ਪੈਰਾਡਾਈਸ ਖੁਲਾਸਾ, ਕਾਲਾ ਧਨ ਅਤੇ ਸੰਘ ਬ੍ਰਿਗੇਡ

ਬੂਟਾ ਸਿੰਘ
ਫੋਨ: +91-94634-74342
ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿਚ ਸੰਘ ਬ੍ਰਿਗੇਡ ਦੀ ਚੋਣ ਮੈਦਾਨ ਫ਼ਤਿਹ ਕਰਨ ਦੀਆਂ ਧੂੰਆਂਧਾਰ ਮੁਹਿੰਮ ਲਈ ਨਿੱਤ ਨਵੀਆਂ ਮੁਸ਼ਕਲਾਂ ਖੜ੍ਹੀਆਂ ਹੋ ਰਹੀਆਂ ਹਨ। ਜਦੋਂ ਨੋਟਬੰਦੀ ਰਾਹੀਂ ਕਾਲਾ ਧਨ ਖ਼ਤਮ ਕੀਤੇ ਜਾਣ ਨੂੰ ਮੋਦੀ ਸਰਕਾਰ ਦਾ ਵੱਡਾ ਹਾਸਲ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਤਾਂ ਨਵੇਂ ਤੋਂ ਨਵੇਂ ਖ਼ੁਲਾਸਿਆਂ ਨਾਲ ਮੋਦੀ ਵਜ਼ਾਰਤ ਹੋਰ ਜ਼ਿਆਦਾ ਵਿਵਾਦਾਂ ਵਿਚ ਘਿਰ ਰਹੀ ਹੈ ਅਤੇ ਇਸ ਦੇ ਦਾਅਵਿਆਂ ਦਾ ਥੋਥ ਤੇ ਭ੍ਰਿਸ਼ਟਾਚਾਰੀ ਚਿਹਰਾ ਹੋਰ ਉਘੜਦਾ ਜਾ ਰਿਹਾ ਹੈ।

ਅਮਿਤ ਸ਼ਾਹ ਦੇ ਫਰਜ਼ੰਦ ਜੈ ਸ਼ਾਹ ਦੀ ਕਾਰੋਬਾਰੀ ‘ਤਰੱਕੀ’ ਦੇ ਘੁਟਾਲੇ ਦਾ ਕਲੰਕ ਅਜੇ ਫਿੱਕਾ ਨਹੀਂ ਸੀ ਪਿਆ ਕਿ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਦੇ ਫ਼ਰਜ਼ੰਦ ਸ਼ੌਰਿਆ ਡੋਵਾਲ ਵਲੋਂ ਚਲਾਈ ਜਾ ਰਹੀ ਸੰਸਥਾ ‘ਇੰਡੀਆ ਫਾਊਂਡੇਸ਼ਨ’ ਵਿਵਾਦਾਂ ਵਿਚ ਘਿਰ ਗਈ। ਇਸ ਦੇ ਸੰਚਾਲਕਾਂ ਵਿਚ ਭਾਜਪਾ ਦਾ ਜਨਰਲ ਸਕੱਤਰ ਰਾਮ ਮਾਧਵ ਅਤੇ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਵੀ ਹਨ। ਮਗਰੇ ਹੀ ਪੈਰਾਡਾਈਸ ਪੇਪਰਜ਼ ਦੇ ਖ਼ੁਲਾਸੇ ਨੇ ਸੰਘ ਬ੍ਰਿਗੇਡ ਦੇ ਨੋਟਬੰਦੀ ਦੇ ਧੂਮ-ਧੜੱਕੇ ਵਾਲੇ ਜਸ਼ਨਾਂ ਦੀਆਂ ਤਿਆਰੀਆਂ ਦੇ ਰੰਗ ਵਿਚ ਭੰਗ ਪਾ ਦਿੱਤਾ ਹੈ। ਜਿਨ੍ਹਾਂ ਸ਼ਖਸਾਂ ਦੇ ਨਾਂ ਖ਼ੁਲਾਸੇ ਦੀ ਪਹਿਲੀ ਕਿਸ਼ਤ ਵਿਚ ਜੱਗ ਜ਼ਾਹਰ ਕੀਤੇ ਗਏ ਹਨ, ਉਨ੍ਹਾਂ ਵਿਚ ਭਾਜਪਾ ਦੇ ਮੰਤਰੀ ਜੈਯੰਤ ਸਿਨਹਾ ਅਤੇ ਕਾਰਤੀ ਚਿਦੰਬਰਮ ਵੀ ਸ਼ਾਮਲ ਹੈ। ਕਾਰਤੀ ਚਿਦੰਬਰਮ ਸੋਨੀਆ-ਮਨਮੋਹਨ ਸਿੰਘ ਸਰਕਾਰ ਦੇ ਵਿੱਤ ਮੰਤਰੀ ਰਹਿ ਚੁੱਕੇ ਪੀ. ਚਿਦੰਬਰਮ ਦਾ ਫ਼ਰਜ਼ੰਦ ਹੈ ਜਿਸ ਦੇ ਆਈ.ਐਨ.ਐਕਸ਼ ਮੀਡੀਆ ਘੁਟਾਲੇ ਦੀ ਜਾਂਚ ਸੀ.ਬੀ.ਆਈ. ਅਤੇ ਐਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਕੀਤੀ ਜਾ ਰਹੀ ਹੈ। ਜੈਯੰਤ ਸਿਨਹਾ ਦਾ ਮਾਮਲਾ ਹੋਰ ਵੀ ਰੌਚਕ ਹੈ ਜਿਸ ਨੂੰ ਹਾਲ ਹੀ ਵਿਚ ਮੋਦੀ ਸਰਕਾਰ ਦੀ ਕਾਰਗੁਜ਼ਾਰੀ ਨੂੰ ਲੈ ਕੇ ਉਠਾਏ ਜਾ ਰਹੇ ਸਵਾਲਾਂ ਦੀ ਸਫ਼ਾਈ ਪੇਸ਼ ਕਰਨ ਲਈ ਉਚੇਚੇ ਤੌਰ ‘ਤੇ ਅੱਗੇ ਲਿਆਂਦਾ ਗਿਆ ਸੀ (ਇਸੇ ਜੈਯੰਤ ਸਿਨਹਾ ਜ਼ਰੀਏ ਓਮੇਦਿਆਰ ਨੈੱਟਵਰਕ ਮੋਦੀ ਨੂੰ ਜਿਤਾਉਣ ਲਈ ਕੰਮ ਕਰ ਰਿਹਾ ਸੀ)। ਮੋਦੀ ਸਰਕਾਰ ਦੇ ਵਿਕਾਸ ਅਤੇ ਤਰੱਕੀ ਦੇ ਦਾਅਵਿਆਂ ਦੇ ਪਰਖਚੇ ਉਡਾਉਣ ਵਾਲਾ ਹੋਰ ਕੋਈ ਨਹੀਂ, ਯਸ਼ਵੰਤ ਸਿਨਹਾ ਸੀ ਜੋ ਵਾਜਪਾਈ ਸਰਕਾਰ ਵਿਚ ਵਿੱਤ ਮੰਤਰੀ ਰਹਿ ਚੁੱਕਾ ਹੈ ਅਤੇ ਜੋ ਇਸੇ ਜੈਯੰਤ ਸਿਨਹਾ ਦਾ ਬਾਪ ਹੈ। ਇਸ ਵਿਚ ਇਕ ਹੋਰ ਨਾਂ ਆਰ.