ਸਰਦਾਰ ਜੱਸਾ ਸਿੰਘ ਆਹਲੂਵਾਲੀਆ

ਸਰਦਾਰ ਜੱਸਾ ਸਿੰਘ ਆਹਲੂਵਾਲੀਆ ਉਹ ਸਿੱਖ ਸਰਦਾਰ ਸਨ ਜਿਨ੍ਹਾਂ ਨੇ ਮਾਤਾ ਸੁੰਦਰੀ ਜੀ ਦਾ ਸਾਥ ਮਾਣਿਆ ਅਤੇ ਫਿਰ ਨਵਾਬ ਕਪੂਰ ਸਿੰਘ ਦੀ ਰਹਿਨੁਮਾਈ ਹੇਠ ਸਿੱਖ ਫੌਜਾਂ ਦੀ ਅਗਵਾਈ ਕੀਤੀ। ਸਰਦਾਰ ਆਹਲੂਵਾਲੀਆ ਦੀ ਅਗਵਾਈ ਹੇਠ ਅਹਿਮਦ ਸ਼ਾਹ ਅਬਦਾਲੀ ਦਾ ਟਾਕਰਾ ਕਰਦਿਆਂ ਭਾਵੇਂ ਸਿੱਖ ਫੌਜਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਜਿਸ ਨੂੰ ਵੱਡਾ ਘੱਲੂਘਾਰਾ ਕਿਹਾ ਜਾਂਦਾ ਹੈ, ਪਰ ਅਬਦਾਲੀ ਨੂੰ ਸਿੱਖਾਂ ਦੀ ਬਹਾਦਰੀ ਦਾ ਲੋਹਾ ਮੰਨਣਾ ਪਿਆ। ਅੰਮ੍ਰਿਤਸਰ ਦੀ ਲੜਾਈ ਵਿਚ ਤਾਂ ਸਰਦਾਰ ਜੱਸਾ ਸਿੰਘ ਦੀ ਅਗਵਾਈ ਹੇਠ ਫੌਜਾਂ ਨੇ ਅਬਦਾਲੀ ਦੇ ਦੰਦ ਸਹੀ ਅਰਥਾਂ ਵਿਚ ਖੱਟੇ ਕੀਤੇ। ਇਸ ਲੇਖ ਵਿਚ ਲੇਖਕ ਨੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੇ ਜੀਵਨ ‘ਤੇ ਇਕ ਝਾਤ ਪੁਆਈ ਹੈ।

-ਸੰਪਾਦਕ

ਹਰਮਹਿੰਦਰ ਚਹਿਲ
ਸ਼ਾਇਦ ਹੀ ਕੋਈ ਅਜਿਹਾ ਸਿੱਖ ਹੋਵੇ ਜਿਸ ਨੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦਾ ਨਾਂ ਨਾ ਸੁਣਿਆ ਹੋਵੇ। ਜਦੋਂ ਕਿਤੇ ਸਿੱਖ ਇਤਿਹਾਸ ਅਤੇ ਖਾਸ ਕਰਕੇ 18ਵੀਂ ਸਦੀ ਦੇ ਸਿੱਖ ਸੂਰਬੀਰਾਂ ਦੀ ਗੱਲ ਚੱਲਦੀ ਹੈ ਤਾਂ ਜੱਸਾ ਸਿੰਘ ਆਹਲੂਵਾਲੀਆ ਦਾ ਨਾਂ ਬੜੇ ਮਾਣ ਸਤਿਕਾਰ ਨਾਲ ਲਿਆ ਜਾਂਦਾ ਹੈ। ਉਹ ਮਹਾਨ ਯੋਧੇ ਹੀ ਨਹੀਂ ਸਨ ਸਗੋਂ ਉਨ੍ਹਾਂ ਵਿਚ ਕੌਮ ਦੀ ਅਗਵਾਈ ਕਰਨ ਵਾਲੇ ਸਾਰੇ ਗੁਣ ਸਨ। ਉਨ੍ਹਾਂ ਬੜੇ ਔਖੇ ਵੇਲਿਆਂ ਵਿਚ ਸਿੱਖ ਪੰਥ ਦੀ ਅਗਵਾਈ ਕੀਤੀ ਅਤੇ ਔਖੇ ਵੇਲੇ ਵੀ ਬੜੇ ਬੇਬਾਕ ਹੋ ਕੇ ਪੰਥ ਨੂੰ ਮੁਸ਼ਕਿਲ ‘ਚੋਂ ਕੱਢਣ ਲਈ ਢੁਕਵੇਂ ਫੈਸਲੇ ਲਏ।
ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦਾ ਜਨਮ 3 ਮਈ 1718 ਨੂੰ ਲਾਹੌਰ ਜਿਲੇ ਦੇ ਪਿੰਡ ਆਹਲੂਵਾਲ ਵਿਖੇ ਸਰਦਾਰ ਬਦਰ ਸਿੰਘ ਦੇ ਘਰ ਹੋਇਆ। ਉਨ੍ਹਾਂ ਦਾ ਪਰਿਵਾਰ ਇਕ ਚੰਗਾ ਖਾਂਦਾ ਪੀਂਦਾ ਜਿਮੀਦਾਰਾ ਪਰਿਵਾਰ ਸੀ। ਛੋਟੀ ਉਮਰ ਵਿਚ ਹੀ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ। ਇਸ ਉਪਰੰਤ ਉਨ੍ਹਾਂ ਦੇ ਮਾਤਾ ਜੀ ਜੱਸਾ ਸਿੰਘ ਨੂੰ ਦਿੱਲੀ ਲੈ ਗਏ। ਉਥੇ ਜਾ ਕੇ ਉਨ੍ਹਾਂ ਨੂੰ ਮਾਤਾ ਸੁੰਦਰੀ ਜੀ ਦੇ ਨੇੜੇ ਰਹਿਣ ਦਾ ਸੁਭਾਗ ਪ੍ਰਾਪਤ ਹੋਇਆ। ਮਾਤਾ ਸੁੰਦਰੀ ਜੀ ਦੀ ਸੰਗਤ ਵਿਚ ਜੱਸਾ ਸਿੰਘ ਬੜਾ ਰਸਭਿੰਨਾ ਕੀਰਤਨ ਕਰਨ ਲੱਗੇ। ਕੁਝ ਸਮੇਂ ਬਾਅਦ ਉਨ੍ਹਾਂ ਦੇ ਮਾਤਾ ਜੀ ਉਨ੍ਹਾਂ ਨੂੰ ਲੈ ਕੇ ਵਾਪਸ ਪੰਜਾਬ ਆ ਗਏ ਤੇ ਜਲੰਧਰ ਨੇੜੇ ਵਸੇਬਾ ਕੀਤਾ। ਗੁਰਬਾਣੀ ਨਾਲ ਜੁੜੇ ਹੋਣ ਕਾਰਨ ਜੱਸਾ ਸਿੰਘ ਹਰ ਰੋਜ਼ ਸਵੇਰੇ ਵੇਲੇ ਆਸਾ ਦੀ ਵਾਰ ਦਾ ਕੀਰਤਨ ਕਰਦੇ, ਬੜੀ ਸੋਹਣੀ ਰਬਾਬ ਵਜਾਉਂਦੇ। ਸੰਗਤਾਂ ਕੀਰਤਨ ਸੁਣ ਕੇ ਨਿਹਾਲ ਹੋ ਜਾਂਦੀਆਂ। ਇਕ ਵਾਰ ਗੁਰਪੁਰਬ ਮੌਕੇ ਜੱਸਾ ਸਿੰਘ ਪਰਿਵਾਰ ਸਮੇਤ ਕੀਰਤਪੁਰ ਸਾਹਿਬ ਗਏ। ਉਥੇ ਨਵਾਬ ਕਪੂਰ ਸਿੰਘ ਹੋਰਾਂ ਨੇ ਜੱਸਾ ਸਿੰਘ ਦਾ ਕੀਰਤਨ ਸੁਣਿਆ ਤਾਂ ਬੜੇ ਪ੍ਰਭਾਵਤ ਹੋਏ। ਉਨ੍ਹਾਂ ਪਰਿਵਾਰ ਨੂੰ ਬੇਨਤੀ ਕਰਦਿਆਂ ਜੱਸਾ ਸਿੰਘ ਨੂੰ ਆਪਣੇ ਕੋਲ ਹੀ ਰੱਖ ਲਿਆ।
ਨਵਾਬ ਕਪੂਰ ਸਿੰਘ ਜਿੱਥੇ ਬੜੇ ਬਹਾਦਰ ਅਤੇ ਯੋਗ ਲੀਡਰ ਸਨ, ਉਥੇ ਬੜੇ ਸ਼ਰਧਾਵਾਨ ਸਿੱਖ ਸਨ। ਉਨ੍ਹਾਂ ਬੜੀ ਛੇਤੀ ਜੱਸਾ ਸਿੰਘ ਅੰਦਰਲੇ ਬਹਾਦਰੀ ਅਤੇ ਲੀਡਰੀ ਦੇ ਗੁਣ ਪਛਾਣ ਲਏ। ਉਦੋਂ ਮੁਗਲ ਹੁਕਮਰਾਨ ਸਿੱਖਾਂ ਨੂੰ ਖਤਮ ਕਰਨ ‘ਤੇ ਤੁਲੇ ਹੋਏ ਸਨ। ਇਸ ਕਰਕੇ ਸਿੱਖਾਂ ਨੂੰ ਬੜੀਆਂ ਜੰਗਾਂ ਲੜਨੀਆਂ ਪਈਆਂ। ਜੱਸਾ ਸਿੰਘ ਹਰ ਜੰਗ ‘ਚ ਵਧ ਚੜ੍ਹ ਕੇ ਹਿੱਸਾ ਲੈਂਦੇ ਅਤੇ ਯੋਗਤਾ ਨਾਲ ਜਿੱਤ ਪ੍ਰਾਪਤ ਕਰਦੇ। ਉਸ ਵੇਲੇ ਇੱਕ ਘਾਟ ਜ਼ਰੂਰ ਸੀ ਕਿ ਸਿੱਖ ਵੱਖੋ ਵੱਖਰੇ ਦਰਜਨਾਂ ਗਰੁਪਾਂ ‘ਚ ਵੰਡੇ ਹੋਏ ਸਨ, ਕੋਈ ਸਾਂਝੀ ਕਮਾਂਡ ਨਹੀਂ ਸੀ।
