ਜਦ ਲਾਲ ਪੱਗ ਰੁਲਦੀ ਵੇਖੀ

ਗੁਰਚਰਨ ਸਿੰਘ ਸਹਿੰਸਰਾ ਨੇ ਆਪਣੀ ਪੁਸਤਕ ‘ਡਿੱਠੇ ਸੁਣੇ ਪਠਾਣ’ ਵਿਚ ਪਠਾਣਾਂ ਦਾ ਨਕਸ਼ਾ ਹੀ ਨਹੀਂ ਖਿੱਚਿਆ, ਸਗੋਂ ਭਾਰਤ ਦੀ ਆਜ਼ਾਦੀ ਤੋਂ ਪਹਿਲਾਂ ਵਾਲਾ ਮਾਹੌਲ ਵੀ ਆਪਣੀਆਂ ਇਨ੍ਹਾਂ ਰਚਨਾਵਾਂ ਵਿਚ ਪੂਰੀ ਰੂਹ ਨਾਲ ਪਰੋਇਆ ਹੈ। ‘ਜਦ ਲਾਲ ਪੱਗ ਰੁਲਦੀ ਵੇਖੀ’ ਅਜਿਹੀ ਹੀ ਰਚਨਾ ਹੈ। ਇਸ ਲਿਖਤ ਵਿਚ ਇਤਿਹਾਸ ਵਾਲਾ ਰੰਗ ਹੈ ਅਤੇ ਇਤਿਹਾਸ ਵਿਚ ਕਹਾਣੀ ਵਾਲਾ ਰਸ। ਇਸ ਵਿਚ ਦ੍ਰਿਸ਼ ਚਿਤਰਨ ਕਮਾਲ ਦਾ ਹੈ ਅਤੇ ਸੁਨੇਹਾ ਵੀ ਪ੍ਰੇਰਨ ਵਾਲਾ ਹੈ।

-ਸੰਪਾਦਕ

ਗੁਰਚਰਨ ਸਿੰਘ ਸਹਿੰਸਰਾ
ਸੰਨ 1940 ਵਿਚ ਮਈ ਦੇ ਵਿਚਕਾਰਲੇ ਦਿਨ ਸਨ। ਮੈਂ ਰੱਸ਼ਕਈ ਜਾਣ ਲਈ ਸਵੇਰੇ ਨੌਂ ਵਜੇ ਨੁਸ਼ਹਿਰੇ ਦੇ ਮੋਟਰ ਅੱਡੇ ਉਤੇ ਮਰਦਾਨ ਦੇ ਪਲੇਟਫਾਰਮ ‘ਤੇ ਲੱਗੀ ਲਾਰੀ ਵਿਚ ਜਾ ਬੈਠਾ।
ਨੁਸ਼ਹਿਰੇ ਦਾ ਲਾਰੀ-ਅੱਡਾ ਉਦੋਂ ਤਕ ਵੇਖੇ ਸਾਰੇ ਲਾਰੀ ਅੱਡਿਆਂ ਨਾਲੋਂ ਚੰਗਾ, ਸੁਥਰਾ ਤੇ ਮੁਸਾਫਰਾਂ ਨੂੰ ਬੜੀਆਂ ਸਹੂਲਤਾਂ ਦਿੰਦਾ ਸੀ। ਇਥੇ ਰੇਲ ਦੇ ਵੱਡੇ ਸਟੇਸ਼ਨਾਂ ਵਾਂਗ ਜੁਦਾ ਜੁਦਾ ਬੰਨਿਆਂ ਨੂੰ ਜਾਣ ਵਾਲੀਆਂ ਲਾਰੀਆਂ ਲਈ ਪਲੇਟਫਾਰਮ ਬਣੇ ਹੋਏ ਸਨ ਤੇ ਇਨ੍ਹਾਂ ਪਲੇਟਫਾਰਮਾਂ ਉਤੇ ਇਕ ਵੱਡਾ ਸਾਰਾ ਟੀਨ ਦਾ ਪੱਕਾ ਢਾਰਾ ਛੱਤਿਆ ਹੋਇਆ ਸੀ। ਮੀਂਹ ਹੋਵੇ ਜਾਂ ਧੁੱਪ, ਮੁਸਾਫਰ ਆਰਾਮ ਨਾਲ ਲਾਰੀਆਂ ਵਿਚ ਚੜ੍ਹ-ਉਤਰ ਸਕਦੇ ਸਨ।
ਲਾਰੀ ਪਿੱਛੋਂ ਪਸ਼ਾਉਰੋਂ ਆਈ ਸੀ। ਕੁਝ ਸਵਾਰੀਆਂ ਉਤਰੀਆਂ ਤੇ ਉਨ੍ਹਾਂ ਦੀ ਥਾਂ ਮੇਰੇ ਵਰਗੀਆਂ ਹੋਰ ਨਵੀਆਂ ਜਾ ਚੜ੍ਹੀਆਂ। ਲਾਰੀਆਂ ਵਿਚੋਂ ਉਦੋਂ, ਜੋ ਅਜੇ ਬੱਸਾਂ ਨਹੀਂ ਕਹਾਉਣ ਲੱਗੀਆਂ ਸਨ, ਸੀਟਾਂ ਦੇ ਮੂੰਹ ਅਗਾਂਹ ਡਰਾਈਵਰ ਦੀ ਸੀਟ ਵੱਲ ਨਹੀਂ ਸਨ, ਸਗੋਂ ਤਿੰਨ ਲੰਮੇ ਬੈਂਚ ਹੁੰਦੇ ਸਨ, ਦੋ ਤਾਂ ਪਾਸਿਆਂ ‘ਤੇ ਬਾਹਰਲੇ ਬੰਨਿਆਂ ਨਾਲ ਤੇ ਇਕ ਵਿਚਾਲੇ। ਇਕ ਬੂਹਾ ਅਗਲੇ ਪਾਸੇ ਡਰਾਈਵਰ ਦੇ ਖੱਬੇ ਹੱਥ ਤੇ ਦੂਸਰਾ ਲਾਰੀ ਦੀ ਪਿੱਠ ਵਿਚ ਹੁੰਦਾ ਸੀ। ਵਿਚਕਾਰਲੇ ਬੈਂਚ ਵਾਲੀਆਂ ਸਵਾਰੀਆਂ ਦੀਆਂ ਲੱਤਾਂ, ਸੱਜੇ ਜਾਂ ਖੱਬੇ, ਜਿਸ ਬੰਨੇ ਬੈਂਚ ਦਾ ਮੂੰਹ ਹੋਵੇ, ਉਧਰ ਦੀਆਂ ਸਵਾਰੀਆਂ ਵੱਲ ਹੁੰਦੀਆਂ ਤੇ ਸਾਹਮਣੇ ਦੀਆਂ ਸਵਾਰੀਆਂ ਦੀਆਂ ਲੱਤਾਂ ਵਿਚ ਫਸਦੀਆਂ ਸਨ।
ਖੱਬੇ ਹੱਥ ਦੇ ਮੇਰੇ ਬੈਂਚ ਸਾਹਮਣੇ ਵਿਚਕਾਰਲੇ ਬੈਂਚ ਉਤੇ ਦੋ ਸਿਪਾਹੀਆਂ ਨੇ ਦੋ ਪੱਕੀ ਹੋਈ ਜਵਾਨੀ ਦੇ ਪਠਾਣ ਕੈਦੀ ਇਕ ਹੀ ਹੱਥਕੜੀ ਵਿਚ ਜਰੁਟ ਕਰਕੇ ਤੇ ਪੈਰਾਂ ਨੂੰ ਬੇੜੀਆਂ ਲਾ ਕੇ ਬਠਾਏ ਹੋਏ ਸਨ। ਉਨ੍ਹਾਂ ਦੇ ਖੱਬੇ ਪਾਸੇ ਬੈਠੇ ਸਿਪਾਹੀ ਨੇ ਹੱਥਕੜੀ ਦੀ ਸੰਗਲੀ ਆਪਣੀ ਪੇਟੀ ਵਿਚ ਪਰੋਤੀ ਹੋਈ ਸੀ। ਦੂਸਰਾ ਇਕ ਪਾਸੇ ਗਾਤਰੇ ਵਿਚ ਰਫਲ ਦੇ ਕਾਰਤੂਸਾਂ ਨਾਲ ਭਰੀਆਂ ਜੇਬਾਂ ਵਾਲੀ ਨਸਵਾਰੀ ਪੇਟੀ ਤੇ ਦੂਸਰੇ ਪਾਸੇ ਖਾਦੀ ਜ਼ੀਨ ਦੇ ਝੋਲੇ ਦਾ ਬੰਗਣਾ ਪਾਈ ਰਫਲ ਲੈ ਕੇ ਸੱਜੇ ਪਾਸੇ ਬੈਠਾ ਸੀ। ਦੋਹਾਂ ਦੀ ਵਰਦੀ ਬਹੁਤ ਚੁਸਤ ਸੀ ਤੇ ਕਾਲੇ ਰੰਗ ਦੇ ਬੂਟ ਪੇਟੀ ਬਹੁਤ ਲਿਸ਼ਕਾਏ ਹੋਏ ਸਨ, ਜਿਵੇਂ ਅੰਗਰੇਜ਼ੀ ਰਾਜ ਵਿਚ ਆਮ ਪੁਲਿਸ ਵਾਲੇ ਰੱਖਦੇ ਸਨ। ਦੋਵੇਂ ਸਿਪਾਹੀ ਉਠਦੀ ਜਵਾਨੀ ਦੇ ਗੱਭਰੂ ਸਨ।
ਦੋਵੇਂ ਕੈਦੀ ਪਠਾਣ ਬੜੇ ਹੱਟੇ ਕੱਟੇ ਸਨ। ਉਨ੍ਹਾਂ ਦੇ ਚਿਹਰਿਆਂ ਦੀ ਸ਼ੂਕਾ ਸ਼ਾਕੀ ਤੇ ਅੱਖਾਂ ਤੋਂ ਡਰ ਲਗਦਾ ਸੀ। ਉਨ੍ਹਾਂ ਤੋਂ ਡਰ ਡਰ ਨਿੱਕੇ ਬੱਚੇ ਆਪਣੇ ਮਾਪਿਆਂ ਨੂੰ ਚਿੰਬੜ ਚਿੰਬੜ ਉਨ੍ਹਾਂ ਦੇ ਕੰਨਾਂ ਵਿਚ ਹੌਲੀ ਹੌਲੀ ਚੋਰ ਚੋਰ ਆਖਦੇ ਸਨ। ਸਾਰੀਆਂ ਨਵੀਆਂ ਸਵਾਰੀਆਂ ਨੇ, ਵਿਚੇ ਹੀ ਮੈਂ, ਉਨ੍ਹਾਂ ਤੋਂ ਹਟ ਕੇ ਬੈਠਣ ਦਾ ਚਾਰਾ ਕੀਤਾ।
ਲਾਰੀ ਭਰ ਗਈ ਤੇ ਤੁਰ ਪਈ। ਜੇਠ ਮਹੀਨੇ ਦੀ ਧੁੱਪ ਵਾਹਵਾ ਚਮਕ ਆਈ ਸੀ।
ਮੇਰੇ ਸੱਜੇ ਪਾਸੇ ਨਾਲ ਹੀ ਬਿੱਲੀਆਂ ਅੱਖਾਂ ਵਾਲੇ ਦੋ ਕੈਦੀਆਂ ਦੇ ਹਾਣ ਦੇ ਦੋ ਹੋਰ ਪਠਾਣ ਬੈਠੇ ਸਨ। ਉਨ੍ਹਾਂ ਦੀ ਸ਼ਕਲ ਸੂਰਤ ਤੇ ਦਿੱਖ ਕੈਦੀਆਂ ਵਾਂਗ ਹੀ ਡਰਾਉਣੀ ਜਾਪਦੀ ਸੀ। ਉਹ ਲਾਰੀ ਦੇ ਅੱਡੇ ‘ਤੇ ਖਲੋਤਿਆਂ ਤੇ ਤੁਰੇ ਜਾਂਦਿਆਂ ਵੀ ਆਪਸ ਵਿਚ ਘੁਸਰ ਮੁਸਰ ਕਰੀ ਗਏ। ਉਨ੍ਹਾਂ ਦੀ ਇਸ ਫੁਸ ਫੁਸ ਤੋਂ ਸਵਾਰੀਆਂ ਤੰਗ ਪੈ ਰਹੀਆਂ ਸਨ। ਵਿਚ ਵਿਚਾਲੇ ਉਨ੍ਹਾਂ ਦੀਆਂ ਅੱਖਾਂ ਕਿਤੇ ਕਿਤੇ ਕੈਦੀਆਂ ਵੱਲ ਸਿੱਧੀਆਂ ਹੋ ਜਾਂਦੀਆਂ ਤਾਂ ਇਨ੍ਹਾਂ ਦੀ ਤੱਕ ਨਾਲ ਕੈਦੀਆਂ ਦੇ ਚਿਹਰਿਆਂ ‘ਤੇ ਪ੍ਰਭਾਵਾਂ ਤੋਂ ਸ਼ੱਕ ਪੈਂਦਾ ਸੀ ਕਿ ਉਹ ਕੈਦੀਆਂ ਦੇ ਜ਼ਰੂਰ ਸਨੇਹੀ ਹੋਣਗੇ। ਇਸ ਤੋਂ ਇਲਾਵਾ ਉਨ੍ਹਾਂ ਵਿਚ ਹੋਰ ਕੋਈ ਲੱਛਣ ਨਹੀਂ ਦਿਸਿਆ ਜਿਸ ਤੋਂ ਉਨ੍ਹਾਂ ਦੀ ਵਾਕਫੀ ਪਰਗਟ ਹੁੰਦੀ ਹੋਵੇ।
ਸਿਪਾਹੀ ਵੀ ਸਰੀਰ ਦੇ ਤਕੜੇ ਨਰੋਏ ਗੱਭਰੂ ਸਨ ਤੇ ਉਹ ਆਪਣੇ ਕੈਦੀਆਂ ਨੂੰ ਸੰਭਾਲੀ ਬੜੇ ਬੇਫਿਕਰ ਬੈਠੇ ਸਨ। ਲਾਰੀ ਰੇਲ ਦੇ ਪੁਲ ਤੋਂ ਕਾਬਲ ਦਰਿਆ ਪਾਰ ਕਰ ਗਈ ਤੇ ਅਕਾਲੀ ਫੂਲਾ ਸਿੰਘ ਸ਼ਹੀਦ ਵਾਲੀ ਪਹਾੜੀ ਦਾ ਢਿੱਡ ਚੀਰ ਕੇ ਲੰਘਾਈ ਗਈ ਸੜਕ ਉਤੋਂ ਦੀ ਘੂਕਦੀ ਰਸਾਲਪੁਰ ਜਾ ਖਲੋਤੀ। ਉਥੇ ਕੁਝ ਸਵਾਰੀਆਂ ਉਤਰੀਆਂ ਤੇ ਚੜ੍ਹੀਆਂ ਤਾਂ ਲਾਰੀ ਤੁਰ ਪਈ।
ਪਹਾੜੀ ਲੰਘਦਿਆਂ ਹੀ ਕਾਬਲ ਦਰਿਆ ਦੇ ਪਾਰਲਾ ਜੁਗਰਾਫੀਆ ਦਿਸ ਪਿਆ। ਚਾਰ ਚੁਫੇਰੇ ਦਿਸਹੱਦੇ ਉਤੇ ਪਹਾੜਾਂ ਦੀਆਂ ਲਤਰਾਂ ਤੇ ਲਤਰਾਂ ਚੜ੍ਹੀਆਂ ਦਿਸਦੀਆਂ ਸਨ ਜੋ ਘੱਟੇ ਮਿੱਟੀ ਦੀ ਚੜ੍ਹੀ ਹੋਈ ਧੁੰਦ ਵਿਚ ਬੜੀਆਂ ਨਿੰਗੀਆਂ ਨਜ਼ਰੀਂ ਆ ਰਹੀਆਂ ਸਨ। ਇਹ ਦਰਿਆ ਕਾਬਲ ਦਾ ਵਿਰਲ ਬਹੁਤ ਵੱਡਾ ਮੈਦਾਨੀ ਪੱਧਰ ਸੀ, ਜਿਸ ਵਿਚ ਨਹਿਰਾਂ ਤੇ ਖੂਹਾਂ ਤੋਂ ਸਿੰਜਾਈ ਹੁੰਦੀ ਸੀ। ਪਿੰਡਾਂ ਲਾਗੇ, ਖੂਹਾਂ ‘ਤੇ, ਸੜਕਾਂ ਤੇ ਸ਼ਹਿਰਾਂ ਦੇ ਕੰਢਿਆਂ ‘ਤੇ ਤਾਂ ਰੁੱਖ ਦਰਖਤ ਬਹੁਤ ਸਨ, ਪਰ ਰੱਸ਼ਕਈ ਤਕ ਖੇਤਾਂ ਵਿਚ ਸ਼ਾਇਦ ਹੀ ਕੋਈ ਦਰਖਤ ਦਿਸਦਾ ਹੋਵੇ।
ਰਸਾਲਪੁਰੋਂ ਉਰੇ ਤੇ ਅਗਾਂਹ ਲੰਘ ਕੇ ਵੀ ਸੜਕ ਦੇ ਦੋਹੀਂ ਪਾਸੀਂ ਨਿਗਾਹ ਦੇ ਪਸਾਰ ਤਕ ਕਣਕਾਂ ਦੇ ਵੱਢ ਸੁੰਝੇ ਪਏ ਸਨ। ਸੱਜੇ ਹੱਥ ਤਾਂ ਦੂਰ ਹਟ ਕੇ ਰੁੱਖਾਂ ਦਰਖਤਾਂ ਦੀ ਹਰਿਆਉਲ ਝੌਲਾ ਮਾਰਦੀ ਸੀ, ਪਰ ਖੱਬੇ ਹੱਥ ਤਾਂ ਉਜਾੜ ਹੀ ਉਜਾੜ ਸੀ। ਕੋਈ ਪਿੰਡ ਨਜ਼ਰੇ ਨਹੀਂ ਸੀ ਚੜ੍ਹਦਾ। ਮਈ ਦੀਆਂ ਧੁੱਪਾਂ ਵੱਢਾਂ ਵਿਚੋਂ ਕਣਕ ਦੇ ਬੁਥਿਆਂ ਤੇ ਪੋਹਲੀ ਨੂੰ ਸੁਕਾ ਰਹੀਆਂ ਸਨ ਤੇ ਦਰਿਆਵਾਂ ਤੇ ਪਹਾੜਾਂ ਦੇ ਨੇੜ ਸਦਕਾ ਹਮੇਸ਼ਾ ਚਲਦੀ ਰਹਿੰਦੀ ਹਵਾ ਪੋਹਲੀ ਨੂੰ ਉਖਾੜ ਉਖਾੜ ਡੂੰਘੇ ਨਾਲਿਆਂ ਦੀਆਂ ਖੱਡਾਂ ਦੇ ਖੂੰਜੇ ਖਰਲਾਂ ਤੇ ਹੋਰ ਓਟ ਵਾਲੀਆਂ ਥਾਂਵਾਂ ਵਿਚ ਢੇਰ ਲਾਈ ਜਾਂਦੀ ਸੀ। ਧੁੱਪ ਦੇ ਤੇਜ਼ ਹੋਣ ਨਾਲ ਇਹ ਹਵਾ ਤੇਜ਼ ਹੋ ਜਾਂਦੀ ਤੇ ਮਿੱਟੀ ਘੱਟਾ ਤੇ ਕੱਖ ਕਾਣ ਉਡਾਉਣ ਲੱਗ ਪੈਂਦੀ।

ਹਵਾ ਵਾਹਵਾ ਤੇਜ਼ ਹੋ ਗਈ ਸੀ ਜੋ ਲਾਰੀ ਦੀਆਂ ਬਾਰੀਆਂ ਵਿਚੋਂ ਸ਼ੂਕਦੀ ਸਾਡੀਆਂ ਝੁੰਗੀਆਂ ਦੇ ਸ਼ੰਭਲੇ ਉਡਾ ਰਹੀ ਸੀ। ਲਾਰੀ ਜਦ ਰਸਾਲਪੁਰ ਲੰਘ ਤੁਰੀ ਤਾਂ ਇਕ ਕੈਦੀ ਮੂੰਹ ਨੂੰ ਵੱਟ ਚਾੜ੍ਹ ਤੇ ਨੱਕ ਵੱਟ ਬੈਠਿਆਂ ਬੈਠਿਆਂ ਉਸਲ ਵੱਟੇ ਭੰਨਣ ਲੱਗ ਪਿਆ ਤੇ ਉਹਨੇ ਢਿੱਡ ਘੁਟ ਘੁਟ ਪਸ਼ਤੋ ਵਿਚ ਹਾਲ ਪਾਹਰਿਆਂ ਸ਼ੁਰੂ ਕਰ ਦਿੱਤੀ, ਜਿਸ ਤੋਂ ਮੇਰੇ ਵਰਗੇ ਉਦੋਂ ਪਸ਼ਤੋ ਨਾ ਜਾਣਨ ਵਾਲੇ ਨੂੰ ਵੀ ਮਾਲੂਮ ਹੋ ਗਿਆ ਕਿ ਉਸ ਦੇ ਢਿੱਡ ਵਿਚ ਜ਼ਰੂਰ ਕੋਈ ਸੂਲ ਉਠਿਆ ਸੀ ਤੇ ਟੱਟੀ ਜਾਣ ਲਈ ਤਰਲੇ ਮਾਰ ਰਿਹਾ ਸੀ। ਉਹ ਭਾਵੇਂ ਕੈਦੀ ਸੀ, ਖਬਰੇ ਕਿੰਨਾ ਪਾਪੀ ਹੋਵੇਗਾ, ਪਰ ਮਨੁੱਖ ਤਾਂ ਸੀ। ਇਸ ਮਨੁੱਖੀ ਨਾਤੇ ਨੇ ਸਾਡੇ ਦਿਲਾਂ ਵਿਚ ਪੈਦਾ ਹੋਈ ਉਸ ਵੱਲ ਘ੍ਰਿਣਾ ਨੂੰ ਨਰਮਾ ਦਿੱਤਾ ਤੇ ਸਾਡੀਆਂ ਹਮਦਰਦੀਆਂ ਉਹਦੇ ਵੱਲ ਕਰ ਦਿੱਤੀਆਂ, ਤੇ ਸਵਾਰੀਆਂ ਨੂੰ ਉਸ ‘ਤੇ ਤਰਸ ਆਉਣ ਲੱਗ ਪਿਆ।
ਪਰ ਸਿਪਾਹੀ ਕੋਈ ਪਰਵਾਹ ਨਹੀਂ ਸੀ ਕਰ ਰਹੇ। ਉਨ੍ਹਾਂ ਵਿਚ ਅੰਗਰੇਜ਼ੀ ਸਾਮਰਾਜ ਵੱਲੋਂ ਗੁਲਾਮ ਲੋਕਾਂ ਦੀਆਂ ਲੋੜਾਂ ਵੱਲ ਵਰਤੀ ਜਾ ਰਹੀ ਬੇਪਰਵਾਹੀ, ਬੇਰੁਖੀ, ਬੇਰਹਿਮਤੀ ਤੇ ਬੇਕਿਰਕੀ ਕੁੱਟ ਕੁੱਟ ਕੇ ਭਰੀ ਹੋਈ ਜਾਪਦੀ ਸੀ। ਇਸ ਤਰ੍ਹਾਂ ਲਗਦਾ ਸੀ, ਜਿਵੇਂ ਸਤਾਰਾਂ ਰੁਪਏ ਮਹੀਨੇ ਵਿਚ ਅੰਗਰੇਜ਼ੀ ਹਕੂਮਤ ਨੇ ਉਨ੍ਹਾਂ ਦੇ ਦਿਲਾਂ ਵਿਚੋਂ ਇਨਸਾਨੀ ਹਮਦਰਦੀ ਦਾ ਖਾਨਾ ਹੀ ਕੱਢ ਲਿਆ ਹੋਵੇ।
ਕੈਦੀ ਦੀ ਦੁਹਾਈ ਨੇ ਸਾਰੀਆਂ ਸਵਾਰੀਆਂ ਦੇ ਦਿਲਾਂ ਨੂੰ ਨਰਮਾ ਕੇ ਸਿਪਾਹੀਆਂ ਦੀ ਆਕੜ ਉਤੇ ਗੁੱਸਾ ਚੜ੍ਹਾ ਦਿੱਤਾ ਸੀ। ਸਵਾਰੀਆਂ ਕੈਦੀ ਵੱਲ ਰਹਿਮ ਦੀਆਂ ਤੇ ਸਿਪਾਹੀਆਂ ਨੂੰ ਕਹਿਰ ਦੀਆਂ ਨਜ਼ਰਾਂ ਨਾਲ ਵੇਖਣ ਲੱਗ ਪਈਆਂ। ਕਈ ਤਾਂ ਸਿਪਾਹੀਆਂ ਨੂੰ ਕੈਦੀ ਦੀ ਮੰਗ ਮੰਨ ਲੈਣ ਲਈ ਆਖਣ ਡਹਿ ਪਈਆਂ, ਪਰ ਸਿਪਾਹੀਆਂ ਦੇ ਖਾਨਿਆਂ ਵਿਚ ਕੈਦੀ ਦੀ ਤਰਲੋ ਮੱਛੀ ਨਹੀਂ ਸੀ ਪੈ ਰਹੀ। ਉਨ੍ਹਾਂ ਨੂੰ ਬਰਤਾਨਵੀ ਹਾਕਮਾਂ ਵੱਲੋਂ ਅਜੇ ਇਹ ਦੱਸਿਆ ਹੀ ਨਹੀਂ ਸੀ ਗਿਆ ਕਿ ਚਲਦੀ ਲਾਰੀ ਵਿਚ ਅਜਿਹਾ ਮਾਮਲਾ ਪੇਸ਼ ਆ ਜਾਵੇ ਤਾਂ ਕੀ ਕੀਤਾ ਜਾਵੇ।
ਅਖੀਰ ਜਦ ਲਾਰੀ ਰਸਾਲਪੁਰ ਤੋਂ ਢਾਈ ਮੀਲ ਨਿਕਲ ਆਈ ਤਾਂ ਕੈਦੀ ਨੇ ਝੱਗਾ ਚੁੱਕ ਕੇ ਨਾਲੇ ਨੂੰ ਹੱਥ ਪਾਇਆ ਤੇ ਬੈਂਚੋਂ ਉਤਰ ਕੇ ਲਾਰੀ ਵਿਚ ਹੀ ਟੱਟੀ ਬੈਠ ਜਾਣ ਦਾ ਸਾਂਗ ਧਾਰਿਆ। ਇਹ ਵੇਖ ਕੇ ਸਵਾਰੀਆਂ ਵਿਚ ਹਫੜਾ ਦਫੜੀ ਮੱਚ ਗਈ ਤੇ ਉਹ ਸਿਪਾਹੀਆਂ ਉਤੇ ਬਹੁਤ ਔਖੀਆਂ ਹੋਣ ਲੱਗ ਪਈਆਂ। ਸਿਪਾਹੀਆਂ ਦੀ ਸਾਮਰਾਜੀ ਆਕੜ ਟੁੱਟੀ ਤੇ ਉਨ੍ਹਾਂ ਨੇ ਲਾਰੀ ਖੜ੍ਹੀ ਕਰਵਾ ਲਈ।
ਉਹ ਕੈਦੀਆਂ ਨੂੰ ਲੈ ਕੇ ਲਾਰੀ ਦੀ ਅਗਲੀ ਬਾਰੀ ਥਾਣੀਂ ਹੇਠਾਂ ਉਤਰ ਗਏ। ਐਨ ਉਸੇ ਵੇਲੇ ਮੇਰੇ ਕੋਲ ਬੈਠੇ ਦਗਾ ਰੌੜਾ ਦਗਾ ਰੌੜਾ ਕਰਦੇ ਆ ਰਹੇ ਯਾਨਿ ਪਸ਼ਤੋ ਬੋਲਦੇ ਆ ਰਹੇ ਦੋਵੇਂ ਪਠਾਣ ਵੀ ਪਿਛਲੀ ਬਾਰੀ ਉਤਰ ਕੇ ਕੈਦੀਆਂ ਕੋਲ ਚਲੇ ਗਏ।
ਸਿਪਾਹੀ ਕੈਦੀਆਂ ਨੂੰ ਲੈ ਕੇ ਲਾਰੀ ਤੋਂ ਅਜੇ ਦੋ ਕਦਮ ਹੀ ਪਰੇ ਹਟੇ ਸਨ ਕਿ ਡਜ਼ ਦੀ ਆਵਾਜ਼ ਆਈ ਤੇ ਨਾਲ ਹੀ ਦੋਂਹ ਬੰਦਿਆਂ ਦੇ ਭੁੰਜੇ ਢਹਿ ਪੈਣ ਦਾ ਖੜਕਾ ਹੋਇਆ।
ਮੌਤ ਨਗਾਰੇ ਦੀ ਇਸ ਆਵਾਜ਼ ਤੋਂ ਡਰ ਕੇ ਸਭ ਸਵਾਰੀਆਂ ਆਪੋ ਆਪਣੀ ਥਾਂਈਂ ਦੜ ਵੱਟ ਗਈਆਂ ਤੇ ਕਿਸੇ ਦਾ ਬਾਹਰ ਨਿਕਲ ਕੇ ਵੇਖਣ ਦਾ ਹੌਸਲਾ ਨਾ ਪਿਆ। ਮਾਪਿਆਂ ਨੇ ਬੱਚੇ ਛਾਤੀਆਂ ਨਾਲ ਘੁੱਟ ਲਏ। ਸਵਾਰੀਆਂ ਅੰਦਰ ਬੈਠੀਆਂ ਹੀ ਵਾਪਰੀ ਨੂੰ ਜਾਣਨ ਦੀ ਕੋਸ਼ਿਸ਼ ਕਰਨ ਤਕ ਹੀ ਸੀਮਤ ਰਹਿ ਗਈਆਂ ਸਨ। ਮੈਂ ਧੌਣ ਭੰਵਾ ਕੇ ਆਪਣੀ ਸੀਟ ਤੋਂ ਹੀ ਬਿਨਾ ਸਿਰ ਬਾਹਰ ਕੱਢਿਆਂ ਕੁੱਕੜ ਵਾਂਗ ਬਾਹਰ ਝਾਕਿਆ ਤਾਂ ਦੋਵੇਂ ਕੈਦੀ ਸਿੱਧੇ ਪਏ ਸਨ। ਤੇ ਸਿਪਾਹੀ ਕਿਧਰੇ ਨਹੀਂ ਸਨ ਦਿਸਦੇ। ਮੇਰੇ ਪਾਸੋਂ ਹੀ ਉਠ ਕੇ ਜਾਣ ਵਾਲੇ ਜਵਾਨਾਂ ਵਿਚੋਂ ਇਕ ਦੇ ਹੱਥ ਵਿਚ ਮਾੜਾ ਮਾੜਾ ਧੂੰਆਂ ਛੱਡ ਰਿਹਾ ਪਿਸਤੌਲ ਫੜ੍ਹਿਆ ਹੋਇਆ ਸੀ ਤੇ ਦੂਸਰਾ ਇਸ ਤਰ੍ਹਾਂ ਨਿੰਵਿਆ ਹੋਇਆ ਸੀ ਜਿਵੇਂ ਭੋਏਂ ਤੋਂ ਕੋਈ ਚੀਜ਼ ਚੁੱਕ ਰਿਹਾ ਹੋਵੇ।
ਮੈਂ ਥੋੜ੍ਹਾ ਜਿਹਾ ਹੋਰ ਹੌਸਲਾ ਕੀਤਾ ਤੇ ਬਾਰੀ ਨਾਲ ਮੱਥਾ ਲਾ ਕੇ ਹੋਰ ਹੇਠਾਂ ਕਰ ਕੇ ਨਿਗਾਹ ਮਾਰੀ ਤਾਂ ਇਕ ਸਿਪਾਹੀ ਜਮੀਨ ‘ਤੇ ਡਿੱਗਾ ਪਿਆ ਸੀ ਤੇ ਨਿੰਵਿਆ ਹੋਇਆ ਜਵਾਨ ਸੱਜੇ ਹੱਥ ਵਿਚ ਪਿਸਤੌਲ ਫੜ੍ਹੀ ਖੱਬੇ ਹੱਥ ਨਾਲ ਉਸ ਦੀ ਪੇਟੀ ਖੋਲ੍ਹ ਰਿਹਾ ਸੀ। ਰਫਲ ਵਾਲੇ ਸਿਪਾਹੀ ਦੀਆਂ ਲਾਰੀ ਹੇਠ ਵੜੇ ਜਾਂਦੇ ਦੀਆਂ ਮਸਾਂ ਲੱਤਾਂ ਹੀ ਦਿਸੀਆਂ। ਨਿੰਵਿਆ ਹੋਇਆ ਜਵਾਨ ਸਿਪਾਹੀ ਦੀ ਪੇਟੀ ਵਿਚੋਂ ਹੱਥਕੜੀ ਦੀ ਸੰਗਲੀ ਕੱਢ ਕੇ ਸਿੱਧਾ ਖੜ੍ਹਾ ਹੋ ਗਿਆ ਤਾਂ ਦੋਹਾਂ ਜਣਿਆਂ ਨੇ ਆਪਣੇ ਪਿਸਤੌਲਾਂ ਦੀਆਂ ਨਾਲੀਆਂ ਲਾਰੀ ਵੱਲ ਸਿੱਧੀਆਂ ਕਰ ਦਿੱਤੀਆਂ। ਉਸ ਬੰਨੇ ਦੀਆਂ ਸਾਰੀਆਂ ਸਵਾਰੀਆਂ ਨੇ ਨਿਉਂ ਕੇ ਲੱਤਾਂ ਉਤੇ ਸਿਰ ਰੱਖ ਲਏ। ਬਾਹਰੋਂ ਚੰਗੇ ਰੋਹ ਵਾਲੀ ਕੜਕਦੀ ਪਸ਼ਤੋ ਵਿਚ ਤਾੜਨਾ ਹੋਈ, ਜਿਸ ਨੂੰ ਪਸ਼ਤੋਆਂ ਨੇ ਤਾਂ ਸਮਝਣਾ ਸੀ, ਮੇਰੇ ਵਰਗੇ ਅਨਪੜ੍ਹ ਵੀ ਜਾਣ ਗਏ ਕਿ ਉਨ੍ਹਾਂ ਦੇ ਕੰਮ ਵਿਚ ਦਖਲ ਦੇਣ ਵਾਲਿਆਂ ਨੂੰ ਉਹ ਜਾਨੋਂ ਮਾਰ ਦੇਣਗੇ।
ਸਭ ਸਵਾਰੀਆਂ ਇਸ ਮੌਤ ਦੀ ਘੁਰਕੀ ਤੋਂ ਸਹਿਮ ਗਈਆਂ ਤੇ ਕੋਈ ਵੀ ਹਿੰਦ ਦਾ ਲਾਲ ਬਾਹਰ ਜਾਣ ਤੇ ਪਰਾਈ ਹਕੂਮਤ ਦੀ ਮੌਤੇ ਮਰਨ ਲਈ ਤਿਆਰ ਨਾ ਹੋਇਆ।
ਸਵਾਰੀਆਂ ਵੱਲੋਂ ਤਸੱਲੀ ਕਰ ਕੇ ਇਕ ਕੈਦੀ ਨੇ ਹੱਥਕੜੀ ਦੀ ਸੰਗਲੀ ਗਲ ਵਿਚ ਲਮਕਾ ਲਈ ਤੇ ਖਾਲੀ ਹੱਥ ਨਾਲ ਆਪਣੇ ਤੇ ਦੂਸਰੇ ਸਿਪਾਹੀ ਦੀ ਢੱਠੀ ਹੋਈ ਰਫਲ ਚੁੱਕ ਲਈ। ਅੱਗੇ ਅੱਗੇ ਕੈਦੀਆਂ ਦਾ ਜਰੁਟ ਬੇੜੀਆਂ ਛਣਕਾਉਂਦਾ ਤੇ ਪਿੱਛੇ ਪਿੱਛੇ ਪਿਸਤੌਲਾਂ ਵਾਲੇ ਪਠਾਣ ਲਹਿੰਦੇ ਬੰਨੇ ਕਣਕਾਂ ਦੇ ਵੱਢਾਂ ਵਿਚ ਸਿੱਧੇ ਹੋ ਤੁਰੇ। ਪਿਸਤੌਲਾਂ ਵਾਲੇ ਮੁੜ ਮੁੜ ਲਾਰੀ ਵੱਲ ਵੇਖਦੇ ਤੇ ਪਿਸਤੌਲਾਂ ਵਿਚੋਂ ਮੌਤ ਵਗਾਹ ਮਾਰਨ ਦਾ ਡਰ ਦਿੰਦੇ ਬੜੀ ਮੌਜ ਨਾਲ ਜਾ ਰਹੇ ਸਨ।
ਜਦ ਉਹ ਫਰਲਾਂਗ ਤੋਂ ਅਗਾਂਹ ਨਿਕਲ ਗਏ ਤਾਂ ਪਹਿਲਾਂ ਡਰਾਈਵਰ, ਫੇਰ ਕਲੀਨਰ ਤੇ ਉਨ੍ਹਾਂ ਦੀ ਵੇਖਾ ਵੇਖੀ ਸਭ ਮਰਦ ਸਵਾਰੀਆਂ ਲਾਰੀ ਤੋਂ ਉਤਰ ਪਈਆਂ। ਸਾਨੂੰ ਉਤਰਿਆ ਵੇਖ ਕੇ ਲਾਰੀ ਹੇਠ ਵੜਿਆ ਸਿਪਾਹੀ ਵੀ ਬਾਹਰ ਨਿਕਲ ਆਇਆ। ਉਸ ਦਾ ਰੰਗ ਪੀਲਾ ਭੂਕ ਤੇ ਸਰੀਰ ਤਰੇਲੀਓ ਤਰੇਲੀ ਹੋਇਆ ਪਿਆ ਸੀ। ਉਸ ਨੇ ਬਾਹਰ ਆ ਕੇ ਆਪਣੀ ਬੁਜ਼ਦਿਲੀ ਦੇ ਨਿਸ਼ਾਨ ਮਿਟਾਉਣ ਲਈ ਕਾਰਤੂਸਾਂ ਦੀ ਗਾਤਰੇ ਪਾਈ ਪੇਟੀ ਤੇ ਝੋਲਾ ਸੂਤ ਕੀਤੇ, ਵਰਦੀ ਝਾੜੀ ਤੇ ਬੋਝੇ ਵਿਚੋਂ ਰੁਮਾਲ ਕੱਢ ਕੇ ਗੋਡਿਆਂ ਤੇ ਅਰਕਾਂ ਦੀ ਮਿੱਟੀ ਪੂੰਝੀ। ਉਸ ਦਾ ਝਾੜ ਪੂੰਝ ਦਾ ਇਹ ਕੰਮ, ਉਸ ਦੀ ਕੰਬਣੀ ਤੇ ਨਮੋਸ਼ੀ ਨੂੰ ਸਾਥੋਂ ਲੁਕਾ ਨਾ ਸਕਿਆ। ਤੇ ਅਸੀਂ ਸਾਰੇ ਉਸ ਦੀ ਬੁਜ਼ਦਿਲੀ ਉਤੇ ਨਰੋਲ ਸੂਰਮਗਤੀ ਦੇ ਪੱਖ ਤੋਂ ਘ੍ਰਿਣਾ ਕਰ ਰਹੇ ਸਾਂ।
ਚਿੱਤ ਪਏ ਸਿਪਾਹੀ ਦੀ ਸੱਜੀ ਪੁੜਪੁੜੀ ਤੋਂ ਗੋਲੀ ਨਾਲ ਹੋਈ ਮੋਰੀ ਵਿਚੋਂ ਬਿੱਲੀ ਦੀ ਪੂਛ ਵਰਗੀ ਲਹੂ ਦੀ ਧਾਰ ਵਗ ਵਗ ਉਸ ਦੀ ਗਿੱਚੀ ਹੇਠ ਛਪੜੀ ਲਾਈ ਜਾ ਰਹੀ ਸੀ, ਜਿਸ ਨਾਲ ਮੂਸਲ ਵਰਗੇ ਕੁੱਲੇ ਉਤੇ ਬੱਧੀ ਲਾਲ ਪਟਕੇ ਵਾਲੀ ਖਾਕੀ ਪਗੜੀ ਹੇਠੋਂ ਲਿਬੜਦੀ ਜਾਂਦੀ ਸੀ।
ਡਰਾਈਵਰ ਨੇ ਅਗਾਂਹ ਹੋ ਕੇ ਉਸ ਦੇ ਨੰਗੇ ਗੁੱਟ ਉਤੇ ਹੱਥ ਰੱਖਿਆ ਤੇ ਨਿਰਾਸ਼ਾ ਨਾਲ ਸਿਰ ਮਾਰ ਕੇ ਆਖਿਆ, “ਖਤਮ!”
