ਕੀ ਸਿੱਖ ਕੌਮ ਜ਼ਰਾਇਮ ਪੇਸ਼ਾ ਹੈ?

ਸੰਨ 1947 ‘ਚ ਆਜ਼ਾਦੀ ਮਿਲਣ ਪਿਛੋਂ ਸਮੇਂ ਦੀ ਸਰਕਾਰ ਵਲੋਂ ਸਰਕਾਰੀ ਪੱਤਰ ਵਿਹਾਰ ਵਿਚ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕੌਮ ਆਖੇ ਜਾਣ ਨੇ ਸਿੱਖ ਹਿਰਦਿਆਂ ਨੂੰ ਡੂੰਘੀ ਚੋਟ ਪਹੁੰਚਾਈ ਸੀ। ਤੇ ਇਸੇ ਦੇ ਹਵਾਲੇ ਨਾਲ ਇਸ ਲੇਖ ਵਿਚ ਜਨਾਬ ਮੁਸਤਫਾ ਡੋਗਰ ਨੇ ਪੰਜਾਬ ਦੇ ਇਤਿਹਾਸ ਵਿਚ ਸਿੱਖ ਕੌਮ ਦੀ ਹੋਂਦ ਹਸਤੀ ਬਾਰੇ ਕੁਝ ਟਿੱਪਣੀਆਂ ਕਰਦਿਆਂ ਲਿਖਿਆ ਹੈ, “ਸਾਨੂੰ ਇਹ ਕਿਤੇ ਵੀ ਲਿਖਿਆ ਨਹੀਂ ਮਿਲਦਾ ਕਿ ਸਿੱਖਾਂ ਦੇ ਵੀ ਚੋਰੀ ਕਰਨ ਜਾਂ ਨਾ ਕਰਨ ਦੇ ਕੁਝ ਢੰਗ ਤੇ ਮਨਹੂਸ ਵਹਿਮ ਭਰਮ ਸਨ। ਕਿਉਂਕਿ ਸਿੱਖ ਅਜਿਹੇ ਹੈ ਹੀ ਨਹੀਂ ਸਨ।

ਫਿਰ ਸਿੱਖਾਂ ਨੂੰ ਜ਼ਰਾਇਮ ਪੇਸ਼ਾ, ਘੋਸ਼ਿਤ ਕਰਨ ਦੀ ਕਾਰਵਾਈ ਸਮਝ ਤੋਂ ਬਾਹਰ ਹੈ।” -ਸੰਪਾਦਕ

ਕੁਝ ਲੇਖਕ ਬਾਰੇ
ਲੇਖਕ ਜਨਾਬ ਮੁਸਤਫਾ ਡੋਗਰ ਦੇ ਬਜ਼ੁਰਗ ਅੰਮ੍ਰਿਤਸਰ ਨੇੜਲੇ ਪਿੰਡ ਵੱਲ੍ਹਾ ਵੇਰਕਾ ਤੋਂ ਉਠ ਕੇ ਜਿਲ੍ਹਾ ਸਿਆਲਕੋਟ (ਪਾਕਿਸਤਾਨ) ਦੀ ਤਹਿਸੀਲ ਪਸਰੂਰ ਦੇ ਇਕ ਪਿੰਡ ਜਾ ਵੱਸੇ ਸਨ। ਹੁਣ ਜਨਾਬ ਡੋਗਰ ਇੰਗਲੈਂਡ ਰਹਿੰਦੇ ਹਨ ਅਤੇ ਅਰਥ ਸਾਸ਼ਤਰ ਵਿਚ ਪੀਐਚ.ਡੀ. ਕਰ ਰਹੇ ਹਨ। ਹਥਲੇ ਮਜਮੂਨ ਉਤੇ ਖੋਜ ਉਨ੍ਹਾਂ ਸੰਨ 2000 ਤੋਂ 2006 ਦੌਰਾਨ ਕੀਤੀ ਸੀ। ਲੇਖਕ ਇਹਿਤਾਸ ਦਾ ਕਦੇ ਵੀ ਵਿਦਿਆਰਥੀ ਨਹੀਂ ਰਿਹਾ। ਉਹ ਤਾਂ ਅਰਥ ਸਾਸ਼ਤਰ ਦਾ ਵਿਦਿਆਰਥੀ ਹੀ ਰਿਹਾ ਹੈ। ਪੰਜਾਬ ਦੀ ਧਰਤੀ ਪ੍ਰਤੀ ਮੋਹ ਹੀ ਉਸ ਨੂੰ ਪੰਜਾਬ ਦੇ ਲੋਕਾਂ ਦੇ ਇਤਿਹਾਸ ਦੇ ਅਧਿਐਨ ਵੱਲ ਲੈ ਤੁਰਿਆ।
ਗੁਲਾਮ ਮੁਸਤਫਾ ਡੋਗਰ ਯੂ. ਕੇ.
ਫੋਨ: +44 78781-32209
ਓ-ਮਅਲਿ: ਕੋਟਰੇ@ਹੋਟਮਅਲਿ।ਚੋ।ੁਕ

ਵਿਸ਼ਵ ਵਿਚ ਕੁਝ ਹੀ ਕੌਮਾਂ ਹਨ, ਜਿਨ੍ਹਾਂ ਨੇ ਬੜੀ ਸਿੱਦਤ, ਦਲੇਰੀ ਤੇ ਬਹਾਦਰੀ ਨਾਲ ਆਪਣੇ ਦੇਸ਼ ਦੀ ਆਬਰੂ ਬਰਕਰਾਰ ਰੱਖਣ ਲਈ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ। ਇਨ੍ਹਾਂ ਕੌਮਾਂ ‘ਚ ਸਿੱਖ ਕੌਮ ਦਾ ਸ਼ੁਮਾਰ ਇਤਿਹਾਸ ਦੇ ਸੁਨਹਿਰੀ ਪੰਨਿਆਂ ‘ਚ ਹੁੰਦਾ ਹੈ। ਜਦੋਂ ਵੀ ਦੇਸ਼ ਨੂੰ ਕੁਰਬਾਨੀਆਂ ਦੀ ਲੋੜ ਪਈ ਹੈ, ਸਿੱਖਾਂ ਨੇ ਵਧ-ਚੜ੍ਹ ਕੇ ਹਿੱਸਾ ਪਾਇਆ ਹੈ, ਭਾਵੇਂ ਉਹ ਮੁਗਲ ਦੌਰ ਹੋਵੇ ਜਾਂ ਬ੍ਰਿਟਿਸ਼ ਦੌਰ। ਮੁਗਲਾਂ ਨੇ ਤਾਂ ਸਿੱਖਾਂ ਦੇ ਸਿਰਾਂ ਦੇ ਮੁਲ ਪਾ ਕੇ ਵੀ ਵੇਖ ਲਏ ਪਰ ਸਿੱਖ ਕੌਮ ਨੂੰ ਖਤਮ ਨਹੀਂ ਕਰ ਸਕੇ। ਸਗੋਂ ਸਿੱਖ ਕੌਮ ਹਮੇਸ਼ਾਂ ਚੜ੍ਹਦੀ ਕਲ੍ਹਾ ‘ਚ ਰਹੀ ਹੈ। ਮੀਰ ਮੰਨੂ ਵੇਲੇ ਤਾਂ ਇਹ ਕਹਾਵਤ ਪ੍ਰਚਲਿਤ ਰਹੀ ਹੈ:
ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ,
ਜਿਉਂ ਜਿਉਂ ਸਾਨੂੰ ਵੱਢਦਾ
ਅਸੀਂ ਦੂਣ ਸਵਾਏ ਹੋਏ।
ਬ੍ਰਿਟਿਸ਼ ਹਕੂਮਤ ਤੋਂ ਭਾਰਤ ਨੂੰ ਆਜ਼ਾਦ ਕਰਾਉਣ ਲਈ ਸਭ ਤੋਂ ਵੱਧ ਕੁਰਬਾਨੀਆਂ ਸਿੱਖਾਂ ਨੇ ਕੀਤੀਆਂ ਜਦਕਿ ਸਿੱਖਾਂ ਦੀ ਗਿਣਤੀ ਦੂਜੀਆਂ ਕੌਮਾਂ ਦੇ ਮੁਕਾਬਲੇ ਆਟੇ ‘ਚ ਲੂਣ ਮਾਤਰ ਹੀ ਸੀ। ਸਿੱਖਾਂ ਦੀਆਂ ਕੁਰਬਾਨੀਆਂ ਦਾ ਕਿਸੇ ਵੀ ਹਕੂਮਤ ਨੇ ਮੁੱਲ ਨਹੀਂ ਪਾਇਆ, ਉਲਟਾ ਇਸ ਨੂੰ ਹਮੇਸ਼ਾਂ ਹਾਸ਼ੀਏ ‘ਤੇ ਧੱਕਣ ਦੀਆਂ ਸਾਜਿਸ਼ਾਂ ਹੀ ਘੜੀਆਂ ਗਈਆਂ ਤੇ ਅਜੇ ਵੀ ਜਾਰੀ ਹਨ।
ਸਿੱਖ ਜ਼ਰਾਇਮ ਪੇਸ਼ਾ ਸਨ ਜਾਂ ਨਹੀਂ: ਇੰਗਲੈਂਡ ‘ਚ ਮੇਰੇ ਕੁੱਝ ਸਿੱਖ ਦੋਸਤ ਹਨ, ਜਿਨ੍ਹਾਂ ਨਾਲ ਅਕਸਰ ਮੇਰੀ ਇਤਿਹਾਸ ਦੇ ਹਵਾਲੇ ਨਾਲ ਚਰਚਾ ਹੁੰਦੀ ਰਹਿੰਦੀ ਹੈ। ਉਨ੍ਹਾਂ ਤੋਂ ਹੀ ਸਿੱਖ ਕੌਮ ਬਾਰੇ ਮੈਨੂੰ ਇਹ ਜਾਣਕਾਰੀ ਮਿਲੀ ਕਿ 1947 ਈ. ‘ਚ ਬ੍ਰਿਟਿਸ਼ ਹਕੂਮਤ ਤੋਂ ਆਜ਼ਾਦੀ ਮਿਲਣ ਪਿਛੋਂ ਭਾਰਤੀ ਹਕੂਮਤ ਨੇ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕੌਮ ਐਲਾਨ ਦਿੱਤਾ ਸੀ। ਇਸ ਦੇ ਵਿਰੋਧ ‘ਚ ਸਿੱਖ ਨੇਤਾ ਸਿਰਦਾਰ ਕਪੂਰ ਸਿੰਘ ਨੇ ਇੱਕ ਪੈਂਫਲਿਟ ਛਾਪਿਆ, ਜਿਸ ‘ਚ ਉਨ੍ਹਾਂ ਭਾਰਤੀ ਹਕੂਮਤ ਨੂੰ ਅਜਿਹਾ ਕਰਨ ਤੋਂ ਵਰਜਿਆ ਸੀ।
ਮੇਰੇ ਇਸ ਲੇਖ ਦਾ ਮਨੋਰਥ ਇਹ ਸਾਬਤ ਕਰਨਾ ਨਹੀਂ ਕਿ ਜੋ ਸਮੇਂ ਦੀ ਸਰਕਾਰ ਨੇ ਕੀਤਾ, ਉਹ ਠੀਕ ਸੀ ਜਾਂ ਗਲਤ। ਮੇਰਾ ਮਕਸਦ ਇਹ ਹੈ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਪਤਾ ਲੱਗੇ ਕਿ ਕਿਸੇ ਕਬੀਲੇ ਜਾਂ ਕੌਮ ਨੂੰ ਜ਼ਰਾਇਮ ਪੇਸ਼ਾ ਕਰਾਰ ਦੇਣ ਦਾ ਮਕਸਦ ਕੀ ਸੀ? ਇਸ ਖਾਤਰ ਕੀ ਕੀ ਢੰਗ-ਤਰੀਕੇ ਵਰਤੇ ਜਾਂਦੇ ਸਨ ਤੇ ਉਦੋਂ ਕਿਹੜੇ-ਕਿਹੜੇ ਜ਼ਰਾਇਮ ਵੱਡੀ ਮਾਤਰਾ ‘ਚ ਹੋ ਰਹੇ ਸਨ? ਮੈਂ ਜੋ ਤੱਥ ਤੇ ਅੰਕੜੇ ਜ਼ਰਾਇਮ ਪੇਸ਼ਾ ਹੋਣ ਦੇ ਹਵਾਲੇ ਨਾਲ ਸਾਂਝੇ ਕਰਨੇ ਹਨ, ਉਨ੍ਹਾਂ ਦੇ ਆਧਾਰ ‘ਤੇ ਫੈਸਲਾ ਪਾਠਕ ਨੇ ਕਰਨਾ ਹੈ ਕਿ ਆਜ਼ਾਦੀ ਪਿਛੋਂ ਸਿੱਖ ਕੌਮ ਨੂੰ ਜ਼ਰਾਇਮ ਪੇਸ਼ਾ ਕਰਾਰ ਦੇਣਾ ਕਿਤੇ ਉਨ੍ਹਾਂ ਨਾਲ ਜ਼ਿਆਦਤੀ ਤਾਂ ਨਹੀਂ ਸੀ!
