ਕਰਨਾਟਕ ਦਾ ਸਿਆਸੀ ਨਾਟਕ

ਕਰਨਾਟਕ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਸਭ ਸਿਆਸੀ ਧਿਰਾਂ ਅਤੇ ਚੋਣ ਮਾਹਿਰਾਂ ਨੂੰ ਹੈਰਾਨ ਕੀਤਾ ਹੈ। ਇਨ੍ਹਾਂ ਚੋਣਾਂ ਉਤੇ ਸਭ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਸਨ ਕਿਉਂਕਿ ਰਾਜਸਥਾਨ, ਛਤੀਸਗੜ੍ਹ ਤੇ ਮੱਧ ਪ੍ਰਦੇਸ਼ ਵਿਧਾਨ ਸਭਾਵਾਂ ਦੀਆਂ ਚੋਣਾਂ ਸਿਰ ਉਤੇ ਹਨ ਅਤੇ ਲੋਕ ਸਭਾ ਚੋਣਾਂ ਨੂੰ ਵੀ ਹੁਣ ਸਿਰਫ ਇਕ ਸਾਲ ਰਹਿ ਗਿਆ ਹੈ। ਇਸੇ ਕਰ ਕੇ ਇਨ੍ਹਾਂ ਚੋਣਾਂ ਨੂੰ ਆ ਰਹੀਆਂ ਚੋਣਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਸੀ।

ਬਿਨਾ ਸ਼ੱਕ, ਕਰਨਾਟਕ ਦੇ ਨਤੀਜਿਆਂ ਦਾ ਅਸਰ ਆਉਣ ਵਾਲੀਆਂ ਚੋਣਾਂ ਉਤੇ ਜ਼ਰੂਰ ਪੈਣਾ ਹੈ। ਨਤੀਜਿਆਂ ਤੋਂ ਬਾਅਦ ਜਿਸ ਤਰ੍ਹਾਂ ਦੀ ਸਿਆਸਤ ਅਤੇ ਜੋੜ-ਤੋੜ ਸ਼ੁਰੂ ਹੋ ਗਏ ਹਨ, ਉਸ ਤੋਂ ਸਾਫ ਜਾਹਰ ਹੈ ਕਿ ਕੋਈ ਵੀ ਧਿਰ ਆਪਣਾ ਦਾਅਵਾ ਛੱਡਣ ਲਈ ਤਿਆਰ ਨਹੀਂ ਜਾਪਦੀ। ਭਾਰਤੀ ਜਨਤਾ ਪਾਰਟੀ ਬਹੁਮਤ ਜੋਗੀਆਂ ਸੀਟਾਂ ਜਿੱਤਣ ਵਿਚ ਤਾਂ ਨਾਕਾਮ ਰਹੀ ਹੈ ਪਰ ਸਭ ਤੋਂ ਵੱਡੀ ਪਾਰਟੀ ਵਜੋਂ ਸਾਹਮਣੇ ਆਈ ਹੈ। ਉਂਜ, ਵੱਡੀ ਗੱਲ ਇਹ ਹੋਈ ਹੈ ਕਿ ਕਾਂਗਰਸ ਅਤੇ ਜਨਤਾ ਦਲ (ਐਸ) ਨੇ ਫਿਲਹਾਲ ਰਲ ਕੇ ਚੱਲਣ ਦਾ ਫੈਸਲਾ ਕੀਤਾ ਹੈ। ਚੋਣ ਮੁਹਿੰਮ ਦੌਰਾਨ ਭਾਵੇਂ ਇਹ ਦੋਵੇਂ ਪਾਰਟੀਆਂ ਇਕ-ਦੂਜੇ ਦੇ ਖਿਲਾਫ ਦੂਸ਼ਣ ਲਾਉਂਦੀਆਂ ਰਹੀਆਂ ਹਨ ਪਰ ਭਾਰਤੀ ਜਨਤਾ ਪਾਰਟੀ ਨੂੰ ਸੱਤਾ ਤੋਂ ਬਾਹਰ ਰੱਖਣ ਲਈ ਇਨ੍ਹਾਂ ਨੇ ਤੁਰੰਤ, ਬਿਨਾ ਕਿਸੇ ਦੇਰੀ ਤੋਂ ਹੱਥ ਮਿਲਾ ਲਏ ਹਨ। ਇਸ ਅਮਲ ਵਿਚ ਤ੍ਰਿਣਮੂਲ ਕਾਂਗਰਸ ਦੀ ਆਗੂ ਮਮਤਾ ਬੈਨਰਜੀ, ਬਹੁਜਨ ਸਮਾਜ ਪਾਰਟੀ ਦੀ ਆਗੂ ਮਾਇਆਵਤੀ, ਸੀ. ਪੀ. ਐਮ. ਦੇ ਆਗੂ ਸੀਤਾ ਰਾਮ ਯੇਚੁਰੀ ਅਤੇ ਕੌਮੀ ਪੱਧਰ ਦੇ ਕੁਝ ਹੋਰ ਆਗੂਆਂ ਨੇ ਅਹਿਮ ਭੂਮਿਕਾ ਨਿਭਾਈ ਹੈ। ਇਨ੍ਹਾਂ ਸਾਰਿਆਂ ਦਾ ਦਾਈਆ ਭਾਰਤੀ ਜਨਤਾ ਪਾਰਟੀ ਨੂੰ ਰਲ ਕੇ ਘੇਰਾ ਪਾਉਣਾ ਸੀ। ਇਹ ਅਸਲ ਵਿਚ ਅਗਲੀਆਂ ਲੋਕ ਸਭਾ ਚੋਣਾਂ ਦੀ ਹੀ ਕਵਾਇਦ ਸੀ ਜਿਸ ਦਾ ਸਾਰ-ਤੱਤ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਅਤੇ ਨਰੇਂਦਰ ਮੋਦੀ ਨੂੰ ਕੇਂਦਰ ਵਿਚ ਸੱਤਾ ਤੋਂ ਬਾਹਰ ਰੱਖਣ ਲਈ ਸਾਰੀਆਂ ਪਾਰਟੀਆਂ ਇਕਜੁਟ ਹੋ ਜਾਣ। ਇਸ ਤੋਂ ਪਹਿਲਾਂ ਉਤਰ ਪ੍ਰਦੇਸ਼ ਵਿਚ ਬਹੁਜਨ ਸਮਾਜ ਪਾਰਟੀ ਅਤੇ ਸਮਾਜਵਾਦੀ ਪਾਰਟੀ ਨੇ ਆਪਸੀ ਮੱਤਭੇਦ ਮਿਟਾ ਕੇ ਭਾਰਤੀ ਜਨਤਾ ਪਾਰਟੀ ਨੂੰ ਸਿੱਧੀ ਟੱਕਰ ਦਿੱਤੀ ਅਤੇ ਇਹ ਪਾਰਟੀਆਂ ਇਸ ਕਾਰਜ ਵਿਚ ਕਾਮਯਾਬ ਵੀ ਰਹੀਆਂ ਹਨ। ਇਸੇ ਕਰ ਕੇ ਹੀ ਭਾਰਤੀ ਜਨਤਾ ਪਾਰਟੀ ਦੇ ਫਿਕਰ ਕੁਝ ਵਧ ਗਏ ਹਨ ਅਤੇ ਹੁਣ ਇਸ ਦੀ ਕੋਸ਼ਿਸ਼ ਇਹੀ ਸੀ ਕਿ ਇਹ ਪਾਰਟੀਆਂ ਇਕੱਠੀਆਂ ਨਾ ਹੋ ਸਕਣ। ਕਰਨਾਟਕ ਵਿਚ ਵੀ ਇਸ ਨੇ ਅੱਜ ਤੱਕ ਜਨਤਾ ਦਲ (ਐਸ) ਦੇ ਆਗੂਆਂ ਪ੍ਰਤੀ ਆਪਣਾ ਵਿਹਾਰ ਨਰਮ ਹੀ ਰੱਖਿਆ ਹੈ।
ਕਰਨਾਟਕ ਵਿਚ ਕਾਂਗਰਸ ਅਤੇ ਜਨਤਾ ਦਲ (ਐਸ) ਵੱਲੋਂ ਹੱਥ ਮਿਲਾਉਣ ਦੀ ਕਾਰਵਾਈ ਨੂੰ ਭਾਰਤੀ ਜਨਤਾ ਪਾਰਟੀ ਨੇ ਸਿਰਫ ਤੇ ਸਿਰਫ ਸੱਤਾ ਲਈ ਕੀਤਾ ਗਠਜੋੜ ਐਲਾਨਿਆ ਹੈ ਅਤੇ ਇਸ ਨੂੰ ਕਾਂਗਰਸ ਵੱਲੋਂ ਪਿਛਲੇ ਦਰਵਾਜਿਓਂ ਸੱਤਾ ਹਥਿਆਉਣ ਦੀ ਕਾਵਰਾਈ ਵੀ ਕਿਹਾ ਹੈ ਪਰ ਅਜੇ ਸਾਲ ਹੀ ਹੋਇਆ ਹੈ ਜਦੋਂ ਇਹੀ ਖੇਡ ਭਾਰਤੀ ਜਨਤਾ ਪਾਰਟੀ ਨੇ ਗੋਆ ਅਤੇ ਮਨੀਪੁਰ ਵਿਚ ਖੇਡੀ ਸੀ। ਇਨ੍ਹਾਂ ਦੋਹਾਂ ਰਾਜਾਂ ਵਿਚ ਕਾਂਗਰਸ ਵੱਡੀ ਪਾਰਟੀ ਵਜੋਂ ਉਭਰੀ ਸੀ ਪਰ ਭਾਰਤੀ ਜਨਤਾ ਪਾਰਟੀ ਨੇ ਰਾਤੋ-ਰਾਤ ਹੋਰ ਪਾਰਟੀਆਂ ਨਾਲ ਸਿਆਸੀ ਤਾਲਮੇਲ ਬਿਠਾ ਕੇ ਕਾਂਗਰਸ ਹੱਥੋਂ ਸੱਤਾ ਖੋਹ ਲਈ। ਐਤਕੀਂ ਕਾਂਗਰਸ, ਭਾਰਤੀ ਜਨਤਾ ਪਾਰਟੀ ਦੇ ਇਸ ਪੁਰਾਣੇ ਤੇ ਲੁਕਵੇਂ ਵਾਰ ਤੋਂ ਚੌਕਸ ਸੀ। ਸ਼ਾਇਦ ਇਸੇ ਕਰ ਕੇ ਇਸ ਨੇ ਨਤੀਜੇ ਆਉਣ ਤੋਂ ਦੋ ਦਿਨ ਪਹਿਲਾਂ ਹੀ, ਭਾਵ ਐਤਵਾਰ ਨੂੰ ਹੀ ਜਨਤਾ ਦਲ (ਐਸ) ਦੇ ਆਗੂਆਂ ਨਾਲ ਸੰਪਰਕ ਕਰ ਲਿਆ ਅਤੇ ਜਿਉਂ ਹੀ ਸਥਿਤੀ ਸਪਸ਼ਟ ਹੋਈ ਕਿ ਕਿਸੇ ਵੀ ਪਾਰਟੀ ਨੂੰ ਪੂਰਨ ਬਹੁਮਤ ਨਹੀਂ ਮਿਲਣਾ, ਕਾਂਗਰਸ ਨੇ ਜਨਤਾ ਦਲ (ਐਸ) ਨੂੰ ਬਿਨਾ ਸ਼ਰਤ ਹਮਾਇਤ ਦੇਣ ਦਾ ਐਲਾਨ ਕਰ ਦਿੱਤਾ। ਕਰਨਾਟਕ ਦੀ ਸਿਆਸਤ ਹੁਣ ਕਿਸ ਕਰਵਟ ਬੈਠਦੀ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਇਕ ਗੱਲ ਦਾ ਨਿਤਾਰਾ ਹੋ ਗਿਆ ਹੈ ਕਿ ਕੌਮੀ ਪੱਧਰ ਉਤੇ ਭਾਰਤੀ ਜਨਤਾ ਪਾਰਟੀ ਅਤੇ ਨਰੇਂਦਰ ਮੋਦੀ ਦਾ ਬਦਲ ਲੱਭਣ ਦੀ ਕਵਾਇਦ ਅਰੰਭ ਹੋ ਗਈ ਹੈ।
ਕੁਝ ਸਿਆਸੀ ਮਾਹਿਰਾਂ ਨੇ ਤਾਂ ਕਾਂਗਰਸ ਨੂੰ ਕਰਨਾਟਕ ਵਿਚ ਘੱਟ ਸੀਟਾਂ ਮਿਲਣ ਨੂੰ ਵੀ ਸ਼ੁਭ ਸ਼ਗਨ ਹੀ ਆਖਿਆ ਹੈ। ਇਨ੍ਹਾਂ ਮਾਹਿਰਾਂ ਦਾ ਕਹਿਣਾ ਹੈ ਕਿ ਜੇ ਕਾਂਗਰਸ ਨੂੰ ਵੱਧ ਸੀਟਾਂ ਮਿਲ ਜਾਂਦੀਆਂ ਤਾਂ ਇਸ ਨੇ ਗਠਜੋੜ ਲਈ ਸਹਿਮਤੀ ਨਹੀਂ ਸੀ ਦੇਣੀ ਅਤੇ ਕੌਮੀ ਪੱਧਰ ‘ਤੇ ਸਾਂਝੇ ਗਠਜੋੜ ਲਈ ਉਹ ਰਾਹ ਨਹੀਂ ਸੀ ਖੱਲ੍ਹਣਾ ਜੋ ਹੁਣ ਸਾਲ ਪਹਿਲਾਂ ਹੀ ਖੁੱਲ੍ਹ ਗਿਆ ਹੈ। ਇਸ ਲਈ ਹੁਣ ਕਰਨਾਟਕ ਵਿਚ ਜਿਸ ਧਿਰ ਦੀ ਮਰਜ਼ੀ ਸਰਕਾਰ ਬਣੇ, ਮੋਦੀ ਖਿਲਾਫ ਮੋਰਚਾ ਬਣਨਾ ਅਰੰਭ ਹੋ ਗਿਆ ਹੈ। ਉਂਜ, ਕਰਨਾਟਕ ਦੀਆਂ ਚੋਣਾਂ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਚੋਣਾਂ ਦੇ ਮਾਮਲੇ ਵਿਚ ਭਾਰਤੀ ਜਨਤਾ ਪਾਰਟੀ ਕਿੰਨੀ ਜਥੇਬੰਦ ਹੈ ਅਤੇ ਹੇਠਲੇ ਪੱਧਰ ਤੱਕ ਇਸ ਦਾ ਕਿੰਨਾ ਜ਼ਿਆਦਾ ਅਸਰ ਹੈ। ਇਸ ਦੇ ਨਾਲ ਹੀ ਲੋਕਪ੍ਰਿਯਤਾ ਘਟਣ ਅਤੇ ਮੁਲਕ ਭਰ ਵਿਚ ਹੋ ਰਹੀ ਤਿੱਖੀ ਨੁਤਕਾਚੀਨੀ ਦੇ ਬਾਵਜੂਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਜਾਦੂ ਅਜੇ ਵੀ ਚੱਲ ਰਿਹਾ ਹੈ। ਕਰਨਾਟਕ ਵਿਚ ਕਿਸੇ ਕਿਸਮ ਦੀ ਕੋਈ ਲਹਿਰ ਨਹੀਂ ਸੀ ਅਤੇ ਸਾਰਿਆਂ ਨੂੰ ਲੱਗ ਰਿਹਾ ਸੀ ਕਿ ਕਾਂਗਰਸ ਨੂੰ ਭਾਵੇਂ ਬਹੁਮਤ ਨਾ ਮਿਲੇ ਪਰ ਇਹ ਭਾਰਤੀ ਜਨਤਾ ਪਾਰਟੀ ਨੂੰ ਬਰਾਬਰ ਦੀ ਟੱਕਰ ਦੇਵੇਗੀ ਪਰ ਚੋਣ ਮੁਹਿੰਮ ਦੇ ਆਖਰੀ ਪੜਾਅ ਦੌਰਾਨ, ਕੁਝ ਹੀ ਦਿਨਾਂ ਵਿਚ ਮੋਦੀ ਦੀਆਂ 21 ਰੈਲੀਆਂ ਨੇ ਪਾਸਾ ਪਲਟ ਦਿੱਤਾ। ਉਸ ਉਤੇ ਭਾਵੇਂ ਵਾਰ ਵਾਰ ਝੂਠ ਬੋਲਣ ਅਤੇ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦੇ ਦੋਸ਼ ਲੱਗੇ ਪਰ ਉਹ ਨੌਜਵਾਨਾਂ ਨੂੰ ਆਪਣੇ ਵੱਲ ਖਿੱਚਣ ਵਿਚ ਪੂਰੀ ਤਰ੍ਹਾਂ ਕਾਮਯਾਬ ਰਿਹਾ। ਕਰਨਾਟਕ ਦੀਆਂ ਚੋਣਾਂ ਨੇ ਵਿਰੋਧੀ ਧਿਰ ਨੂੰ ਇਕ ਹੋਰ ਮੌਕਾ ਮੁਹੱਈਆ ਕਰਵਾਇਆ ਹੈ। ਇਸ ਪ੍ਰਸੰਗ ਵਿਚ ਇਨ੍ਹਾਂ ਚੋਣਾਂ ਨੂੰ ਭਾਰਤੀ ਚੋਣਾਂ ਦੇ ਇਤਿਹਾਸ ਵਿਚ ਦੇਰ ਤੱਕ ਯਾਦ ਰੱਖਿਆ ਜਾਵੇਗਾ।