ਚੰਡੀਗੜ੍ਹ: ਭਾਰਤ ਸਰਕਾਰ ਅਤੇ ਨੈਸ਼ਨਲ ਹਾਈਵੇਅ ਅਥਾਰਟੀ ਨੇ ਮੀਲ ਪੱਥਰਾਂ ਉਪਰ ਅੰਗਰੇਜ਼ੀ ਨੂੰ ਪਹਿਲਾ ਅਤੇ ਪੰਜਾਬੀ ਨੂੰ ਤੀਸਰਾ ਸਥਾਨ ਦੇ ਕੇ ਨਵੀਂ ਬਹਿਸ ਛੇੜ ਦਿੱਤੀ ਹੈ। ਪੰਜਾਬ ਦੇ ਕਈ ਹਿੱਸਿਆਂ ਵਿਚ ਅਜਿਹੇ ਮੀਲ ਪੱਥਰਾਂ ਉਪਰ ਕਾਲਖ ਪੋਚਣ ਦਾ ਗੁਪਤ ਸੰਘਰਸ਼ ਸ਼ੁਰੂ ਹੋ ਗਿਆ ਹੈ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਪੰਜਾਬੀ ਭਾਸ਼ਾ ਨੂੰ ਨੁੱਕਰੇ ਲਾਉਣ ਵਿਰੁੱਧ ਪੰਥਕ ਵਿਚਾਰ ਮੰਚ ਦੇ ਮੁਖੀ ਬਲਜੀਤ ਸਿੰਘ ਖਾਲਸਾ ਨੇ ਵੀ ਯੂæਟੀæ ਵਿਚ ਅੰਗਰੇਜ਼ੀ ਵਿਚ ਲਿਖੇ ਸਾਈਨ ਬੋਰਡਾਂ ਉਪਰ ਕਾਲਖ ਪੋਚਣ ਦਾ ਸੰਘਰਸ਼ ਚਲਾਇਆ ਸੀ। ਭਾਵੇਂ ਕੌਮੀ ਅਤੇ ਰਾਜ ਮਾਰਗਾਂ ਦੇ ਮੀਲ ਪੱਥਰਾਂ ਉਪਰ ਪੰਜਾਬੀ ਨੂੰ ਤੀਜੇ ਸਥਾਨ ਉਤੇ ਲਿਖਣ ਦੀ ਪ੍ਰਕਿਰਿਆ ਭਾਰਤ ਸਰਕਾਰ ਦੇ ਸੜਕੀ ਵਿਭਾਗ ਵੱਲੋਂ ਚਲਾਈ ਗਈ ਹੈ ਪਰ ਇਸ ਮੁੱਦੇ ਉਪਰ ਪੰਜਾਬ ਸਰਕਾਰ ਦੀ ਖਾਮੋਸ਼ੀ ਨੇ ਵੀ ਕਈ ਤਰ੍ਹਾਂ ਦੇ ਸ਼ੰਕੇ ਖੜ੍ਹੇ ਕਰ ਦਿੱਤੇ ਹਨ।
ਦਰਅਸਲ, ਚੰਡੀਗੜ੍ਹ ਪ੍ਰਸ਼ਾਸਨ ਦੀ ਸਰਕਾਰੀ ਭਾਸ਼ਾ ਅੰਗਰੇਜ਼ੀ ਦੀ ਥਾਂ ਪੰਜਾਬੀ ਨਿਰਧਾਰਤ ਕਰਨ ਲਈ ਚੰਡੀਗੜ੍ਹ ਪੰਜਾਬੀ ਮੰਚ ਵੱਲੋਂ ਚਲਾਏ ਸੰਘਰਸ਼ ਦੀ ਪੰਜਾਬ ਸਰਕਾਰ ਵੱਲੋਂ ਹਮਾਇਤ ਕਰਨ ਦੀ ਥਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਅਹੁਦੇ ਦੀ ਸਹੁੰ ਅੰਗਰੇਜ਼ੀ ਵਿਚ ਚੁੱਕੀ ਸੀ, ਜਿਸ ਕਾਰਨ ਯੂæਟੀæ ਪ੍ਰਸ਼ਾਸਨ ਨੇ ਵੀ ਪੰਜਾਬੀ ਹਿਤੈਸ਼ੀਆਂ ਦੇ ਸੰਘਰਸ਼ ਨੂੰ ਅੱਖੋਂ-ਪਰੋਖੇ ਕਰਨਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਸਰਕਾਰ ਹਾਲੇ ਪ੍ਰਾਈਵੇਟ ਸਕੂਲਾਂ ਵਿਚ ਵੀ ਪੰਜਾਬੀ ਭਾਸ਼ਾ ਨੂੰ ਲਾਗੂ ਕਰਵਾਉਣ ਵਿਚ ਕਾਮਯਾਬ ਨਹੀਂ ਹੋਈ। ਹੁਣ ਕੈਪਟਨ ਵੱਲੋਂ ਅੰਗਰੇਜ਼ੀ ਵਿਚ ਸਹੁੰ ਚੁੱਕਣ ਅਤੇ ਪੰਜਾਬੀ ਸ਼ਾਇਰ ਡਾæ ਸੁਰਜੀਤ ਪਾਤਰ ