ਇਹ ਤਾਂ ਬਹੁਤ ਭਿਆਨਕ ਹੈ…

ਰਵੀਸ਼ ਕੁਮਾਰ
ਅਨੁਵਾਦ: ਬੂਟਾ ਸਿੰਘ
ਪਾਠਕਾਂ ਨੂੰ ਅੱਜ (ਸੋਮਵਾਰ) ਦਾ ‘ਇੰਡੀਅਨ ਐਕਸਪ੍ਰੈਸ’ ਅਖ਼ਬਾਰ ਖ਼ਰੀਦ ਕੇ ਰੱਖ ਲੈਣਾ ਚਾਹੀਦਾ ਹੈ। ਪਾਠਕ ਦੇ ਰੂਪ ਵਿਚ ਤੁਹਾਡੇ ਲਈ ਬਿਹਤਰ ਰਹੇਗਾ। ਹਿੰਦੀ (ਜਾਂ ਕਿਸੇ ਹੋਰ ਭਾਸ਼ਾ) ਵਿਚ ਤਾਂ ਇਹ ਸਭ ਮਿਲੇਗਾ ਨਹੀਂ, ਕਿਉਂਕਿ ਜ਼ਿਆਦਾਤਰ ਅਖ਼ਬਾਰਾਂ ਦੇ ਸੰਪਾਦਕ ਆਪਣੇ ਜ਼ਮਾਨੇ ਦੀ ਸਰਕਾਰ ਦੇ ਮੁਨਸ਼ੀ ਹੁੰਦੇ ਹਨ।

ਕਾਰਪੋਰੇਟ ਦੇ ਦਸਤਾਵੇਜ਼ਾਂ ਨੂੰ ਸਮਝਣਾ ਅਤੇ ਉਨ੍ਹਾਂ ਵਿਚ ਕਮੀਆਂ ਫੜਨਾ ਬੇਹੱਦ ਮੁਹਾਰਤ ਵਾਲਾ ਕੰਮ ਹੈ। ਇਸ ਅੰਦਰਲੇ ਰਾਜ਼ ਸਮਝਣ ਦੀ ਕਾਬਲੀਅਤ ਹਰ ਕਿਸੇ ਕੋਲ ਨਹੀਂ ਹੁੰਦੀ। ਇਸੇ ਕਾਰਨ ਮੈਂ ਤਾਂ ਕਈ ਵਾਰ ਹੱਥ ਵੀ ਖੜ੍ਹੇ ਕਰ ਦਿੰਦਾ ਹਾਂ। ਨਿਊਜ਼ ਰੂਮ ਵਿਚ ਐਸੀ ਮੁਹਾਰਤ ਵਾਲੇ ਲੋਕ ਵੀ ਨਹੀਂ ਹੁੰਦੇ ਜਿਨ੍ਹਾਂ ਤੋਂ ਪੁੱਛ ਕੇ ਤੁਸੀਂ ਅੱਗੇ ਵਧ ਸਕੋ, ਵਰਨਾ ਕੋਈ ਸੌਖਿਆਂ ਹੀ ਤੁਹਾਨੂੰ ਮੈਨੀਪੁਲੇਟ ਕਰ ਸਕਦਾ ਹੈ।
ਇਸ ਦਾ ਹੱਲ ਕੱਢਿਆ ਹੈ ‘ਇੰਟਰਨੈਸ਼ਨਲ ਕਾਨਸਾਰਟੀਅਮ ਆਫ ਇਨਵੈਸਟੀਗੇਟਿਵ ਜਰਨਲਿਸਟਸ’ ਨੇ। ਦੁਨੀਆਂ ਭਰ ਦੀਆਂ 96 ਸਮਾਚਾਰ ਸੰਸਥਾਵਾਂ ਨੂੰ ਮਿਲਾ ਕੇ ਸਮੂਹ ਬਣਾਇਆ ਗਿਆ ਹੈ। ਇਸ ਵਿਚ ਕਾਰਪੋਰੇਟ ਖ਼ਾਤਿਆਂ ਨੂੰ ਸਮਝਣ ਵਾਲੇ ਵਕੀਲ ਚਾਰਟਰਡ ਅਕਾਊਂਟੈਂਟ ਵੀ ਹਨ। ਐਕਸਪ੍ਰੈਸ ਇਸ ਦਾ ਹਿੱਸਾ ਹੈ। ਪੱਤਰਕਾਰਾਂ ਦੇ ਗਲੋਬਲ ਨੈਟਵਰਕ ਤੋਂ ਬਿਨਾਂ ਤੁਸੀਂ ਹੁਣ ਕਾਰਪੋਰੇਟ ਦੀ ਰਿਪੋਰਟਿੰਗ ਕਰ ਹੀ ਨਹੀਂ ਸਕਦੇ ਹੋ। ਇਕ ਕਰੋੜ 34 ਲੱਖ ਕਾਰਪੋਰੇਟ ਦਸਤਾਵੇਜ਼ਾਂ ਨੂੰ ਘੋਖਣ ਸਮਝਣ ਤੋਂ ਬਾਅਦ ਦੁਨੀਆ ਭਰ ਦੇ ਅਖ਼ਬਾਰਾਂ ਵਿਚ ਛਾਪੇ ਜਾਣ ਦਾ ਸਿਲਸਿਲਾ ਸ਼ੁਰੂ ਹੋਇਆ ਹੈ। ਪਨਾਮਾ ਪੇਪਰਜ਼ ਅਤੇ ਪੈਰਾਡਾਈਸ ਪੇਪਰਜ਼ ਨੂੰ ਮਿਲਾ ਕੇ ਦੇਖੋਗੇ ਤਾਂ ਪੰਜ ਲੱਖ ਲੋਕਾਂ ਦਾ ਮਾਇਆ ਦੇ ਤੰਤਰ ਉਪਰ ਕਬਜ਼ਾ ਹੈ। ਤੁਸੀਂ ਖ਼ੁਦ ਹੀ ਆਪਣੀ ਨੈਤਿਕਤਾ ਦਾ ਝੱਗਾ ਪਾੜਦੇ ਰਹਿ ਜਾਓਗੇ, ਪਰ ਇਹ ਬੇਰਹਿਮ ਕੁਲੀਨਤੰਤਰ ਸੱਤਾ ਦੇ ਪੱਲੂ ਨੂੰ ਚਿੰਬੜਿਆ ਰਹੇਗਾ। ਉਸ ਨੂੰ ਕੋਈ ਫ਼ਰਕ ਨਹੀਂ ਪੈਂਦਾ। ਉਸ ਕੋਲ ਨੈਤਿਕਤਾ ਨਾਂ ਦੀ ਕੋਈ ਚੀਜ਼ ਨਹੀਂ ਹੈ। ਉਹ ਨੈਤਿਕਤਾ ਦਾ ਮਹਿਜ਼ ਨਕਾਬ ਹੈ।
ਇਨ੍ਹਾਂ ਪੇਪਰਾਂ ‘ਚ ਰਾਜ ਸਭਾ ਵਿਚ ਸਭ ਤੋਂ ਅਮੀਰ ਅਤੇ ਭਾਜਪਾ ਦੇ ਸੰਸਦ ਮੈਂਬਰ ਆਰ.ਕੇ. ਸਿਨਹਾ ਦਾ ਨਾਂ ਹੈ। ਜੈਯੰਤ ਸਿੰਨਹਾ ਦਾ ਨਾਂ ਵੀ ਹੈ। ਦੋਨਾਂ ਨੇ ਸਪਸ਼ਟੀਕਰਨ ਦਿੱਤਾ ਹੈ। ਨੋਟਬੰਦੀ ਦੀ ਵਰ੍ਹੇਗੰਢ ਉਪਰ ਕਾਲਾ ਧਨ ਖ਼ਤਮ ਹੋਣ ਦਾ ਜਸ਼ਨ ਮਨਾਇਆ ਜਾਣ ਵਾਲਾ ਹੈ। ਐਸੇ ਮੌਕੇ ਉਪਰ ਪੈਰਾਡਾਈਸ ਪੇਪਰਜ਼ ਦਾ ਇਹ ਖ਼ੁਲਾਸਾ ਸਾਨੂੰ ਭਾਵੁਕਤਾ ਦੇ ਵਹਿਣ ਵਿਚ ਵਹਿ ਜਾਣ ਤੋਂ ਰੋਕੇਗਾ। ਅਮਿਤਾਭ ਬਚਨ, ਅਸ਼ੋਕ ਗਹਿਲੋਤ, ਡਾ. ਅਸ਼ੋਕ ਸੇਠ, ਕੋਚਿੰਗ ਕੰਪਨੀ ਫਿਟਜੀ, ਨੀਰਾ ਰਾਡੀਆ ਦਾ ਨਾਂ ਵੀ ਇਸ ਵਿਚ ਹੈ। ਆਉਣ ਵਾਲੇ ਦਿਨਾਂ ਵਿਚ ਪਤਾ ਨਹੀਂ ਕਿਸ ਕਿਸ ਦਾ ਨਾਂ ਸਾਹਮਣੇ ਆਵੇਗਾ। ਮੀਡੀਆ ਕੰਪਨੀ ਤੋਂ ਲੈ ਕੇ ਦਵਾ ਕੰਪਨੀ ਤਕ ਕਿਸ ਦਾ ਖ਼ੁਲਾਸਾ ਹੋਵੇਗਾ, ਇਹ ਕੋਈ ਪਤਾ ਨਹੀਂ।
ਐਕਸਪ੍ਰੈੱਸ ਦੀ ਰਿਪੋਰਟ ਵਿਚ ਜੈਯੰਤ ਸਿਨਹਾ ਦਾ ਸਪਸ਼ਟੀਕਰਨ ਪੜ੍ਹੋਗੇ ਤਾਂ ਲੱਗੇਗਾ ਕਿ ਕੋਈ ਖ਼ਾਸ ਗੱਲ ਨਹੀਂ ਹੈ। ਜਦੋਂ ਤੁਸੀਂ ਇਸ ਖ਼ਬਰ ਨੂੰ ਫAਂਧੌ।ਛੌੰ ੰਅਰਕਸ Aਮeਸ ਦੇ ਵਿਸ਼ਲੇਸ਼ਣ ਨੂੰ ਪੜ੍ਹੋਗੇ ਤਾਂ ਲੱਗੇਗਾ ਕਿ ਤੁਹਾਡੇ ਨਾਲ ਖੇਡ ਖੇਡੀ ਜਾ ਚੁੱਕੀ ਹੈ। ਹੁਣ ਨਾ ਤਾੜੀ ਵਜਾਉਣ ਜੋਗੇ ਹੋ, ਨਾ ਗਾਹਲਾਂ ਦੇਣ ਜੋਗੇ।
ਜੋ ਅੱਜ ਛਪਿਆ ਹੈ ਉਸ ਨੂੰ ਤਾਂ ੰਅਰਕਸ Aਮeਸ ਨੇ 26 ਮਈ 2014 ਨੂੰ ਹੀ ਲਿਖ ਦਿੱਤਾ ਸੀ ਕਿ ਓਮੇਦਿਆਰ ਨੈਟਵਰਕ, ਮੋਦੀ ਦੀ ਜਿੱਤ ਲਈ ਕੰਮ ਕਰ ਰਿਹਾ ਸੀ। ਇਹ ਕਿ 2009 ਵਿਚ ਓਮੇਦਿਆਰ ਨੈਟਵਰਕ ਨੇ ਹਿੰਦੁਸਤਾਨ ਵਿਚ ਸਭ ਤੋਂ ਵੱਧ ਸਰਮਾਇਆ ਲਗਾਇਆ, ਇਸ ਸਰਮਾਇਆਕਾਰੀ ਵਿਚ ਇਸ ਦੇ ਨਿਰਦੇਸ਼ਕ ਜੈਯੰਤ ਸਿਨਹਾ ਦੀ ਵੱਡੀ ਭੂਮਿਕਾ ਸੀ। 2013 ਵਿਚ ਜੈਯੰਤ ਸਿਨਹਾ ਨੇ ਅਸਤੀਫ਼ਾ ਦੇ ਕੇ ਮੋਦੀ ਦੀ ਫ਼ਤਹਿ ਮੁਹਿੰਮ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਉਸੇ ਸਾਲ ਨਰੇਂਦਰ ਮੋਦੀ ਨੇ ਵਪਾਰੀਆਂ ਦੇ ਸੰਮੇਲਨ ਵਿਚ ਭਾਸ਼ਣ ਦਿੱਤਾ ਕਿ ਈ-ਕਾਮਰਸ ਖੋਲ੍ਹਣ ਦੀ ਜ਼ਰੂਰਤ ਹੈ। ਇਹ ਭਾਜਪਾ ਦੀ ਨੀਤੀ ਤੋਂ ਐਨ ਉਲਟ ਸੀ। ਉਸ ਵਕਤ ਭਾਜਪਾ ਸੰਸਦ ਵਿਚ ਪ੍ਰਚੂਨ ਖੇਤਰ ਵਿਚ ਵਿਦੇਸ਼ੀ ਸਰਮਾਇਆ ਲਗਾਏ ਜਾਣ ਨੂੰ ਇਜਾਜ਼ਤ ਦਿੱਤੇ ਜਾਣ ਦਾ ਜ਼ੋਰਦਾਰ ਵਿਰੋਧ ਕਰ ਰਹੀ ਸੀ।
ਭਾਜਪਾ ਹਮਾਇਤੀ ਵਪਾਰੀ ਤਬਕਾ ਪਾਰਟੀ ਨਾਲ ਇਹ ਸੋਚ ਕੇ ਡਟ ਕੇ ਖੜ੍ਹਾ ਸੀ ਕਿ ਉਸ ਦੇ ਹਿਤਾਂ ਦੀ ਰਾਖੀ ਭਾਜਪਾ ਹੀ ਕਰ ਰਹੀ ਹੈ; ਪਰ ਉਸ ਨੂੰ ਵੀ ਪਤਾ ਨਹੀਂ ਸੀ ਕਿ ਇਹ ਪਾਰਟੀ ਇਕ ਐਸੇ ਨੈਟਵਰਕ ਦਾ ਪ੍ਰਭਾਵ ਕਬੂਲ ਚੁੱਕੀ ਹੈ ਜਿਸ ਦਾ ਮਕਸਦ ਸਿਰਫ਼ ਇਕ ਹੀ ਹੈ। ਈ-ਕਾਮਰਸ ਵਿਚ ਵਿਦੇਸ਼ੀ ਸਰਮਾਇਆ ਲਗਾਏ ਜਾਣ ਦੇ ਮੌਕੇ ਵਧਾਉਣਾ। ਮੈਨੂੰ ਫAਂਧੌ।ਛੌੰ ਬਾਰੇ ਅੱਜ ਹੀ ਪਤਾ ਲੱਗਿਆ ਹੈ। ਤੁਸੀਂ ਸੋਚੋ ਕਿ 26 ਮਈ 2014 ਨੂੰ ਹੀ ਪਰਦੇ ਪਿੱਛੇ ਖੇਡੀ ਜਾ ਰਹੀ ਗੇਮ ਨੂੰ ਇਹ ਸਮਝ ਰਿਹਾ ਸੀ। ਅਸੀਂ ਅਤੇ ਤੁਸੀਂ ਇਸ ਤਰ੍ਹਾਂ ਦੀ ਖੇਡ ਨੂੰ ਕਦੇ ਸਮਝ ਹੀ ਨਹੀਂ ਸਕਾਂਗੇ ਅਤੇ ਨਾ ਸਮਝਣ ਦੇ ਕਾਬਲ ਹਾਂ। ਇਸੇ ਲਈ ਨੇਤਾ ਸਾਡੇ ਅੱਗੇ ਹਿੰਦੂ-ਮੁਸਲਿਮ ਦੀ ਬੇਹੀ ਰੋਟੀ ਸੁੱਟ ਕੇ ਤਮਾਸ਼ਾ ਦੇਖਦਾ ਹੈ। ਜਦੋਂ ਮੋਦੀ ਜਿੱਤੇ ਸੀ, ਉਦੋਂ ਓਮੇਦਿਆਰ ਨੈਟਵਰਕ ਨੇ ਟਵੀਟ ਕਰ ਕੇ ਵਧਾਈ ਦਿੱਤੀ ਸੀ। ਟੈਲੀਗ੍ਰਾਫ਼ ਵਿਚ ਹਜ਼ਾਰੀਬਾਗ਼ ਵਿਚ ਹੋਈ ਪ੍ਰੈੱਸ ਕਾਨਫਰੰਸ ਦੀ ਰਿਪੋਰਟ ਦਾ ਹਵਾਲਾ ਦਿੱਤਾ ਗਿਆ ਹੈ ਜਿਸ ਵਿਚ ਮੁਕਾਮੀ ਭਾਜਪਾ ਆਗੂ ਸ਼ਿਵ ਸ਼ੰਕਰ ਪ੍ਰਸਾਦ ਗੁਪਤ ਕਹਿੰਦੇ ਹਨ ਕਿ ਜੈਯੰਤ ਸਿਨਹਾ 2012-13 ਵਿਚ ਦੋ ਸਾਲ ਮੋਦੀ ਦੀ ਟੀਮ ਦੇ ਨਾਲ ਕੰਮ ਕਰ ਚੁੱਕੇ ਹਨ। ਇਸ ਦੌਰਾਨ ਜੈਯੰਤ ਸਿਨਹਾ ਓਮੀਦਿਆਰ ਨੈਟਵਰਕ ਵਿਚ ਵੀ ਕੰਮ ਕਰ ਰਹੇ ਸਨ। ਉਸ ਨੇ ਆਪਣੇ ਜਵਾਬ ਵਿਚ ਕਿਹਾ ਹੈ ਕਿ ਉਸ ਨੇ 2013 ਵਿਚ ਅਸਤੀਫ਼ਾ ਦੇ ਦਿੱਤਾ ਸੀ।
ਇਸ ਵਿਚ ਮਾਰਕ ਨੇ ਲਿਖਿਆ ਹੈ ਕਿ ਜੈਯੰਤ ਸਿਨਹਾ ਓਮੇਦਿਆਰ ਨੈਟਵਰਕ ਦੇ ਅਹੁਦੇਦਾਰ ਹੁੰਦੇ ਹੋਏ ਵੀ ਭਾਜਪਾ ਨਾਲ ਜੁੜੇ ਥਿੰਕ ਟੈਂਕ ‘ਇੰਡੀਆ ਫਾਊਂਡੇਸ਼ਨ’ ਵਿਚ ਨਿਰਦੇਸ਼ਕ ਹਨ। ਇਸ ਫਾਊਂਡੇਸ਼ਨ ਬਾਰੇ ਇਨ੍ਹੀਂ ਦਿਨੀਂ ‘ਦਿ ਵਾਇਰ’ ਵਿਚ ਖ਼ਬਰ ਛਪੀ ਹੈ। ਸ਼ੌਰੀਆ ਡੋਵਾਲ ਜੋ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਦਾ ਫਰਜ਼ੰਦ ਹੈ, ਉਹ ਇਸ ਫਾਊਂਡੇਸ਼ਨ ਦਾ ਕਰਤਾ-ਧਰਤਾ ਹੈ। ਜੈਯੰਤ ਸਿਨਹਾ ਈ-ਕਾਮਰਸ ਵਿਚ ਵਿਦੇਸ਼ੀ ਸਰਮਾਇਆਕਾਰੀ ਨੂੰ ਛੋਟ ਦਿੱਤੇ ਜਾਣ ਦੀ ਵਕਾਲਤ ਕਰਦੇ ਰਹਿੰਦੇ ਸਨ, ਜਦਕਿ ਉਸ ਦੀ ਪਾਰਟੀ ਪ੍ਰਚੂਨ ਖੇਤਰ ਵਿਚ ਵਿਦੇਸ਼ੀ ਸਰਮਾਇਆਕਾਰੀ ਨੂੰ ਲੈ ਕੇ ਜ਼ੋਰਦਾਰ ਵਿਰੋਧ ਕਰਨ ਦਾ ਨਾਟਕ ਕਰਦੀ ਸੀ। ਇਸ ਖੇਡ ਨੂੰ ਕਿਵੇਂ ਦੇਖਿਆ ਜਾਵੇ? ਕੀ ਸਮਝਿਆ ਜਾਵੇ? ਬਹੁਤ ਮੁਸ਼ਕਲ ਹੈ। ਐਕਸਪ੍ਰੈਸ ਦੀ ਰਿਪੋਰਟ ਨੂੰ ‘ਦਿ ਵਾਇਰ’ ਅਤੇ ਫAਂਧੌ।ਛੌੰ ਦੇ ਨਾਲ ਜੋੜ ਕੇ ਪੜ੍ਹਿਆ ਜਾਣਾ ਚਾਹੀਦਾ ਹੈ।