ਕੇ. (ਰਵਿੰਦਰ ਕਿਸ਼ੋਰ) ਸਿਨਹਾ ਦਾ ਚਮਕਿਆ ਹੈ ਜੋ ਮੁਲਕ ਦੀ ਸਭ ਤੋਂ ਵੱਡੀ ਸਕਿਉਰਿਟੀ ਏਜੰਸੀ ਐਸ਼ਆਈ.ਐਸ਼ ਏਸ਼ੀਆ ਪੈਸਿਫਿਕ, ਚਲਾ ਰਿਹਾ ਹੈ। ਇਹ ਐਸ਼ਆਈ.ਐਸ਼ ਮਾਲਟਾ ਦੀ ਸਹਾਇਕ ਕੰਪਨੀ ਹੈ। ਜੈਯੰਤ ਸਿਨਹਾ ਬਕਸਰ (ਬਿਹਾਰ) ਤੋਂ ਭਾਜਪਾ ਦਾ ਰਾਜ ਸਭਾ ਮੈਂਬਰ ਹੈ। ਏਸ਼ੀਆ ਪੈਸਿਫਿਕ ਦੀ ਫਾਈਲਿੰਗ ਅਨੁਸਾਰ, ਇਸ ਅਤੇ ਇਸ ਦੀਆਂ ਸਹਾਇਕ ਕੰਪਨੀਆਂ ਦੇ ਖ਼ਿਲਾਫ਼ ਪਹਿਲਾਂ ਹੀ 18 ਫ਼ੌਜਦਾਰੀ ਅਤੇ ਟੈਕਸ ਸਬੰਧੀ 27 ਮਾਮਲੇ ਦਰਜ ਹਨ। ਜੈਯੰਤ ਸਿਨਹਾ ਮੀਡੀਆ ਦੇ ਸਵਾਲਾਂ ਤੋਂ ਬਚਣ ਲਈ ਖ਼ਾਮੋਸ਼ੀ ਦਾ ਨਾਟਕ ਰਚ ਲਿਆ ਹੈ ਅਤੇ ਮੀਡੀਆ ਨੂੰ ਲਿਖਤੀ ਭੇਜ ਦਿੱਤਾ ਹੈ ਕਿ ਉਹ 7 ਦਿਨ ਲਈ ‘ਮੌਨ ਵਰਤ’ ਉਪਰ ਹੈ, ਇਸ ਲਈ ਕਿਸੇ ਸਵਾਲ ਦਾ ਜਵਾਬ ਨਹੀਂ ਦੇ ਸਕਦਾ।
ਉਪਰੋਕਤ ਤੋਂ ਇਲਾਵਾ, ਸਨ ਟੀ.ਵੀ., ਐਸ਼ਆਰ. ਗਰੁੱਪ, ਜਿੰਦਲ ਸਟੀਲ, ਅਪੋਲੋ ਟਾਇਰਜ਼, ਹੈਵਲਜ਼, ਹਿੰਦੂਜਾ, ਐਮ.ਆਰ. ਐਮ.ਜੀ.ਐਫ਼, ਵੀਡੀਓਕਾਨ ਕਾਰਪੋਰੇਟ ਸਮੂਹਾਂ ਦੇ ਨਾਂ ਸਾਹਮਣੇ ਆਏ ਹਨ। ਸਾਬਕਾ ਮੰਤਰੀ ਵੀਰੱਪਾ ਮੋਇਲੀ ਦੇ ਫਰਜ਼ੰਦ ਹਰਸ਼ਾ ਮੋਇਲੀ, ਅਮਿਤਾਭ ਬਚਨ, ਸੰਜੇ ਦੱਤ ਦੀ ਪਤਨੀ ਮਾਨਿਅਤਾ ਦੱਤ, ਵਿਜੈ ਮਾਲੀਆ, ਨੀਰਾ ਰਾਡੀਆ ਦੇ ਨਾਂ ਵੀ ਸ਼ਾਮਲ ਹਨ।
ਪੈਰਾਡਾਈਸ ਪੇਪਰਜ਼ ਕਾਲੇ ਧਨ ਦੀਆਂ ਨਵੀਂਆਂ ਪਰਤਾਂ ਸਾਹਮਣੇ ਲਿਆਉਣ ਵਾਲਾ ਨਵਾਂ ਮਹੱਤਵਪੂਰਨ ਖ਼ੁਲਾਸਾ ਹੈ। ਦੁਨੀਆ ਭਰ ਵਿਚ ਬਹੁਤ ਸਾਰੀਆਂ ਐਸੀਆਂ ਫਰਮਾਂ ਕੰਮ ਕਰ ਰਹੀਆਂ ਹਨ ਜੋ ਮਹਾਂ ਭ੍ਰਿਸ਼ਟਾਚਾਰੀ ਰਾਜਸੀ ਆਗੂਆਂ, ਕਾਰਪੋਰੇਟ ਸਰਮਾਏਦਾਰਾਂ ਅਤੇ ਹੋਰ ਤਰ੍ਹਾਂ-ਤਰ੍ਹਾਂ ਦੇ ਧੰਦੇਬਾਜ਼ਾਂ ਦੇ ਕਾਲੇ ਧਨ ਨੂੰ ਮਹਿਫੂਜ਼ ਕਰਨ ਵਿਚ ਹੱਥ ਵਟਾਉਂਦੀਆਂ ਹਨ। ਇਸ ਨੂੰ ਕਾਨੂੰਨੀ ਮੰਨਿਆ ਜਾਂਦਾ ਹੈ ਅਤੇ ਇਹ ਜੱਗ ਜ਼ਾਹਰ ਅਮਲ ਹੈ; ਲੇਕਿਨ ਪੈਰਾਡਾਈਸ ਪੇਪਰਜ਼ ਜ਼ਰੀਏ 19 ਕੰਪਨੀਆਂ ਅਤੇ ਕਾਲੇ ਧਨ ਦੇ ਟਿਕਾਣਿਆਂ ਦਾ ਨਵਾਂ ਪੱਖ ਸਾਹਮਣੇ ਆਇਆ ਹੈ। ਉਹ ਇਹ ਕਿ ਐਪਲਬਾਈ ਵਰਗੀਆਂ ਕੰਪਨੀਆਂ ਟੈਕਸ ਚੋਰੀ ਕਰਨ ਲਈ ਟੈਕਸ ਪ੍ਰਣਾਲੀ ਦੀਆਂ ਚੋਰ-ਮੋਰੀਆਂ ਦਾ ਲਾਹਾ ਲੈਣ ਵਿਚ ਵੱਡੀਆਂ ਕਾਰਪੋਰੇਸ਼ਨਾਂ ਦੀ ਕਿਸ ਹੱਦ ਤਕ ਮਦਦ ਕਰਦੀਆਂ ਹਨ। ਇਸ ਤੋਂ ਪਹਿਲਾਂ ਆਫਸ਼ੋਰ ਲੀਕਸ (2013), ਸਵਿਸ ਲੀਕਸ (2015) ਅਤੇ ਪਨਾਮਾ ਲੀਕਸ (2016) ਵਲੋਂ ਇਸ ਤਾਣੇ-ਬਾਣੇ ਦੇ ਮਹੱਤਵਪੂਰਨ ਖ਼ੁਲਾਸੇ ਕੀਤੇ ਜਾ ਚੁੱਕੇ ਹਨ। ਪੈਰਾਡਾਈਸ ਪੇਪਰਜ਼ ਦਾ ਪਹਿਲੇ ਖ਼ੁਲਾਸਿਆਂ ਤੋਂ ਫ਼ਰਕ ਇਹ ਹੈ ਕਿ ਇਹ ਕਾਲੇ ਧਨ ਦੇ ਵਿਅਕਤੀਗਤ ਖਿਡਾਰੀਆਂ ਦੇ ਨਾਲ-ਨਾਲ ਕਾਰਪੋਰੇਟ ਕੰਪਨੀਆਂ ਵਲੋਂ ਟੈਕਸ ਬਚਾਉਣ ਦੇ ਕਾਲੇ ਧੰਦੇ ਦਾ ਪਰਦਾਫਾਸ਼ ਵੀ ਹੈ।
ਕਾਲੇ ਧਨ ਨੂੰ ਖ਼ਤਮ ਕਰਨ ਲਈ ‘ਸਰਜੀਕਲ ਸਰਟਾਈਕ’ ਦੀ ਵਰ੍ਹੇਗੰਢ ਮੌਕੇ ਵਿਦੇਸ਼ਾਂ ਵਿਚ ਬੇਰੋਕ-ਟੋਕ ਚਲ ਰਹੇ ਕਾਲੇ ਧਨ ਦੇ ਕਾਰੋਬਾਰ ਦੇ ਸਬੂਤਾਂ ਦਾ ਖ਼ੁਲਾਸਾ ਜਿਥੇ ਸੰਘ ਬ੍ਰਿਗੇਡ ਦੀ ਚੋਣ ਮੁਹਿੰਮ ਉਪਰ ਸਿਆਸੀ ਬੰਬ ਬਣ ਕੇ ਫਟਿਆ ਹੈ, ਉਥੇ ਇਸ ਨਾਲ ਸਮੁੱਚੇ ਹਾਕਮ ਜਮਾਤੀ ਸਿਆਸੀ ਹਲਕਿਆਂ ਵਿਚ ਹਲਚਲ ਮੱਚ ਗਈ ਹੈ, ਕਿਉਂਕਿ ਇਨ੍ਹਾਂ ਖ਼ੁਲਾਸਿਆਂ ਦੀਆਂ ਅਗਲੀਆਂ ਕਿਸ਼ਤਾਂ ਵਿਚ ਕਿਸ ਕਿਸ ਦੇ ਚਿਹਰੇ ਨੰਗੇ ਹੋਣਗੇ, ਇਸ ਨੂੰ ਲੈ ਕੇ ਹਰ ਕੋਈ ਫ਼ਿਕਰਮੰਦ ਹੈ।
ਪੈਰਾਡਾਈਸ ਪੇਪਰਜ਼ ਨਾਂ ਹੇਠ ਐਤਵਾਰ ਰਾਤ 12 ਵਜੇ ਤੋਂ ‘ਦਿ ਇੰਡੀਅਨ ਐਕਸਪ੍ਰੈਸ’ ਨੇ ਵਿਦੇਸ਼ਾਂ ਵਿਚ ਕਾਲੇ ਧਨ ਦਾ ਕਾਲਾ ਧੰਦਾ ਕਰਨ ਵਾਲਿਆਂ ਬਾਰੇ ਨਵੀਂ ਦਸਤਾਵੇਜ਼ੀ ਜਾਣਕਾਰੀ ਛਾਪਣੀ ਸ਼ੁਰੂ ਕਰ ਦਿੱਤੀ। ਇਹ ਵਿਦੇਸ਼ਾਂ ਵਿਚ ਚੱਲ ਰਹੀਆਂ ਕੰਪਨੀਆਂ ਦੀ ਕਾਲੀ ਕਮਾਈ ਦੇ ਸਬੂਤ ਜੁਟਾਉਣ ਦਾ ਪ੍ਰੋਜੈਕਟ ਸੀ ਜਿਸ ਤਹਿਤ ਜਰਮਨ ਅਖ਼ਬਾਰ ੁੰਦਦeੁਟਸਚਹe ਢeਟੁਨਗ ਵਲੋਂ ਬਰਮੂਡਾ ਦੀ ਲਾਅ ਫਰਮ ਐਪਲਬਾਈ ਅਤੇ ਸਿੰਗਾਪੁਰ ਦੀ ਏਸ਼ੀਆਸਿਟੀ ਤੋਂ ਦਸਤਾਵੇਜ਼ ਹਾਸਲ ਕੀਤੇ ਗਏ ਅਤੇ ਵਾਸ਼ਿੰਗਟਨ ਆਧਾਰਤ ‘ਇੰਟਰਨੈਸ਼ਨਲ ਕਾਨਸਾਰਟੀਅਮ ਆਫ ਇਨਵੈਸਟੀਗੇਟਿਵ ਜਰਨਲਿਸਟਸ’ ਦੇ ਸਪੁਰਦ ਕੀਤੇ ਗਏ। ਇਹ ਕਾਨੂੰਨ, ਚਾਰਟਰਡ ਅਕਾਊਂਟੈਂਸੀ ਅਤੇ ਬੈਂਕਿੰਗ ਦੀਆਂ ਮਾਹਰ ਫਰਮਾਂ ਹਨ ਜੋ ਵਿਦੇਸ਼ਾਂ ਵਿਚ ਕਾਰੋਬਾਰ ਸਥਾਪਤ ਕਰਨ, ਸਰਮਾਇਆ ਲਗਾਉਣ ਅਤੇ ਵਿਤੀ ਕੰਮਕਾਰ ਚਲਾਉਣ ਵਿਚ ਕੰਪਨੀਆਂ ਅਤੇ ਵਿਅਕਤੀਗਤ ਧੰਦੇਬਾਜ਼ਾਂ ਲਈ “ਕਾਰਪੋਰੇਟ ਫ਼ੋਜ” ਦਾ ਕੰਮ ਕਰਦੀਆਂ ਹਨ। ਤਾਜ਼ਾ ਮੁਤਾਲਿਆ ਵਿਚ ਦੁਨੀਆ ਭਰ ਦੇ 67 ਮੁਲਕਾਂ ਦੇ 382 ਪੱਤਰਕਾਰ ਸ਼ਾਮਲ ਸਨ, ਜਿਨ੍ਹਾਂ ਨੇ ਦਸ ਮਹੀਨੇ ਲਗਾ ਕੇ 1950 ਅਤੇ 2016 ਦਰਮਿਆਨ ਦੇ 1 ਲੱਖ 34 ਹਜ਼ਾਰ ਦਸਤਾਵੇਜਾਂ ਦਾ ਮੁਤਾਲਿਆ ਕੀਤਾ। ਇਸ ਵੇਰਵੇ ਵਿਚ 180 ਮੁਲਕਾਂ ਦੇ ਧੰਦੇਬਾਜ਼ਾਂ ਦੇ ਨਾਂ ਸ਼ਾਮਲ ਹਨ। ਟੈਕਸ ਧੋਖਾਧੜੀ ਦੇ ਮਾਮਲੇ ਵਿਚ ਹਿੰਦੁਸਤਾਨ 19ਵੇਂ ਸਥਾਨ ਉਪਰ ਹੈ ਜਿਸ ਦੇ 714 ਕਾਰਪੋਰੇਟ ਟੈਕਸ ਚੋਰਾਂ ਅਤੇ ਕਾਲੇ ਧੰਦੇਬਾਜ਼ਾਂ ਨੇ ਮੁਲਕ ਨੂੰ ਇਸ ਬੁਲੰਦੀ ‘ਤੇ ਪਹੁੰਚਾਇਆ ਹੈ! ਐਪਲਬਾਈ ਦੇ ਕਈ ਗਾਹਕਾਂ ਦੀ ਪੜਤਾਲ ਸੀ.ਬੀ.ਆਈ. ਅਤੇ ਐਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਪਹਿਲਾਂ ਹੀ ਕੀਤੀ ਜਾ ਰਹੀ ਹੈ ਅਤੇ ਇਸ ਫ਼ਿਹਰਿਸਤ ਵਿਚ ਵੀ ਹਿੰਦੁਸਤਾਨ ਦੀ ਇਕ ਕੰਪਨੀ ਦੂਜੀ ਵੱਡੀ ਗਾਹਕ ਵਜੋਂ ਸ਼ਾਮਲ ਹੈ। ਇਨ੍ਹਾਂ ਵਿਚ ਟਵਿਟਰ ਅਤੇ ਫੇਸਬੁੱਕ ਵਿਚ ਸਰਮਾਇਆ ਲਗਾਉਣ ਵਾਲੀ ਰੂਸੀ ਕੰਪਨੀ ਵੀ ਹੈ; ਪਰ ਸਵਾਲ ਇਹ ਹੈ ਕਿ ਐਨੇ ਵੱਡੇ ਵੱਡੇ ਖ਼ੁਲਾਸੇ ਹੋਣ ਦੇ ਬਾਵਜੂਦ ਕੀ ਇਨ੍ਹਾਂ ਧੋਖੇਬਾਜ਼ਾਂ ਖ਼ਿਲਾਫ਼ ਕੋਈ ਕਾਰਵਾਈ ਹੋਣੀ ਸੰਭਵ ਹੈ? ਕੀ ਕਾਲਾ ਧਨ ਜ਼ਬਤ ਕਰ ਕੇ ਉਨ੍ਹਾਂ ਮੁਲਕਾਂ ਦੇ ਆਮ ਲੋਕਾਂ ਦੀ ਭਲਾਈ ਲਈ ਖ਼ਰਚਿਆ ਜਾ ਸਕੇਗਾ ਜਿਥੋਂ ਦੇ ਸਮਾਜ ਨਾਲ ਧੋਖਾਧੜੀ ਕੀਤੀ ਗਈ ਹੈ? ਮਨੁੱਖੀ ਸਮਾਜ ਅਤੇ ਕੁਦਰਤ ਵਿਰੋਧੀ ਸਰਮਾਇਆਦਾਰੀ ਪ੍ਰਬੰਧ ਵਿਚ ਇਹ ਸੰਭਵ ਨਹੀਂ ਜੋ ਆਪਣੇ ਆਪ ਵਿਚ ਹੀ ਬਹੁਤ ਵੱਡਾ ਘੁਟਾਲਾ ਹੈ।