ਨਾਨਕਸ਼ਾਹੀ ਕੈਲੰਡਰ ਵਿਵਾਦ ਕਾਰਨ ਮੁੜ ਭੰਬਲਭੂਸਾ

ਅੰਮ੍ਰਿਤਸਰ: ਨਾਨਕਸ਼ਾਹੀ ਕੈਲੰਡਰ ਵਿਚ ਸੋਧ ਤੋਂ ਬਾਅਦ ਗੁਰਪੁਰਬ, ਸ਼ਹੀਦੀ ਪੁਰਬ ਅਤੇ ਹੋਰ ਦਿਨ ਤਿਉਹਾਰਾਂ ਦੀਆਂ ਤਰੀਕਾਂ ਵਿਚ ਹਰ ਵਰ੍ਹੇ ਆਉਂਦੇ ਬਦਲਾਅ ਦੌਰਾਨ ਇਸ ਵਾਰ ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਜੀ ਦੇ ਗੁਰਗੱਦੀ ਦਿਵਸ ਅਤੇ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਦੀਆਂ ਤਰੀਕਾਂ ਵਿਚ ਵੀ ਵੱਡਾ ਬਦਲਾਅ ਆਇਆ ਹੈ। ਇਸ ਕਾਰਨ ਸ਼੍ਰੋਮਣੀ ਕਮੇਟੀ ਵੱਲੋਂ ਹੁਣ ਛੇਵੇਂ ਪਾਤਸ਼ਾਹ ਦਾ ਗੁਰਗੱਦੀ ਦਿਵਸ 7 ਜੂਨ ਨੂੰ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ।

ਨਾਨਕਸ਼ਾਹੀ ਕੈਲੰਡਰ ਵਿਚ ਕੀਤੀ ਸੋਧ ਤੋਂ ਬਾਅਦ ਇਸ ਕੈਲੰਡਰ ਨੂੰ ਮੁੜ ਚੰਦਰ ਚਾਲ ਉਤੇ ਅਧਾਰਤ ਕੈਲੰਡਰ ਵਿਚ ਤਬਦੀਲ ਕਰ ਦਿੱਤਾ ਗਿਆ ਸੀ, ਜਿਸ ਕਾਰਨ ਹਰ ਵਰ੍ਹੇ ਤਰੀਕਾਂ ਵਿਚ ਬਦਲਾਅ ਹੁੰਦਾ ਹੈ। ਚੰਦਰ ਚਾਲ ਤਹਿਤ ਸਾਲ ਦੇ ਦਿਨ 365 ਦਿਨਾਂ ਦੀ ਥਾਂ ਤੇ ਦਿਨ ਘਟਦੇ ਵਧਦੇ ਰਹਿੰਦੇ ਹਨ। ਲਗਭਗ ਚਾਰ ਸਾਲਾਂ ਬਾਅਦ ਹਰ ਵਰ੍ਹੇ ਵਿਚ ਇਕ ‘ਮੱਲ ਮਾਸ’ ਵਜੋਂ ਇਕ ਮਹੀਨਾ ਵਾਧੂ ਸ਼ਾਮਲ ਕੀਤਾ ਜਾਂਦਾ ਹੈ, ਜਿਸ ਕਾਰਨ ਸਾਲ 13 ਮਹੀਨਿਆਂ ਦਾ ਬਣ ਜਾਂਦਾ ਹੈ। ਇਸ ਵਰ੍ਹੇ ਵਿਚ ਵੀ 13 ਮਹੀਨੇ ਹੋਣ ਕਾਰਨ ਗੁਰਪੁਰਬਾਂ ਅਤੇ ਸ਼ਹੀਦੀ ਪੁਰਬ ਦੀਆਂ ਤਰੀਕਾਂ ਵਿਚ ਵੱਡਾ ਬਦਲਾਅ ਆਇਆ ਹੈ। ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਹਰ ਵਰ੍ਹੇ ਪੰਜ ਜੂਨ ਨੂੰ ਨਿਰਧਾਰਤ ਕੀਤਾ ਗਿਆ ਸੀ ਜਦੋਂ ਕਿ ਸੋਧੇ ਹੋਏ ਕੈਲੰਡਰ ਮੁਤਾਬਕ ਇਹ ਹਰ ਵਰ੍ਹੇ ਕਦੇ ਮਈ ਅਤੇ ਕਦੇ ਜੂਨ ਵਿਚ ਆਉਂਦਾ ਹੈ। ਇਸ ਵਰ੍ਹੇ ਇਹ 17 ਜੂਨ ਨੂੰ ਮਨਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਗੁਰੂ ਹਰਿਗੋਬਿੰਦ ਜੀ ਦਾ ਗੁਰਗੱਦੀ ਦਿਵਸ ਇਸ ਵਰ੍ਹੇ ਸੋਧੇ ਹੋਏ ਕੈਲੰਡਰ ਮੁਤਾਬਕ 8 ਮਈ ਨੂੰ ਆ ਗਿਆ ਸੀ, ਜਿਸ ਨੂੰ ਹੁਣ ਕੈਲੰਡਰ ਕਮੇਟੀ ਦੀ ਮੀਟਿੰਗ ਮਗਰੋਂ 7 ਜੂਨ ਨੂੰ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ।
