ਜ਼ਿਮਨੀ ਚੋਣਾਂ: ਭਗਵਾ ਧਿਰ ਦੀ ਪੁੱਠੀ ਗਿਣਤੀ ਸ਼ੁਰੂ

ਨਵੀਂ ਦਿੱਲੀ: ਉਤਰ ਪ੍ਰਦੇਸ਼ ਵਿਚ ਸੰਸਦ ਦੀਆਂ ਦੋ ਉਪ ਚੋਣਾਂ ਅਤੇ ਬਿਹਾਰ ਦੀ ਇਕ ਸੰਸਦੀ ਅਤੇ ਦੋ ਵਿਧਾਨ ਸਭਾ ਦੀਆਂ ਉਪ ਚੋਣਾਂ ਦੇ ਨਤੀਜਿਆਂ ਵਿਚ ਭਾਜਪਾ ਦੀ ਨਮੋਸ਼ੀ ਵਾਲੀ ਹਾਰ ਨੇ ਇਸ ਭਗਵਾ ਧਿਰ ਦੀ ਪੁੱਠੀ ਗਿਣਤੀ ਸ਼ੁਰੂ ਹੋਣ ਵੱਲ ਸੰਕੇਤ ਦਿੱਤੇ ਹਨ। ਉਤਰ ਪ੍ਰਦੇਸ਼ ਵਿਚ ਗੋਰਖਪੁਰ ਤੇ ਫੂਲਪੁਰ ਅਤੇ ਬਿਹਾਰ ਦੀ ਅਰਰੀਆ ਲੋਕ ਸਭਾ ਸੀਟਾਂ ਦੀਆਂ ਜ਼ਿਮਨੀ ਚੋਣਾਂ ਵਿਚ ਭਾਜਪਾ ਨੂੰ ਮੂੰਹ ਦੀ ਖਾਣੀ ਪਈ। ਗੋਰਖਪੁਰ ਸੀਟ ਦੀ ਹਾਰ ਹੋਰ ਵੀ ਨਮੋਸ਼ੀਜਨਕ ਹੈ ਕਿਊਂਕਿ ਇਥੋਂ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਲਗਾਤਾਰ ਪੰਜ ਵਾਰ ਜਿੱਤਦੇ ਰਹੇ ਹਨ ਜਦਕਿ ਫੂਲਪੁਰ ਸੀਟ ਤੋਂ ਉਪ ਮੁੱਖ ਮੰਤਰੀ ਕੇਸ਼ਵ ਪ੍ਰਸ਼ਾਦ ਮੌਰੀਆ ਨੇ 2014 ਦੀਆਂ ਚੋਣਾਂ ਵਿਚ ਜਿੱਤ ਹਾਸਲ ਕੀਤੀ ਸੀ। ਦੋਵਾਂ ਨੇ ਤਿੰਨ ਲੱਖ ਤੋਂ ਵੱਧ ਵੋਟਾਂ ਦੇ ਫਰਕ ਨਾਲ ਚੋਣ ਜਿੱਤੀ ਸੀ।

ਗੋਰਖਪੁਰ ਸੀਟ ‘ਤੇ ਸਮਾਜਵਾਦੀ ਪਾਰਟੀ ਦੇ ਪ੍ਰਵੀਨ ਨਿਸ਼ਾਦ ਨੇ ਭਾਜਪਾ ਦੇ ਉਪੇਂਦਰ ਦੱਤ ਸ਼ੁਕਲਾ ਨੂੰ 21961 ਵੋਟਾਂ ਦੇ ਫਰਕ ਨਾਲ ਹਰਾਇਆ ਜਦਕਿ ਫੂਲਪੁਰ ਸੀਟ ‘ਤੇ ਸਪਾ ਦੇ ਹੀ ਨਗੇਂਦਰ ਪ੍ਰਤਾਪ ਸਿੰਘ ਨੇ ਭਾਜਪਾ ਦੇ ਕੌਸ਼ਲੇਂਦਰ ਸਿੰਘ ਪਟੇਲ ਨੂੰ 59460 ਵੋਟਾਂ ਨਾਲ ਮਾਤ ਦਿੱਤੀ। ਬਿਹਾਰ ਦੀ ਅਰਰੀਆ ਲੋਕ ਸਭਾ ਸੀਟ ਉਤੇ ਲਾਲੂ ਪ੍ਰਸ਼ਾਦ ਦੀ ਰਾਸ਼ਟਰੀ ਜਨਤਾ ਦਲ ਦੇ ਸਰਫ਼ਰਾਜ਼ ਆਲਮ ਨੇ ਭਾਜਪਾ ਦੇ ਪ੍ਰਦੀਪ ਕੁਮਾਰ ਸਿੰਘ ਨੂੰ 60 ਹਜ਼ਾਰ ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾਇਆ। ਮੁੱਖ ਮੰਤਰੀ ਨਿਤੀਸ਼ ਕੁਮਾਰ ਵੱਲੋਂ ਭਗਵੀਂ ਪਾਰਟੀ ਨਾਲ ਹੱਥ ਮਿਲਾਉਣ ਤੋਂ ਬਾਅਦ ਜੇæਡੀæਯੂæ-ਭਾਜਪਾ ਗੱਠਜੋੜ ਨੂੰ ਪਹਿਲਾ ਵੱਡਾ ਚੁਣਾਵੀ ਝਟਕਾ ਲੱਗਿਆ ਹੈ। ਗੋਰਖਪੁਰ ਵਿਚ ਓਬੀਸੀ-ਦਲਿਤ-ਮੁਸਲਿਮ ਵੋਟਾਂ ਦੀ ਇਕਜੁੱਟਤਾ ਨੇ ਰੰਗ ਲਿਆਂਦਾ ਜੋ ਪਹਿਲਾਂ ਸਮਾਜਵਾਦੀ ਪਾਰਟੀ ਤੇ ਬਹੁਜਨ ਸਮਾਜ ਪਾਰਟੀ ਵਿਚ ਵੰਡੀਆਂ ਜਾਂਦੀਆਂ ਸਨ।
ਇਸ ਤੋਂ ਇਲਾਵਾ ਨਿਸ਼ਾਦ ਪਾਰਟੀ ਤੇ ਪੀਸ ਪਾਰਟੀ ਜਿਹੇ ਛੋਟੇ ਖਿਡਾਰੀਆਂ ਨੇ ਵੀ ਸਪਾ ਉਮੀਦਵਾਰਾਂ ਦੀ ਜਿੱਤ ਯਕੀਨੀ ਬਣਾਉਣ ਵਿਚ ਭੂਮਿਕਾ ਨਿਭਾਈ। 2014 ਦੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਤੇ ਇਸ ਦੀ ਸਹਿਯੋਗੀ ਅਪਨਾ ਦਲ ਨੇ 41æ8 ਫੀਸਦੀ ਵੋਟਾਂ ਲੈ ਕੇ 80 ਵਿਚੋਂ 73 ਸੀਟਾਂ ਜਿੱਤੀਆਂ ਸਨ। ਸਮਾਜਵਾਦੀ ਪਾਰਟੀ ਨੇ 22æ2 ਫੀਸਦੀ ਵੋਟਾਂ ਨਾਲ ਪੰਜ ਸੀਟਾਂ ਜਿੱਤੀਆਂ ਸਨ ਜਦਕਿ ਬਸਪਾ ਨੂੰ 19æ6 ਫੀਸਦੀ ਵੋਟਾਂ ਮਿਲੀਆਂ ਸਨ। ਹੁਣ ਜ਼ਿਮਨੀ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਧਰਮ ਨਿਰਪੱਖ ਪਾਰਟੀਆਂ ਦੇ ਇਕਜੁੱਟ ਹੋਣ ਦੀ ਮੰਗ ਜ਼ੋਰ ਫੜ ਸਕਦੀ ਹੈ। ਬਿਹਾਰ ਵਿਚ ਨਿਤੀਸ਼ ਕੁਮਾਰ ਜਨਤਾ ਦਲ (ਯੂ) ਦੀ ਅਗਵਾਈ ਕਰਦੇ ਹਨ। ਉਹ ਪਹਿਲਾਂ ਲਾਲੂ ਪ੍ਰਸਾਦ ਯਾਦਵ ਦੀ ਪਾਰਟੀ ਰਾਸ਼ਟਰੀ ਜਨਤਾ ਦਲ ਅਤੇ ਕਾਂਗਰਸ ਨਾਲ ਮਿਲ ਕੇ ਵਿਧਾਨ ਸਭਾ ਦੀਆਂ ਚੋਣਾਂ ਲੜੇ ਸਨ। ਇਸ ਨੂੰ Ḕਮਹਾਂਗਠਜੋੜ’ ਕਿਹਾ ਗਿਆ ਸੀ। ਬਾਅਦ ਵਿਚ ਭ੍ਰਿਸ਼ਟਾਚਾਰ ਦੇ ਸਵਾਲ ਉਤੇ ਪੈਦਾ ਹੋਏ ਸਖਤ ਆਪਸੀ ਮਤਭੇਦਾਂ ਕਾਰਨ ਨਿਤੀਸ਼ ਕੁਮਾਰ ਨੇ ਇਸ ਮਹਾਂਗਠਜੋੜ ਨੂੰ ਤਿਆਗ ਦਿੱਤਾ ਸੀ ਅਤੇ ਉਹ ਭਾਰਤੀ ਜਨਤਾ ਪਾਰਟੀ ਨਾਲ ਰਲ ਗਏ ਸਨ।
ਇਸ ਤਰ੍ਹਾਂ ਉਨ੍ਹਾਂ ਨੇ ਆਪਣੀ ਮੁੱਖ ਮੰਤਰੀ ਦੀ ਕੁਰਸੀ ਬਚਾਅ ਲਈ ਸੀ ਪਰ ਇਸ ਵਾਰ ਦੀਆਂ ਉਪ ਚੋਣਾਂ ਵਿਚ ਨਿਤੀਸ਼ ਕੁਮਾਰ ਅਤੇ ਭਾਜਪਾ ਦੀ ਕਾਰਗੁਜ਼ਾਰੀ ਨਿਰਾਸ਼ਾਜਨਕ ਰਹੀ ਹੈ। ਲਾਲੂ ਪ੍ਰਸਾਦ ਚਾਹੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਜੇਲ੍ਹ ਵਿਚ ਬੰਦ ਹਨ ਅਤੇ ਉਨ੍ਹਾਂ ਦੇ ਪਰਿਵਾਰ ਦੇ ਬਹੁਤੇ ਮੈਂਬਰਾਂ ਉਤੇ ਵੀ ਭ੍ਰਿਸ਼ਟਾਚਾਰ ਦੇ ਮੁਕੱਦਮੇ ਚੱਲ ਰਹੇ ਹਨ ਪਰ ਇਸ ਦੇ ਬਾਵਜੂਦ ਉਨ੍ਹਾਂ ਦੀ ਪਾਰਟੀ ਦੀ ਕਾਰਗੁਜ਼ਾਰੀ ਚੰਗੀ ਰਹੀ ਹੈ। ਉਤਰ ਪ੍ਰਦੇਸ਼ ਦੀਆਂ ਉਪ-ਚੋਣਾਂ ਦੀ ਹਾਰ ਤੋਂ ਪਤਾ ਲਗਦਾ ਹੈ ਕਿ ਭਾਜਪਾ ਦੀ ਹਰਮਨ-ਪਿਆਰਤਾ ਦਾ ਗਰਾਫ ਤੇਜ਼ੀ ਨਾਲ ਡਿੱਗ ਰਿਹਾ ਹੈ। ਇਨ੍ਹਾਂ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਇਹ ਕਿਹਾ ਸੀ ਕਿ ਇਹ ਉਪ-ਚੋਣਾਂ ਆਉਂਦੇ ਸਾਲ 2019 ਦੀਆਂ ਲੋਕ ਸਭਾ ਚੋਣਾਂ ਲਈ ਪੂਰਵ ਅਭਿਆਸ ਹੋਣਗੀਆਂ।
ਅਦਿੱਤਿਆਨਾਥ ਗੋਰਖਪੁਰ ਦੀ ਲੋਕ ਸਭਾ ਸੀਟ ਤੋਂ ਪਹਿਲਾਂ 5 ਵਾਰ ਜਿੱਤ ਚੁੱਕੇ ਹਨ। ਉਨ੍ਹਾਂ ਦੇ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਬਣਨ ਨਾਲ ਉਨ੍ਹਾਂ ਨੂੰ ਇਸ ਸੀਟ ਤੋਂ ਅਸਤੀਫਾ ਦੇਣਾ ਪਿਆ ਸੀ। ਇਸੇ ਤਰ੍ਹਾਂ ਹੀ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਨੇ ਇਹ ਅਹੁਦਾ ਸੰਭਾਲਣ ਤੋਂ ਪਹਿਲਾਂ ਆਪਣੀ ਫੂਲਪੁਰ ਸੰਸਦੀ ਸੀਟ ਤੋਂ ਤਿਆਗ ਪੱਤਰ ਦੇ ਦਿੱਤਾ ਸੀ। ਰਾਜ ਦੀਆਂ ਉਚੀਆਂ ਕੁਰਸੀਆਂ ਉਤੇ ਬੈਠੇ ਇਨ੍ਹਾਂ ਦੋਵਾਂ ਵਿਅਕਤੀਆਂ ਦੀਆਂ ਆਪਣੀਆਂ ਪਹਿਲੀਆਂ ਸੀਟਾਂ ਖੁੱਸ ਜਾਣ ਦੀ ਘਟਨਾ ਨੇ ਭਾਜਪਾ ਦੀਆਂ ਸਫਾਂ ਵਿਚ ਵੱਡੀ ਨਿਰਾਸ਼ਾ ਪੈਦਾ ਕੀਤੀ ਹੈ। ਇਸੇ ਤਰ੍ਹਾਂ ਬਿਹਾਰ ਵਿਚ ਅਰਰੀਆ ਲੋਕ ਸਭਾ ਸੀਟ ਦਾ ਰਾਸ਼ਟਰੀ ਜਨਤਾ ਦਲ ਦੀ ਝੋਲੀ ਵਿਚ ਪੈਣਾ ਅਤੇ ਦੋ ਵਿਧਾਨ ਸਭਾ ਸੀਟਾਂ ਵਿਚੋਂ ਇਕ ਸੀਟ ਜਿੱਤ ਜਾਣਾ ਵੀ ਭਾਜਪਾ ਦੀ ਵੱਡੀ ਹਾਰ ਕਹੀ ਜਾ ਸਕਦੀ ਹੈ।
