ਚੂਹੇ ਨੇ ਪਹਾੜ ਖੋਦਿਆ

ਖਲੀਲ ਜਿਬਰਾਨ (1883-1931) ਲਿਬਨਾਨੀ ਲਿਖਾਰੀ ਹੋਇਆ ਹੈ। ਅੰਗਰੇਜ਼ੀ ਵਿਚ 1923 ਵਿਚ ਛਪੀ ਉਹਦੀ ਕਿਤਾਬ ‘ਦਿ ਪਰੌਫਟ’ (ਪੈਗੰਬਰ) ਨਾਲ ਉਹ ਕੁਲ ਦੁਨੀਆ ਵਿਚ ਛਾ ਗਿਆ। ਉਸ ਦੀ ਮੌਤ ਤੋਂ ਤਿੰਨ ਵਰ੍ਹੇ ਬਾਅਦ ਉਹਦੇ ਮਿੱਤਰ ਮਿਖਾਈਲ ਨਈਮੀ ਨੇ 1934 ਵਿਚ ਅਰਬੀ ਵਿਚ ਉਹਦੀ ਜੀਵਨੀ ਲਿਖੀ। ਇਸ ਕਿਤਾਬ ਦਾ ਅੰਗਰੇਜ਼ੀ ਅਨੁਵਾਦ ਦੋ ਸਾਲ ਬਾਅਦ 1936 ਵਿਚ ਛਪਿਆ। ਸੰਸਾਰ ਦੇ ਕਲਾਸਿਕ ਨਾਵਲਾਂ ਉਤੇ ਤਬਸਰਾ ਕਰਨ ਲਈ ਮਸ਼ਹੂਰ ਜੰਗ ਬਹਾਦੁਰ ਗੋਇਲ ਨੇ ਹੁਣ ਇਸ ਕਿਤਾਬ ਦਾ ਪੰਜਾਬੀ ਅਨੁਵਾਦ ਛਪਵਾਇਆ ਹੈ।

ਇਸ ਕਿਤਾਬ ਦਾ ਇਕ ਕਾਂਡ ਅਸੀਂ ਆਪਣੇ ਪਾਠਕਾਂ ਲਈ ਛਾਪਣ ਦੀ ਖੁਸ਼ੀ ਲੈ ਰਹੇ ਹਾਂ। ਇਸ ਵਿਚ ਜ਼ਿੰਦਗੀ ਲਈ ਤਾਂਘ ਦਾ ਸਮੁੰਦਰ ਠਾਠਾਂ ਮਾਰਦਾ ਦਿਸਦਾ ਹੈ। -ਸੰਪਾਦਕ

ਮਿਖ਼ਾਈਲ ਨਈਮੀ
ਅਨੁਵਾਦ: ਜੰਗ ਬਹਾਦੁਰ ਗੋਇਲ
1626 ਵਿਚ ਜਦੋਂ ਮਹਾਂਪ੍ਰਭੂ ਨੇ ਜਨਮ ਲਿਆ ਤਾਂ ਇਹ ਫਰਮਾਨ ਜਾਰੀ ਕੀਤਾ ਕਿ “ਬਿਨਾਂ ਮੁੱਲ ਤੋਂ ਜੋ ਕੁਝ ਤੈਨੂੰ ਹਾਸਲ ਹੋਇਆ ਹੈ, ਉਹ ਬਿਨਾਂ ਮੁੱਲ ਤੋਂ ਹੀ ਦੂਜਿਆਂ ਵਿਚ ਵੰਡ ਦੇਵੋ।”
ਦਿ ਗ੍ਰੇਟ ਪੈਨੀ ਜਦੋਂ ਤਖ਼ਤ ‘ਤੇ ਬਿਰਾਜਮਾਨ ਹੋਇਆ ਤਾਂ ਉਸ ਨੇ ਆਪਣੇ ਸਲਾਹਕਾਰਾਂ ਨੂੰ ਮੁਖਾਤਬ ਹੋ ਕੇ ਕਿਹਾ: “ਜਦੋਂ ਤੋਂ ਲੋਕਾਂ ਨੇ ਆਪਣੀ ਜ਼ਿੰਦਗੀ ਦੀ ਵਾਗਡੋਰ ਮੇਰੇ ਹਵਾਲੇ ਕੀਤੀ ਹੈ, ਉਦੋਂ ਤੋਂ ਹੀ ਮੈਂ ਉਨ੍ਹਾਂ ਨੂੰ ਖੁਸ਼ ਰੱਖਣ ਲਈ ਦਿਨ-ਰਾਤ ਮਿਹਨਤ ਕਰ ਰਿਹਾ ਹਾਂ। ਇਕ ਤੋਂ ਬਾਅਦ ਇਕ ਕ੍ਰਿਸ਼ਮਾ ਕਰ ਕੇ ਮੈਂ ਉਨ੍ਹਾਂ ਨੂੰ ਦੁੱਖਾਂ ਵਿਚੋਂ ਬਾਹਰ ਕੱਢ ਰਿਹਾ ਹਾਂ।
“ਮੈਂ ਸੁਣਿਆ ਹੈ ਕਿ ਆਦਮੀ ਆਪਣੀ ਜੀਭ ਹੱਥੋਂ ਬੇਵਸ ਹੈ, ਕਿਉਂਕਿ ਇਹ ਅਣਚਾਹਿਆਂ ਕਈ ਭੁਲੇਖੇ ਪਾਉਂਦੀ ਹੈ। ਮੈਂ ਆਦਮੀ ਨੂੰ ਇਕੋ ਜੀਭ ਦਿੱਤੀ ਹੈ ਜੋ ਮੈਂ ਖੁਦ ਹੀ ਹਾਂ। ਮੈਂ ਹੀ ਅੱਖਰ ਹਾਂ, ਮੈਂ ਹੀ ਧੁਨੀ ਹਾਂ ਤੇ ਮੈਂ ਹੀ ਉਚਾਰਨ ਹਾਂ। ਜਦੋਂ ਦੋ-ਚਾਰ ਆਦਮੀ ਇਕੱਠੇ ਹੋ ਕੇ ਮੇਰਾ ਨਾਮ ਲੈਂਦੇ ਹਨ ਤਾਂ ਉਨ੍ਹਾਂ ਦੀ ਸੋਚ ਇਕੋ ਜਿਹੀ ਹੋ ਜਾਂਦੀ ਹੈ। ਉਹ ਇਕ ਦੂਜੇ ਦੀ ਭਾਸ਼ਾ ਨਹੀਂ ਬੋਲ ਸਕਦੇ। ਇਹ ਮੇਰਾ ਪਹਿਲਾ ਕ੍ਰਿਸ਼ਮਾ ਹੈ ਕਿ ਸਭ ਦੀ ਸੋਚ ਇਕ ਹੈ ਤੇ ਸਭ ਦੀ ਬੋਲੀ ਵੀ ਇਕੋ ਹੀ ਹੈ।
