ਡਾ. ਗੁਰਨਾਮ ਕੌਰ, ਕੈਨੇਡਾ
ਭਾਈ ਗੁਰਦਾਸ ਪੰਜਵੀਂ ਵਾਰ ਵਿਚ ਗੁਰਮੁਖਿ ਦਾ ਸੁਭਾਅ ਕਿਹੋ ਜਿਹਾ ਹੁੰਦਾ ਹੈ ਜਾਂ ਹੋਣਾ ਚਾਹੀਦਾ ਹੈ, ਇਸ ਵਿਚਾਰ ਨੂੰ ਲਗਾਤਾਰ ਕਾਇਮ ਰੱਖਦਿਆਂ ਆਮ ਸੰਸਾਰਕ ਜੀਵਨ ਵਿਚੋਂ ਵੱਖ ਵੱਖ ਦ੍ਰਿਸ਼ਟਾਂਤ ਦੇ ਕੇ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ| ਭਾਈ ਗੁਰਦਾਸ ਦੱਸਦੇ ਹਨ ਕਿ ਨਾਨਕੇ, ਦਾਦਕੇ ਅਤੇ ਸਹੁਰਿਆਂ ਦੇ ਘਰ ਵਿਚ ਕਈ ਕਿਸਮ ਦੇ ਪੁਰੋਹਿਤ-ਪੁਜਾਰੀ ਹੁੰਦੇ ਹਨ, ਜੋ ਵੱਖ ਵੱਖ ਰਸਮਾਂ ਜਿਵੇਂ ਪਰਿਵਾਰ ਵਿਚ ਕਿਸੇ ਦਾ ਜਨਮ, ਕਿਸੇ ਬੱਚੇ ਦੇ ਮੁੰਡਣ, ਮਰਗਤ ਅਤੇ ਵਿਆਹ ਆਦਿ ਦੀਆਂ ਰਸਮਾਂ ਵੇਲੇ ਸਮਗਰੀਆਂ ‘ਕੱਠੀਆਂ ਕਰਦੇ ਹਨ| ਇਸ ਤਰ੍ਹਾਂ ਲੋਕ ਰੀਤਾਂ-ਰਸਮਾਂ ਦੀਆਂ ਚੰਗਿਆਈਆਂ ਅਤੇ ਬੁਰਾਈਆਂ, ਕੁਲ ਜਾਂ ਖਾਨਦਾਨ ਦੀਆਂ ਧਾਰਮਿਕ ਰਸਮਾਂ, ਰੀਤਾਂ, ਅਚਾਰ-ਵਿਹਾਰ ਅਤੇ ਵਿਚਾਰਾਂ ਵਿਚ ਉਲਝੇ ਰਹਿੰਦੇ ਹਨ|
ਖਾਸ ਮੌਕਿਆਂ ਜਿਵੇਂ ਜਨੇਊ ਵਗੈਰਾ ਪਾਉਣ ਦੀਆਂ ਰਸਮਾਂ ਵੇਲੇ ਕਈ ਤਰ੍ਹਾਂ ਦੇ ਉਪਾ ਕਰਦੇ ਹਨ, ਹੇਠਾਂ ਦਲੀਚਾ ਵਿਛਾਉਂਦੇ ਤੇ ਉਤੇ ਚੰਦੋਆ ਤਾਣਦੇ ਹਨ| ਜੋਧਿਆਂ ਤੇ ਕੁਲ ਦੇ ਜਠੇਰਿਆਂ ਦੀ ਪੂਜਾ ਕਰਵਾਉਂਦੇ ਹਨ, ਸਤੀਆਂ ਅਤੇ ਸੌਂਕਣਾਂ ਨੂੰ ਮੰਨਦੇ ਹਨ (ਅਰਥਾਤ ਮਰ ਚੁੱਕੀ ਵਹੁਟੀ ਦੀ ਥਾਂ ਨਵੀਂ ਵਿਆਹ ਕੇ ਲਿਆਂਦੀ ਵਹੁਟੀ ਦੇ ਗਲੇ ਵਿਚ ਸੌਕਣ-ਮੋਹਰਾ/ਸੌਂਕਣ ਦੀ ਮੂਰਤੀ ਬਣਾ ਕੇ ਪਾਈ ਜਾਂਦੀ ਹੈ), ਘਰ ਵਿਚ ਪਹਿਲਾ ਫਲ ਸੌਂਕਣ ਦੇ ਨਾਂ ਦਾ ਦਿੱਤਾ ਜਾਂਦਾ ਹੈ ਤਾਂ ਕਿ ਉਹ ਨਰਾਜ਼ ਨਾ ਹੋ ਜਾਵੇ ਅਤੇ ਪਰਿਵਾਰ ਦਾ ਕੋਈ ਬੁਰਾ ਨਾ ਕਰੇ, ਛੱਪੜੀਆਂ ਤੇ ਟੋਇਆਂ ਨੂੰ ਮੰਨਦੇ ਹਨ। ਵਹਿਮਾਂ-ਵੱਸ ਉਨ੍ਹਾਂ ਵਿਚ ਬੱਚਿਆਂ ਨੂੰ ਨੁਹਾਉਂਦੇ ਹਨ ਤਾਂ ਕਿ ਬੱਚੇ ਤੰਦਰੁਸਤ ਰਹਿਣ ਅਤੇ ਅਜਿਹੇ ਕੂੜ-ਕਿਰਿਆ ਵਿਚ ਰੁੱਝੇ ਰਹਿਣ ਵਾਲੇ ਲੋਕ ਨਰਕਾਂ ਵਿਚ ਪੈਂਦੇ ਹਨ| ਅਜਿਹੇ ਲੋਕ ਗੁਰੂ ਦੇ ਸ਼ਬਦ ਤੇ ਸਾਧ-ਸੰਗਤਿ ਤੋਂ ਵਿਰਵੇ, ਅਕਾਲ ਪੁਰਖ ਤੋਂ ਭੁੱਲੇ ਹੋਏ ਹਰ ਰੋਜ਼ ਜੰਮ ਜੰਮ ਮਰਦੇ ਹਨ ਭਾਵ ਕਦੇ ਮੁਕਤ ਨਹੀਂ ਹੁੰਦੇ| ਪਰ ਗੁਰਮੁਖਾਂ ਦਾ ਜੀਵਨ, ਗੁਰੂ ਦੇ ਦੱਸੇ ਮਾਰਗ ‘ਤੇ ਚੱਲਣ ਵਾਲੇ ਮਨੁੱਖ ਇਸ ਤੋਂ ਬਿਲਕੁਲ ਉਲਟ ਹੁੰਦੇ ਹਨ| ਉਹ ਅਕਾਲ ਪੁਰਖ ਦੇ ਨਾਮ ਨੂੰ ਸਦਾ ਸਿਮਰਦੇ ਹਨ, ਉਸੇ ਤਰ੍ਹਾਂ ਜਿਵੇਂ ਆਪਣੇ ਗਲੇ ਦੇ ਹਾਰ ‘ਚ ਹੀਰੇ ਪਰੋਏ ਹੋਣ ਅਰਥਾਤ ਉਹ ਗਲ ਦੇ ਹਾਰ ਵਿਚ ਪਰੋਏ ਹੀਰਿਆਂ ਦੀ ਨਿਆਈਂ ਸ਼ੁੱਧ ਅਤੇ ਚਮਕਦਾਰ ਹਨ:
ਨਾਨਕ ਦਾਦਕ ਸਾਹੁਰੈ
ਵਿਰਤੀਸੁਰ ਲਗਾਇਤ ਹੋਏ|
ਜੰਮਣਿ ਭਦਣਿ ਮੰਗਣੈ
ਮਰਣੈ ਪਰਣੇ ਕਰਦੇ ਢੋਏ|
ਰੀਤੀ ਰੂੜੀ ਕੁਲ ਧਰਮ
ਚਜੁ ਅਚਾਰ ਵੀਚਾਰ ਵਿਖੋਏ|
ਕਰਿ ਕਰਤੂਤਿ ਕੁਸੂਤਿ
ਵਿਚਿ ਪਾਇ ਦੁਲੀਚੇ ਗੈਣ ਚੰਦੋਏ|
ਜੋਧ ਜਠੇਰੇ ਮੰਨੀਅਨਿ
ਸਤੀਆਂ ਸਉਤ ਟੋਭੜੀ ਟੋਏ|
ਸਾਧਸੰਗਤਿ ਗੁਰ ਸਬਦ ਵਿਣੁ
ਮਰਿ ਮਰਿ ਜੰਮਨਿ ਦਈ ਵਿਗੋਏ|
ਗੁਰਮੁਖਿ ਹੀਰੇ ਹਾਰਿ ਪਰੋਏ॥10॥
ਇਸ ਪਉੜੀ ਵਿਚ ਗੁਰਮੁਖਿ ਦੇ ਮਾਰਗ ਤੇ ਕੁਲ ਧਰਮ ਨੂੰ ਮੰਨਣ ਵਾਲਿਆਂ ਦੇ ਮਾਰਗ ਦਾ ਨਖੇੜਾ ਕੀਤਾ ਹੈ| ਇਸ ਪਉੜੀ ਵਿਚ ਗੁਰਮੁਖਾਂ ਦੇ ਮਾਰਗ ਅਤੇ ਸ਼ਹਿਜਾਦਿਆਂ-ਰਾਜਕੰਵਰਾਂ ਦੇ ਮਾਰਗ ਦਾ ਨਖੇੜਾ ਕੀਤਾ ਹੈ| ਬਾਦਸ਼ਾਹ ਦੀਆਂ ਫੌਜਾਂ ਦਾ ਦ੍ਰਿਸ਼ਟਾਂਤ ਦਿੱਤਾ ਹੈ ਕਿ ਜਦੋਂ ਸ਼ਾਹੀ ਫੌਜ ਚੜ੍ਹਾਈ ਕਰਦੀ ਹੈ ਤਾਂ ਉਸ ਵਿਚ ਰਾਜਿਆਂ ਦੇ ਪੁੱਤਰ ਰਾਜਕੁਮਾਰ ਜੋ ਬਹੁਤ ਲਾਡਾਂ ਨਾਲ ਪਲਦੇ ਹਨ, ਵੀ ਹੁੰਦੇ ਹਨ| ਬਾਦਸ਼ਾਹ ਅਗਵਾਈ ਕਰਦੇ ਹਨ ਅਤੇ ਉਨ੍ਹਾਂ ਦੇ ਉਮਰਾਉ ਅਤੇ ਪਿਆਦੇ ਪਿੱਛੇ ਪਿੱਛੇ ਚੱਲਦੇ ਹਨ| ਮੁਜ਼ਰੇ ਕਰਨ ਵਾਲੀਆਂ ਹਾਰ-ਸ਼ਿੰਗਾਰ ਲਾ ਕੇ ਸਾਹਮਣੇ ਆਉਂਦੀਆਂ ਹਨ ਪਰ ਸ਼ਹਿਜਾਦੇ ਸਿੱਧੇ-ਸਾਦੇ ਹੁੰਦੇ ਹਨ| ਰਾਜਿਆਂ ਦੇ ਅਸਲੀ ਵਫਾਦਾਰ ਤੇ ਸੇਵਾ ਕਰਨ ਵਾਲੇ ਰਾਜ-ਦਰਬਾਰ ਵਿਚ ਆ ਕੇ ਵਾਹ-ਵਾਹ ਖੱਟਦੇ ਹਨ ਜਦ ਕਿ ਨਿੰਦਕ ਅਤੇ ਅਵੱਗਿਆ ਕਰਨ ਵਾਲੇ ਨਮੋਸ਼ੀ ਖੱਟਦੇ ਹਨ, ਉਨ੍ਹਾਂ ਨੂੰ ਫਿਟਕਾਰ ਪੈਂਦੀ ਹੈ| ਅਕਾਲ ਪੁਰਖ ਦੇ ਦਰਬਾਰ ਵਿਚ ਉਨ੍ਹਾਂ ਨੂੰ ਹੀ ਥਾਂ ਮਿਲੇਗੀ ਜੋ ਅਕਾਲ ਪੁਰਖ ਦੀ ਸੇਵਾ ਕਰਦੇ ਹਨ| ਅਜਿਹੇ ਗੁਰਮੁਖਾਂ ‘ਤੇ ਅਕਾਲ ਪੁਰਖ ਦੀ ਮਿਹਰ ਹੁੰਦੀ ਹੈ ਅਤੇ ਉਹ ਇਸ ਮਿਹਰ ਸਦਕਾ ਰਾਜਿਆਂ ਦੇ ਵੀ ਰਾਜੇ ਹਨ| ਅਜਿਹੇ ਗੁਰਮੁਖ ਹੀ ਸਦੀਵੀ ਅਨੰਦ ਮਾਣਦੇ ਹਨ ਤੇ ਸੰਤੋਖ ਵਿਚ ਰਹਿੰਦਿਆਂ ਸੰਸਾਰ ਸਾਗਰ ਤੋਂ ਪਾਰ ਲੰਘਦੇ ਹਨ:
ਲਸਕਰ ਅੰਦਰਿ ਲਾਡੁਲੇ
ਪਾਤਿਸਾਹਾ ਜਾਏ ਸਾਹਜਾਦੇ|
ਪਾਤਿਸਾਹ ਅਗੈ ਚੜਨਿ
ਪਿਛੈ ਸਭ ਉਮਰਾਉ ਪਿਆਦੇ|
ਬਣਿ ਬਣਿ ਆਵਣਿ ਤਾਇਫੇ
ਓਇ ਸਹਜਾਦੇ ਸਾਦ ਮੁਰਾਦੇ|
ਖਿਜਮਤਿਗਾਰ ਵਡੀਰੀਅਨਿ
ਦਰਗਹ ਹੋਨਿ ਖੁਆਰ ਕੁਵਾਦੇ|
ਅੱਗੈ ਢੋਈ ਸੇ ਲਹਨਿ
ਸੇਵਾ ਅੰਦਰਿ ਕਾਰ ਕੁਸਾਦੇ|
ਪਾਤਿਸਾਹਾਂ ਪਤਿਸਾਹੁ
ਸੋ ਗੁਰਮੁਖਿ ਵਰਤੈ ਗੁਰ ਪਰਸਾਦੇ|
ਸਾਹ ਸੁਹੇਲੇ ਆਦਿ ਜੁਗਾਦੇ॥11॥
ਦ੍ਰਿਸ਼ਟਾਂਤ ਦਰ ਦ੍ਰਿਸ਼ਟਾਂਤ ਦੇ ਕੇ ਭਾਈ ਗੁਰਦਾਸ ਗੁਰਮੁਖਿ ਦਾ ਚਰਿਤਰ ਚਿਤਰਣ ਕਰਦੇ ਚਲੇ ਜਾਂਦੇ ਹਨ ਅਤੇ ਇਸ ਤਰ੍ਹਾਂ ਗੁਰੂ ਦੇ ਮਾਰਗ ‘ਤੇ ਚੱਲਣ ਵਾਲਿਆਂ ਅਤੇ ਆਮ ਦੁਨਿਆਵੀ ਲੀਹਾਂ ‘ਤੇ ਚੱਲਣ ਵਾਲਿਆਂ ਦੀ ਜੀਵਨ ਸ਼ੈਲੀ ਦਾ ਨਿਖੇੜ ਕਰਦੇ ਹਨ| ਭਾਈ ਗੁਰਦਾਸ ਇਸ ਪਉੜੀ ਵਿਚ ਸੂਰਜ ਤੇ ਤਾਰਿਆਂ ਦੇ ਦ੍ਰਿਸ਼ਟਾਂਤ ਰਾਹੀਂ ਦੱਸਦੇ ਹਨ ਕਿ ਜਦੋਂ ਹਨੇਰਾ ਹੁੰਦਾ ਹੈ ਤਾਂ ਲੱਖਾਂ ਦੀ ਗਿਣਤੀ ਵਿਚ ਤਾਰੇ ਅਸਮਾਨ ਵਿਚ ਨਜ਼ਰ ਆਉਂਦੇ ਹਨ, ਪਰ ਜਦੋਂ ਸੂਰਜ ਚੜ੍ਹ ਪੈਂਦਾ ਹੈ ਤਾਂ ਕੋਈ ਤਾਰਾ ਨਜ਼ਰ ਨਹੀਂ ਆਉਂਦਾ| ਦੂਸਰਾ ਦ੍ਰਿਸ਼ਟਾਂਤ ਸ਼ੇਰ ਅਤੇ ਮਿਰਗਾਂ ਦਾ ਦਿੰਦੇ ਹਨ ਕਿ ਜਦੋਂ ਜੰਗਲ ਵਿਚ ਸ਼ੇਰ ਦਹਾੜਦਾ ਹੈ ਤਾਂ ਹਿਰਨ ਦੌੜ ਪੈਂਦੇ ਹਨ, ਕਿਤੇ ਖੜ੍ਹਦੇ ਨਹੀਂ, ਸਾਹ ਵੀ ਨਹੀਂ ਲੈਂਦੇ| ਜਦੋਂ ਗਰੁੜ ਨੂੰ ਦੇਖ ਲੈਂਦੇ ਹਨ ਤਾਂ ਜ਼ਹਿਰੀਲੇ ਸੱਪ ਵੀ ਨੱਸ ਕੇ ਖੁੱਡ ਵਿਚ ਵੜ ਜਾਂਦੇ ਹਨ| ਅਗਲੀ ਮਿਸਾਲ ਬਾਜ ਤੇ ਆਮ ਪੰਛੀਆਂ ਦੀ ਦਿੱਤੀ ਹੈ| ਪੰਛੀ ਬਾਜ ਨੂੰ ਦੇਖ ਕੇ ਜਾਨ ਬਚਾਉਣ ਖਾਤਰ ਲੁਕਣ ਲਈ ਇਧਰ ਉਧਰ ਉਡਦੇ ਹਨ ਅਤੇ ਉਨ੍ਹਾਂ ਨੂੰ ਛੁਪਣ ਲਈ ਕੋਈ ਥਾਂ ਨਹੀਂ ਲੱਭਦੀ| ਕੰਮਾਂ-ਕਾਰਾਂ ਅਤੇ ਵਿਚਾਰਾਂ ਦੀ ਇਸ ਦੁਨੀਆਂ ਵਿਚ ਜਦੋਂ ਮਨੁੱਖ ਸਤਿਸੰਗਤਿ ਵਿਚ ਜਾਂਦਾ ਹੈ ਤਾਂ ਉਥੇ ਜਾ ਕੇ ਹੀ ਉਸ ਦੇ ਅੰਦਰੋਂ ਵਿਕਾਰਾਂ ਦੀ ਮੈਲ ਧੋਤੀ ਜਾਂਦੀ ਹੈ ਅਤੇ ਉਸ ਦਾ ਅੰਦਰਲਾ ਨਿਰਮਲ ਹੁੰਦਾ ਹੈ| ਉਹ ਸਤਿਗੁਰ ਹੀ ਸੱਚਾ ਪਾਤਿਸ਼ਾਹ ਹੈ ਜੋ ਮਨੁੱਖ ਦੇ ਅੰਦਰੋਂ ਦਵੈਤ-ਭਾਵ (ਮੇਰ-ਤੇਰ) ਨੂੰ ਖਤਮ ਕਰਦਾ ਹੈ ਅਤੇ ਉਸ ਅੰਦਰੋਂ ਬੁਰਾਈਆਂ ਖਤਮ ਹੋ ਜਾਂਦੀਆਂ ਹਨ| ਗੁਰਮੁਖਿ ਆਪਣੇ ਗਿਆਨ ਨੂੰ ਦੂਸਰਿਆਂ ਨਾਲ ਵੰਡਦੇ ਹਨ, ਗਿਆਨ ਦੀ ਰੌਸ਼ਨੀ ਦੂਸਰਿਆਂ ਵਿਚ ਵੰਡਦੇ ਹਨ ਕਿਉਂਕਿ ਉਹ ਸਵਾਰਥੀ ਨਹੀਂ ਸਗੋਂ ਪਰਉਪਕਾਰੀ ਮਨੁੱਖ ਹੁੰਦੇ ਹਨ; ਜਿਵੇਂ ਗੁਰੂ ਅਰਜਨ ਦੇਵ ਨੇ ਫੁਰਮਾਇਆ ਹੈ, “ਬ੍ਰਹਮ ਗਿਆਨੀ ਪਰਉਪਕਾਰ ਉਮਾਹਾ॥” ਅਰਥਾਤ ਬ੍ਰਹਮਗਿਆਨੀ ਨੂੰ ਪਰਉਪਕਾਰ ਕਰਕੇ, ਦੂਕਿਆਂ ਦਾ ਭਲਾ ਕਰਕੇ ਖੁਸ਼ੀ ਮਿਲਦੀ ਹੈ:
ਤਾਰੇ ਲਖ ਅਨ੍ਹੇਰ ਵਿਚਿ ਚੜ੍ਹਿਐ
ਸੁਝਿ ਨ ਸੁਝੈ ਕੋਈ|
ਸੀਹਿ ਬੁਕੇ ਮਿਰਗਾਵਲੀ
ਭੰਨੀ ਜਾਇ ਨ ਆਇ ਖੜੋਈ|
ਬਿਸੀਅਰ ਗਰੜੈ ਡਿਠਿਆ
ਖੁਡੀ ਵੜਿਦੇ ਲਖ ਪਲੋਈ|
ਪੰਖੇਰੂ ਸਾਹਬਾਜ ਦੇਖਿ
ਢੁਕਿ ਨ ਹੰਘਨਿ ਮਿਲੈ ਨ ਢੋਈ|
ਚਾਰ ਵੀਚਾਰ ਸੰਸਾਰ ਵਿਚਿ
ਸਾਧਸੰਗਤਿ ਮਿਲਿ ਦੁਰਮਤਿ ਖੋਈ|
ਸਤਿਗੁਰ ਸਚਾ ਪਾਤਿਸਾਹੁ
ਦੁਬਿਧਾ ਮਾਰਿ ਮਵਾਸਾ ਗੋਈ|
ਗੁਰਮੁਖਿ ਜਾਤਾ ਜਾਣੁ ਜਣੋਈ॥12॥
ਭਾਈ ਗੁਰਦਾਸ ਨੇ ਅਗਲੀ ਪਉੜੀ ਵਿਚ ਸੱਚੇ ਗੁਰੂ ਦੇ ਚਲਾਏ ਹੋਏ ਰਸਤੇ ਨੂੰ ਜਿਸ ਤੇ ਚੱਲ ਕੇ ਗੁਰਮੁਖਿ ਨੇ ਆਪਣਾ ਜੀਵਨ ਸਫਲਾ ਕਰਨਾ ਹੈ ਅਤੇ ਹੋਰਨਾਂ ਨੂੰ ਵੀ ਜਿਸ ਰਸਤੇ ‘ਤੇ ਚੱਲਣ ਦੀ ਪ੍ਰੇਰਨਾ ਕਰਨੀ ਹੈ, ‘ਗਾਡੀ ਰਾਹ’ ਕਿਹਾ ਹੈ| ਇਹ ਗਾਡੀ ਰਾਹ ਇਸ ਲਈ ਹੈ ਕਿਉਂਕਿ ਇਸ ਨੂੰ ਉਸ ਸੱਚੇ ਸਤਿਗੁਰੂ ਨੇ ਚਲਾਇਆ ਹੈ ਜਿਸ ਦੀ ਸੁਰਤਿ ਆਪ ਅਕਾਲ ਪੁਰਖ ਦੀ ਸੁਰਤਿ ਨਾਲ ਇਕਸੁਰ ਹੈ| ਇਸ ਰਸਤੇ ‘ਤੇ ਚੱਲਦਿਆਂ ਗੁਰਮੁਖਿ ਪੰਜ ਵਿਕਾਰਾਂ-ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਜਿਨ੍ਹਾਂ ਨੂੰ ਗੁਰਮਤਿ ਅਨੁਸਾਰ ‘ਪੰਜ ਦੂਤ’ ਜਾਂ ‘ਪੰਜ ਚੋਰ’ ਵੀ ਕਿਹਾ ਹੈ ਕਿਉਂਕਿ ਇਹ ਮਨੁੱਖ ਦੇ ਅੰਦਰੋਂ ਚੰਗਿਆਈਆਂ ਨੂੰ ਚੁਰਾ ਲੈਂਦੇ ਹਨ ਅਤੇ ਉਸ ਨੂੰ ਬੁਰਾਈ ਕਰਨ ਲਈ ਪ੍ਰੇਰਦੇ ਹਨ, ਨੂੰ ਆਪਣੇ ਵੱਸ ਵਿਚ ਕਰ ਲੈਂਦਾ ਹੈ ਅਤੇ ਆਪਣੇ ਅੰਦਰੋਂ ਬੁਰੀ ਮਤਿ ਜੋ ਇਨ੍ਹਾਂ ਕਰਕੇ ਪੈਦਾ ਹੁੰਦੀ ਹੈ ਉਸ ਨੂੰ ਮਿਟਾ ਦਿੰਦਾ ਹੈ। ਸਿੱਟਾ ਇਹ ਨਿਕਲਦਾ ਹੈ ਕਿ ਉਸ ਦੇ ਅੰਦਰੋਂ ਦਵੈਤ ਮਿਟ ਜਾਂਦੀ ਹੈ ਅਤੇ ਉਸ ਅੰਦਰ ਅਕਾਲ ਪੁਰਖ ਦੀ ਸਾਰੀ ਰਚਨਾ ਲਈ ਪ੍ਰੇਮ ਪੈਦਾ ਹੋ ਜਾਂਦਾ ਹੈ| ਉਹ ਆਪਣੀ ਸੁਰਤਿ ਨੂੰ ਸ਼ਬਦ ਨਾਲ ਇਕਸੁਰ ਕਰ ਲੈਂਦਾ ਹੈ, ਅਰਥਾਤ ਉਹ ਸ਼ਬਦ ਦਾ ਅਨੁਸਾਰੀ ਹੋ ਕੇ ਆਪਣਾ ਜੀਵਨ ਬਸਰ ਕਰਦਾ ਹੈ| ਇਸ ਤਰ੍ਹਾਂ ਉਸ ਦੇ ਅੰਦਰੋਂ ਮੌਤ ਦਾ ਡਰ ਖਤਮ ਹੋ ਜਾਂਦਾ ਹੈ, ਮੌਤ ਦੇ ਦੂਤ ਉਸ ਦੇ ਨੇੜੇ ਵੀ ਨਹੀਂ ਲੱਗਦੇ| ਗੁਰੂ ਨੇ ਲੋਕਾਂ ਨੂੰ ਜੋਗੀਆਂ ਦੇ ਬਾਰਾਂ ਪੰਥਾਂ ਵਾਲੇ ਪਾਸਿਓਂ ਹਟਾ ਕੇ ਸਾਧਸੰਗਤਿ ਨਾਲ ਜੋੜ ਦਿੱਤਾ ਹੈ ਜਿੱਥੇ ਸੱਚ ਖੰਡ ਦਾ ਵਾਸ ਹੈ ਭਾਵ ਸਾਧਸੰਗਤਿ ਵਿਚ ਮਨੁੱਖ ਨਾਮ ਸਿਮਰਨ ਵਿਚ ਸੁਰਤਿ ਜੋੜਦਾ ਹੈ ਤੇ ਸਾਧਸੰਗਤਿ ਵਿਚ ਜਿੱਥੇ ਸੱਚੇ ਨਾਮ ਵਿਚ ਸੁਰਤਿ ਜੁੜਦੀ ਹੈ, ਉਥੇ ਅਕਾਲ ਪੁਰਖ ਆਪ ਵਸਦਾ ਹੈ|
ਭਾਈ ਗੁਰਦਾਸ ਅੱਗੇ ਦੱਸਦੇ ਹਨ ਕਿ ਸਾਧ ਸੰਗਤਿ ਵਿਚ ਕੀ ਹੁੰਦਾ ਹੈ? ਇਥੇ ਨਾਮ ਸਿਮਰਨ ਰਾਹੀਂ, ਉਸ ਦੇ ਨਾਮ ਦੀ ਭਗਤੀ ਰਾਹੀਂ ਮਨੁੱਖ ਦੇ ਅੰਦਰ ਉਸ ਪਰਵਦਗਾਰ ਅਤੇ ਮਾਨਵਤਾ ਲਈ ਪ੍ਰੇਮ ਜਾਗਦਾ ਹੈ, ਮਨੁੱਖ ਉਸ ਅਕਾਲ ਪੁਰਖ ਦੇ ਨਿਰਮਲ ਭਉ ਵਿਚ ਅਤੇ ਪ੍ਰੇਮ ਵਿਚ ਵਿਚਰਦਾ ਹੈ| ਇਹ ਇੱਕ ਅਜਿਹਾ ਮੰਤਰ ਹੈ ਜਿਸ ਨਾਲ ਮਨੁੱਖ ਦੇ ਅੰਦਰ ਨਾਮ ਸਿਮਰਨ, ਦੂਸਰਿਆਂ ਲਈ ਕੁਝ ਕਰਨ (ਦਾਨ) ਅਤੇ ਇਸ਼ਨਾਨ (ਗੁਰਬਾਣੀ ਅਨੁਸਾਰ ਇਹ ਕੋਈ ਤੀਰਥ ਇਸ਼ਨਾਨ ਨਹੀਂ ਬਲਕਿ ਉਸ ਦੇ ਨਾਮ ਦਾ ਇਸ਼ਨਾਨ ਹੈ) ਦਾ ਸੰਕਲਪ ਦ੍ਰਿੜ ਹੁੰਦਾ ਹੈ| ਅੱਗੇ ਭਾਈ ਗੁਰਦਾਸ ਨੇ ਕੰਵਲ ਦੇ ਫੁੱਲ ਦਾ ਦ੍ਰਿਸ਼ਟਾਂਤ ਦਿੱਤਾ ਹੈ ਜੋ ਸਾਰਾ ਸਮਾਂ ਪਾਣੀ ਵਿਚ ਰਹਿੰਦਾ ਹੈ ਪਰ ਉਸ ਦੀਆਂ ਪੱਤੀਆਂ ਪਾਣੀ ਵਿਚ ਭਿੱਜਦੀਆਂ ਨਹੀਂ, ਪਾਣੀ ਤੋਂ ਅਭਿੱਜ ਰਹਿੰਦੀਆਂ ਹਨ| ਇਸੇ ਤਰ੍ਹਾਂ ਗੁਰੂ ਦੇ ਦੱਸੇ ਰਸਤੇ ‘ਤੇ ਚੱਲਣ ਵਾਲਾ ਮਨੁੱਖ ਇਸ ਸੰਸਾਰ ਵਿਚ ਰਹਿੰਦਿਆਂ ਵੀ ਇਸ ਦੇ ਬੁਰੇ ਮਾਇਆਵੀ ਅਸਰਾਂ ਤੋਂ ਨਿਰਲੇਪ ਰਹਿੰਦਾ ਹੈ ਅਤੇ ਇਸ ਦੇ ਅਸਰ ਹੇਠ ਬੁਰੇ ਕੰਮ ਨਹੀਂ ਕਰਦਾ| ਗੁਰਮੁਖਿ ਆਪਣੇ ਅੰਦਰੋਂ ਹਉਮੈ ਖਤਮ ਕਰ ਦਿੰਦਾ ਹੈ ਅਤੇ ‘ਮੈਂ’ ਨਹੀਂ ਜਤਾਉਂਦਾ:
ਸਤਿਗੁਰ ਸਚਾ ਪਾਤਿਸਾਹੁ
ਗੁਰਮੁਖਿ ਗਾਡੀ ਰਾਹੁ ਚਲਾਇਆ|
ਪੰਜਿ ਦੂਤਿ ਕਰਿ ਭੂਤ ਵਸਿ
ਦੁਰਮਤਿ ਦੂਜਾ ਭਾਉ ਮਿਟਾਇਆ|
ਸਬਦ ਸੁਰਤਿ ਲਿਵਿ ਚਲਣਾ
ਜਮੁ ਜਾਗਾਤੀ ਨੇੜਿ ਨ ਆਇਆ|
ਬੇਮੁਖਿ ਬਾਰਹ ਵਾਟ ਕਰਿ
ਸਾਧਸੰਗਤਿ ਸਚੁ ਖੰਡੁ ਵਸਾਇਆ|
ਭਾਉ ਭਗਤਿ ਭਉ ਮੰਤ੍ਰੁ ਦੇ
ਨਾਮੁ ਦਾਨੁ ਇਸਨਾਨੁ ਦ੍ਰਿੜਾਇਆ|
ਜਿਉ ਜਲ ਅੰਦਰਿ ਕਮਲ ਹੈ
ਮਾਇਆ ਵਿਚਿ ਉਦਾਸੁ ਰਹਾਇਆ|
ਆਪੁ ਗਵਾਇ ਨ ਆਪੁ ਗਣਾਇਆ॥13॥
ਅੱਗੇ ਭਾਈ ਗੁਰਦਾਸ ਨੇ ਆਮ ਦੁਨਿਆਵੀ ਜੀਵਨ ਢੰਗ ਅਤੇ ਗੁਰਮੁਖਿ ਦੀ ਰਹਿਣੀ ਵਿਚਲਾ ਫਰਕ ਦੱਸਿਆ ਹੈ ਕਿ ਦੁਨਿਆਵੀ ਰਾਜਾ ਹੁੰਦਾ ਹੈ ਜਿਸ ਦੀ ਪਰਜਾ ਉਸ ਦੀ ਨੌਕਰ ਬਣ ਕੇ ਦੇਸ ਵਿਚ ਉਸ ਦੇ ਹੁਕਮ ਦੀ ਦੁਹਾਈ ਕੂਕ ਕੂਕ ਲੋਕਾਈ ਨੁੰ ਸੁਣਾਉਂਦੀ ਹੈ ਭਾਵ ਉਸ ਦੇ ਹੁਕਮ ਦੀ ਵਡਿਆਈ ਕਰਦੀ ਫਿਰਦੀ ਹੈ| ਆਮ ਦੁਨਿਆਵੀ ਰਸਮਾਂ ਕੀ ਹਨ ਕਿ ਜਦੋਂ ਕੋਈ ਜੰਮਦਾ ਹੈ, ਸੰਸਾਰ ‘ਤੇ ਆਉਂਦਾ ਹੈ ਤਾਂ ਖੁਸ਼ੀ ਦੇ ਗੀਤ ਗਾਏ ਜਾਂਦੇ ਹਨ, ਵਾਜੇ ਵੱਜਦੇ ਹਨ; ਨਾਨਕਿਆਂ ਅਤੇ ਦਾਦਕਿਆਂ ਵਿਚ ਵਧਾਈਆਂ ਦਿੱਤੀਆਂ ਜਾਂਦੀਆਂ ਹਨ| ਜਦੋਂ ਕਿਸੇ ਦਾ ਵਿਆਹ ਹੁੰਦਾ ਹੈ ਤਾਂ ਨਾਨਕੀਆਂ-ਦਾਦਕੀਆਂ ਇੱਕ ਦੂਜੀ ਨੂੰ ਸਿੱਠਣੀਆਂ ਦਿੰਦੀਆਂ ਹਨ, ਖੁਸ਼ੀ ਦੇ ਵਾਜੇ ਵਜਾਏ ਜਾਂਦੇ ਹਨ| ਇਸੇ ਤਰ੍ਹਾਂ ਜਦੋਂ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਘਰ ਵਿਚ ਰੋਣਾ ਪਿੱਟਣਾ ਪੈ ਜਾਂਦਾ ਹੈ, ਪਿੱਟ-ਸਿਆਪਾ ਕੀਤਾ ਜਾਂਦਾ ਹੈ, ਸੋਗ ਦੇ ਵੈਣ ਪਾਏ ਜਾਂਦੇ ਹਨ, ਮਕਾਣਾਂ ਆਉਂਦੀਆਂ ਤੇ ਅਲਾਹੁਣੀਆਂ (ਗਮ ਦੇ ਗੀਤ) ਪਾਉਂਦੀਆਂ ਹਨ| ਇਸ ਦੇ ਉਲਟ ਸਾਧਸੰਗਤਿ ਵਿਚ ਕੀ ਹੁੰਦਾ ਹੈ? ਉਥੇ ਉਸ ਸੱਚੇ ਅਕਾਲ ਪੁਰਖ ਦੀ ਉਸਤਤਿ ਗਾਈ ਜਾਂਦੀ ਹੈ, ਗੁਰੂ ਦੇ ਦੱਸੇ ਮਾਰਗ ‘ਤੇ ਚੱਲਣ ਵਾਲੇ ਗੁਰਮੁਖਿ (ਗਮੀ ਅਤੇ ਖੁਸ਼ੀ ਦੇ ਮੌਕੇ) ਸਾਧਸੰਗਤਿ ਵਿਚ ਜਾ ਕੇ ਆਪਣੀ ਸੁਰਤਿ ਨੂੰ ਉਸ ਅਕਾਲ ਪੁਰਖ ਦੇ ਨਾਮ ਨਾਲ ਜੋੜਦੇ ਹਨ, ਆਪਣੀ ਲਿਵ ਉਸ ਵਿਚ ਲਾਉਂਦੇ ਹਨ ਕਿਉਂਕਿ ਸਾਧਸੰਗਤਿ ਵਿਚ ਸਦਾ ਹੀ ਅਨੰਦ ਹੁੰਦਾ ਹੈ| ਗੁਰੂ ਦੇ ਰਸਤੇ ‘ਤੇ ਚੱਲਣ ਵਾਲਾ ਜਾਣਦਾ ਹੈ ਕਿ ਆਤਮਾ ਵੇਦਾਂ ਅਤੇ ਕਤੇਬਾਂ ਤੋਂ ਉਪਰ ਹੈ, ਇਹ ਜਨਮ ਅਤੇ ਮੌਤ ਤੋਂ ਅਲੇਪ ਹੈ| ਇਸੇ ਲਈ ਗੁਰਮੁਖਿ ਇਸ ਇੱਛਾਵਾਂ ਅਤੇ ਲਾਲਸਾਵਾਂ ਵਾਲੇ ਸੰਸਾਰ ਵਿਚ ਰਹਿੰਦਿਆਂ ਵੀ ਕੰਵਲ ਦੇ ਫੁੱਲ ਵਾਂਗ, ਇਸ ਤੋਂ ਨਿਰਲੇਪ ਰਹਿੰਦਾ ਹੈ:
ਰਾਜਾ ਪਰਜਾ ਹੋਇ ਕੈ
ਚਾਕਰ ਕੂਕਰ ਦੇਸਿ ਦੁਹਾਈ|
ਜੰਮਦਿਆ ਰੁਣਿਝੁੰਝਣਾ
ਨਾਨਕ ਦਾਦਕ ਹੋਇ ਵਧਾਈ|
ਵੀਵਾਹਾ ਨੋ ਸਿਠਣੀਆ
ਦੁਹੀ ਵਲੀ ਦੁਇ ਤੂਰ ਵਜਾਈ|
ਰੋਵਣੁ ਪਿਟਣੁ ਮੁਇਆ ਨੋ
ਵੈਣੁ ਅਲਾਹਣਿ ਧੁਮ ਧੁਮਾਈ|
ਸਾਧਸੰਗਤਿ ਸਚੁ ਸੋਹਿਲਾ
ਗੁਰਮੁਖਿ ਸਾਧਸੰਗਤਿ ਲਿਵ ਲਾਈ|
ਬੇਦ ਕਤੇਬਹੁ ਬਾਹਰਾ
ਜੰਮਣਿ ਮਰਣਿ ਅਲਿਪਤੁ ਰਹਾਈ|
ਆਸਾ ਵਿਚਿ ਨਿਰਾਸੁ ਵਲਾਈ॥14॥
