ਭਾਰਤ ਦੇਸ਼ ਦੀ ਧਰਮ ਨਿਰਪੱਖਤਾ

ਗੁਲਜ਼ਾਰ ਸਿੰਘ ਸੰਧੂ
ਇੱਕ ਕੌਮਾਂਤਰੀ ਖੋਜ ਸੰਸਥਾ ਅਨੁਸਾਰ ਭਾਰਤ ਦਾ ਸਥਾਨ 106 ਧਰਮ ਨਿਰਪੱਖ ਦੇਸ਼ਾਂ ਵਿਚ ਸਭ ਤੋਂ ਉਤੇ ਹੈ। ਸੰਸਥਾ ਅਨੁਸਾਰ ਹਿੰਦੂ ਮੱਤ ਨੂੰ ਪ੍ਰਣਾਏ ਵਸਨੀਕਾਂ ਦੀ ਗਿਣਤੀ ਪੂਰੀ ਦੁਨੀਆਂ ਦਾ ਤੀਜਾ ਹਿੱਸਾ ਹੋਣ ਦੇ ਬਾਵਜੂਦ ਦੁਨੀਆਂ ਦੇ ਇੱਕ ਵੀ ਦੇਸ਼ ਦਾ ਧਰਮ ਜਾਂ ਧਾਰਮਿਕ ਸੋਚ ਹਿੰਦੂ ਨਹੀਂ ਹੈ। ਬੁੱਧ ਮੱਤ ਨੂੰ ਪ੍ਰਣਾਏ ਲੋਕਾਂ ਦੀ ਗਿਣਤੀ ਤਾਂ ਏਨੀ ਹੀ ਹੈ ਪਰ ਭੂਟਾਨ ਤੇ ਕੰਬੋਡੀਆ-ਦੋ ਦੇਸ਼ਾਂ ਦਾ ਧਰਮ ਬੁੱਧ ਮੱਤ ਹੈ ਅਤੇ ਬਰਮਾ, ਲਾਓਸ, ਮੰਗੋਲੀਆ ਤੇ ਸ੍ਰੀਲੰਕਾ ਵਾਸੀ ਏਸ ਮੱਤ ਨੂੰ ਪ੍ਰਣਾਏ ਹੋਏ ਹਨ।

ਈਸਾਈ ਮੱਤ ਨੂੰ ਅੱਜ ਵੀ 28 ਦੇਸ਼ਾਂ ਦੀਆਂ ਸਰਕਾਰਾਂ ਦਾ ਸਮਰਥਨ ਹਾਸਲ ਹੈ ਭਾਵੇਂ ਧਰਮ ਆਧਾਰਤ ਦੇਸ਼ਾਂ ਦੀ ਗਿਣਤੀ ਕੇਵਲ 13 ਹੈ ਜੋ ਇਸਲਾਮ ਆਧਾਰਤ ਦੇਸ਼ਾਂ ਦੀ ਕੁਲ ਗਿਣਤੀ (27) ਦੇ ਟਾਕਰੇ ਬਹੁਤ ਘੱਟ ਹੈ। ਉਂਜ ਕੁੱਲ ਮਿਲਾ ਕੇ ਦੁਨੀਆਂ ਦੇ 80 ਦੇਸ਼ ਅਜਿਹੇ ਹਨ ਜਿਨ੍ਹਾਂ ਦੀਆਂ ਸਰਕਾਰਾਂ ਧਰਮ ਆਧਾਰਤ ਹਨ ਜਾਂ ਕਿਸੇ ਨਾ ਕਿਸੇ ਧਰਮ ਨੂੰ ਪ੍ਰਣਾਈਆਂ ਹੋਈਆਂ ਹਨ। ਚੀਨ ਤੇ ਉਤਰੀ ਕੋਰੀਆ ਉਨ੍ਹਾਂ ਦਸ ਦੇਸ਼ਾਂ ਵਿਚ ਆਉਂਦੇ ਹਨ ਜੋ ਨਾ ਹੀ ਕਿਸੇ ਧਰਮ ਉਤੇ ਆਧਾਰਤ ਹਨ ਤੇ ਨਾ ਹੀ ਕਿਸੇ ਧਰਮ ਨੂੰ ਪ੍ਰਣਾਏ ਹੋਏ।
ਸੰਸਾਰ ਦੇ 28 ਪ੍ਰਤੀਸ਼ਤ (ਭਾਵ 43 ਦੇਸ਼) ਧਰਮ ਆਧਾਰਤ ਹਨ, 20 ਪ੍ਰਤੀਸ਼ਤ (40 ਦੇਸ਼) ਕਿਸੇ ਨਾ ਕਿਸੇ ਧਰਮ ਨੂੰ ਪ੍ਰਣਾਏ ਹੋਏ ਤੇ 53 ਪ੍ਰਤੀਸ਼ਤ (106) ਦੇਸ਼ ਅਜਿਹੇ ਹਨ ਜੋ ਨਾ ਹੀ ਧਰਮ ਆਧਾਰਤ ਹਨ ਤੇ ਨਾ ਕਿਸੇ ਧਰਮ ਨੂੰ ਪ੍ਰਣਾਏ ਹੋਏ। ਭਾਰਤ ਉਨ੍ਹਾਂ ਵਿਚੋਂ ਸਭ ਤੋਂ ਉਤੇ ਹੈ। ਇਸ ਦੇਸ਼ ਦੀ ਖਾਸੀਅਤ ਇਸ ਵਿਚ ਵੀ ਹੈ ਕਿ ਇਥੇ ਧਰਮ ਆਧਾਰਤ ਸ਼ਕਤੀਆਂ ਸਮੇਂ-ਸਮੇਂ ਸਿਰ ਤਾਂ ਚੁੱਕਦੀਆਂ ਰਹੀਆਂ ਹਨ ਪਰ ਉਹ ਆਪਣੇ ਆਪ ਹੀ ਮਰ-ਖੱਪ ਜਾਂਦੀਆਂ ਸਨ। ਖੂਬੀ ਇਹ ਕਿ ਸਾਡਾ ਦੇਸ਼ ਉਨ੍ਹਾਂ ਵਿਚ ਵੀ ਨਹੀਂ ਆਉਂਦਾ ਜੋ ਧਰਮ ਆਧਾਰਤ ਸੋਚ ਦੀ ਖੁੰਭ ਠੱਪਦੇ ਹਨ ਤੇ ਠੱਪਦੇ ਆਏ ਹਨ। ਏਕ ਭਾਰਤ ਸ੍ਰੇਸ਼ਟ ਭਾਰਤ! ਜ਼ਿੰਦਾਬਾਦ!!
