ਫੌਜ ਪਈ ਪਾਕਿਸਤਾਨੀ ਹਕੂਮਤ ਉਤੇ ਭਾਰੀ

ਲਾਹੌਰ: ਪਾਕਿਸਤਾਨੀ ਹਕੂਮਤ ਤੇ ਕੱਟੜਪੰਥੀਆਂ ਦਰਮਿਆਨ ਹੋਏ ਸਮਝੌਤੇ ਨੇ ਸਰਕਾਰ ਦੇ ਵਕਾਰ ਨੂੰ ਵੱਡੀ ਸੱਟ ਮਾਰੀ ਹੈ। ਛੇ ਨੁਕਤਿਆਂ ਉਤੇ ਆਧਾਰਤ ਇਹ ਸਮਝੌਤਾ ਇਹ ਪ੍ਰਭਾਵ ਦਿੰਦਾ ਹੈ ਕਿ ਪਾਕਿਸਤਾਨ ਵਿਚ ਫੌਜ ਤੇ ਮੁਲਾਣਿਆਂ ਦਾ ਗੱਠਜੋੜ, ਹਕੂਮਤ ਉਤੇ ਭਾਰੀ ਪੈ ਰਿਹਾ ਹੈ। ਦੱਸ ਦਈਏ ਕਿ ਬਰੇਲਵੀ ਸੁੰਨੀ ਕੱਟੜਪੰਥੀਆਂ ਨੇ ਇਸਲਾਮਾਬਾਦ ਤੇ ਰਾਵਲਪਿੰਡੀ ਨੂੰ ਜੋੜਨ ਵਾਲੇ ਅਤਿਅੰਤ ਅਹਿਮ ਫਲਾਈਓਵਰ ਉਤੇ ਧਰਨਾ ਲਾਇਆ ਹੋਇਆ ਸੀ।

ਇਸ ਧਰਨੇ ਨੂੰ ਉਠਵਾਉਣ ਅਤੇ ਜਨਤਕ ਜੀਵਨ ਲੀਹ ਉਤੇ ਲਿਆਉਣ ਲਈ ਫੌਜ ਨੇ ਆਪਣੀ ਤਾਕਤ ਦੀ ਵਰਤੋਂ ਕਰਨ ਦੀ ਥਾਂ ਦੋਵਾਂ ਧਿਰਾਂ ਉਤੇ ਸਮਝੌਤੇ ਲਈ ਦਬਾਅ ਪਾਇਆ। ਇਹ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਪ੍ਰਧਾਨ ਮੰਤਰੀ ਸ਼ਾਹਿਦ ਖਾਕਨ ਅੱਬਾਸੀ ਦੀ ਅਗਵਾਈ ਵਾਲੀ ਪੀæਐਮæਐਲ਼ (ਐਨ) ਸਰਕਾਰ ਦੇਸ਼ ਦੇ ਚੋਣ ਕਾਨੂੰਨਾਂ ਵਿਚ ਅਹਿਮਦੀ ਭਾਈਚਾਰੇ ਉਤੇ ਲੱਗੀਆਂ ਬੰਦਸ਼ਾਂ ਨੂੰ ਕੁਝ ਨਰਮ ਬਣਾਉਣ ਬਾਰੇ ਸੋਚ ਰਹੀ ਸੀ। ਅਜਿਹੀ ਸੋਚ ਖਿਲਾਫ਼ ਸੁੰਨੀ ਸੰਗਠਨਾਂ ਨੇ ਝੰਡਾ ਚੁੱਕ ਲਿਆ।
ਉਨ੍ਹਾਂ ਨੇ ਕੌਮੀ ਰਾਜਧਾਨੀ ਇਸਲਾਮਾਬਾਦ ਦੀ ਨਾਕਾਬੰਦੀ ਕਰ ਦਿੱਤੀ। ਸਰਕਾਰ ਨੇ ਇਸ ਨਾਕਾਬੰਦੀ ਪ੍ਰਤੀ ਪਹਿਲਾਂ ਤਾਂ ਨਰਮ ਰੁਖ ਅਪਣਾਇਆ, ਫਿਰ ਜਨਤਕ ਜਾਇਦਾਦ ਨੂੰ ਹੋ ਰਹੇ ਨੁਕਸਾਨ ਦੇ ਮੱਦੇਨਜ਼ਰ ਨੀਮ ਫੌਜੀ ਬਲਾਂ ਦੀ ਮਦਦ ਨਾਲ ਨਾਕਾਬੰਦੀ ਜਬਰੀ ਚੁਕਵਾਉਣ ਦਾ ਯਤਨ ਕੀਤਾ। ਇਸ ਦੇ ਨਤੀਜੇ ਵਜੋਂ ਛੇ ਮੌਤਾਂ ਹੋਣ ਤੇ ਦਰਜਨਾਂ ਹੋਰ ਲੋਕ ਜਖ਼ਮੀ ਹੋਣ ਤੋਂ ਸਰਕਾਰ ਡਰ ਗਈ। ਉਸ ਨੇ ਫੌਜ ਤੋਂ ਮਦਦ ਮੰਗੀ, ਪਰ ਫੌਜ ਨੇ ਮਦਦ ਦੇਣ ਦੀ ਥਾਂ ਨਾ ਸਿਰਫ ਸਮਝੌਤਾ-ਵਾਰਤਾ ਉਤੇ ਜ਼ੋਰ ਦਿੱਤਾ ਸਗੋਂ ਸਾਲਸੀਆਂ ਵਾਲਾ ਵਿਹਾਰ ਕੀਤਾ। ਇਸੇ ਸਮਝੌਤੇ ਦੇ ਤਹਿਤ ਦੇਸ਼ ਦੇ ਕਾਨੂੰਨ ਮੰਤਰੀ ਜ਼ਾਹਿਦ ਹਮੀਦ ਨੂੰ ਅਸਤੀਫਾ ਦੇਣਾ ਪਿਆ, ਸਰਕਾਰ ਨੂੰ ਸਪਸ਼ਟ ਕਰਨਾ ਪਿਆ ਕਿ ਦੇਸ਼ ਦੇ ਚੋਣ ਕਾਨੂੰਨਾਂ ਵਿਚ ਅਹਿਮਦੀਆਂ ਦੇ ਹੱਕ ਵਿਚ ਕੋਈ ਤਰਮੀਮ ਨਹੀਂ ਕੀਤੀ ਜਾਵੇਗੀ। ਤਿੰਨ ਸੁੰਨੀ ਸੰਗਠਨਾਂ- ਤਹਿਰੀਕ-ਏ-ਲਬਾਇਕ ਯਾ ਰਸੂਲ ਅੱਲ੍ਹਾ (ਟੀਐੱਲਵਾਈ), ਸੁੰਨੀ ਤਹਿਰੀਕ ਅਤੇ ਤਹਿਰੀਕ-ਏ-ਖਾਤਮੇ ਨਬੁੱਵਤ ਨਾਲ ਅਜਿਹਾ ਸਮਝੌਤਾ ਕਰਨ ਮਗਰੋਂ ਪਾਕਿਸਤਾਨੀ ਸਰਕਾਰ ਦੀ ਹਾਲਤ ਪਤਲੀ ਹੋ ਗਈ ਹੈ।
_______________________________________
ਅਮਰੀਕਾ ਵੱਲੋਂ ਪਾਕਿਸਤਾਨ ਸਰਕਾਰ ਕਮਜ਼ੋਰ ਕਰਾਰ
ਵਾਸ਼ਿੰਗਟਨ: ਪਾਕਿਸਤਾਨ ਵਿਚ ਕੱਟੜਪੰਥੀਆਂ ਵੱਲੋਂ ਪਿਛਲੇ ਦਿਨੀਂ ਕੀਤੇ ਗਏ ਪ੍ਰਦਰਸ਼ਨਾਂ ਤੋਂ ਬਾਅਦ ਬਣੇ ਹਾਲਾਤ ਨੂੰ ਦੇਖਦਿਆਂ ਅਮਰੀਕਾ ਦਾ ਮੰਨਣਾ ਹੈ ਕਿ ਉਥੋਂ ਦੀ ਸਰਕਾਰ ਕਮਜ਼ੋਰ ਹੈ ਅਤੇ ਜਿਸ ਢੰਗ ਨਾਲ ਫੌਜ ਨੂੰ ਕੱਟੜਪੰਥੀਆਂ ਦੇ ਪ੍ਰਦਰਸ਼ਨਾਂ ਨੂੰ ਖਤਮ ਕਰਾਉਣਾ ਪਿਆ ਹੈ, ਉਸ ਨਾਲ ਉਨ੍ਹਾਂ (ਕੱਟੜਪੰਥੀਆਂ) ਦੇ ਹੌਂਸਲੇ ਬੁਲੰਦ ਹੋਏ ਹਨ। ਵ੍ਹਾਈਟ ਹਾਊਸ ਦੇ ਅਧਿਕਾਰੀ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਇਸ ਦੇ ਨਤੀਜੇ ਵਜੋਂ ਪਾਕਿਸਤਾਨ ਵਿਚ ਫੌਜ ਵੱਲੋਂ ਤਖਤਾ ਪਲਟ ਕੀਤਾ ਜਾ ਸਕਦਾ ਹੈ।