ਕਾਂਗਰਸੀ ਉਮੀਦਵਾਰ ‘ਤੇ ਪਰਚਾ ਦਰਜ ਕਰਨ ਵਾਲਾ ਥਾਣੇਦਾਰ ਘਿਰਿਆ

ਜਲੰਧਰ: ਸ਼ਾਹਕੋਟ ਜ਼ਿਮਨੀ ਚੋਣ ਲਈ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵਿਰੁੱਧ ਪਰਚਾ ਦਰਜ ਕਰਨ ਵਾਲਾ ਥਾਣੇਦਾਰ ਪਰਮਿੰਦਰ ਸਿੰਘ ਬਾਜਵਾ ਆਪ ਹੀ ਘਿਰ ਗਿਆ ਹੈ। ਉਸ ਨੂੰ ਜਲੰਧਰ ਪੁਲਿਸ ਨੇ ਅਦਾਲਤੀ ਕੰਪਲੈਕਸ ਦੇ ਬਾਹਰੋਂ ਗ੍ਰਿਫਤਾਰ ਕਰ ਲਿਆ। ਥਾਣੇਦਾਰ ਬਾਜਵਾ ਖਿਲਾਫ਼ ਪੁਲਿਸ ਮੁਲਾਜ਼ਮਾਂ ਦੀ ਡਿਊਟੀ ‘ਚ ਵਿਘਨ ਪਾਉਣ ਦੇ ਮਾਮਲੇ ਵਿਚ ਥਾਣਾ ਬਾਰਾਂਦਰੀ ਵਿਚ ਆਈ. ਪੀ. ਸੀ ਦੀ ਧਾਰਾ 353, 186 ਅਤੇ ਆਰਮਜ਼ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਬਾਜਵਾ ਉਤੇ ਦੋਸ਼ ਹੈ ਕਿ ਉਸ ਨੇ ਅਦਾਲਤੀ ਕੰਪਲੈਕਸ ‘ਚ ਡਿਊਟੀ ਦੇ ਰਹੇ ਮੁਲਾਜ਼ਮ ਨੂੰ ਧੱਕਾ ਮਾਰਿਆ ਅਤੇ ਉਹ ਹਥਿਆਰ ਦਿਖਾ ਕੇ ਜਬਰਦਸਤੀ ਅਦਾਲਤ ‘ਚ ਦਾਖਲ ਹੋ ਗਿਆ।
ਦੱਸ ਦਈਏ ਕਿ ਬਾਜਵਾ ਨੇ ਸੈਸ਼ਨ ਜੱਜ ਅੱਗੇ ਆਪਣੀ ਜਾਨ ਨੂੰ ਸਰਕਾਰ ਤੋਂ ਖਤਰਾ ਦੱਸਿਆ ਅਤੇ ਸੁਰੱਖਿਆ ਦੀ ਮੰਗ ਕੀਤੀ ਸੀ। ਥਾਣੇਦਾਰ ਬਾਜਵਾ ਅਦਾਲਤ ‘ਚ ਆਪਣਾ ਰਿਵਾਲਵਰ ਵੀ ਜੱਜ ਦੇ ਸਾਹਮਣੇ ਲੈ ਗਿਆ। ਇਸ ਮੌਕੇ ਬਾਜਵਾ ਨੇ ਆਪਣਾ ਹੁਲੀਆ ਬਦਲਣ ਲਈ ਕੈਪਰੀ ਪਾਈ ਹੋਈ ਸੀ ਤੇ ਸਿਰ ਨੂੰ ਵੀ ਅਜੀਬ ਤਰੀਕੇ ਨਾਲ ਢਕਿਆ ਹੋਇਆ ਸੀ। ਅਦਾਲਤ ਵਿਚ ਕੈਪਰੀ ਪਾ ਕੇ ਆਉਣ ਦੀ ਜੱਜ ਨੇ ਰੋਕ ਲਗਾਈ ਹੋਈ ਹੈ। ਅਦਾਲਤੀ ਕੰਪਲੈਕਸ ‘ਚ ਡਿਊਟੀ ਦੇ ਰਹੇ ਪੁਲਿਸ ਮੁਲਾਜ਼ਮਾਂ ਨੇ ਬਾਜਵਾ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਦੌੜ ਕੇ ਕੋਰਟ ਰੂਮ ਵਿਚ ਪੁੱਜ ਕੇ ਕਟਹਿਰੇ ਵਿਚ ਖੜ੍ਹਾ ਹੋ ਗਿਆ। ਜੱਜ ਦੇ ਅੱਗੇ ਜਾ ਕੇ ਬਾਜਵਾ ਨੇ ਰਿਵਾਲਵਰ ਕੱਢ ਲਿਆ ਅਤੇ ਕਿਹਾ ਕਿ ਉਸ ਦੇ ਕੋਲ ਇਹੀ ਹਥਿਆਰ ਹੈ ਜਦਕਿ ਪੁਲਿਸ ਨੇ ਉਸ ਦੇ ਹਥਿਆਰ ਵਾਪਸ ਲੈ ਲਏ ਹਨ। ਜੱਜ ਨੇ ਬਾਜਵਾ ਦੀ ਅਪੀਲ ਸੁਣਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਸੁਰੱਖਿਆ ਮੁਹੱਈਆ ਕਰਵਾਉਣਾ ਉਨ੍ਹਾਂ ਦੇ ਅਧਿਕਾਰਾਂ ‘ਚ ਨਹੀਂ ਅਤੇ ਇਸ ਲਈ ਉਹ ਹਾਈ ਕੋਰਟ ਜਾ ਸਕਦੇ ਹਨ।
ਇਸ ਤੋਂ ਬਾਅਦ ਬਾਜਵਾ ਅੰਦਰ ਹੀ ਬੈਠ ਗਿਆ ਅਤੇ ਹਾਈ ਕੋਰਟ ਪਹੁੰਚਣ ਤੱਕ ਸੁਰੱਖਿਆ ਦੇਣ ਦੀ ਮੰਗ ਕੀਤੀ। ਇਸ ਤੋਂ ਬਾਅਦ ਜਦ ਸਮਝਾਉਣ ਤੋਂ ਬਾਅਦ ਬਾਜਵਾ ਨੂੰ ਅਦਾਲਤ ਤੋਂ ਬਾਹਰ ਲਿਆਂਦਾ ਗਿਆ ਤਾਂ ਗੇਟ ਤੋਂ ਨਿਕਲਦਿਆਂ ਹੀ ਥਾਣਾ ਬਾਰਾਂਦਰੀ ਦੀ ਪੁਲਿਸ ਨੇ ਬਾਜਵਾ ਨੂੰ ਹਿਰਾਸਤ ‘ਚ ਲੈ ਲਿਆ ਅਤੇ ਥਾਣੇ ਲੈ ਗਏ। ਗ੍ਰਿਫਤਾਰੀ ਤੋਂ ਪਹਿਲਾਂ ਥਾਣੇਦਾਰ ਬਾਜਵਾ ਨੇ ਐਸ਼ਐਚ. ਓ ਬਲਬੀਰ ਸਿੰਘ ਨਾਲ ਕਾਫੀ ਬਹਿਸ ਕੀਤੀ ਅਤੇ ਉਸ ਵੱਲੋਂ ਦਿੱਤੀਆਂ ਸ਼ਿਕਾਇਤਾਂ ਬਾਰੇ ਵੀ ਪੁੱਛਿਆ। ਬਾਜਵਾ ਦੇ ਵਕੀਲ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣ ਦੀ ਗੱਲ ਕੀਤੀ ਹੈ।