ਚੰਡੀਗੜ੍ਹ ਦੀ ਨੇਤਰਹੀਣ ਸੰਸਥਾ: ਚੰਡੀਗੜ੍ਹ ਦੇ ਸੈਕਟਰ 26 ਵਿਚ ਸਥਿੱਤ ਇੰਸਟੀਚਿਊਟ ਫਾਰ ਦੀ ਬਲਾਈਂਡ ਪੰਜਾਬ, ਹਰਿਆਣਾ, ਹਿਮਾਚਲ ਖੇਤਰ ਦੇ ਵਸਨੀਕਾਂ ਦੀ ਦਰਿਆ ਦਿਲੀ ‘ਤੇ ਮੋਹਰ ਲਾਉਂਦੀ ਆਈ ਹੈ। ਇਸ ਵਰ੍ਹੇ ਦੀਵਾਲੀ ਮੌਕੇ ਇਸ ਸੰਸਥਾ ਨੂੰ ਕੋਈ ਪੌਣੇ ਚਾਰ ਲੱਖ ਰੁਪਏ ਦਾਨ ਵਜੋਂ ਪ੍ਰਾਪਤ ਹੋਏ ਜਦਕਿ ਸੰਸਥਾ ਦੇ ਬੈਂਕ ਖਾਤੇ ਵਿਚ ਇੱਕ ਕਰੋੜ ਚਾਰ ਲੱਖ ਰੁਪਏ ਪਹਿਲਾਂ ਹੀ ਜਮ੍ਹਾਂ ਹਨ। ਇਹ ਸੰਸਥਾ ਨੇਤਰਹੀਣ ਵਿਅਕਤੀਆਂ ਨੂੰ ਖਾਣ, ਪਹਿਨਣ ਤੇ ਰਹਿਣ ਲਈ ਥਾਂ ਹੀ ਨਹੀਂ ਦਿੰਦੀ, ਉਨ੍ਹਾਂ ਲਈ ਮੈਟ੍ਰਿਕ ਤੋਂ ਉਤੇ ਤੱਕ ਦੀ ਵਿਦਿਆ ਦਾ ਪ੍ਰਬੰਧ ਵੀ ਕਰਦੀ ਹੈ। ਨੌਜਵਾਨ ਮੁੰਡੇ-ਕੁੜੀਆਂ ਇਥੋਂ ਵਿਦਿਆ ਪ੍ਰਾਪਤ ਕਰਕੇ ਕਾਲਜੀ ਵਿਦਿਆ ਲੈਂਦੇ ਹਨ ਤਾਂ ਉਨ੍ਹਾਂ ਲਈ ਇਹ ਸੰਸਥਾ ਅੱਠ ਸੌ ਰੁਪਏ ਮਹੀਨਾ ਤੱਕ ਦੇ ਵਜ਼ੀਫੇ ਦਾ ਪ੍ਰਬੰਧ ਕਰਦੀ ਹੈ। ਉਨ੍ਹਾਂ ਦੀ ਉਚੇਰੀ ਵਿਦਿਆ ਦਾ ਭਾਰ ਚੁੱਕਣ ਵਾਲੀਆਂ ਕੰਪਨੀਆਂ ਮੁੰਬਈ, ਕਲੱਕਤਾ ਵਰਗੇ ਮਹਾਨਗਰਾਂ ਤੱਕ ਫੈਲੀਆਂ ਹੋਈਆਂ ਹਨ। ਮੇਰੇ ਗਵਾਂਢੀ ਮੇਜਰ ਜਨਰਲ ਰਾਜਿੰਦਰ ਨਾਥ ਨੂੰ ਇਸ ਗੱਲ ਦਾ ਮਾਣ ਹੈ ਕਿ ਉਹ ਪਿਛਲੇ 35 ਸਾਲ ਤੋਂ ਇਸ ਸੰਸਥਾ ਨਾਲ ਜੁੜੇ ਹੋਏ ਹਨ।
ਡਾæ ਕੇਸਰ ਸਿੰਘ ਕੇਸਰ ਦੀ ਜਸਬੀਰ: ਇਨ੍ਹਾਂ ਦਿਨਾਂ ਵਿਚ ਚੰਡੀਗੜ੍ਹ ਸਾਹਿਤ ਅਕਾਡਮੀ ਨੇ ਪੰਜਾਬੀ ਕਵੀ ਤੇ ਆਲੋਚਕ ਜਸਬੀਰ ਕੇਸਰ ਨਾਲ ਰੂ-ਬ-ਰੂ ਰਚਾਇਆ, ਜਿੱਥੇ ਵਧੀਆ ਗੱਲਾਂ ਦਾ ਜ਼ਿਕਰ ਹੋਇਆ। ਪਹਿਲੀ ਇਹ ਕਿ ਸਵਰਗਵਾਸੀ ਸਾਹਿਤ ਚਿੰਤਕ ਡਾæ ਕੇਸਰ ਤੇ ਜਸਬੀਰ ਦਾ ਵਿਆਹ ਬੰਧਨ ਅੰਤਰ-ਜਾਤੀ ਸੀ ਜੋ ਡਾæ ਕੇਸਰ ਦੀ ਕੈਂਸਰ ਨਾਲ ਹੋਈ ਮ੍ਰਿਤੂ ਤੱਕ ਵਧੀਆ ਨਿਭਿਆ। ਦੂਜੀ ਇਹ ਕਿ ਡਾæ ਕੇਸਰ ਰੋਗੀ ਅਵਸਥਾ ਵਿਚ ਵੀ ਆਖਰੀ ਸਾਹ ਲੈਣ ਤੱਕ ਲਿਖਣ-ਪੜ੍ਹਨ ਦਾ ਕੰਮ ਕਰਦੇ ਰਹੇ ਜਿਸ ਨੂੰ ਅੱਜ ਕਲ੍ਹ ਜਸਬੀਰ ਕਿਤਾਬੀ ਰੂਪ ਦੇ ਰਹੀ ਹੈ। ਇਸ ਮਿਲਣੀ ਵਿਚ ਡਾæ ਕੇਸਰ ਦੇ ਰਹਿ ਚੁਕੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ ਤੇ ਪ੍ਰਧਾਨਗੀ ਕਰਨ ਵਾਲੇ ਡਾæ ਨਾਹਰ ਸਿੰਘ ਨੇ ਡਾæ ਕੇਸਰ ਦੀ ਲਗਨ ਦੇ ਕਈ ਭੇਤ ਦੱਸੇ, ਇੰਨੇ ਕਿ ਜਸਬੀਰ ਕੇਸਰ ਦੀਆਂ ਉਤਮ ਕਵਿਤਾਵਾਂ ਵਿਚ ਵਿਚਾਲੇ ਰੁਲ ਗਈਆਂ। ਉਂਜ ਮਿੱਤਰ ਮਿਲਣੀ ਖੂਬ ਰਹੀ।
ਅੰਤਿਕਾ: ਮੀਰ ਤਕੀ ਮੀਰ ਦੀਆਂ ਤਿੰਨ ਰੁਬਾਈਆਂ
1æ ਔਕਾਤ ਜਵਾਨੀ ਕੇ ਗਏ ਇਸ਼ਰਤ ਮੇ
ਅਯਾਮ ਲੜਕਪਨ ਕੇ ਕਟੇ ਗਫਲਤ ਮੇ
ਪੀਰੀ ਮੇ ਜੁਜ਼ ਅਫਸੋਸ ਕਿਆ ਕੀਆ ਜਾਏ
ਯਕ ਬਾਰ੍ਹ ਕਮੀ ਹੀ ਆ ਗਈ ਤਾਕਤ ਮੇ।

2æ ਬੁਤਖਾਨੇ ਸੇ ਦਿਲ ਅਪਨਾ ਉਠਾਏ ਨਾ ਗਏ
ਕਾਅਬੇ ਕੀ ਤਰਫ ਮਿਜਾਜ਼ ਲਾਏ ਨਾ ਗਏ।
ਤੌਰ-ਏ-ਮਸਜਿਦ ਕੋ ਬ੍ਰਾਹਮਨ ਕਿਆ ਜਾਨੇ
ਯਾ ਮੁੱਦਤ-ਏ-ਉਮਰ ਮੇ ਹਮ ਆਏ ਨਾ ਗਏ।

3æ ਹਿਜਰਾਂ ਮੇ ਕੀਯਾ ਸਭ ਨੇ ਕਿਨਾਰਾ ਆਖਿਰ
ਅਸਬਾਬ ਗਿਆ ਜੀਨੇ ਕਾ ਸਾਰਾ ਆਖਿਰ
ਨਾ ਤਾਬ ਰਹੀ ਨਾ ਸਬਰ ਓ ਯਾਰਾ ਆਖਿਰ
ਆਖਿਰ ਕੋ ਹੂਆ ਕਾਮ ਹਮਾਰਾ ਆਖਿਰ।