ਜਬਰ ਜਨਾਹ ਦੀਆਂ ਘਟਨਾਵਾਂ ਖਿਲਾਫ ਲੋਕ ਰੋਹ ਉਠਿਆ

ਭਾਰਤੀ ਜਨਤਾ ਪਾਰਟੀ ਨਾਲ ਸਬੰਧ ਰੱਖਦੇ ਹਨ ਦੋਸ਼ੀ
ਚੰਡੀਗੜ੍ਹ: ਜੰਮੂ ਕਸ਼ਮੀਰ ਦੇ ਕਠੂਆ ਅਤੇ ਉਤਰ ਪ੍ਰਦੇਸ਼ ਦੇ ਉਨਾਓ ਕਸਬੇ ਵਿਚ ਵਾਪਰੀਆਂ ਜਬਰ ਜਨਾਹ ਦੀਆਂ ਘਟਨਾਵਾਂ ਅਤੇ ਦੋਸ਼ੀਆਂ ਨੂੰ ਬਚਾਉਣ ਲਈ ਹੋਈਆਂ ਸਰਕਾਰੀ ਕੋਸ਼ਿਸ਼ਾਂ ਬਾਰੇ ਖੁਲਾਸਿਆਂ ਨੇ ਇਨਸਾਨੀਅਤ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਦੋਵਾਂ ਸੂਬਿਆਂ ਵਿਚ ਭਾਜਪਾ ਦੀਆਂ ਸਰਕਾਰਾਂ ਹਨ ਅਤੇ ਹੈਵਾਨੀਅਤ ਦੇ ਦੋਵੇਂ ਕਾਰੇ ਭਾਜਪਾ ਆਗੂਆਂ ਨਾਲ ਜੁੜ ਰਹੇ ਹਨ। ਇਨ੍ਹਾਂ ਆਗੂਆਂ ਨੂੰ ਬਚਾਉਣ ਲਈ ਵੀ ਸਿਰ-ਧੜ ਦੀ ਬਾਜ਼ੀ ਲੱਗੀ ਰਹੀ ਹੈ।

ਕਠੂਆ ਵਿਚ 8 ਸਾਲਾ ਬੱਚੀ ਨਾਲ ਜਬਰ ਜਨਾਹ ਪਿੱਛੋਂ ਹੱਤਿਆ ਦਾ ਮਾਮਲਾ ਭਾਵੇਂ ਜਨਵਰੀ ਵਿਚ ਸਾਹਮਣੇ ਆਇਆ ਸੀ ਪਰ ਇਸ ਦੀ ਜਾਂਚ ਵਿਚ ਹੋ ਰਹੇ ਖੁਲਾਸੇ ਦਰਿੰਦਗੀ ਦਾ ਸਿਖਰ ਹਨ। ਜਾਂਚ ਇਹ ਵੀ ਦੱਸ ਰਹੀ ਹੈ ਕਿ ਬੱਚੀ ਨਾਲ ਬਲਾਤਕਾਰ ਅਤੇ ਹੱਤਿਆ ਪਿੱਛੇ ਕਾਰਨ ਸਿਰਫ ਇਨਸਾਨੀ ਹਵਸ ਨਹੀਂ ਸੀ ਸਗੋਂ ਇਹ ਫਿਰਕੂ ਸੋਚ ਦਾ ਕਾਰਾ ਸੀ।
ਦਰਅਸਲ, ਰਸਾਨਾ ਪਿੰਡ ਹਿੰਦੂ ਅਬਾਦੀ ਵਾਲਾ ਇਲਾਕਾ ਹੈ। ਜੰਗਲ ਵਿਚ ਗੁੱਜਰ ਤੇ ਬੱਕਰਵਾਲ ਮੁਸਲਮਾਨ ਜਾਨਵਰ ਲੈ ਕੇ ਆਉਂਦੇ ਹਨ। ਅੱਠ ਸਾਲਾਂ ਦੀ ਆਸਿਫਾ ਬਾਨੋ ਇਸੇ ਤਬਕੇ ਨਾਲ ਸਬੰਧਤ ਸੀ। ਇਲਾਕੇ ਦੇ ਹਿੰਦੂਆਂ ਦਾ ਦਾਅਵਾ ਹੈ ਕਿ ਇਨ੍ਹਾਂ ਲੋਕਾਂ ਵੱਲੋਂ ਜ਼ਮੀਨ ‘ਤੇ ਕਬਜ਼ਾ ਕੀਤਾ ਜਾ ਰਿਹਾ ਹੈ ਅਤੇ ਪਸ਼ੂ ਖੇਤਾਂ ਵਿਚ ਜਾ ਰਹੇ ਹਨ। ਹੁਣ ਇਹ ਗੱਲ ਸਾਫ ਹੋ ਗਈ ਹੈ ਕਿ ਕੁਝ ਲੋਕ ਬੱਕਰਵਾਲ ਕਬੀਲੇ ਨੂੰ ਉਥੋਂ ਕੱਢਣਾ ਚਾਹੁੰਦੇ ਸਨ, ਇਸ ਲਈ ਇਹ ਸਾਜ਼ਿਸ਼ ਘੜੀ ਗਈ।
