ਯੂਨੀਵਰਸਿਟੀ ਦਾ ਦੇਵਦਾਸ: ਡਾ. ਢੱਲ

ਅਵਤਾਰ ਸਿੰਘ (ਪ੍ਰੋ.)
ਫੋਨ: 91-9417-518384
ਬਰੇਟੇ ਤੋਂ ਕੋਟੇ ਤੱਕ Ḕਢਲਤੇ ਢਲਤੇ ਢਲ ਗਿਆ ਢੱਲḔ ਕਿਸੇ ਗੀਤ ਦੀ ਤੁਕ ਨਹੀਂ ਤੇ ਨਾ Ḕਚਲਤੇ ਚਲਤੇḔ ਵਾਲੇ ਗਾਣੇ ਦੀ ਪੈਰੋਡੀ। ਇਹ ਹਕੀਕਤ ਹੈ, ਪਾਰੋ ਜਿਹੀ, ਪੰਜਾਬ ਯੂਨੀਵਰਸਿਟੀ ਨੂੰ ਮੁਹੱਬਤ ਕਰਨ ਵਾਲੇ ਰਿਸਰਚ ਸਕਾਲਰ, ਦੇਵਦਾਸ, ਡਾ. ਬਲਵਿੰਦਰ ਸਿੰਘ ਢੱਲ ਦੇ ਅਮਰ ਦੁਖਾਂਤ ਦੀ; ਜੋ ਸਾਨੂੰ ਸਦੀਵੀ ਵਿਛੋੜਾ ਦੇ ਗਿਆ; ਕਿਸੇ ਨੂੰ ਚਿੱਤ ਚੇਤਾ ਅਤੇ ਪਤਾ ਵੀ ਨਹੀਂ।

ਉਹ ਬਰੇਟੇ ਜੰਮਿਆ, ਪਲਿਆ ਤੇ ਪੜ੍ਹਿਆ। ਮਾਂ ਸਿੱਖਿਆ ਮਹਿਕਮੇ ‘ਚ ਬੀ. ਓ. ਤੇ ਬਾਪ Ḕਢੱਲ ਅਕੈਡਮੀḔ ‘ਚ ਅੰਗਰੇਜ਼ੀ ਦਾ ਕੋਚ। ਮਾਂ ਬਾਪ ਦੀ ਜ਼ਬਰਦਸਤ ਰਹਿਨੁਮਾਈ ਅਤੇ ਚੰਡਾਈ ਨਾਲ ਡਾ. ਢੱਲ ਤੀਖਣ ਬੁੱਧ, ਬੇਮੇਚ ਵਿਦਿਆਰਥੀ ਸਾਬਤ ਹੋਇਆ। ਸਕੂਲ, ਕਾਲਜ, ਫਿਰ ਪੰਜਾਬ ਯੂਨੀਵਰਸਿਟੀ ਵਿਚ ਉਸ ਦੀ ਲਿਆਕਤ ਦੀਆਂ ਧੁੰਮਾਂ ਪੈ ਗਈਆਂ। ਸਿਆਣੇ ਅਧਿਆਪਕਾਂ ਦੀ ਅੱਖ ਦਾ ਤਾਰਾ ਡਾ. ਢੱਲ ਲਾਇਕ ਵਿਦਿਆਰਥੀਆਂ ਲਈ ਧਰੂ ਤਾਰਾ ਬਣ ਗਿਆ। ਪੰਜਾਬੀ, ਹਿੰਦੀ, ਅੰਗਰੇਜ਼ੀ, ਲਾਅ, ਫਿਲਾਸਫੀ ਅਤੇ ਹਿਸਟਰੀ ਤੱਕ ਦੇ ਵਿਦਿਆਰਥੀ ਉਸ ਕੋਲ ਸਿਆਣੀਆਂ ਸਲਾਹਾਂ ਲੈਣ ਤੁਰੇ ਰਹਿੰਦੇ। ਉਹ ਹਰ ਇਕ ਨਾਲ ਇਵੇਂ ਪੇਸ਼ ਆਉਂਦਾ, ਜਿਵੇਂ ਸਾਰਿਆਂ ਦਾ ਵੱਡਾ ਭਾਈ ਹੋਵੇ। ਪਰ ਉਹ ਕਿਸੇ ਨੂੰ ਛੋਟਾ ਨਹੀਂ ਸੀ ਮੰਨਦਾ। ਉਸ ਦੇ ਮੂੰਹੋਂ ḔਤੂੰḔ ਸ਼ਬਦ ਕਦੀ ਨਹੀਂ ਸੀ ਸੁਣਿਆ। ਨਿੱਕੇ ਬੱਚੇ ਨੂੰ ਵੀ ਉਹ ḔਤੁਸੀਂḔ ਕਹਿੰਦਾ। ਉਹ ਕਿਸੇ ਨੂੰ ਮਜਾਕ ਨਹੀਂ ਸੀ ਕਰਦਾ; ਹਰ ਮਜਾਕ ਦਾ ਤੋੜਾ ਉਹ ਖੁਦ ‘ਤੇ ਝਾੜ ਲੈਂਦਾ।
ਪੰਜਾਬ ਯੂਨੀਵਰਸਿਟੀ ਵਿਚ ਢੱਲ ਦਾ ਰਤਾ ਕੁ ਸੀਨੀਅਰ ਗਿੱਲ ਸੀ, ਜੋ ਆਪਣੀ ਤੇਜ਼ ਬੁੱਧ ਅਤੇ ਫੱਰਾਟੇਦਾਰ ਅੰਗਰੇਜ਼ੀ ਕਰਕੇ ਮਸ਼ਹੂਰ ਸੀ। ਗਿੱਲ ਦੇ ਮੂੰਹੋਂ ḔਤੁਸੀਂḔ ਸ਼ਬਦ ਕਦੀ ਹੀ ਨਿਕਲਦਾ ਸੀ। ਉਸ ਦੇ ਆਤਮ ਵਿਸ਼ਵਾਸ ਮੁਤਾਬਕ ਯੂਨੀਵਰਸਿਟੀ ਵਿਚ ਕਿਸੇ ਹੋਰ ਨੂੰ ਠੀਕ ਅੰਗਰੇਜ਼ੀ ਨਹੀਂ ਸੀ ਆਉਂਦੀ। ਉਸ ਨੇ ਕਦੀ ਕਿਹਾ ਸੀ ਕਿ ਨਹੀਂ, ਪਤਾ ਨਹੀਂ, ਪਰ ਡਾ. ਢੱਲ ਦੱਸਦਾ ਕਿ ਗਿੱਲ, ਉਸ ਦੀ ਅੰਗਰੇਜੀ ਬਾਬਤ ਕਹਿੰਦਾ ਹੈ, “ਹੀ ਨੋਜ਼ ਅ ਫਿਊ ਵਰਡਜ਼।” ਢੱਲ, ਇਸ ਨੂੰ ਵੱਡੇ ਫਖਰ ਦੀ ਗੱਲ ਸਮਝਦਾ।
ਡਾ. ਢੱਲ ਰੋਬੀਲਾ ਗੱਭਰੂ ਸੀ। ਬੂਟ, ਜੁਰਾਬਾਂ, ਪੈਂਟ, ਬੈਲਟ ਅਤੇ ਸ਼ਰਟ ਵਿਚ ਸੱਜਿਆ ਅਤੇ ਫੱਬਿਆ, ਕਿਸੇ ਨੂੰ ਪ੍ਰੋਫੈਸਰ ਲੱਗਦਾ, ਕਿਸੇ ਨੂੰ ਬਿਊਰੋਕ੍ਰੈਟ ਤੇ ਕਈਆਂ ਨੂੰ ਫਾਰਨਰ ਲੱਗਦਾ। ਸਰਦੀਆਂ ਵਿਚ ਉਹ ਫੌਜੀ ਰੰਗਾ ਕੋਟ ਪਾਉਂਦਾ, ਜਿਵੇਂ ਕੋਈ ਫੌਜੀ ਅਫਸਰ ਹੋਵੇ।
ਕਿਸੇ ਵੀ ਵਿਭਾਗ ਦੇ ਵਿਦੇਸ਼ੀ ਵਿਦਿਆਰਥੀ, ਆਪਣੀ ਸਹੂਲਤ ਲਈ ਪੁੱਛਦੇ ਪੁੱਛਦੇ ਢੱਲ ਕੋਲ ਪੁੱਜ ਜਾਂਦੇ। ਉਹ ਪੁੱਜ ਕੇ ਮਦਦ ਕਰਦਾ। ਉਹ ਕਿੰਨਾ ਵੀ ਜਰੂਰੀ ਕੰਮ ਕਰ ਰਿਹਾ ਹੁੰਦਾ ਤੇ ਕਿਸੇ ਨੂੰ ਉਸ ਤੱਕ ਕਿੰਨਾ ਵੀ ਗੈਰਜਰੂਰੀ ਕੰਮ ਹੁੰਦਾ, ਉਹ ਝੱਟ ਉਠ ਕੇ ਤੁਰ ਪੈਂਦਾ। ਉਹ ਕਿਸੇ ਨੂੰ ਪੁੱਛਦਾ ਨਹੀਂ ਸੀ ਕਿ ਕੀ ਕੰਮ ਹੈ ਤੇ ਕਿੱਥੇ ਜਾਣਾ ਹੈ? ਇਨ੍ਹਾਂ ਸਵਾਲਾਂ ਨੂੰ ਉਹ ਦੋਸਤੀ ਦੀ ਤੌਹੀਨ ਸਮਝਦਾ।