ਇਸ ਬਾਬਤ ਮੈਂ ਤੁਹਾਨੂੰ ਇੱਕ ਕਿੱਸਾ ਸੁਣਾਉਂਦਾ ਹਾਂ। ਕਿਸੇ ਪਿੰਡ ‘ਚ ਕੋਈ ਆਦਮੀ ਰਹਿੰਦਾ ਸੀ। ਚੜ੍ਹਦੀ ਜਵਾਨੀ ਉਸ ਦਾ ਵਿਆਹ ਨਾ ਹੋਇਆ। ਉਸ ਦੀ ਉਮਰ ਜ਼ਿਆਦਾ ਹੋ ਗਈ। ਦਾੜ੍ਹੀ ‘ਚ ਚਿੱਟੇ ਵਾਲਾਂ ਦੀ ਭਰਮਾਰ ਹੋ ਗਈ। ਕਿਸੇ ਨਾ ਕਿਸੇ ਤਰ੍ਹਾਂ ਉਸ ਦਾ ਰਿਸ਼ਤਾ ਹੋ ਗਿਆ। ਉਸ ਨੇ ਆਪਣੇ ਵਿਆਹ ਦੀ ਤਿਆਰੀ ਸ਼ੁਰੂ ਕਰ ਦਿੱਤੀ। ਫਿਰ ਖਿਆਲ ਆਇਆ ਕਿ ਉਸ ਦੀ ਦਾੜ੍ਹੀ ‘ਚ ਕਾਫੀ ਵਾਲ ਚਿੱਟੇ ਹੋ ਗਏ ਨੇ ਕਿਉਂ ਨਾ ਇਨ੍ਹਾਂ ਨੂੰ ਨਾਈ ਤੋਂ ਕਢਵਾ ਲਵੇ। ਉਸ ਵਕਤ ਵਾਲਾਂ ਨੂੰ ਕਾਲੇ ਕਰਨ ਦਾ ਰਿਵਾਜ ਨਹੀਂ ਸੀ ਜਾਂ ਕਹਿ ਲਓ ਵਾਲ ਰੰਗਣ ਲਈ ਕੋਈ ਸਮਾਨ ਨਹੀਂ ਸੀ ਹੁੰਦਾ। ਉਹ ਮੁਹੱਲੇ ਵਿਚਲੇ ਨਾਈ ਕੋਲ ਗਿਆ ਤੇ ਆਖਣ ਲੱਗਾ, ਮੇਰਾ ਵਿਆਹ ਹੋਣ ਵਾਲਾ ਹੈ ਤੇ ਤੂੰ ਮੇਰੀ ਦਾੜ੍ਹੀ ਵਿਚਲੇ ਚਿੱਟੇ ਵਾਲ ਜਾਂ ਤਾਂ ਮੋਚਨੇ ਨਾਲ ਪੁੱਟ ਦੇ ਜਾਂ ਕੈਂਚੀ ਨਾਲ ਕੱਟ ਦੇਹ। ਨਾਈ ਨੇ ਵੇਖਿਆ ਕਿ ਇਸ ਦੀ ਦਾੜ੍ਹੀ ‘ਚ ਚਿੱਟੇ ਵਾਲ ਇੰਨੇ ਜ਼ਿਆਦਾ ਹਨ ਕਿ ਬਹੁਤ ਵਕਤ ਖਰਾਬ ਹੋ ਜਾਵੇਗਾ। ਨਾਈ ਨੇ ਉਸਤਰਾ ਫੜ੍ਹਿਆ ਤੇ ਸਾਰੀ ਦਾੜ੍ਹੀ ਕੁਤਰ ਕੇ ਉਸ ਬੰਦੇ ਦੀ ਤਲੀ ‘ਤੇ ਰੱਖ ਦਿੱਤੀ ਤੇ ਆਖਣ ਲੱਗਾ ਮੇਰੇ ਕੋਲ ਏਨਾ ਸਮਾਂ ਨਹੀਂ ਹੈਗਾ, ਤੂੰ ਆਪ ਹੀ ਚਿੱਟੇ ਵਾਲ ਕੱਢ ਲੈ। ਇਸ ਤਰ੍ਹਾਂ ਹੀ ਮੈਂ ਤੱਥ ਤੇ ਅੰਕੜੇ ਕੱਢ ਕੇ ਧਰ ਦੇਣੇ ਹਨ ਤੇ ਫੈਸਲਾ ਤੁਸੀਂ ਖੁਦ ਕਰਨਾ ਹੈ ਕਿ ਕੀ ਸਿੱਖ ਜ਼ਰਾਇਮ ਪੇਸ਼ਾ ਸਨ? ਸਾਰੀ ਗੱਲ ਇਤਿਹਾਸ ਦੇ ਹਵਾਲੇ ਨਾਲ ਹੀ ਹੋਵੇਗੀ।
ਜ਼ਰਾਇਮ ਪੇਸ਼ਾ ਕਰਾਰ ਦੇਣ ਦੇ ਨਿਯਮ: ਕਿਸੇ ਕਬੀਲੇ ਜਾਂ ਲੋਕਾਂ ਦੇ ਸਮੂਹ ਨੂੰ ਜ਼ਰਾਇਮ ਪੇਸ਼ਾ ਐਲਾਨਣ ਲਈ ਬਣਾਏ ਗਏ ਨਿਯਮਾਂ ਅਧੀਨ ਹੀ ਕੰਮ ਲਿਆ ਜਾਂਦਾ ਸੀ। ਇਸ ਤਰ੍ਹਾਂ ਨਹੀਂ ਸੀ ਹੁੰਦਾ ਕਿ ਅੰਗਰੇਜ਼ ਕਿਸੇ ਕਬੀਲੇ ਨੂੰ ਕਹਿਣ ਕਿ ਤੁਸੀਂ ਜ਼ਰਾਇਮ ਪੇਸ਼ਾ ਹੋ ਤੇ ਉਹ ਕਬੀਲਾ ਜ਼ਰਾਇਮ ਪੇਸ਼ਾ ਹੋ ਗਿਆ ਤੇ ਕਿਸੇ ਕਬੀਲੇ ਨੂੰ ਕਹਿਣ ਕਿ ਤੁਸੀਂ ਜ਼ਰਾਇਮ ਪੇਸ਼ਾ ਨਹੀਂ ਹੋ ਤੇ ਉਹ ਕਬੀਲਾ ਜ਼ਰਾਇਮ ਪੇਸ਼ਾ ਲਿਸਟ ‘ਚੋਂ ਨਿਕਲ ਗਿਆ। ਅੰਗਰੇਜ਼ ਬਾਦਸ਼ਾਹਾਂ ਵਾਂਗ ਨਹੀਂ ਸਨ ਕਰਦੇ ਜਿਨ੍ਹਾਂ ਦੇ ਮੂੰਹੋਂ ਨਿਕਲੇ ਹੋਏ ਸ਼ਬਦ ਹੀ ਕਾਨੂੰਨ ਹੋ ਜਾਇਆ ਕਰਦੇ ਸਨ। ਉਹ ਪਹਿਲਾਂ ਕਾਨੂੰਨ ਪਾਸ ਕਰਦੇ ਸਨ ਤੇ ਫਿਰ ਸਬੰਧਤ ਕਾਨੂੰਨ ਲਾਗੂ ਕਰਦੇ ਸਨ। ਇਸੇ ਕਰਕੇ ਹੀ ਉਹ ਏਨੀਆਂ ਸਦੀਆਂ ਹਿੰਦੋਸਤਾਨ ‘ਤੇ ਹਕੂਮਤ ਕਰਨ ‘ਚ ਕਾਮਯਾਬ ਰਹੇ। ਇੱਕ ਅੰਗਰੇਜ਼ ਅਧਿਕਾਰੀ ਮਿਸਟਰ ਫੈਨਸੀ ਪਾਰਕਸ ਨੇ ਇੱਕ ਕਿਤਾਬ ਲਿਖੀ ਹੈ, ‘ਵੰਡਰਿੰਗ ਆਫ ਏ ਪਿਲਗਰਿਮ ਇਨ ਰਿਸਰਚ ਆਫ ਦੀ ਪਿਕਚਰਜ਼’ 1840 ਈ. ‘ਚ ਪ੍ਰਕਾਸ਼ਿਤ ਹੋਈ ਜੋ ਇਸ ਵਿਸ਼ੇ ਨਾਲ ਸਬੰਧਤ ਹੈ। ਇਸ ਤੋਂ ਇਲਾਵਾ ਅੰਗਰੇਜ਼ ਜ਼ਰਾਇਮ ਦੀਆਂ ਸਾਲਾਨਾ ਰਿਪੋਰਟਾਂ ਵੀ ਛਾਪਦੇ ਸਨ। ਉਨ੍ਹਾਂ ਕੋਲ ਇੱਕ ਲਿਸਟ ਹੁੰਦੀ ਸੀ ਜਿਸ ‘ਚ ਇਸ਼ਤਿਹਾਰੀ ਮੁਜਰਮਾਂ ਦੇ ਨਾਂ ਦਰਜ ਹੁੰਦੇ ਸਨ। ਇਨ੍ਹਾਂ ਰਿਪੋਰਟਾਂ ‘ਚੋਂ ਜੁਰਮ ਛੱਡ ਦੇਣ ਵਾਲੇ ਅਤੇ ਮਰ ਚੁਕੇ ਆਦਮੀਆਂ ਦੇ ਨਾਂ ਕੱਟ ਦਿੱਤੇ ਜਾਂਦੇ ਸਨ। ਹੁਣ ਵੀ ਭਾਰਤ ਤੇ ਪਾਕਿਸਤਾਨ ਦੇ ਥਾਣਿਆਂ ‘ਚ ਇਵੇਂ ਹੀ ਹੁੰਦਾ ਹੈ। ਆਓ, ਉਸ ਵਕਤ ਦੇ ਉਨ੍ਹਾਂ ਹਾਲਾਤ ਨੂੰ ਵੇਖੀਏ ਜਿਨ੍ਹਾਂ ਦੀ ਵਜ੍ਹਾ ਨਾਲ ਅੰਗਰੇਜ਼ਾਂ ਨੂੰ ਜ਼ਰਾਇਮ ਪੇਸ਼ਾ ਲੋਕਾਂ ਨਾਲ ਸਬੰਧਤ ਇਹ ਕਾਨੂੰਨ ਬਣਾਉਣਾ ਪਿਆ।
ਠੱਗ: ਅੰਗਰੇਜ਼ਾਂ ਦੇ ਇੱਥੇ ਆਉਣ ‘ਤੇ ਜੁਰਮ ਆਪਣੇ ਸਿਖਰ ‘ਤੇ ਸੀ। ਇਨ੍ਹਾਂ ‘ਚੋਂ ਠੱਗੀ ਇੱਕ ਵੱਡਾ ਜੁਰਮ ਸੀ। ਠੱਗ ਤਾਂ ਭਾਵੇਂ ਮੌਜੂਦਾ ਦੌਰ ‘ਚ ਵੀ ਹਨ ਪਰ ਹੁਣ ਠੱਗੀ ਦਾ ਢੰਗ ਤਰੀਕਾ ਬਦਲ ਗਿਆ ਹੈ। ਉਸ ਵਕਤ ਠੱਗੀ ਦੀਆਂ ਬੜੀ ਦੂਰ-ਦੂਰ ਤੱਕ ਧੁੰਮਾਂ ਸਨ। ਠੱਗਾਂ ਦੇ ਵੱਡੇ-ਵੱਡੇ ਜਥੇ ਹੁੰਦੇ ਸਨ ਜੋ ਮਿਲ ਕੇ ਠੱਗੀਆਂ ਮਾਰਦੇ ਸਨ। ਠੱਗਾਂ ਦੇ ਗਿਰੋਹ ਦਾ ਇੱਕ ਮੁਖੀਆ ਹੁੰਦਾ ਸੀ, ਜਿਸ ਨੂੰ ਸਰਦਾਰ ਕਿਹਾ ਜਾਂਦਾ। ਠੱਗੀ ਮਾਰਨ ਦਾ ਇਨ੍ਹਾਂ ਦਾ ਆਪਣਾ ਹੀ ਢੰਗ ਹੁੰਦਾ ਸੀ। ਇਹ ਜ਼ੋਰ ਜ਼ਬਰਦਸਤੀ ਨਾਲ ਠੱਗੀ ਨਹੀਂ ਸਨ ਮਾਰਦੇ। ਠੱਗੀ ਮਾਰਨ ‘ਚ ਜ਼ਿਆਦਾ ਰੋਲ ਜ਼ਬਾਨ ਤੇ ਅਦਾਕਾਰੀ ਦਾ ਹੁੰਦਾ ਸੀ। ਇਹ ਬੰਦੇ ਦਾ ਕਤਲ ਇਸ ਤਰ੍ਹਾਂ ਕਰਦੇ ਕਿ ਕੋਈ ਸਬੂਤ ਪਿਛੇ ਨਾ ਛੱਡਦੇ। ਇਹ ਪਤਾ ਹੀ ਨਹੀਂ ਸੀ ਚੱਲਦਾ ਕਿ ਕਤਲ ਕੌਣ ਕਰ ਗਿਆ। ਠੱਗਾਂ ਦੀਆਂ ਟੋਲੀਆਂ ‘ਚ ਔਰਤਾਂ ਵੀ ਹੁੰਦੀਆਂ, ਜਿਨ੍ਹਾਂ ਦਾ ਮੁੱਖ ਕੰਮ ਠੱਗਣ ਲਈ ਮਾਲਦਾਰ ਸ਼ਿਕਾਰ ਨੂੰ ਲੱਭਣਾ ਹੁੰਦਾ ਸੀ।
ਉਸ ਵਕਤ ਲੋਕ ਕਾਫਲਿਆਂ ‘ਚ ਸਫਰ ਕਰਦੇ ਸਨ। ਠੱਗ ਉਨ੍ਹਾਂ ਕਾਫਲਿਆਂ ‘ਚ ਘੁੱਸ ਜਾਂਦੇ ਤੇ ਮਾਲਦਾਰ ਸ਼ਿਕਾਰ ਨੂੰ ਘੇਰ ਕੇ ਰੁਮਾਲ ਨਾਲ ਗਲਾ ਘੁੱਟ ਕੇ ਮਾਰ ਦਿੰਦੇ। ਇਨ੍ਹਾਂ ਠੱਗਾਂ ‘ਚ ਹਰ ਫਿਰਕੇ ਦੇ ਲੋਕ ਸ਼ਾਮਿਲ ਹੁੰਦੇ ਸਨ। ਆਪਣੇ ਫਿਰਕੇ ਅਨੁਸਾਰ ਹੀ ਏਨਾ ਨੇ ਠੱਗੀ ਦੇ ਅਕੀਦੇ ਬਣਾਏ ਹੋਏ ਸਨ, ਜੋ ਹਿੰਦੂ ਤੇ ਇਸਲਾਮ ਧਰਮ ‘ਚੋਂ ਲਏ ਸਨ। ਇਹ ਬੁਆਣੀ ਦੇਵੀ ਨਾਂ ਦੀ ਦੇਵੀ ਨੂੰ ਮੰਨਦੇ ਤੇ ਉਹਦੇ ਨਾਂ ਦਾ ਨਾਅਰਾ ਮਾਰਦੇ ਸਨ।
