ਪੰਜਾਬ ਟਾਈਮਜ਼ ਹੈ ਸੰਵਾਦ ਦਾ ਮੁੱਦਈ: ਵਰਿਆਮ ਸਿੰਘ ਸੰਧੂ

ਸ਼ਿਕਾਗੋ (ਕੁਲਜੀਤ ਸਿੰਘ, ਸੁਰਿੰਦਰ ਸਿੰਘ ਭਾਟੀਆ): “ਅੱਜ ਅਸੀਂ ਉਸ ਪਰੰਪਰਾ ਨੂੰ ਭੁੱਲ ਗਏ ਆਂ ਉਸ ਬਾਬੇ ਦੀ ਨੂੰ, ਜਿਨ੍ਹੇ ਕਿਹਾ ਸੀ, ‘ਕਿਛ ਸੁਣੀਐ ਕਿਛੁ ਕਹੀਐ ਨਾਨਕ॥’ ਸੰਵਾਦ ਦੀ ਪਰੰਪਰਾ, ਡਾਇਲਾਗ ਦੀ ਪਰੰਪਰਾ ਜਿਹੜੀ ਸੀ, ਅਸੀਂ ਉਸ ਪਰੰਪਰਾ ਨੂੰ ਭੁੱਲਦੇ ਜਾਂ ਰਹੇ ਹਾਂ। ਪੰਜਾਬ ਟਾਈਮਜ਼ ਉਸ ਸੰਵਾਦ ਦੀ ਪਰੰਪਰਾ ਨੂੰ ਸਾਡੇ ਸਾਹਮਣੇ ਰੱਖਦਾ ਪਿਆ ਐ। ਵਿਰੋਧੀ ਵਿਚਾਰ ਨੇ, ਇਕ ਦੂਜੇ ਦੇ ਵੱਖਰੇ ਵਿਚਾਰ ਨੇ, ਪਰ ਉਹ ਕਹਿੰਦਾ ਹੈ, ਆਓ, ਇਕ ਦੂਜੇ ਦੇ ਗਲ ਨਾ ਪਓ, ਇਕ ਦੂਜੇ ਦੀਆਂ ਪੱਗਾਂ ਨਾ ਲਾਹੋ, ਵਿਚਾਰਾਂ ਦੇ ਟਕਰਾਓ ਨੂੰ ਵਿਚਾਰਾਂ ਦੀ ਪੇਸ਼ਕਾਰੀ ਦੇ ਨਾਲ ਇਕ ਦੂਜੇ ਨੂੰ ਕੱਟਣ ਦੀ ਕੋਸ਼ਿਸ਼ ਕਰੀਏ ਤੇ ਆਪਣੇ ਆਪ ਨੂੰ ਸਥਾਪਤ ਕਰਨ ਦੀ ਕੋਸ਼ਿਸ਼ ਕਰੀਏ। ਇਹ ਪਲੇਟਫਾਰਮ ਸਾਨੂੰ ਪੰਜਾਬ ਟਾਈਮਜ਼ ਨੇ ਮੁਹੱਈਆ ਕੀਤਾ ਹੈ।”

ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬੀ ਦੇ ਸਿਰਮੌਰ ਕਹਾਣੀਕਾਰ ਵਰਿਆਮ ਸਿੰਘ ਸੰਧੂ ਨੇ ਪੰਜਾਬ ਟਾਈਮਜ਼ ਦੀ 18ਵੀਂ ਵਰ੍ਹੇਗੰਢ ਮੌਕੇ ਇਥੋਂ ਦੀ ਸਬਰਬ ਅਰਲਿੰਗਟਨ ਹਾਈਟਸ ਦੇ ਅਟਲਾਂਟਿਸ ਬੈਂਕੁਇਟ ਹਾਲ ਵਿਚ ਹੋਏ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ।
ਆਪਣੀ ਗੱਲ ਜਾਰੀ ਰੱਖਦਿਆਂ ਉਨ੍ਹਾਂ ਕਿਹਾ, “ਮੈਂ ਇਹ ਗੱਲ ਬੜੀ ਜਿੰਮੇਵਾਰੀ ਨਾਲ ਕਹਿ ਰਿਹਾਂ ਕਿ ਗਦਰੀ ਬਾਬਿਆਂ ਨੇ ‘ਗਦਰ’ ਅਖਬਾਰ ਸ਼ੁਰੂ ਕਰ ਕੇ ਜਿਹੜੀ ਵੱਡੀ ਜੰਗ ਦਾ ਅਰੰਭ ਕੀਤਾ ਸੀ, ਪੰਜਾਬ ਟਾਈਮਜ਼ ਉਸੇ ਜੰਗ ਨੂੰ ਲੜਨ ਵਾਲਾ ਉਹਦਾ ਸੱਚਾ ਸੁੱਚਾ ਵਾਰਸ ਹੈ ਅਤੇ ਇਹ ਪੰਜਾਬੀ ਦਾ ‘ਗਦਰ’ ਤੋਂ ਬਾਅਦ ਉਹ ਅਖਬਾਰ ਹੈ ਜਿਹੜਾ ਪੂਰੇ ਮਾਣ ਦੇ ਨਾਲ ਸਿਰ ਚੁੱਕ ਕੇ ਇਹ ਕਹਿ ਸਕਦਾ ਹੈ, ‘ਅਸੀਂ ਗਦਰੀ ਬਾਬਿਆਂ ਦੇ ਸੁਨੇਹੇ ਦੇ ਸੱਚੇ ਸੁੱਚੇ ਵਾਰਸ ਹੈਗੇ ਆਂ।’ ਗਦਰੀ ਬਾਬਿਆਂ ਨੇ ਹਿੰਦੂ, ਮੁਸਲਮਾਨਾਂ ਤੇ ਸਿੱਖਾਂ ਨੂੰ ਇਕ ਮੰਚ ‘ਤੇ ਲਿਆ ਕੇ ਆਜ਼ਾਦੀ ਦੀ ਲੜਾਈ ਲੜੀ। ਪੰਜਾਬ ਟਾਈਮਜ਼ ਉਸੇ ਸਿਧਾਂਤ ਨੂੰ ਲੈ ਕੇ ਅੱਗੇ ਵਧ ਰਿਹਾ ਹੈ।
ਅੱਜ ਜਦੋਂ ਅਸੀਂ ਹਿੰਦੂ ਬਣਦੇ ਜਾ ਰਹੇ ਹਾਂ, ਅਸੀਂ ਸਿੱਖ ਬਣਦੇ ਜਾ ਰਹੇ ਹਾਂ, ਅਸੀਂ ਮੁਸਲਮਾਨ ਬਣਦੇ ਜਾ ਰਹੇ ਹਾਂ, ਪੰਜਾਬ ਟਾਈਮਜ਼ ਹੋਕਾ ਦੇ ਰਿਹਾ ਹੈ ਉਹ ਗਦਰੀ ਬਾਬਿਆਂ ਦਾ:
ਹੁੰਦਾ ਸੀ ਇਥੇ ਸ਼ਖਸ ਇਕ ਸੱਚਾ ਕਿਧਰ ਗਿਆ
ਇਸ ਪੱਥਰਾਂ ਦੇ ਸ਼ਹਿਰ ‘ਚੋਂ ਸ਼ੀਸਾ ਕਿੱਧਰ ਗਿਆ।
ਹਿੰਦੂਆਂ, ਸਿੱਖਾਂ ਤੇ ਮੁਸਲਮਾਨਾਂ ਦੀ ਭੀੜ ਵਿਚ
ਰੱਬ ਢੂੰਡਦਾ ਫਿਰੇ ਮੇਰਾ ਬੰਦਾ ਕਿੱਧਰ ਗਿਆ।