ਕਾਲਜਾਂ ਵਾਲੇ ਪੋਲੀਟੀਕਲ ਸਾਇੰਸ ਦੀ ਐਮ. ਏ. ਚਾਲੂ ਕਰ ਲੈਂਦੇ ਤੇ ਢੱਲ ਦੇ ਹਾੜ੍ਹੇ ਕੱਢਦੇ ਕਿ ਸਾਡੀ ਐਮ. ਏ. ਚਲਾ ਦਿਉ। ਪਰ ਢੱਲ ਕੋਲ ਸਿਰਫ ਇਸੇ ਗੱਲ ਲਈ ਨਾਂਹ ਹੁੰਦੀ ਸੀ। ਕੋਈ ਉਸ ਨੂੰ, ਕਿਸੇ ਵੱਡੇ ਬੰਦੇ ਦੇ ਦਬਾਅ ਹੇਠ ਲੈ ਵੀ ਗਿਆ, ਪਰ ਪੰਦਰੀਂ ਦਿਨੀਂ ਢੱਲ ਵਾਪਸ ਪਰਤ ਆਇਆ।
ਉਹ ਕਿਸੇ ਐਵੇਂ ਜਿਹੇ ਦੋਸਤ ਦੇ ਐਵੇਂ ਜਿਹੇ ਕੰਮ ਲਈ ਮੋਟਰ ਸਾਈਕਲ ‘ਤੇ ਦਿੱਲੀ ਚਲਿਆ ਗਿਆ। ਵਾਪਸੀ ‘ਤੇ ਐਕਸੀਡੈਂਟ ਹੋ ਗਿਆ। ਢੱਲ ਦਾ ਗੋਡਾ ਟੁੱਟ ਗਿਆ। ਪੀ. ਜੀ. ਆਈ. ‘ਚ ਆਪ੍ਰੇਸ਼ਨ ਹੋਇਆ। ਖਬਰ ਲੈਣ ਗਿਆ ਤਾਂ ਉਸ ਦੇ ਸਿਰਹਾਣੇ ਟਾਲਸਟਾਏ ਦਾ ਵੱਡਾ ਨਾਵਲ Ḕਵਾਰ ਐਂਡ ਪੀਸḔ ਪਿਆ ਦੇਖ ਕੇ ਮੈਂ ਹੈਰਾਨ ਹੋ ਗਿਆ। ਉਹ ਮੇਰਾ ਅਣਪੁੱਛਿਆ ਸਵਾਲ ਸਮਝ ਗਿਆ। ਕਹਿਣ ਲੱਗਾ, “ਇਹ ਨਾਵਲ ਪੜ੍ਹਨ ਲਈ ਪੇਸ਼ੈਂਸ ਚਾਹੀਦੀ ਹੈ ਤੇ ਇਤਨੀ ਪੇਸ਼ੈਂਸ ਇਕ ਪੇਸ਼ੈਂਟ ਵਿਚ ਹੀ ਹੁੰਦੀ ਹੈ।”
ਉਸ ਦਾ ਗੋਡਾ ਠੀਕ ਨਾ ਹੋਇਆ। ਪਾਰੋ ਦਾ ਦੀਵਾਨਾ, ਦਾਰੂ ਦਾ ਸ਼ੌਕੀਨ ਹੋ ਗਿਆ ਤੇ ਗੋਡੇ ਦੀ ਤਕਲੀਫ ਨੇ ਦਾਰੂ ਦੇ ਸ਼ੌਕ ਵਿਚ ਵਾਧਾ ਕਰ ਦਿੱਤਾ, ਜੋ ਵਧਦਾ ਹੀ ਗਿਆ। ਉਹ ਐਵੇਂ ਜਿਹਾ ਦੋਸਤ ਢੱਲ ਨੂੰ ਦੇਖ ਕੇ ਅਜਿਹੀ ਹਾਸੀ ਹੱਸ ਛੱਡਦਾ, ਜਿਹੋ ਜਿਹੀ ਸਿਰਫ ਉਹੀ ਹੱਸ ਸਕਦਾ ਸੀ। ਤਕਲੀਫ ਕਾਰਨ ਢੱਲ ਕੋਲੋਂ ਤੁਰਿਆ ਨਾ ਜਾਂਦਾ। ਤੋਰੇ ਫੇਰੇ ਵਾਲੇ ਆਪਣੇ ਕੰਮ ਦੇ ਨਾਲ ਦਾਰੂ ਦੀ ਬੋਤਲ ਲੈ ਕੇ ਉਸ ਕੋਲ ਆਉਂਦੇ। ਕੰਮ ਕੱਢਦੇ ਤੇ ਅਹੁ ਜਾਂਦੇ।
