ਕਹਾਣੀਆਂ ਦਾ ਕੋਹੇਨੂਰ ਵਰਿਆਮ ਸਿੰਘ ਸੰਧੂ

ਪ੍ਰਿੰਸੀਪਲ ਸਰਵਣ ਸਿੰਘ ਬੇਸ਼ਕ ਬਹੁਤਾ ਖੇਡ ਲੇਖਕ ਵਜੋਂ ਜਾਣੇ ਜਾਂਦੇ ਹਨ, ਪਰ ਉਨ੍ਹਾਂ ਦੀਆਂ ਲਿਖਤਾਂ ਵਿਚ ਕਥਾ ਰਸ ਕਮਾਲ ਦਾ ਹੁੰਦਾ ਹੈ। ਇਸੇ ਕਰਕੇ ਉਨ੍ਹਾਂ ਦੀਆਂ ਖੇਡ ਲਿਖਤਾਂ ਵੀ ਕਹਾਣੀਆਂ ਵਾਂਗ ਜਾਪਦੀਆਂ ਹਨ। ਉਂਜ ਉਨ੍ਹਾਂ ਕਹਾਣੀਆਂ ਲਿਖੀਆਂ ਵੀ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਉਨ੍ਹਾਂ ਦੀਆਂ ਰਚਨਾਵਾਂ ਪਾਠਕ ਬੜੀ ਦਿਲਚਸਪੀ ਨਾਲ ਪੜ੍ਹਦੇ ਹਨ। ਜੀਵਨੀਨੁਮਾ ਲੇਖ ਵੀ ਉਹ ਬਹੁਤ ਸੋਹਣੇ ਲਿਖਦੇ ਹਨ। ਪਿਛਲੇ ਕੁਝ ਸਮੇਂ ਵਿਚ ‘ਪੰਜਾਬ ਟਾਈਮਜ਼’ ਦੇ ਪਾਠਕ ‘ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ’ ਵਰਗਾ ਇਨਕਲਾਬੀ ਗੀਤ ਲਿਖਣ ਵਾਲੇ ਸ਼ਾਇਰ ਮਰਹੂਮ ਸੰਤ ਰਾਮ ਉਦਾਸੀ, ਨਾਟਕਕਾਰ (ਨਾਟਕਬਾਜ਼) ਬਲਵੰਤ ਗਾਰਗੀ ਅਤੇ ਸਾਹਿਤਕਾਰ ਤੇ ਪੱਤਰਕਾਰ ਗੁਲਜ਼ਾਰ ਸਿੰਘ ਸੰਧੂ ਬਾਰੇ ਉਨ੍ਹਾਂ ਦੇ ਲੰਮੇ ਲੇਖ ਪੜ੍ਹ ਚੁਕੇ ਹਨ। ਹੁਣ ਕਹਾਣੀਕਾਰ ਵਰਿਆਮ ਸਿੰਘ ਸੰਧੂ ਬਾਰੇ ਉਸ ਦੀਆਂ ਲੰਮੀਆਂ ਕਹਾਣੀਆਂ ਵਾਂਗ ਹੀ ਪ੍ਰਿੰਸੀਪਲ ਸਰਵਣ ਸਿੰਘ ਨੇ ਇਹ ਲੰਮਾ ਲੇਖ ਲਿਖਿਆ ਹੈ ਜੋ ਅਸੀਂ ਕਿਸ਼ਤਾਂ ਵਿਚ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ। ਦੇਖੀਏ ਪ੍ਰਿੰਸੀਪਲ ਸਾਹਿਬ ਆਪਣੇ ਗੋਤੀ ਮਝੈਲ ਭਾਊ ਦਾ ਕਿੰਨਾ ਕੁ ਪੱਖ ਪੂਰਦੇ ਨੇ। ਪਹਿਲੀ ਕਿਸ਼ਤ ਹਾਜਰ ਹੈ।

-ਸੰਪਾਦਕ

ਪ੍ਰਿੰ. ਸਰਵਣ ਸਿੰਘ
ਫੋਨ: 905-799-1661
ਵਰਿਆਮ, ਵਰਿਆਮ ਹੀ ਹੈ। ਕਹਿਣੀ ਤੇ ਕਰਨੀ ਦਾ ਕੱਦਾਵਰ ਲੇਖਕ। ਦਰਸ਼ਨੀ ਸ਼ਖਸੀਅਤ। ਲੰਮੀਆਂ ਕਹਾਣੀਆਂ ਦਾ ਕੌਮੀ ਚੈਂਪੀਅਨ। ਗਲਪ ਗਗਨ ਦਾ ਚੰਦ। ਉਹਦੀ ਕਹਾਣੀ ‘ਚੌਥੀ ਕੂਟ’ ਭਾਰਤੀ ਭਾਸ਼ਾਵਾਂ ‘ਚੋਂ ਚੋਟੀ ਦੀਆਂ ਬਾਰਾਂ ਕਹਾਣੀਆਂ ਦੇ ਮਿਨੀ ਕ੍ਰਿਸ਼ਨਨ ਦੀ ਸੰਪਾਦਨਾ ਹੇਠ ਛਪੇ ਅੰਗਰੇਜ਼ੀ ਸੰਗ੍ਰਿਹ ‘ਮੈਮੋਰੇਬਲ ਸਟੋਰੀਜ਼ ਆਫ ਇੰਡੀਆ: ਟੈੱਲ ਮੀ ਏ ਲੌਂਗ ਸਟੋਰੀ’ ਵਿਚ ਪ੍ਰਕਾਸ਼ਤ ਹੋਈ। ਉਹ ਰਣ-ਤੱਤੇ ਵਿਚ ਵੀ ਜੂਝਿਆ ਤੇ ਰਚਨਾਵਾਂ ਵਿਚ ਵੀ ਜੂਝ ਰਿਹੈ। ਮੌਤ ਨੇ ਉਹਦੇ ‘ਤੇ ਕਈ ਵਾਰ ਹਮਲੇ ਕੀਤੇ ਪਰ ਉਹ ਉਹਦੇ ਹੱਥ ਨਹੀਂ ਆਇਆ। ਪੰਜਾਬੀ ਦਾ ਉਹ ਮਾਣਮੱਤਾ ਤੇ ਸ਼ਾਨਾਂਮੱਤਾ ਲੇਖਕ ਹੈ। ਵਿਰਲਾ ਤੇ ਵਿਲੱਖਣ। ਸਾਨੂੰ ਉਹਦੇ ਅੰਗ-ਸੰਗ ਹੋਣ ਦਾ ਮਾਣ ਹੈ, ਪਈ ਅਸੀਂ ਵਰਿਆਮ ਸੰਧੂ ਦੇ ਜੁਗ ਵਿਚ ਜੀਅ ਰਹੇ ਆਂ!
ਨਵੰਬਰ 1993 ਦਾ ‘ਵਰਿਆਮ ਅੰਕ’ ਕੱਢਦਿਆਂ ਸੰਪਾਦਕ ਜਗਦੀਸ਼ ਸਿੰਘ ਵਰਿਆਮ ਨੇ ਸੰਪਾਦਕੀ ਵਿਚ ਲਿਖਿਆ ਸੀ:
ਇਕ ਬਹਿ ਕੋਲ ਖੁਸ਼ਾਮਦ ਕਰਦੇ,
ਪਰ ਗਰਜ਼ੀ ਹੋਣ ਕਮੀਨੇ।
ਇਕ ਬੇਪਰਵਾਹ ਨਾ ਪਾਸ ਖਲੋਵਣ,
ਪਰ ਹੋਵਣ ਯਾਰ ਨਗੀਨੇ।
ਇਨ੍ਹਾਂ ਨਗੀਨੇ ਯਾਰਾਂ ‘ਚੋਂ ਹੀ ਹੈ ਵਰਿਆਮ ਸਿੰਘ ਸੰਧੂ! ਵੱਡੇ ਵੱਡੇ ਆਲੋਚਕ ਤੇ ਸਾਹਿਤਕਾਰ ਉਸ ਨੂੰ ਮਹਾਨ ਲੇਖਕ ਮੰਨਦੇ ਹਨ। ਉਸ ਦੀ ਹਰ ਰਚਨਾ ਹਿਲਾ ਕੇ ਰੱਖ ਦਿੰਦੀ ਹੈ। ਕਹਾਣੀ ਪੜ੍ਹਨ ਤੋਂ ਬਾਅਦ ਪਾਠਕ ਦੀ ਹਾਲਤ ਉਸ ਤੋਂ ਕਿਤੇ ਵੱਖਰੀ ਹੁੰਦੀ ਹੈ ਜੋ ਪੜ੍ਹਨ ਤੋਂ ਪਹਿਲਾਂ ਸੀ। ਉਹ ਨਰੋਆ ਸੋਚਦਾ ਹੈ, ਵਧੀਆ ਲਿਖਦਾ ਹੈ, ਧੜੱਲੇਦਾਰ ਬੁਲਾਰਾ ਹੈ ਅਤੇ ਆਪਣੇ ਨੁਕਤਿਆਂ ਦੀ ਵਜ਼ਾਹਤ ਕਰਨ ਵਾਲਾ ਕੁਸ਼ਲ ਵਕੀਲ ਵੀ ਹੈ। ਉਹਦੇ ਸਟੇਜ ਸੰਚਾਲਨ ਵਿਚ ਮਜਾਲ ਹੈ ਕਿਤੇ ਕਾਣ ਆਵੇ।
ਇਸੇ ਅੰਕ ਵਿਚ ਪੰਜਾਬੀ ਦੇ ਨਾਮਵਰ ਆਲੋਚਕ ਡਾ. ਅਤਰ ਸਿੰਘ ਨੇ ਲਿਖਿਆ, “ਪੰਜਾਬ ਜਿਸ ਘੋਰ ਸੰਕਟ ਵਿਚੋਂ ਲੰਘਿਆ ਹੈ, ਉਸ ਦੀ ਥਾਹ ਅਜੇ ਕਿਸੇ ਨੇ ਨਹੀਂ ਪਾਈ। ਇਸ ਖੇਤਰ ਵਿਚ ਵਰਿਆਮ ਸੰਧੂ ਦੀਆਂ ਦੋ ਕਹਾਣੀਆਂ ‘ਭੱਜੀਆਂ ਬਾਹੀਂ’ ਅਤੇ ‘ਮੈਂ ਹੁਣ ਠੀਕ ਠਾਕ ਹਾਂ’ ਪੰਜਾਬੀ ਕਹਾਣੀ ਦੀ ਵਡਮੁੱਲੀ ਪ੍ਰਾਪਤੀ ਹਨ। ਇਨ੍ਹਾਂ ਕਹਾਣੀਆਂ ਵਿਚ ਸੰਕਟ ਦੀ ਵਿਰਾਟਤਾ ਅਤੇ ਇਸ ਤੋਂ ਉਤਪੰਨ ਹੋਈਆਂ ਅਨੇਕ ਪਰਤਾਂ ਨੇ ਮਾਨਵੀ ਪ੍ਰਸਥਿਤੀਆਂ ਤੇ ਪ੍ਰਵਿਰਤੀਆਂ ਨੂੰ ਸਾਕਾਰ ਕਰਨ ਲਈ ਪੰਜਾਬੀ ਲੇਖਕਾਂ ਤੇ ਬੁਧੀਜੀਵੀਆਂ ਲਈ ਬੜੇ ਬਿਖਮ ਚੈਲੰਜ ਪੈਦਾ ਕੀਤੇ ਹਨ। ਇਸ ਸੰਕਟ ਵਿਚ ਬਹੁਤੇ ਲੇਖਕ ਆਪਣੇ ਮਾਨਵੀ ਆਦਰਸ਼ਾਂ ਤੋਂ ਡੋਲ ਗਏ ਸਨ। ਉਨ੍ਹਾਂ ਦਾ ਸੰਬੋਧਨ ਮਾਨਵਤਾ ਦੀ ਥਾਂ ਸਿੱਖੀ ਮਾਨਸਿਕਤਾ ਤਕ ਸੀਮਿਤ ਹੋ ਕੇ ਰਹਿ ਗਿਆ ਸੀ। ਵਰਿਆਮ ਸੰਧੂ ਨੇ ਆਪਣੇ ਮਾਨਵਵਾਦੀ ਪਰਿਪੇਖ ਨੂੰ ਹੋਰ ਵੀ ਨਿਸ਼ਠਾ ਨਾਲ ਕਾਇਮ ਰੱਖਿਆ। ਉਸ ਦਾ ਸੰਬੋਧਨ ਪੰਜਾਬੀ ਜਾਂ ਭਾਰਤੀ ਮਾਨਸਿਕਤਾ ਤਕ ਸੀਮਤ ਨਹੀਂ ਰਿਹਾ ਸਗੋਂ ਸਮੁੱਚੀ ਮਾਨਵਤਾ ਤਕ ਫੈਲ ਗਿਆ। ਮੇਰੀ ਜਾਚੇ ਇਹ ਦੋਵੇਂ ਕਹਾਣੀਆਂ ਮਾਡਰਨ ਵਰਲਡ ਕਲਾਸਿਕਸ ਵਿਚ ਆਪਣਾ ਸਥਾਨ ਪ੍ਰਾਪਤ ਕਰਨ ਦੇ ਸਮਰੱਥ ਹਨ।”
ਡਾ. ਕੇਸਰ ਸਿੰਘ ਕੇਸਰ ਅਨੁਸਾਰ “ਸਮਕਾਲੀ ਪੰਜਾਬੀ ਕਹਾਣੀਕਾਰਾਂ ਵਿਚ ਵਰਿਆਮ ਸਿੰਘ ਸੰਧੂ ਇਕ ਉਘਾ ਨਾਂ ਹੈ। ਉਸ ਦੀ ਕਹਾਣੀ ਇਕੱਲੇ-ਦੁਕੱਲੇ ਪਾਤਰ ਜਾਂ ਇਕੱਲੀ-ਕਾਰੀ ਅਨੋਖੀ ਘਟਨਾ ਦੀ ਕਹਾਣੀ ਨਹੀਂ ਹੁੰਦੀ, ਸਗੋਂ ਪੰਜਾਬ ਦੀ ਪੂਰੀ ਦੀ ਪੂਰੀ ਕਲਚਰ, ਵਿਸ਼ੇਸ਼ ਤੌਰ ‘ਤੇ ਪੰਜਾਬ ਦੀ ਅਤਿ-ਗਰੀਬ ਤੇ ਮੰਝਲੀ ਕਿਸਾਨੀ ਦੀ ਕਲਚਰ ਹੈ, ਜਿਹੜੀ ਅਜੋਕੇ ਭਾਰਤੀ ਬੁਰਜੂਆ ਸੰਸਕ੍ਰਿਤੀ ਤੇ ਰਾਜਨੀਤੀ ਦੇ ਸ਼ਿਕੰਜੇ ਤੋਂ ਆਜ਼ਾਦ ਹੋਣ ਲਈ ਇਕ ਚੇਤੰਨ ਵਿਦਰੋਹ ਦੇ ਰਾਹ ਪੈ ਚੁਕੀ ਹੈ। ਪੰਜਾਬੀ ਕਿਸਾਨੀ ਦੇ ਇਸ ਗੁੰਝਲਦਾਰ ਘੋਲ ਦੁਆਰਾ ਜੋ ਇਤਿਹਾਸ ਸਿਰਜਿਆ ਜਾ ਰਿਹਾ ਹੈ ਤੇ ਜੋ ਸਿਰਜਿਆ ਜਾਣਾ ਹੈ, ਉਸ ਦੀ ਦਵੰਦਾਤਮਕ ਗਤੀ ਤੇ ਦਿਸ਼ਾ ਨੂੰ ਸੰਧੂ ਨੇ ਜਿਸ ਕਲਾ ਕੌਸ਼ਲਤਾ ਨਾਲ ਪੇਸ਼ ਕੀਤਾ ਹੈ, ਉਸ ਤੋਂ ਕਿਹਾ ਜਾ ਸਕਦਾ ਹੈ ਕਿ ਇਹ ਕਹਾਣੀਆਂ ਸਾਧਾਰਨ ਮਨੁੱਖਾਂ ਦੀ ਸਾਧਾਰਣਤਾ ਜਾਂ ਲਘੂ ਮਾਨਵਾਂ ਦੀਆਂ ਨਹੀਂ, ਸਗੋਂ ‘ਲੋਹੇ ਦੇ ਹੱਥਾਂ ਵਾਲੇ ਮਹਾਂ-ਮਾਨਵਾਂ’ ਦੀਆਂ ਹਨ, ਉਨ੍ਹਾਂ ਦੇ ਅਸਾਧਾਰਣ ਸਿਰੜ, ਸਬਰ, ਅਣਖ ਤੇ ਰੋਹ ਦੀਆਂ ਕਹਾਣੀਆਂ ਹਨ।”
ਵਰਿਆਮ ਬਾਤਾਂ ਦਾ ਬਾਪੂ ਹੈ। ਉਹਨੂੰ ਪੰਜਾਬੀ ਕਹਾਣੀ ਦਾ ਮੁਕਟ ਕਿਹਾ ਜਾਂਦੈ। ਬਾਤਾਂ ਪਾਉਂਦਾ ਉਹ ਬਤੋਲੀਆਂ ਵੀ ਪਾ ਦਿੰਦੈ ਤੇ ਬੁਝਾਰਤਾਂ ਵੀ। ਲਿਸ਼-ਲਿਸ਼ ਕਰਦੀਆਂ ਨੇ ਉਹਦੀਆਂ ਲਿਖਤਾਂ। ਹੀਰੇ ਜਵਾਹਰਾਤ ਦੀ ਗੱਲ ਛੱਡੋ, ਉਹ ਕਥਾ-ਕਹਾਣੀਆਂ ਦਾ ਡਲ੍ਹਕਾਂ ਮਾਰਦਾ ਕੋਹੇਨੂਰ ਹੈ। ਉਹਦਾ ਕੱਦ ਵੀ ਲੰਮਾ ਹੈ, ਕਹਾਣੀਆਂ ਵੀ ਲੰਮੀਆਂ ਲਿਖਦੈ ਤੇ ਭਾਸ਼ਣ ਵੀ ਲੰਮੇ ਦਿੰਦੈ। ਪਰ ਨਾ ਉਹਦੀਆਂ ਕਹਾਣੀਆਂ ਲੰਮੀਆਂ ਲੱਗਦੀਆਂ ਨੇ ਤੇ ਨਾ ਭਾਸ਼ਣ ਲੰਮੇ। ਆਖੀਦੈ, ਕਿਤੇ ਛੇਤੀ ਨਾ ਮੁੱਕ ਜਾਣ। ਉਹਦੇ ਲਿਖਣ ਬੋਲਣ ‘ਚ ਟੂਣੇਹਾਰੀ ਖਿੱਚ ਹੈ। ਕਿਹਾ ਜਾਂਦੈ, ਉਹਦੀ ਕਲਮ ਤੇ ਜ਼ੁਬਾਨ ਉਤੇ ਸਰਸਵਤੀ ਸਵਾਰ ਐ। ਉਹਦੀ ਗੱਲ-ਕਥ ‘ਚ ਬਾਤਾਂ ਵਾਲੀ ਉਤਸੁਕਤਾ ਤਾਂ ਹੁੰਦੀ ਹੀ ਹੈ, ਬੀਰ ਰਸ ਵੀ ਹੁੰਦੈ, ਕਰੁਣਾ ਵੀ ਹੁੰਦੀ ਹੈ, ਹੈਰਾਨੀ ਵੀ ਤੇ ਹਾਸੇ ਮਖੌਲ ਦਾ ਰੰਗ ਵੀ। ਉਹ ਗੱਲਾਂ ‘ਚੋਂ ਗੱਲ ਕੱਢਦਾ, ਢਾਈ ਨਾਲ ਢਾਈ ਮੇਲਦਾ ਤੁਰਿਆ ਜਾਂਦੈ। ਸੁਨੇਹਾ ਹਮੇਸ਼ਾਂ ਹਿੰਮਤ ਤੇ ਉਤਸ਼ਾਹ ਦਾ ਹੀ ਦਿੰਦੈ। ਹਰ ਪੱਖੋਂ ਹਾਂ ਪੱਖੀ। ਆ ਪਈਆਂ ਮੁਸੀਬਤਾਂ ਬਾਰੇ ਅਕਸਰ ਆਖਦੈ, “ਕਿਹੜੀ ਆਖਰ ਆ ਚੱਲੀ ਏ!”