ਅਮੋਲਕ ਸਿੰਘ ਉਹ ਚਿਰਾਗ ਹੈ, ਪੰਜਾਬ ਟਾਈਮਜ਼ ਉਹ ਚਿਰਾਗ ਹੈ ਜੋ ਗਦਰੀ ਦੀ ਲੜਾਈ ਤੋਂ ਬਾਅਦ, ਇਕ ਛੋਟਾ ਦੀਵਾ ਹੈ ਭਾਵੇਂ ਪਰ ਜਿਥੋਂ ਜਿਥੋਂ ਤੱਕ ਬਲ ਕੇ ਇਹਦੀ ਕੋਸ਼ਿਸ਼ ਹੈ, ਜਿੰਨੀ ਤਾਕਤ ਹੈ ਇਹਦੇ ਵਿਚ, ਇਹ ਅਗਿਆਨ ਦੇ ਹਨੇਰੇ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦਾ ਪਿਆ ਹੈ।
ਅਮੋਲਕ ਬੋਲ ਨਹੀਂ ਸਕਦਾ ਪਰ ਅਖਬਾਰ ਰਾਹੀਂ ਪੂਰੇ ਉਤਰੀ ਅਮਰੀਕਾ ਵਿਚ ਇਹਦੀ ਆਵਾਜ਼ ਸ਼ੇਰ ਦੀ ਗਰਜ ਵਾਂਗ ਗੂੰਜਦੀ ਪਈ ਐ।”
ਉਨ੍ਹਾਂ ਕਿਹਾ ਕਿ ਅੱਜ ਸਾਰਾ ਮੀਡੀਆ ਵਿਕਿਆ ਪਿਆ ਹੈ, ਉਨ੍ਹਾਂ ਦੀ ਆਪਣੀ ਆਵਾਜ਼ ਕੋਈ ਨਹੀਂ, ਉਹ ਧੂਤੂ ਨੇ, ਉਹ ਉਹ ਬੋਲਦੇ ਨੇ ਜਿਹੜੇ ਉਨ੍ਹਾਂ ਦੇ ਪਿਛੇ ਉਨ੍ਹਾਂ ਦੇ ਆਕਾ, ਪੈਸੇ ਦੇਣ ਵਾਲੇ ਕਹਿੰਦੇ ਨੇ। ਬੋਲਣ ਵਾਲਾ ਕੋਈ ਕੋਈ ਬਚਿਆ ਹੈ। ਪੰਜਾਬ ਟਾਈਮਜ਼ ਦੀ ਕੋਈ ਟੇਕ ਨਹੀਂ ਵੱਡੇ ਬੰਦਿਆਂ ‘ਤੇ, ਉਹਦੀ ਟੇਕ ਤਾਂ ਹੈ, ਆਪਣੇ ਭਾਈਚਾਰੇ ‘ਤੇ।
ਅਮੋਲਕ ਸਿੰਘ ਤੇ ਪੰਜਾਬ ਟਾਈਮਜ਼ ਮੈਨੂੰ ਆਪਣੀ ਗੱਲ ਕੁਝ ਇੰਜ ਕਹਿੰਦੇ ਲਗਦੇ ਨੇ,
ਹਮ ਫਕੀਰੋਂ ਸੇ ਜੋ ਚਾਹੇ ਦੁਆ ਲੇ ਜਾਏ,
ਫਿਰ ਖੁਦਾ ਜਾਨੇ ਹਮ ਕੋ ਕਹਾਂ ਹਵਾ ਲੇ ਜਾਏ,
ਹਮ ਤੋ ਸੱਰੇ ਰਾਹ ਲੀਏ ਬੈਠੇ ਹੈਂ ਚਿੰਗਾਰੀ,
ਜਿਸ ਕਾ ਜੀਅ ਚਾਹੇ ਚਿਰਾਗੋਂ ਕੋ ਜਲਾ ਲੇ ਜਾਏ।
ਉਨ੍ਹਾਂ ਕਿਹਾ ਕਿ ਅੱਜ ‘ਪੰਜਾਬ ਟਾਈਮਜ਼’ ਪੰਜਾਬੀ ਜ਼ੁਬਾਨ ਦੀ ਅਮੀਰੀ, ਨਫਾਸਤ, ਸਭਿਆਚਾਰ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਜੰਗ ਭਾਵੇਂ ਗਦਰੀਆਂ ਦੀ ਜੰਗ ਤੋਂ ਬਹੁਤ ਛੋਟੀ ਹੈ ਪਰ ‘ਪੰਜਾਬ ਟਾਈਮਜ਼’ ਉਹ ਚਿਰਾਗ ਹੈ ਜੋ ਆਪਣਾ ਆਪਾ ਬਾਲ ਕੇ ਆਪਣੇ ਵਿਤ ਮੁਤਾਬਕ ਹਨੇਰਾ ਕੱਟਣ ਦਾ ਯਤਨ ਕਰ ਰਿਹਾ ਹੈ। ਪੂਰੇ ਉਤਰੀ ਅਮਰੀਕਾ ਵਿਚ ਇਸ ਪਰਚੇ ਦੀ ਆਵਾਜ਼ ਗੂੰਜ ਰਹੀ ਹੈ। ਇਹ ਸਾਰਾ ਕੁਝ ਅਮੋਲਕ ਸਿੰਘ ਜੰਮੂ ਵਰਗੀ ਸ਼ਖਸੀਅਤ ਅਤੇ ਉਸ ਦੇ ਜਜ਼ਬੇ ਕਰ ਕੇ ਹੀ ਸੰਭਵ ਹੋ ਸਕਿਆ ਹੈ। ਸਭ ਤੋਂ ਵੱਡੀ ਗੱਲ ‘ਪੰਜਾਬ ਟਾਈਮਜ਼’ ਨੇ ਪੱਤਰਕਾਰੀ ਦੇ ਅਸੂਲਾਂ ਉਤੇ ਸਦਾ ਹੀ ਪਹਿਰਾ ਦਿੱਤਾ ਹੈ। ਅਮੋਲਕ ਸਿੰਘ ਪੂਰੀ ਤਰ੍ਹਾਂ ਸਿਹਤਯਾਬ ਨਾ ਹੋਣ ਦੇ ਬਾਵਜੂਦ ਮਿੱਤਰਾਂ-ਪਿਆਰਿਆਂ ਅਤੇ ਹਮ-ਖਿਆਲੀਆਂ ਦੇ ਸਾਥ ਨਾਲ ਪੱਤਰਕਾਰੀ ਦੇ ਰਣ-ਤੱਤੇ ਵਿਚ ਜੂਝ ਰਿਹਾ ਹੈ।
ਵਰਿਆਮ ਸੰਧੂ ਦੀ ਤਕਰੀਰ ਇੰਨੀ ਬਾਦਲੀਲ ਅਤੇ ਜਜ਼ਬਾਤੀ ਸੀ ਕਿ ਸਰੋਤੇ ਇਸ ਤਰ੍ਹਾਂ ਸੁੰਨ ਹੋਏ ਸੁਣ ਰਹੇ ਸਨ ਜਿਵੇਂ ਉਨ੍ਹਾਂ ਨੂੰ ਮੰਤਰ ਮੁਗਧ ਕਰ ਲਿਆ ਗਿਆ ਹੋਵੇ।
ਇਸ ਤੋਂ ਪਹਿਲਾਂ ਪੰਜਾਬ ਟਾਈਮਜ਼ ਦੇ ਸੰਪਾਦਕ ਸ਼ ਅਮੋਲਕ ਸਿੰਘ ਜੰਮੂ ਨੇ ਆਪਣੇ ਸੰਖੇਪ ਸੁਨੇਹੇ, ਜੋ ਉਨ੍ਹਾਂ ਦੀ ਤਰਫੋਂ ਗੁਰਮੁਖ ਸਿੰਘ ਭੁੱਲਰ ਨੇ ਪੜ੍ਹਿਆ, ਵਿਚ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਸਭ ਸਹਿਯੋਗੀਆਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਸੰਨ 2000 ਵਿਚ ਇਕ ਛੋਟੇ ਜਿਹੇ ਮੈਗਜ਼ੀਨ ਸਾਈਜ਼ ਤੋਂ ਸ਼ੁਰੂ ਹੋ ਕੇ ਅਜ ਜੇ ਇਹ ਪਰਚਾ ਤਿੰਨ ਐਡੀਸ਼ਨਾਂ ਵਿਚ ਛਪਦਾ ਹੈ ਤੇ ਸਭ ਤੋਂ ਵੱਧ ਪੜ੍ਹਿਆ ਜਾਂਦਾ ਹੈ ਤਾਂ ਇਹ ਸਭ ਤੁਹਾਡੇ ਸਹਿਯੋਗ ਅਤੇ ਹੱਲਾਸ਼ੇਰੀ ਸਦਕਾ ਹੀ ਹੈ।