ਆਸਿਫਾ ਬਾਨੋ ਕਠੂਆ ਜ਼ਿਲ੍ਹੇ ਦੇ ਪਿੰਡ ਰਸਾਨਾ ਤੋਂ 10 ਜਨਵਰੀ ਨੂੰ ਲਾਪਤਾ ਹੋਈ ਸੀ। ਇਕ ਹਫਤੇ ਬਾਅਦ ਉਸ ਦੀ ਲਾਸ਼ ਬਰਾਮਦ ਹੋਈ। ਉਸ ਨੂੰ ਬੇਹੋਸ਼ ਕਰਨ ਵਾਲੀਆਂ ਕਈ ਤਰ੍ਹਾਂ ਦੀਆਂ ਦਵਾਈਆਂ ਦਿੱਤੀਆਂ ਗਈਆਂ ਅਤੇ ਕਈ ਦਿਨਾਂ ਤੱਕ ਕੁਝ ਦਰਿੰਦੇ ਉਸ ਨਾਲ ਜਬਰ ਜਨਾਹ ਕਰਦੇ ਰਹੇ। ਮੁਲਜ਼ਮਾਂ ਨੂੰ ਪਹਿਲਾਂ ਇਸ ਕਰ ਕੇ ਹੱਥ ਨਹੀਂ ਪਾਇਆ ਗਿਆ ਕਿ ਉਹ ਜੰਮੂ ਖਿੱਤੇ ਦੇ ਬਹੁਗਿਣਤੀ ਹਿੰਦੂ ਭਾਈਚਾਰੇ ਦੇ ਸਨ। ਇਸ ਦਾ ਮੁੱਖ ਦੋਸ਼ੀ ਰਸਾਨਾ ਦੇ ਇਕ ਧਾਰਮਿਕ ਸਥਾਨ ਦਾ ਮੁਖੀ ਸੀ, ਜਿਸ ਦਾ ਨਾਂ ਸਾਂਝੀ ਰਾਮ ਹੈ। ਇਸ ਦਾ ਇਲਾਕੇ ਵਿਚ ਨਾਂ ਹੈ ਤੇ ਇਹ ਭਾਜਪਾ ਆਗੂਆਂ ਦੇ ਕਾਫੀ ਨੇੜੇ ਹੈ। ਇਸ ਲਈ ਪੁਲਿਸ ਵੀ ਪਹਿਲਾਂ ਕਾਰਵਾਈ ਤੋਂ ਟਲਦੀ ਰਹੀ। ਇਸ ਤੋਂ ਵੀ ਸ਼ਰਮਨਾਕ ਗੱਲ ਇਹ ਹੋਈ ਕਿ ਹਿੰਦੂ ਏਕਤਾ ਮੰਚ ਨਾਂ ਦੀ ਨਵੀਂ ਬਣੀ ਜਥੇਬੰਦੀ ਮੁਲਜ਼ਮਾਂ ਦੇ ਹੱਕ ਵਿਚ ਖੜ੍ਹੀ ਹੋ ਗਈ ਅਤੇ ਅਦਾਲਤ ਵਿਚ ਪੇਸ਼ ਕੀਤੇ ਦੋਸ਼ ਪੱਤਰ ਖਿਲਾਫ਼ ਰੈਲੀਆਂ ਸ਼ੁਰੂ ਕਰ ਦਿੱਤੀਆਂ। ਰੈਲੀ ਵਿਚ ਜੰਮੂ ਕਸ਼ਮੀਰ ਦੇ ਭਾਰਤੀ ਜਨਤਾ ਪਾਰਟੀ ਨਾਲ ਸਬੰਧਤ ਦੋ ਮੰਤਰੀ ਵੀ ਸ਼ਾਮਲ ਹੋਏ। ਇਸ ਘਟਨਾਚੱਕਰ ਵਿਚ ਜੰਮੂ ਬਾਰ ਐਸੋਸੀਏਸ਼ਨ ਵੀ ਕੁੱਦ ਪਈ ਅਤੇ ਉਸ ਨਾਲ ਸਬੰਧਤ ਵਕੀਲਾਂ ਨੇ ਚਾਰਜਸ਼ੀਟ ਦਾਖਲ ਕਰਨ ਸਮੇਂ ਇਸ ਦਾ ਵਿਰੋਧ ਕੀਤਾ ਅਤੇ ਬੰਦ ਦਾ ਸੱਦਾ ਵੀ ਦਿੱਤਾ।