ਮੈਂ ਜਦੋਂ ਵੀ ਉਹਦੇ ਨਾਲ ਹੋਏ ਆਪਣੇ ਮੇਲ-ਮਿਲਾਪ ਨੂੰ ਯਾਦ ਕਰਦਾ ਹਾਂ ਤਾਂ ਉਸ ਨੂੰ ਅਨੇਕਾਂ ਰੰਗਾਂ-ਰੂਪਾਂ ਵਿਚ ਵੇਖਦਾ ਹਾਂ। ਮੈਨੂੰ ਉਹਦਾ ਮਿਲਣਾ-ਗਿਲਣਾ ਹਰ ਵਾਰ ਪ੍ਰਭਾਵਿਤ ਕਰਦਾ ਰਿਹੈ। ਕਦੇ ਪੰਜਾਬ ਦੀਆਂ ਸਾਹਿਤ ਸਭਾਵਾਂ ਵਿਚ, ਕਦੇ ਕਾਲਜਾਂ ਦੇ ਸਮਾਗਮਾਂ ਵਿਚ, ਯੂਨੀਵਰਸਿਟੀਆਂ, ਸੈਮੀਨਾਰਾਂ, ਵਿਸ਼ਵ ਕਾਨਫਰੰਸਾਂ ਤੇ ਕਦੇ ਮੇਲਿਆਂ-ਗੇਲਿਆਂ ਵਿਚ। ਕਦੇ ਆਲਮੀ ਕਾਨਫਰੰਸ ਲਾਹੌਰ ਵਿਚ, ਕਦੇ ਸਿਆਟਲ, ਕਦੇ ਵੈਨਕੂਵਰ ਤੇ ਕਦੇ ਟੋਰਾਂਟੋ ਵਿਚ। ਸੰਭਵ ਹੈ, ਸ਼ਿਕਾਗੋ ਵੀ ‘ਕੱਠੇ ਹੋਈਏ।
ਪੰਜਾਹ ਸਾਲਾਂ ਦੀ ਜਾਣ-ਪਛਾਣ ਹੈ, ਵਰਿਆਮ ਸਿੰਘ ਸੰਧੂ ਨਾਲ। ਦਸਾਂ ਸਾਲਾਂ ਤੋਂ ਉਹ ਬਰੈਂਪਟਨ ਵਿਚ ਰਹਿ ਰਿਹੈ ਤੇ ਮੈਂ ਵੀ ਸਤਾਰਾਂ ਸਾਲਾਂ ਤੋਂ ਉਥੇ ਹੀ ਹਾਂ। ਪੰਦਰੀਂ ਵੀਹੀਂ ਦਿਨੀਂ ਸਾਡੇ ਮਿਲਣ-ਗਿਲਣ ਦਾ ਸਬੱਬ ਆਮ ਹੀ ਬਣ ਜਾਂਦੈ। ਅੱਜ ਉਹਦੇ ਬਾਰੇ ਲਿਖਣ ਲੱਗਾ ਹਾਂ ਤਾਂ ਮੇਲ-ਮਿਲਾਪ ਦੀਆਂ ਅਨੇਕਾਂ ਯਾਦਾਂ ਉਮੜ ਆਈਆਂ ਹਨ ਜੋ ਲਿਖੀਆਂ ਜਾਣ ਲਈ ਖੌਰੂ ਪਾ ਰਹੀਆਂ ਹਨ। ਉਹਦੀਆਂ ਰਚਨਾਵਾਂ ਸਿਰ ਚੜ੍ਹ ਕੇ ਬੋਲ ਰਹੀਆਂ ਹਨ। ਪਤਾ ਨਹੀਂ ਲੱਗਦਾ ਕਿਹੜੀ ਗੱਲ ਕਿਥੋਂ ਸ਼ੁਰੂ ਕਰਾਂ? ਕਿਥੋਂ ਤੰਦ ਫੜਾਂ ਤੇ ਕਿਥੇ ਛੱਡਾਂ? ਜਿਵੇਂ ਉਹਦੀਆਂ ਕਥਾ-ਕਹਾਣੀਆਂ ਵਿਚ ਗੱਲ ‘ਚੋਂ ਗੱਲ ਨਿਕਲੀ ਤੁਰੀ ਜਾਂਦੀ ਹੈ, ਮੈਨੂੰ ਲੱਗਦੈ ਉਵੇਂ ਉਹਦੇ ਇਸ ਰੇਖਾ ਚਿੱਤਰ ਵਿਚ ਵੀ ਇਹੋ ਕੁਝ ਹੋਵੇਗਾ। ਵਰਿਆਮ ਦੀਆਂ ਲੰਮੀਆਂ ਕਹਾਣੀਆਂ ਵਿਚ ਚਲੋ ਇਕ ਲੰਮੀ ਕਹਾਣੀ ਹੋਰ ਸਹੀ!
ਵਰਿਆਮ ਉਮਰ ‘ਚ ਮੈਥੋਂ ਪੰਜ ਕੁ ਸਾਲ ਛੋਟਾ ਹੈ ਪਰ ਕੱਦ ‘ਚ ਦੋ ਤਿੰਨ ਇੰਚ ਉਚਾ। ਮੈਨੂੰ ਉਹ 1965-66 ‘ਚ ਪੜ੍ਹਨ ਲੱਗਾ ਸੀ ਤੇ ਮੈਂ ਉਸ ਨੂੰ 70-71 ਵਿਚ। ਮੈਂ ਉਸ ਦਾ ਲਗਾਤਾਰ ਪਾਠਕ ਹਾਂ ਤੇ ਮੈਨੂੰ ਲੱਗਦੈ ਉਹ ਵੀ ਮੇਰਾ ਲਗਾਤਾਰ ਪਾਠਕ ਹੋਵੇਗਾ। 2013 ਵਿਚ ਉਸ ਨੇ ਮੇਰੇ ਬਾਰੇ ‘ਪੰਜਾਬੀ ਵਾਰਤਕ ਦਾ ਉਚਾ ਬੁਰਜ’ ਪੁਸਤਕ ਸੰਪਾਦਿਤ ਕੀਤੀ ਤਾਂ ਉਸ ਦੇ ਮੁੱਖ ਬੰਦ ਵਿਚ ਲਿਖਿਆ, “ਲਿਖਣ ਦੇ ਮੈਦਾਨ ਵਿਚ ਪੈਰ ਧਰਦਿਆਂ ਸਰਵਣ ਸਿੰਘ ਨੇ ਪੈਂਦੀ ਸੱਟੇ ਸੋਲਾਂ ਹੱਥ ਲੰਮੀ ਛਾਲ ਮਾਰੀ ਤਾਂ ‘ਦਰਸ਼ਕਾਂ’ ਨੂੰ ਹੈਰਾਨੀ-ਭਰੀ ਖੁਸ਼ੀ ਹੋਈ। ਇਨ੍ਹਾਂ ਪਾਠਕ ‘ਦਰਸ਼ਕਾਂ’ ਵਿਚ ਮੈਂ ਵੀ ਸਾਂ। 1960ਵਿਆਂ ਦੌਰਾਨ ‘ਆਰਸੀ’ ਵਿਚ ਖਿਡਾਰੀਆਂ ਬਾਰੇ ਉਹਦੇ ਰੇਖਾ ਚਿਤਰ ਛਪਣ ਲੱਗੇ ਤਾਂ ਉਹਦੀ ਲਿਖਤ ਦੀ ਜਾਦੂਗਰੀ ਨੇ ਮੈਨੂੰ ਵੀ ਕੀਲ ਲਿਆ। ਗੁਰਬਚਨ ਰੰਧਾਵੇ ਬਾਰੇ ਉਹਦਾ ਪਹਿਲਾ ਆਰਟੀਕਲ ‘ਆਰਸੀ’ ਵਿਚ ਛਪਿਆ, ‘ਮੁੜ੍ਹਕੇ ਦਾ ਮੋਤੀ’। ਗੁਰਬਚਨ ਦਾ ਇਸ ਵਿਚ ਅਜਿਹਾ ਜੀਵੰਤ ਚਿਤਰ ਖਿੱਚਿਆ ਹੋਇਆ ਸੀ ਕਿ ਸਾਹਮਣੇ ਸੱਚਮੁਚ ਦੀ ਫਿਲਮ ਚੱਲਦੀ ਨਜ਼ਰ ਆਉਣ ਲੱਗੀ। ਆਪਣੇ ਮਝੈਲ ‘ਭਾਊ’ ਬਾਰੇ ਘਿਓ-ਗੁੱਝੀ ਚੂਰੀ ਵਰਗਾ ਬਿਰਤਾਂਤ ਪੜ੍ਹ ਕੇ ਸਰਵਣ ਸਿੰਘ ਨਾਲ ਪੈਂਦੀ ਸੱਟੇ ਅਪਣੱਤ ਦਾ ਰਿਸ਼ਤਾ ਜੁੜ ਗਿਆ। ਅਗਲਾ ਰੇਖਾ-ਚਿਤਰ ਸੀ ਪਰਵੀਨ ਕੁਮਾਰ ਬਾਰੇ ‘ਧਰਤੀ ਧੱਕ’। ਪਰਵੀਨ ਸਾਡਾ ਬੇਲੀ ਸੀ। 1962-64 ਵਿਚ ਮੈਂ ਸਰਹਾਲੀ ਤੋਂ ਜੇ. ਬੀ. ਟੀ. ਕੀਤੀ ਸੀ। ਪਰਵੀਨ ਉਦੋਂ ਸਰਹਾਲੀ ਦੇ ਖਾਲਸਾ ਸਕੂਲ ਵਿਚ ਨੌਵੀਂ ਦਾ ਵਿਦਿਆਰਥੀ ਸੀ। ਅਸੀਂ ਰੋਜ਼ ਮਿਲਦੇ ਤੇ ਹਾਸਾ ਠੱਠਾ ਚੱਲਦਾ। ‘ਧਰਤੀ ਧੱਕ’ ਪੜ੍ਹ ਕੇ ਸਾਨੂੰ ਲੱਗਾ ਸਾਡਾ ਪਰਵੀਨ ਉਹ ਸਾਰੇ ਹਾਸੇ ਠੱਠੇ, ਜਿਹੜੇ ਸਰਵਣ ਸਿੰਘ ਨੇ ਬਿਆਨ ਕੀਤੇ ਸਨ, ਸਾਡੇ ਨਾਲ ਹੀ ਕਰਦਾ ਤੁਰਿਆ ਫਿਰਦਾ ਹੈ। ਮੇਰੇ ਲਈ ਵਰਤੇ ਜਾਣ ਵਾਲੇ ਅਲੰਕਾਰ ਨਾਲ ਉਹ ਪਤਲੂਣ ਪਾਈ ਕਿਸੇ ਪਤਲੀਆਂ ਲੱਤਾਂ ਵਾਲੇ ਸਾਥੀ ਅਥਲੀਟ ਦੀ ‘ਵਡਿਆਈ’ ਕਰ ਰਿਹਾ ਸੀ, ‘ਲੱਤਾਂ ਵੇਖ, ਜਿਵੇਂ ਝੋਲੇ ‘ਚ ਪੰਪ ਪਾਇਆ ਹੁੰਦਾ!’