ਕਮਰੇ ‘ਚ ਬੈਠਾ ਢੱਲ ਲੰਮੇ ਲੰਮੇ ਨਾਵਲ ਪੜ੍ਹ ਛੱਡਦਾ ਅਤੇ ਉਨ੍ਹਾਂ ਵਿਚਲੇ ਕਿਸੇ ਪਾਤਰ ਨਾਲ ਸਾਂਝ ਪਾ ਲੈਂਦਾ ਤੇ ਅੰਦਰੋ ਅੰਦਰੀ ਕਈ ਤਰ੍ਹਾਂ ਦੇ ਲੁਤਫ ਲੈਂਦਾ। ਕਈ ਪਾਤਰਾਂ ਦੇ ਅਸਾਧ ਕਸ਼ਟ ਭੋਗਦਾ। ਦੇਖ ਕੇ ਕਦੇ ਨਾ ਲੱਗਦਾ ਕਿ ਉਸ ਨੂੰ ਕੋਈ ਤਕਲੀਫ ਹੈ। ਉਸ ਦੀ ਥੀਸਿਸ ਸੋਧਣ ਦੀ ਪ੍ਰਸਿੱਧੀ ਪੀ. ਜੀ. ਆਈ. ਦੀਆਂ ਰੂਹਾਂ ਦੇ ਦਿਲਾਂ ਤੱਕ ਪੁੱਜ ਚੁਕੀ ਸੀ। ਚੰਦਰਮੁਖੀ ਨਰਸਾਂ ਡਾ. ਢੱਲ ਕੋਲੋਂ ਆਪਣੇ ਥੀਸਿਸ ‘ਤੇ ਨਿਗਾਹ ਫਿਰਾਉਣ ਆਉਂਦੀਆਂ। ਨਿਹਾਰਦਾ ਹੋਇਆ ਢੱਲ ਆਪਣਾ ਸਪੈਲ ਚੈਕ ਤਿੱਖਾ ਕਰਕੇ ਕਿਸੇ ਦੇ ਢਿੱਲੇ ਫਿਕਰੇ ਕੱਸ ਦਿੰਦਾ, ਕਿਸੇ ਦੇ ਕੱਸੇ ਹੋਏ ਢਿੱਲੇ ਕਰ ਦਿੰਦਾ ਅਤੇ ਕਾਂਟ ਛਾਂਟ ਕਰਕੇ ਥੀਸਿਸ ਦੇ ਨੈਣ ਨਕਸ਼ ਸੰਵਾਰ ਦਿੰਦਾ। ਕਿਸੇ ਦੇ ਪੂਰੇ ਪੈਰਿਆਂ ‘ਤੇ ਹੀ ਹੱਥ ਫੇਰ ਦਿੰਦਾ। ਅਜਿਹੇ ਸਮੇਂ ਢੱਲ ਆਪਣੇ ਇਖਲਾਕ ਦੀ ਦੌਣ ਰੱਤੀ ਭਰ ਢਿੱਲੀ ਨਾ ਹੋਣ ਦਿੰਦਾ। ਸਾਧਣੀਆਂ ਨਹੀਂ, ਉਹ ਕੇਵਲ ਥੀਸਿਸ ਸਾਧਣ ਵਾਲਾ ਸਾਧ ਸੀ। ਉਸ ਨਾਲ ਕਦੀ ਕੋਈ ਗੱਲ ਚੱਲਦੀ ਤਾਂ ਉਹ ਆਪਣੇ ਭੋਲੇ ਜਿਹੇ ਮੂੰਹ ਨਾਲ ਬੜੇ ਠੋਸ ਅਤੇ ਸਿੱਕੇਬੰਦ ਫਿਕਰੇ ਬੋਲਦਾ ਤੇ ਅਗਲੇ ਨੂੰ ਸੋਚਣ ਲਾ ਦਿੰਦਾ। ਉਹ ਹਰ ਇਕ ਫੀਲਡ ਦੀਆਂ ਗੱਲਾਂ ਕਰਦਾ, ਪਰ ਉਸ ਦੇ ਫੀਲਡ ਦੀ ਗੱਲ ਕਿਸੇ ਨੂੰ ਨਹੀਂ ਸੀ ਆਉਂਦੀ।