ਮੁਸਲਿਮ ਸਵਾਰੀਆਂ ਦੇ ਹੱਥ ਅੱਡੇ ਗਏ ਤੇ ਉਹ ਉਸ ਦੀ ਰੂਹ ਦੀ ਸ਼ਾਂਤੀ ਤੇ ਉਸ ਦੇ ਗੁਨਾਹਾਂ ਦੀ ਬਖਸ਼ਸ਼ ਵਾਸਤੇ ਦੁਆ ਕਹਿਣ ਲੱਗ ਪਈਆਂ।
ਮੈਂ ਦੁਆ ਉਆ ਕੀ ਕਰਨੀ ਸੀ। ਮੈਂ ਤਾਂ ਸਿਆਸੀ ਕੰਘੀਆਂ ਮਾਰਨ ਲੱਗ ਪਿਆ।
ਜਿਸ ਗੋਲੀ ਦੀ ਦਬੱਲ ਵਰਤੋਂ ਨਾਲ ਅੰਗਰੇਜ਼ੀ ਸਾਮਰਾਜ ਸਾਡੀ ਆਜ਼ਾਦੀ ਨੂੰ ਖੋਹੀ ਤੇ ਦੱਬੀ ਬੈਠਾ ਸੀ, ਅੱਜ ਉਹ ਗੋਲੀ ਜਦ ਉਸ ਦੇ ਭਾੜੇ ‘ਤੇ ਲਏ ਹੋਏ ਗੋਲੀਮਾਰ ਯਮਾਂ ਵੱਲ ਸਿੱਧੀ ਹੋਈ ਤਾਂ ਦੋਵੇਂ ਯਮ, ਸਾਨੂੰ ਦੱਬੀ ਤੇ ਡਰਾਈ ਰੱਖਣ ਵਾਲਾ ਗੋਲੀ ਗੱਟਾ ਕੋਲ ਹੁੰਦਿਆਂ ਸੁੰਦਿਆਂ ਜਮੀਨ ‘ਤੇ ਢੱਠੇ ਪਏ ਸਨ-ਇਕ ਗੋਲੀ ਦਾ ਮਾਰਿਆ ਤੇ ਦੂਸਰਾ ਗੋਲੀ ਦੇ ਡਰ ਦਾ ਮਾਰਿਆ।
ਉਹ ਚਾਰੇ ਜਣੇ ਅਜੇ ਨੇੜੇ ਹੀ ਜਾ ਰਹੇ ਸਨ, ਉਨ੍ਹਾਂ ਪਠਾਣਾਂ ਤਾਂ ਕੁਜਾ ਤੋਰ ਵੀ ਤਿੱਖੀ ਨਾ ਕੀਤੀ। ਮਾਲੂਮ ਹੁੰਦਾ ਸੀ ਕਿ ਉਨ੍ਹਾਂ ਦੀਆਂ ਖਾਖਾਂ ਵਿਚ ਅੰਗਰੇਜ਼ੀ ਰਾਜ ਦੀ ਵਿਕਰਾਲ ਹਥਿਆਰ ਸ਼ਕਤੀ ਦੇ ਸਿਰ ‘ਤੇ ਆ ਕੜਕਣ ਦਾ ਉਕਾ ਹੀ ਡਰ ਨਹੀਂ ਸੀ।
ਅਸਾਂ ਅਜੇ ਲੋਕਾਂ ਨੂੰ ਚੰਗੀ ਤਰ੍ਹਾਂ ਵੇਖਿਆ ਵੀ ਨਹੀਂ ਸੀ ਤੇ ਸੁੱਖੀ ਸਾਂਦੀ ਬਚ ਰਹੇ ਸਿਪਾਹੀ ਦੀ ਅਜੇ ਬੁਜ਼ਦਿਲੀ ਤੇ ਨਮੋਸ਼ੀ ਹਜ਼ਾਰ ਜਤਨ ਕਰਨ ‘ਤੇ ਵੀ ਨਹੀਂ ਸੀ ਲੁਕੀ ਕਿ ਮਰਦਾਨ ਵੱਲੋਂ ਇਕ ਕਾਰ ਆ ਗਈ ਜਿਸ ਨੂੰ ਸਿਪਾਹੀ ਨੇ ਹੱਥ ਖੜ੍ਹਾ ਕਰ ਕੇ ਰੋਕ ਲਿਆ। ਇਹ ਸਾਡੇ ਡਰਾਇਵਰ ਨੂੰ ਚਲੇ ਨਾ ਜਾਣ ਲਈ ਆਖ ਕੇ ਕਾਰ ਵਿਚ ਬੈਠ ਰਸਾਲਪੁਰ ਨੂੰ ਚਲਿਆ ਗਿਆ।

ਲਾਰੀ ਰੁਕੀ ਰਹੀ। ਸਵਾਰੀਆਂ ਤਿੰਨ ਤਿੰਨ ਚਹੁੰ-ਚਹੁੰ ਦੀਆਂ ਟੋਲੀਆਂ ਹੋ ਕੇ ਇਸ ਘਟਨਾ ਉਤੇ, ਇਸ ਦੇ ਭਿੰਨ ਭਿੰਨ ਪੱਖਾਂ ਉਤੇ, ਇਸ ਦੇ ਨਿਕਲਣ ਵਾਲੇ ਨਤੀਜੇ ਉਤੇ, ਨਿੰਦ ਵਿਚਾਰ ਕਰਨ ਲੱਗ ਪਈਆਂ। ਸਵਾਰੀਆਂ ਤਕਰੀਬਨ ਸਾਰੀਆਂ ਹੀ ਪਸ਼ਤੋ ਸਨ ਤੇ ਮੈਂ ਇਕੱਲਾ ਹਿਨਕੋ ਸਾਂ। ਇਸ ਲਈ ਮੈਂ ਇਕੱਲਾ ਹੀ ਅਟੰਕ ਖੜ੍ਹਾ ਸਾਂ। ਮੈਂ ਡਰ ਰਿਹਾ ਸਾਂ ਕਿ ਚੰਗੇ ਫਸੇ? ਪਤਾ ਨਹੀਂ ਕਦੋਂ ਛੁਟਕਾਰਾ ਹੋਵੇ? ਪੁਲਿਸ ਤਾਂ ਪੁੱਛ ਪੜਤਾਲ ਕੇ ਹੀ ਸਵਾਰੀਆਂ ਦੀ ਖਲਾਸੀ ਕਰੇਗੀ। ਮੈਨੂੰ ਬਹੁਤ ਕਾਹਲ ਸੀ।
ਕਈ ਸਵਾਰੀਆਂ, ਖਾਸ ਕਰ ਜਨਾਨੀਆਂ ਨੂੰ ਉਸ ਮੁਰਦੇ ‘ਤੇ ਸਿਪਾਹੀ ਕਰ ਕੇ ਨਹੀਂ, ਇਕ ਜਵਾਨ ਬੰਦਾ ਹੋਣ ਕਰ ਕੇ ਤੇ ਕਿਸੇ ਦਾ ਪੁੱਤਰ ਹੋਣ ਦੇ ਨਾਤੇ ਅਫਸੋਸ ਹੋ ਰਿਹਾ ਸੀ। ਪਰ ਮੈਨੂੰ ਉਸ ਸਿਪਾਹੀ ਦੀ ਮੌਤ ਉਤੇ ਚਿੜੀ ਦੇ ਮਰਨ ਜੋਗਾ ਵੀ ਹਿਰਖ ਨਹੀਂ ਸੀ ਤੇ ਲਾਰੀ ਹੇਠ ਵੜੇ ਸਿਪਾਹੀ ਦੀ ਬੁਜ਼ਦਿਲੀ ‘ਤੇ ਵੀ ਮੈਨੂੰ ਕੋਈ ਚਿੰਤਾ ਨਹੀਂ ਸੀ ਜਿਸ ਨੇ ਸਤਾਰਾਂ ਰੁਪਏ ਮਹੀਨੇ ਦੇ ਭਾੜੇ ਉਤੇ ਅੰਗਰੇਜ਼ ਨੂੰ ਦਿੱਤੀ ਹੋਈ ਆਪਣੀ ਜਾਨ ਬੜੀ ਹਿੰਮਤ ਨਾਲ ਭੰਗ ਦੇ ਭਾੜੇ ਜਾਣ ਤੋਂ ਬਚਾ ਲਈ ਸੀ!