ਮੈਂ ਤੇ ਮੇਰਾ ਦੋਸਤ ਭੂਪਿੰਦਰ ਚੜ੍ਹੇ ਮਹੀਨੇ ਅੰਬਰਸਰ ਪਹੁੰਚ ਕੇ ‘ਆਰਸੀ’ ਹੱਥ ਹੇਠਾਂ ਕਰਦੇ। ਸਾਨੂੰ ਸਰਵਣ ਸਿੰਘ ਦੇ ਖੇਡ ਨਾਇਕਾਂ ਨੂੰ ਮਿਲਣ ਦੀ ਕਾਹਲ, ਖੁਤਖੁਤੀ ਤੇ ਖਿੱਚ ਹੁੰਦੀ। ਉਦੋਂ ‘ਪ੍ਰੀਤ ਲੜੀ’ ਨੂੰ ਛੇਤੀ ਖਰੀਦਣਾ ਤੇ ਪੜ੍ਹਨਾ ਸਾਡੀ ਪਹਿਲ ਹੁੰਦੀ ਸੀ ਪਰ ਸਰਵਣ ਸਿੰਘ ਦੀ ਲਿਖਤ ਦੀ ਧੂਹਵੀਂ ਖਿੱਚ ਨੇ ‘ਆਰਸੀ’ ਪਹਿਲੇ ਨੰਬਰ ‘ਤੇ ਲੈ ਆਂਦੀ। ਉਹ ਮੇਰਾ ਚਹੇਤਾ ਲੇਖਕ ਬਣ ਗਿਆ ਸੀ। ਉਹਦੀ ਲਿਖਤ ਮੈਂ ਚਾਹਤ ਨਾਲ ਉਡੀਕਦਾ ਤੇ ਉਡ ਕੇ ਪੜ੍ਹਦਾ। ਗੁਰਬਖਸ਼ ਸਿੰਘ ਪ੍ਰੀਤ ਲੜੀ ਜੇ ਉਨ੍ਹਾਂ ਦਿਨਾਂ ਵਿਚ ਮੇਰੇ ‘ਦਿਮਾਗ’ ਦੇ ਨੇੜੇ ਸੀ ਤਾਂ ਸਰਵਣ ਸਿੰਘ ਮੇਰੇ ‘ਦਿਲ’ ਦੇ ਨੇੜੇ ਹੋ ਗਿਆ।”
ਮੇਰਾ ਤੇ ਵਰਿਆਮ ਦਾ ਪਿਛੋਕੜ ਇਕੋ ਜਿਹਾ ਹੈ। ਨਿਮਨ ਕਿਰਸਾਣੀ ਵਾਲਾ, ਪੇਂਡੂ ਸਭਿਆਚਾਰ ਵਾਲਾ, ਸਿੱਖੀ ਦੀ ਸਮਾਜਵਾਦੀ ਸੈਕੂਲਰ ਸੋਚ ਵਾਲਾ ਪਰ ਲੋੜ ਪੈਣ ਉਤੇ ਜਟਕੀ ਟੈਂਅ ਵਾਲਾ। ਮੇਰੇ ਵਡੇਰੇ ਉਹਦੇ ਪਿੰਡ ਸੁਰਸਿੰਘ ਲਾਗਿਓਂ ਸਰਹਾਲੀ ਤੋਂ ਉਠ ਕੇ ਮਾਲਵੇ ਦੇ ਪਿੰਡ ਚਕਰ ਆ ਗਏ ਸਨ। ਮਾਝੇ ਦਾ ਮਾੜਾ-ਮੋਟਾ ਅਸਰ ਮੇਰੇ ‘ਤੇ ਵੀ ਹੈ। ਵਰਿਆਮ ਸੰਧੂ ਆਪਣੇ ਸਾਹਿਤਕ ਪਿਛੋਕੜ ਦੀ ਜਾਣਕਾਰੀ ਇੰਜ ਦਿੰਦੈ, “ਮੇਰਾ ਇਹ ਦਾਅਵਾ ਹਰਗਿਜ਼ ਨਹੀਂ ਕਿ ਮੋਗੇ ਦੇ ਖਾਨਦਾਨੀ ਵੈਦਾਂ ਦੀ ‘ਵੈਦਗੀ’ ਵਾਂਗ ਸਾਹਿਤਕਾਰੀ ਵੀ ਮੈਨੂੰ ‘ਵਿਰਾਸਤ’ ਵਿਚ ਮਿਲੀ ਹੈ! ਜਿੱਥੋਂ ਤੱਕ ਮੇਰਾ ਧਿਆਨ ਜਾਂਦਾ ਹੈ, ਮੇਰੇ ਨਾਨਕਿਆਂ ਤੇ ਦਾਦਕਿਆਂ-ਦੋਹਾਂ ਪਰਿਵਾਰਾਂ ਵਿਚੋਂ ਮੇਰਾ ਪਿਓ ਪਹਿਲਾ ਆਦਮੀ ਸੀ ਜਿਸ ਨੇ ਸੱਤ ਜਮਾਤਾਂ ਪਾਸ ਕੀਤੀਆਂ ਅਤੇ ਆਪਣੇ ਖਾਨਦਾਨ ਵਿਚੋਂ ਮੈਂ ਪਹਿਲਾ ਆਦਮੀ ਸਾਂ ਜਿਸ ਨੇ ਦਸ ਜਮਾਤਾਂ ਪਾਸ ਕੀਤੀਆਂ। ਇੰਜ ਪੜ੍ਹਨ-ਲਿਖਣ ਦਾ ਨਿਸਚੈ ਹੀ ਮੇਰਾ ਕੋਈ ਗੌਰਵਸ਼ਾਲੀ ਪਿਛੋਕੜ ਨਹੀਂ।”
ਉਹ ਕਹਿੰਦਾ ਹੈ, “ਮਾਝੇ ਦੀ ਧੁੰਨੀ ਦੇ ਨਾਮ ਨਾਲ ਪ੍ਰਸਿੱਧ, ਜਿਸ ਇਲਾਕੇ ਵਿਚ ਮੈਂ ਜੰਮਿਆ ਪਲਿਆ ਤੇ ਪ੍ਰਵਾਨ ਚੜ੍ਹਿਆ ਉਸ ਭੁਗੋਲਿਕ ਖਿੱਤੇ ਵਿਚ ‘ਤੇਗ ਦੇ ਧਨੀ’ ਤਾਂ ਬਹੁਤ ਹੋਏ ਪਰ ‘ਕਲਮ ਦਾ ਧਨੀ’ ਕੋਈ ਵਿਰਲਾ ਹੀ ਹੋਇਆ। ਪਹਿਲਾਂ ਲਾਹੌਰ, ਆਜ਼ਾਦੀ ਪਿੱਛੋਂ ਅੰਮ੍ਰਿਤਸਰ ਅਤੇ ਹੁਣ ਵਾਲੇ ਜ਼ਿਲ੍ਹੇ ਤਰਨਤਾਰਨ ਵਿਚਲੇ ਮੇਰੇ ਆਪਣੇ ਪਿੰਡ ਸੁਰਸਿੰਘ ਦੇ ਭਾਈ ਬਿਧੀ ਚੰਦ ਅਤੇ ਭਾਈ ਮਹਾਂ ਸਿੰਘ ਤੋਂ ਇਲਾਵਾ ਮਾਈ ਭਾਗੋ (ਝਬਾਲ), ਜੱਸਾ ਸਿੰਘ ਰਾਮਗੜ੍ਹੀਆ, ਨਵਾਬ ਕਪੂਰ ਸਿੰਘ (ਸਿੰਘਪੁਰਾ), ਸ਼ਹੀਦ ਭਾਈ ਤਾਰੂ ਸਿੰਘ (ਪੂਹਲਾ), ਸ਼ਹੀਦ ਬਾਬਾ ਦੀਪ ਸਿੰਘ (ਪਹੂਵਿੰਡ), ਸੁੱਖਾ ਸਿੰਘ (ਮਾੜੀ ਕੰਬੋਕੇ), ਬਾਬਾ ਬੀਰ ਸਿੰਘ ਆਦਿ ਅਨੇਕ ਸ਼ਹੀਦਾਂ ਸੂਰਮਿਆਂ ਦੀਆਂ ਯਾਦਾਂ ਨਾਲ ਸਬੰਧਤ ਪਿੰਡ ਇੱਕ ਦੂਜੇ ਦੀ ਵੱਖੀ ਨਾਲ ਵੱਖੀ ਲਾਈ ਖੜੋਤੇ ਹਨ। ਇਨ੍ਹਾਂ ਸੂਰਮਿਆਂ ਦੇ ਖੜਕਦੇ ਖੰਡਿਆਂ ਤੇ ਲਿਸ਼ਕਦੀਆਂ ਤਲਵਾਰਾਂ ਤੋਂ ਪਾਰ ਕਸੂਰ ਵਿਚ ਬਾਬਾ ਬੁੱਲੇ ਸ਼ਾਹ ਵੀ ਹੁਣ ਨਜ਼ਰੀਂ ਪੈ ਰਿਹਾ ਹੈ ਅਤੇ ਪਰ੍ਹੇ ਰਾਵੀ ਤੋਂ ਪਾਰ ਬਾਬਾ ਨਾਨਕ ਆਪਣੀ ਬਾਣੀ ਅਲਾਪ ਰਿਹਾ ਹੈ। ਇਹ ਦੋਵੇਂ ਸ਼ਾਇਰ ਭਾਵੇਂ ਸਮੁੱਚੀ ਪੰਜਾਬੀ ਕੌਮ ਦੀ ਮਹਾਨ ਵਿਰਾਸਤ ਹਨ ਪਰ ਮੈਨੂੰ ਲੇਖਕ ਬਣਾਉਣ ਵਿਚ ਇਨ੍ਹਾਂ ਦਾ ਕੋਈ ਤਤਕਾਲੀ ਰੋਲ ਨਹੀਂ।
ਉਂਜ ਵੀ ਜੱਟ ਭਾਈਚਾਰੇ ਦਾ ਮੁੱਖ ਕੰਮ ਮਾਲ-ਡੰਗਰ ਸਾਂਭਣਾ ਤੇ ਖੇਤੀ ਕਰਨਾ ਰਿਹਾ ਹੈ। ਪੜ੍ਹਨ-ਲਿਖਣ ਤੋਂ ਬਿਨਾ ਹੀ ਸਾਰ ਲੈਣ ਵਿਚ ਇਸ ਭਾਈਚਾਰੇ ਨੂੰ ਕਦੇ ਬਹੁਤਾ ਉਜਰ ਨਹੀਂ ਰਿਹਾ। ਹਾਂ, ਸਾਡੇ ਸੰਧੂ ਵਡੇਰਿਆਂ ਵਿਚੋਂ ਬਾਬਾ ਜੱਲ੍ਹਣ ਜ਼ਰੂਰ ਇੱਕ ਸ਼ਾਇਰ ਹੋਇਆ ਹੈ ਜਿਸ ਦੀ ਹਾਸ-ਰਸੀ ਖੜਕਵੀਂ ਕਵਿਤਾ ਦੀ ਮਿਸਾਲ ਪੰਜਾਬੀ ਸਾਹਿਤ ਦੇ ਇਤਿਹਾਸ ਵਿਚੋਂ ਮਿਲ ਜਾਂਦੀ ਹੈ। ਮੇਰੇ ਵਡੇਰਿਆਂ ਦੇ ਪਿੰਡ ਭਡਾਣਾ ਦੇ ਗੁਆਂਢੀ ਪਿੰਡ ਨੌਸ਼ਹਿਰਾ-ਢਾਲਾ ਵਿਚ ਪੈਦਾ ਹੋਏ ਬਾਬੇ ਜੱਲ੍ਹਣ ਨਾਲ ਜ਼ਰੂਰ ਮੇਰੀ ਕਿਤੇ ਨਾ ਕਿਤੇ ਜਾ ਕੇ ਖੂਨ ਦੀ ਸਾਂਝ ਬਣ ਜਾਂਦੀ ਹੋਣੀ ਹੈ ਕਿਉਂਕਿ ‘ਭਡਾਣਾ’ ਅਤੇ ‘ਨੌਸ਼ਹਿਰਾ’ ਦੋਵੇਂ ਸੰਧੂਆਂ ਦੇ ਵਸਾਏ ਪਿੰਡ ਹਨ। ਸੰਧੂ ਕਾਦਰਯਾਰ ਵਾਂਗ ਸੰਧੂ ਜੱਲ੍ਹਣ ਜੱਟ ਮੇਰੇ ਗੋਤੀ ਅਤੇ ਭਾਈਚਾਰਕ ‘ਮਾਣ’ ਦਾ ਕਾਰਨ ਤਾਂ ਹੋ ਸਕਦੇ ਹਨ ਪਰ ਮੈਨੂੰ ਲੇਖਕ ਬਣਾਉਣ ਵਿਚ ਉਨ੍ਹਾਂ ਦਾ ਕੋਈ ਯੋਗਦਾਨ ਨਹੀਂ ਆਖਿਆ ਜਾ ਸਕਦਾ। ਕਸੂਰ ਦੇ ਨੇੜਲੇ ਪਿੰਡ ਕਾਦੀਵਿੰਡ ਦਾ ਜੰਮਪਲ ਸ਼੍ਰੋਮਣੀ ਢਾਡੀ ਗਿਆਨੀ ਸੋਹਣ ਸਿੰਘ ਸੀਤਲ ਭਾਵੇਂ ਪਿੱਛੋਂ ਜਾ ਕੇ ਇੱਕ ਬਹੁਤ ਮਾਣਯੋਗ ਨਾਵਲਕਾਰ ਵਜੋਂ ਵੀ ਉਭਰਿਆ; ਪਰ ਮੇਰੇ ਲਿਖਣ ਵਾਲੇ ਮੁੱਢਲੇ ਸਾਲਾਂ ਵਿਚ ਅਸੀਂ ਉਸ ਨੂੰ ਸਿਰਫ ਢਾਡੀ ਵਾਰਾਂ ਦੇ ਲੇਖਕ ਵਜੋਂ ਹੀ ਜਾਣਦੇ ਹੁੰਦੇ ਸਾਂ।
ਤਾਂ ਕੀ ਮੈਂ ਰੱਬ ਵੱਲੋਂ ‘ਵਰੋਸਾਈ’ ਕੋਈ ਸ਼ਖ਼ਸੀਅਤ ਹਾਂ?
ਕਿਸੇ ਵਿਅਕਤੀ ਨੂੰ ਪ੍ਰਾਪਤ ਵਾਤਾਵਰਣ/ਪਰਿਵੇਸ਼ ਜਿੱਥੇ ਉਸ ਦੀ ਸ਼ਖਸੀਅਤ ਦੀ ਉਣਤਰ-ਬਣਤਰ ਵਿਚ ਅਹਿਮ ਯੋਗਦਾਨ ਪਾਉਂਦਾ ਹੈ, ਉਥੇ ਉਹ ਆਪਣੇ ਮਾਪਿਆਂ ਤੋਂ ਪ੍ਰਾਪਤ ਜੀਨਜ਼ ਰਾਹੀਂ, ਪੀੜ੍ਹੀ-ਦਰ-ਪੀੜ੍ਹੀ ਦੂਰ ਤੱਕ, ਆਪਣੇ ਖਾਨਦਾਨੀ ਵਡੇਰਿਆਂ ਤੋਂ ਵੀ ਅਜਿਹੇ ਸਰੀਰਕ/ਮਾਨਸਿਕ ਗੁਣ-ਲੱਛਣ ਗ੍ਰਹਿਣ ਕਰਦਾ ਹੈ, ਜਿਨ੍ਹਾਂ ਦਾ ਉਸ ਦੀ ਸ਼ਖਸੀਅਤ ਦੀ ਉਸਾਰੀ ਵਿਚ ਗੁੱਝਾ ਅਤੇ ਸਹਿਜ ਯੋਗਦਾਨ ਵੀ ਅਣਗੌਲਿਆ ਨਹੀਂ ਕੀਤਾ ਜਾ ਸਕਦਾ।”

ਆਮ ਲੇਖਕਾਂ/ਆਲੋਚਕਾਂ ਦਾ ਕਹਿਣਾ ਹੈ ਕਿ ਵਰਿਆਮ ਬੜਾ ਧੀਮਾ ਲਿਖਦੈ। ਕਈ-ਕਈ ਮਹੀਨੇ ਕੀ, ਕਈ-ਕਈ ਸਾਲ ਨਹੀਂ ਲਿਖਦਾ। ਕਈ ਤਾਂ ਇਹ ਵੀ ਕਹਿੰਦੇ ਸੁਣ ਜਾਂਦੇ ਨੇ ਕਿ ਲਿਖਣ ਵੱਲੋਂ ਹੁਣ ਵਰਿਆਮ ਦਾ ਚੱਕਾ ਜਾਮ ਹੋ ਚੁਕੈ! ਰਾਮ ਸਰੂਪ ਅਣਖੀ ਨੇ ‘ਵਰਿਆਮ ਅੰਕ’ ਵਿਚ ‘ਮੇਰਾ ਮਹਿਬੂਬ ਕਥਾਕਾਰ ਵਰਿਆਮ ਸਿੰਘ ਸੰਧੂ’ ਸਿਰਲੇਖ ਹੇਠ ਲਿਖਿਆ, “ਵਰਿਆਮ ਸਿੰਘ ਸੰਧੂ ਸਾਡੇ ਸਮਿਆਂ ਦਾ ਘੱਟ ਲਿਖਣ ਵਾਲਾ ਵੱਡਾ ਕਹਾਣੀਕਾਰ ਹੈ। ਉਹ ਦੂਜਿਆਂ ਦੀ ਚੰਗੀ ਰਚਨਾ ਪੜ੍ਹ ਕੇ ਤਾਰੀਫ ਕਰਦਾ ਹੈ ਜਦਕਿ ਉਹਦੀ ਰਚਨਾ ਦੀ ਕੋਈ ਤਾਰੀਫ ਕਰੇ ਤਾਂ ਸ਼ਰਮਾ ਜਾਂਦਾ ਹੈ। ਕਿਸੇ ਵੱਡੇ ਲੇਖਕ ਦਾ ਇਹ ਵੀ ਗੁਣ ਹੁੰਦਾ ਹੈ ਕਿ ਉਹ ਹੋਰਨਾਂ ਦਾ ਵੀ ਪ੍ਰਸੰ.ਸਕ ਹੋਵੇ। ਵਰਿਆਮ ਸੰਧੂ ਦੀ ਜਿਨ੍ਹਾਂ ਨੇ ਵੀ ਨਿੰਦਿਆ ਕੀਤੀ, ਆਪ ਛੋਟੇ ਹੋ ਗਏ। ਉਹ ਉਥੇ ਦਾ ਉਥੇ ਖੜ੍ਹਾ ਹੈ, ਥੰਮ੍ਹ ਵਾਂਗ।”
ਅਣਖੀ ਨੇ ਅਗਾਂਹ ਲਿਖਿਆ, “ਪੰਜਾਬੀ ਦੇ ਬਹੁਤ ਘੱਟ ਲੇਖਕ ਹਨ, ਜਿਨ੍ਹਾਂ ਦੀ ਹਰ ਕਹਾਣੀ ਮੈਂ ਪੜ੍ਹਦਾ ਹਾਂ। ਵਰਿਆਮ ਸੰਧੂ ਦੀ ਹਰ ਕਹਾਣੀ ਪੜ੍ਹਨੀ ਕੀ ਔਖੀ ਹੈ? ਉਹ ਸਾਲ ਵਿਚ ਮਸਾਂ ਇੱਕ ਕਹਾਣੀ ਲਿਖਦਾ, ਕਿਸੇ-ਕਿਸੇ ਸਾਲ ਦੋ ਵੀ ਲਿਖ ਦਿੰਦਾ ਹੈ। ਮੈਂ ਕੀ, ਕੌਣ ਹੈ ਜੋ ਵਰਿਆਮ ਸੰਧੂ ਦੀ ਹਰ ਕਹਾਣੀ ਨਹੀਂ ਪੜ੍ਹਦਾ?”
2011 ਵਿਚ ਉਸ ਨੂੰ ‘ਹੁਣ’ ਮੈਗਜ਼ੀਨ ਵਾਲਿਆਂ ਨੇ ‘ਗੱਲਾਂ’ ਕਾਲਮ ਲਈ ਪਹਿਲੀ ਗੱਲ ਪੁੱਛੀ ਸੀ, “ਕੁਝ ਚਿਰ ਹੋਇਆ ਜਦੋਂ ‘ਹੁਣ’ ਨੇ ਤੁਹਾਨੂੰ ਕੋਈ ਨਵੀਂ ਰਚਨਾ ਭੇਜਣ ਲਈ ਕਿਹਾ ਸੀ ਤਾਂ ਤੁਹਾਡਾ ਉਤਰ ਸੀ ਕਿ ਅੱਜ ਕੱਲ੍ਹ ‘ਚੱਕਾ ਜਾਮ’ ਹੋ ਗਿਆ ਹੈ। ਕੀ ਚੱਕਾ ਜਾਮ ਦੀ ਇਹ ਕਿਰਿਆ ਹਰ ਲੇਖਕ ਨਾਲ ਵਾਪਰਦੀ ਹੈ?”
ਵਰਿਆਮ ਸੰਧੂ ਦਾ ਜਵਾਬ ਉਹਦੀ ਕਹਾਣੀ ਵਾਂਗ ਹੀ ਲੰਮਾ ਸੀ, “ਮੇਰਾ ਤਾਂ ਸਦਾ ਈ ਚੱਕਾ ਜਾਮ ਰਿਹੈ। ਮੈਂ 1960 ਦੇ ਨਜ਼ਦੀਕ ਲਿਖਣਾ ਸ਼ੁਰੂ ਕੀਤਾ ਸੀ। 1960-70 ਦਾ ਦਹਾਕਾ ਮੇਰੇ ਲਿਖਣ ਦਾ ਸਿਖਾਂਦਰੂ ਦੌਰ ਕਿਹਾ ਜਾ ਸਕਦਾ ਹੈ। ਜਦੋਂ ਅਜੇ ਪਤਾ ਨਹੀਂ ਸੀ ‘ਲਿਖਣਾ ਚੀਜ਼ ਕੀ ਹੁੰਦੀ ਹੈ’ ਉਦੋਂ ਬੜਾ ਲਿਖਿਆ। ਕਵਿਤਾ ਵੀ ਲਿਖੀ, ਕਹਾਣੀਆਂ ਵੀ ਤੇ ਇੱਕ ਨਾਵਲ ਵੀ। ਪਰ ਜਦੋਂ ਥੋੜ੍ਹੀ ਥੋੜ੍ਹੀ ਅਕਲ ਜਿਹੀ ਆਉਣ ਲੱਗੀ ਤਾਂ ਪਤਾ ਲੱਗਾ ਕਿ ਲਿਖਣਾ ਕੋਈ ਛੋਕਰਿਆਂ ਦੀ ਖੇਡ ਨਹੀਂ। ‘ਲੋਹੇ ਦੇ ਹੱਥ’ ਕਹਾਣੀ-ਸੰਗ੍ਰਿਹ (1971) ਪ੍ਰਕਾਸ਼ਿਤ ਕਰਨਾ ਸੀ ਤਾਂ ਉਦੋਂ ਤੱਕ ਲਿਖੀਆਂ ਗਈਆਂ ਲਗਭਗ ਪੰਜ ਦਰਜਨ ਕਹਾਣੀਆਂ ਦੇ ‘ਥੱਬੇ’ ਵਿਚੋਂ ਚੋਣ ਕਰਨੀ ਪਈ ਤਾਂ ਮਸਾਂ ਅੱਸੀ ਕੁ ਕਿਤਾਬੀ ਸਫਿਆਂ ਜੋਗੀਆਂ ਦਸ ਕੁ ਕਹਾਣੀਆਂ ਹੀ ਕੰਮ ਦੀਆਂ ਲੱਭੀਆਂ। ਬਾਕੀ ਕਹਾਣੀਆਂ ਅਤੇ ਲਿਖਿਆ ਹੋਇਆ ਹੋਰ ਮਸਾਲਾ ਮੈਂ ਮਾਂ ਨੂੰ ਚੁੱਲ੍ਹੇ ਵਿਚ ਅੱਗ ਬਾਲਣ ਲਈ ਸਹਾਇਕ ਸਮੱਗਰੀ ਦੇ ਤੌਰ ‘ਤੇ ਵਰਤਣ ਲਈ ਦੇ ਦਿੱਤਾ। ਉਸ ਤੋਂ ਬਾਅਦ ਮੈਂ ਬਹੁਤ ਹੀ ਧੀਮੀ ਗਤੀ ਨਾਲ ਲਿਖਿਆ। 1970 ਤੋਂ 2010 ਤੱਕ ਚਾਲੀ ਸਾਲਾਂ ਵਿਚ ਕੇਵਲ ਚਵ੍ਹੀ ਕਹਾਣੀਆਂ ਲਿਖੀਆਂ ਹਨ। ਪਹਿਲਾਂ ਵੀ ਕਈ ਵਾਰ ਕਹਾਣੀ ਲਿਖਣ ਵਿਚ ਤਿੰਨ ਤੋਂ ਪੰਜ ਸਾਲ ਤੱਕ ਦਾ ਵਕਫਾ ਪੈ ਜਾਂਦਾ ਸੀ ਪਰ ਜਿਹੜੇ ‘ਚੱਕਾ-ਜਾਮ’ ਦੀ ਤੁਸੀਂ ਗੱਲ ਕਰ ਰਹੇ ਓ, ਇਹ 2000 ਸੰਨ ਤੋਂ ਬਾਅਦ ਦਾ ਸਮਾਂ ਹੈ। ਇਸ ਦੌਰ ਵਿਚ ਮੈਂ ਕਈ ਸਾਲ ਕਹਾਣੀ ਨਹੀਂ ਲਿਖੀ। ਉਂਜ ਇਨ੍ਹਾਂ ਸਾਲਾਂ ਵਿਚ ਮੈਂ ਅਸਲੋਂ ਚੁੱਪ ਕਰਕੇ ਨਹੀਂ ਬੈਠਾ ਰਿਹਾ। ਇਕ ਸਫਰਨਾਮਾ ‘ਵਗਦੀ ਏ ਰਾਵੀ’ ਲਿਖਿਆ। ਪੰਜਾਬੀ ਯੂਨੀਵਰਸਿਟੀ ਲਈ ‘ਸਾਹਿਤਕ ਸਵੈਜੀਵਨੀ’ ਲਿਖੀ। ਆਪਣੇ ਜੀਵਨ ਦੇ ਸੰਕਟਕਾਲੀਨ ਸਮਿਆਂ ਨੂੰ ਸਵੈਜੀਵਨਕ ਬਿਰਤਾਂਤ ਵਿਚ ਉਲੀਕਿਆ। ਆਲੋਚਨਾ ਵੀ ਕੀਤੀ ਤੇ ਆਲੋਚਨਾ ਦੀਆਂ ਦੋ ਕਿਤਾਬਾਂ ‘ਪੜ੍ਹਿਆ-ਵਾਚਿਆ’ ਅਤੇ ‘ਨਾਵਲਕਾਰ ਸੋਹਣ ਸਿੰਘ ਸੀਤਲ’ ਵੀ ਛਪੀਆਂ। ਹਾਂ, ਕਹਾਣੀ ਮੈਂ ਨਾ ਲਿਖੀ। ਤੁਸੀਂ ਪੁੱਛਦੇ ਹੋ, ਕੀ ਚੱਕਾ ਜਾਮ ਦੀ ਇਹ ਕਿਰਿਆ ਹਰ ਲੇਖਕ ਨਾਲ ਵਾਪਰਦੀ ਹੈ? ਸੁਣਿਆਂ ਤਾਂ ਇੰਜ ਹੀ ਹੈ ਕਿ ਹੋਰਾਂ ਨਾਲ ਵੀ ਕਦੀ-ਕਦੀ ਇੰਜ ਵਾਪਰਦੀ ਹੈ। ਹਰੇਕ ਦੇ ਕਾਰਨ ਵੀ ਵੱਖਰੇ-ਵੱਖਰੇ ਹੋਣਗੇ। ਮੈਂ ਤਾਂ ਆਪਣੇ ਬਾਰੇ ਹੀ ਦੱਸ ਸਕਦਾਂ। ਮੇਰੀ ਆਪਣੀ ਸਦਾ ਹੀ ਸਮੱਸਿਆ ਰਹੀ ਹੈ ਕਿ ਮੈਂ ਨਾ ਤਾਂ ‘ਹਰ-ਵਰ੍ਹਿਆਈ’ ਮੱਝ ਵਾਂਗ ਹਰ ਸਾਲ ਕੋਈ ਕਿਤਾਬ ਸੂਣ ਦੀ ਕਦੀ ਯੋਜਨਾ ਬਣਾਈ ਹੈ ਤੇ ਨਾ ਹੀ ਉਤੋੜਿਤੀ ਬੱਚਿਆਂ ਦੇ ਢੇਰ ਜਣਨ ਵਾਂਗ ਵੱਡੀ ਗਿਣਤੀ ਵਿਚ ‘ਕਹਾਣੀਆਂ’ ਜਣਨ ਦੀ ਕਦੀ ਕੋਈ ਅਭਿਲਾਸ਼ਾ ਰਹੀ ਹੈ। ਕਾਰਨ ਇਸ ਦਾ ਇਹ ਸੀ ਕਿ ਮੈਨੂੰ ਸਮਝ ਪੈ ਗਈ ਸੀ ਕਿ ਨਿਰੀ ‘ਗਿਣਤੀ’ ਕੋਈ ਅਰਥ ਨਹੀਂ ਰੱਖਦੀ। ਜਿਉਂ ਜਿਉਂ ਸਮਾਂ ਅੱਗੇ ਤੁਰਦਾ ਰਿਹਾ, ਤਿਉਂ ਤਿਉਂ ਮੈਨੂੰ ਲੱਗਦਾ ਰਿਹਾ ਕਿ ਲਿਖਣਾ ਤਾਂ ਕੰਮ ਈ ਬੜਾ ਔਖਾ ਹੈ। ਐਵੇਂ ਝੱਖ ਮਾਰਨ ਨਾਲੋਂ ਮੈਂ ਚੁੱਪ ਰਹਿਣਾ ਬਿਹਤਰ ਸਮਝਦਾ ਰਿਹਾ। ਸੋਚਦਾਂ, ਜੇ ਪੰਜਾਹ ਕਹਾਣੀਆਂ ਲਿਖ ਕੇ ਵੀ, ਮਸਾਂ ਮਰ ਕੇ, ‘ਮੰਨੀਆਂ’ ਜਾਂ ‘ਪਰਵਾਨੀਆਂ’ ਤਾਂ ਪੰਜ ਕੁ ਹੀ ਜਾਣੀਆਂ ਨੇ ਤਾਂ ਵਾਧੂ ਦੀਆਂ ਪੰਜਤਾਲੀ ਕਹਾਣੀਆਂ ਲਿਖ ਕੇ ਆਪਣਾ ਤੇ ਪਾਠਕਾਂ ਦਾ ਸਮਾਂ ਖਰਾਬ ਕਿਉਂ ਕਰਨਾ ਹੋਇਆ! ਮੈਂ ਇਹ ਵੀ ਸੋਚਦਾ ਹਾਂ ਕਿ ਪੰਜਾਬੀ ਕਹਾਣੀ ਵਿਚ ਜੇ ਕੁਝ ਨਵਾਂ ਤੇ ਵੱਖਰਾ ਜੋੜ ਨਹੀਂ ਸਕਦਾ ਤੇ ਆਪਣੇ ਹੀ ਕਾਇਮ ਕੀਤੇ ਮਿਆਰ ਦੇ ਬਰਾਬਰ ਉਤਰ ਨਹੀਂ ਸਕਦਾ ਤਾਂ ਮੇਰੀ ਖਾਮੋਸ਼ੀ ਨਾਲ ਪੰਜਾਬੀ ਕਹਾਣੀ ਦਾ ਕੁਝ ਵਿਗੜਨ ਨਹੀਂ ਲੱਗਾ। ਇਹ ਵੱਖਰੀ ਗੱਲ ਹੈ ਕਿ ਦਰਜਨ ਭਰ ਕਹਾਣੀਆਂ ਮੇਰੇ ਅੰਦਰ ਹਰ ਵੇਲੇ ਕੁਲਬੁਲਾਉਂਦੀਆਂ ਰਹਿੰਦੀਆਂ ਨੇ। ਪਰ ਜਦੋਂ ਮੈਂ ਕਲਮ ਚੁੱਕਣ ਲੱਗਦਾਂ ਤਾਂ ਮੇਰੀਆਂ ਪਹਿਲੀਆਂ ਕਹਾਣੀਆਂ ਦੇ ਕੱਦ, ਉਨ੍ਹਾਂ ਨੂੰ ਪਾਠਕਾਂ-ਆਲੋਚਕਾਂ ਵੱਲੋਂ ਮਿਲੀ ਵਿਆਪਕ ਪ੍ਰਵਾਨਗੀ ਤੇ ਪ੍ਰਸ਼ੰਸਾ ਕਰਕੇ ਲਿਖਣ ਤੋਂ ਡਰਨ ਲੱਗਦਾਂ। ਇਹ ਡਰ ਮੈਨੂੰ ਸਦਾ ਹੀ ਕਲਮ ਚੁੱਕਣ ਤੋਂ ਰੋਕ ਦਿੰਦਾ ਰਿਹਾ ਹੈ।
