ਪ੍ਰਸ਼ਾਸਨਿਕ ਗਤੀਵਿਧੀਆਂ ਘਰੋਂ ਚਲਾਉਣ ਨੂੰ ਪਹਿਲ
ਚੰਡੀਗੜ੍ਹ: ਪੰਜਾਬ ਸਕੱਤਰੇਤ ਇਸ ਸਮੇਂ ਪੂਰੀ ਤਰ੍ਹਾਂ ਬਾਬੂਆਂ ਹਵਾਲੇ ਹੈ। ਪਿਛਲੇ ਵਰ੍ਹੇ 16 ਮਾਰਚ ਨੂੰ ਸੱਤਾ ਸੰਭਾਲਣ ਪਿੱਛੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀਆਂ ਪ੍ਰਸ਼ਾਸਕੀ ਤੇ ਸਿਆਸੀ ਗਤੀਵਿਧੀਆਂ ਬਹੁਤ ਹੀ ਸੀਮਤ ਕਰ ਲਈਆਂ ਸਨ। ਉਹ ਅਕਸਰ ਆਪਣੇ ਸਰਕਾਰੀ ਮਕਾਨ ਜਾਂ ਘਰ ਵਿਚਲੇ ਦਫਤਰ ਵਿੱਚ ਹੀ ਅਫਸਰਾਂ ਨਾਲ ਮੀਟਿੰਗਾਂ ਕਰਦੇ ਹਨ। ਉਹ ਸਕੱਤਰੇਤ ਵਿਚਲੇ ਦਫਤਰ ਵਿਚ ਘੱਟ ਹੀ ਫੇਰੀ ਪਾਉਂਦੇ ਹਨ।
ਸੂਤਰਾਂ ਮੁਤਾਬਕ ਅਮਰਿੰਦਰ ਸਿੰਘ ਜਾਂ ਤਾਂ ਪਹਿਲੇ ਦਿਨ ਸਕੱਤਰੇਤ ਵਿਚਲੇ ਦਫਤਰ ਵਿਚ ਕੁਰਸੀ ‘ਤੇ ਬੈਠ ਕੇ ਤਸਵੀਰ ਖਿਚਵਾਉਣ ਆਏ ਸਨ ਜਾਂ ਫਿਰ ਕਦੇ ਕਦਾਈਂ ਜਦੋਂ ਵਜ਼ਾਰਤੀ ਮੀਟਿੰਗ ਹੁੰਦੀ ਹੈ ਤਾਂ ਸਕੱਤਰੇਤ ਆ ਜਾਂਦੇ ਹਨ। ਮੁੱਖ ਮੰਤਰੀ ਵੱਲੋਂ ਸਕੱਤਰੇਤ ਤੋਂ ਮੂੰਹ ਫੇਰ ਲੈਣ ਕਾਰਨ ਹੋਰ ਮੰਤਰੀ ਵੀ ਘੱਟ ਹੀ ਬਹੁੜਦੇ ਹਨ। ਮੁੱਖ ਮੰਤਰੀ ਸਮੇਤ ਮੰਤਰੀਆਂ ਦੇ ਸਕੱਤਰੇਤ ਨਾ ਆਉਣ ਕਾਰਨ ਪੰਜਾਬ ਤੋਂ ਕੰਮ-ਕਾਜ ਲਈ ਆਉਣ ਵਾਲੇ ਲੋਕਾਂ ਦੀਆਂ ਭੀੜਾਂ ਵੀ ਨਹੀਂ ਦਿਖਾਈ ਦਿੰਦੀਆਂ।