ਗਵਰਨਰ ਜਨਰਲ ਲਾਰਡ ਹੇਸਟਿੰਗਜ਼ ਦੇ ਸਮੇਂ ਕਰਨਲ ਵਿਲੀਅਮ ਸਲਮਨ ਦੇ ਅਧੀਨ ਠੱਗਾਂ ‘ਤੇ ਕਾਬੂ ਪਾਉਣ ਲਈ ਮੁਹਿੰਮ ਚਲਾਈ ਗਈ। ਉਸ ਨੇ 1840 ਈ. ‘ਚ ਆਪਣੀ ਰਿਪੋਰਟ ਪੇਸ਼ ਕੀਤੀ, ਜਿਸ ਦਾ ਨਾਂ ਸੀ, ‘ਰਿਪੋਰਟਸ ਆਨ ਦਾ ਠਗਸ’ ਭਾਵ ਠੱਗਾਂ ਦੇ ਗੈਂਗਾਂ ‘ਤੇ ਰਿਪੋਰਟ। ਰਿਪੋਰਟ ਕਲਕੱਤਾ ਵਿਖੇ ਪ੍ਰਕਾਸ਼ਿਤ ਹੋਈ। ਜਾਰਜ ਪ੍ਰਿੰਸ ਵੀ ਆਪਣੀ ਕਿਤਾਬ ਦੀ ‘ਸਟਰੈਂਜਲੈਸ’ ‘ਚ ਠੱਗਾਂ ਦੇ ਕਾਰਨਾਮਿਆਂ ਦਾ ਜ਼ਿਕਰ ਕਰਦਾ ਹੈ। ਸਟਰੈਂਜਲੈਸ ਦਾ ਮਤਲਬ ਹੈ, ਗਲਾ ਘੁੱਟ ਕੇ ਮਾਰਨ ਵਾਲੇ। ਇਹ ਕਿਤਾਬ 1841 ਈ. ‘ਚ ਲਿਖੀ ਗਈ, ਇਸ ‘ਚ ਲਿਖਿਆ ਮਿਲਦਾ ਹੈ ਕਿ ਉਸ ਸਮੇਂ ਦੇ ਠੱਗ ਖੁਦ ਇੰਕਸ਼ਾਫ ਕਰਦੇ ਸਨ ਕਿ ਉਸ ਨੇ ਕਿੰਨੇ ਬੰਦੇ ਕਤਲ ਕੀਤੇ ਜਿਵੇਂ ਕਿ ਬਹਿਰਾਮ ਠੱਗ ਆਖਦਾ ਸੀ ਕਿ ਉਸ ਨੇ 941 ਬੰਦੇ ਮਾਰੇ ਸਨ। ਅਮੀਰ ਅਲੀ ਠੱਗ ਨੇ ਵੀ ਕਿਹਾ ਸੀ ਕਿ ਉਸ ਨੇ 900 ਤੋਂ ਵੱਧ ਬੰਦੇ ਕਤਲ ਕੀਤੇ।
ਉਸ ਵਕਤ ਸੂਰਤ-ਏ-ਹਾਲ ਇਹ ਸੀ ਕਿ ਲੋਕ ਕੰਮਾਂ-ਕਾਰਾਂ ਲਈ ਘਰਾਂ ਤੋਂ ਨਿਕਲਦੇ ਤੇ ਰਸਤੇ ‘ਚ ਠੱਗ ਆਪਣੀ ਚੁੰਗਲ ‘ਚ ਫਸਾ ਕੇ ਲੁੱਟ ਲੈਂਦੇ, ਤੇ ਕਤਲ ਕਰਕੇ ਲਾਸ਼ ਰਸਤੇ ‘ਚ ਹੀ ਦਫਨਾ ਦਿੰਦੇ। ਕਤਲ ਹੋਏ ਆਦਮੀ ਦੇ ਵਾਰਸਾਂ ਨੂੰ ਕੋਈ ਖੁਰਾ-ਖੋਜ ਨਹੀਂ ਸੀ ਲੱਭਦਾ ਕਿ ਉਨ੍ਹਾਂ ਦਾ ਬੰਦਾ ਗਿਆ ਕਿੱਥੇ? ਫਰੰਗੀਆ, ਬੁਧੂ, ਖੰਬੋਲੀ, ਜਮਾਲਦੀਨ ਤੇ ਸਾਹਬ ਖਾਂ ਮਸ਼ਹੂਰ ਠੱਗ ਸਨ। ਫਰੰਗੀਆ ਕਹਿੰਦਾ ਸੀ ਕਿ ਇਲਾਕੇ ‘ਚ 100 ਤੋਂ ਵੱਧ ਠੱਗ ਆਪਣੀਆਂ ਕਾਰਵਾਈਆਂ ‘ਚ ਲੱਗੇ ਹੋਏ ਹਨ। ਉਸ ਅਨੁਸਾਰ ਅਵਧ ਰਿਆਸਤ ‘ਚ 10 ਠੱਗਾਂ ਪਿੱਛੇ 9 ਮੁਸਲਮਾਨ ਠੱਗ, ਦੋਆਬੇ ਦੇ ਏਰੀਏ ‘ਚ 5 ਠੱਗਾਂ ਪਿੱਛੇ 4 ਹਿੰਦੂ ਠੱਗ, ਰਾਜਪੂਤਾਨਾ ‘ਚ 4 ਠੱਗਾਂ ਪਿੱਛੇ 3 ਹਿੰਦੂ ਠੱਗ ਹੁੰਦੇ ਸਨ। ਬੰਗਾਲ, ਬਿਹਾਰ, ਉੜੀਸਾ ‘ਚ ਮੁਸਲਮਾਨ ਤੇ ਹਿੰਦੂ ਠੱਗਾਂ ਦੀ ਨਿਸਬਤ ਬਰਾਬਰ-ਬਰਾਬਰ ਹੀ ਸੀ। ਠੱਗ ਗਿਰੋਹਾਂ ਦੇ ਸਰਦਾਰਾਂ ਵੱਲੋਂ ਆਪਣੇ ਠੱਗਾਂ ਨੂੰ ਇਹ ਹਦਾਇਤ ਸੀ ਕਿ ਸਿੱਖਾਂ ਅਤੇ ਜੋਗੀਆਂ ਦੀ ਲੁੱਟਮਾਰ ਨਹੀਂ ਕਰਨੀ।