“ਮੈਂ ਵੇਖਿਆ ਹੈ ਕਿ ਲੋਕ ਬਹੁਤ ਸਾਰੇ ਦੇਵਤਿਆਂ ਕਾਰਨ ਆਪਸ ਵਿਚ ਵੰਡੇ ਹੋਏ ਹਨ। ਇਸ ਲਈ ਮੈਂ ਉਨ੍ਹਾਂ ਦੀ ਸਹੂਲਤ ਲਈ ਇਕੋ ਦੇਵਤਾ ਸਿਰਜਿਆ ਹੈ, ਜੋ ਖੁਦ ਮੈਂ ਹੀ ਹਾਂ। ਮੈਂ ਹੀ ਤੱਕੜੀ ਹਾਂ, ਤੇ ਮੈਂ ਹੀ ਤੋਲਾ ਹਾਂ। ਮੈਂ ਹੀ ਫੈਸਲਾ ਹਾਂ, ਤੇ ਮੈਂ ਹੀ ਮੁਨਸਿਫ਼ ਹਾਂ। ਲੋਕ ਇਕਾਗਰ ਮਨ ਨਾਲ ਸਿਰਫ਼ ਮੇਰੀ ਪੂਜਾ ਕਰਦੇ ਹਨ। ਹੋਰਨਾਂ ਦੇਵਤਿਆਂ ਦੀ ਪੂਜਾ ਉਹ ਸਿਰਫ਼ ਬੁੱਲ੍ਹਾਂ ਬੁੱਲ੍ਹਾਂ ਵਿਚ ਹੀ ਕਰਦੇ ਹਨ। ਇਹ ਮੇਰਾ ਦੂਜਾ ਕ੍ਰਿਸ਼ਮਾ ਹੈ।
“ਮੈਂ ਵੇਖਿਆ ਹੈ ਕਿ ਲੋਕ ਖੁਸ਼ੀ ਦੀ ਤਲਾਸ਼ ਵਿਚ ਇਕ ਦਰ ਤੋਂ ਦੂਜੇ ਦਰ ਤਕ ਭਟਕ ਰਹੇ ਹਨ। ਮੈਂ ਉਨ੍ਹਾਂ ਨੂੰ ਖੁਸ਼ੀ ਦਾ ਰਾਹ ਵਿਖਾਉਂਦਾ ਹਾਂ, ਜੋ ਖੁਦ ਮੈਂ ਹੀ ਹਾਂ। ਮੈਂ ਹੀ ਰਸਤਾ ਹਾਂ, ਤੇ ਮੈਂ ਹੀ ਮੰਜ਼ਿਲ ਹਾਂ- ਇਹ ਮੇਰਾ ਤੀਜਾ ਕ੍ਰਿਸ਼ਮਾ ਹੈ।
“ਮੈਂ ਮਨੁੱਖ ਦੇ ਦਿਲ ਵਿਚ ਵਾਸ ਕਰਦਾ ਹਾਂ। ਉਸ ਦੇ ਨਾਲ ਹੀ ਬੈਠ ਕੇ ਖਾਂਦਾ-ਪੀਂਦਾ ਹਾਂ। ਮੈਂ ਵੇਖਿਆ ਹੈ ਕਿ ਸ਼ਹਿਜ਼ਾਦੇ ਆਪਣੇ ਮੰਤਰੀਆਂ ਨਾਲ ਰਹਿੰਦੇ ਹਨ, ਤੇ ਉਨ੍ਹਾਂ ਦੀਆਂ ਪਤਨੀਆਂ ਆਪਣੀਆਂ ਸੇਵਿਕਾਵਾਂ ਨਾਲ; ਪਰ ਮੈਂ ਉਨ੍ਹਾਂ ਨੂੰ ਸਮਾਨਤਾ ਦਾ ਹੱਕ ਮੰਗਦਿਆਂ ਸੁਣਿਆ ਹੈ। ਮੈਂ ਉਨ੍ਹਾਂ ਸਭ ਨੂੰ ਇਕੋ ਹੀ ਹਲ ਵਿਚ ਜੋਤ ਦਿੱਤਾ ਹੈ, ਜੋ ਮੈਂ ਆਪ ਹੀ ਹਾਂ। ਮੈਂ ਹੀ ਹਲ ਹਾਂ, ਮੈਂ ਹੀ ਪੰਜਾਲੀ ਹਾਂ। ਮੇਰੀ ਇਸ ਪੰਜਾਲੀ ਹੇਠਾਂ ਰਾਜਾ ਤੇ ਪਰਜਾ ਇਕੋ ਹੀ ਰੱਸੇ ਨਾਲ ਨੂੜੇ ਹੋਏ ਹਨ। ਇਹੀ ਮੇਰਾ ਚੌਥਾ ਕ੍ਰਿਸ਼ਮਾ ਹੈ।
“ਮੈਂ ਲੋਕਾਂ ਦੇ ਦਿਲਾਂ ਵਿਚ ਝਾਤ ਮਾਰ ਕੇ ਵੇਖਿਆ ਹੈ ਕਿ ਆਦਮੀ ਦੇ ਦਿਲ ਵਿਚ ਅਨਾਰ ਦੇ ਦਾਣਿਆਂ ਵਾਂਗ ਅਣਗਿਣਤ ਇਛਾਵਾਂ ਹੁੰਦੀਆਂ ਹਨ। ਉਹ ਇਨ੍ਹਾਂ ਨੂੰ ‘ਬੁਰੀਆਂ’ ਅਤੇ ‘ਚੰਗੀਆਂ’ ਦੀ ਸ਼੍ਰੇਣੀ ਵਿਚ ਵੰਡ ਕੇ ਰੱਖਦਾ ਹੈ। ਚੰਗੀਆਂ ਇਛਾਵਾਂ ਨੂੰ ਉਹ ਹਵਾ ਦਿੰਦਾ ਹੈ ਤੇ ਮਾੜੀਆਂ ਨੂੰ ਉਹ ਕੇ ਰੱਖਦਾ ਹੈ। ਦੋਫਾੜ ਹੋਇਆ ਉਸ ਦਾ ਦਿਲ ਆਜ਼ਾਦੀ ਲਈ ਤੜਫ਼ਦਾ ਹੈ। ਮਨੁੱਖ ਦੇ ਦਿਲ ਨੂੰ ਆਜ਼ਾਦ ਕਰਨ ਵਾਲੀਆਂ ਮੇਰੇ ਲਈ ਤਾਂ ਸਾਰੀਆਂ ਇਛਾਵਾਂ ਹੀ ਮੁੱਲਵਾਨ ਹਨ। ਜਿਨ੍ਹਾਂ ਇਛਾਵਾਂ ਨੂੰ ਮਾੜੀਆਂ ਕਹਿ ਕੇ ਆਦਮੀ ਦਬਾਉਂਦਾ ਹੈ, ਉਨ੍ਹਾਂ ਦੀ ਮਹੱਤਤਾ ਮੇਰੇ ਲਈ ‘ਚੰਗੀਆਂ’ ਇਛਾਵਾਂ ਤੋਂ ਹੀ ਦੋ ਗੁਣਾ ਵੱਧ ਹੈ। ਮੈਂ ਸਭ ਦੇ ਦਿਲਾਂ ਨੂੰ ਆਜ਼ਾਦ ਕਰ ਦਿੱਤਾ- ਇਹ ਮੇਰਾ ਪੰਜਵਾਂ ਕ੍ਰਿਸ਼ਮਾ ਹੈ।
“ਧਰਤੀ ‘ਤੇ ਵਿਚਰਦਿਆਂ ਮੈਂ ਵੇਖਿਆ ਹੈ ਕਿ ਆਦਮੀ ਨੇ ਧਰਤੀ ‘ਤੇ ਲਕੀਰਾਂ ਵਾਹੀਆਂ ਹੋਈਆਂ ਹਨ ਤੇ ਉਹ ਆਪਣੀ ਸਰਹੱਦ ਦੀ ਰਾਖੀ ਲਈ ਫੌਜਾਂ ਦੀ ਤਾਇਨਾਤੀ ਕਰਦੇ ਹਨ ਤਾਂ ਜੋ ਕੋਈ ਦੁਸ਼ਮਣ ਸਰਹੱਦ ਪਾਰ ਨਾ ਕਰ ਸਕੇ। ਮੈਂ ਵੱਖਰੇ ਵੱਖਰੇ ਮੁਲਕਾਂ ਵਿਚਕਾਰ ਪੁਲ ਹਾਂ। ਮੈਂ ਤਲਵਾਰ ਤੇ ਸੈਨਿਕਾਂ ਦੀ ਪਹੁੰਚ ਤੋਂ ਬਾਹਰ ਹਾਂ। ਇਹ ਮੇਰਾ ਛੇਵਾਂ ਕ੍ਰਿਸ਼ਮਾ ਹੈ।