ਪੰਥ ਨੇ 1745 ਵਿਚ ਸਰਬੱਤ ਖਾਲਸਾ ਬੁਲਾਇਆ। ਉਸ ਵੇਲੇ ਨਵਾਬ ਕਪੂਰ ਸਿੰਘ ਨੇ ਸਾਰੇ ਲੀਡਰਾਂ ਨਾਲ ਸਲਾਹ ਮਸ਼ਵਰਾ ਕੀਤਾ। ਬੜੀ ਸੋਚ ਵਿਚਾਰ ਪਿੱਛੋਂ ਬਾਰਾਂ ਗਰੁਪ ਬਣਾਏ ਗਏ। ਹਰ ਇਕ ਨੂੰ ਵੱਖਰਾ ਨਾਮ, ਵੱਖਰਾ ਝੰਡਾ ਅਤੇ ਵੱਖਰਾ ਹੀ ਲੀਡਰ ਦਿੱਤਾ ਗਿਆ। ਇਨ੍ਹਾਂ ਗਰੁਪਾਂ ਨੂੰ ਮਿਸਲਾਂ ਦਾ ਨਾਂ ਦਿੱਤਾ ਗਿਆ। ਜੱਸਾ ਸਿੰਘ ਨੂੰ ਆਹਲੂਵਾਲੀਆ ਮਿਸਲ ਦਾ ਮੁਖੀ ਬਣਾਇਆ ਗਿਆ। ਇਥੋਂ ਹੀ ਉਨ੍ਹਾਂ ਦੇ ਨਾਂ ਨਾਲ ਆਹਲੂਵਾਲੀਆ ਲਾਇਆ ਜਾਣ ਲੱਗਾ। ਇਸ ਤੋਂ ਬਿਨਾ ਉਨ੍ਹਾਂ ਨੂੰ ਸਾਰੀਆਂ ਮਿਸਲਾਂ ਦੀਆਂ ਫੌਜਾਂ ਦਾ ਸੁਪਰੀਮ ਕਮਾਂਡਰ ਥਾਪਿਆ ਗਿਆ। ਸਾਰੀਆਂ ਮਿਸਲਾਂ ਦਾ ਇਕੱਠ ਜਿਸ ਨੂੰ ਦਲ ਖਾਲਸਾ ਕਿਹਾ ਗਿਆ, ਦੇ ਮੁਖੀ ਨਵਾਬ ਕਪੂਰ ਸਿੰਘ ਸਨ। ਪਰ 1753 ਵਿਚ ਮੌਤ ਤੋਂ ਪਹਿਲਾਂ ਉਹ ਆਪਣੀ ਥਾਂ ਜੱਸਾ ਸਿੰਘ ਆਹਲੂਵਾਲੀਆ ਨੂੰ ਦੇ ਗਏ। ਜੱਸਾ ਸਿੰਘ ਆਹਲੂਵਾਲੀਆ ਨੇ ਸਿੱਖ ਫੌਜਾਂ ਨੂੰ ਬੜੀ ਯੋਗ ਅਗਵਾਈ ਦਿੱਤੀ ਤੇ 1761 ‘ਚ ਖਾਲਸੇ ਨੇ ਲਾਹੌਰ ‘ਤੇ ਕਬਜ਼ਾ ਕਰ ਲਿਆ। ਇਸ ਮਹਾਨ ਜਿੱਤ ਮੌਕੇ ਖਾਲਸਾ ਪੰਥ ਨੇ ਜੱਸਾ ਸਿੰਘ ਆਹਲੂਵਾਲੀਆ ਨੂੰ ਸੁਲਤਾਨ-ਉਲ-ਕੌਮ ਦਾ ਖਿਤਾਬ ਬਖਸ਼ਿਆ। ਹਰਿਮੰਦਰ ਸਾਹਿਬ, ਜਿਸ ਦੀ ਕਿ ਅਬਦਾਲੀ ਨੇ ਤਬਾਹੀ ਕੀਤੀ ਸੀ, ਦੀ ਨਵ-ਉਸਾਰੀ ਦਾ ਕੰਮ ਵੀ ਸਰਦਾਰ ਆਹਲੂਵਾਲੀਆ ਨੇ ਹੀ ਕਰਵਾਇਆ।