ਡਾ. ਪੁਰੀ ਨੇ ਯੂਨੀਵਰਸਿਟੀ ‘ਚ ਕਿਤਿਉਂ ਜੀਓ ਪੋਲੀਟੀਕਲ ਸੈਂਟਰ ਲੈ ਆਂਦਾ ਤੇ ਉਸ ਵਿਚ ਡਾ. ਢੱਲ ਨੂੰ ਰਿਸਰਚ ਸਕਾਲਰ ਨਿਯੁਕਤ ਕਰ ਦਿੱਤਾ। ਜੀਓ ਪੋਲੀਟੀਕਲ ਸੈਂਟਰ ਡਾ. ਪੁਰੀ ਦੇ ਨਾਂ ਨਾਲੋਂ ਵੱਧ ਡਾ. ਢੱਲ ਦੇ ਨਾਂ ਨਾਲ ਮਸ਼ਹੂਰ ਹੋ ਗਿਆ। ਮੇਜ ‘ਤੇ ਵਿਛੇ ਮਿਲਟਰੀ ਰੰਗੇ ਮੇਜ ਪੋਸ਼ ‘ਤੇ ਰੱਖਿਆ ਸ਼ੀਸ਼ਾ ਖੂਬ ਜਚਦਾ; ਜਿਸ ‘ਤੇ ਪਈਆਂ ਪੁਸਤਕਾਂ ਢੱਲ ਦੇ ਬੌਧਿਕ ਟੇਸਟ ਦੀ ਦੱਸ ਪਾਉਂਦੀਆਂ। ਅੱਠ ਅੱਠ ਘੰਟੇ ਬੈਠਾ ਢੱਲ ਲਗਾਤਾਰ ਪੜ੍ਹਦਾ ਰਹਿੰਦਾ। ਕੋਈ ਦੋਸਤ ਆਉਂਦਾ, ਬੈਠਦਾ ਤੇ ਪੁੱਛਦਾ, “ਚੱਲੀਏ?” ਢੱਲ ਦਾ ਸੰਖੇਪ ਜਿਹਾ ਜਵਾਬ ਹੁੰਦਾ, “ਚਲੋ” ਤੇ ਉਹ ਕਿਸੇ ਪਾਸੇ ਵੀ ਤੁਰ ਜਾਂਦੇ।
ਯੂਨੀਵਰਸਿਟੀ ਦੇ ਸਕਾਲਰਾਂ ਦੀ ਸ਼ਨਾਖਤ ਇਸ ਗੱਲੋਂ ਵੀ ਹੁੰਦੀ ਹੈ ਕਿ ਉਨ੍ਹਾਂ ਦੇ ਹੋਸਟਲ ਨੂੰ ਕਦੀ ਲਾਕ ਜ਼ਰੂਰ ਲੱਗਦਾ ਹੈ। ਕੋਈ ਬਿੱਲ ਸਮੇਂ ਸਿਰ ਨਾ ਦਿੱਤਾ ਗਿਆ ਤੇ ਢੱਲ ਦਾ ਕਮਰਾ ਲਾਕ ਹੋ ਗਿਆ ਤੇ ਦਰਵਾਜੇ ਵਿਚ ਵੱਡੇ ਵੱਡੇ ਕਿੱਲ ਠੋਕ ਦਿੱਤੇ ਗਏ। ਡਾ. ਢੱਲ ਨਾਲ ਦੇ ਕਮਰੇ ‘ਚੋਂ ਹੋ ਕੇ ਬਾਲਕਾਨੀ ਰਾਹੀਂ ਪਿਛਲੇ ਪਾਸਿਉਂ ਕਮਰੇ ‘ਚ ਵੜ ਕੇ ਸੌਂ ਜਾਇਆ ਕਰੇ। ਵਾਰਡਨ ਨੂੰ ਪਤਾ ਲੱਗ ਗਿਆ ਤੇ ਉਸ ਨੇ ਪਿਛਲੇ ਪਾਸਿਉਂ ਵੀ ਉਸ ਦਾ ਕਮਰਾ ਲਾਕ ਕਰਵਾ ਦਿੱਤਾ ਤੇ ਕਿੱਲ ਠੁਕਵਾ ਦਿੱਤੇ।
ਬੇਘਰ ਢੱਲ ਦਿਨੇ ਲਾਇਬਰੇਰੀ ਬੈਠਦਾ ਜਾਂ ਦੋਸਤਾਂ ਨਾਲ ਸਟੂਡੈਂਟਸ ਸੈਂਟਰ ਬੈਠਾ ਚਾਹ ਪੀਂਦਾ ਤੇ ਦਿਲ ਲਾਈ ਰੱਖਦਾ। ਦੋਸਤ ਚਲੇ ਜਾਂਦੇ ਤਾਂ ਦੂਰ ਦਿਸਦੇ ਪਹਾੜਾਂ ਵਿਚ ਨਜ਼ਰ ਆਉਂਦੇ, ਜੈਂਤੀ ਦੇਵੀ ਦੇ ਮੰਦਿਰ ਦੇ ਕਲਸ ਦੇਖਦਾ ਰਹਿੰਦਾ ਤੇ ਖਿਆਲਾਂ ਖਿਆਲਾਂ ‘ਚ ਪਤਾ ਨਹੀਂ ਕਿਥੇ ਕਿਥੇ ਵਿਚਰਦਾ।