ਪੱਤਰਕਾਰੀ ਨੂੰ ਇਕ ਔਖਾ ਪੇਸ਼ਾ ਕਰਾਰ ਦਿੰਦਿਆਂ ਸ਼ ਜੰਮੂ ਨੇ ਕਿਹਾ ਕਿ ਪਰਦੇਸਾਂ ਵਿਚ ਤਾਂ ਇਹ ਕੰਮ ਹੋਰ ਵੀ ਔਖਾ ਹੈ। ਇਸ ਦੀ ਮੁਖ ਵਜ੍ਹਾ ਸਾਡੇ ਭਾਈਚਾਰੇ ਵਿਚਲੀਆਂ ਧੜੇਬੰਦੀਆਂ ਹਨ, ਜਿਨ੍ਹਾਂ ਵਿਚਾਲੇ ਸੰਤੁਲਨ ਬਣਾ ਕੇ ਚਲਣਾ ਕੋਈ ਸੌਖਾ ਕੰਮ ਨਹੀਂ। ਅਜੋਕੇ ਹਾਲਾਤ ਇਹ ਹਨ ਕਿ ਨੀਵੇਂ ਪੱਧਰ ਦੀ ਮੁਕਾਬਲੇਬਾਜੀ ਕਰਕੇ ਕਿਸੇ ਵੀ ਮਿਆਰੀ ਅਖਬਾਰ ਲਈ ਖਰਚੇ ਪੂਰੇ ਕਰਨੇ ਔਖੇ ਹੁੰਦੇ ਜਾ ਰਹੇ ਹਨ।
ਜ਼ਜਬਾਤੀ ਹੁੰਦਿਆਂ ਉਨ੍ਹਾਂ ਕਿਹਾ ਕਿ ਸੱਚ ਜਾਣੋ ਤਾਂ ਇਸ ਅਖਬਾਰ ਨੂੰ ਚਲਾਉਣ ਪਿਛੇ ਮੇਰਾ ਇਕ ਬਹੁਤ ਵੱਡਾ ਸਵਾਰਥ ਵੀ ਹੈ। ਇਹ ਸਵਾਰਥ ਹੈ, ਅਖਬਾਰ ਵਿਚ ਆਪਣੇ-ਆਪ ਨੂੰ ਮਸ਼ਰੂਫ ਰਖ ਕੇ ਚੜ੍ਹਦੀ ਕਲਾ ਵਿਚ ਰਹਿਣਾ। ਜਿਸ ਤਰ੍ਹਾਂ ਦੇ ਲਾਇਲਾਜ ਰੋਗ ਨਾਲ ਮੈਨੂੰ ਜੂਝਣਾ ਪੈ ਰਿਹਾ ਹੈ, ਸਰੀਰਕ ਮੁਸ਼ਕਿਲਾਂ ਕਰਕੇ ਬੰਦੇ ਦਾ ਢੇਰੀ ਢਾਹ ਬਹਿਣਾ ਬਹੁਤ ਸੰਭਵ ਹੁੰਦਾ ਹੈ। ਜਦੋਂ ਮੈਂ ਅਖਬਾਰ ਦੇ ਕੰਮ ਵਿਚ ਰੁਝਾ ਹੁੰਦਾ ਹਾਂ ਤਾਂ ਮੈਨੂੰ ਆਪਣੀਆਂ ਸਰੀਰਕ ਮੁਸ਼ਕਿਲਾਂ ਉਕਾ ਹੀ ਭੁਲ ਜਾਂਦੀਆਂ ਹਨ। ਮੈਂ ਤੁਹਾਡਾ ਸਭ ਦਾ ਬਹੁਤ ਹੀ ਧੰਨਵਾਦੀ ਹਾਂ, ਜਿਨ੍ਹਾਂ ਕਰਕੇ ਇਹ ਅਖਬਾਰ ਚਲ ਰਿਹਾ ਹੈ ਤੇ ਮੈਂ ਚੜ੍ਹਦੀ ਕਲਾ ਵਿਚ ਹਾਂ।
ਪ੍ਰੋਗਰਾਮ ਦੇ ਸ਼ੁਰੂ ਵਿਚ ਠਾਕਰ ਸਿੰਘ ਬਸਾਤੀ ਨੇ ਪੰਜਾਬ ਟਾਈਮਜ਼ ਦੀ ਲੋਕਪ੍ਰਿਯਤਾ ਅਤੇ ਇਸ ਵਲੋਂ ਪੰਜਾਬੀ ਬੋਲੀ ਨੂੰ ਪ੍ਰਫੁਲਿਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ।
ਇਸ ਮੌਕੇ ਬੋਲਦਿਆਂ ਪ੍ਰਿੰ. ਸਰਵਣ ਸਿੰਘ ਨੇ ਪੰਜਾਬ ਟਾਈਮਜ਼ ਨੂੰ ਉਤਰੀ ਅਮਰੀਕਾ ਦਾ ਸਿਰਮੌਰ ਅਖਬਾਰ ਕਰਾਰ ਦਿੰਦਿਆਂ ਕਿਹਾ ਕਿ ਪੰਜਾਬ ਟਾਈਮਜ਼ ਹਰ ਵਰਗ ਦੇ ਪਾਠਕਾਂ ਨੂੰ ਖੁੱਲੀ ਚਰਚਾ, ਆਪਣੇ ਵਿਚਾਰ ਕਹਿਣ ਦਾ ਮੌਕਾ ਦਿੰਦਾ ਹੈ। ਗੰਭੀਰ ਮਸਲਿਆਂ ਬਾਰੇ ਲੇਖਕਾਂ ਦੀ ਸੋਚ ਨੂੰ ਪਾਠਕਾਂ ਤੱਕ ਪਹੁੰਚਾਉਣ ਲਈ ਆਪਣੇ ਕਾਲਮਾਂ ਵਿਚ ਸਹੀ ਥਾਂ ਦਿੰਦਾ ਹੈ। ਉਨ੍ਹਾਂ ਕਿਹਾ ਕਿ ਉਹ ਦੁਨੀਆਂ ‘ਚ ਕਿਤੇ ਵੀ ਹੋਣ, ਵੈਬਸਾਈਟ ‘ਤੇ ਇਹ ਅਖਬਾਰ ਜਰੂਰ ਪੜ੍ਹਦੇ ਹਨ। ਉਨ੍ਹਾਂ ਸਭ ਨੂੰ ਅਪੀਲ ਕੀਤੀ ਕਿ ਪੰਜਾਬ ਟਾਈਮਜ਼ ਦੇ ਜਗਦੇ ਦੀਵੇ ਵਿਚ ਇੰਨਾ ਤੇਲ ਪਾ ਦਿਓ ਕਿ ਇਹ ਹਮੇਸ਼ਾਂ ਜਗਦਾ ਰਹੇ।
ਕਲੀਵਲੈਂਡ, ਓਹਾਇਓ ਤੋਂ ਪਹੁੰਚੇ ਪੰਜਾਬ ਟਾਈਮਜ਼ ਦੇ ਕਾਲਮਨਵੀਸ ਡਾ. ਗੁਰਬਖਸ਼ ਸਿੰਘ ਭੰਡਾਲ ਨੇ ਕਿਹਾ ਕਿ ਪੰਜਾਬ ਟਾਈਮਜ਼ ਪੰਜਾਬੀ ਸਾਹਿਤ ਤੇ ਮਾਂ ਬੋਲੀ ਦੇ ਸਰੋਕਾਰਾਂ ਨਾਲ ਪ੍ਰਤੀਬੱਧ ਹੈ। ਅਮੋਲਕ ਸਿੰਘ ਦੀ ਸਾਧਨਾ, ਸਿਰੜ ਤੇ ਸਮਰਪਿਤਾ ਦੀ ਮਿਸਾਲ ਕਿਤੇ ਨਹੀਂ ਮਿਲਦੀ। ਪੰਜਾਬ ਟਾਈਮਜ਼ ਵਾਲਾ ਉਚਾ ਮਿਆਰ ਹੋਰ ਕਿਸੇ ਅਖਬਾਰ ਦੇ ਹਿੱਸੇ ਨਹੀਂ ਆਇਆ। ਉਨ੍ਹਾਂ ਪਰਵਾਸੀ ਪੰਜਾਬੀਆਂ ਦੇ ਦਰਦ ਨੂੰ ਬਿਆਨਦੀ ਇਕ ਨਜ਼ਮ ‘ਪੁੱਤ ਕਦੋਂ ਆਵੇਂਗਾ’ ਵੀ ਸੁਣਾਈ ਜੋ ਸਰੋਤਿਆਂ ਦੇ ਦਿਲਾਂ ਨੂੰ ਟੁੰਬ ਗਈ।