ਇਰਾਨੀ ਬਾਦਸ਼ਾਹ ਨਾਦਰ ਸ਼ਾਹ ਨੇ 1738 ‘ਚ ਹਿੰਦ ‘ਤੇ ਭਰਵਾਂ ਹਮਲਾ ਬੋਲਿਆ। ਛੇਤੀ ਹੀ ਉਸ ਨੇ ਮੁਗਲ ਸਾਮਰਾਜ ਦੀ ਜੜ੍ਹਾਂ ਉਖਾੜ ਦਿੱਤੀਆਂ। ਬਹੁਤ ਭਾਰੀ ਲੁੱਟ ਮਾਲ ਦੇ ਸਮਾਨ ਨਾਲ ਉਹ 1739 ਵਿਚ ਵਾਪਸ ਇਰਾਨ ਵੱਲ ਮੁੜਿਆ। ਹੋਰ ਸਮਾਨ ਤੋਂ ਬਿਨਾਂ ਉਸ ਨੇ ਹਜ਼ਾਰਾਂ ਹਿੰਦੂ ਔਰਤਾਂ ਨੂੰ ਬੰਦੀ ਬਣਾਇਆ ਹੋਇਆ ਸੀ। ਜਦੋਂ ਉਹ ਪੰਜਾਬ ‘ਚੋਂ ਲੰਘਣ ਲੱਗਿਆ ਤਾਂ ਇਨ੍ਹਾਂ ਬੀਬੀਆਂ ਨੂੰ ਰਿਹਾ ਕਰਵਾਉਣਾ ਸਿੱਖ ਪੰਥ ਨੇ ਆਪਣਾ ਫਰਜ਼ ਸਮਝਿਆ। ਇਸ ਕੰਮ ਨੂੰ ਅੰਜ਼ਾਮ ਦੇਣ ਲਈ ਜੱਸਾ ਸਿੰਘ ਆਹਲੂਵਾਲੀਆ ਨੇ ਸਿੰਘਾਂ ਦੇ ਦਸਤੇ ਤਿਆਰ ਕੀਤੇ ਅਤੇ ਹਮਲੇ ਅਰੰਭ ਦਿੱਤੇ। ਬੜੀ ਛੇਤੀ ਉਨ੍ਹਾਂ ਸਭ ਔਰਤਾਂ ਨੂੰ ਰਿਹਾ ਕਰਵਾ ਕੇ ਘਰੋ ਘਰੀਂ ਪਹੁੰਚਾਇਆ।
ਨਾਦਰ ਸ਼ਾਹ ਦੇ ਕਤਲ ਤੋਂ ਬਾਅਦ ਉਸ ਦਾ ਹੀ ਇਕ ਕਮਾਂਡਰ ਅਹਿਮਦ ਸ਼ਾਹ ਅਬਦਾਲੀ ਅਫਗਾਨਿਸਤਾਨ ਦਾ ਬਾਦਸ਼ਾਹ ਬਣ ਗਿਆ। ਦਸੰਬਰ 1747 ਤੋਂ ਸ਼ੁਰੂ ਹੋ ਕੇ 1769 ਤੱਕ ਅਬਦਾਲੀ ਨੇ ਹਿੰਦ ‘ਤੇ ਪੂਰੇ ਨੌਂ ਹਮਲੇ ਕੀਤੇ। ਹਰ ਵਾਰ ਉਸ ਦੀਆਂ ਫੌਜਾਂ ਨੂੰ ਪੰਜਾਬ ‘ਚੋਂ ਲੰਘ ਕੇ ਜਾਣਾ ਪੈਂਦਾ, ਜਿੱਥੇ ਉਸ ਦਾ ਅੱਗੇ ਜਾਣਾ ਅਤੇ ਪਿਛਾਂਹ ਮੁੜਨਾ, ਸਿੰਘ ਫੌਜਾਂ ਦੁੱਭਰ ਕਰ ਦਿੰਦੀਆਂ। ਉਹ ਵੇਖ ਰਿਹਾ ਸੀ ਕਿ ਸਿੱਖ ਦਿਨੋਂ ਦਿਨ ਤਾਕਤਵਰ ਹੋ ਰਹੇ ਹਨ ਅਤੇ ਆਲੇ ਦੁਆਲੇ ਫੈਲਦੇ ਜਾ ਰਹੇ ਹਨ। ਉਸ ਦੇ ਪੰਜਵੇਂ ਹਮਲੇ ਵੇਲੇ ਤੱਕ ਸਿੱਖ ਇੰਨੇ ਤਾਕਤਵਰ ਹੋ ਗਏ ਸਨ ਕਿ ਉਨ੍ਹਾਂ ਅਬਦਾਲੀ ਦੇ ਜਨਰਲ ਨੂਰ ਉਦ ਦੀਨ ਬਾਮਜ਼ਾਈ ਨੂੰ ਪੰਜਾਬ ਹੀ ਨਾ ਲੰਘਣ ਦਿੱਤਾ ਤੇ ਹਰਾ ਕੇ ਵਾਪਸ ਭਜਾ ਦਿੱਤਾ। ਇਸ ਵੇਲੇ ਸਿੱਖਾਂ ਨੇ ਜੱਸਾ ਸਿੰਘ ਆਹਲੂਵਾਲੀਆ ਨੂੰ ਲਾਹੌਰ ਦਾ ਹਾਕਮ ਥਾਪ ਦਿੱਤਾ ਹੋਇਆ ਸੀ। ਅਬਦਾਲੀ ਦੰਦ ਪੀਹਣ ਲੱਗਾ। ਉਸ ਨੇ ਐਲਾਨ ਕੀਤਾ ਕਿ ਉਸ ਦਾ ਅਗਲਾ ਹਮਲਾ ਸਿਰਫ ਅਤੇ ਸਿਰਫ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਲਈ ਹੋਵੇਗਾ।
