ਨਵੀਂ ਦਿੱਲੀ: ਚੋਣ ਕਮਿਸ਼ਨ ਤੋਂ ਪਹਿਲਾਂ ਹੀ ਭਾਜਪਾ ਆਗੂ ਵੱਲੋਂ ਟਵਿਟਰ ਉਤੇ ਕਰਨਾਟਕ ਦੀਆਂ ਚੋਣ ਤਰੀਕਾਂ ਦਾ ਐਲਾਨ ਕਰਨ ਨਾਲ ਵੱਡਾ ਵਿਵਾਦ ਖੜ੍ਹ ਹੋ ਗਿਆ ਹੈ। ਕਮਿਸ਼ਨ ਦਾ ਫੈਸਲਾ ‘ਲੀਕ’ ਹੋਣ ਉਤੇ ਵੱਡੇ ਸਵਾਲ ਉਠ ਰਹੇ ਹਨ। ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਹੈ
ਜਦੋਂ ਮੋਦੀ ਸਰਕਾਰ ਨੇ ਕਾਂਗਰਸ ਨੂੰ ਫੇਸਬੁੱਕ ‘ਤੇ ਡਾਟਾ ਲੀਕ ਕਰਨ ਦੇ ਮਾਮਲੇ ‘ਤੇ ਘੇਰਿਆ ਹੋਇਆ ਹੈ। ਕਮਿਸ਼ਨ ਨੇ ਭਾਵੇਂ ਇਸ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ, ਪਰ ਇਸ ਤਰ੍ਹਾਂ ਦੀ ਅਹਿਮ ਜਾਣਕਾਰੀ ਅਜਿਹੇ ਢੰਗ ਨਾਲ ਬਾਹਰ ਆਉਣੀ ਚੋਣ ਕਮਿਸ਼ਨ ਦੀ ਭਰੋਸੇਯੋਗਤਾ ਉਤੇ ਸਵਾਲ ਖੜ੍ਹ ਕਰ ਰਹੀ ਹੈ। ਕਾਂਗਰਸ ਨੇ ਇਸ ਮੁੱਦੇ ‘ਤੇ ਸਰਕਾਰ ਨੂੰ ਘੇਰਦਿਆਂ ਹਾਕਮ ਪਾਰਟੀ ਨੂੰ ‘ਸੁਪਰ ਚੋਣ ਕਮਿਸ਼ਨ’ ਕਰਾਰ ਦਿੱਤਾ ਹੈ।
ਦੱਸ ਦਈਏ ਕਿ ਕੇਂਦਰ ਵਿਚ ਮੋਦੀ ਸਰਕਾਰ ਸਮੇਂ ਇਹ ਪਹਿਲੀ ਵਾਰ ਨਹੀਂ ਜਦੋਂ ਚੋਣ ਕਮਿਸ਼ਨ ‘ਤੇ ਭਾਜਪਾ ਦੇ ਪੱਖ ਵਿਚ ਭੁਗਤਣ ਬਾਰੇ ਸਵਾਲ ਉਠੇ ਹੋਣ। ਪਿਛਲੇ ਸਾਲ ਗੁਜਰਾਤ ਵਿਧਾਨ ਸਭਾ ਚੋਣ ਤਰੀਕਾਂ ਤੈਅ ਕਰਨ ਵਿਚ ਦੇਰੀ ਨੇ ਚੋਣ ਕਮਿਸ਼ਨ ਦੀ ਨਿਰਪੱਖਤਾ ਬਾਰੇ ਸਵਾਲ ਖੜ੍ਹੇ ਕੀਤੇ ਸਨ। ਦਿੱਲੀ ਦੇ ‘ਆਪ’ ਵਿਧਾਇਕਾਂ ਨੂੰ ਅਯੋਗ ਕਰਾਰ ਦੇਣ ਦੇ ਫੈਸਲੇ ਨੇ ਕਮਿਸ਼ਨ ਨੂੰ ਕਟਹਿਰੇ ਵਿਚ ਲਿਆ ਖੜ੍ਹਾ ਕੀਤਾ ਸੀ। ਹੁਣ ਤੈਅਸ਼ੁਦਾ ਚੋਣ ਪ੍ਰੋਗਰਾਮ ਲੀਕ ਹੋਣਾ ਇਸ ਦੇ ਅਕਸ ਉਤੇ ਇਕ ਹੋਰ ਧੱਬਾ ਹੈ। ਕਰਨਾਟਕ ਵਿਚ 12 ਮਈ ਨੂੰ ਵੋਟਾਂ ਪੈਣੀਆਂ ਹਨ। ਇਹ ਸੂਬਾ ਭਾਜਪਾ ਲਈ ਦੱਖਣੀ ਭਾਰਤ ਵਿਚ ਪੈਰ ਪੱਕੇ ਤੌਰ ‘ਤੇ ਪਸਾਰਨ ਲਈ ਅਹਿਮ ਹਨ। ਇਸ ਲਈ ਵਿਰੋਧੀ ਧਿਰਾਂ ਦੋਸ਼ ਲਾ ਰਹੀਆਂ ਹਨ ਕਿ ਇਹ ਚੋਣ ਜਿੱਤਣ ਲਈ ਭਗਵਾ ਧਿਰ ਕਿਸੇ ਹੱਦ ਤੱਕ ਜਾ ਸਕਦੀ ਹੈ।