ਕੀ ਸੱਚਮੁੱਚ ਤੁਸੀਂ ਇਸ ਤਰ੍ਹਾਂ ਦੀ ਖੇਡ ਨੂੰ ਸਮਝਣ ਦੇ ਕਾਬਲ ਹੋ? ਮੇਰੇ ਤਾਂ ਦਿਲ ਨੂੰ ਡੋਬੂ ਪੈ ਰਿਹਾ ਹੈ। ਜਦੋਂ ਅਸੀਂ ‘ਦਿ ਵਾਇਰ’ ਦੀ ਰਿਪੋਰਟ ਪੜ੍ਹ ਰਹੇ ਸੀ, ਉਦੋਂ ਸਾਡੇ ਸਾਹਮਣੇ ਤਿੰਨ ਸਾਲ ਪੁਰਾਣੀ ਰਿਪੋਰਟ ਨਹੀਂ ਸੀ। ਉਦੋਂ ਸਾਡੇ ਸਾਹਮਣੇ ਪੈਰਾਡਾਈਸ ਪੇਪਰਜ਼ ਨਹੀਂ ਸਨ।
ਕੀ ਅਸੀਂ ਵਾਕਈ ਜਾਣਦੇ ਹਾਂ ਕਿ ਇਹ ਜਿਹੜੇ ਆਗੂ ਸਾਨੂੰ ਦਿਨ ਰਾਤ ਨਜ਼ਰ ਆਉਂਦੇ ਹਨ, ਇਹ ਕਿਸੇ ਕੰਪਨੀ ਜਾਂ ਨੈਟਵਰਕ ਦੇ ਫਰੰਟ ਨਹੀਂ ਹਨ? ਕੀ ਅਸੀਂ ਜਾਣਦੇ ਹਾਂ ਕਿ 2014 ਦੀ ਜਿੱਤ ਪਿੱਛੇ ਮੌਜੂਦ ਇਸ ਤਰ੍ਹਾਂ ਦੇ ਨੈਟਵਰਕ ਦੇ ਕੀ ਹਿਤ ਹੋਣਗੇ? ਉਹ ਇਤਿਹਾਸ ਦੀ ਸਭ ਤੋਂ ਮਹਿੰਗੀ ਚੋਣ ਸੀ? ਕੀ ਕੋਈ ਇਨ੍ਹਾਂ ਨੈਟਵਰਕਾਂ ਨੂੰ ਏਜੰਟ ਬਣਾ ਕੇ ਸਾਡੇ ਸਾਹਮਣੇ ਦਾਅਵੇ ਕਰ ਰਿਹਾ ਸੀ? ਜਿਸ ਨੂੰ ਅਸੀਂ ਆਪਣਾ ਬਣਾ ਰਹੇ ਸੀ, ਕੀ ਉਹ ਪਹਿਲਾਂ ਹੀ ਕਿਸੇ ਹੋਰ ਦਾ ਨਹੀਂ ਹੋ ਚੁੱਕਾ ਸੀ?
ਇਸ ਲਈ ਜਾਣਕਾਰੀ ਲੈਂਦੇ ਰਹੋ। ਇਹ ਬਹੁਤ ਭਿਆਨਕ ਹੈ। ਸਾਨੂੰ ਸਾਡੀ ਵਿਅਕਤੀਗਤ ਨੈਤਿਕਤਾ ਨਾਲ ਹੀ ਕੁਚਲ ਕੇ ਮਾਰ ਦਿੱਤਾ ਜਾਵੇਗਾ, ਪਰ ਇਨ੍ਹਾਂ ਕੁਲੀਨਾਂ ਅਤੇ ਨੈਟਵਰਕਾਂ ਦਾ ਕੁਝ ਨਹੀਂ ਵਿਗੜੇਗਾ। ਇਨ੍ਹਾਂ ਦਾ ਮਤਲਬ ਇਕ ਹੀ ਹੈ। ਪੈਸਾ। ਖ਼ਾਮੋਸ਼ ਰਹਿ ਕੇ ਤਮਾਸ਼ਾ ਦੇਖੋ।