ਇਸੇ ਮੰਤਵ ਨਾਲ ਫਰਵਰੀ 1762 ਵਿਚ ਅਹਿਮਦਸ਼ਾਹ ਅਬਦਾਲੀ ਨੇ ਭਾਰੀ ਫੌਜ ਨਾਲ ਹਿੰਦ ਵੱਲ ਨੂੰ ਕੂਚ ਕੀਤਾ। ਸਿੱਖ ਵੀ ਸਮਝ ਗਏ ਕਿ ਇਸ ਵਾਰ ਅਬਦਾਲੀ ਲੁੱਟ ਮਾਰ ਕਰਨ ਨਹੀਂ ਬਲਕਿ ਸਿੱਖਾਂ ਨੂੰ ਖਤਮ ਕਰਨ ਆ ਰਿਹਾ ਹੈ। ਉਹ ਆਪਣੀ ਤਾਕਤ ਦਾ ਅਨੁਮਾਨ ਲਾਉਂਦਿਆਂ ਵਿਉਂਤਾਂ ਬਣਾਉਣ ਲੱਗੇ। ਉਨ੍ਹਾਂ ਨੂੰ ਪਤਾ ਸੀ ਕਿ ਅਬਦਾਲੀ ਦੀ ਲੱਖਾਂ ਦੀ ਫੌਜ ਨਾਲ ਉਹ ਆਹਮੋ-ਸਾਹਮਣੇ ਲੜਾਈ ਨਹੀਂ ਲੜ ਸਕਦੇ। ਇਸ ਕਰਕੇ ਪੰਥ ਦੇ ਮੁਖੀ ਜੱਸਾ ਸਿੰਘ ਆਹਲੂਵਾਲੀਆ ਨੇ ਸਾਰੀਆਂ ਮਿਸਲਾਂ ਦੇ ਮੋਢੀਆਂ ਨਾਲ ਮਿਲ ਕੇ ਸਲਾਹਾਂ ਕੀਤੀਆਂ। ਫੈਸਲਾ ਇਹ ਹੋਇਆ ਕਿ ਇਸ ਵੇਲੇ ਸਿੱਖ ਪਾਸੇ ਹੋ ਜਾਣ ਤਾਂ ਕਿ ਇਸ ਵੱਡੀ ਆਫਤ ਤੋਂ ਬਚਾ ਹੋ ਸਕੇ। ਸਾਰੀ ਸਿੱਖ ਆਬਾਦੀ ਨੂੰ ਇਕੱਠਾ ਕਰਕੇ ਕਾਫਲੇ ਦੇ ਰੂਪ ਵਿਚ ਮਾਲਵੇ ਵੱਲ ਜਾਣ ਦਾ ਐਲਾਨ ਹੋਇਆ। ਕਿਉਂਕਿ ਮਾਲਵੇ ਵਿਚ ਉਸ ਵੇਲੇ ਮੁਗਲ ਰਾਜ ਨਹੀਂ ਸਗੋਂ ਆਲਾ ਸਿੰਘ ਦਾ ਰਾਜ ਸੀ। ਸੋ ਉਮੀਦ ਸੀ ਕਿ ਉਥੇ ਸੁਰੱਖਿਆ ਮਿਲੇਗੀ।
ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਨੂੰ ਕਾਫਲੇ ਦੇ ਵਿਚਕਾਰ ਲੈ ਕੇ ਸਿੰਘ ਫੌਜੀ ਆਲੇ ਦੁਆਲੇ ਹੋ ਗਏ। ਇਸ ਤਰ੍ਹਾਂ ਕਾਫਲੇ ਨੂੰ ਤੋਰਦੇ ਉਹ ਮਾਲਵੇ ਵੱਲ ਵਧਣ ਲੱਗੇ। ਉਧਰੋਂ ਅਬਦਾਲੀ ਵੀ ਮਾਰੋ ਮਾਰ ਕਰਦਾ ਆ ਰਿਹਾ ਸੀ। ਅਬਦਾਲੀ ਦੀਆਂ ਫੌਜਾਂ ਅਤੇ ਸਿੱਖ ਕਾਫਲੇ ਦੇ ਵਿਚਕਾਰ ਜੱਸਾ ਸਿੰਘ ਆਹਲੂਵਾਲੀਆ, ਚੜ੍ਹਤ ਸਿੰਘ ਸ਼ੁਕਰਚੱਕੀਆ, ਹਰੀ ਸਿੰਘ ਢਿੱਲੋਂ ਅਤੇ ਹੋਰ ਮਿਸਲਦਾਰ ਸਨ। ਇਸ ਵਿਉਂਤਬੰਦੀ ਦਾ ਸਾਰਾ ਦਿਸ਼ਾ ਨਿਰਦੇਸ਼ ਜੱਸਾ ਸਿੰਘ ਆਹਲੂਵਾਲੀਆ ਦਾ ਸੀ। ਕਾਫਲਾ ਤੁਰਦਾ ਗਿਆ ਤੇ ਕਾਫਲੇ ਨੂੰ ਬਚਾਉਂਦੇ ਹੋਏ ਆਹਲੂਵਾਲੀਆ ਅਤੇ ਹੋਰ ਮੋਢੀ, ਅਬਦਾਲੀ ਨਾਲ ਲੜਦੇ ਹੋਏ ਕਾਫਲੇ ਦੇ ਮਗਰ ਮਗਰ ਪਿਛਾਂਹ ਹਟਦੇ ਗਏ। ਪਰ ਅਬਦਾਲੀ ਦੀ ਫੌਜ ਬਹੁਤ ਵੱਡੀ ਸੀ ਤੇ ਉਹ ਟਿੱਡੀ ਦਲ ਦੀ ਤਰ੍ਹਾਂ ਉਪਰ ਚੜ੍ਹਦੀ ਆਉਂਦੀ ਗਈ। ਆਖਰ ਕਾਫਲਾ ਮਲੇਰਕੋਟਲੇ ਨੇੜਲੇ ਪਿੰਡ ਕੁੱਪ ਰਹੀੜੇ ਆ ਪਹੁੰਚਿਆ। ਇੱਥੇ ਵੱਡੀ ਢਾਬ ਸੀ ਅਤੇ ਮੋਢੀਆਂ ਸੋਚਿਆ ਕਿ ਪਾਣੀ ਲਈ ਇਸ ਤੋਂ ਵਧੀਆ ਥਾਂ ਹੋਰ ਕਿਧਰੇ ਨਹੀਂ ਮਿਲੇਗੀ। ਸੋ ਉਨ੍ਹਾਂ ਕਾਫਲਾ ਆਪਣੇ ਘੇਰੇ ਅੰਦਰ ਲੈ ਲਿਆ ਅਤੇ ਆਪ ਸਿਰਾਂ ‘ਤੇ ਕੱਫਣ ਬੰਨ ਕੇ ਲੜਨ ਲੱਗੇ।
ਇੱਥੇ ਸਿੰਘ ਫੌਜੀਆਂ ਅਤੇ ਉਨ੍ਹਾਂ ਦੇ ਜਰਨੈਲਾਂ ਦੀ ਬਹਾਦਰੀ ਬਿਆਨ ਕਰਨ ਲਈ ਸ਼ਬਦ ਮੁੱਕ ਜਾਂਦੇ ਹਨ। ਚੜ੍ਹਤ ਸਿੰਘ ਸ਼ੁਕਰਚੱਕੀਆ ਦੇ ਪੰਜ ਘੋੜੇ ਮਾਰੇ ਗਏ ਪਰ ਉਹ ਇਕ ਨੂੰ ਛੱਡ ਕੇ ਦੂਜੇ ‘ਤੇ ਸਵਾਰ ਹੋ ਜਾਂਦਾ ਸੀ। ਇਵੇਂ ਹੀ ਹੋਰਨਾਂ ਲੀਡਰਾਂ ਦੇ ਸਰੀਰ ਜ਼ਖਮਾਂ ਨਾਲ ਭਰ ਗਏ ਪਰ ਉਹ ਲੜਨੋਂ ਨਾ ਹਟੇ। ਜੱਸਾ ਸਿੰਘ ਆਹਲੂਵਾਲੀਆ ਦੇ ਸਰੀਰ ਉਪਰ ਜ਼ਖਮਾਂ ਦੇ ਬਹੱਤਰ ਨਿਸ਼ਾਨ ਸਨ। ਪਰ ਨਾ ਉਨ੍ਹਾਂ ਦਰਦ ਮੰਨਿਆ ਤੇ ਨਾ ਲੜਨੋਂ ਹਟੇ। ਇਤਿਹਾਸ ਕਹਿੰਦਾ ਹੈ ਕਿ ਜੱਸਾ ਸਿੰਘ ਲੜਦੇ ਹੋਏ ਅਬਦਾਲੀ ਦੇ ਸਾਹਮਣੇ ਜਾ ਪਹੁੰਚੇ। ਅਬਦਾਲੀ ਨੂੰ ਨਿਸ਼ਾਨਾ ਬਣਾ ਕੇ ਖੰਡੇ ਦਾ ਇੰਨਾ ਭਰਵਾਂ ਵਾਰ ਕੀਤਾ ਕਿ ਅਬਦਾਲੀ ਤਾਂ ਪਾਸਾ ਵੱਟ ਗਿਆ ਪਰ ਉਸ ਦਾ ਘੋੜਾ ਵਿਚਕਾਰੋਂ ਚੀਰਿਆ ਗਿਆ। ਸਿੱਖਾਂ ਦਾ ਹੌਸਲਾ ਵੇਖ ਕੇ ਅਬਦਾਲੀ ਨੇ ਦੰਦਾਂ ਹੇਠ ਜੀਭ ਲੈ ਲਈ। ਪਰ ਉਸ ਦੀ ਫੌਜ ਦੀ ਗਿਣਤੀ ਬਹੁਤ ਵੱਡੀ ਸੀ ਤੇ ਸਿੱਖ ਘਿਰੇ ਹੋਏ ਸਨ। ਅਬਦਾਲੀ ਦਾ ਹੁਕਮ ਸੀ ਕਿ ਕਿਸੇ ਵੀ ਗੈਰ ਮੁਸਲਿਮ ਨੂੰ ਜਿਉਂਦਾ ਨਹੀਂ ਛੱਡਣਾ।
ਸ਼ਾਮ ਹੋਣ ਤੱਕ ਉਸ ਨੇ ਕਰੀਬ ਵੀਹ ਹਜ਼ਾਰ ਸਿੱਖ ਮਾਰ ਮੁਕਾਏ। ਆਪਣੀ ਜਾਚੇ ਉਸ ਨੇ ਸਭ ਸਿੱਖ ਮਾਰ ਦਿੱਤੇ ਸਨ। ਇੰਨੇ ਨੂੰ ਹਨੇਰਾ ਪੈਣ ਲੱਗਾ। ਉਸ ਦੀਆਂ ਫੌਜਾਂ ਪਿਛਾਂਹ ਹਟ ਗਈਆਂ। ਇੱਧਰ ਬਚੇ ਹੋਏ ਸਿੱਖ ਬਰਨਾਲੇ ਵੱਲ ਨਿਕਲ ਗਏ। ਇਸ ਕਤਲੇਆਮ ਨੂੰ ਸਿੱਖ ਇਤਿਹਾਸ ਵਿਚ ਵੱਡਾ ਘੱਲੂਘਾਰਾ ਕਿਹਾ ਜਾਂਦਾ ਹੈ।
