ਓਬਾਮਾ ਵੱਲੋਂ ਮੋਦੀ ਨੂੰ ਮੁੜ ਧਾਰਮਿਕ ਸਹਿਣਸ਼ੀਲਤਾ ਦੀ ਨਸੀਹਤ

ਨਵੀਂ ਦਿੱਲੀ: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਮੋਦੀ ਸਰਕਾਰ ਨੂੰ ਨਸੀਹਤ ਦਿੱਤੀ ਹੈ ਕਿ ਉਹ ਮੁਲਕ ਦੇ ਮੁਸਲਮਾਨਾਂ ਦੀ ਕਦਰ ਕਰੇ ਅਤੇ ਉਨ੍ਹਾਂ ਦਾ ਧਿਆਨ ਰੱਖੇ ਜਿਹੜੇ ਆਪਣੇ ਆਪ ਨੂੰ ਮੁਲਕ ਨਾਲ ਜੁੜਿਆ ਹੋਇਆ ਅਤੇ ਭਾਰਤੀ ਮੰਨਦੇ ਹਨ। ਹਿੰਦੁਸਤਾਨ ਟਾਈਮਜ਼ ਲੀਡਰਸ਼ਿਪ ਸਮਿੱਟ ‘ਚ ਸਾਬਕਾ ਰਾਸ਼ਟਰਪਤੀ ਨੇ ਕਿਹਾ ਕਿ ਇਹ ਇਕ ਵਿਚਾਰ ਹੈ ਜਿਸ ਨੂੰ ਮਜ਼ਬੂਤ ਕਰਨ ਦੀ ਲੋੜ ਹੈ।

ਸ੍ਰੀ ਓਬਾਮਾ ਨੇ ਕਿਹਾ ਕਿ 2015 ਵਿਚ ਭਾਰਤ ਦੌਰੇ ਮੌਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਬੰਦ ਕਮਰੇ ‘ਚ ਉਨ੍ਹਾਂ ਧਾਰਮਿਕ ਸਹਿਣਸ਼ੀਲਤਾ ਅਤੇ ਧਰਮ ਦੀ ਆਜ਼ਾਦੀ ਦੇ ਹੱਕ ਉਤੇ ਜ਼ੋਰ ਦਿੱਤਾ ਸੀ। ਸਾਲ 2009 ਤੋਂ 2017 ਦਰਮਿਆਨ ਅਮਰੀਕਾ ਦੇ 44ਵੇਂ ਰਾਸ਼ਟਰਪਤੀ ਰਹੇ ਓਬਾਮਾ ਨੇ ਆਪਣੇ ਦੌਰੇ ਦੇ ਆਖਰੀ ਦਿਨ ਲੋਕਾਂ ਨਾਲ ਗੱਲਬਾਤ ਦੌਰਾਨ ਅਜਿਹੇ ਹੀ ਵਿਚਾਰ ਪ੍ਰਗਟਾਏ ਸਨ। ਭਾਰਤ ਨਾਲ ਜੁੜੇ ਇਕ ਸਵਾਲ ਦੇ ਜਵਾਬ ਵਿਚ ਸ੍ਰੀ ਓਬਾਮਾ ਨੇ ਮੁਲਕ ਦੀ ਵੱਡੀ ਮੁਸਲਿਮ ਆਬਾਦੀ ਦਾ ਜ਼ਿਕਰ ਕੀਤਾ, ਜੋ ਸਫਲ, ਜੁੜੀ ਹੋਈ ਅਤੇ ਆਪਣੇ ਆਪ ਨੂੰ ਭਾਰਤੀ ਮੰਨਦੀ ਹੈ।ਉਨ੍ਹਾਂ ਕਿਹਾ ਕਿ ਕੁਝ ਹੋਰ ਮੁਲਕਾਂ ‘ਚ ਅਜਿਹਾ ਨਹੀਂ ਹੈ। ਸਾਬਕਾ ਰਾਸ਼ਟਰਪਤੀ ਨੇ ਲੋਕਾਂ ਨਾਲ ਮੁਖਾਤਬ ਹੁੰਦਿਆਂ ਕਈ ਮੁੱਦਿਆਂ ਉਤੇ ਆਪਣੀ ਗੱਲ ਰੱਖੀ। ਇਸ ਦੌਰਾਨ ਨਰੇਂਦਰ ਮੋਦੀ ਤੇ ਮਨਮੋਹਨ ਸਿੰਘ ਨਾਲ ਆਪਣੇ ਸਬੰਧਾਂ ਬਾਰੇ, ਅਤਿਵਾਦ, ਪਾਕਿਸਤਾਨ, ਓਸਾਮਾ ਦੀ ਤਲਾਸ਼ ਤੇ ਭਾਰਤ ਦੀ ਦਾਲ ਤੇ ਕੀਮੇ ਬਾਰੇ ਵੀ ਗੱਲ ਕੀਤੀ। ਓਬਾਮਾ ਅਮਰੀਕਾ ਦੇ ਪਹਿਲੇ ਅਸ਼ਵੇਤ ਰਾਸ਼ਟਰਪਤੀ ਹਨ। ਓਬਾਮਾ ਨੇ ਕਿਹਾ ਕਿ ਉਨ੍ਹਾਂ ਸਾਲ 2015 ਵਿਚ ਬਤੌਰ ਰਾਸ਼ਟਰਪਤੀ ਭਾਰਤ ਦੀ ਆਪਣੀ ਆਖਰੀ ਫੇਰੀ ਦੌਰਾਨ ਪ੍ਰਧਾਨ ਮੰਤਰੀ ਮੋਦੀ ਨਾਲ ਬੰਦ ਕਮਰੇ ‘ਚ ਹੋਈ ਗੱਲਬਾਤ ਦੌਰਾਨ ਧਾਰਮਿਕ ਸਹਿਣਸ਼ੀਲਤਾ ਦੀ ਜ਼ਰੂਰਤ ਤੇ ਕਿਸੇ ਵੀ ਪੰਥ ਨੂੰ ਨਾ ਮੰਨਣ ਦੇ ਅਧਿਕਾਰ ਉਤੇ ਜ਼ੋਰ ਦਿੱਤਾ ਸੀ। ਭਾਰਤ ਨਾਲ ਜੁੜੇ ਇਕ ਸਵਾਲ ‘ਚ ਓਬਾਮਾ ਨੇ ਮੁਲਕ ਦੀ ਵੱਡੀ ਮੁਸਲਿਮ ਅਬਾਦੀ ਦਾ ਜ਼ਿਕਰ ਕੀਤਾ ਹੈ, ਜਿਹੜੀ ਖੁਦ ਨੂੰ ਦੇਸ਼ ਦੇ ਨਾਲ ਜੁੜਿਆ ਹੋਇਆ ਤੇ ਭਾਰਤੀ ਮੰਨਦੀ ਹੈ। ਓਬਾਮਾ ਨੇ ਕਿਹਾ ਕਿ ਕਈ ਮੁਲਕਾਂ ਵਿਚ ਅਜਿਹਾ ਨਹੀਂ ਹੈ।
_________________________________________
ਡਾæ ਮਨਮੋਹਨ ਸਿੰਘ ਦਾ ਮੁਰੀਦ ਹੈ ਓਬਾਮਾ
ਬਰਾਕ ਓਬਾਮਾ ਨੇ ਸਾਬਕਾ ਪ੍ਰਧਾਨ ਮੰਤਰੀ ਅਤੇ ਅਰਥ ਸ਼ਾਸਤਰੀ ਡਾæ ਮਨਮੋਹਨ ਸਿੰਘ ਦੀਆਂ ਆਰਥਿਕ ਨੀਤੀਆਂ ਨੂੰ ਕਾਰਗਰ ਕਰਾਰ ਦਿੰਦਿਆਂ ਉਨ੍ਹਾਂ ਦੀ ਖੂਬ ਸ਼ਲਾਘਾ ਕੀਤੀ। ਓਬਾਮਾ ਨੇ ਡਾæ ਮਨਮੋਹਨ ਸਿੰਘ ਦੀਆਂ ਨੀਤੀਆਂ ਨੂੰ ਉਸ ਸਮੇਂ ਲਈ ਢੁਕਵਾਂ ਦੱਸਿਆ ਜਦੋਂ ਪੂਰਾ ਵਿਸ਼ਵ ਹੀ ਇਕ ਮੁਸ਼ਕਿਲ ਭਾਵ ਸਾਲ 2008 ਦੀ ਆਰਥਿਕ ਮੰਦੀ ਦੇ ਦੌਰ ਵਿਚੋਂ ਲੰਘ ਰਿਹਾ ਸੀ। ਓਬਾਮਾ ਨੇ ਲੀਡਰਸ਼ਿਪ ਸੰਮੇਲਨ ਵਿਚ ਆਪਣੇ ‘ਬਹੁਤ ਅੱਛੇ ਦੋਸਤ’ ਡਾæ ਸਿੰਘ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੂੰ ਆਧੁਨਿਕ ਭਾਰਤੀ ਅਰਥਚਾਰੇ ਦਾ ਮੋਢੀ ਕਰਾਰ ਦਿੱਤਾ।