ਮੈਂ ਸਾਲਾਂ ਬੱਧੀ ਮਨ ਵਿਚ ਹੀ ਕਹਾਣੀਆਂ ਲਿਖਦਾ ਰਿਹਾਂ। ਜਦੋਂ ਮੈਨੂੰ ਭਰੋਸਾ ਹੁੰਦਾ ਰਿਹਾ ਕਿ ਹਾਂ, ਹੁਣ ਗੱਲ ਬਣ ਗਈ ਹੈ, ਤਾਂ ਹੀ ਕਹਾਣੀ ਨੂੰ ਕਾਗਜ਼ ‘ਤੇ ਉਤਾਰਦਾ ਰਿਹਾਂ। ਇਸ ਲਈ ਮੈਂ ਹਰੇਕ ਕਹਾਣੀ ਤੋਂ ਬਾਅਦ ਚੰਗੀ ਕਹਾਣੀ ਦਾ ਨਵਾਂ ਮਾਪ-ਦੰਡ ਆਪ ਹੀ ਆਪਣੇ ਲਈ ਸਿਰਜ ਲੈਂਦਾ ਰਿਹਾਂ। ਪਿਛਲੇ ਦਹਾਕੇ ‘ਚ ਇਹ ਖੌਫ ਕੁਝ ਜ਼ਿਆਦਾ ਹੀ ਸਤਾਉਣ ਲੱਗਾ ਤਾਂ ਮੈਂ ਕਹਾਣੀ ਤੋਂ ਥੋੜ੍ਹੀ ਟੇਢ ਵੱਟ ਕੇ ਵਾਰਤਕ ਵੱਲ ਮੋੜਾ ਪਾ ਲਿਆ। ਮੇਰੇ ਮਨ ਵਿਚ ਬੜੇ ਸਾਲਾਂ ਦੀ ਕੁਲਬਲਾਹਟ ਹੈ ਕਿ ਮੈਂ ਨਾਵਲ ਲਿਖਾਂ, ਪਰ ਨਾਵਲ ਵੀ ਕਹਾਣੀ ਵਾਂਗ ਨਵਾਂ ਤੇ ਵੱਖਰਾ ਹੋਵੇ। ਇਹ ਵੀ ਕਿਹੜਾ ਸੌਖਾ ਕੰਮ ਹੈ! ਕੀ ਲਿਖਾਂ? ਕਹਾਣੀ ਕਿ ਨਾਵਲ? ਇਸ ਦੁਬਿਧਾ ਵਿਚੋਂ ਵੀ ਨਿਕਲਣਾ ਔਖਾ ਸੀ। ਸੋਚਦਾ ਰਿਹਾ, ਸੋਚੀ ਗਿਆ ਪਰ ਰਾਹ ਨਾ ਲੱਭਾ। ਸੋ ਖਾਮੋਸ਼ ਰਿਹਾ। ਫਿਰ ਇਹ ਵੀ ਖਿਆਲ ਆਉਂਦਾ ਕਿ ਲਿਖ-ਲਿਖ ਕੇ ਅੱਗੇ ਕਿਹੜੇ ਪਹਾੜ ਢਾਹ ਲਏ ਨੇ! ਜੇ ਤੇਰੇ ਮਨ ਵਿਚ ਲਿਖ ਕੇ ਕੋਈ ‘ਅਮਰ ਹੋਣ’ ਦੀ ਇੱਛਾ ਹੈ ਤਾਂ ਇਹ ਵੀ ਐਵੇਂ ਭਰਮ ਹੈ। ਇਥੇ ਕੌਣ ਕਿਸੇ ਨੂੰ ਯਾਦ ਰੱਖਦਾ ਹੈ। ਵੱਡੇ ਵੱਡੇ ‘ਲੱਦ ਗਏ’, ਉਨ੍ਹਾਂ ਦਾ ਕੋਈ ਨਾਂ ਤੱਕ ਨਹੀਂ ਲੈਂਦਾ। ਤੂੰ ਕਿਸ ਬਾਗ ਦੀ ਮੂਲੀ ਏਂ! ਫਿਰ ਏਨੇ ਨਾਲ ਹੀ ਤਸੱਲੀ ਹੋ ਜਾਂਦੀ ਕਿ ਜਿੰਨਾ ਲਿਖਿਆ ਏ, ਉਹਦੇ ਤੋਂ ਜਿੰਨਾ ਮਾਣ-ਸਨਮਾਨ ਮਿਲ ਗਿਆ, ਉਹੋ ਹੀ ਬਹੁਤ ਹੈ। ਜਿੰਨਾ ਨ੍ਹਾਤੀ ਓਨਾ ਪੁੰਨ!
ਪਰ ਇਨ੍ਹਾਂ ਵਰ੍ਹਿਆਂ ਵਿਚ ਮੇਰੇ ਕਹਾਣੀ ਦੇ ਪਾਠਕ ਮੇਰੇ ਕੋਲੋਂ ਬੜੀ ਤੀਬਰਤਾ ਨਾਲ ਕਹਾਣੀ ਦੀ ਉਮੀਦ ਤੇ ਮੰਗ ਰੱਖਦੇ ਰਹੇ। ਮੈਂ ਉਪਰ ਦੱਸੇ ਬਹਾਨਿਆਂ ਨਾਲ ਉਨ੍ਹਾਂ ਨੂੰ ਤੇ ਆਪਣੇ ਆਪ ਨੂੰ ਟਾਲਦਾ ਰਿਹਾ। ਇਹ ਵੀ ਆਖਦਾ ਕਿ ਮੇਰਾ ਤਾਂ ਹੁਣ ‘ਸਵਾਰੀ’ ਕਰਨ ਨੂੰ ਮਨ ਈ ਨਹੀਂ ਕਰਦਾ। ਪਰ ਹਕੀਕਤ ਇਹ ਸੀ, ਬਹਾਨਾ ਭਾਵੇਂ ਕੋਈ ਹੋਵੇ, ਮੇਰਾ ਚੱਕਾ ਜਾਮ ਹੋਇਆ ਪਿਆ ਸੀ। ਮੇਰੇ ਕੁਝ ‘ਸ਼ੁਭ-ਚਿੰਤਕਾਂ’ ਦੀ ਇਕ ਛੋਟੀ ਜਿਹੀ ਜੁੰਡਲੀ ਬੜੇ ਚਿਰ ਤੋਂ ਮੇਰੀ ਖਾਮੋਸ਼ੀ ਨੂੰ ਬਹਾਨਾ ਬਣਾ ਕੇ ਇਹ ਸਾਬਤ ਕਰਨ ‘ਤੇ ਲੱਗੀ ਹੋਈ ਸੀ ਕਿ ਮੈਂ ਕੋਈ ‘ਮਰਿਆ-ਮੁੱਕਿਆ’ ਤੇ ‘ਭੁੱਲਿਆ-ਵਿੱਸਰਿਆ’ ਕਹਾਣੀਕਾਰ ਹੋ ਗਿਆਂ। ਪਿਛਲੇ ਸਾਲ ਉਨ੍ਹਾਂ ਕੁਝ ਜ਼ਿਆਦਾ ਹੀ ਰੌਲਾ ਪਾਇਆ ਤਾਂ ਮੇਰੇ ਅੰਦਰ ਖੌਲ ਰਹੀਆਂ ਕਹਾਣੀਆਂ ਮੇਰੇ ਨਾਲ ਗੁੱਸੇ ਹੋ ਕੇ ਆਖਣ ਲੱਗੀਆਂ, ‘ਇੰਜ ਮਿਹਣੇ ਈ ਸੁਣਦਾ ਰਹੇਂਗਾ ਕਿ ਸਾਨੂੰ ਬਾਹਰ ਆਉਣ ਦਾ ਰਾਹ ਵੀ ਦੇਵੇਂਗਾ! ਅੰਦਰੇ ਈ ਨਾ ਮਾਰ ਸੁੱਟੀਂ। ਸਾਨੂੰ ਬਾਹਰ ਆਉਣ ਦੇਹ।’ ਤੇ ਮੈਂ ਕਹਾਣੀਆਂ ਨੂੰ ਬਾਹਰ ਆਉਣ ਲਈ ਰਾਹ ਦੇ ਦਿੱਤਾ ਹੈ। ਇਸ ਨਾਲ ਮੇਰੇ ਚੱਕੇ ਨੂੰ ਤੇਲ ਮਿਲ ਗਿਆ ਤੇ ਹੁਣ ਇਹ ਮੁੜ ਤੋਂ ਰਵਾਂ ਹੋ ਗਿਐ।”
ਸ਼ੁਕਰ ਹੈ, ਵਰਿਆਮ ਦਾ ਚੱਕਾ ਮੁੜ ਤੋਂ ਰਵਾਂ ਹੋ ਗਿਐ! ਜੇ ਜਾਮ ਨਾ ਹੁੰਦਾ ਫੇਰ ਭਲਾ ਕੀ ਹੁੰਦਾ? ਫੇਰ ਤਾਂ ‘ਨ੍ਹੇਰੀ ਲਿਆ ਦੇਣੀ ਸੀ ਵੀਰ ਮੇਰੇ ਨੇ। ਹੋ ਸਕਦੈ ਗਿੱਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ ਵਿਚ ਐਂਟਰੀ ਪਾਉਣੀ ਪੈਂਦੀ! ਆਓ ਰਤਾ ਚੱਕਾ ਜਾਮ ਹੋਏ ਵਰਿਆਮ ਦੀਆਂ ਰਚੀਆਂ ਰਚਨਾਵਾਂ ‘ਤੇ ਝਾਤ ਮਾਰੀਏ। ਉਹਦੀਆਂ ਪ੍ਰਕਾਸ਼ਤ ਪੁਸਤਕਾਂ ‘ਚ ਵੱਖ-ਵੱਖ ਸਾਹਿਤ ਰੂਪਾਂ ਦੇ ਤਿੰਨ ਦਰਜਨ ਦੇ ਕਰੀਬ ਟਾਈਟਲ ਪਏ ਦਿਸਦੇ ਹਨ। ਉਹ ਕਹਾਣੀਕਾਰ ਹੀ ਨਹੀਂ, ਸਗੋਂ ਸਰਬਾਂਗੀ ਸਾਹਿਤਕਾਰ ਹੈ। ਸੰਪਾਦਕ ਹੈ, ਆਲੋਚਕ ਹੈ, ਸਫਰਨਾਮੀਆ, ਖੋਜਕਾਰ, ਨਿਬੰਧਕਾਰ, ਜੀਵਨੀਕਾਰ, ਸਵੈਜੀਵਨੀਕਾਰ ਤੇ ਇਤਿਹਾਸਕਾਰ ਵੀ ਹੈ। ਅਨੁਵਾਦਕ ਬਣਨਾ ਹੀ ਬਾਕੀ ਹੈ! ਕੀ ਪਤਾ ਮਨ ਵਿਚਲੀ ਕੁਲਬਲਾਹਟ ਨਾਵਲ ਵੀ ਲਿਖਵਾ ਦੇਵੇ?
