ਸ਼ਾਹਕੋਟ ਦਾ ਚੋਣ ਅਖਾੜਾ ਸਿਖਰਾਂ ਉਤੇ ਪੁੱਜਿਆ

ਅਕਾਲੀਆਂ, ਕਾਂਗਰਸ ਤੇ ‘ਆਪ’ ਨੇ ਲਾਈ ਪੂਰੀ ਵਾਹ
ਚੰਡੀਗੜ੍ਹ: ਜਿਲ੍ਹਾ ਜਲੰਧਰ ਦੇ ਵਿਧਾਨ ਸਭਾ ਹਲਕੇ ਸ਼ਾਹਕੋਟ ਵਿਚ ਚੋਣ ਮੈਦਾਨ ਭਖ ਚੁੱਕਾ ਹੈ। ਅਕਾਲੀ ਵਜ਼ਾਰਤ ਵਿਚ ਰਹੇ ਕੈਬਨਿਟ ਮੰਤਰੀ ਅਜੀਤ ਸਿੰਘ ਕੋਹਾੜ ਜੋ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਵੀ ਇਸ ਹਲਕੇ ਤੋਂ ਜੇਤੂ ਰਹੇ ਸਨ, ਦੇ ਅਚਾਨਕ ਅਕਾਲ ਚਲਾਣੇ ਤੋਂ ਬਾਅਦ ਖਾਲੀ ਹੋਈ ਇਸ ਸੀਟ ਲਈ ਚੋਣ ਕਮਿਸ਼ਨ ਵੱਲੋਂ 28 ਅਪਰੈਲ ਨੂੰ ਚੋਣਾਂ ਦਾ ਐਲਾਨ ਕੀਤਾ ਗਿਆ ਸੀ। ਇਸ ਵਾਰ ਜਥੇਦਾਰ ਕੋਹਾੜ ਦੇ ਪੁੱਤਰ ਨਾਇਬ ਸਿੰਘ ਕੋਹਾੜ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਤੇ ਕਾਂਗਰਸ ਵੱਲੋਂ ਹਰਦੇਵ ਸਿੰਘ ਲਾਡੀ ਚੋਣ ਮੈਦਾਨ ਵਿਚ ਉਤਰੇ ਹਨ। ਇਨ੍ਹਾਂ ਤੋਂ ਇਲਾਵਾ ਆਮ ਆਦਮੀ ਪਾਰਟੀ ਵੱਲੋਂ ਰਤਨ ਸਿੰਘ ਕਾਕੜ ਕਲਾਂ ਅਤੇ ਸ਼੍ਰੋਮਣੀ ਅਕਾਲੀ ਦਲ (ਅ) ਅਤੇ ਬਹੁਜਨ ਮੁਕਤੀ ਮੋਰਚਾ ਵੱਲੋਂ ਜਥੇਦਾਰ ਸੁਲੱਖਣ ਸਿੰਘ ਨਿਜ਼ਾਮੀਪੁਰ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ।

ਉਪ ਚੋਣ ਲਈ ਪ੍ਰਚਾਰ ਵਾਸਤੇ ਗਿਣਤੀ ਦੇ ਦਿਨ ਬਾਕੀ ਰਹਿ ਗਏ ਹਨ ਤੇ ਉਪ ਚੋਣ ਵਿਚ ਅਕਾਲੀ ਤੇ ਕਾਂਗਰਸ ਉਮੀਦਵਾਰਾਂ ਵਿਚਕਾਰ ਸਖਤ ਲੜਾਈ ਦੇ ਆਸਾਰ ਬਣਦੇ ਜਾ ਰਹੇ ਹਨ। ਤੀਜੀ ਧਿਰ ‘ਆਪ’ ਦੇ ਮੈਦਾਨ ਵਿਚ ਉਤਰੇ ਉਮੀਦਵਾਰ ਨੂੰ ਵੋਟਰਾਂ ਦਾ ਹੁੰਗਾਰਾ ਦੋਵਾਂ ਪ੍ਰਮੁੱਖ ਧਿਰਾਂ ਦੀ ਜਿੱਤ-ਹਾਰ ਵਿਚ ਫੈਸਲਾਕੁੰਨ ਰੋਲ ਅਦਾ ਕਰ ਸਕਦਾ ਹੈ। ਅਕਾਲੀ ਦਲ ਤੇ ਕਾਂਗਰਸ ਦੇ ਉਮੀਦਵਾਰ ਨੇ ਚੋਣ ਦਫਤਰ ਖੋਲ੍ਹ ਕੇ ਸਰਗਰਮੀ ਨਾਲ ਪ੍ਰਚਾਰ ਆਰੰਭ ਦਿੱਤਾ ਹੈ ਤੇ ਦੋਵਾਂ ਪਾਰਟੀਆਂ ਦੇ ਬਹੁਤ ਸਾਰੇ ਅਹਿਮ ਆਗੂਆਂ ਨੇ ਮੋਰਚੇ ਵੀ ਮੱਲ ਲਏ ਹਨ। ਤਕਰੀਬਨ 220 ਪਿੰਡਾਂ ਤੇ 4 ਕਸਬਿਆਂ ਉਤੇ ਅਧਾਰਤ 1 ਲੱਖ 72 ਹਜ਼ਾਰ ਵੋਟਰਾਂ ਵਾਲਾ ਦਰਿਆ ਦੇ ਕੰਢੇ ਉਪਰ ਪੈਂਦਾ ਸ਼ਾਹਕੋਟ ਹਲਕਾ ਵਸੋਂ ਤੇ ਵਿਕਾਸ ਪੱਖੋਂ ਵੱਡੀ ਭਿੰਨਤਾ ਵਾਲਾ ਹੈ।
ਇਕ ਪਾਸੇ ਦਰਿਆ ਦੇ ਕੰਢੇ ਵਸੇ 35-40 ਪਿੰਡਾਂ ਦੀ ਵਸੋਂ ਬੇਹੱਦ ਪਛੜੇਪਣ ਦੀ ਸ਼ਿਕਾਰ ਹੈ, ਉਥੋਂ ਦੋਵਾਂ ਖੇਤਰ ਦੇ ਲੋਹੀਆਂ-ਮਲਸੀਆਂ ਨਾਲ ਲੱਗਦੇ 26-27 ਪਿੰਡ, ਸ਼ਾਹਕੋਟ ਤੇ ਮਹਿਤਪੁਰ ਲਾਗਲਾ ਖੇਤਰ ਮੁਕਾਬਲਤਨ ਕਾਫੀ ਖੁਸ਼ਹਾਲ ਮੰਨਿਆ ਜਾਂਦਾ ਹੈ। ਸ਼ਾਹਕੋਟ ਹਲਕੇ ਦੀ 1 ਲੱਖ 72 ਹਜ਼ਾਰ ਵੋਟ ਵੱਖ-ਵੱਖ ਵਰਗਾਂ ਤੇ ਵੰਨਗੀਆਂ ਵਿਚ ਵੰਡੀ ਹੋਈ ਹੈ। ਸਰਕਾਰੀ ਅੰਕੜਿਆਂ ਮੁਤਾਬਕ ਰਾਏ ਸਿੱਖਾਂ ਨੂੰ ਅਨੁਸੂਚਿਤ ਜਾਤੀਆਂ ਵਿਚ ਸ਼ਾਮਲ ਕੀਤੇ ਜਾਣ ਬਾਅਦ ਇਸ ਹਲਕੇ ‘ਚ ਸਭ ਤੋਂ ਵਧੇਰੇ 41 ਫੀਸਦੀ ਦੇ ਕਰੀਬ ਵਸੋਂ ਅਨੁਸੂਚਿਤ ਜਾਤੀਆਂ ਦੀ ਹੈ, ਜਦਕਿ 40 ਕੁ ਹਜ਼ਾਰ ਦੇ ਕਰੀਬ 25-26 ਫੀਸਦੀ ਵੋਟਰ ਕੰਬੋਜ ਬਰਾਦਰੀ ਨਾਲ ਸਬੰਧਤ ਦੱਸੇ ਜਾਂਦੇ ਹਨ। 45 ਕੁ ਹਜ਼ਾਰ ਦੇ ਕਰੀਬ ਜੱਟ ਸਿੱਖ ਵੋਟਰ ਹਨ ਜੋ 27-28 ਫੀਸਦੀ ਦੇ ਕਰੀਬ ਹਨ। 6. 7 ਫੀਸਦੀ ਦੇ ਹਿੰਦੂ ਤੇ ਹੋਰ ਭਾਈਚਾਰਿਆਂ ਦੇ ਵੋਟਰਾਂ ਦੀ ਹੈ। ਫਰਵਰੀ 2017 ਦੀ ਹੋਈ ਚੋਣ ਵਿਚ ਅਕਾਲੀ ਦਲ ਦੇ ਅਜੀਤ ਸਿੰਘ ਕੋਹਾੜ 46913 ਵੋਟ ਲੈ ਕੇ ਜੇਤੂ ਰਹੇ ਸਨ ਜਦਕਿ ਕਾਂਗਰਸ ਉਮੀਦਵਾਰ ਹਰਦੇਵ ਸਿੰਘ ਲਾਡੀ 42 ਹਜ਼ਾਰ ਦੇ ਕਰੀਬ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਅਮਰਜੀਤ ਸਿੰਘ ਥਿੰਦ 40 ਹਜ਼ਾਰ ਦੇ ਕਰੀਬ ਵੋਟ ਲੈ ਗਏ ਸਨ।
‘ਆਪ’ ਦੇ ਉਮੀਦਵਾਰ ਡਾ: ਥਿੰਦ ਤੇ ਪਾਰਟੀ ਦੇ ਇਕ ਹੋਰ ਅਹਿਮ ਆਗੂ ਰਵੀਪਾਲ ਸਿੰਘ ਪਾਰਟੀ ਛੱਡ ਕੇ ਅਕਾਲੀ ਦਲ ਵਿਚ ਚਲੇ ਗਏ ਹਨ। ਪਿਛਲੀਆਂ ਚੋਣਾਂ ਸਮੇਂ ਵਾਲਾ ‘ਆਪ’ ਦਾ ਉਭਾਰ ਵੀ ਨਹੀਂ ਰਿਹਾ। ਅੰਦਰੂਨੀ ਵਿਰੋਧ ਤੇ ਆਪਸੀ ਫੁੱਟ ਦੇ ਬਾਵਜੂਦ ‘ਆਪ’ ਵੱਲੋਂ ਰਤਨ ਸਿੰਘ ਕਾਕੜ ਕਲਾਂ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਕਾਂਗਰਸ ਤੇ ਅਕਾਲੀ ‘ਆਪ’ ਦੀ ਘਟਣ ਵਾਲੀ ਵੋਟ ਉਪਰ ਵੱਡੀ ਟੇਕ ਰੱਖ ਰਹੇ ਹਨ। ਸ਼ਾਹਕੋਟ ਹਲਕੇ ਵਿਚ ਦਲਿਤ ਤੇ ਪਛੜੇ ਵਰਗਾਂ ਦਾ ਵੱਡਾ ਵੋਟ ਬੈਂਕ ਦਲਿਤ ਵਰਗ ਤੇ ਪਛੜੇ ਵਰਗ ਰਹੇ ਹਨ। ਹਲਕੇ ‘ਚ ਦਲਿਤਾਂ ਅੰਦਰ ਵੱਡਾ ਹਿੱਸਾ ਵੋਟਰ ਵਾਲਮੀਕ ਭਾਈਚਾਰੇ ਨਾਲ ਸਬੰਧਤ ਹਨ ਤੇ ਇਸ ਵਰਗ ਦਾ ਝੁਕਾਅ ਹਮੇਸ਼ਾ ਕਾਂਗਰਸ ਵੱਲ ਰਿਹਾ ਹੈ, ਪਰ ਰਾਏ ਸਿੱਖ ਤੇ ਮਜ਼੍ਹਬੀ ਸਿੱਖਾਂ ਦਾ ਝੁਕਾਅ ਅਕਾਲੀਆਂ ਵੱਲ ਰਹਿੰਦਾ ਰਿਹਾ ਹੈ। ਕਾਂਗਰਸ ਵਜ਼ਾਰਤ ਵਿਚ ਦਲਿਤਾਂ ਤੇ ਪਛੜਾ ਵਰਗਾਂ ਨੂੰ ਢੁਕਵੀਂ ਪ੍ਰਤੀਨਿਧਤਾ ਨਾ ਦਿੱਤੇ ਜਾਣ ਦਾ ਮਾਮਲਾ ਉਪ ਚੋਣ ਵਿਚ ਚਰਚਾ ਦਾ ਵਿਸ਼ਾ ਬਣ ਸਕਦਾ ਹੈ ਤੇ ਕਾਂਗਰਸ ਲਈ ਇਹ ਮਸਲਾ ਚੁਣੌਤੀ ਵੀ ਖੜ੍ਹੀ ਕਰ ਸਕਦਾ ਹੈ।
ਉਧਰ, ਕਾਂਗਰਸ ਪਾਰਟੀ ਵੱਲੋਂ ਸ਼ਾਹਕੋਟ ਜ਼ਿਮਨੀ ਚੋਣ ਵਿਚ ਅਕਾਲੀਆਂ ਖਿਲਾਫ਼ ਵਿਰੋਧ ਨੂੰ ਭੁਨਾਉਣ ਲਈ ਪੂਰੀ ਵਾਹ ਲਾਈ ਜਾ ਰਹੀ ਹੈ। ਕਾਂਗਰਸ ਆਗੂਆਂ ਨੂੰ ਆਸ ਹੈ ਕਿ ਇਸੇ ਵਿਰੋਧ ਕਰ ਕੇ ਉਨ੍ਹਾਂ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੀ ਬੇੜੀ ਪਾਰ ਲੱਗ ਜਾਵੇਗੀ। ਆਮ ਆਦਮੀ ਪਾਰਟੀ ਦੇ ਹੱਕ ਵਿਚ ਜੋ ਉਭਾਰ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਦੇਖਣ ਨੂੰ ਮਿਲਿਆ ਸੀ, ਉਹ ਜ਼ਿਮਨੀ ਚੋਣ ਵਿੱਚ ਗਾਇਬ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਸੁਨੀਲ ਜਾਖੜ ਨੇ ਦਾਅਵਾ ਕੀਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ 10 ਸਾਲਾਂ ਦੇ ਰਾਜ ਖਿਲਾਫ਼ ਲੋਕਾਂ ਵਿਚ ਜਿਹੜਾ ਗੁੱਸਾ ਅਤੇ ਰੋਸ ਸੀ, ਉਹ ਅਜੇ ਵੀ ਕਾਇਮ ਹੈ। ਕਾਂਗਰਸ ਪਾਰਟੀ ਇਸ ਹਲਕੇ ਦੀ ਚੋਣ ਨੂੰ ਆਸਾਨ ਨਹੀਂ ਸਮਝ ਰਹੀ ਅਤੇ ਕਾਂਗਰਸ ਆਗੂਆਂ ਦਾ ਦਾਅਵਾ ਹੈ ਕਿ ਇਸ ਵਾਰ ਪਾਰਟੀ ਨੂੰ ਲਾਹਾ ਮਿਲੇਗਾ।
ਦੂਜੇ ਪਾਸੇ ਕਾਂਗਰਸ ਪਾਰਟੀ ਇਸ ਗੱਲ ਨੂੰ ਉਭਾਰ ਰਹੀ ਹੈ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਸਾਬਕਾ ਅਕਾਲੀ ਮੰਤਰੀ ਬਿਕਰਮ ਮਜੀਠੀਆ ਕੋਲੋਂ ਨਸ਼ੀਲੇ ਪਦਾਰਥਾਂ ਦੇ ਮੁੱਦੇ ਤੇ ਮੁਆਫੀ ਮੰਗਣ ਨਾਲ ਸਥਿਤੀ ਬਦਲ ਗਈ ਹੈ। ਇਸ ਇਕੱਲੇ ਐਕਸ਼ਨ ਨਾਲ ਹੀ ‘ਆਪ’ ਦੀ ਅਕਾਲੀਆਂ ਅਤੇ ਕਾਂਗਰਸ ਪ੍ਰਤੀ ਹਮਲਿਆਂ ਦੀ ਧਾਰ ਨਰਮ ਪੈ ਗਈ ਹੈ। ਇਸ ਹਲਕੇ ਤੋਂ ਕਾਫੀ ਗਿਣਤੀ ਵਿਚ ਲੋਕ ਵਿਦੇਸ਼ ਵਿੱਚ ਵਸਦੇ ਹਨ ਅਤੇ ਪਰਵਾਸੀਆਂ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ‘ਆਪ’ ਦਾ ਹਰ ਪੱਖ ਤੋਂ ਡਟ ਕੇ ਸਾਥ ਦਿੱਤਾ ਸੀ। ਹੁਣ ਕਾਂਗਰਸ ਪਾਰਟੀ ਦੇ ਪ੍ਰਧਾਨ ਨੂੰ ਆਸ ਹੈ ਕਿ ਆਮ ਆਦਮੀ ਪਾਰਟੀ ਨਾਲੋਂ ਜਿਹੜੇ ਵੋਟ ਟੁੱਟਣਗੇ, ਉਹ ਕਾਂਗਰਸ ਦੇ ਹੱਕ ਵਿਚ ਆ ਜਾਣਗੇ। ਪਰ ਕਾਂਗਰਸ ਸਰਕਾਰ ਕੋਲ ਵੀ ਕਈ ਸਵਾਲਾਂ ਦੇ ਵਾਜਬ ਜਵਾਬ ਨਹੀਂ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰੇਤ, ਨਸ਼ੀਲੇ ਪਦਾਰਥਾਂ, ਟਰਾਂਸਪੋਰਟ, ਕੇਬਲ ਮਾਫੀਆ ਸਮੇਤ ਕਈ ਹੋਰ ਮਾਫ਼ੀਏ ਖਤਮ ਕਰਨ ਦੇ ਦਾਅਵੇ ਅਤੇ ਵਾਅਦੇ ਕੀਤੇ ਸਨ ਪਰ ਸਰਕਾਰ ਦਾ ਸਵਾ ਸਾਲ ਨਿੱਬੜ ਚੁੱਕਿਆ ਹੈ ਪਰ ਸਥਿਤੀ ਵਿਚ ਕੋਈ ਬਹੁਤ ਵੱਡਾ ਬਦਲਾਅ ਨਹੀਂ ਆਇਆ ਹੈ।
_________________________
ਮੁਲਾਜ਼ਮਾਂ ਨੇ ਵਧਾਈਆਂ ਕਾਂਗਰਸ ਦੀਆਂ ਮੁਸ਼ਕਲਾਂ
ਚੰਡੀਗੜ੍ਹ: ਕੈਪਟਨ ਸਰਕਾਰ ਵੱਲੋਂ ਮੰਗਾਂ ਨਾ ਮੰਨੇ ਜਾਣ ਤੋਂ ਖਫਾ ਮੁਲਾਜ਼ਮਾਂ ਨੇ ਸ਼ਾਹਕੋਟ ਦੀ ਚੋਣ ਪ੍ਰਕਿਰਿਆ ਦੌਰਾਨ ਹੜਤਾਲ ਕਰ ਕੇ ਦਫਤਰਾਂ ਦਾ ਕੰਮਕਾਜ ਠੱਪ ਕਰਨ ਦਾ ਐਲਾਨ ਕਰ ਦਿੱਤਾ ਹੈ, ਜਿਸ ਕਰ ਕੇ ਕਾਂਗਰਸ ਪਾਰਟੀ ਨੂੰ ਸ਼ਾਹਕੋਟ ਉਪ ਚੋਣ ਦੇ ਪ੍ਰਚਾਰ ਦੌਰਾਨ ਮੁਲਾਜ਼ਮਾਂ ਦੇ ਰੋਹ ਦਾ ਸਾਹਮਣਾ ਕਰਨਾ ਪਵੇਗਾ। ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਨੇ ਇਕ ਮੀਟਿੰਗ ਵਿਚ ਸ਼ਾਹਕੋਟ ਉਪ ਚੋਣ ਦੌਰਾਨ ਸਰਕਾਰ ਨਾਲ ਸਿੱਧੀ ਟੱਕਰ ਲੈਣ ਦਾ ਫੈਸਲਾ ਲਿਆ ਹੈ, ਜਿਸ ਤਹਿਤ ਪੰਜਾਬ ਭਰ ਦੇ ਦਫਤਰੀ ਕਾਮੇ 23 ਤੇ 24 ਮਈ ਨੂੰ ਕਲਮਛੋੜ ਹੜਤਾਲ ਕਰ ਕੇ ਸਮੁੱਚੇ ਵਿਭਾਗਾਂ ਦਾ ਕੰਮਕਾਜ ਠੱਪ ਕਰਨਗੇ। ਇਸ ਦੌਰਾਨ ਮੁਲਾਜ਼ਮ ਦਫਤਰਾਂ ਵਿਚ ਹਾਜ਼ਰੀ ਲਗਾ ਕੇ ਕਲਮਛੋੜ ਹੜਤਾਲ ਕਰਨਗੇ ਅਤੇ ਜ਼ਿਲ੍ਹਾ ਪੱਧਰ ਉਤੇ ਰੈਲੀਆਂ ਅਤੇ ਪ੍ਰਦਰਸ਼ਨ ਕਰ ਕੇ ਸਰਕਾਰ ਦੀਆਂ ਵਾਅਦਾਖ਼ਿਲਾਫੀਆਂ ਦਾ ਪਰਦਾਫਾਸ਼ ਕਰਨਗੇ। ਯੂਨੀਅਨ ਵੱਲੋਂ 25 ਮਈ ਨੂੰ ਰਾਜ ਦੇ ਸਮੂਹ ਦਫ਼ਤਰੀ ਕਾਮਿਆਂ ਨੂੰ ਸਮੂਹਿਕ ਛੁੱਟੀ ਲੈ ਕੇ ਸ਼ਾਹਕੋਟ ਵੱਲ ਕੂਚ ਕਰਨ ਦਾ ਸੱਦਾ ਦਿੱਤਾ ਗਿਆ ਹੈ।