ਧਰਨੇ ਮੁਜ਼ਾਰਿਆਂ ਦੇ ਗੇੜ ਵਿਚ ਫਸੀ ਕੈਪਟਨ ਸਰਕਾਰ

ਚੰਡੀਗੜ੍ਹ: ਪੰਜਾਬ ਵਿਚ ਆਪਣੀ ਸੱਤਾ ਦਾ ਪਹਿਲਾ ਵਰ੍ਹਾ ਪੂਰਾ ਕਰਨ ਜਾ ਰਹੀ ਕੈਪਟਨ ਸਰਕਾਰ ਧਰਨੇ ਮੁਜ਼ਾਰਿਆਂ ਦੇ ਰੋਹ ਵਿਚ ਘਿਰ ਗਈ ਹੈ। ਸੂਬੇ ਦੀਆਂ ਤਕਰੀਬਨ ਸਾਰੀਆਂ ਮੁਲਾਜ਼ਮ ਜਥੇਬੰਦੀਆਂ ਸਰਕਾਰ ਦੀ ਵਾਅਦਾਖਿਲਾਫੀ ਕਾਰਨ ਸੜਕਾਂ ਉਤੇ ਆ ਗਈਆਂ ਹਨ। ਵਿਰੋਧੀ ਧਿਰਾਂ ਦੀ ਇਨ੍ਹਾਂ ਜਥੇਬੰਦੀਆਂ ਨੂੰ ਹਮਾਇਤ ਨੇ ਸਰਕਾਰ ਨੂੰ ਹੋਰ ਕਸੂਤੀ ਸਥਿਤੀ ਵਿਚ ਫਸਾ ਦਿੱਤਾ ਹੈ।

ਦੱਸ ਦਈਏ ਕਿ ਸਿੱਖਿਆ ਵਿਭਾਗ ਰਾਹੀਂ ਸੁਸਾਇਟੀਆਂ ਅਧੀਨ ਭਰਤੀ ਕੀਤੇ ਗਏ 15,600 ਮੁਲਾਜ਼ਮਾਂ ਦੀ ਪੰਜਾਬ ਸਰਕਾਰ ਤਨਖਾਹ ਘਟਾਉਣ ਜਾ ਰਹੀ ਹੈ। ਇਨ੍ਹਾਂ ਮੁਲਾਜ਼ਮਾਂ ਵੱਲੋਂ ਸ਼ੁਰੂ ਕੀਤੇ ਧਰਨਿਆਂ ਵਿਚ ਹੋਰ ਜਥੇਬੰਦੀਆਂ ਵੀ ਆਣ ਰਲੀਆਂ ਹਨ।
ਵਿੱਤ ਮੰਤਰੀ ਮਨਪ੍ਰੀਤ ਬਾਦਲ ਦਾ ਸ਼ਹਿਰ ਹੋਣ ਕਰ ਕੇ ਬਠਿੰਡਾ ਧਰਨਿਆਂ ਦਾ ਗੜ੍ਹ ਬਣਿਆ ਹੋਇਆ ਹੈ ਜਿਥੇ ਥਰਮਲ ਦੇ ਕੱਚੇ ਕਾਮੇ ਪਹਿਲੀ ਜਨਵਰੀ ਤੋਂ ਲਗਾਤਾਰ ਦਿਨ ਰਾਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਪੱਕਾ ਧਰਨਾ ਲਗਾ ਕੇ ਬੈਠੇ ਹਨ। ਉਧਰ, ਆਂਗਨਵਾੜੀ ਵਰਕਰਾਂ ਵੀ ਪਿਛਲੇ 42 ਦਿਨਾਂ ਤੋਂ ਵਿੱਤ ਮੰਤਰੀ ਦੇ ਦਫਤਰ ਬਾਹਰ ਪੱਕਾ ਧਰਨਾ ਲਾ ਕੇ ਬੈਠੀਆਂ ਹਨ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਹ ਬਾਰਾਂ ਸਾਲ ਤੋਂ ਆਪਣੀਆਂ ਸੇਵਾਵਾਂ ਦੇ ਰਹੇ ਹਨ। ਪੰਜਾਬ ਦੇ ਇਤਿਹਾਸ ਵਿਚ ਪਹਿਲੀ ਵਾਰ ਹੋ ਰਿਹਾ ਹੈ ਕੇ ਪ੍ਰਮੋਸ਼ਨ ਕਰਨ ਦੀ ਥਾਂ ਸਰਕਾਰ ਡਿਮੋਸ਼ਨ ਕਰਨ ਜਾ ਰਹੀ ਹੈ। ਚਾਲੀ ਤੋਂ ਪਚਵੰਜਾ ਹਜ਼ਾਰ ਤੱਕ ਪ੍ਰਤੀ ਮਹੀਨਾ ਤਨਖਾਹ ਲੈਣ ਵਾਲੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਉਨ੍ਹਾਂ ਦੀ ਤਨਖਾਹ ਘਟਾ ਕੇ ਦਸ ਹਜ਼ਾਰ ਤਿੰਨ ਸੌ ਰੁਪਿਆ ਪ੍ਰਤੀ ਮਹੀਨਾ ਕਰਨ ਜਾ ਰਹੀ ਹੈ। ਉਧਰ ਮਾਸਟਰ ਕੇਡਰ ਯੂਨੀਅਨ ਵੱਲੋਂ ਵੀ ਬਠਿੰਡਾ ਵਿਚ ਮਨਪ੍ਰੀਤ ਬਾਦਲ ਦੇ ਦਫਤਰ ਬਾਹਰ ਭੁੱਖ ਹੜਤਾਲ ਕੀਤੀ।