ਮੈਨੂੰ ਸਮੇਂ ਦੀ ਹੋ ਰਹੀ ਇਸ ਖੇਹ ਖਰਾਬੀ ਵਿਚ ਵੀ ਉਹ ਜਣੇ ਬੜੇ ਚੰਗੇ ਤੇ ਸੂਰਮੇ ਜਾਪਣ ਲੱਗੇ ਜਿਨ੍ਹਾਂ ਨੇ ਅੰਗਰੇਜ਼ੀ ਸਾਮਰਾਜ ਦੇ ਪੁਲਸੀ ਜਬਾੜਿਆਂ ਵਿਚੋਂ ਆਪਣੇ ਨਾਲ ਦਿਆਂ ਨੂੰ ਛੁਡਾ ਲਿਆ ਸੀ। ਮੈਂ ਕੈਦੀਆਂ ਦੇ ਚਲਿੱਤਰ ਤੇ ਉਨ੍ਹਾਂ ਦੇ ਨਾਲ ਦਿਆਂ ਦੀ ਖੋਹਾਮਾਹੀ ਦੀ ਦਲੇਰੀ, ਹਿੰਮਤ ਤੇ ਸਫਲਤਾ ਉਤੇ ਮਨ ਵਿਚ ਅਸ਼ ਅਸ਼ ਕਰ ਰਿਹਾ ਸਾਂ।
ਸਵਾਰੀਆਂ ਦੀ ਆਪਸੀ ਦੰਦ ਕਥਾ ਤੇ ਮੇਰੇ ਸੋਚ ਨਿਰਣੇ ਅਜੇ ਖਤਮ ਨਹੀਂ ਸਨ ਹੋਏ ਕਿ ਰਸਾਲਪੁਰ ਵੱਲੋਂ ਦੀ ਲਾਲ ਧਾਰੀ ਵਾਲੀ ਗੂੜ੍ਹੇ ਨੀਲੇ ਰੰਗ ਦੀ ਆ ਰਹੀ ਸਟੇਸ਼ਨ ਵੈਗਨ ਦੀਆਂ ਬਰੇਕਾਂ ਚੀਕੀਆਂ, ਉਹ ਸਾਡੇ ਲਾਗੇ ਆ ਕੇ ਖਲੋ ਗਈ। ਉਸ ਵਿਚੋਂ ਮਦਾਰੀ ਦੇ ਪਾਟੇ ਖਾਂ ਦੀ ਫੁਰਤੀ ਨਾਲ ਉਹੋ ਸਿਪਾਹੀ ਤੇ ਮਿਲੀਸ਼ੀਏ ਦੀ ਵਰਦੀ ਵਾਲੇ, ਗੋਲੀ ਗੱਟੇ ਨਾਲ ਲੈਸ ਦਸ ਬਾਰਾਂ ਸਿਪਾਹੀ, ਇਕ ਹਵਾਲਦਾਰ ਤੇ ਇਕ ਥਾਣੇਦਾਰ ਉਤਰੇ, ਜਿਨ੍ਹਾਂ ਨੂੰ ਸਾਡੇ ਡਰਾਈਵਰ ਨੇ ‘ਉਨ੍ਹਾਂ’ ਵੱਲ ਉਂਗਲ ਕਰ ਕੇ ਦੱਸਿਆ ਕਿ “ਉਹ ਜਾਂਦੇ ਹਨ।”
ਉਹ ਅਜੇ ਵੀ ਦੂਰ ਵੱਢਾਂ ਵਿਚ ਜਾਂਦੇ ਮਾੜੇ ਮਾੜੇ ਦਿਸ ਰਹੇ ਸਨ। ਪੁਲਿਸ ਵਾਲਿਆਂ ਨੇ ਬਤਖਾਂ ਵਾਂਗ ਧੌਣਾਂ ਚੁੱਕ ਕੇ ਉਨ੍ਹਾਂ ਵੱਲ ਵੇਖਿਆ। ਥਾਣੇਦਾਰ ਤੇ ਹਵਾਲਦਾਰ ਨੇ ਅੱਖਾਂ ਉਤੇ ਸੱਜੇ ਹੱਥਾਂ ਦਾ ਬਰਾਂਡਾ ਬਣਾ ਕੇ ਉਨ੍ਹਾਂ ਨੂੰ ਚੰਗੇ ਧਿਆਨ ਨਾਲ ਜਾਚਿਆ। ਜਦ ਉਨ੍ਹਾਂ ਦੀ ਤਸੱਲੀ ਹੋ ਗਈ ਤਾਂ ਹਵਾਲਦਾਰ ਤੇ ਅੱਠਾਂ ਸਿਪਾਹੀਆਂ ਨੇ ਆਪਣੀਆਂ ਪੇਟੀਆਂ ਨਾਲੋਂ ਸੰਗੀਨਾਂ ਖਿੱਚੀਆਂ ਤੇ ਰਫਲਾਂ ਦੀਆਂ ਨਾਸਾਂ ‘ਤੇ ਟੰਗ ਲਈਆਂ। ਫੇਰ ਉਨ੍ਹਾਂ ਸਣੇ ਰਫਲਾਂ ਆਪਣੀਆਂ ਸੱਜੀਆਂ ਬਾਹਾਂ ਉਤਾਂਹ ਉਲਾਰੀਆਂ ਤੇ ‘ਯਾ ਅਲੀ’ ਦਾ ਨਾਅਰਾ ਮਾਰ ਕੇ ਉਨ੍ਹਾਂ ਦੇ ਮਗਰ ਦੌੜ ਗਏ।
ਥਾਣੇਦਾਰ, ਜਿਸ ਕਿਰਲੇ ਵਾਂਗ ਧੌਣ ਅਕੜਾਈ ਹੋਈ ਸੀ ਤੇ ਜਿਸ ਦੀ ਖਾਕੀ ਪੱਗ ਦਾ ਮਾਇਆ ਨਾਲ ਆਕੜਿਆ ਖੜ੍ਹਾ ਕਲਗੇ ਵਰਗਾ ਫਰਲਾ ਅੰਗਰੇਜ਼ੀ ਰਾਜ ਦੀ ਹੈਂਕੜ ਦਾ ਸੂਚਕ ਸੀ, ਨੇ ਬਾਕੀ ਰਹਿੰਦੇ ਸਿਪਾਹੀਆਂ ਨੂੰ ਨਾਲ ਲੈ ਕੇ ਤਫਤੀਸ਼ ਸ਼ੁਰੂ ਕਰ ਦਿੱਤੀ। ਉਸ ਨੇ ਗੱਡੀ ਵਿਚ ਪਏ ਆਪਣੇ ਬੈਗ ਵਿਚੋਂ ਕੁਝ ਕਾਗਜ਼ ਤੇ ਫੁਟਾਂ ਵਾਲਾ ਫੀਤਾ ਕੱਢਿਆ, ਮਰੇ ਸਿਪਾਹੀ ਦੀ ਲਾਸ਼ ਨੂੰ ਚੰਗੀ ਤਰ੍ਹਾਂ ਵੇਖਿਆ। ਉਸ ਦੇ ਜ਼ਖਮ ਦੀ ਥਾਂ ਅੱਖਾਂ ਅੱਖਾਂ ਵਿਚ ਹੀ ਨਾਪੀ। ਲੋਥ ਤੋਂ ਲਾਰੀ ਦੀ ਵਿੱਥ ਮਿਣੀ ਤੇ ਉਸ ਦੇ ਡਿੱਗੇ ਹੋਏ ਥਾਂ ‘ਤੇ ਲਾਰੀ ਦੇ ਖਲੋਣ ਦਾ ਨਕਸ਼ਾ ਬਣਾਇਆ। ਨਕਸ਼ੇ ਉਤੇ ਨੱਠ ਗਏ ਹੋਇਆ ਦੇ ਉਤਰਨ ਤੇ ਖਲੋਣ ਵਾਲੀਆਂ ਥਾਂਵਾਂ ਦੇ ਨਿਸ਼ਾਨ ਲਾਏ ਤੇ ਤਫਤੀਸ਼ ਦੇ ਹੋਰ ਸਾਰੇ ਖੇਖਣ ਪੂਰੇ ਕੀਤੇ।
ਫੇਰ ਉਹ ਪੁੱਛ ਪੁਛਾਈ ਲਈ ਸਵਾਰੀਆਂ ਵੱਲ ਹੋਇਆ। ਮੈਨੂੰ ਖੁਸ਼ਪੋਸ਼ ਜਿਹਾ ਵੇਖ ਕੇ ਉਹ ਸਭ ਤੋਂ ਪਹਿਲਾਂ ਮੈਨੂੰ ਹੀ ਪੁੱਛਣ ਲੱਗਾ। ਮੈਂ ਨਿਰੋਲ ਛਾਛੀ ਉਚਾਰਨ ਦੀ ਪੰਜਾਬੀ ਬੋਲਦਿਆਂ ਆਪਣਾ ਥਾਂ ਪਤਾ ਸ਼ਾਮਸ਼ਾਬਾਦ ਜ਼ਿਲ੍ਹਾ ਅਟਕ ਦੱਸਿਆ ਜਿਥੇ ਮੇਰਾ ਸਿਆਸੀ ਕੰਮਾਂ ਲਈ ਆਮ ਜਾਣ ਆਉਣ ਤੇ ਰਹਿਣ ਬਹਿਣ ਸੀ, ਜਿਥੋਂ ਦੇ ਕਈ ਬੰਦੇ ਮੇਰੀ ਸ਼ਾਹਦੀ ਦੇਣ ਲਈ ਤਿਆਰ ਸਨ। ਪਰ ਇਸ ਖਲਜਗਣ ਵਿਚ ਗਏ ਹੋਏ ਮੇਰੇ ਭਾਗ ਇਸ ਕਰ ਕੇ ਸਾਫ ਬਚ ਨਿਕਲੇ ਕਿ ਮੈਂ ਪਸ਼ਤੋ ਨਹੀਂ ਜਾਣਦਾ ਸਾਂ। ਇਸ ਲਈ ਥਾਣੇਦਾਰ ਨੇ ਮੈਨੂੰ ਗਵਾਹਾਂ ਵਿਚ ਨਾ ਰੱਖਿਆ ਤੇ ਜਾਣ ਦੀ ਆਗਿਆ ਦੇ ਦਿੱਤੀ।
ਮੈਂ ਸ਼ੁਕਰ ਮਨਾਇਆ ਤੇ ਉਥੋਂ ਖਿਸਕਣ ਦੀ ਕੀਤੀ। ਮੈਂ ਬਾਕੀ ਸਾਰੀਆਂ ਸਵਾਰੀਆਂ ਨੂੰ ਉਥੇ ਅੜਿਆ ਛੱਡ ਕੇ ਪੈਦਲ ਹੀ ਰੱਸ਼ਕਈ ਨੂੰ ਤੁਰ ਪਿਆ ਜੋ ਉਥੋਂ ਢਾਈ ਮੀਲ ਹੀ ਬਾਕੀ ਰਹਿ ਗਈ ਸੀ। ਮਰਦਾਨ ਇਸ ਤੋਂ ਪੰਜ ਮੀਲ ਹੋਰ ਅਗਾਂਹ ਸੀ। ਮਰਦਾਨ ਜ਼ਿਲ੍ਹੇ ਦੇ ਬਾਗ ਬਗੀਚਿਆਂ ਦੀ ਸਰਸਬਜ਼ੀ ਰੱਸ਼ਕਈ ਤੋਂ ਸ਼ੁਰੂ ਹੋ ਜਾਂਦੀ ਹੈ ਤੇ ਉਥੋਂ ਰੱਸ਼ਕਈ ਦੇ ਬਾਗਾਂ ਦੇ ਉਦਾਲੇ ਵਾੜ ਵਾਂਗ ਖੜ੍ਹੇ ਸਫੈਦੇ ਦੇ ਦਰਖਤਾਂ ਤੇ ਐਧਰ ਉਧਰ ਦੇ ਹੋਰ ਰੁੱਖਾਂ ਦੀ ਹਰੀ ਹਰੀ ਧਾਰ ਨਜ਼ਰ ਆਉਂਦੀ ਸੀ।
ਮੈਂ ਰਵਾਂ ਰਵੀਂ ਪੌਣੇ ਘੰਟੇ ਵਿਚ ਹੀ ਰੱਸ਼ਕਈ ਪਹੁੰਚ ਗਿਆ ਤੇ ਆਪਣੇ ਪ੍ਰਾਹੁਣੇ ਘਰ ਇਬਾਸ ਖਾਂ ਨੂੰ ਜਾ ਸਲਾਮ ਦੁਆ ਬੁਲਾਈ। ਖੈਰ ਸੁੱਖ ਪੁੱਛਣ ਪੁਛਾਉਣ ਤੋਂ ਬਾਅਦ ਉਸ ਨੇ ਗਲੀ ਤੋਂ ਪਰਲੇ ਪਾਰ ਦੇ ਘਰ ਵਿਚ ਕੰਧ ਦੇ ਉਤੋਂ ਦੀ ਚਾਹ ਲਿਆਉਣ ਲਈ ਆਵਾਜ਼ ਦਿੱਤੀ।
ਮੇਰਾ ਪ੍ਰਾਹੁਣਾ ਘਰ ਇਧਰੋਂ ਜਾਂਦੇ ਹੱਥ ਹੀ ਪਿੰਡੋਂ ਬਾਹਰ ਸੜਕ ਦੇ ਗੋਲੇ ‘ਤੇ ਦਸ ਪੰਦਰਾਂ ਕਦਮ ਹੀ ਹਟਵਾਂ ਸੀ। ਘਰ ਉਚੇ ਥਾਂ ਹੋਣ ਕਰ ਕੇ ਵਿਹੜੇ ਵਿਚ ਖਲੋਤਿਆਂ ਨੂੰ ਸੜਕ ‘ਤੇ ਉਸ ਤੋਂ ਪਾਰ ਰੇਲ ਦਾ ਸਟੇਸ਼ਨ ਤੇ ਪਲੇਟਫਾਰਮ ਦਿਸਦੇ ਸਨ।
ਚਾਹ ਆਈ ਤੇ ਇਸ ਤੋਂ ਛੇਤੀ ਹੀ ਮਗਰੋਂ ਰੋਟੀ ਆ ਗਈ। ਅਜੇ ਅਸੀਂ ਰੋਟੀ ਖਾਂਦੇ ਸਾਂ ਕਿ ਬਾਹਰ ਸੜਕ ‘ਤੇ ਫੌਜੀ ਮਾਰਚ ਦੇ ਟਾਪਾਂ ਦੀ ਆਵਾਜ਼ ਆਉਣ ਲੱਗ ਪਈ। ਉਠ ਕੇ ਵੇਖਿਆ ਤਾਂ ਮਰਦਾਨ ਵਾਲੇ ਪਾਸਿਓਂ ਮਿਲੀਸ਼ੀਏ ਦੀ ਵਰਦੀ ਵਾਲੀ ਹਥਿਆਰਬੰਦ ਪੁਲਿਸ ਦੀ ਤਕੜੀ ਪਲਟਣ ਚਾਰ ਚਾਰ ਦੀਆਂ ਲਾਈਨਾਂ ਵਿਚ ਰਫਲਾਂ ਮੋਢਿਆਂ ਨਾਲ ਖੜ੍ਹੀਆਂ ਕਰੀ ਰਸਾਲਪੁਰ ਨੂੰ ਜਾ ਰਹੀ ਸੀ ਤੇ ਦੁਪਹਿਰ ਦੀ ਧੁੱਪ ਵਿਚ ਰਫਲਾਂ ਦੀਆਂ ਸੰਗੀਨਾਂ ਲਿਸ਼ਕਾਰੇ ਮਾਰ ਰਹੀਆਂ ਸਨ। ਉਸ ਤੋਂ ਬਾਅਦ ਕਈ ਹੋਰ ਪੁਲਸੀ ਪਲਟਣਾਂ ਉਧਰ ਨੂੰ ਲੰਘੀਆਂ। ਇਸ ਤਰ੍ਹਾਂ ਜਾਪਦਾ ਸੀ ਜਿਵੇਂ ਰਸਾਲਪੁਰ ਵੱਲ ਕਿਧਰੇ ਲਾਮ ਲੱਗ ਪਈ ਹੋਵੇ। ਬਾਅਦ ਲੌਢੇ ਕੁ ਵੇਲੇ ਕੁਝ ਪੁਲਸੀ ਧਾੜਾਂ ਮੁੜ ਆਈਆਂ ਤੇ ਮਰਦਾਨ ਵੱਲ ਵਾਪਸ ਜਾਣ ਲੱਗ ਪਈਆਂ। ਪਰ ਮਰਦਾਨ ਵੱਲੋਂ ਹੋਰ ਜਾਣੀਆਂ ਨਾ ਹਟੀਆਂ।
ਬਰਤਾਨਵੀ ਸਾਮਰਾਜੀ ਸਰਾਲ ਆਪਣੀ ਆਈ ‘ਤੇ ਆ ਗਈ ਹੋਈ ਮਾਲੂਮ ਹੁੰਦੀ ਸੀ। ਮੈਨੂੰ ਉਨ੍ਹਾਂ ਨੱਠ ਗਿਆਂ ਦੀ ਜਾਨ ਦਾ ਖਤਰਾ ਪੈਦਾ ਹੋ ਗਿਆ ਤੇ ਮੈਂ ਜਾਤਾ ਕਿ ਰਸਾਲਪੁਰ ਨੂੰ ਜਾ ਰਹੀਆਂ ਸੰਗੀਨਾਂ ਚੜ੍ਹੀਆਂ ਰਫਲਾਂ ਉਨ੍ਹਾਂ ਦੀ ਬੋਟੀ ਬੋਟੀ ਉਡਾ ਦੇਣਗੀਆਂ। ਇਸ ਲਿਹਾਜ਼ ਨਾਲ ਉਹ ਸੂਰਮਿਆਂ ਤੋਂ ਮੈਨੂੰ ਵਿਚਾਰੇ ਜਾਪਣ ਲੱਗ ਪਏ।
ਪਰ ਸ਼ਾਮ ਨੂੰ ਮੇਰੇ ਇਹ ਭਹਿਮਸੇ ਦੂਰ ਹੋ ਗਏ, ਜਦ ਰੱਸ਼ਕਈ ਵਿਚ ਖਾਉਪੀਏ ਨਾਲ ਇਹ ਢੰਡੋਰਾ ਪਿਟਵਾਇਆ ਗਿਆ, “ਕੁਝ ਬਦਮਾਸ਼ਾਂ ਨੇ ਦੋ ਡਾਕੂਆਂ ਨੂੰ ਪੁਲਿਸ ਹੱਥੋਂ ਖੋਹ ਲਿਆ ਹੈ। ਜੋ ਕੋਈ ਉਨ੍ਹਾਂ ਨੂੰ ਫੜ੍ਹਾਵੇ ਜਾਂ ਗ੍ਰਿਫਤਾਰ ਕਰਵਾਉਣ ਲਈ ਉਨ੍ਹਾਂ ਦੀ ਸੂਹ ਦੇਵੇ, ਉਸ ਨੂੰ ਸਰਕਾਰ ਇਨਾਮ ਦੇਵੇਗੀ।”
ਮੈਂ ਤੇ ਇਬਾਸ ਖਾਂ, ਜਿਸ ਨੂੰ ਮੈਂ ਆਉਂਦਿਆਂ ਹੀ ਸਾਰੀ ਕਹਾਣੀ ਦੱਸ ਦਿੱਤੀ ਸੀ, ਨੇ ਬਰਤਾਨਵੀ ਰਾਜ ਦੀ ਇਸ ਨਾਮਰਦੀ ਦੀ ਬੜੀ ਖਿੱਲੀ ਉਡਾਈ।
ਭਾਵੇਂ ਉਸ ਲਾਰੀ ਵਿਚ ਬੈਠਣਾ ਮੇਰੇ ਵਰਗੇ ਅਲੋਪ ਕੰਮ ਕਰਨ ਵਾਲੇ ਸਿਆਸੀ ਬੰਦੇ ਲਈ ਬੜੀ ਕਮਅਕਲੀ ਸੀ, ਪਰ ਇਸ ਸਮੇਂ ਉਸ ਤੋਂ ਬਾਅਦ ਹਥਿਆਰਬੰਦ ਪੁਲਿਸ ਦੇ ਚੜ੍ਹੇ ਕਟਕ ਤੇ ਉਨ੍ਹਾਂ ਦੀ ਅਯੋਗਤਾ ਨੇ ਮੇਰੇ ਅੰਦਰ ਬੜਾ ਸੋਚ ਪਰਿਵਰਤਨ ਲਿਆਂਦਾ। ਮੇਰੀਆਂ ਸੋਚਾਂ ਤੇ ਵਿਚਾਰਾਂ ਨੱਠ ਜਾਣ ਵਾਲਿਆਂ ਦੀ ਵਰਿਆਮਗੀ ਤੇ ਬਹਾਦਰੀ ਉਤੇ ਅਸ਼ ਅਸ਼ ਕਰੀ ਜਾਣ ਤੋਂ ਵਧ ਕੇ ਸਿਆਸੀ ਉਡਾਰੀਆਂ ਬਣ ਗਈਆਂ। ਇਨ੍ਹਾਂ ਸੋਚਾਂ ਦੇ ਮਨ ਵਿਚ ਉਠੇ ਜਵਾਬੀ ਸਿੱਟੇ ਨੇ ਬਰਤਾਨਵੀ ਰਾਜ ਦੀ ਹਥਿਆਰਬੰਦ ਤਾਕਤ ਤੋਂ ਮੇਰਾ ਡਰ ਉਕਾ ਹੀ ਉਡਾ ਦਿੱਤਾ। ਉਸ ਦੀ ਦੁਨੀਆਂ ਦੀਆਂ ਮਾੜੀਆਂ ਤੇ ਫਾਡੀ ਕੌਮਾਂ ਨੂੰ ਦਬਾਈ ਰੱਖਣ ਦੀ ਮਾਰ ਖੋਰ ਸ਼ਕਤੀ ਮੈਨੂੰ ਹੇਚ ਜਾਪਣ ਲੱਗ ਪਈ। ਬਰਤਾਨਵੀ ਸ਼ੇਰ ਮੇਰੀ ਨਿਗਾਹ ਵਿਚ ਨਿਰਾ ਕਾਗਤੀ ਡਰਨਾ ਬਣ ਗਿਆ।
ਮੇਰੇ ਅੰਦਰ ਇਹ ਸਵਾਲ ਬਾਰੰਬਾਰ ਉਠ ਰਹੇ ਸਨ।
“ਐਡੀ ਵੱਡੀ ਹਕੂਮਤ ਦਾ ਰਫਲ ਵਾਲਾ ਸਿਪਾਹੀ ਪਿਸਤੌਲਾਂ ਵਾਲੇ ਦੋਂਹ ਜਣਿਆਂ ਤੋਂ ਡਰ ਕੇ ਰਫਲ ਸੁੱਟ ਬਹੇ ਤੇ ਲਾਰੀ ਹੇਠਾਂ ਵੜ ਕੇ ਜਾਨ ਬਚਾਏ?”