ਪੰਜਵੇਂ ਗੁਰੂ ਦੇ ਸ਼ਹੀਦੀ ਪੁਰਬ ਅਤੇ ਛੇਵੇਂ ਗੁਰੂ ਦੇ ਗੁਰਤਾਗੱਦੀ ਦਿਵਸ ਵਿਚ ਲਗਭਗ 40 ਦਿਨਾਂ ਦਾ ਅੰਤਰ ਆਉਣ ਮਗਰੋਂ ਇਸ ਸਬੰਧੀ ਸਿੱਖ ਸੰਗਤ ਵੱਲੋਂ ਸ਼ਿਕਾਇਤ ਕੀਤੀ ਜਾ ਰਹੀ ਸੀ। ਇਹ ਸ਼ਿਕਾਇਤਾਂ ਅਕਾਲ ਤਖਤ ਦੇ ਜਥੇਦਾਰ ਕੋਲ ਵੀ ਪੁੱਜੀਆਂ ਸਨ। ਇਨ੍ਹਾਂ ਸ਼ਿਕਾਇਤਾਂ ਦੇ ਆਧਾਰ ਉਤੇ ਹੀ ਉਨ੍ਹਾਂ ਨੇ ਇਹ ਮਾਮਲਾ ਕੈਲੰਡਰ ਕਮੇਟੀ ਕੋਲ ਵਿਚਾਰਨ ਲਈ ਭੇਜਿਆ ਸੀ। ਕੈਲੰਡਰ ਕਮੇਟੀ ਦੀ ਹੋਈ ਮੀਟਿੰਗ ਵਿਚ ਕੀਤੇ ਫੈਸਲੇ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਪ੍ਰਵਾਨਗੀ ਦਿੱਤੀ ਗਈ ਹੈ। ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਅਤੇ ਬੁਲਾਰੇ ਦਿਲਜੀਤ ਸਿੰਘ ਬੇਦੀ ਨੇ ਆਖਿਆ ਕਿ ਸ਼ਹੀਦੀ ਪੁਰਬ ਅਤੇ ਗੁਰਗੱਦੀ ਦਿਵਸ ਦੀਆਂ ਤਰੀਕਾਂ ਵਿਚ ਪਾਈ ਜਾ ਰਹੀ ਦੁਵਿਧਾ ਕਾਰਨ ਸਬ ਕਮੇਟੀ ਵੱਲੋਂ ਮਾਮਲਾ ਵਿਚਾਰਿਆ ਗਿਆ ਸੀ ਅਤੇ ਰਿਪੋਰਟ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਭੇਜੀ ਸੀ। ਉਨ੍ਹਾਂ ਆਖਿਆ ਕਿ ਹੁਣ ਸ਼੍ਰੋਮਣੀ ਕਮੇਟੀ ਵੱਲੋਂ ਛੇਵੇਂ ਗੁਰੂ ਦਾ ਗੁਰਗੱਦੀ ਦਿਵਸ 7 ਜੂਨ ਨੂੰ ਮਨਾਇਆ ਜਾਵੇਗਾ। ਦੱਸਣਯੋਗ ਹੈ ਕਿ ਮੂਲ ਨਾਨਕਸ਼ਾਹੀ ਕੈਲੰਡਰ ਅਤੇ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਕਾਰਨ ਹਰ ਵਰ੍ਹੇ ਹੀ ਗੁਰਪੁਰਬ ਅਤੇ ਸ਼ਹੀਦੀ ਪੁਰਬ ਦੀਆਂ ਤਰੀਕਾਂ ਵਿਚ ਵਖਰੇਵੇਂ ਆ ਰਹੇ ਹਨ, ਜਿਸ ਕਾਰਨ ਸੰਗਤ ਵਿਚ ਨਿਰੰਤਰ ਦੁਵਿਧਾ ਬਣੀ ਹੋਈ ਹੈ। ਸੰਗਤ ਵੱਲੋਂ ਇਹ ਦਿਨ ਦਿਹਾੜੇ ਦੋ-ਦੋ ਵਾਰ ਮਨਾਏ ਜਾ ਰਹੇ ਹਨ। ਮੂਲ ਨਾਨਕਸ਼ਾਹੀ ਕੈਲੰਡਰ ਨੂੰ ਮੁੜ ਲਾਗੂ ਕਰਨ ਦੀ ਨਿਰੰਤਰ ਹੋ ਰਹੀ ਮੰਗ ਨੂੰ ਅਕਾਲ ਤਖਤ ਅਤੇ ਸ਼੍ਰੋਮਣੀ ਕਮੇਟੀ ਦੋਵਾਂ ਵੱਲੋਂ ਹੁਣ ਤੱਕ ਅਣਗੌਲਿਆ ਕੀਤਾ ਜਾ ਰਿਹਾ ਹੈ। ਇਸ ਕੈਲੰਡਰ ਵਿਵਾਦ ਕਾਰਨ ਸਿੱਖ ਸੰਗਤ ਵਿਚ ਵੀ ਪਾੜਾ ਵਧਿਆ ਹੈ।