“ਕ੍ਰਿਸ਼ਮਿਆਂ ਦਾ ਕ੍ਰਿਸ਼ਮਾ ਤਾਂ ਇਹ ਹੈ ਕਿ ਮੈਂ ਸਾਰੀ ਧਰਤੀ ਦੇ ਲੋਕਾਂ ਨੂੰ ਇਕੋ ਕੜਾਹੇ ਵਿਚ ਭੁੰਨਦਾ ਹਾਂ। ਇਸ ਤੋਂ ਪਹਿਲਾਂ ਲੋਕ ਭਿੰਨ ਭਿੰਨ ਮੁਲਕਾਂ ਤੇ ਜਾਤੀਆਂ ਨਾਲ ਸਬੰਧ ਰੱਖਦੇ ਹਨ, ਜਦ ਕਿ ਇਸ ਧਰਤੀ ਦੇ ਸਾਰੇ ਲੋਕਾਂ ਦੇ ਖੂਨ ਦਾ ਰੰਗ ਇਕੋ ਜਿਹਾ ਹੈ ਤੇ ਇਕੋ ਜਿਹੀਆਂ ਹੱਡੀਆਂ ਹਨ। ਇਸ ਲਈ ਇਨ੍ਹਾਂ ਸਾਰੀਆਂ ਨੂੰ ਮੈਂ ਇਕੋ ਹੀ ਕੜਾਹੇ ਵਿਚ ਪਾ ਦਿੱਤਾ ਹੈ। ਇਹ ਮੇਰਾ ਸੱਤਵਾਂ ਕ੍ਰਿਸ਼ਮਾ ਹੈ।
“ਮੈਂ ਹੀ ਭੋਜਨ ਹਾਂ, ਤੇ ਮੈਂ ਹੀ ਪਾਣੀ ਹਾਂ। ਮੈਂ ਹੀ ਘਰ ਹਾਂ, ਤੇ ਮੈਂ ਹੀ ਇਸ ਦਾ ਵਾਸੀ ਹਾਂ। ਜਦੋਂ ਕੋਈ ਆਦਮੀ ਪਾਣੀ ਪੀਂਦਾ ਹੈ ਤਾਂ ਉਸ ਨੂੰ ਇਹ ਨਹੀਂ ਪਤਾ ਕਿ ਪਾਣੀ ਵਿਚ ਰਲੇ ਉਹ ਕਈ ਰਸਾਇਣਕ ਤੱਤ ਵੀ ਨਾਲ ਹੀ ਪੀਂਦਾ ਹੈ। ਉਹ ਜਿਸ ‘ਪੈਨੀ’ ਨਾਲ ਆਪਣੇ ਲਈ ਰੋਟੀ, ਕੱਪੜਾ ਤੇ ਮਕਾਨ ਖਰੀਦ ਦਾ ਹੈ, ਉਹ ਉਸ ਵੇਲੇ ਇਸ ਗੱਲ ਤੋਂ ਬਿਲਕੁਲ ਅਨਜਾਣ ਹੈ ਕਿ ਇਸ ਪੈਨੀ ਦੀ ਫਿਤਰਤ ਕੀ ਹੈ? ਮੈਂ ਤੁਹਾਨੂੰ ਇਸ ਬਾਬਤ ਇਹ ਕਹਾਣੀ ਸੁਣਾਉਂਦਾ ਹਾਂ:
“ਕੱਲ੍ਹ ਰਾਤ ਕੋਈ ਔਰਤ ਪੈਨੀ ਬਦਲੇ ਆਪਣਾ ਜਿਸਮ ਵੇਚ ਰਹੀ ਸੀ। ਲੋਕਾਂ ਦੀਆਂ ਨਜ਼ਰਾਂ ਵਿਚ ਉਹ ਵੇਸਵਾ ਸੀ- ਸਮਾਜਿਕ ਬੁਰਾਈ, ਗੰਦਗੀ ਦਾ ਕੋਈ ਢੇਰ ਜਿਸ ਨਾਲ ਲੋਕ ਨਫਰਤ ਕਰਦੇ ਸਨ। ਅੱਜ ਤੜਕਸਾਰ ਹੀ ਉਹ ਔਰਤ ਗਿਰਜਾਘਰ ਗਈ। ਜਿਸਮਫਰੋਸ਼ੀ ਤੋਂ ਹੋਈ ਕਮਾਈ ਨਾਲ ਉਸ ਨੇ ਅਗਰਬੱਤੀਆਂ ਖਰੀਦੀਆਂ, ਜੋ ਉਸ ਨੇ ਪਾਦਰੀ ਨੂੰ ਦੇ ਦਿੱਤੀਆਂ ਤੇ ਨਾਲ ਹੀ ਕੁਝ ‘ਪੈਨੀਆਂ’ ਪਾਦਰੀ ਨੂੰ ਦਾਨ ਵਜੋਂ ਭੇਟ ਕਰ ਦਿੱਤੀਆਂ। ਪਾਦਰੀ ਨੇ ਅਗਰਬੱਤੀਆਂ ਤਾਂ ਗਿਰਜਾਘਰ ਵਿਚ ਜਲਾ ਦਿੱਤੀਆਂ, ਤੇ ਦਾਨ ਦੀ ਰਾਸ਼ੀ ਨਾਲ ਆਪਣੇ ਲਈ ਮੀਟ ਖਰੀਦਿਆ। ਤੁਹਾਡੀ ਦ੍ਰਿਸ਼ਟੀ ਵਿਚ ਜੋ ਅਗਰਬੱਤੀਆਂ ਪਾਦਰੀ ਨੇ ਪ੍ਰਭੂ ਦੀ ਮੂਰਤੀ ਸਾਹਮਣੇ ਬਾਲੀਆਂ, ਕੀ ਉਹ ਕਿਸੇ ਬਿਰਛ ਦੀ ਛਿੱਲ ਸੀ? ਨਹੀਂ। ਮੈਂ ਤੁਹਾਨੂੰ ਦੱਸਦਾ ਹਾਂ ਕਿ ਉਹ ਅਗਰਬੱਤੀਆਂ ਤਾਂ ਉਸ ਵੇਸਵਾ ਦੇ ਖੂਨ ਤੇ ਮਾਸ ਦਾ ਹਿੱਸਾ ਸਨ। ਪਾਦਰੀ ਨੇ ਜਿਸ ਮੀਟ ਨਾਲ ਆਪਣਾ ਢਿੱਡ ਭਰਿਆ, ਕੀ ਉਹ ਕਿਸੇ ਪਸ਼ੂ ਦਾ ਮਾਸ ਸੀ? ਨਹੀਂ। ਉਹ ਤਾਂ ਉਸ ਵੇਸਵਾ ਦੇ ਸਰੀਰ ਦਾ ਹੀ ਮਾਸ ਸੀ। ਮੈਨੂੰ ਦੱਸੋ- ਕਿਹੜੀ ਗੱਲ ਆਸਾਨ ਹੈ? ਵੇਸਵਾ ਦੇ ਬਰਾਬਰ ਬਹਿ ਕੇ ਖਾਣਾ ਖਾਣਾ, ਜਾਂ ਉਸ ਦਾ ਮਾਸ ਖਾਣਾ ਤੇ ਲਹੂ ਪੀਣਾ… ਤੇ ਇਸ ਤਰ੍ਹਾਂ ਉਸ ਦੇ ਵਜੂਦ ਦਾ ਹੀ ਹਿੱਸਾ ਬਣ ਜਾਣਾ!
“ਇਕ ਗੱਲ ਸੁਣੋ! ਕਿਸੇ ਲੁਟੇਰੇ ਨੂੰ ਪਤਾ ਲੱਗਾ ਕਿ ਕਿਸੇ ਬੁੱਢੀ ਔਰਤ ਕੋਲ ਕਾਫੀ ਧਨ ਹੈ। ਉਹ ਆਪਣੀ ਗਰਦਨ ਦੁਆਲੇ ਧਰ ਨਾਲ ਭਰਿਆ ਝੋਲਾ ਲਟਕਾਈ ਰੱਖਦੀ ਹੈ। ਲੁਟੇਰਾ ਇਕ ਦਿਨ ਉਸ ਬੁੱਢੀ ਦੇ ਘਰ ਜਾ ਵੜਿਆ। ਉਸ ਨੇ ਘੂਕ ਸੁੱਤੀ ਬੁੱਢੀ ਦੇ ਢਿੱਡ ਵਿਚ ਛੁਰਾ ਮਾਰਿਆ ਤੇ ਉਸ ਦੇ ਲਹੂ ਵਿਚ ਭਿੱਜੇ ਝੋਲੇ ਨੂੰ ਚੁੱਕ ਕੇ ਭੱਜ ਗਿਆ। ਉਸੇ ਰਾਤ ਉਹ ਉਸ ਵਿਚੋਂ ਕੁਝ ਰਕਮ ਜੂਏ ਵਿਚ ਹਾਰ ਗਿਆ। ਜਿੱਤਣ ਵਾਲੇ ਨੇ ਇਸ ਰਕਮ ਨਾਲ ਆਪਣੇ ਲਈ ਲਬਾਦਾ ਖਰੀਦਿਆ। ਦੁਕਾਨਦਾਰ ਨੇ ਇਸ ਪੈਸੇ ਨਾਲ ਖ਼ਜ਼ਾਨੇ ਵਿਚ ਆਪਣਾ ਟੈਕਸ ਜਮ੍ਹਾਂ ਕਰਵਾਇਆ। ਉਸ ਖ਼ਜ਼ਾਨੇ ਵਿਚੋਂ ਜੱਜ ਦੀ ਤਨਖਾਹ ਅਦਾ ਕੀਤੀ ਗਈ। ਜੱਜ ਨੇ ਉਸ ਲੁਟੇਰੇ ਨੂੰ ਮੌਤ ਦੀ ਸਜ਼ਾ ਸੁਣਾਈ। ਕੀ ਤੁਸੀਂ ਸਮਝਦੇ ਹੋ ਕਿ ਉਸ ਔਰਤ ਦੇ ਕਤਲ ਲਈ ਜੱਜ ਤੇ ਲੁਟੇਰਾ ਕਿਤੇ ਘੱਟ ਦੋਸ਼ੀ ਹਨ? ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਜੱਜ ਵੀ ਅਨਜਾਣਪੁਣੇ ਵਿਚ ਲੁਟੇਰਾ ਬਣ ਗਿਆ। ਲੁਟੇਰੇ ਨੇ ਖੂਨ ਬਹਾਇਆ ਤੇ ਜੱਜ ਨੇ ਉਹ ਖੂਨ ਪੀਤਾ।
“ਮੈਂ ਲੋਕਾਂ ਨੂੰ ਇਸ ਕਦਰ ਆਪਣੇ ਕੜਾਹੇ ਵਿਚ ਰਿੰਨ੍ਹਿਆ ਹੈ ਕਿ ਉਹ ਇਨਸਾਨ ਬਣ ਜਾਣ। ਉਹ ਬੇਸ਼ੱਕ ਇਸ ਗੱਲ ਤੋਂ ਅਨਜਾਣ ਹਨ। ਮੈਂ ਉਨ੍ਹਾਂ ਦੀ ਖੁਸ਼ੀ ਖਾਤਰ ਸੱਤ ਕ੍ਰਿਸ਼ਮੇ ਕੀਤੇ, ਪਰ ਉਹ ਅਜੇ ਵੀ ਦੁੱਖਾਂ ਤੇ ਕਲੇਸ਼ਾਂ ਵਿਚ ਡੁੱਬੇ ਹੋਏ ਹਨ। ਉਨ੍ਹਾਂ ਦੀਆਂ ਚੀਕਾਂ ਮੇਰੇ ਕੰਨਾਂ ਵਿਚ ਗੂੰਜਦੀਆਂ ਹਨ ਤੇ ਮੈਨੂੰ ਬੇਚੈਨ ਕਰਦੀਆਂ ਹਨ। ਸਾਨੂੰ ਖੁਸ਼ੀ ਦੇਵੋ… ਸਾਨੂੰ ਖੁਸ਼ੀ ਦੇਵੋ… ਸਾਨੂੰ ਖੁਸ਼ੀ ਦੇਵੋ! ਮੈਂ ਅੱਜ ਉਨ੍ਹਾਂ ਦੀ ਇੱਛਾ ਪੂਰਤੀ ਲਈ ਨਵਾਂ ਕ੍ਰਿਸ਼ਮਾ ਕਰਨ ਲੱਗਾ ਹਾਂ।
“ਅਤੀਤ ਵਿਚ ਮੈਂ ਮਨੁੱਖ ਜਾਤੀ ਦੀ ਭਲਾਈ ਲਈ ਕਈ ਸ਼ਾਨਦਾਰ ਸ਼ਹਿਰਾਂ ਦਾ ਨਿਰਮਾਣ ਕੀਤਾ। ਹੁਣ ਮੈਂ ਨਵੇਂ ਸ਼ਹਿਰ ਦੀ ਉਸਾਰੀ ਕਰਨ ਲੱਗਾ ਹਾਂ। ਉਹ ਪਿਛਲੇ ਸਾਰੇ ਸ਼ਹਿਰਾਂ ਨਾਲੋਂ ਸਭ ਤੋਂ ਵੱਧ ਖੂਬਸੂਰਤ ਅਤੇ ਮਾਣਮੱਤਾ ਹੋਵੇਗਾ। ਮੈਂ ਉਸ ਸ਼ਹਿਰ ਨੂੰ ਅਜਿਹੇ ਕੰਨ ਬਖਸ਼ਾਂਗਾ, ਜੋ ਹਰ ਭਾਸ਼ਾ ਸਮਝ ਸਕਣ। ਉਨ੍ਹਾਂ ਨੂੰ ਮੈਂ ਅਜਿਹੀਆਂ ਅੱਖਾਂ ਦਿਆਂਗਾ, ਜੋ ਹਰ ਮਜ਼੍ਹਬ ਦੇ ਲੋਕਾਂ ਨੂੰ ਵੇਖ ਸਕਣ। ਸੜਕਾਂ ਤੇ ਸਮੁੰਦਰਾਂ ਰਾਹੀਂ ਸਭ ਲੋੜੀਂਦੀਆਂ ਵਸਤਾਂ ਉਸ ਸ਼ਹਿਰ ਵਿਚ ਅਪੜਨਗੀਆਂ। ਇਹ ਸ਼ਹਿਰ ਹਰ ਆਦਮੀ ਨੂੰ ਆਪਣੇ ਅਹਿਸਾਸ ਅਤੇ ਵਿਚਾਰ ਪ੍ਰਗਟ ਕਰਨ ਦਾ ਪੂਰਾ ਪੂਰਾ ਮੌਕਾ ਦੇਵੇਗਾ। ਹਰ ਆਦਮੀ ਨੂੰ ਆਪਣੇ ਵਲਵਲੇ ਪ੍ਰਗਟਾਉਣ ਦਾ ਮੌਕਾ ਹਾਸਲ ਹੋਵੇਗਾ। ਆਦਮੀ ਦੀਆਂ ਕਲਪਨਾਵਾਂ ਨੂੰ ਪਨਾਹ ਮਿਲੇਗੀ। ਆਦਮੀ ਦੇ ਸਭ ਤਰ੍ਹਾਂ ਦੇ ਰੱਬ ਤੇ ਸ਼ੈਤਾਨ ਇਥੇ ਹੱਥ ਵਿਚ ਹੱਥ ਪਾ ਕੇ ਚਹਿਲਕਦਮੀ ਕਰਨਗੇ। ਆਦਮੀ ਦੇ ਆਪਣੇ ਨਰਕ ਦੀ ਅੱਗ ਵਿਚੋਂ ਹੀ ਨਵੇਂ ਸੁਰਗ ਦਾ ਨਿਰਮਾਣ ਹੋਵੇਗਾ। ਇਥੇ ਹੀ ‘ਈਡਨ’ ਗਾਰਡਨ ਦੇ ਬਿਰਛ ਉਗਣਗੇ। ਪੂਜਾ ਘਰ, ਰੰਡੀ ਘਰਾਂ ਦੇ ਗੁਆਂਢ ਵਿਚ ਹੋਣਗੇ। ਅਜਾਇਬ ਘਰਾਂ ਤੇ ਸਕੂਲਾਂ ਦੀਆਂ ਕੰਧਾਂ, ਮਿਠਾਈ ਦੀਆਂ ਦੁਕਾਨਾਂ ਅਤੇ ਜੇਲ੍ਹ ਦੀਆਂ ਕੰਧਾਂ ਨਾਲ ਸਾਂਝੀਆਂ ਹੋਣਗੀਆਂ।
“ਮੈਂ ਇਨ੍ਹਾਂ ਸ਼ਹਿਰ ਵਾਸੀਆਂ ਨੂੰ ਅਜਿਹਾ ਇੰਜੈਕਸ਼ਨ ਲਾਵਾਂਗਾ, ਜੋ ਲਗਾਤਾਰ ਉਨ੍ਹਾਂ ਨੂੰ ਹਰਕਤ ਵਿਚ ਰੱਖੇਗਾ ਤਾਂ ਜੋ ਉਹ ਆਪਣੇ ਦੁੱਖਾਂ ਅਤੇ ਤਕਲੀਫਾਂ ਦੇ ਪੈਦਾ ਹੋਣ ਦੇ ਸ੍ਰੋਤ ਬਾਰੇ ਵਿਚਾਰ ਕਰਨਾ ਹੀ ਭੁੱਲ ਜਾਣ। ਉਹ ਮੇਰੇ ਹੱਥ ਦੀਆਂ ਉਂਗਲਾਂ ਵੱਲ ਮੇਰੇ ਇਸ਼ਾਰੇ ‘ਤੇ ਚੱਲਣਗੇ, ਤੇ ਮੇਰੇ ਪਰਛਾਵੇਂ ਵਾਂਗ ਮੇਰੇ ਨਾਲ ਨਾਲ ਰਹਿਣਗੇ। ਉਹ ਆਪਣੇ ਦੇਵਤਿਆਂ ਦੀ ਭੰਡੀ ਕਰਨਗੇ, ਤੇ ਮੇਰੀ ਜੈ-ਜੈਕਾਰ। ਉਹ ਆਪਣੀ ਆਤਮਾ ਮੇਰੇ ਉਤੇ ਵਾਰ ਦੇਣਗੇ। ਜਿੰਨਾ ਜ਼ਿਆਦਾ ਮੈਂ ਉਨ੍ਹਾਂ ‘ਤੇ ਬੋਝ ਪਾਵਾਂਗਾ, ਓਨਾ ਹੀ ਉਹ ਚੀਕ ਚੀਕ ਕੇ ਕਹਿਣਗੇ, ‘ਸਾਨੂੰ ਹੋਰ ਦੇਵੋ, ਹੋਰ ਦੇਵੋ, ਹੋਰ ਦੇਵੋ।’ ਇਉਂ ਧਰਤੀ ਦੇ ਵਿਹੜੇ ਵਿਚ ਅਜਿਹੀ ਭੀੜ ਜਮ੍ਹਾਂ ਹੋ ਜਾਵੇਗੀ, ਜੋ ਪਾਤਾਲ ਵੱਲ ਪੌੜੀਆਂ ਲਾਉਣਗੇ, ਤੇ ਅਸਮਾਨ ਛੂੰਹਦੀਆਂ ਇਮਾਰਤਾਂ ਦੀ ਤਾਮੀਰ ਕਰਨਗੇ। ਉਨ੍ਹਾਂ ਦੇ ਸਿਰਾਂ ਦਾ ਭੋਜਨ ਪੈਰ ਹੋਣਗੇ, ਤੇ ਉਨ੍ਹਾਂ ਦੇ ਪੈਰਾਂ ਦਾ ਭੋਜਨ ਉਨ੍ਹਾਂ ਦੇ ਸਿਰ ਹੋਣਗੇ। ਉਹ ਆਪਣੀ ਅਗਿਆਨਤਾ ਵਿਚ ਆਪਣੇ ਆਪ ਨੂੰ ਹੀ ਚੀਰ-ਫਾੜ ਕੇ ਖਾਣਗੇ; ਪਰ ਉਹ ਇਸ ਗੱਲ ਤੋਂ ਬਿਲਕੁਲ ਅਨਜਾਣ ਰਹਿਣਗੇ ਕਿ ਉਹ ‘ਨਰ-ਭਕਸ਼ੀ’ ਹਨ।
“ਮੇਰੇ ਵਫ਼ਾਦਾਰ ਸਲਾਹਕਾਰੋ! ਮੈਂ ਤੁਹਾਡੇ ਸਾਹਮਣੇ ਆਪਣੀ ਯੋਜਨਾ ਰੱਖ ਦਿੱਤੀ ਹੈ। ਹੁਣ ਤੁਹਾਡਾ ਫਰਜ਼ ਬਣਦੈ ਕਿ ਤੁਸੀਂ ਇਸ ਨੂੰ ਇੰਨ-ਬਿੰਨ ਲਾਗੂ ਕਰੋ। ਨਵੇਂ ਸ਼ਹਿਰ ਲਈ ਜੋ ਥਾਂ ਚੁਣੀ ਹੈ, ਉਹ ਹੈ ਇਕ ਨਵਾਂ ਸੰਸਾਰ ਜਿਸ ਦੇ ਆਲੇ-ਦੁਆਲੇ ਦਰਿਆ ਅਤੇ ਸਮੁੰਦਰ ਹਨ, ਇਸ ਦਾ ਨਾਮ ਹੈ ਮੈਨਹਟਨ। ਇਸ ਵੇਲੇ ਇਸ ਥਾਂ ਉਤੇ ‘ਰੈੱਡ ਇੰਡੀਅਨਜ਼’ ਦਾ ਵਾਸਾ ਹੈ। ਤੁਸੀਂ ਹੁਣੇ ਉਥੇ ਪਹੁੰਚੋ ਅਤੇ ਬਿਨਾਂ ਕਿਸੇ ਦੇਰੀ ਤੋਂ ਆਪਣਾ ਕੰਮ ਸ਼ੁਰੂ ਕਰੋ; ਪਰ ਤੁਰਨ ਤੋਂ ਪਹਿਲਾਂ ਤੁਹਾਨੂੰ ਆਪਣੇ ਬਾਦਸ਼ਾਹ ਪ੍ਰਤੀ ਆਪਣੀ ਵਫਾਦਾਰੀ ਦੀ ਸਹੁੰ ਚੁੱਕਣੀ ਪਵੇਗੀ। ਮੈਂ ਹਮੇਸ਼ਾ ਤੁਹਾਡੇ ਅੰਗ-ਸੰਗ ਰਹਾਂਗਾ।”
ਪੈਨੀ ਨੇ ਅਜੇ ਆਪਣਾ ਸੰਦੇਸ਼ ਪੂਰਾ ਹੀ ਕੀਤਾ ਸੀ ਕਿ ਉਥੇ ਬੇਹੱਦ ਖੂਬਸੂਰਤ ਖੰਭਾ ਵਾਲਾ ਪੰਛੀ ਖੜ੍ਹਾ ਹੋਇਆ। ਉਸ ਦੇ ਗਲੇ ‘ਚ ਸੋਨੇ ਦੀ ਮਾਲਾ ਸੀ, ਉਸ ਦੀਆਂ ਅੱਖਾਂ ਸੁਨਹਿਰੀ ਸਨ, ਉਹ ਬੜੀ ਸ਼ਾਨ ਨਾਲ ਬਾਦਸ਼ਾਹ ਵੱਲ ਅਗਾਂਹ ਵਧਿਆ। ਉਸ ਦੇ ਨਾਲ ਉਸ ਦੇ ਦਸ ਜੁੜਵੇਂ ਭਰਾ ਵੀ ਸਨ, ਜਿਨ੍ਹਾਂ ਦੇ ਗਲੇ ਵਿਚ ਵੀ ਸੋਨੇ ਦੀਆਂ ਜ਼ੰਜੀਰਾਂ ਸਨ। ਉਨ੍ਹਾਂ ਨੇ ਗੋਡਿਆਂ ਭਾਰ ਝੁਕ ਕੇ ਬਾਦਸ਼ਾਹ ਕੋਲ ਅਰਜ਼ ਕੀਤੀ, “ਅਸੀਂ ਪੈਨੀ ਦਿ ਗ੍ਰੇਟ ਦੀ ਸਹੁੰ ਖਾ ਕੇ ਕਹਿੰਦੇ ਹਾਂ ਕਿ ਅਸੀਂ ਤੁਹਾਡਾ ਹਰ ਹੁਕਮ ਬਿਨਾਂ ਕਿਸੇ ਕਿੰਤੂ-ਪ੍ਰੰਤੂ ਤੋਂ ਮੰਨਾਂਗੇ।” ਤਖ਼ਤ ‘ਤੇ ਬਿਰਾਜਮਾਨ ਬਾਦਸ਼ਾਹ ਨੇ ਖੁਸ਼ ਹੋ ਕੇ ਕਿਹਾ, “ਕਲਪਨਾ! ਤੂੰ ਬਹੁਤ ਸੋਹਣੀ ਗੱਲ ਕੀਤੀ ਹੈ। ਤੁਹਾਡੇ ਆਰਟ-ਕਰਾਫਟ ਨੂੰ ਵੀ ਇਸ ਨਵੇਂ ਸ਼ਹਿਰ ਵਿਚ ਢੁਕਵੀ ਥਾਂ ਹਾਸਲ ਹੋਵੇਗੀ।”
ਇਸ ਉਪਰੰਤ ਇਕ ਬੁੱਢਾ ਖੜ੍ਹਾ ਹੋਇਆ। ਉਸ ਕੋਲ ਯੁਗਾਂ-ਯੁਗਾਂਤਰਾਂ ਦੀ ਸਿਆਣਪ ਸੀ। ਉਸ ਦੀ ਗਰਦਨ ਵਿਚ ਚਾਂਦੀ ਦੀ ਮਾਲਾ ਸੀ। ਉਸ ਦੇ ਪਿਛੇ ਦੋ ਦੋ ਦੀ ਕਤਾਰ ਵਿਚ ਤੁਰਦੇ ਉਸ ਦੇ 25 ਜੁੜਵੇਂ ਸਨ। ਉਨ੍ਹਾਂ ਦੇ ਗਲੇ ਵਿਚ ਵੀ ਚਾਂਦੀ ਦੀਆਂ ਮਾਲਾ ਸਨ। ਉਨ੍ਹਾਂ ਨੇ ਵੀ ਉਹੀ ਸ਼ਬਦ ਕਹੇ। ਉਨ੍ਹਾਂ ਨੇ ਕਿਹਾ, “ਤੁਸੀਂ ਬਹੁਤ ਚੰਗੀ ਗੱਲ ਕੀਤੀ ਹੈ- ‘ਜ਼ਮੀਰ।’ ਨਵੇਂ ਸ਼ਹਿਰ ਵਿਚ ਤੁਹਾਡੀਆਂ ਉਂਗਲਾਂ ਦੇ ਨਿਸ਼ਾਨ ਵੀ ਵਿਖਾਈ ਦੇਣਗੇ।”
ਫਿਰ ਅੱਧਖੜ ਉਮਰ ਦਾ ਆਦਮੀ ਖੜ੍ਹਾ ਹੋਇਆ। ਉਸ ਦੀਆਂ ਅੱਖਾਂ ਵਿਚ ਤਾਂਬੇ ਰੰਗ ਦਾ ਮੋਟਾ ਚਸ਼ਮਾ ਸੀ। ਉਸ ਦੇ ਪੈਰਾਂ ਵਿਚ ਤਾਂਬੇ ਦੀਆਂ ਬੇੜੀਆਂ ਸਨ। ਉਸ ਦੇ ਪਿੱਛੇ ਪਿੱਛੇ ਦੋ ਦੋ ਦੀ ਕਤਾਰ ਵਿਚ ਤੁਰ ਰਹੇ 49 ਜੁੜਵੇਂ ਸਨ। ਉਸ ਨੇ ਵੀ ਉਹੀ ਸ਼ਬਦ ਦੁਹਰਾਏ, ਜਿਹੜੇ ‘ਕਲਪਨਾ’ ਅਤੇ ‘ਜ਼ਮੀਰ’ ਨੇ ਕਹੇ ਸਨ। ਉਨ੍ਹਾਂ ਦੀ ਗੱਲ ਸੁਣ ਕੇ ਬਾਦਸ਼ਾਹ ਨੇ ਕਿਹਾ, “ਦਿਲ! ਤੁਸੀਂ ਬਹੁਤ ਵਧੀਆ ਗੱਲ ਕਹੀ ਹੈ। ਹਮੇਸ਼ਾ ਖੁਸ਼ ਰਹੋ। ਨਵੇਂ ਸ਼ਹਿਰ ਵਿਚ ਤੁਹਾਨੂੰ ਕਈ ਅਜਿਹੇ ਸ਼ਿਕਾਰ ਮਿਲਣਗੇ, ਜਿਨ੍ਹਾਂ ਨੂੰ ਤੁਸੀਂ ਸੂਈ ਚੁਭੋ ਸਕਦੇ ਹੋ।”