ਪੰਜਾਬ ਦੇ ਬਹੁਤੇ ਵਿਭਾਗਾਂ ਵਿਚ ਭ੍ਰਿਸ਼ਟਾਚਾਰ ਜ਼ੋਰਾਂ ਉਤੇ ਹੈ ਅਤੇ ਸਰਕਾਰ ਦੀ ਕਾਰਗੁਜ਼ਾਰੀ ਜ਼ੀਰੋ ਹੋ ਗਈ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਫੈਸਲੇ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਗੇ ਸਰਕਾਰ ਦਾ ਅਕਸ ਸੁਧਾਰਨ ਦੀ ਵੱਡੀ ਚੁਣੌਤੀ ਖੜ੍ਹੀ ਹੋ ਗਈ ਹੈ ਕਿਉਂਕਿ ਤਾਜ਼ਾ ਘਟਨਾਕ੍ਰਮ ਅਤੇ ਸੰਕਟ ਨੂੰ ਦਰਬਾਰੀਆਂ ਦੀ ਹੀ ਦੇਣ ਮੰਨਿਆ ਜਾ ਰਿਹਾ ਹੈ। ਸੂਤਰਾਂ ਅਨੁਸਾਰ ਕੁਝ ਮੰਤਰੀਆਂ ਨੇ ਵੀ ਦਰਬਾਰੀਆਂ ਦੀਆਂ ਬੇਲੋੜੀਆਂ ਗਤੀਵਿਧੀਆਂ ਉਤੇ ਚਰਚਾ ਕਰਨੀ ਸ਼ੁਰੂ ਕਰ ਦਿੱਤੀ ਹੈ। ਸਰਕਾਰ ਵਿਚ ਇਹ ਕਾਫੀ ਹੱਦ ਤੱਕ ਸਪੱਸ਼ਟ ਹੋ ਚੁੱਕਾ ਹੈ ਕਿ ਮੁੱਖ ਮੰਤਰੀ ਨਾਲ ਤਾਇਨਾਤ ਇਕ ਵਿਵਾਦਤ ਕਿਸਮ ਦੇ ਸਲਾਹਕਾਰ ਨੇ ਵਿਜੀਲੈਂਸ ਬਿਊਰੋ ਅਤੇ ਟਰਾਂਸਪੋਰਟ ਵਿਭਾਗ ਦੀ ਅਸਿੱਧੇ ਢੰਗ ਨਾਲ Ḕਵਾਗਡੋਰ ਸੰਭਾਲੀ’ ਹੋਈ ਹੈ। ਵਿਜੀਲੈਂਸ ਵੱਲੋਂ ਲਏ ਗਏ ਵਿਵਾਦਤ ਫੈਸਲਿਆਂ ਪਿੱਛੇ ਵੀ ਇਸੇ ਸਲਾਹਕਾਰ ਦਾ ਹੱਥ ਮੰਨਿਆ ਜਾਂਦਾ ਹੈ। ਚਰਚਾ ਹੈ ਕਿ ਇਸੇ ਸਲਾਹਕਾਰ ਦੇ ਦਖਲ ਕਾਰਨ ਹੀ ਨਵੀਂ ਟਰਾਂਸਪੋਰਟ ਨੀਤੀ ਲਾਗੂ ਨਹੀਂ ਹੋ ਰਹੀ। ਟਰਾਂਸਪੋਰਟ ਵਿਭਾਗ ਦੇ ਵਿਵਾਦਾਂ ਵਿਚ ਘਿਰੇ ਰਹਿਣ ਵਾਲੇ ਸਾਬਕਾ ਅਫਸਰ ਹਰਮੇਲ ਸਿੰਘ ਦੇ ਪੁੱਤਰ ਨੂੰ ਵੀ ਟਰਾਂਸਪੋਰਟ ਵਿਭਾਗ ਵਿਚ ਇਸੇ ਸਲਾਹਕਾਰ ਦੀ ਮਿਹਰਬਾਨੀ ਨਾਲ ਅਨਿਯਮਤ ਦਾਖਲਾ ਮਿਲਿਆ ਹੈ। ਹਾਈ ਕੋਰਟ ਦੇ ਹੁਕਮਾਂ ਦੇ ਬਾਵਜੂਦ ਟਰਾਂਸਪੋਰਟ ਨੀਤੀ ਲਾਗੂ ਨਾ ਹੋਣ ਦਾ ਕਾਰਨ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਕੈਪਟਨ ਹਕੂਮਤ ਸੂਬੇ ਦੇ ਸਭ ਤੋਂ ਵੱਡੇ ਟਰਾਂਸਪੋਰਟਰ ਵਜੋਂ ਜਾਣੇ ਜਾਂਦੇ ਬਾਦਲ ਪਰਿਵਾਰ ਨੂੰ ਨਾਰਾਜ਼ ਕਰਨ ਦੇ ਰੌਂਅ ਵਿਚ ਨਹੀਂ ਹੈ।
ਪੰਜਾਬ ਵਜ਼ਾਰਤ ਦਾ ਆਕਾਰ ਛੋਟਾ ਹੋਣ ਕਾਰਨ ਜ਼ਿਆਦਾਤਰ ਵਿਭਾਗ ਮੁੱਖ ਮੰਤਰੀ ਨੇ ਆਪਣੇ ਕੋਲ ਰੱਖੇ ਹੋਏ ਹਨ। ਮੁੱਖ ਮੰਤਰੀ ਸਾਰੇ ਵਿਭਾਗਾਂ ਨੂੰ ਸਮਾਂ ਨਹੀਂ ਦੇ ਰਹੇ। ਕੈਪਟਨ ਅਮਰਿੰਦਰ ਸਿੰਘ ਨੇ ਤਾਂ ਜ਼ਿਆਦਾਤਰ ਵਿਭਾਗਾਂ ਦੀ ਸਮੀਖਿਆ ਹੀ ਨਹੀਂ ਕੀਤੀ, ਜੋ ਜ਼ਰੂਰੀ ਕਦਮ ਹੈ। ਮੁੱਖ ਮੰਤਰੀ ਕੋਲ ਇਸ ਸਮੇਂ 40 ਤੋਂ ਵੱਧ ਵਿਭਾਗ ਹਨ। ਇਨ੍ਹਾਂ ‘ਚ ਕਈ ਵੱਡੇ ਵਿਭਾਗ ਸ਼ਾਮਲ ਹਨ, ਜੋ ਲਗਾਤਾਰ ਨਿਗਰਾਨੀ ਭਾਲਦੇ ਹਨ।
____________________
ਅਧਿਆਪਕਾਂ ਦੀ ਭਰਤੀ ਦੀ ਥਾਂ ਸਰਕਾਰ ਦਾ ਨਵਾਂ ਜੁਗਾੜ
ਹੁਣ ਇਕ ਹੀ ਅਧਿਆਪਕ ਪੜ੍ਹਾਏਗਾ ਪੰਜਾਬੀ ਤੇ ਹਿੰਦੀ
ਚੰਡੀਗੜ੍ਹ: ਵਿੱਤੀ ਸੰਕਟ ਕਾਰਨ ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਨਵੀਂ ਭਰਤੀ ਰਾਹੀਂ ਭਰਨ ਦੀ ਥਾਂ ਸਰਕਾਰ ਨੇ ਨਵਾਂ ਜੁਗਾੜ ਲਾਇਆ ਹੈ। ਸਰਕਾਰ ਨੇ ਹੁਣ ਹਿੰਦੀ ਤੇ ਪੰਜਾਬੀ ਦੇ ਵੱਖ-ਵੱਖ ਅਧਿਆਪਕਾਂ ਦੀਆਂ ਅਸਾਮੀਆਂ ਦਾ ਭੋਗ ਪਾ ਕੇ ਪੰਜਾਬੀ ਤੇ ਹਿੰਦੀ ਭਾਸ਼ਾਵਾਂ ਪੜ੍ਹਾਉਣ ਲਈ ਸਿਰਫ ਇਕ ਅਧਿਆਪਕ ਹੀ ਰੱਖਣ ਦਾ ਫੈਸਲਾ ਕੀਤਾ ਗਿਆ ਹੈ।
ਸੂਬੇ ਵਿਚਲੇ ਕੁੱਲ 2669 ਸਰਕਾਰੀ ਮਿਡਲ ਸਕੂਲਾਂ ਵਿਚੋਂ 1258 ਵਿਚ ਪ੍ਰਤੀ ਸਕੂਲ ਔਸਤਨ 50-50 ਵਿਦਿਆਰਥੀ ਹੀ ਪੜ੍ਹਦੇ ਹਨ। ਇਨ੍ਹਾਂ ਵਿਚੋਂ 444 ਸਕੂਲਾਂ ਵਿਚ ਔਸਤਨ ਪ੍ਰਤੀ ਸਕੂਲ 30 ਜਾਂ ਇਸ ਤੋਂ ਵੀ ਘੱਟ ਬੱਚੇ ਪੜ੍ਹਦੇ ਹਨ ਜਦਕਿ 814 ਸਕੂਲਾਂ ਵਿਚ ਮਸਾਂ 31 ਤੋਂ 50 ਤੱਕ ਬੱਚੇ ਹੀ ਪੜ੍ਹਨ ਆਉਂਦੇ ਹਨ। ਸਰਕਾਰ ਵੱਲੋਂ 2669 ਮਿਡਲ ਸਕੂਲਾਂ ਵਿਚ ਅਧਿਆਪਕਾਂ ਦੀਆਂ ਮਨਜ਼ੂਰਸ਼ੁਦਾ 6-6 ਅਸਾਮੀਆਂ ਵਿਚੋਂ ਅਜਿਹੇ ਤੱਥਾਂ ਨੂੰ ਅਧਾਰ ਬਣਾ ਕੇ ਦੋ-ਦੋ ਅਸਾਮੀਆਂ ਉਪਰ ਕੈਂਚੀ ਫੇਰੀ ਜਾ ਰਹੀ ਹੈ।
ਮਿਡਲ ਸਕੂਲਾਂ ਵਿਚ ਦੋ-ਦੋ ਅਧਿਆਪਕਾਂ ਦੀਆਂ ਅਸਾਮੀਆਂ ਘਟਾਉਣ ਦਾ ਫੈਸਲਾ ਜਿਥੇ ਕਾਫੀ ਸਕੂਲਾਂ ਵਿਚ ਵਿਦਿਆਰਥੀਆਂ ਦੀ ਗਿਣਤੀ ਘੱਟ ਹੋਣ ਦੇ ਅਧਾਰ ਉਤੇ ਕੀਤਾ ਗਿਆ ਹੈ, ਉਥੇ ਬਹੁਤੇ ਮਿਡਲ ਸਕੂਲਾਂ ਵਿਚ ਸਿਰਫ ਇਕ-ਇਕ ਸੈਸ਼ਨ ਹੀ ਚੱਲਣ ਕਾਰਨ ਇਹ ਕਟੌਤੀ ਕੀਤੀ ਜਾ ਰਹੀ ਹੈ। ਰੂਪਨਰਗ ਦੇ ਕੁੱਲ 162 ਮਿਡਲ ਸਕੂਲਾਂ ਵਿਚੋਂ 67, ਹੁਸ਼ਿਆਰਪੁਰ ਦੇ 223 ਸਕੂਲਾਂ ਵਿਚੋਂ 60, ਗੁਰਦਾਸਪੁਰ ਦੇ 228 ਸਕੂਲਾਂ ਵਿਚੋਂ 46 ਅਤੇ ਫਤਿਹਗੜ੍ਹ ਸਾਹਿਬ ਦੇ 137 ਸਕੂਲਾਂ ਵਿਚੋਂ 41 ਸਕੂਲਾਂ ਵਿਚ ਪ੍ਰਤੀ ਸਕੂਲ 30 ਜਾਂ ਇਸ ਤੋਂ ਘੱਟ ਬੱਚੇ ਪੜ੍ਹ ਰਹੇ ਹਨ। ਇਸੇ ਤਰ੍ਹਾਂ ਹੋਰ ਜ਼ਿਲ੍ਹਿਆਂ ਵਿਚਲੇ ਕਈ ਮਿਡਲ ਸਕੂਲਾਂ ਵਿਚ ਵੀ ਬੱਚਿਆਂ ਦੀ ਗਿਣਤੀ 30 ਜਾਂ ਇਸ ਤੋਂ ਘੱਟ ਹੈ। ਜ਼ਿਲ੍ਹਾ ਹੁਸ਼ਿਆਰਪੁਰ ਦੇ ਕੁੱਲ 223 ਮਿਡਲ ਸਕੂਲਾਂ ਵਿਚੋਂ 95, ਗੁਰਦਾਸਪੁਰ ਦੇ 228 ਸਕੂਲਾਂ ਵਿਚੋਂ 73, ਲੁਧਿਆਣਾ ਦੇ 191 ਸਕੂਲਾਂ ਵਿਚੋਂ 57 ਅਤੇ ਜ਼ਿਲ੍ਹਾ ਰੂਪਨਗਰ ਦੇ ਕੁੱਲ 162 ਮਿਡਲ ਸਕੂਲਾਂ ਵਿਚੋਂ 55 ਸਕੂਲਾਂ ਵਿਚ ਪ੍ਰਤੀ ਸਕੂਲ ਸਿਰਫ 31 ਤੋਂ 50 ਤੱਕ ਬੱਚੇ ਹੀ ਪੜ੍ਹਦੇ ਹਨ। ਪਹਿਲਾਂ ਮਿਡਲ ਸਕੂਲਾਂ ਵਿਚ ਅੰਗਰੇਜ਼ੀ ਤੇ ਸਮਾਜਿਕ ਸਿੱਖਿਆ ਤੇ ਹਿਸਾਬ ਤੇ ਸਾਇੰਸ ਲਈ ਇਕ-ਇਕ ਅਧਿਆਪਕ ਦੀਆਂ ਮਨਜ਼ੂਰਸ਼ੁਦਾ ਅਸਾਮੀਆਂ ਸਨ। ਇਸ ਤੋਂ ਇਲਾਵਾ ਪੰਜਾਬੀ, ਹਿੰਦੀ, ਡਰਾਇੰਗ ਅਤੇ ਸਰੀਰਕ ਸਿੱਖਿਆ ਲਈ ਵੱਖਰੇ ਤੌਰ ਉਤੇ ਇਕ-ਇਕ ਅਧਿਆਪਕ ਦੀਆਂ ਅਸਾਮੀਆਂ ਸਨ। ਹੁਣ ਹਿੰਦੀ ਤੇ ਪੰਜਾਬੀ ਅਤੇ ਸਰੀਰਕ ਸਿੱਖਿਆ ਤੇ ਆਰਟ ਤੇ ਕਰਾਫਟ ਦੋ-ਦੋ ਵਿਸ਼ਿਆਂ ਲਈ ਵੀ ਸਿਰਫ ਇਕ-ਇਕ ਅਧਿਆਪਕ ਨੂੰ ਰੱਖਣ ਦਾ ਫੈਸਲਾ ਲਿਆ ਗਿਆ ਹੈ। ਇਸ ਤਹਿਤ ਹੁਣ ਮਿਡਲ ਸਕੂਲਾਂ ਵਿਚ ਛੇ ਦੀ ਥਾਂ ਚਾਰ ਅਧਿਆਪਕਾਂ ਰਾਹੀਂ ਹੀ ਬੁੱਤਾ ਸਾਰਿਆ ਜਾਵੇਗਾ। ਇਸ ਕਾਰਨ ਸਵਾਲ ਖੜ੍ਹਾ ਹੋ ਗਿਆ ਹੈ ਕਿ ਕੀ ਹਿੰਦੀ ਦੇ ਅਧਿਆਪਕ ਵੱਲੋਂ ਪੰਜਾਬੀ ਜਾਂ ਪੰਜਾਬੀ ਦੇ ਅਧਿਆਪਕ ਵੱਲੋਂ ਹਿੰਦੀ ਪੜ੍ਹਾਉਣੀ ਸੰਭਵ ਹੈ?