ਇਕ ਰਾਤ ਮੇਰਾ ਦਰਵਾਜਾ ਖੜਕਿਆ। ਦੇਖਿਆ ਤਾਂ ਡਾ. ਢੱਲ ਸੀ। ਕੁਝ ਪੁੱਛਣ ਦੱਸਣ ਦੀ ਲੋੜ ਨਾ ਪਈ। ਮੈਂ ਫਰਸ਼ ‘ਤੇ ਬਿਸਤਰਾ ਵਿਛਾਇਆ ਤੇ ਉਸ ਨੂੰ ਮੰਜੇ ‘ਤੇ ਸੌਣ ਲਈ ਇਸ਼ਾਰਾ ਕੀਤਾ। ਉਸ ਨੇ ਭੁੰਜੇ ਸੌਣ ਦੀ ਜਿੱਦ ਕੀਤੀ। ਮੈਂ ਹਾਰ ਗਿਆ। ਮੰਜਾ ਚੁੱਕਿਆ ਤੇ ਬਾਹਰ ਬਾਲਕਾਨੀ ‘ਚ ਖੜ੍ਹਾ ਕਰ ਦਿੱਤਾ ਤੇ ਅਸੀਂ ਦੋਵੇਂ ਭੁੰਜੇ ਸੌਂ ਗਏ। ਸਵੇਰੇ ਉਠੇ ਤਾਂ ਢੱਲ ਧੋਬੀ ਕੋਲ ਗਿਆ, ਧੋਤੀ ਹੋਈ ਪੈਂਟ ਕਮੀਜ਼, ਬੁਨੈਣ, ਅੰਡਰਵੀਅਰ, ਜੁਰਾਬਾਂ ਤੇ ਰੁਮਾਲ ਲੈ ਆਇਆ। ਇਸ਼ਨਾਨ ਕੀਤਾ ਤੇ ਨਵੇਂ ਕੱਪੜੇ ਪਾਏ। ਲਾਹੇ ਹੋਏ ਪੁਰਾਣੇ ਕੱਪੜੇ ਪੈਂਟ, ਕਮੀਜ਼, ਬੁਨੈਣ, ਜੁਰਾਬਾਂ, ਅੰਡਰਵੀਅਰ ਤੇ ਰੁਮਾਲ ਧੋਬੀ ਨੂੰ ਦੇ ਆਇਆ। ਗੁੱਟ ‘ਤੇ ਘੜੀ ਲਾਈ, ਪਰਸ ਜੇਬ ‘ਚ ਪਾਇਆ ਤੇ ਕਹਿਣ ਲੱਗਾ, “ਚੱਲੀਏ?” ਮੇਰੀ ਹਿੰਮਤ ਨਾ ਪਈ ਕਿ ਪੁੱਛਾਂ “ਕਿੱਥੇ?” ਕਈ ਦਿਨ ਇਹ ਸਿਲਸਿਲਾ ਜਾਰੀ ਰਿਹਾ।
ਉਹ ਰਾਤ ਨੂੰ ਦਾਰੂ ਪੀ ਕੇ ਆਉਂਦਾ; ਨਾ ਆਪ ਸੌਂਦਾ, ਨਾ ਮੈਨੂੰ ਸੌਣ ਦਿੰਦਾ। ਕਮਰੇ ‘ਚ ਪਈ ਪ੍ਰੋ. ਮੋਹਣ ਸਿੰਘ ਦੀ ਕਿਤਾਬ ਚੁੱਕਦਾ ਤੇ ਮੈਨੂੰ ਸੁਣਾਉਣ ਲੱਗ ਜਾਂਦਾ। Ḕਨਿੱਕਾ ਨਿੱਕਾ ਦਿਲ ਕਰਨਾ, ਮਿੰਗੀ ਘਿੱਨ ਜੁਲੋ ਢੋਲੇ ਕੋਲḔ ਕਵਿਤਾ ਪੜ੍ਹ ਕੇ ਖਿੜ ਜਾਂਦਾ ਤੇ ਖੂਬ ਹੱਸਦਾ। ਮੈਂ ਉਸ ਨੂੰ ਮੀਸ਼ੇ ਦੀ ਕਵਿਤਾ Ḕਨੰਦੂ ਛੜਾḔ ਪੜ੍ਹ ਕੇ ਸੁਣਾਉਂਦਾ ਤੇ ਉਸ ਦੀਆਂ ਅੱਖਾਂ ਭਰ ਆਉਂਦੀਆਂ; ਫਿਰ ਉਹ ਗਾਉਣ ਲੱਗ ਜਾਂਦਾ: “ਕਰੋਗੇ ਯਾਦ ਤੋ ਹਰ ਬਾਤ ਯਾਦ ਆਏਗੀ, ਗੁਜਰਤੇ ਵਕਤ ਕੀ ਹਰ ਮੌਜ ਠਹਿਰ ਜਾਏਗੀ।” ਉਸ ਸਮੇਂ ਉਹ ਭੂਪਿੰਦਰ ਸਿੰਘ ਦਾ ਰੂਪ ਧਾਰ ਲੈਂਦਾ ਤੇ ਕਿਸੇ ਮਤਾਲੀ ਸਿੰਘ ਦੀ ਯਾਦ ਵਿਚ ਗਹਿਰਾ ਡੁੱਬ ਜਾਂਦਾ।