ਬਾਦਸ਼ਾਹ ਦਿ ਗ੍ਰੇਟ ਪੈਨੀ ਦੇ ਸੱਜੇ ਹੱਥ ਉਸ ਦਾ ਪ੍ਰਧਾਨ ਮੰਤਰੀ ‘ਲਾਲਚ’ ਅਤੇ ਖੱਬੇ ਹੱਥ ਬੈਠਾ ਸੀ ਚਾਂਸਲਰ ‘ਮੱਕਾਰ’। ਬਾਦਸ਼ਾਹ ਨੇ ਕਿਹਾ, “ਇਹ ਤਾਂ ਤੁਹਾਡਾ ਸਭ ਦਾ ਮੁਬਾਰਕ ਦਿਨ ਹੈ। ਨਵੇਂ ਸੰਸਾਰ ਵੱਲ ਕੂਚ ਕਰੋ ਤੇ ‘ਰੈੱਡ ਇੰਡੀਅਨਜ਼’ ਦੇ ਕਬੀਲੇ ਤੋਂ ਮੈਨਹਟਨ ਜ਼ਖੀਰੇ ਨੂੰ ਘੱਟ ਤੋਂ ਘੱਟ ਮੁੱਲ ਵਿਚ ਖਰੀਦ ਲਵੋ।”
ਦਿ ਗ੍ਰੇਟ ਪੈਨੀ ਆਪਣੀ ਸਭਾ ਬਰਖਾਸਤ ਕਰਨ ਹੀ ਵਾਲਾ ਸੀ ਕਿ ਉਸ ਦੀ ਨਜ਼ਰ ਇਕ ਕਮਸਿਨ ਹੁਸੀਨਾ ‘ਤੇ ਪਈ। ਉਹ ਬਿਲਕੁਲ ਨਗਨ ਹਾਲਤ ਵਿਚ ਸਿੰਘਾਸਣ ਸਾਹਮਣੇ ਖਲੋਤੀ ਸੀ। ਉਸ ਦੀ ਸੁੰਦਰਤਾ ਦਾ ਵਰਣਨ ਸ਼ਬਦਾਂ ਵਿਚ ਕੀਤਾ ਹੀ ਨਹੀਂ ਜਾ ਸਕਦਾ। ਉਸ ਦੇ ਹੱਥ ਵਿਚ ਬੇਸ਼ਕੀਮਤੀ ਹੀਰਾ ਸੀ। ਦਿ ਗ੍ਰੇਟ ਪੈਨੀ ਦੀਆਂ ਅੱਖਾਂ ਉਸ ਕਮਸਿਨ ਹੁਸੀਨਾ ਦੇ ਸੁਹੱਪਣ ਅਤੇ ਹੀਰੇ ਦੀ ਚਮਕ ਦੀ ਤਾਬ ਨਾ ਝੱਲ ਸਕੀਆਂ। ਉਹ ਕੰਬਦੀ ਆਵਾਜ਼ ਵਿਚ ਬੋਲਿਆ:
“ਤੂੰ ਕਦੋਂ ਆਈ, ਹੁਸੀਨਾ?”
“ਮੈਂ ਤਾਂ ਤੁਹਾਡੇ ਆਉਣ ਤੋਂ ਪਹਿਲਾਂ ਹੀ ਇਥੇ ਹਾਜ਼ਰ ਸੀ।”
“ਇਹ ਅਸੰਭਵ ਹੈ। ਤੂੰ ਹੈਂ ਕੌਣ?”
“ਮੈਂ ਜ਼ਿੰਦਗੀ ਹਾਂ।”
“ਇਹ ਨਹੀਂ ਹੋ ਸਕਦਾ। ਜ਼ਿੰਦਗੀ ਤਾਂ ਹਮੇਸ਼ਾ ਹੀ ਮੇਰੀ ਮੁੱਠੀ ਵਿਚ ਕੈਦ ਰਹੀ ਹੈ। ਤੇਰੇ ਇਥੇ ਆਉਣ ਦਾ ਸਬੱਬ ਕੀ ਹੈ?”
“ਮੈਂ ਤੁਹਾਨੂੰ ਇਹ ਕਹਿੰਦਿਆਂ ਸੁਣਿਆ ਹੈ ਕਿ ਤੁਸੀਂ ਖੁਸ਼ੀ ਲੱਭ ਰਹੇ ਹੋ, ਤੇ ਮੈਂ ਤੁਹਾਨੂੰ ਉਸ ਦਾ ਰਾਹ ਦੱਸਣ ਆਈ ਹਾਂ।”
“ਇਹ ਤਾਂ ਅਸੰਭਵ ਤੋਂ ਅਸੰਭਵ ਗੱਲ ਹੈ। ਮੇਰੇ ਸਿਵਾਏ ਖੁਸ਼ੀ ਦਾ ਠਿਕਾਣਾ ਹੋਰ ਕੋਈ ਜਾਣਦਾ ਹੀ ਨਹੀਂ। ਮੈਂ ਹੀ ਖੁਸ਼ੀ ਵੱਲ ਜਾਣ ਵਾਲਾ ਰਸਤਾ ਹਾਂ, ਤੇ ਮੈਂ ਹੀ ਉਸ ਦਾ ਪ੍ਰਵੇਸ਼ ਦੁਆਰ ਹਾਂ। ਮੈਂ ਹੀ ਅੰਦਰ ਜਾਣ ਵਾਲਾ ਦਰਵਾਜ਼ਾ ਹਾਂ, ਤੇ ਮੈਂ ਹੀ ਬਾਹਰ ਆਉਣ ਵਾਲਾ ਬੂਹਾ। ਤੇਰੇ ਹੱਥ ਵਿਚ ਇਹ ਚਮਕਦਾਰ ਵਸਤੂ ਕੀ ਹੈ?”
“ਖੁਸ਼ੀ!”
“ਕਿੰਨੀ ਹਾਸੋ-ਹੀਣੀ ਗੱਲ ਹੈ। ਤੂੰ ਨਹੀਂ ਜਾਣਦੀ ਕਿ ਅੱਜ ਅਸੀਂ ਨਵੇਂ ਸ਼ਹਿਰ ਦੀ ਬੁਨਿਆਦ ਰੱਖਣ ਲੱਗੇ ਹਾਂ, ਜਿਥੇ ਖੁਸ਼ੀ ਦਾ ਰਾਜ ਹੋਵੇਗਾ। ਤੂੰ ਇਥੋਂ ਚਲੀ ਜਾ, ਤੂੰ ਮਜ਼ਾਕ ਕਰ ਰਹੀ ਹੈਂ।”
“ਨਹੀਂ! ਮੈਂ ਸੰਜੀਦਾ ਹਾਂ।”
“ਤੇਰੀ ਸੰਜੀਦਗੀ ‘ਤੇ ਮੈਨੂੰ ਹਾਸਾ ਆ ਰਿਹਾ ਹੈ, ਪਰ ਤੇਰੇ ਹੱਥ ‘ਚ ਫੜਿਆ ਹੀਰਾ ਬੜਾ ਦਿਲਕਸ਼ ਹੈ। ਇਸ ਨੂੰ ਵੇਚਣਾ ਚਾਹੁੰਦੀ ਹੈਂ?”
