਿਵੇਂ ਧੀਰਜ ਧਰੇ ਜਿਹੜੀ ਆਪਸੀ ਲੋਭ ਤੇ ਈਰਖਾ ਦੀ ਕਾਲੀ ਬੋਲੀ ਹਨੇਰੀ ਦਾ ਸ਼ਿਕਾਰ ਹੋ ਗਈ ਏ।
ਮੁਹੱਬਤ, ਜ਼ਿੰਦਗੀ ਦਾ ਗੀਤ, ਸਾਹਾਂ ਵਿਚਲਾ ਸੰਗੀਤ, ਚਾਵਾਂ ਭਿੰਨੀ ਰੀਤ ਅਤੇ ਕਦਮਾਂ ਵਿਚ ਰਾਹਾਂ ਨੂੰ ਨਵੀਆਂ ਮੰਜ਼ਲਾਂ ਮਿੱਥਣ ਵਾਲਾ ਮੀਤ।
ਕਦੇ ਕਦਾਈਂ ਖੁਦ ਦੇ ਰੰਗਾਂ ਵਿਚ ਹੋਣੀ ਦੇ ਰੰਗਾਂ ਨੂੰ ਵੀ ਲਿਸ਼ਕੋਰਨਾ। ਅਸਲ ਵਿਚ ਮਰ ਕੇ ਜਿਉਣਾ ਅਤੇ ਜਿਉਂਦਿਆਂ ਮਰਨਾ, ਮੁਹੱਬਤ ਨੂੰ ਸੱਚੀ ਸੁੱਚੀ ਸ਼ਰਧਾਂਜਲੀ। ਪ੍ਰੇਮ ਦੇ ਮਹਾਂ-ਨਾਇਕਾਂ ਦੀ ਹੋਣੀ, ਇਸ ਦੀ ਤਸਦੀਕ।
ਮੁਹੱਬਤ ਨੂੰ ਆਪਣੇ ਘਰਾਂ, ਦਰਾਂ ਅਤੇ ਗਰਾਂ ਤੋਂ ਸ਼ਿਸ਼ਕੇਰ, ਬਹੁਤ ਕੁਝ ਗਵਾ ਲਿਆ। ਪਿੰਡ ਦੀ ਜੂਹ ਵਿਚ ਬਉਰਿਆਂ ਹਾਰ ਫਿਰਦੀ ਮੁਹੱਬਤ ਨੂੰ ਕੋਈ ਟਿਕਾਣਾ ਨਹੀਂ ਥਿਆਉਂਦਾ। ਕਦੇ ਮੁਹੱਬਤ ਦੀ ਆਮਦ ਲਈ ਦਰਾਂ ‘ਤੇ ਪਾਣੀ ਡੋਲੋ, ਤੇਲ ਚੋਵੋ ਅਤੇ ਬੰਨੇਰਿਆਂ ਨੂੰ ਇਸ ਦੇ ਚਾਨਣ ਵਿਚ ਰੁਸ਼ਨਾਓ, ਤਵਾਰੀਖ ਤੁਹਾਡੀ ਸਦਾ ਰਿਣੀ ਰਹੇਗੀ।
ਮੁਹੱਬਤੀ ਤਰੰਗਾਂ, ਜੀਵਨ ਤੇ ਚੌਗਿਰਦੇ ਨੂੰ ਯੁੱਗ ਜਿਉਣ ਦਾ ਵਰਦਾਨ। ਕਈ ਪੀੜ੍ਹੀਆਂ ਲਈ ਤੁਹਾਡੇ ਸ਼ੁਭ-ਕਰਮਨ ਦੀਆਂ ਗਵਾਹ।
ਮੁਹੱਬਤੀ ਤਸ਼ਬੀਹ ਤੁਹਾਡੇ ਦਰਾਂ ਦੀ ਬਾਂਦੀ ਬਣੇ, ਤੁਹਾਡੇ ਅੰਤਰੀਵ ‘ਚ ਇਸ ਦਾ ਨਾਦ ਗੂੰਜੇ, ਸੋਚ-ਉਡਾਣ ਵਿਚ ਬੁਲੰਦੀਆਂ ਦਾ ਮਰਤਬਾ ਮਿਲੇ, ਪ੍ਰਾਪਤੀਆਂ ਦੀ ਆਧਾਰਸ਼ਿਲਾ ਬਣੇ ਅਤੇ ਕਰਮਯੋਗਤਾ ਵਿਚ ਮੁਹੱਬਤ ਦੀ ਚਾਸ਼ਣੀ ਭਰੀ ਰਹੇ।