ਅਗਲੇ ਦਿਨ ਕੁਝ ਉਦਾਸ ਸਿੰਘਾਂ ਨੇ ਜੱਸਾ ਸਿੰਘ ਆਹਲੂਵਾਲੀਆ ਨੂੰ ਪੁੱਛਿਆ ਕਿ ਜਥੇਦਾਰ ਜੀ ਆਪਣੇ ਤਾਂ ਸਭ ਲੋਕ ਮਾਰੇ ਗਏ, ਹੁਣ ਕੀ ਬਣੇਗਾ। ਸਰਦਾਰ ਜੱਸਾ ਸਿੰਘ ਨੇ ਮੁਸਕਰਾਉਂਦਿਆਂ ਕਿਹਾ ਕਿ ਕਾਣ ਕਾਣ ਝੜ ਗਿਆ ਹੈ ਤੇ ਜੋ ਬਚਿਆ ਹੈ ਇਹ ਸ਼ੁੱਧ ਖਾਲਸਾ ਹੈ। ਫਿਕਰ ਨਾ ਕਰੋ, ਗੁਰੂ ਦਾ ਹੁਕਮ ਹੈ ਕਿ ਖਾਲਸੇ ਨੇ ਦਿਨੋਂ ਦਿਨ ਵਧਦੇ ਹੀ ਜਾਣਾ ਹੈ।
ਇਹ ਗੱਲ ਉਦੋਂ ਸੱਚ ਹੋ ਨਿੱਬੜੀ ਜਦੋਂ ਘੱਲੂਘਾਰੇ ਦੇ ਸਿਰਫ ਚਾਰ ਕੁ ਮਹੀਨੇ ਬਾਅਦ ਹੀ ਸਿੰਘਾਂ ਨੇ ਸਰਹਿੰਦ ਦੇ ਸੂਬੇਦਾਰ ਜ਼ੈਨ ਖਾਨ ਨੂੰ ਹਰਾ ਕੇ ਕੁੱਪ ਰਹੀੜੇ ਦਾ ਬਦਲਾ ਲੈ ਲਿਆ। ਸਿੰਘਾਂ ਦੀ ਗਿਣਤੀ ਇੰਨੀ ਛੇਤੀ ਵਧੀ ਕਿ ਅਗਲੀ ਦੀਵਾਲੀ ਉਨ੍ਹਾਂ ਅੰਮ੍ਰਿਤਸਰ ਆ ਮਨਾਈ। ਅਬਦਾਲੀ ਸਿੱਖਾਂ ਦੀ ਚੜ੍ਹਤ ਤੋਂ ਇੰਨਾ ਪ੍ਰਭਾਵਤ ਹੋਇਆ ਕਿ ਉਸ ਨੇ ਸਮਝੌਤਾ ਕਰਨ ਲਈ ਟੀਮ ਭੇਜੀ। ਪਰ ਜੱਸਾ ਸਿੰਘ ਆਹਲੂਵਾਲੀਆ ਨੇ ਉਨ੍ਹਾਂ ਨੂੰ ਇਹ ਕਹਿੰਦਿਆਂ ਵਾਪਸ ਮੋੜ ਦਿੱਤਾ ਕਿ ਖਾਲਸੇ ਨੂੰ ਕਿਸੇ ਦੀ ਦਇਆ ਨਹੀਂ ਚਾਹੀਦੀ। ਅਸੀਂ ਜੋ ਕਰਾਂਗੇ ਗੁਰੂ ਦੀ ਮਿਹਰ ਨਾਲ ਕਰਾਂਗੇ।
ਅਬਦਾਲੀ ਫਿਰ ਤੋਂ ਚੜ੍ਹਾਈ ਕਰਕੇ ਆ ਗਿਆ। ਇਸ ਲੜਾਈ ਨੂੰ ਅੰਮ੍ਰਿਤਸਰ ਦੀ ਦੂਸਰੀ ਲੜਾਈ ਕਿਹਾ ਜਾਂਦਾ ਹੈ। ਘੱਲੂਘਾਰੇ ਵੇਲੇ ਉਹ ਆਪ ਆਪਣੀਆਂ ਫੌਜਾਂ ਦੀ ਅਗਵਾਈ ਕਰ ਰਿਹਾ ਸੀ। ਇੱਧਰ ਸਿੱਖ ਫੌਜਾਂ ਦੀ ਕਮਾਨ ਜੱਸਾ ਸਿੰਘ ਆਹਲੂਵਾਲੀਆ ਦੇ ਹੱਥ ਸੀ। ਦਿਨ ਚੜ੍ਹਦਿਆਂ ਹੀ ਲੜਾਈ ਸ਼ੁਰੂ ਹੋਈ ਤੇ ਸ਼ਾਮ ਤੱਕ ਬੰਦ ਹੋ ਗਈ। ਇਸ ਲੜਾਈ ਵਿਚ ਅਬਦਾਲੀ ਦੀ ਸ਼ਰਮਨਾਕ ਹਾਰ ਹੋਈ ਤੇ ਉਸ ਦੀਆਂ ਫੌਜਾਂ ਲਾਹੌਰ ਵੱਲ ਪਰਤ ਗਈਆਂ। ਸਿੰਘਾਂ ਨੇ ਬਹੁਤ ਸਾਰੇ ਅਫਗਾਨੀ ਫੌਜੀ ਬੰਦੀ ਬਣਾ ਲਏ। ਇਨ੍ਹਾਂ ਸਾਰਿਆਂ ਤੋਂ ਹਰਿਮੰਦਰ ਸਾਹਿਬ ਦੀ ਢਾਹੀ ਹੋਈ ਇਮਾਰਤ ਦੀ ਉਸਾਰੀ ਕਰਵਾਈ ਗਈ। ਸਰੋਵਰ, ਜੋ ਅਬਦਾਲੀ ਫੌਜਾਂ ਨੇ ਮਿੱਟੀ ਘੱਟੇ ਨਾਲ ਪੂਰ ਦਿੱਤਾ ਸੀ, ਉਹ ਸਾਫ ਕਰਵਾਇਆ ਗਿਆ। ਸਾਰਾ ਕੰਮ ਕਰਵਾ ਕੇ ਜੱਸਾ ਸਿੰਘ ਆਹਲੂਵਾਲੀਆ ਨੇ ਉਨ੍ਹਾਂ ਨੂੰ ਇਕੱਠੇ ਕੀਤਾ ਅਤੇ ਚੰਗਿਆਈ ਦਾ ਪਾਠ ਪੜ੍ਹਾਇਆ। ਇਸ ਉਪਰੰਤ ਇਹ ਕਹਿ ਕੇ ਕਿ ਉਹ ਵਾਪਸ ਕਦੇ ਪੰਜਾਬ ਨਾ ਆਉਣ, ਸਭ ਨੂੰ ਰਿਹਾ ਕਰ ਦਿੱਤਾ ਗਿਆ। ਇਸ ਨਾਲ ਅਬਦਾਲੀ ਦੀਆਂ ਫੌਜਾਂ ਵਿਚ ਸਿੱਖਾਂ ਪ੍ਰਤੀ ਬੜੀ ਹੀ ਸ਼ਰਧਾ ਭਾਵਨਾ ਜਾਗੀ। ਕਿਉਂਕਿ ਉਨ੍ਹਾਂ ਦਿਨ੍ਹਾਂ ਵਿਚ ਬੰਦੀ ਫੌਜੀਆਂ ਨੂੰ ਆਮ ਤੌਰ ‘ਤੇ ਮਾਰ ਦਿੱਤਾ ਜਾਂਦਾ ਸੀ। ਅਬਦਾਲੀ ਤੱਕ ਇਹ ਗੱਲ ਪਹੁੰਚੀ ਤਾਂ ਉਹ ਜੱਸਾ ਸਿੰਘ ਆਹਲੂਵਾਲੀਆ ਦੇ ਕਿਰਦਾਰ ਤੋਂ ਬੜਾ ਪ੍ਰਭਾਵਤ ਹੋਇਆ। ਇਸ ਤੋਂ ਪਿੱਛੋਂ ਵੀ ਉਸ ਨੇ ਇੱਧਰ ਵੱਲ ਹਮਲਾ ਕੀਤਾ ਪਰ ਹੁਣ ਪਹਿਲਾਂ ਵਾਲੀ ਗੱਲ ਨਹੀਂ ਰਹੀ ਸੀ ਕਿਉਂਕਿ ਸਿੱਖ ਬਹੁਤ ਤਾਕਤਵਰ ਹੋ ਚੁਕੇ ਸਨ। ਅੱਗੇ ਚੱਲ ਕੇ ਉਦੋਂ ਤਾਂ ਸਿੱਖਾਂ ਨੇ ਦੁਨੀਆਂ ਨੂੰ ਹੈਰਾਨ ਹੀ ਕਰ ਦਿੱਤਾ ਜਦੋਂ ਦਿੱਲੀ ਦੇ ਲਾਲ ਕਿਲੇ ‘ਤੇ ਖਾਲਸਈ ਕੇਸਰੀ ਝੰਡਾ ਜਾ ਲਹਿਰਾਇਆ।
ਪਿੱਛੋਂ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਆਪਣਾ ਸਦਰ ਮੁਕਾਮ ਕਪੂਰਥਲਾ ਬਣਾ ਲਿਆ। ਉਨ੍ਹਾਂ ਆਪਣੀ ਆਖਰੀ ਉਮਰ ਹਰਿਮੰਦਰ ਸਾਹਿਬ ਦੀ ਸੇਵਾ ਵਿਚ ਗੁਜ਼ਾਰੀ। ਗੁਰੂ ਘਰ ਦੇ ਪ੍ਰਬੰਧਾਂ ‘ਚ ਸੁਧਾਰ ਕਰਨ ਲਈ ਬੜਾ ਕੁਝ ਕੀਤਾ। ਅੰਮ੍ਰਿਤਸਰ ਸ਼ਹਿਰ ਦੀ ਉਸਾਰੀ ਕਰਵਾਈ। ਆਖਰ 65 ਸਾਲ ਦੀ ਉਮਰ ਭੋਗ ਕੇ 1783 ਵਿਚ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਗੁਰੂ ਚਰਨਾਂ ਵਿਚ ਜਾ ਬਿਰਾਜੇ।