ਅਵਧ ਰਿਆਸਤ ‘ਚ ਠੱਗਾਂ ਨੂੰ ਮਾਰਨ ਦਾ ਜਾਂ ਕਾਬੂ ਪਾਉਣ ਦਾ ਕੰਮ ਜ਼ੇਮਜ ਪੈਟਨ ਨੇ ਆਪਣੇ ਹੱਥ ਲਿਆ। ਜਦ ਅੰਗਰੇਜ਼ਾਂ ਨੇ ਪੰਜਾਬ ਨੂੰ ਵੀ ਆਪਣੇ ਅਧੀਨ ਕਰ ਲਿਆ, ਉਨ੍ਹਾਂ ਨੇ ਸਮਝ ਲਿਆ ਕਿ ਜਦ ਤੱਕ ਇਸ ਖਿੱਤੇ ‘ਚ ਜੁਰਮ ‘ਤੇ ਕਾਬੂ ਨਾ ਪਾਇਆ ਗਿਆ, ਹਕੂਮਤ ਕਰਨ ‘ਚ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਠੱਗੀ ਦੇ ਇਸ ਜ਼ਰਾਇਮ ਨੂੰ ਕਾਬੂ ਕਰਨ ‘ਚ ਕਰਨਲ ਵਿਲੀਅਮ ਸਲਮਨ ਨੇ ਇਹ ਕੰਮ ਬਾਖੂਬੀ ਤਰੀਕੇ ਨਾਲ ਕੀਤਾ। ਸਭ ਤੋਂ ਪਹਿਲਾਂ ਉਸ ਨੇ ਆਪਣੇ ਠੱਗ ਤਿਆਰ ਕੀਤੇ ਤੇ ਇਨ੍ਹਾਂ ਨੂੰ ਠੱਗਾਂ ਦੇ ਗਿਰੋਹਾਂ ‘ਚ ਵਾੜ ਦਿੱਤਾ। ਇਹ ਨਕਲੀ ਠੱਗ ਸਬੰਧਤ ਠੱਗ ਗਿਰੋਹਾਂ ਦੀ ਸਾਰੀ ਜਾਣਕਾਰੀ ਅੰਗਰੇਜ਼ ਅਫਸਰਾਂ ਨੂੰ ਦੇਣ ਲੱਗੇ। ਇਹ ਜਾਅਲੀ ਠੱਗ ਆਪਣੇ ਕੰਮ ‘ਚ ਕਾਫੀ ਕਾਮਯਾਬ ਹੋਏ।
ਅਜੋਕੇ ਦੌਰ ‘ਚ ਵੀ ਅਸੀਂ ਵੇਖਦੇ ਹਾਂ ਕਿ ਜਦੋਂ ਵੀ ਕੋਈ ਸਰਕਾਰ ਵਿਰੋਧੀ ਲਹਿਰ ਚੱਲਦੀ ਹੈ ਤਾਂ ਸਰਕਾਰਾਂ ਉਸ ‘ਚ ਵੀ ਆਪਣੇ ਏਜੰਟ ਵਾੜ ਦਿੰਦੀਆਂ ਹਨ ਤਾਂ ਕਿ ਉਸ ਨੂੰ ਕਮਜ਼ੋਰ ਕੀਤਾ ਜਾ ਸਕੇ। ਵਿਲੀਅਮ ਸਲਮਨ ਨੇ ਆਪਣੇ ਇਸ ਤਜਰਬੇ ਦੇ ਆਧਾਰ ‘ਤੇ ਹੀ ਦੋ ਕਿਤਾਬਾਂ ਲਿਖੀਆਂ। ਜਿਸ ‘ਚ ਪਹਿਲੀ ਸੀ ‘ਰਿਪੋਰਟਸ ਐਂਡ ਰਿਕੁਲੈਕਸ਼ਨ ਆਫ ਐਨ ਇੰਡੀਅਨ ਆਫੀਸਰ’ ਜੋ 1840 ਈ. ‘ਚ ਪ੍ਰਕਾਸ਼ਿਤ ਹੋਈ। ਦੂਸਰੀ ਕਿਤਾਬ ਸੀ, ‘ਰਿਪੋਰਟਸ ਆਨ ਦਾ ਠਗਸ’ ਜੋ 1840 ਈ. ‘ਚ ਪ੍ਰਕਾਸ਼ਿਤ ਹੋਈ। ਠੱਗਾਂ ਬਾਰੇ ਇਹ ਕਿਤਾਬਾਂ ਸਾਡੀ ਜਾਣਕਾਰੀ ‘ਚ ਭਰਪੂਰ ਵਾਧਾ ਕਰਦੀਆਂ ਹਨ। ਇਨ੍ਹਾਂ ਵਿਚ ਠੱਗਾਂ ਦੇ ਕਿਸੇ ਵੀ ਟੋਲੇ ‘ਚ ਕਿਸੇ ਵੀ ਸਿੱਖ ਦਾ ਜ਼ਿਕਰ ਨਹੀਂ ਮਿਲਦਾ ਬਲਕਿ ਇਹ ਜਾਂ ਤਾਂ ਮੁਸਲਮਾਨ ਸਨ ਜਾਂ ਫਿਰ ਹਿੰਦੂ। ਸਿੱਖ ਕਿਉਂਕਿ ਇੱਕ ਦਲੇਰ ਤੇ ਸੂਰਬੀਰ ਕੌਮ ਹੈ, ਦਲੇਰ ਆਦਮੀ ਠੱਗੀ ਨਹੀਂ ਕਰ ਸਕਦਾ, ਲੁੱਟਮਾਰ ਭਾਵੇਂ ਕਰ ਲਵੇ।
ਪਿੰਡਾਰੀ: ਪਿੰਡਾਰੀਆਂ ਨੇ ਆਪਣੇ ਆਪ ਨੂੰ 1689 ਈ. ਤੋਂ ਜਥੇਬੰਦ ਕਰਨਾ ਸ਼ੁਰੂ ਕਰ ਦਿੱਤਾ ਸੀ। ਇਨ੍ਹਾਂ ਦੀ ਤਾਦਾਦ 20 ਤੋਂ ਲੈ ਕੇ 30 ਹਜ਼ਾਰ ਤੱਕ ਸੀ। ਇਹ ਰੋਜ਼ਾਨਾ 30 ਤੋਂ ਲੈ ਕੇ 40 ਕਿਲੋਮੀਟਰ ਦੇ ਖੇਤਰ ‘ਚ ਜਾ ਕੇ ਲੁੱਟਮਾਰ ਕਰਦੇ ਸਨ। ਜੇ ਹਕੂਮਤੀ ਫੌਜਾਂ ਪਿੱਛਾ ਕਰਦੀਆਂ ਤਾਂ ਇਹ ਆਪਣੇ ਆਪ ਨੂੰ ਛੋਟੇ-ਛੋਟੇ ਜਥਿਆਂ ‘ਚ ਵੰਡ ਲੈਂਦੇ। ਪਿੱਛਾ ਕਰਦੀ ਫੌਜ ਕਿਸੇ ਇੱਕ ਜਥੇ ਮਗਰ ਹੀ ਜਾ ਸਕਦੀ ਸੀ। ਜਿਸ ਨਾਲ ਦੂਸਰੇ ਜਥੇ ਆਸਾਨੀ ਨਾਲ ਬਚ ਨਿਕਲਦੇ ਸਨ। ਜਿਸ ਜਥੇ ਦਾ ਫੌਜ ਪਿੱਛਾ ਕਰ ਰਹੀ ਹੁੰਦੀ, ਉਹ ਜਥਾ ਹਮੇਸ਼ਾ ਪਹਾੜ ਤੇ ਜੰਗਲ ਵਰਗੇ ਮੁਸ਼ਕਿਲ ਰਸਤੇ ਹੀ ਚੁਣਦਾ, ਜਿੱਥੇ ਜਾਣ ਲਈ ਫੌਜਾਂ ਨੂੰ ਕਾਫੀ ਮੁਸ਼ਕਿਲ ਪੇਸ਼ ਆਉਂਦੀ। ਇਸ ਤਰ੍ਹਾਂ ਪਿੰਡਾਰੀ ਫੌਜਾਂ ਦੀ ਪਕੜ ਤੋਂ ਬਚ ਕੇ ਨਿਕਲ ਜਾਂਦੇ ਅਤੇ ਆਪਣੇ ਪਹਿਲਾਂ ਤੋਂ ਮਿਥੇ ਟਿਕਾਣਿਆਂ ‘ਤੇ ਸਾਰੇ ਜਥੇ ਇਕੱਠੇ ਹੋ ਜਾਂਦੇ। ਜਿੱਥੇ ਠੱਗ ਆਪਣੇ ਕੰਮ ਨੂੰ ਸਿਰੇ ਚਾੜ੍ਹਨ ਲਈ ਧੋਖੇ ਅਤੇ ਫਰੇਬ ਦਾ ਸਹਾਰਾ ਲੈਂਦੇ ਸਨ, ਉਥੇ ਪਿੰਡਾਰੀ ਆਪਣੀ ਤਲਵਾਰ ਦੇ ਜ਼ੋਰ ‘ਤੇ ਲੁੱਟਮਾਰ ਕਰਦੇ। ਇਹ ਬਹੁਤ ਹੀ ਜ਼ਾਲਮ ਸਨ। ਕਈ ਵਾਰ ਸਮੇਂ ਦੀ ਹਕੂਮਤ ਨਾਲ ਸਮਝੌਤਾ ਵੀ ਕਰ ਲੈਂਦੇ। ਇਨ੍ਹਾਂ ਪਿੰਡਾਰੀਆਂ ‘ਚ ਵੱਖ-ਵੱਖ ਕੌਮਾਂ ਤੇ ਧਰਮਾਂ ਦੇ ਲੋਕ ਸ਼ਾਮਿਲ ਸਨ। ਮਸਲਨ ਰੋਹੀਲੇ, ਪਠਾਣ, ਮਰਹੱਟੇ, ਅਫਗਾਨ ਪਠਾਣ ਤੇ ਸਿੱਖ ਵੀ ਥੋੜ੍ਹੀ ਬਹੁਤ ਗਿਣਤੀ ‘ਚ ਸ਼ਾਮਲ ਸਨ।
ਕਿਉਂਕਿ ਇਸ ਸਮੇਂ ਦੌਰਾਨ ਮੁਗਲ ਹਕੂਮਤ ਕਮਜ਼ੋਰ ਹੋਣੀ ਸ਼ੁਰੂ ਹੋ ਗਈ ਸੀ, ਬਹੁਤ ਸਾਰੇ ਸੈਨਿਕ ਬੇਰੁਜ਼ਗਾਰ ਹੋ ਗਏ ਤੇ ਉਨ੍ਹਾਂ ਮਿਲ ਕੇ ਰੁਜ਼ਗਾਰ ਲੱਭ ਲਿਆ, ਪਿੰਡਾਰੀਆਂ ਵਾਲਾ। ਪਿੰਡਾਰੀਆਂ ਦੀ ਜ਼ਿਆਦਾਤਰ ਸਰਪ੍ਰਸਤੀ ਮਰਹੱਟੇ ਸਰਦਾਰਾਂ ਨੇ ਕੀਤੀ। ਮਰਾਠਾ ਸਰਦਾਰ ਮਲਿਹਾਰ ਰਾਓ ਨੇ ਪਿੰਡਾਰੀਆਂ ਨੂੰ ਇੱਕ ਝੰਡਾ ਦਿੱਤਾ, ਜਿਸ ਨੂੰ ਇਹ ਸੁਨਹਿਰੀ ਝੰਡਾ ਆਖਦੇ ਸਨ। ਮਰਹੱਟੇ ਜਿਸ ਪਾਸੇ ਵੀ ਜਾਂਦੇ, ਪਿੰਡਾਰੀਆਂ ਨੂੰ ਅੱਗੇ ਲਾ ਲੈਂਦੇ। ਪਿੰਡਾਰੀਆਂ ਦਾ ਵੀ ਇੱਕ ਮੁਖੀ ਹੁੰਦਾ ਸੀ, ਜਿਸ ਨੂੰ ਸਰੀਆ ਆਖਿਆ ਜਾਂਦਾ ਸੀ। ਪਿੰਡਾਰੀਆਂ ਨੇ ਜਿਸ ਸਮੇਂ ਸ਼ੁਰੂਆਤ ਕੀਤੀ ਉਸ ਸਮੇਂ ਇਨ੍ਹਾਂ ਦਾ ਮੁਖੀ ਸੀ, ਗਾਜ਼ੀ ਖਾਂ। ਗਾਜ਼ੀ ਖਾਂ ਦੇ ਦੋ ਪੁੱਤਰ-ਗਰਦੀ ਖਾਂ ਤੇ ਸ਼ਾਹਬਾਜ਼ ਖਾਂ ਹੋਏ ਜੋ ਪਿੰਡਾਰੀਆਂ ਦਾ ਟੋਲਾ ਲੈ ਕੇ ਚੱਲਦੇ ਰਹੇ। ਅੱਗੇ ਜਾ ਕੇ ਗਰਦੀ ਖਾਂ ਦਾ ਮੁੰਡਾ ਲਾਲ ਖਾਂ ਤੇ ਅੱਗੇ ਉਸ ਦਾ ਮੁੰਡਾ ਇਮਾਮ ਬਖਸ਼ ਵੀ ਪਿੰਡਾਰੀਆਂ ਦੇ ਸਰਦਾਰ ਬਣੇ। ਇੰਜ ਇਹ ਕੰਮ ਪੀੜ੍ਹੀ ਦਰ ਪੀੜ੍ਹੀ ਚੱਲਦਾ ਰਿਹਾ।
ਇਨ੍ਹਾਂ ਤੋਂ ਬਿਨਾ ਇੱਕ ਮਰਹੱਟੇ ਜਰਨੈਲ ਰਾਓ ਹੋਲਕਰ ਦੇ ਇੱਕ ਮੁਲਾਜ਼ਮ ਤਾਰਾ ਬਖਸ਼ ਨੇ ਪਿੰਡਾਰੀਆਂ ‘ਚ ਸ਼ਾਮਲ ਹੋ ਕੇ ਬਹੁਤ ਲੁੱਟਮਾਰ ਕੀਤੀ। ਟੱਕੂ ਖਾਂ ਤੇ ਬਹਾਦਰ ਖਾਂ ਵੀ ਪਿੰਡਾਰੀਆਂ ਦੇ ਪ੍ਰਸਿੱਧ ਆਗੂ ਹੋਏ ਹਨ। ਬਹਾਦਰ ਖਾਂ ਤੋਂ ਬਾਅਦ ਚੀਤੂ ਖਾਂ ਮੈਂਵਾਤੀ ਨੇ 12 ਹਜ਼ਾਰ ਘੋੜ ਸਵਾਰ ਲੈ ਕੇ ਪਿੰਡਾਰੀਆਂ ਦੀ ਅਗਵਾਈ ਕੀਤੀ। ਇਨ੍ਹਾਂ ਪਿੰਡਾਰੀਆਂ ‘ਚ ਇੱਕ ਐਸਾ ਬੰਦਾ ਸੀ ਜਿਸ ਕੋਲ 8 ਹਜ਼ਾਰ ਘੋੜ ਸਵਾਰ ਤੇ 10 ਹਜ਼ਾਰ ਪੈਦਲ ਸੈਨਿਕ ਸਨ। ਇਸ ਪਿੰਡਾਰੀ ਸਰਦਾਰ ਦਾ ਨਾਂ ਅਮਿਰ ਖਾਂ ਸੀ ਜੋ ਅਫਗਾਨੀ ਤੇ ਤੁਰਕ ਕਬੀਲੇ ਨਾਲ ਸਬੰਧ ਰੱਖਦਾ ਸੀ। ਇਹ ਮਰਹੱਟਾ ਸਰਦਾਰ ਰਾਓ ਹੋਲਕਰ ਦਾ ਵੀ ਕਮਾਂਡਰ ਸੀ ਤੇ ਉਸ ਨਾਲ ਮਿਲ ਕੇ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ। ਕਾਫੀ ਅਰਸੇ ਤੱਕ ਇਹ ਇੰਜ ਹੀ ਫਿਰਦਾ ਰਿਹਾ, ਮਤਲਬ ਇਸ ਕੋਲ ਫੌਜ ਹੋਣ ਦੇ ਬਾਵਜੂਦ ਕਿਸੇ ਸਥਾਨ ਜਾਂ ਰਿਆਸਤ ਉਪਰ ਇਸ ਦਾ ਕਬਜ਼ਾ ਨਹੀਂ ਸੀ। ਇਹ ਸਿਰਫ ਕਿਰਾਏ ‘ਤੇ ਹੀ ਲੜਦਾ ਸੀ। ਆਖਰ ਇਸ ਨੇ ਰਾਜਸਥਾਨ ‘ਚ ਟੌਂਗ ਰਿਆਸਤ ਨੂੰ ਘੇਰ ਕੇ ਉਸ ਉਪਰ ਕਬਜ਼ਾ ਕਰ ਲਿਆ। ਟੌਂਗ ਰਿਆਸਤ 1947 ਤੱਕ ਅਮਿਰ ਖਾਂ ਦੇ ਵਾਰਸਾਂ ਦੇ ਅਧੀਨ ਹੀ ਰਹੀ।
ਜਦੋਂ ਪਿੰਡਾਰੀਆਂ ਦੀਆਂ ਵਾਰਦਾਤਾਂ ਹੱਦੋਂ ਵਧ ਗਈਆਂ ਤਾਂ ਅੰਗਰੇਜ਼ ਹਕੂਮਤ ਨੂੰ ਇਨ੍ਹਾਂ ਨੂੰ ਕਾਬੂ ਕਰਨ ਲਈ ਮਜ਼ਬੂਰ ਹੋਣਾ ਪਿਆ। ਇਸ ਲਈ ਲਾਰਡ ਹੇਸਟਿੰਗਜ਼ ਦੀ ਜਿੰਮੇਵਾਰੀ ਲਾਈ ਗਈ। 1816 ਈ. ਤੱਕ ਉਸ ਨੇ ਪਿੰਡਾਰੀਆਂ ਤੇ ਮਰਹੱਟਿਆਂ ‘ਤੇ ਕਾਫੀ ਹੱਦ ਤੱਕ ਕਾਬੂ ਪਾ ਲਿਆ। ਪਿੰਡਾਰੀਆਂ ‘ਚੋਂ ਕਰੀਮ ਖਾਂ ਤੇ ਨਾਮਦਾਰ ਖਾਂ ਨੇ ਅੰਗਰੇਜ਼ਾਂ ਨਾਲ ਸਮਝੌਤਾ ਕਰ ਲਿਆ। ਪਿੰਡਾਰੀ ਵਾਸਲ ਮੁਹੰਮਦ ਦਾ ਵੀ ਅੰਗਰੇਜ਼ਾਂ ਨਾਲ ਸਮਝੌਤਾ ਹੋ ਗਿਆ। ਚੀਤੂ ਖਾਂ ਮੇਵਾਤੀ ਦੌੜ ਕੇ ਜੰਗਲ ਵੱਲ ਨੱਸ ਗਿਆ, ਜਿੱਥੇ ਉਹ ਸ਼ੇਰ ਦਾ ਸ਼ਿਕਾਰ ਹੋ ਗਿਆ। 1819 ਈ. ਨੂੰ ਜੰਗਲ ‘ਚੋਂ ਉਸ ਦਾ ਸਿਰ ਧੜ ਤਂੋ ਬਗੈਰ ਹੀ ਮਿਲਿਆ, ਜਿਸ ਤੋਂ ਅੰਗਰੇਜ਼ਾਂ ਨੂੰ ਉਸ ਦੀ ਮੌਤ ਦਾ ਯਕੀਨ ਹੋਇਆ।
ਜਾਨ ਮੈਲਕਮ ਨੇ ਇਨ੍ਹਾਂ ਜ਼ਰਾਇਮ ਪੇਸ਼ਾ ਲੋਕਾਂ ਨਾਲ ਸਮਝੌਤੇ ਕਰਕੇ ਇਨ੍ਹਾਂ ਨੂੰ ਗੋਰਖਪੁਰ ਤੇ ਭੋਪਾਲ ਵਾਲੇ ਪਾਸੇ ਜਮੀਨਾਂ ਅਲਾਟ ਕਰਕੇ ਉਥੇ ਵਸਾਇਆ। ਇਸ ਤਰ੍ਹਾਂ ਮਾਲਕਮ ਨੇ ਲਾਰਡ ਹੇਸਟਿੰਗਜ਼ ਨਾਲ ਮਿਲ ਕੇ ਪਿੰਡਾਰੀਆਂ ‘ਤੇ ਕਾਬੂ ਪਾਇਆ। ਮਾਲਕਮ ਨੇ ਬਾਅਦ ‘ਚ ਇੱਕ ਕਿਤਾਬ ਵੀ ਲਿਖੀ ਜਿਸ ਦਾ ਨਾਂ ਸੀ, ‘ਹਿਸਟਰੀ ਆਫ ਦਾ ਸੈਂਟਰਲ ਪ੍ਰੋਵਿਨਸ।’ ਇਸ ‘ਚ ਉਸ ਨੇ ਦੱਸਿਆ ਹੈ ਕਿ ਪਿੰਡਾਰੀਆਂ ਨੂੰ ਕਿਸ ਤਰ੍ਹਾਂ ਖਤਮ ਕੀਤਾ। ਚੀਤੂ ਖਾਂ ਕਿਸ ਤਰ੍ਹਾਂ ਮਰਿਆ ਤੇ ਕਿਸ ਤਰੀਕੇ ਨਾਲ ਉਸ ਦੀ ਲਾਸ਼ ਬਰਾਮਦ ਕੀਤੀ, ਤੇ ਉਸ ਦਾ ਸਿਰ ਵੇਖ ਕੇ ਉਸ ਦੀ ਸ਼ਨਾਖਤ ਕੀਤੀ। ਇਸ ‘ਚ ਸਪਸ਼ਟ ਹੁੰਦਾ ਹੈ ਕਿ ਇੱਥੇ ਕਿਤੇ ਵੀ ਸਿੱਖਾਂ ਦਾ ਜ਼ਿਕਰ ਨਹੀਂ ਆਇਆ। ਪਿੰਡਾਰੀਆਂ ‘ਚ ਸਾਰੇ ਮੁਸਲਮਾਨ ਸਨ ਜਾਂ ਫਿਰ ਹਿੰਦੂ। ਕੋਈ ਵਿਰਲਾ ਵਾਂਝਾ ਸਿੱਖ ਹੋ ਸਕਦਾ ਹੈ। ਸੋ ਗੱਲ ਬਣਦੀ ਨਹੀਂ ਕਿ ਸਿੱਖ ਜ਼ਰਾਇਮ ਪੇਸ਼ਾ ਸਨ ਤੇ ਉਨ੍ਹਾਂ ਨੂੰ ਇਸ ਸ਼੍ਰੇਣੀ ‘ਚ ਦਰਜ ਕੀਤਾ ਜਾਵੇ।
(ਚਲਦਾ)