ਇਸ ਸਾਰੀ ਵਿਚਾਰ-ਚਰਚਾ ਦਾ ਸੰਖੇਪ ਇਸ ਤਰ੍ਹਾਂ ਹੈ ਕਿ ਗੁਰਮੁਖ ਅਕਾਲ ਪੁਰਖ ਦੇ ਹੁਕਮ ਦੇ ਅਨੁਸਾਰੀ ਹੋ ਕੇ ਚੱਲਦੇ ਹਨ, ਇਸੇ ਲਈ ਉਹ ਫਜੂਲ ਕਿਸਮ ਦੇ ਅਚਾਰ-ਵਿਚਾਰ ਨਹੀਂ ਮੰਨਦੇ ਜਿਵੇਂ ਕੁਲ-ਧਰਮ, ਜੰਮਣ-ਮਰਨ ਅਤੇ ਮੁੰਡਣ ਵਗੈਰਾ ਦੀਆਂ ਰਸਮਾਂ, ਸਤੀ ਪੂਜਣਾ ਅਤੇ ਸੌਂਕਣ ਨਾਲ ਜੁੜੇ ਵਹਿਮ-ਭਰਮ ਆਦਿ| ਗੁਰਮੁਖਾਂ ਦਾ ਬਾਦਸ਼ਾਹ ਇੱਕ ਅਕਾਲ ਪੁਰਖ ਹੈ ਜਿਸ ਦੇ ਹੁਕਮ ਵਿਚ ਉਹ ਚੱਲਦੇ ਹਨ ਅਤੇ ਹੋਰ ਕਿਸੇ ਦੀ ਚਾਕਰੀ ਨਹੀਂ ਕਰਦੇ| ਉਹ ਉਸ ਅਕਾਲ ਪੁਰਖ ਦੇ ਕੰਵਰ ਅਤੇ ਸ਼ਾਹਜ਼ਾਦੇ ਹਨ, ਇਸੇ ਲਈ ਬਿਨਾ ਕੋਈ ਭੇਖ ਅਪਨਾਇਆਂ ਸਾਦਗੀ ਵਿਚ ਵੀ ਉਸ ਦੇ ਦਰ ‘ਤੇ ਕਬੂਲ ਹੁੰਦੇ ਹਨ| ਸਾਧਸੰਗਤਿ ਗਿਆਨ ਦਾ ਸੂਰਜ ਹੈ ਜਿਸ ਦੇ ਚੜ੍ਹਨ ਨਾਲ ਅਗਿਆਨ ਦਾ ਹਨੇਰਾ ਦੂਰ ਹੋ ਜਾਂਦਾ ਹੈ| ਜਿਵੇਂ ਸੂਰਜ ਦੀ ਰੌਸ਼ਨੀ ਵਿਚ ਤਾਰੇ, ਸ਼ੇਰ ਦੀ ਗਰਜ ਅੱਗੇ ਹਿਰਨ, ਗਰੁੜ ਅੱਗੇ ਸੱਪ ਅਤੇ ਬਾਜ ਅੱਗੇ ਹੋਰ ਪੰਛੀ ਨਹੀਂ ਠਹਿਰਦੇ; ਇਸੇ ਤਰ੍ਹਾਂ ਗੁਰਮੁਖਾਂ ਅੱਗੇ ਭੇਖੀ ਤੇ ਪਖੰਡੀ ਨਹੀਂ ਠਹਿਰਦੇ|
ਭਾਈ ਗੁਰਦਾਸ ਨੇ ਗੁਰਮੁਖ ਦੇ ਰਸਤੇ ਦਾ ਵਿਸਥਾਰ ਦੱਸਿਆ ਹੈ ਕਿ ਗੁਰਮੁਖਿ ਦੀ ਕਰਨੀ ਅਤੇ ਰਹਿਣੀ ਕਿਹੋ ਜਿਹੀ ਹੁੰਦੀ ਹੈ| ਸ਼ਬਦ ਵਿਚ ਸੁਰਤਿ ਨੂੰ ਟਿਕਾਉਣਾ, ਪੰਜ ਵਿਕਾਰਾਂ ਨੂੰ ਵੱਸ ਵਿਚ ਕਰਕੇ ਰੱਖਣਾ, ਅਕਾਲ ਪੁਰਖ ਦੀ ਭਗਤੀ ਅਤੇ ਸਭ ਨਾਲ ਪ੍ਰੇਮ ਰੱਖਣਾ, ਨਾਮ, ਦਾਨ ਅਤੇ ਇਸ਼ਨਾਨ ਦ੍ਰਿੜ ਕਰਨਾ ਤੇ ਹਉਮੈ ਦਾ ਤਿਆਗ ਕਰਨਾ ਹੀ ਗੁਰਮੁਖਿ ਦੀ ਰਹਿਣੀ ਹੈ| ਗੁਰਮੁਖਿ ਜਨਮ ਮਰਨ ਦੀ ਖੁਸ਼ੀ ਤੋਂ ਨਿਆਰਾ ਹੋ ਕੇ ਉਸ ਅਕਾਲ ਪੁਰਖ ਦੇ ਸੱਚੇ ਸੋਹਿਲੇ ਨੂੰ ਪ੍ਰਣਾਇਆ ਹੁੰਦਾ ਹੈ, ਇਸ ਲਈ ਹਰ ਅਵਸਥਾ ਵਿਚ ‘ਸਦਾ ਅਨੰਦ ਰਹੈ ਦਿਨੁ ਰਾਤੀ’ ਦੇ ਮਹਾਂ ਵਾਕ ਅਨੁਸਾਰ ਸਦੀਵੀ ਅਨੰਦ ਦੀ ਅਵਸਥਾ ਵਿਚ ਰਹਿੰਦਾ ਹੈ| ਉਹ ਜਾਣਦਾ ਹੈ ਕਿ ਆਤਮਾ ਵੇਦਾਂ-ਕਤੇਬਾਂ ਤੋਂ ਬਾਹਰ ਹੈ, ਜਨਮ-ਮਰਨ ਤੋਂ ਅਲੇਪ ਹੈ; ਇਸੇ ਲਈ ਗੁਰਮੁਖਿ ਵੀ ਆਸਾਂ ਵਿਚ ਰਹਿ ਕੇ ਵੀ ਨਿਰਲੇਪ ਜੀਵਨ ਜਿਉਂਦਾ ਹੈ|