ਇਸ ਦੌਰਾਨ ਮੁਲਾਜ਼ਮਾਂ ਨੇ ਚਮਚੇ ਤੇ ਥਾਲੀਆਂ ਖੜਕਾ ਕੇ ਸਰਕਾਰ ਖਿਲਾਫ ਆਪਣਾ ਗੁੱਸਾ ਜ਼ਾਹਿਰ ਕੀਤਾ। ਇਨ੍ਹਾਂ ਮੁਲਾਜ਼ਮਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਨਵੰਬਰ 2014 ਵਿਚ ਭਰਤੀ ਕੀਤਾ ਸੀ। ਉਦੋਂ ਤੋਂ ਇਹ ਸਾਰੇ 2300 ਅਧਿਆਪਕ ਸਿਰਫ 6 ਹਜ਼ਾਰ ਪ੍ਰਤੀ ਮਹੀਨਾ ਉਤੇ ਕੰਮ ਕਰਦੇ ਆ ਰਹੇ ਹਨ। ਹੁਣ ਤੱਕ ਘਰ ਤੋਂ 100-150 ਕਿਲੋਮੀਟਰ ਦੂਰੀ ਤੱਕ ਪੱਲਿਉਂ ਪੈਸੇ ਖਰਚ ਕੇ ਸਿਰਫ ਇਸੇ ਉਮੀਦ ਤੇ ਜਾਂਦੇ ਰਹੇ ਕਿ ਨਵੰਬਰ 2017 ਵਿਚ ਉਨ੍ਹਾਂ ਦਾ ਪ੍ਰੋਬੇਸ਼ਨ ਪੀਰਡ ਖਤਮ ਹੁੰਦਿਆਂ ਹੀ ਉਨ੍ਹਾਂ ਨੂੰ ਰੈਗੂਲਰ ਕਰ ਦਿੱਤਾ ਜਾਵੇਗਾ ਪਰ ਸਰਕਾਰ ਸਾਨੂੰ ਰੈਗੂਲਰ ਕਰਨ ਦੀ ਬਜਾਏ ਪ੍ਰੋਬੇਸ਼ਨ ਪੀਰੀਅਡ ਤਿੰਨ ਸਾਲ ਹੋਰ ਵਧਾ ਰਹੀ ਹੈ।
_________________________________________
Ḕਆਪ’ ਵੀ ਅਧਿਆਪਕ ਜਥੇਬੰਦੀਆਂ ਦੇ ਨਾਲ ਖੜ੍ਹੀ
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਵੀ ਸੰਘਰਸ਼ ਕਰ ਰਹੇ ਅਧਿਆਪਕਾਂ ਨਾਲ ਖੜ੍ਹ ਗਈ ਹੈ। Ḕਆਪ’ ਨੇ ਆਖਿਆ ਹੈ ਕਿ ਆਗਾਮੀ ਵਿਧਾਨ ਸਭਾ ਸੈਸ਼ਨ ਦੌਰਾਨ ਇਨ੍ਹਾਂ ਅਧਿਆਪਕਾਂ ਦੀਆਂ ਤਨਖਾਹਾਂ ਵਿਚ ਵੱਡੀ ਕਟੌਤੀ ਕਰਨ ਦੀ ਤਜਵੀਜ਼ ਦਾ ਵਿਰੋਧ ਕਰੇਗੀ ਅਤੇ ਇਨ੍ਹਾਂ ਅਧਿਆਪਕਾਂ ਨੂੰ ਬਿਨਾਂ ਸ਼ਰਤ ਪੱਕਾ ਕਰਨ ਦੀ ਵਕਾਲਤ ਕਰੇਗੀ। Ḕਆਪ’ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ, ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਆਖਿਆ ਕਿ ਉਨ੍ਹਾਂ ਦੀ ਪਾਰਟੀ ਅਧਿਆਪਕਾਂ ਨਾਲ ਧੱਕੇਸ਼ਾਹੀ ਨਹੀਂ ਹੋਣ ਦੇਵੇਗੀ।
_________________________________________
ਸੰਘਰਸ਼ੀ ਅਧਿਆਪਕਾਂ ਨੂੰ ਜੇਲ੍ਹੀਂ ਡੱਕਣ ਦੀ ਤਿਆਰੀ
ਚੰਡੀਗੜ੍ਹ: ਪੰਜਾਬ ਸਰਕਾਰ ਪੂਰੀਆਂ ਤਨਖਾਹਾਂ ਹਾਸਲ ਕਰਨ ਲਈ ਸੰਘਰਸ਼ ਕਰ ਰਹੇ ਠੇਕਾ ਅਧਿਆਪਕਾਂ ਨੂੰ ਜੇਲ੍ਹਾਂ ਵਿਚ ਬੰਦ ਕਰਨ ਅਤੇ ਨੌਕਰੀਆਂ ਖੋਹਣ ਦੇ ਰਾਹ ਪੈ ਗਈ ਹੈ ਜਿਸ ਕਾਰਨ ਜਿਥੇ ਅਧਿਆਪਕਾਂ ਵਿਚ ਖੌਫ ਦਾ ਮਾਹੌਲ ਪੈਦਾ ਹੋ ਗਿਆ ਹੈ, ਉਥੇ ਸਾਂਝਾ ਅਧਿਆਪਕ ਮੋਰਚਾ ਨੇ ਸਰਕਾਰ ਨਾਲ ਸਿੱਧੀ ਟੱਕਰ ਲੈਣ ਦੀ ਤਿਆਰੀ ਕੱਸ ਲਈ ਹੈ। ਸਿੱਖਿਆ ਵਿਭਾਗ ਵੱਲੋਂ 5178 ਅਧਿਆਪਕ ਯੂਨੀਅਨ ਦੇ ਆਗੂਆਂ ਨੂੰ ਨੋਟਿਸ ਜਾਰੀ ਕਰ ਕੇ 15 ਦਿਨਾਂ ਵਿਚ ਜਵਾਬਤਲਬੀ ਕਰ ਲਈ ਹੈ ਅਤੇ ਸਖਤ ਕਾਰਵਾਈ ਕਰਨ ਦੇ ਸੰਕੇਤ ਦਿੱਤੇ ਹਨ।
_________________________________________
ਕੈਪਟਨ ਦੇ ਮੰਤਰੀਆਂ ਤੇ ਵਿਧਾਇਕਾਂ ਨੂੰ ‘ਧੱਕੇਸ਼ਾਹੀ ਐਵਾਰਡ’
ਜਲੰਧਰ: ਪੰਜਾਬ ਦੇ ਠੇਕਾ ਮੁਲਾਜ਼ਮਾਂ ਨੇ ਸੂਬੇ ਦੇ ਮੰਤਰੀਆਂ ਤੇ ਵਿਧਾਇਕਾਂ ਨੂੰ Ḕਧੱਕੇਸ਼ਾਹੀ ਐਵਾਰਡ’ ਨਾਲ ਨਿਵਾਜਿਆ। ਠੇਕਾ ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਆਸ਼ੀਸ਼ ਜੁਲਾਹਾ ਮੁਤਾਬਕ ਕੈਪਟਨ ਨੇ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਕਿਹਾ ਸੀ ਕਿ ਉਹ ਜਿੱਤੇ ਤਾਂ ਸਾਰੇ ਮੁਲਾਜ਼ਮਾਂ ਨੂੰ ਪੱਕਾ ਕਰ ਦੇਣਗੇ। ਹੁਣ ਉਹ ਪੱਕਾ ਕਰਨ ਦੀ ਥਾਂ ਨਵਾਂ ਬਿੱਲ ਲਿਆ ਕੇ ਤਨਖਾਹਾਂ ਘਟਾਉਣਾ ਚਾਹੁੰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਇਹ ਐਵਾਰਡ ਜਲੰਧਰ ਸੈਂਟਰਲ ਤੋਂ ਕਾਂਗਰਸੀ ਵਿਧਾਇਕ ਰਜਿੰਦਰ ਬੇਰੀ ਨੂੰ ਦੇਣ ਗਏ ਤਾਂ ਉਹ ਆਪਣੇ ਦਫਤਰ ਵਿਚ ਮੌਜੂਦ ਨਹੀਂ ਸਨ। ਠੇਕਾ ਮੁਲਾਜ਼ਮਾਂ ਨੇ ਇਹ ਐਵਾਰਡ ਉਨ੍ਹਾਂ ਦੇ ਦਫਤਰ ਬਾਹਰ ਰੱਖ ਦਿੱਤਾ।
ਇਸ ਤੋਂ ਪਹਿਲਾਂ ਇਹ ਠੇਕਾ ਮੁਲਾਜ਼ਮ Ḕਮੁੱਖ ਮੰਤਰੀ ਮਿਲਾਓ ਇਨਾਮ ਪਾਓ’ ਯੋਜਨਾ ਤਹਿਤ ਵੀ ਪ੍ਰਦਰਸ਼ਨ ਕਰ ਚੁੱਕੇ ਹਨ।