ਨਿਊ ਯਾਰਕ ਤੋਂ ਇੰਡੋ ਅਮੈਰੀਕਨ ਹੈਰੀਟੇਜ ਫਾਊਂਡੇਸ਼ਨ ਦੇ ਨੁਮਾਇੰਦੇ ਅਤੇ ਪੰਜਾਬ ਟਾਈਮਜ਼ ਦੇ ਵੱਡੇ ਮੱਦਾਹ ਮਨਮੋਹਨ ਸਿੰਘ ਪੂਨੀ ਨੇ ਪੰਜਾਬ ਟਾਈਮਜ਼ ਦੀ ਲੋਕਪ੍ਰਿਯਤਾ ਦੀ ਗੱਲ ਕਰਦਿਆਂ ਕਿਹਾ ਕਿ ਨਿਊ ਯਾਰਕ ਤੋਂ ਦਸ ਦੇ ਕਰੀਬ ਅਖਬਾਰ ਨਿਕਲਦੇ ਹਨ ਪਰ ਪਾਠਕ ਸਭ ਤੋਂ ਵੱਧ ਇਸ ਪਰਚੇ ਨੂੰ ਹੀ ਬੇਸਬਰੀ ਨਾਲ ਉਡੀਕਦੇ ਹਨ ਅਤੇ ਬੁਧਵਾਰ ਨੂੰ ਹੀ ਸਟੋਰਾਂ ਤੋਂ ਪੇਪਰ ਮੁਕ ਜਾਂਦਾ ਹੈ। ਗਦਰੀ ਬਾਬਿਆਂ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਅਮਰੀਕਾ ਵਿਚ ਅਜ ਜੋ ਆਜ਼ਾਦੀਆਂ ਅਸੀਂ ਮਾਣ ਰਹੇ ਹਾਂ, ਉਹ ਗਦਰੀ ਬਾਬਿਆਂ ਦੇ ਸੰਘਰਸ਼ ਸਦਕਾ ਹੈ। ਉਨ੍ਹਾਂ ਨੂੰ ਯਾਦ ਕਰਨਾ ਸਾਡਾ ਫਰਜ਼ ਹੈ।
ਪੰਜਾਬ ਟਾਈਮਜ਼ ਨਾਲ ਪਿਛਲੇ 18 ਸਾਲ ਤੋਂ ਜੁੜੇ ਹੋਏ ਅਤੇ ਨਾ ਸਿਰਫ ਇਸ਼ਤਿਹਾਰਾਂ ਦੇ ਜਰੀਏ ਸਗੋਂ ਹਰ ਤਰ੍ਹਾਂ ਨਾਲ ਮਦਦ ਕਰਦੇ ਆ ਰਹੇ ਕੈਲੀਫੋਰਨੀਆ ਤੋਂ ਸ਼ ਜਸਵਿੰਦਰ ਸਿੰਘ (ਜੱਸੀ) ਗਿੱਲ ਨੇ ਬੜੇ ਜੋਰ ਨਾਲ ਪੰਜਾਬ ਟਾਈਮਜ਼ ਦੇ ਸਹਿਯੋਗੀਆਂ ਨੂੰ ਇਸ ਦੇ ਮੋਢੇ ਬਣਨ ਦੀ ਅਪੀਲ ਕਰਦਿਆਂ ਬੜੇ ਭਾਵੁਕ ਹੁੰਦਿਆਂ ਕਿਹਾ ਕਿ ਜਦ ਤਕ ਸਾਡਾ ਚੁਲ੍ਹਾ ਬਲਦਾ ਹੈ, ਪੰਜਾਬ ਟਾਈਮਜ਼ ਦਾ ਦੀਵਾ ਬੁਝਣ ਨਹੀਂ ਦੇਵਾਂਗੇ।
ਓਹਾਇਓ ਤੋਂ ਆਏ ਪੰਜਾਬ ਟਾਈਮਜ਼ ਦੇ ਵੱਡੇ ਪ੍ਰਸ਼ੰਸਕ ਅਵਤਾਰ ਸਿੰਘ ਸਪਰਿੰਗਫੀਲਡ ਨੇ ਪੰਜਾਬ ਟਾਈਮਜ਼ ਦੇ ਮਿਆਰਾਂ ਦੀ ਤਾਰੀਫ ਕਰਦਿਆਂ ਹਮੇਸ਼ਾਂ ਇਸ ਦੇ ਨਾਲ ਖੜਨ ਦਾ ਵਾਅਦਾ ਕੀਤਾ। ਉਨ੍ਹਾਂ ਅੰਗਰੇਜ਼ੀ ਅਤੇ ਹਿੰਦੀ
ਦੇ ਗਲਬੇ ਕਾਰਨ ਪੰਜਾਬੀ ਦੀ ਹੋ ਰਹੀ ਬੇਕਦਰੀ ‘ਤੇ ਰੁਦਨ ਕਰਦਿਆਂ ਇਕ ਕਵਿਤਾ “ਪੰਜਾਬੀਏ ਨੀ ਤੈਨੂੰ ਹੁਣ ਨਾਗ ਵਲ ਪਾ ਲਿਆ, ਅੰਗਰੇਜ਼ੀ ਅਤੇ ਹਿੰਦੀ ਦੋਵਾਂ ਰਲ ਤੈਨੂੰ ਢਾਹ ਲਿਆ. . . ” ਵੀ ਪੇਸ਼ ਕੀਤੀ।
ਗੁਰਦੁਆਰਾ ਸੈਨ ਹੋਜੇ ਦੇ ਸਕੱਤਰ ਸ਼ ਪ੍ਰੀਤਮ ਸਿੰਘ ਗਰੇਵਾਲ, ਜਿਨ੍ਹਾਂ ਪੰਜਾਬ ਟਾਈਮਜ਼ ਦਾ ਕੈਲੀਫੋਰਨੀਆ ਐਡੀਸ਼ਨ ਸੁ. ਰੂ ਕਰਨ ਵਿਚ ਅਹਿਮ ਭੂਮਿਕਾ ਨਿਭਾਈ, ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਧੰਦੇ (ਰੋਜਗਾਰ) ਨਾਲ ਧਰਮ ਨਿਭਾਉਣਾ ਔਖਾ ਕੰਮ ਹੈ ਅਤੇ ਬਹੁਤੇ ਲੋਕ ਤਾਂ ਧਰਮ ਦਾ ਧੰਦਾ ਹੀ ਕਰਦੇ ਹਨ। ਉਨ੍ਹਾਂ ਭਗਤ ਰਵਿਦਾਸ, ਭਗਤ ਨਾਮਦੇਵ ਅਤੇ ਭਗਤ ਕਬੀਰ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਨ੍ਹਾਂ ਆਪਣੇ ਧੰਦੇ ਨਾਲ ਧਰਮ ਨਿਭਾਇਆ। ਉਨ੍ਹਾਂ ਜੋਰ ਦੇ ਕੇ ਕਿਹਾ ਕਿ ਸਾਨੂੰ ਮਾਣ ਹੈ ਕਿ ਪੰਜਾਬ ਟਾਈਮਜ਼ ਆਪਣੇ ਧੰਦੇ ਨਾਲ ਧਰਮ ਵੀ ਪਾਲ ਰਿਹਾ ਹੈ।
ਕੈਲੀਫੋਰਨੀਆ ਤੋਂ ਆਏ ਰੇਡੀਓ ਚੜ੍ਹਦੀ ਕਲਾ ਦੇ ਸੰਚਾਲਕ ਸ਼ ਗੁਰਚਰਨ ਸਿੰਘ ਮਾਨ ਨੇ ਪੰਜਾਬ ਟਾਈਮਜ਼ ਦੇ ਅਸੂਲਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜੇ ਅਖਬਾਰ ਦਾ ਮਨੋਰਥ ਸਿਰਫ ਪੈਸਾ ਕਮਾਉਣਾ ਹੋਵੇ ਤਾਂ ਅਸੂਲਾਂ ਨਾਲ ਸਮਝੌਤਾ ਕਰਕੇ ਬਥੇਰਾ ਪੈਸਾ ਕਮਾਇਆ ਜਾ ਸਕਦਾ ਹੈ ਪਰ ਅਮੋਲਕ ਸਿੰਘ ਦਾ ਬਾਬੇ ਨਾਨਕ ਨਾਲ, ਤੁਹਾਡੇ ਨਾਲ ਵਾਅਦਾ ਹੈ ਕਿ ਉਹ ਸਿਧਾਂਤਾਂ ਨਾਲ ਖਿਲਵਾੜ ਨਹੀਂ ਕਰੇਗਾ। ਪੰਜਾਬ ਟਾਈਮਜ਼ ਨਾਲ ਆਪਣੀ ਲੰਬੀ ਸਾਂਝ ਦੀ ਗੱਲ ਕਰਦਿਆਂ ਉਨ੍ਹਾਂ ਸਮਾਗਮ ਵਿਚ ਪਹੁੰਚੇ ਪੰਜਾਬ ਟਾਈਮਜ਼ ਦੇ ਹਮਾਇਤੀਆਂ ਨੂੰ ਅਪੀਲ ਕੀਤੀ ਕਿ ਇਸ ਅਖਬਾਰ ਨੂੰ ਚਲਦਾ ਰਖਣ ਲਈ ਵੱਧ ਤੋਂ ਵੱਧ ਵਿਤੀ ਮਦਦ ਦੇਣ।
ਹਿਊਸਟਨ ਤੋਂ ਪਹੁੰਚੇ ਡਾ. ਇਨਕਲਾਬੀ ਥਾਂਦੀ ਨੇ ਆਪਣੇ ਵਲਵਲੇ ਸਾਂਝੇ ਕਰਦਿਆਂ ਕਿਹਾ ਕਿ ਮੈਂ ਅਮੋਲਕ ਸਿੰਘ ਦੇ ਸਿਰੜ ਤੇ ਸਿਦਕ ਨੂੰ ਸਿਜਦਾ ਕਰਨ ਲਈ ਉਚੇਚਾ ਪਹੁੰਚੀ ਹਾਂ। ਪੰਜਾਬ ਟਾਈਮਜ਼ ਦੇ ਪੱਤਰਕਾਰੀ ਮਿਆਰ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਇੰਨਾ ਮਿਆਰੀ ਤੇ ਸੁਲਝਿਆ ਪੇਪਰ ਨਾ ਉਨ੍ਹਾਂ ਪੰਜਾਬ ਵਿਚ, ਨਾ ਅਮਰੀਕਾ ਵਿਚ ਅਤੇ ਨਾ ਹੀ ਕੈਨੇਡਾ ਵਿਚ ਦੇਖਿਆ ਹੈ। ਉਨ੍ਹਾਂ ਹੋਕਾ ਦਿੱਤਾ ਕਿ ਪੰਜਾਬੀ ਸਾਹਿਤ ਤੇ ਪੰਜਾਬੀ ਬੋਲੀ ਨੂੰ ਜਿਉਂਦਾ ਰਖਣ ਲਈ ਇਸ ਨੂੰ ਚਲਦਾ ਰੱਖਣਾ ਸਾਡਾ ਸਭ ਦਾ ਫਰਜ਼ ਹੈ।
ਕੈਨੇਡਾ, ਅਮਰੀਕਾ ਦੇ ਦੌਰੇ ‘ਤੇ ਆਏ ਹੋਏ ਪੰਜਾਬ ਕਾਂਗਰਸ ਦੇ ਐਨ. ਆਰ. ਆਈ. ਵਿੰਗ ਦੇ ਜਨਰਲ ਸਕੱਤਰ ਭਗਤ ਸਿੰਘ ਖਹਿਰਾ ਨੇ ਪੰਜਾਬ ਟਾਈਮਜ਼ ਦੀ 18ਵੀਂ ਵਰ੍ਹੇਗੰਢ ਦੀ ਵਧਾਈ ਦਿੰਦਿਆਂ ਪੰਜਾਬ ਸਰਕਾਰ ਵਲੋਂ ਪਰਵਾਸੀਆਂ ਦੇ ਮਸਲੇ ਹੱਲ ਕਰਨ ਲਈ ਪੁੱਟੇ ਗਏ ਕਦਮਾਂ ਬਾਰੇ ਦੱਸਦਿਆਂ ਕਿਹਾ ਕਿ ਉਹ ਪਰਵਾਸੀਆਂ ਦੀ ਸੇਵਾ ਲਈ ਪੰਜਾਬ ਟਾਈਮਜ਼ ਦਾ ਸਹਿਯੋਗ ਲੈਣਗੇ।
ਸਮਾਗਮ ਦੇ ਮੁੱਖ ਮਹਿਮਾਨ ਪ੍ਰੋ. ਜਗਿੰਦਰ ਸਿੰਘ ਰਮਦੇਵ ਸਨ। ਉਨ੍ਹਾਂ ਦੀ ਤਰਫੋਂ ਬੋਲਦਿਆਂ ਉਨ੍ਹਾਂ ਦੀ ਨੂੰਹ ਕ੍ਰਿਸ ਰਮਦੇਵ ਨੇ ਪ੍ਰੋ. ਰਮਦੇਵ ਦੀ ਪੰਜਾਬ ਟਾਈਮਜ਼ ਨਾਲ ਲੰਬੀ ਸਾਂਝ ਬਾਰੇ ਗੱਲ ਕੀਤੀ ਅਤੇ ਕਿਹਾ ਕਿ ਉਹ ਪੰਜਾਬ ਟਾਈਮਜ਼ ਦੇ ਅਰੰਭ ਤੋਂ ਹੀ ਇਸ ਨਾਲ ਜੁੜੇ ਹੋਏ ਹਨ। ਕ੍ਰਿਸ ਨੇ ਪੰਜਾਬੀ ਭਾਈਚਾਰੇ ਤੋਂ ਆਪਣੇ ਪਰਿਵਾਰ ਨੂੰ ਮਿਲੇ ਪਿਆਰ ਸਤਿਕਾਰ ਲਈ ਧੰਨਵਾਦ ਕੀਤਾ। ਪੰਜਾਬ ਟਾਈਮਜ਼ ਦੀ ਸਲਾਹਕਾਰ ਕਮੇਟੀ ਅਤੇ ਵਰਿਆਮ ਸਿੰਘ ਸੰਧੂ, ਪ੍ਰਿੰ. ਸਰਵਣ ਸਿੰਘ ਤੇ ਡਾ. ਗੁਰਬਖਸ਼ ਸਿੰਘ ਭੰਡਾਲ ਨੇ ਇਕ ਪਲੇਕ ਅਤੇ ਸ਼ਾਲ ਦੇ ਕੇ ਸਨਮਾਨ ਕੀਤਾ। ਇਸ ਮੌਕੇ ਪ੍ਰੋ. ਰਮਦੇਵ ਨੇ ਆਪਣੀ ਵਸੀਅਤ ਮੁਤਾਬਕ ਪੰਜਾਬ ਟਾਈਮਜ਼ ਨੂੰ 10 ਹਜ਼ਾਰ ਡਾਲਰ ਦਾ ਚੈਕ ਭੇਟ ਕੀਤਾ।
ਇਸ ਮੌਕੇ ਗੁਲਜ਼ਾਰ ਸਿੰਘ ਮੁਲਤਾਨੀ ਤੇ ਅਵਤਾਰ ਸਿੰਘ ਸਪਰਿੰਗਫੀਲਡ ਨੂੰ ਪੰਜਾਬ ਟਾਈਮਜ਼ ਦੇ ਸਲਾਹਕਾਰ ਬੋਰਡ ਵਿਚ ਸ਼ਾਮਿਲ ਕੀਤਾ ਗਿਆ।