ਉਹ ਦੱਸਦਾ ਕਿ ਉਸ ਨੇ ਕਿਸੇ ਸਮੇਂ ਹਾਈ ਕੋਰਟ ‘ਚ ਨੌਕਰੀ ਕੀਤੀ ਸੀ, ਜਿੱਥੇ ਉਸ ‘ਤੇ ਮਤਾਲੀ ਨਹੀਂ, ਕੋਈ ਮਤਵਾਲੀ ਮਸਤ ਹੋ ਗਈ ਸੀ। ਢੱਲ ਨੇ ਆਪਣੇ ਮਾਂ ਬਾਪ ਕੋਲ ਗੱਲ ਕੀਤੀ ਤਾਂ ਸਾਫ, ਸਖਤ ਅਤੇ ਕੁਰਖਤ ਇਨਕਾਰ ਸੁਣ ਕੇ ਵਾਪਸ ਆ ਗਿਆ ਤੇ ਮੁੜ ਕੇ ਕਦੀ ਵੀ ਹਾਈ ਕੋਰਟ ਨਾ ਗਿਆ। ਉਸ ਦੀ ਮਾਨਸਿਕਤਾ ਨੇ ਅਧੂਰੀ ਮੁਹੱਬਤ ਦਾ ਬੋਝ ਸਿਰ ‘ਤੇ ਚੁੱਕਿਆ ਹੋਇਆ ਸੀ, ਜਿਸ ਨੂੰ ਉਸ ਨੇ ਕਦੇ ਵੀ ਸਿਰੋਂ ਨਾ ਉਤਾਰਿਆ।
ਦਾਰੂ ਨਾਲ ਗਮ ਗਲਤ ਕਰਨ ਦੀ ਕੋਸ਼ਿਸ਼ ਕਰਦਾ, ਪਰ ਗਮ, ਗਲਤ ਹੋਣ ਦੀ ਥਾਂ, ਫਲਤ ਹੋ ਜਾਂਦਾ। ਉਸ ਨੂੰ ਦੇਖ ਕੇ ਦੇਵਦਾਸ ਯਾਦ ਆਉਂਦਾ, “ਕੌਨ ਕੰਬਖਤ ਹੈ ਜੋ ਬਰਦਾਸ਼ਤ ਕਰਨੇ ਕੇ ਲੀਏ ਪੀਤਾ ਹੈ! ਮੈਂ ਤੋ ਪੀਤਾ ਹੂੰ ਕਿ ਸਾਂਸ ਲੇ ਸਕੂੰ।”
ਕਦੀ ਕਦੀ ਗਈ ਰਾਤ ਨੂੰ ਦੇਖਣਾ ਤਾਂ ਉਹ ਜਾਗਦਾ ਹੁੰਦਾ। “ਢੱਲ ਸਾਹਿਬ, ਨੀਂਦ ਨਹੀਂ ਆਉਂਦੀ?” ਜਵਾਬ ਮਿਲਦਾ, “ਨੀਂਦ ਰੋਜ ਰੋਜ ਥੋੜ੍ਹੀ ਆਤੀ ਹੈ।” ਦੇਵਦਾਸ ਦਾ ਸਾਕਾਰ ਰੂਪ ਡਾ. ਢੱਲ ਕਦੀ ਕਦੀ ਗਾਲਿਬ ਜਾਪਦਾ, “ਗਮਿ ਹਸਤੀ ਕਾ ਕਿਸ ਸੇ ਹੋ ਜੁਜ਼ ਮਰਗ ਇਲਾਜ, ਸ਼ੱਮਾ ਹਰ ਰੰਗ ਮੇਂ ਜਲਤੀ ਹੈ ਸਹਿਰ ਹੋਨੇ ਤੱਕ।”