ਇਸੇ ਤਰ੍ਹਾਂ ਉਨਾਓ ਵਿਚ ਭਾਜਪਾ ਵਿਧਾਇਕ ਤੇ ਹਮਾਇਤੀਆਂ ਵੱਲੋਂ ਦਲਿਤ ਲੜਕੀ ਨਾਲ ਬਲਾਤਕਾਰ ਦਾ ਕੇਸ ਖੁਰਦ-ਬੁਰਦ ਕਰਵਾਉਣ ਦੇ ਭਰਪੂਰ ਯਤਨ ਕੀਤੇ ਗਏ ਅਤੇ ਉਸ ਦੇ ਪਿਤਾ ਉਪਰ ਕੇਸ ਪੁਆ ਕੇ ਉਸ ਨੂੰ ਜੇਲ੍ਹ ਅੰਦਰ ਇੰਨਾ ਕੁੱਟਿਆ ਗਿਆ ਕਿ ਉਸ ਦੀ ਮੌਤ ਹੋ ਗਈ। ਹੁਣ ਵਿਧਾਇਕ ਨੂੰ ਹੱਥ ਸੀ.ਬੀ.ਆਈ. ਨੇ ਪਾਇਆ ਹੈ, ਉਹ ਵੀ ਅਲਾਹਾਬਾਦ ਹਾਈ ਕੋਰਟ ਦੇ ਦਖਲ ਤੋਂ ਬਾਅਦ। ਉਧਰ, ਭਾਜਪਾ ਦਾ ਦਾਅਵਾ ਹੈ ਕਿ ਦੋਵਾਂ ਮਾਮਲਿਆਂ ਵਿਚ ਉਸ ਨੂੰ ਬਦਨਾਮ ਕਰਨ ਦੀ ਸਿਆਸਤ ਖੇਡੀ ਜਾ ਰਹੀ ਹੈ। ਦੱਸ ਦਈਏ ਕਿ ਮੋਦੀ ਸਰਕਾਰ ਨੇ ਦੇਸ਼ ਵਿਚ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਮੁਹਿੰਮ ਚਲਾਈ ਹੋਈ ਹੈ ਪਰ ਪਿਛਲੇ ਦਿਨੀਂ ਸੁਪਰੀਮ ਕੋਰਟ ਵੱਲੋਂ ਦਿੱਤੀ ਜਾਣਕਾਰੀ ਵਿਚ ਖੁਲਾਸਾ ਹੋਇਆ ਸੀ ਕਿ ਸਾਲ 2016 ਵਿਚ ਦੇਸ਼ ਭਰ ਵਿਚ ਇਕ ਲੱਖ ਦੇ ਕਰੀਬ ਬੱਚੇ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਏ। ਤਾਜ਼ਾ ਘਟਨਾਵਾਂ ਪਿੱਛੋਂ ਉਮੀਦ ਕੀਤੀ ਜਾ ਰਹੀ ਸੀ ਕਿ ਹੁਣ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਸਖਤ ਕਦਮ ਚੁੱਕਣਗੇ ਪਰ ਉਨ੍ਹਾਂ ਨੇ ਇੰਨਾ ਹੀ ਕਹਿ ਕੇ ਗੱਲ ਮੁਕਾ ਦਿੱਤੀ ਕਿ ‘ਸਰਕਾਰ ਧੀਆਂ ਦੀ ਰਾਖੀ ਲਈ ਵਚਨਬੱਧ ਹੈ।’
_____________________________
ਹੁਣ ਮੋਦੀ ਨੂੰ ਚੂੜੀਆਂ ਭੇਜੇਗੀ ਇਰਾਨੀ?
ਨਵੀਂ ਦਿੱਲੀ: ਗੁਜਰਾਤ ਵਿਚ ਪਾਟੀਦਾਰ ਸਮਾਜ ਦੇ ਆਗੂ ਹਾਰਦਿਕ ਪਟੇਲ ਨੇ ਸਵਾਲ ਕੀਤਾ ਹੈ ਕਿ ਬਲਾਤਕਾਰ ਦੀ ਘਟਨਾ ਤੋਂ ਬਾਅਦ ਭਾਜਪਾ ਸਰਕਾਰ ਦੀ ਮਹਿਲਾ ਮੰਤਰੀ ਸਮਰਿਤੀ ਇਰਾਨੀ ਚੁੱਪ ਕਿਉਂ ਹੈ? ਦਿੱਲੀ ਦੀ ਨਿਰਭਿਆ ਨੂੰ ਇਨਸਾਫ ਦਿਵਾਉਣ ਲਈ ਉਸ ਵੇਲੇ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਚੂੜੀਆਂ ਭੇਜਣ ਵਾਲੀ ਸਮਰਿਤੀ ਹੁਣ ਮੋਦੀ ਨੂੰ ਕੀ ਭੇਜੇਗੀ?