“ਬਰਤਾਨਵੀ ਰਾਜ ਸ਼ਕਤੀ ਦੇ ਸੂਰਮਿਆਂ ਦੀ ਰਫਲਾਂ ਵਾਲੀ ਗਾਰਦ ਬੇੜੀਆਂ ਨਾਲ ਡੰਗੇ ਹੋਏ ਸਾਹਮਣੇ ਜਾ ਰਹੇ ਦਿਸਦੇ ਕੈਦੀਆਂ ਨੂੰ ਨਾ ਫੜ੍ਹ ਸਕੀ?”
“ਉਪਰੰਤ ਹਥਿਆਰਬੰਦ ਪੁਲਿਸ ਦੀਆਂ ਪਲਟਣਾਂ ਦੇ ਚੜ੍ਹੇ ਕਟਕ ਵੀ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਤੋਂ ਅਸਮਰਥ ਰਹੇ?”
“ਜਦ ਬਰਤਾਨਵੀ ਸੂਰਮਗਤੀ ਦੀ ਹਥਿਆਰਬੰਦ ਸ਼ਕਤੀ ਦਾ ਸਾਰਾ ਜ਼ੋਰ ਨਕੰਮਾ ਸਾਬਤ ਹੋਇਆ ਤਾਂ ਉਸ ਨੂੰ ਅਖੀਰ ਆਪਣੀ ਮੁੱਢ ਕਦੀਮ ਤੋਂ ਚਲਾਈ ਹੋਈ ਤਮਾਂਅ ਦੇ ਜਨਤਾ ਵਿਚੋਂ ਬੰਦੇ ਖਰੀਦਣ ਤੇ ਗੱਦਾਰ ਬਣਾ ਲੈਣ ਦੀ ਨਿੰਦਕ ਤੇ ਕੁਟਿਲ ਸਾਮਰਾਜੀ ਨੀਤੀ ਦਾ ਆਸਰਾ ਲੈਣਾ ਪਿਆ। ਉਸ ਨੇ ਇਨਾਮ ਦਾ ਲਾਲਚ ਦੇ ਕੇ ਲਾਲਚੀ ਹਿੱਤਾਂ ਨੂੰ ਭਰਮਾਉਣ ਤੇ ਭੱਜ ਗਿਆਂ ਨੂੰ ਫੜ੍ਹਾ ਦੇਣ ਦਾ ਢੰਡੋਰਾ ਫਿਰਵਾਇਆ?”
ਮੇਰੀਆਂ ਨਜ਼ਰਾਂ ਵਿਚ ਇਹ ਉਸ ਅੰਗਰੇਜ਼ੀ ਰਾਜ ਦਾ ਸਭ ਤੋਂ ਵੱਡਾ ਗੀਦੀਪੁਣਾ ਤੇ ਕੁਟਲਤਾ ਸੀ ਜਿਸ ਦੇ ਦੁਨੀਆਂ ਦੀਆਂ ਅਨੇਕਾਂ ਕੌਮਾਂ ਉਤੇ ਜਬਰ ਜ਼ੁਲਮ ਨਾਲ ਠੋਸੇ ਹੋਏ ਰਾਜ ਉਤੇ ‘ਸੂਰਜ ਨਹੀਂ ਛੁਪਦਾ’ ਕਿਹਾ ਜਾਂਦਾ ਸੀ।
ਇਨ੍ਹਾਂ ਸਵਾਲਾਂ ਦਾ ਮੇਰੇ ਮਨ ਵਿਚੋਂ ਇਹ ਜਵਾਬ ਆ ਰਿਹਾ ਸੀ, “ਭਲਿਆ ਲੋਕਾ! ਉਹ ਤਾਂ ਅਜੇ ਡਾਕੂ ਸਨ, ਜੋ ਆਪਣੇ ਨਿਜੀ ਸੀਮਿਤ ਹਿਤਾਂ ਵਾਸਤੇ ਐਨੀ ਵੱਡੀ ਰਾਜ ਤਾਕਤ ਦੇ ਮੂੰਹ ਆਉਣ ਤੋਂ ਨਹੀਂ ਝੰਵੇ ਤੇ ਉਸ ਪਾਸੋਂ ਆਪਣੇ ਨਾਲ ਦਿਆਂ ਨੂੰ ਛੁਡਾ ਕੇ ਕਿਧਰੇ ਗਾਇਬ ਹੋ ਗਏ। ਜੇ ਕਿਤੇ ਆਜ਼ਾਦੀ ਦੀ ਲਹਿਰ ਦੀਆਂ ਸਿਆਣੀਆਂ ਜਥੇਬੰਦ ਤਾਕਤਾਂ ਹਥਿਆਰ ਫੜ੍ਹ ਲੈਣ ਤਾਂ ਜ਼ੁਲਮ ਜ਼ੋਰ ਨਾਲ ਦਬਾਈ ਰੱਖਣ ਵਾਲੀਆਂ ਰਫਲਾਂ, ਜੋ ਕੇਵਲ ਨਿਹੱਥਿਆਂ ਦੇ ਹੀ ਲਹੂ ਨਹਾਉਂਦੀਆਂ ਹਨ, ਜਨਤਾ ਦੀ ਹਥਿਆਰਬੰਦ ਸੱਟ ਅੱਗੇ, ਭਾਵੇਂ ਉਹ ਛੋਟੀ ਹੀ ਹੋਵੇ, ਬੋਦੀਆਂ ਪੈ ਜਾਂਦੀਆਂ ਹਨ।”
ਇਸ ਗੱਲ ਨੇ ਜਨਤਾ ਦੇ ਕੌਮੀ ਏਕੇ ਦੀ ਲੜਨ ਸ਼ਕਤੀ ਉਤੇ ਮੇਰਾ ਭਰੋਸਾ ਤੇ ਵਿਸ਼ਵਾਸ ਹੋਰ ਪੱਕਾ ਕਰ ਦਿੱਤਾ ਤੇ ਇਸ ਵਿਸ਼ਵਾਸ ਤੋਂ ਦੇਸ਼ ਦੀ ਆਜ਼ਾਦੀ ਲਈ ਹਥਿਆਰ ਲੈ ਕੇ ਲੜਨ ਦੀ ਮੇਰੀ ਦ੍ਰਿੜਤਾ ਵਧੇਰੇ ਮਜ਼ਬੂਤ ਹੋ ਗਈ।
ਉਂਜ ਤਾਂ ਮੈਂ ਅੱਗੇ ਹੀ ਇਨਕਲਾਬੀ ਸਾਂ ਤੇ ਹਥਿਆਰਬੰਦ ਇਨਕਲਾਬ ਵਿਚ ਦੀਨ ਰੱਖਣ ਵਾਲੀ ਕਿਰਤੀ ਪਾਰਟੀ ਦਾ ਉਘਾ ਮੁਹਰੀ ਸਾਂ, ਪਰ ਉਸ ਦਿਨ ਤੋਂ ਮੈਂ ਬਰਤਾਨਵੀ ਸਾਮਰਾਜ ਦੀ ਹਥਿਆਰਬੰਦ ਸ਼ਕਤੀ ਦੇ ਜ਼ੋਰ ਨੂੰ ਤੁਛ ਸਮਝਣ ਲੱਗ ਪਿਆ ਤੇ ਕੌਮੀ ਲਹਿਰ ਅੰਦਰ ਮੁਹਰੇ ਹੋ ਕੇ ਅੰਗਰੇਜ਼ੀ ਰਾਜ ਵਿਰੁਧ ਲੜ ਰਹੀਆਂ ਸਿਆਸੀ ਪਾਰਟੀਆਂ ਅਤੇ ਜਥੇਬੰਦੀਆਂ ਨੂੰ ਹਥਿਆਰਨ ਤੇ ਬਰਤਾਨਵੀ ਸਾਮਰਾਜ ਨਾਲ ਟੱਕਰਾਂ ਲੈਣ ਤੇ ਬਗਾਵਤ ਕਰਨ ਦੇ ਰਾਹ ਦਾ ਬੜਾ ਪੱਕਾ ਉਪਾਸ਼ਕ ਪ੍ਰਚਾਰਕ ਹੋ ਗਿਆ।

(ਸੋ, 1947 ਵਿਚ ਜਾ ਕੇ ਉਹੀ ਗੱਲ ਹੋਈ। ਜਦ ਦੂਸਰੀ ਵੱਡੀ ਜੰਗ ਵਿਚ ਮਾਰ ਖਾ ਖਾ ਕੇ ਕਮਜ਼ੋਰ ਹੋ ਗਏ ਹੋਏ ਅੰਗਰੇਜ਼ੀ ਸਾਮਰਾਜ ਦੀ ਹਿੰਦੁਸਤਾਨੀ ਹਕੂਮਤ ਦੀ ਦੇਸੀ ਜਲ ਸੈਨਾ ਨੇ ਬਗਾਵਤ ਕੀਤੀ, ਹਵਾਈ ਸੈਨਾ ਤੇ ਬਿਹਾਰ ਦੀ ਪੁਲਿਸ ਨੇ ਹੜਤਾਲਾਂ ਕਰ ਦਿੱਤੀਆਂ ਤਾਂ ਅੰਗਰੇਜ਼ੀ ਸਾਮਰਾਜ ਦੇ ਹਿੰਦੁਸਤਾਨ ਉਤੇ ਰਾਜ ਕਰਨ ਤੇ ਇਸ ਦੀ ਆਜ਼ਾਦੀ ਦਬੀ ਮਿੱਧੀ ਰੱਖਣ ਦੇ ਇਹ ਡੰਡੇ ਤੇ ਰਫਲਾਂ ਠੁੱਸ ਹੋ ਗਈਆਂ ਤੇ ਉਸ ਨੂੰ ਹਿੰਦੁਸਤਾਨ ਵਿਚੋਂ ਆਪਣਾ ਰਾਜ ਕਾਜ ਚੁੱਕ ਕੇ ਪੱਤਰਾ ਵਾਚਣਾ ਪਿਆ।)