ਇਕ ਸ਼ਾਮ ਨੂੰ ਪੰਦਰਾਂ ਦੀ ਮਾਰਕੀਟ ‘ਚ ਟੱਕਰ ਗਿਆ। ਇਕੱਠੇ ਹੋਸਟਲ ਆਏ। ਕਮਰੇ ਦੇ ਦਰਵਾਜੇ ਵਿਚ ਮੋਟੀਆਂ ਮੋਟੀਆਂ ਕਿੱਲਾਂ ਠੁਕੀਆਂ ਹੋਈਆਂ ਸਨ ਤੇ ਲਾਕ ਉਤੇ ਲਾਕ ਲੱਗਾ ਹੋਇਆ ਸੀ। ਬਿੱਲਾਂ ਦਾ ਡਿਫਾਲਟਰ ਤਾਂ ਮੈਂ ਸੀ ਹੀ, ਉਪਰੋਂ ਕਿਸੇ ਨੇ ਸ਼ਿਕਾਇਤ ਕਰ ਦਿੱਤੀ ਕਿ ਕਮਰੇ ‘ਚ ਦੋ ਜਣੇ ਰਹਿੰਦੇ ਹਨ। ਕਿਸੇ ḔਮਿਹਰਬਾਨḔ ਸਦਕਾ ਢੱਲ ਨਾਲ ਰਾਤਾਂ ਬਤੀਤ ਕਰਨ ਦਾ ਲੁਤਫ ਜਾਂਦਾ ਰਿਹਾ।
ਇਕ ਲੰਬਾ ਅਰਸਾ ਢੱਲ ਦਾ ਕੋਈ ਅਤਾ ਪਤਾ ਨਾ ਰਿਹਾ। ਫੇਸਬੁੱਕ ‘ਤੇ ਉਸ ਦੀ ਫਰੈਂਡ ਰਿਕੁਐਸਟ ਆਈ। ਓ.ਕੇ. ਹੋਈ ਤੇ ਸਿਲਸਿਲਾ ਸ਼ੁਰੂ ਹੋਇਆ। ਜੋ ਵੀ ਲਿਖਣਾ, ਪਹਿਲਾ ਕੁਮੈਂਟ ਢੱਲ ਦਾ ਹੋਣਾ। ਉਸ ਨੇ ਸੰਖੇਪ ਜਿਹੇ ਕੁਮੈਂਟ ਨਾਲ ਕਈਆਂ ਦੀ ਬੋਲਤੀ ਬੰਦ ਕਰ ਦੇਣੀ। ਫੋਨ ਨੰਬਰ ਲਿਆ ਤਾਂ ਗੱਲ ਹੋਈ, ਹਾਲ ਮਾਲੂਮ ਹੋਇਆ। ਉਹ ਰਾਜਸਥਾਨ ਆਪਣੇ ਭਰਾਵਾਂ ਕੋਲ ਕੋਟੇ ਗਿਆ ਹੋਇਆ ਸੀ। ਉਸ ਦੀ ਸਿਹਤ ਠੀਕ ਨਹੀਂ ਸੀ। ਸ਼ਾਇਦ ਉਹ ਬੈੱਡ ‘ਤੇ ਹੀ ਰਹਿੰਦਾ ਸੀ। ਅਚਾਨਕ ਉਸ ਦੇ ਕੁਮੈਂਟ ਆਉਣੇ ਬੰਦ ਹੋ ਗਏ। ਕੰਬਖਤ ਮਨ ਵਿਚ ਕੋਈ ਬੁਰਾ ਖਿਆਲ ਵੀ ਨਾ ਆਇਆ। ਅਚਾਨਕ ਪਤਾ ਲੱਗਾ ਕਿ ਢੱਲ ਤੁਰ ਗਿਆ ਹੈ। ਦੇਵਦਾਸ ਪਾਰੋ ਦੇ ਪਿੰਡ ਪੂਰਾ ਹੋਇਆ ਸੀ। ਪਰ ਡਾ. ਢੱਲ ਦੇ ਸਾਹਾਂ ਦਾ ਕੋਟਾ ਉਸ ਦੀ ਪਾਰੋ ਤੋਂ ਦੂਰ ਕੋਟੇ ਜਾ ਕੇ ਪੂਰਾ ਹੋਇਆ।
ਆਉ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਲਾਡਲੇ ਅਤੇ ਸ਼ਿੰਦੇ ਰਿਸਰਚ ਸਕਾਲਰ ਦੀ ਯਾਦ ਵਿਚ ਰਤਾ ਅੱਖਾਂ ਭਰ ਕੇ ਰੋ ਲਈਏ, “ਰੋਨੇ ਵਾਲੋਂ ਸੇ ਕਹੋ ਕਿ ਉਨ ਕਾ ਭੀ ਰੋਨਾ ਰੋ ਲੇਂ, ਜਿਨ ਕੋ ਮਜਬੂਰੀਏ ਹਾਲਾਤ ਨੇ ਰੋਨੇ ਨਾ ਦੀਆ।”
ਵਾਹ ਡਾ. ਢੱਲ! ਤੇਰੇ ਦੁੱਖ ਦਾ ਨਾ ਕਿਸੇ ਕੋਲ ਸੀ ਕੋਈ ਹੱਲ।