_____________________________
ਗੱਠਜੋੜ ਦੀ ਤਾਕਤ ਨੂੰ ਸਮਝ ਨਾ ਸਕੇ: ਯੋਗੀ
ਲਖਨਊ: ਹੈਰਾਨੀਜਨਕ ਹਾਰ ਤੋਂ ਘਬਰਾਏ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਕਿਹਾ ਕਿ ਪਾਰਟੀ Ḕਅਤਿ ਉਤਸ਼ਾਹ’ ਕਾਰਨ ਹਾਰ ਗਈ ਹੈ ਤੇ ਕਾਰਨਾਂ ਦਾ ਗਹਿਰਾ ਅਧਿਐਨ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਸਮਾਜਵਾਦੀ ਪਾਰਟੀ ਤੇ ਬਹੁਜਨ ਸਮਾਜ ਪਾਰਟੀ ਦੇ ਗੱਠਜੋੜ ਨੂੰ ਠੀਕ ਤਰ੍ਹਾਂ ਸਮਝ ਨਹੀਂ ਸਕੇ।
______________________________
ਮੋਦੀ ਤੇ ਯੋਗੀ ਖਿਲਾਫ਼ ਲੋਕ ਫਤਵਾ: ਅਖਿਲੇਸ਼
ਲਖਨਊ: ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਗੋਰਖਪੁਰ ਤੇ ਫੂਲਪੁਰ ਲੋਕ ਸਭਾ ਸੀਟਾਂ ਦੇ ਨਤੀਜਿਆਂ ਨੂੰ ਕੇਂਦਰ ਤੇ ਪ੍ਰਦੇਸ਼ ਦੋਵੇਂ ਸਰਕਾਰਾਂ ਖਿਲਾਫ਼ ਲੋਕ ਫਤਵਾ ਕਰਾਰ ਦਿੰਦਿਆਂ ਕਿਹਾ ਕਿ ਇਸ ਨਾਲ ਕੌਮੀ ਸਿਆਸਤ ਨੂੰ ਨਵੀਂ ਦਿਸ਼ਾ ਮਿਲੇਗੀ। ਉਨ੍ਹਾਂ ਬਸਪਾ ਸੁਪਰੀਮੋ ਮਾਇਆਵਤੀ, ਨਿਸ਼ਾਦ ਪਾਰਟੀ ਤੇ ਪੀਸ ਪਾਰਟੀ ਤੇ ਖੱਬੀਆਂ ਪਾਰਟੀਆਂ ਦੇ ਸਿਰ ਜਿੱਤ ਦਾ ਸਿਹਰਾ ਬੰਨ੍ਹਿਆ ਹੈ।
_________________________
ਹੰਕਾਰ ਨੇ ਭਾਜਪਾ ਨੂੰ ਮਾਰਿਆ: ਸ਼ਿਵ ਸੈਨਾ
ਮੁੰਬਈ: ਭਾਜਪਾ ਹੁਣੇ ਹੁਣੇ ਹੋਈਆਂ ਲੋਕ ਸਭਾ ਦੀਆਂ ਜ਼ਿਮਨੀ ਚੋਣਾਂ ਵਿਚ ਗੋਰਖਪੁਰ ਸੀਟ ਆਪਣੇ ਹਊਮੈ ਅਤੇ ਹੰਕਾਰ ਕਾਰਨ ਹਾਰੀ ਹੈ। ਇਹ ਦਾਅਵਾ ਭਾਜਪਾ ਦੀ ਭਾਈਵਾਲ ਸ਼ਿਵ ਸੈਨਾ ਨੇ ਕੀਤਾ ਹੈ। ਸੈਨਾ ਨੇ ਕਿਹਾ ਕਿ ਜੋ ਸੱਚਾਈ ਦੇ ਮਾਰਗ ਤੋਂ ਡਗਮਗਾ ਜਾਂਦੇ ਹਨ ਜਾਂ ਆਪਣੇ ਦੋਸਤਾਂ ਨੂੰ ਛੱਡ ਦਿੰਦੇ ਹਨ, ਉਨ੍ਹਾਂ ਦੀ ਹਾਰ ਤੈਅ ਹੈ।