ਇਸ ਮੌਕੇ ਸਿੱਖ ਸੀਨੀਅਰ ਸਿਟੀਜ਼ਨ ਵਲੋਂ ਸ਼ ਜੰਮੂ ਦਾ ਬੇਬਾਕ, ਬੇਲਾਗ ਤੇ ਜਿੰਮੇਵਾਰ ਪੱਤਰਕਾਰੀ ਤੇ ਸਤਿਕਾਰ ਵਜੋਂ ਪਲੈਕ ਦੇ ਕੇ ਸਨਮਾਨ ਕੀਤਾ ਗਿਆ।
ਪੰਮੀ ਗਿੱਲ ਨੇ ਸ਼ਿਵ ਬਟਾਲਵੀ ਦੀ ਕਵਿਤਾ ‘ਤੈਨੂੰ ਦਿਆਂ ਹੰਝੂਆਂ ਦਾ ਭਾੜਾ, ਪੀੜਾਂ ਦਾ ਪਰਾਗਾ ਭੁੰਨ ਦੇ’ ਪੇਸ਼ ਕਰਕੇ ਹਾਜਰੀ ਲੁਆਈ।
ਪ੍ਰੋਗਰਾਮ ਦੇ ਅਖੀਰ ਵਿਚ ਲੋਕ ਗਾਇਕ ਤਾਰਾ ਮੁਲਤਾਨੀ ਨੇ ਇਕ ਧਾਰਮਿਕ ਗੀਤ ‘ਤੇਰਾ ਇੱਕ ਆਸਰਾ ਹੋਵੇ ਤਾਂ ਸਹਾਰੇ ਹੀ ਸਹਾਰੇ ਨੇ’ ਨਾਲ ਸ਼ੁਰੂਆਤ ਕਰ ਕੇ ‘ਤਿੰਨ ਰੰਗ ਨਹੀਂ ਲੱਭਣੇ ਬੀਬਾ, ਹੁਸਨ, ਜਵਾਨੀ ਤੇ ਮਾਪੇ’, ਯਮਲਾ ਜੱਟ ਦਾ ਗੀਤ ‘ਤੇਰੇ ਹੀ ਕਰਾਰਾਂ ਮੈਨੂੰ ਪੱਟਿਆ’, ਗੁਰਦਾਸ ਮਾਨ ਦੇ ਗੀਤ ‘ਕੀ ਬਣੂ ਦੁਨੀਆਂ ਦਾ’ ਆਦਿ ਕਈ ਗੀਤ ਪੇਸ਼ ਕਰਕੇ ਸਰੋਤਿਆਂ ਦਾ ਭਰਪੂਰ ਮਨੋਰੰਜਨ ਕੀਤਾ।
ਮੰਚ ਸੰਚਾਲਨ ਗੁਰਮੁਖ ਸਿੰਘ ਭੁੱਲਰ ਅਤੇ ਮਨਜੀਤ ਸਿੰਘ ਗਿੱਲ ਨੇ ਕੀਤਾ। ਪੰਜਾਬ ਟਾਈਮਜ਼ ਦੇ ਵਿਸ਼ੇਸ਼ ਸਹਿਯੋਗੀ ਜੈਰਾਮ ਸਿੰਘ (ਨੀਟੂ) ਕਾਹਲੋਂ ਤੇ ਸੁਰਿੰਦਰ ਸਿੰਘ ਭਾਟੀਆ ਪ੍ਰਬੰਧ ਸੰਭਾਲਣ ਵਿਚ ਮਸ਼ਰੂਫ ਸਨ।
ਸਮਾਗਮ ਵਿਚ ਪੰਜਾਬ ਟਾਈਮਜ਼ ਦੇ ਸਲਾਹਕਾਰ ਬੋਰਡ ਦੇ ਮੈਂਬਰ ਡਾ. ਗੁਰਦਿਆਲ ਸਿੰਘ ਬਸਰਾਨ, ਹਰਦਿਆਲ ਸਿੰਘ ਦਿਓਲ, ਡਾ. ਹਰਗੁਰਮੁਖਪਾਲ ਸਿੰਘ, ਜੈਦੇਵ ਸਿੰਘ ਭੱਠਲ, ਬਲਵਿੰਦਰ ਕੌਰ (ਨਿੱਕੀ) ਸੇਖੋਂ, ਡਾ. ਨਵਦੀਪ ਕੌਰ ਸੰਧੂ, ਜਗਦੀਸ਼ਰ ਸਿੰਘ ਕਲੇਰ, ਜੱਸੀ ਗਿੱਲ, ਡਾ. ਤੇਜਿੰਦਰ ਸਿੰਘ ਮੰਡੇਰ, ਹਰਜੀਤ ਸਿੰਘ ਸਾਹੀ, ਦਰਸ਼ਨ ਸਿੰਘ ਦਰੜ, ਪ੍ਰੋ. ਜੋਗਿੰਦਰ ਸਿੰਘ ਰਮਦੇਵ ਅਤੇ ਦੋ ਨਵੇਂ ਸ਼ਾਮਲ ਕੀਤੇ ਗਏ ਮੈਂਬਰ ਗੁਲਜ਼ਾਰ ਸਿੰਘ ਮੁਲਤਾਨੀ ਤੇ ਅਵਤਾਰ ਸਿੰਘ ਸਪਰਿੰਗਫੀਲਡ ਹਾਜ਼ਰ ਸਨ। ਦਰਸ਼ਨ ਸਿੰਘ ਗਰੇਵਾਲ, ਸਰਵਣ ਸਿੰਘ ਟਿਵਾਣਾ, ਮਨਦੀਪ ਸਿੰਘ ਭੂਰਾ, ਰਘਬੀਰ ਸਿੰਘ ਘੁੰਨ, ਬਲਵਿੰਦਰ (ਬਾਬ) ਸਿੰਘ ਸੰਧੂ, ਅਮੋਲਕ ਸਿੰਘ ਗਾਖਲ, ਰਾਜਿੰਦਰ ਸਿੰਘ ਬੈਂਸ ਅਤੇ ਵਰਿੰਦਰ ਕੌਰ ਗਿੱਲ (ਸੁਪਤਨੀ ਮਰਹੂਮ ਗੁਰਿੰਦਰ ਸਿੰਘ ਗਿੱਲ) ਜਰੂਰੀ ਰੁਝੇਵਿਆਂ ਕਾਰਨ ਪਹੁੰਚ ਨਾ ਸਕੇ ਪਰ ਉਨ੍ਹਾਂ ਸ਼ੁਭ ਇਛਾਵਾਂ ਭੇਜੀਆਂ। ਸਵਰਨਜੀਤ ਸਿੰਘ ਢਿੱਲੋਂ ਸਿਹਤ ਦੀ ਮਜਬੂਰੀ ਕਾਰਨ ਨਾ ਪਹੁੰਚ ਸਕੇ ਪਰ ਉਨ੍ਹਾਂ ਦੀ ਨੁਮਾਇੰਗੀ ਉਨ੍ਹਾਂ ਦੀ ਧਰਮ ਪਤਨੀ ਜਸਬੀਰ ਕੌਰ ਢਿੱਲੋਂ ਨੇ ਕੀਤੀ।
ਸਥਾਨਕ ਸਭਿਆਚਾਰਕ ਸੰਸਥਾਵਾਂ-ਪੰਜਾਬੀ ਕਲਚਰਲ ਸੁਸਾਇਟੀ (ਪੀ. ਸੀ. ਐਸ), ਪੰਜਾਬੀ ਹੈਰੀਟੇਜ ਆਰਗੇਨਾਈਜੇਸ਼ਨ (ਪੀ. ਐਚ. ਓ), ਪੰਜਾਬੀ ਅਮੈਰਿਕਨ ਆਰਗੇਨਾਈਜੇਸ਼ਨ (ਪੀ. ਏ. ਓ. ); ਖੇਡ ਸੰਸਥਾਵਾਂ-ਸ਼ੇਰੇ ਪੰਜਾਬ ਸਪੋਰਟਸ ਐਂਡ ਕਲਚਰਲ ਕਲੱਬ ਅਤੇ ਪੰਜਾਬ ਸਪੋਰਟਸ ਐਂਡ ਕਲਚਰਲ ਕਲੱਬ-ਸ਼ਿਕਾਗੋ ਦੇ ਨੁਮਾਇੰਦੇ ਵੀ ਹਾਜ਼ਰ ਸਨ।
ਸਿਨਸਿਨੈਟੀ, ਓਹਾਇਓ ਤੋਂ ਸ਼ੇਰੇ ਪੰਜਾਬ ਸਪੋਰਟਸ ਐਂਡ ਕਲਚਰਲ ਸੁਸਾਇਟੀ ਦੇ ਸੁਰਜੀਤ ਸਿੰਘ ਮਾਵੀ, ਗੁਰਮਿੰਦਰ ਸੰਧੂ, ਗੁਰਪ੍ਰੀਤ ਗਿੱਲ, ਬਹਾਦਰ ਸਿੰਘ ਮੁੰਡੀ, ਨਰਿੰਦਰ ਤਾਤਲਾ, ਪਰਮਿੰਦਰ ਤੱਖਰ ਆਪਣੇ ਹੋਰ ਸਾਥੀਆਂ ਨਾਲ ਪਹੁੰਚੇ।
ਮਿਲਵਾਕੀ ਤੋਂ ਅੰਮ੍ਰਿਤਪਾਲ ਗਿੱਲ, ਅਮਰਜੀਤ ਸਿੰਘ ਸੰਧਰ, ਗੁਰਦੇਵ ਸਿੰਘ ਜੌੜਾ, ਮੇਜਰ ਸਿੰਘ ਕੈਲੇ ਤੇ ਸਾਥੀ ਅਤੇ ‘ਗੁਰੂ ਲਾਧੋ ਰੇ ਸੇਵਾ ਸੁਸਾਇਟੀ ਬਾਬਾ ਮੱਖਣ ਸ਼ਾਹ ਲੁਬਾਣਾ’ ਦੇ ਜਰਨੈਲ ਸਿੰਘ, ਪਰਮਿੰਦਰ ਸਿੰਘ ਗੋਲਡੀ, ਜੱਗੀ ਸਿੰਘ ਘੋਤੜਾ, ਸਤਪਾਲ ਬੈਂਸਾ ਤੇ ਸਾਥੀ ਤੋਂ ਇਲਾਵਾ ਗਾਇਕਾ ਪੂਜਾ ਧਾਲੀਵਾਲ ਤੇ ਉਨ੍ਹਾਂ ਦਾ ਪਤੀ ਕੁਲਵਿੰਦਰ ਧਾਲੀਵਾਲ ਹਾਜ਼ਰ ਹੋਏ।
ਪੰਜਾਬੀ ਹੈਰੀਟੇਜ ਸੁਸਾਇਟੀ, ਕੈਲਮਜ਼ੂ (ਮਿਸ਼ੀਗਨ) ਵਲੋਂ ਦਲਬਾਰਾ ਸਿੰਘ ਮਾਂਗਟ, ਰਨਬੀਰ ਸਿੰਘ (ਲਾਲੀ) ਧਾਲੀਵਾਲ, ਜਸਪਾਲ ਸਰਾਂ, ਸੁਖਬੀਰ ਸੋਹੀ ਤੇ ਸਾਥੀ ਰੌਣਕ ਵਧਾ ਰਹੇ ਸਨ। ਕੈਨੇਡਾ ਤੋਂ ਜਸਵਿੰਦਰ ਕੌਰ ਗਿੱਲ ਵਿਸ਼ੇਸ਼ ਤੌਰ ‘ਤੇ ਸਮਾਗਮ ਵਿਚ ਹਿੱਸਾ ਪਾਉਣ ਪਹੁੰਚੇ।
ਹੋਰ ਮੁਅੱਜ਼ਜ਼ ਮਹਿਮਾਨਾਂ ‘ਚ ਸ਼ਿਕਾਗੋ ਤੋਂ ਪ੍ਰੋ. ਰਮਦੇਵ ਦੇ ਪੁੱਤਰ-ਰਿੱਕ ਤੇ ਰਾਜੂ, ਨੂੰਹਾਂ-ਸੀਮਾ ਤੇ ਕ੍ਰਿਸ ਤੋਂ ਇਲਾਵਾ ਉਨ੍ਹਾਂ ਦੀਆਂ ਪੋਤੀਆਂ ਪਹੁੰਚੀਆਂ ਹੋਈਆਂ ਸਨ। ਗੁਰਦੁਆਰਾ ਪੈਲਾਟਾਈਨ ਦੇ ਪ੍ਰਧਾਨ ਡਾ. ਪਰਦੀਪ ਸਿੰਘ ਗਿੱਲ, ਸਾਬਕਾ ਪ੍ਰਧਾਨ ਮਹਾਂਬੀਰ ਸਿੰਘ ਬਰਾੜ, ਜਸਬੀਰ ਕੌਰ ਸਲੂਜਾ ਤੇ ਇਕਬਾਲ ਸਿੰਘ ਚੋਪੜਾ, ਬੋਰਡ ਮੈਂਬਰ ਅਮਰਦੇਵ ਸਿੰਘ ਬਦੇਸ਼ਾ, ਇਰਵਿਨਪ੍ਰੀਤ ਸਿੰਘ, ਹਰਜੀਤ ਸਿੰਘ ਗਿੱਲ, ਸਲਵਿੰਦਰ ਕੌਰ ਸੰਧੂ ਤੇ ਗੁਰਮੀਤ ਸਿੰਘ ਬੈਂਸ, ਗੁਰਦੁਆਰਾ ਪੈਲਾਟਾਈਨ ਦੇ ਸਾਬਕਾ ਬੋਰਡ ਮੈਂਬਰ ਗਿਆਨ ਸਿੰਘ ਸੀਹਰਾ, ਗੁਰਦੁਆਰਾ ਪੈਲਾਟਾਈਨ ਵਿਚ ਕਾਰ ਸੇਵਾ ਪ੍ਰਾਜੈਕਟ ਦੇ ਕਨਵੀਨਰ ਸਤਨਾਮ ਸਿੰਘ ਔਲਖ, ਓਂਕਾਰ ਸਿੰਘ ਲਾਲ, ਪਾਲ ਧਾਲੀਵਾਲ, ਤਰਲੋਚਨ ਢਿੱਲੋਂ, ਬਲਦੇਵ ਸਿੰਘ ਗਿੱਲ, ਜਗਦੀਸ਼ ਸਿੰਘ ਸੰਧੂ ਤੇ ਸਾਥੀ; ਪੀ. ਸੀ. ਐਸ਼ ਦੇ ਪ੍ਰਧਾਨ ਸੁਰਿੰਦਰ ਸਿੰਘ ਪਾਲੀਆ, ਸਾਬਕਾ ਪ੍ਰਧਾਨ ਸੁਖਮੇਲ ਸਿੰਘ ਅਟਵਾਲ, ਹਰਿੰਦਰਪਾਲ ਸਿੰਘ ਲੈਲ, ਸੁਰਿੰਦਰ ਸਿੰਘ ਸੰਘਾ, ਬਲਵਿੰਦਰ ਸਿੰਘ ਗਿਰਨ, ਭੁਪਿੰਦਰ ਸਿੰਘ ਧਾਲੀਵਾਲ ਤੇ ਗੁਰਮੀਤ ਸਿੰਘ ਢਿੱਲੋਂ; ਅਕਾਲੀ ਆਗੂ ਤੇ ਪੰਜਾਬ ਸਪੋਰਟਸ ਐਂਡ ਕਲਚਰਲ ਕਲੱਬ ਸ਼ਿਕਾਗੋ ਦੇ ਪ੍ਰਧਾਨ ਗੁਰਮੀਤ ਸਿੰਘ ਭੋਲਾ, ਸਾਬਕਾ ਪ੍ਰਧਾਨ ਜਸਕਰਨ ਸਿੰਘ ਧਾਲੀਵਾਲ, ਅੰਮ੍ਰਿਤਪਾਲ ਸਿੰਘ ਸੰਘਾ, ਯਾਦਵਿੰਦਰ ਸਿੰਘ ਗਰੇਵਾਲ; ਸ਼ੇਰੇ ਪੰਜਾਬ ਸਪੋਰਟਸ ਐਂਡ ਕਲਚਰਲ ਕਲੱਬ ਦੇ ਪ੍ਰਧਾਨ ਦਰਸ਼ਨ ਸਿੰਘ ਪੰਮਾ, ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਚੱਠਾ, ਗੁਰਦੇਵ ਸਿੰਘ ਗਿੱਲ ਤੇ ਪਰਮਿੰਦਰ ਸਿੰਘ ਵਾਲੀਆ, ਲਖਵਿੰਦਰ ਬਿਹਾਰੀਪੁਰੀਆ, ਦੀਪਾ ਬਦੇਸ਼ਾ ਤੇ ਸਾਥੀ; ਨਿੱਕ ਗਾਖਲ, ਸਵਰਨ ਸਿੰਘ ਸੇਖੋਂ, ਦਰਸ਼ਨ ਸਿੰਘ ਬੈਨੀਪਾਲ, ਭੁਪਿੰਦਰ ਸਿੰਘ ਬਾਵਾ, ਸਵੀ ਅਟੱਲ, ਗੁਰਬਚਨ ਸਿੰਘ ਸੰਧੂ, ਮੱਤ ਸਿੰਘ ਢਿੱਲੋਂ, ਲਾਲ ਸਿੰਘ, ਲਖਬੀਰ ਸਿੰਘ ਸੰਧੂ, ਸ਼ਿਵਿੰਦਰ ਸਿੰਘ ਬਰਾੜ ਤੇ ਸਾਥੀ; ਸਿੱਖ ਸੀਨੀਅਰ ਸਿਟੀਜ਼ਨ ਗਰੁਪ ਵਲੋਂ ਬਜੁਰਗ ਦੌੜਾਕ ਕੁਲਦੀਪ ਸਿੰਘ ਸਿੱਬਲ, ਅਮੋਲਕ ਸਿੰਘ ਗਿੱਧਾ, ਨਰਿੰਦਰ ਸੂਦ, ਸੁਰਿੰਦਰ ਸਿੰਘ ਕਾਲੜਾ ਤੇ ਸਾਥੀ; ਹਰਜਿੰਦਰ ਸਿੰਘ ਸੰਧੂ, ਓਂਕਾਰ ਸਿੰਘ ਸੰਘਾ ਤੇ ਪਰਿਵਾਰ, ਸੰਨੀ ਕੁਲਾਰ, ਰੌਨੀ ਕੁਲਾਰ, ਪੀਟ ਦਿਓਲ, ਜਸਵੀਰ ਸਿੰਘ ਪਾਲੀਆ, ਸਰਵਣ ਸਿੰਘ ਰਾਜੂ, ਮਿੱਕੀ ਕਾਹਲੋਂ, ਸੰਤੋਖ ਸਿੰਘ ਭਟਨੂਰਾ, ਕਿਰਪਾਲ ਸਿੰਘ ਰੰਧਾਵਾ, ਡਾ. ਸਰਬਜੀਤ ਸਿੰਘ ਭੰਡਾਲ, ਸੰਤੋਖ ਸਿੰਘ ਡੀ. ਸੀ, ਅਜੈਬ ਸਿੰਘ ਲੱਖਣ, ਅਮਰਜੀਤ ਸਿੰਘ ਢੀਂਡਸਾ, ਪੱਤਰਕਾਰ ਸੁਕੰਨਿਆ ਭਾਰਦਵਾਜ ਤੇ ਪਰਿਵਾਰ, ਲਖਵਿੰਦਰ ਸਿੰਘ ਕਿਰਸਟੇਲ ਲੇਕ, ਇੰਦਰਬੀਰ ਸਿੰਘ ਗਿੱਲ, ਗੁਰਲਾਲ ਸਿੰਘ ਭੱਠਲ,ਢੋਲ ਰੇਡੀਓ ਦੇ ਸੁਖਪਾਲ ਗਿੱਲ ਤੇ ਅਮਨ, ਸਿੱਖ ਟੀ. ਵੀ. ਦੇ ਇੰਦਰਮੋਹਨ ਸਿੰਘ ਛਾਬੜਾ, ਮਹਿੰਦਰ ਸਿੰਘ ਰਕਾਲਾ ਅਤੇ ਕਮਲਜੀਤ ਸਿੰਘ ਵਿਰਦੀ ਤੋਂ ਇਲਾਵਾ ਹੋਰ ਬਹੁਤ ਸਾਰੇ ਪਤਵੰਤੇ ਸੱਜਣ ਅਖਬਾਰ ਪ੍ਰਤੀ ਆਪਣੀ ਸਾਂਝ ਪ੍ਰਗਟਾਉਣ ਲਈ ਪਹੁੰਚੇ।
ਸੈਕਰਾਮੈਂਟੋ, ਕੈਲੀਫੋਰਨੀਆ ਤੋਂ ਸ਼ਹੀਦ ਊਦਮ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਪ੍ਰਧਾਨ ਗੁਲਿੰਦਰ ਸਿੰਘ ਗਿੱਲ ਦੀ ਨੁਮਾਇੰਦਗੀ ਕਰਨ ਲਈ ਗੁਰਜਿੰਦਰ ਸਿੰਘ ਗਰੇਵਾਲ ਆਪਣੇ ਸਾਥੀਆਂ ਸਮੇਤ ਪਹੁੰਚੇ। ਫਾਊਂਡੇਸ਼ਨ ਦੇ ਮੋਹਰੀ ਆਗੂ ਚਰਨ ਸਿੰਘ ਜੱਜ ਪਹੁੰਚ ਨਾ ਸਕੇ ਪਰ ਉਨ੍ਹਾਂ ਸ਼ੂਭ ਕਾਮਨਾਵਾਂ ਅਤੇ ਮਾਲੀ ਮਦਦ ਵੀ ਭੇਜੀ। ਸੈਨ ਹੋਜੇ ਤੋਂ ਡਾ. ਦਲਬੀਰ ਸਿੰਘ ਪੰਨੂ ਆਏ ਹੋਏ ਸਨ। ਇੰਡੀਅਨਐਪੋਲਿਸ, ਇੰਡੀਆਨਾ ਤੋਂ ਗੁਰਬਖਸ਼ ਸਿੰਘ ਰਾਹੀ ਤੇ ਉਨ੍ਹਾਂ ਦੇ ਸਾਥੀ ਅਤੇ ਕਰਾਊਨ ਪੁਆਇੰਟ, ਇੰਡੀਆਨਾ ਤੋਂ ਹਰਜੀਤ ਸਿੰਘ ਸਾਹੀ ਦਾ ਪਰਿਵਾਰ ਤੇ ਹੋਰ ਸਾਥੀ ਹੁੰਮ ਹੁਮਾ ਕੇ ਪਹੁੰਚੇ।
ਨਿਊ ਯਾਰਕ ਤੋਂ ਗੁਰਦੁਆਰਾ ਸੰਤ ਸਾਗਰ, ਬੈਲਰੋਜ਼ ਦੇ ਮੁੱਖ ਸੇਵਾਦਾਰ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜੂਰੀ ਰਾਗੀ ਭਾਈ ਸੱਜਣ ਸਿੰਘ ਨੇ ਅਖਬਾਰ ਲਈ ਸ਼ੁਭ ਕਾਮਨਾਵਾਂ ਭੇਜੀਆਂ ਤੇ ਸੰਪਾਦਕ ਅਮੋਲਕ ਸਿੰਘ ਜੰਮੂ ਦੀ ਸਿਹਤਯਾਬੀ ਲਈ ਵਾਹਿਗੁਰੂ ਅੱਗੇ ਅਰਦਾਸ ਕੀਤੀ।
ਇੰਡੋ ਅਮੈਰਿਕਨ ਸੀਨੀਅਰ ਸੁਸਾਇਟੀ, ਇੰਡੀਅਨਐਪੋਲਿਸ ਦਾ ਜਥਾ ਸਮਾਗਮ ਵਿਚ ਨਹੀਂ ਆ ਸਕਿਆ ਪਰ ਇਸ ਦੇ ਮੈਂਬਰ ਚਰਨਜੀਤ ਸਿੰਘ ਸਾਹੀ, ਚੇਅਰਮੈਨ ਮਲਕੀਤ ਸਿੰਘ ਕੁਲਾਰ, ਅਜੀਤ ਸਿੰਘ ਗਿੱਲ ਸਮਾਗਮ ਤੋਂ ਪਹਿਲਾਂ ਜਥੇਬੰਦੀ ਵਲੋਂ ਸ਼ੁਭਕਾਮਨਾਵਾਂ ਦੇ ਕੇ ਗਏ। ਲਾਇਲਪੁਰ ਖਾਲਸਾ ਕਾਲਜ, ਜਲੰਧਰ ਦੇ ਸਾਬਕਾ ਪ੍ਰੋਫੈਸਰ ਨਿਰੰਜਨ ਸਿੰਘ ਢੇਸੀ ਨੇ ਆਪਣੀਆਂ ਅਸੀਸਾਂ ਭੇਜੀਆਂ।
ਸਵਾਦੀ ਖਾਣਾ ਕੇ. ਕੇ. ਪੰਮਾ ਨੇ ਪਰੋਸਿਆ।