ਜੇ ਇਕ ਬੰਨੇ ਕਹਾਣੀਆਂ ਦੇ ਟਾਈਟਲ: ‘ਲੋਹੇ ਦੇ ਹੱਥ’, ‘ਅੰਗ-ਸੰਗ’, ‘ਭੱਜੀਆਂ ਬਾਹੀਂ’, ‘ਚੌਥੀ ਕੂਟ’, ‘ਚੋਣਵੀਆਂ ਕਹਾਣੀਆਂ’, ‘ਤਿਲ-ਫੁੱਲ’, ‘ਤਿਲ-ਫੁੱਲ ਤੇ ਹੋਰ ਕਹਾਣੀਆਂ’, ਸ਼ਾਹਮੁਖੀ ਲਿਪੀ ਵਿਚ ‘ਦਲਦਲ’, ਹਿੰਦੀ ਵਿਚ ‘ਚੌਥੀ ਦਿਸ਼ਾ’, ‘ਵਰਿਆਮ ਸਿੰਹ ਸੰਧੂ ਕੀ ਸ੍ਰੇਸ਼ਠ ਕਹਾਨੀਆਂ’, ‘ਵਾਪਸੀ’ ਅਤੇ ਅੰਗਰੇਜ਼ੀ ਵਿਚ ਛਪੇ ਦੋ ਕਹਾਣੀ ਸੰਗ੍ਰਿਹ ‘ਸਿਲੈਕਟਿਡ ਸ਼ੌਰਟ ਸਟੋਰੀਜ਼ ਆਫ ਵਰਿਆਮ ਸਿੰਘ ਸੰਧੂ’ ਤੇ ‘ਦਿ ਫੋਰਥ ਡਾਇਰੈਕਸ਼ਨ ਐਂਡ ਅਦਰ ਸਟੋਰੀਜ਼’ ਪਏ ਹਨ ਤਾਂ ਦੂਜੇ ਬੰਨੇ ਸੰਪਾਦਿਤ ਸੰਗ੍ਰਿਹ ‘ਕਰਵਟ’, ‘ਕਥਾ-ਧਾਰਾ’, ‘ਆਤਮ-ਅਨਾਤਮ’, ‘ਕਥਾ-ਰੰਗ’, ‘ਆਜ਼ਾਦੀ ਤੋਂ ਬਾਅਦ ਦੀ ਪੰਜਾਬੀ ਕਹਾਣੀ’, ‘ਪੰਜਾਬੀ ਕਹਾਣੀ ਆਲੋਚਨਾ-ਰੂਪ ਤੇ ਰੁਝਾਨ’, ‘ਦਾਇਰਾ’, ‘ਵੀਹਵੀਂ ਸਦੀ ਦੀ ਪੰਜਾਬੀ ਵਾਰਤਕ’, ‘ਭਗਤ ਸਿੰਘ ਦੀ ਪਛਾਣ’, ‘ਅਲਵਿਦਾ! ਗੁਰਬਖਸ਼ ਸਿੰਘ ਬੰਨੋਆਣਾ’, ‘ਪੰਜਾਬੀ ਵਾਰਤਕ ਦਾ ਉਚਾ ਬੁਰਜ ਸਰਵਣ ਸਿੰਘ’ ਅਤੇ ਸੁਰ ਸਿੰਘ ਦੇ ਗਦਰੀ ਯੋਧਿਆਂ ਦੀ ਯਾਦ ਵਿਚ ਗਦਰ ਸ਼ਤਾਬਦੀ ਕਮੇਟੀ ਟੋਰਾਂਟੋ ਤੇ ਦੇਸ਼ਭਗਤ ਯਾਦਗਾਰ ਕਮੇਟੀ ਜਲੰਧਰ ਵੱਲੋਂ ਪ੍ਰਕਾਸ਼ਤ ਸਾਲ-2013 ਦੇ ਕੈਲੰਡਰ ਵਾਸਤੇ ‘ਗਦਰ ਪਾਰਟੀ ਦਾ ਸੰਖੇਪ ਇਤਿਹਾਸ’ ਆਦਿ ਪਏ ਹਨ। ‘ਗਦਰ ਸ਼ਤਾਬਦੀ ਕੈਲੰਡਰ’ ਵਿਚ ਗਦਰ ਲਹਿਰ ਦੀਆਂ ਅਹਿਮ ਘਟਨਾਵਾਂ ਨੂੰ ਤਾਰੀਕਵਾਰ ਲਿਖਿਆ ਗਿਆ ਜਿਸ ਦੀਆਂ 75 ਹਜ਼ਾਰ ਕਾਪੀਆਂ ਲੋਕਾਂ ਦੇ ਘਰਾਂ ਦਾ ਸ਼ਿੰਗਾਰ ਬਣੀਆਂ।
ਇਤਿਹਾਸਕਾਰ ਵਜੋਂ ‘ਗਦਰ ਲਹਿਰ ਦੀ ਗਾਥਾ’ ਤੇ ‘ਗਦਰੀ ਬਾਬੇ ਕੌਣ ਸਨ’ ਪੁਸਤਕਾਂ ਪਈਆਂ ਹਨ। ਜੀਵਨੀਕਾਰ ਵਜੋਂ ‘ਗਦਰੀ ਜਰਨੈਲ ਕਰਤਾਰ ਸਿੰਘ ਸਰਾਭਾ’, ‘ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ’, ‘ਕੁਸ਼ਤੀ ਦਾ ਧਰੂ-ਤਾਰਾ ਕਰਤਾਰ’, ਹਿੰਦੀ ਵਿਚ ‘ਕੁਸ਼ਤੀ ਕਾ ਧਰੁਵ-ਤਾਰਾ ਕਰਤਾਰ ਸਿੰਹ’ ਜੀਵਨੀਆਂ ਤੇ ਮੇਰੀ ਸਾਹਿਤਕ ਸਵੈਜੀਵਨੀ ਪਈ ਹੈ, ਉਥੇ ‘ਗੁਫਾ ਵਿਚਲੀ ਉਡਾਣ’ ਵਰਗਾ ਸਵੈਜੀਵਨਕ ਬਿਰਤਾਂਤ ਵੀ ਪਿਆ ਹੈ। ਦੋ ਸਫਰਨਾਮੇ ‘ਪਰਦੇਸੀ ਪੰਜਾਬ’ ਤੇ ‘ਵਗਦੀ ਏ ਰਾਵੀ’ ਪਏ ਦਿਸਦੇ ਹਨ। ਆਲੋਚਕ ਵਜੋਂ ‘ਕੁਲਵੰਤ ਸਿੰਘ ਵਿਰਕ ਦਾ ਕਹਾਣੀ ਸੰਸਾਰ’, ‘ਨਾਵਲਕਾਰ ਸੋਹਣ ਸਿੰਘ ਸੀਤਲ-ਸਮਾਜ ਸ਼ਾਸ਼ਤਰੀ ਪਰਿਪੇਖ’ ਅਤੇ ‘ਪੜ੍ਹਿਆ-ਵਾਚਿਆ’ ਪੁਸਤਕਾਂ ਦੇ ਟਾਈਟਲ ਪਏ ਦਿਸਦੇ ਹਨ। ਭਾਰਤੀ ਭਾਸ਼ਾਵਾਂ ਦੀਆਂ ਚੋਟੀ ਦੀਆਂ ਕਹਾਣੀਆਂ ਦੇ ਅੰਗਰੇਜ਼ੀ ਸੰਗ੍ਰਿਹ ਵਿਚ ਪੰਜਾਬੀ ਦੀ ਇਕੋ ਇਕ ਕਹਾਣੀ ਵਰਿਆਮ ਸੰਧੂ ਦੀ ਹੀ ਸ਼ਾਮਲ ਕੀਤੀ ਗਈ ਹੈ।
ਉਸ ਦੀਆਂ ਕਹਾਣੀਆਂ ‘ਤੇ ਆਧਾਰਤ ਸਟੇਜੀ ਨਾਟਕ ਤੇ ਰੇਡੀਓ ਨਾਟਕ ਖੇਡੇ ਜਾ ਰਹੇ ਹਨ ਅਤੇ ਟੈਲੀ ਫਿਲਮਾਂ ਵਿਖਾਈਆਂ ਜਾ ਰਹੀਆਂ ਹਨ। ਨੈਸ਼ਨਲ ਅਵਾਰਡ ਜੇਤੂ ਫਿਲਮ ‘ਚੌਥੀ ਕੂਟ’ ਨੂੰ ਵਿਸ਼ਵ ਪੱਧਰੀ ਫਿਲਮ ਜਗਤ ‘ਚ ਮਾਨਤਾ ਮਿਲੀ ਹੈ। ਉਸ ਦੀ ਕਹਾਣੀ ਕਲਾ ਬਾਰੇ ਹੋਰਨਾਂ ਲੇਖਕਾਂ/ਆਲੋਚਕਾਂ ਵੱਲੋਂ ਲਿਖੀਆਂ ਪੁਸਤਕਾਂ ਦੀ ਗਿਣਤੀ ਹੀ ਦਰਜਨ ਦੇ ਕਰੀਬ ਹੈ। ਉਹਦੀ ਕਹਾਣੀ ਕਲਾ ਉਤੇ ਦਰਜਨ ਕੁ ਖੋਜ ਪ੍ਰਬੰਧ (ਥੀਸਸ) ਵੀ ਲਿਖੇ ਜਾ ਚੁਕੇ ਹਨ। ਉਹਦੀਆਂ ਕਿਤਾਬਾਂ, ਕਹਾਣੀਆਂ ਤੇ ਫੁਟਕਲ ਰਚਨਾਵਾਂ ਸਕੂਲਾਂ ਤੇ ਯੂਨੀਵਰਸਿਟੀਆਂ ਦੇ ਕੋਰਸਾਂ ਵਿਚ ਪੜ੍ਹਾਈਆਂ ਜਾ ਰਹੀਆਂ ਹਨ। ਵਰਿਆਮ ਸਿੰਘ ਸੰਧੂ ਬਤੌਰ ਕਹਾਣੀਕਾਰ ਆਈ. ਏ. ਐਸ਼ ਦੇ ਇਮਤਿਹਾਨਾਂ ਲਈ ਸਿਲੇਬਸ ਵਿਚ ਸ਼ਾਮਲ ਹੈ। ਗਦਰ ਲਹਿਰ ਬਾਰੇ ਉਹ ਪ੍ਰਾਈਮ ਏਸ਼ੀਆ ਟੀ. ਵੀ. ਚੈਨਲ ‘ਤੇ ਸਵਾ ਸੌ ਘੰਟਿਆਂ ਤੋਂ ਵੱਧ ਦੀ ਰਿਕਾਰਡਿੰਗ ਕਰਾ ਚੁਕੈ। 2012 ਤੋਂ 17 ਤੱਕ ਕਾਲਜਾਂ, ਯੂਨੀਵਰਸਿਟੀਆਂ ਅਤੇ ਵਿਦੇਸ਼ੀ ਮੰਚਾਂ ਉਤੇ ਗਦਰ ਲਹਿਰ ਬਾਰੇ ਸੌ ਦੇ ਕਰੀਬ ਭਾਸ਼ਣ ਦੇ ਚੁਕੈ। ਕਹਾਣੀ ਉਤਸਵ ਤੇ ਗਦਰੀ ਮੇਲੇ ਕਰਵਾ ਚੁਕੈ। ਨਾਲ ‘ਸੀਰਤ’ ਮੈਗਜ਼ੀਨ ਚਲਾਈ ਜਾਂਦੈ। ਰੇਡੀਓ, ਟੀ. ਵੀ. ਲਈ ਇੰਟਰਵਿਊ ਵੀ ਦੇਈ ਜਾ ਰਿਹੈ ਤੇ ਪਾਠਕਾਂ/ਸਰੋਤਿਆਂ ਦੇ ਰੂਬਰੂ ਵੀ ਹੋਈ ਜਾ ਰਿਹੈ। ਅਜੇ ਉਹਦਾ ਚੱਕਾ ਜਾਮ ਐ! ਕਾਸ਼! ਉਹਦੇ ਸਮਕਾਲੀ ਲੇਖਕਾਂ ਦਾ ਵੀ ਉਹਦੇ ਵਾਂਗ ਚੱਕਾ ਜਾਮ ਹੋਵੇ!
(ਚਲਦਾ)