“ਖੁਸ਼ੀ ਨਾ ਖਰੀਦੀ ਜਾ ਸਕਦੀ ਹੈ, ਨਾ ਵੇਚੀ ਜਾ ਸਕਦੀ।”
“ਇਹ ਤੇਰੀ ਮੂਰਖਾਂ ਵਾਲੀ ਗੱਲੀ ਹੈ। ਮੇਰੇ ਰਾਜ ਵਿਚ ਹਰ ਚੀਜ਼ ਦੀ ਖਰੀਦੋ-ਫਰੋਖਤ ਹੁੰਦੀ ਹੈ। ਜੇ ਖੁਸ਼ੀ ਖਰੀਦੀ ਜਾਂ ਵੇਚੀ ਨਾ ਜਾਂਦੀ ਤਾਂ ਇਸ ਨੂੰ ਹਾਸਲ ਕਰਨ ਦੀ ਤਮੰਨਾ ਕਿਉਂ ਰਹਿੰਦੀ ਹੈ।”
“ਜੋ ਮੇਰਾ ਸਹਿਜਤਾ ਨਾਲ ਸਵਾਗਤ ਕਰਦੇ ਹਨ, ਉਨ੍ਹਾਂ ਨੂੰ ਮੈਂ ਇਹ ਹੀਰਾ ਓਨੀ ਹੀ ਸਹਿਜਤਾ ਨਾਲ ਮੁਫਤ ਦੇ ਦਿੰਦੀ ਹਾਂ।”
“ਤੂੰ ਬੜੀ ਬੇਹਯਾ ਔਰਤ ਹੈਂ। ਮੇਰੇ ਸਾਹਮਣੇ ਨਗਨ ਅਵਸਥਾ ‘ਚ ਖਲੋਣ ਦੀ ਹਿੰਮਤ ਕਿੱਦਾਂ ਹੋਈ? ਇਸ ਬਦਕਾਰ ਔਰਤ ਦੇ ਨੰਗੇਜ ਨੂੰ ਕਪੜਿਆਂ ਨਾਲ ਢੱਕ ਦੇਵੋ ਤੇ ਫੇਰ ਗਰਗ ਗਰਮ ਪਾਰਾ ਇਸ ਦੇ ਮੂੰਹ ਵਿਚ ਪਾ ਦੇਵੋ। ਲੋਹੇ ਦੀਆਂ ਜ਼ੰਜੀਰਾਂ ਨਾਲ ਇਸ ਦੇ ਪੈਰ ਨੂੜ ਕੇ ਨਰਕ ਦੇ ਸੱਤਵੇਂ ਤਹਿਖਾਨੇ ਦੀ ਅੱਗ ਵਿਚ ਸੜਨ ਲਈ ਸੁੱਟ ਦੇਵੋ, ਤੇ ਇਸ ਦੇ ਹੱਥ ਵਿਚ ਫੜਿਆ ਹੀਰਾ ਮੇਰੇ ਸਪੁਰਦ ਕਰ ਦੇਵੋ।”
ਸਿਪਾਹੀ ਉਸ ਹੁਸੀਨਾ ਨੂੰ ਫੜਨ ਲਈ ਅਗਾਂਹ ਵਧੇ। ਉਨ੍ਹਾਂ ਨੇ ਉਸ ਦੇ ਹੱਥ ‘ਚੋਂ ਹੀਰਾ ਖੋਹ ਕੇ ਸਿੰਘਾਸਣ ‘ਤੇ ਬੈਠੇ ਦਿ ਗ੍ਰੇਟ ਪੈਨੀ ਦੇ ਹਵਾਲੇ ਕਰ ਦਿੱਤਾ। ਹੁਸੀਨਾ ਨੂੰ ਕੱਪੜਿਆਂ ਨਾਲ ਢੱਕਣਾ ਅਜੇ ਸ਼ੁਰੂ ਹੀ ਕੀਤਾ ਸੀ ਕਿ ਦਿ ਗ੍ਰੇਟ ਪੈਨੀ ਨੇ ਆਪਣੇ ਹੱਥ ‘ਚ ਫੜਿਆ ਹੀਰਾ ਵੇਖਿਆ ਤੇ ਹੈਰਾਨ ਹੋ ਕੇ ਕਿਹਾ:
“ਇਹ ਕੀ? ਇਹ ਤਾਂ ਕਾਲਾ ਕੋਲਾ ਹੈ।”
ਤੇ ਵੇਖਦਿਆਂ ਹੀ ਵੇਖਦਿਆਂ ਉਹ ਹੁਸੀਨਾ ਧਾਰੀਦਾਰ ਸੱਪ ‘ਚ ਤਬਦੀਲ ਹੋ ਚੁੱਕੀ ਸੀ।
ਦਿ ਗ੍ਰੇਟ ਪੈਨੀ ਨੇ ਬੜੀ ਰ੍ਹੋਬੀਲੀ ਆਵਾਜ਼ ‘ਚ ਕਿਹਾ, “ਮੈਂ ਤਾਂ ਪਹਿਲਾਂ ਹੀ ਕਿਹਾ ਸੀ ਕਿ ਇਹ ਤਾਂ ਕੋਈ ਜਾਦੂਗਰਨੀ ਹੈ। ਇਸ ਨੂੰ ਕੁਚਲ ਕੇ ਮਾਰ ਦੇਵੋ। ਜਾਵੋ ਤੇ ਆਪਣੇ ਆਪਣੇ ਕੰਮ ਵਿਚ ਰੁਝ ਜਾਵੋ। ਯਾਦ ਰੱਖੋ! ਜੋ ਕੰਮ ਤੁਸੀਂ ਅੱਜ ਕਰ ਸਕਦੇ ਹੋ, ਉਸ ਨੂੰ ਕੱਲ੍ਹ ‘ਤੇ ਨਾ ਟਾਲੋ।”
ਦਿ ਗ੍ਰੇਟ ਪੈਨੀ ਦੇ ਹੁਕਮ ਦੀ ਸਭ ਨੇ ਪਾਲਣਾ ਕੀਤੀ ਅਤੇ ਉਸ ਦੇ ਅਹਿਲਕਾਰਾਂ ਨੇ 24000 ਡਾਲਰ ਵਿਚ ਮੈਨਹਟਨ ਜ਼ਖੀਰਾ ਖਰੀਦ ਲਿਆ। ਅੱਜ ਤੱਕ ਵੀ ਉਸ ਦੀਆਂ ਨੀਂਹਾਂ ਪੁੱਟੀਆਂ ਜਾ ਰਹੀਆਂ ਹਨ। ਇਮਾਰਤਾਂ ਬਣਾਈਆਂ ਤੇ ਤੋੜੀਆਂ ਜਾ ਰਹੀਆਂ ਹਨ। ਟੁੱਟੇ ਭਵਨਾਂ ਦੇ ਮਲਬੇ ‘ਚੋਂ ਅਸਮਾਨ ਛੂੰਹਦੀਆਂ ਇਮਾਰਤਾਂ ਦੀ ਤਾਮੀਰ ਹੋ ਰਹੀ ਹੈ- ਲੱਖਾਂ ਲੋਕ ਅਸਮਾਨ ‘ਤੇ ਟਾਕੀ ਲਾਉਣ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹਨ, ਤੇ ਉਸ ਚਮਕਦਾਰ ਪੱਥਰ ਦੀ ਤਲਾਸ਼ ਵਿਚ ਭਟਕ ਰਹੇ ਹਨ, ਜਿਸ ਦਾ ਨਾਮ ‘ਹੀਰਾ’ ਬਨਾਮ ‘ਖੁਸ਼ੀ’ ਹੈ।
ਇਨ੍ਹਾਂ ਲੱਖਾਂ ਲੋਕਾਂ ਦੀ ਭੀੜ ਵਿਚ ਜਿਬਰਾਨ ਵੀ ਸ਼ਾਮਲ ਸੀ।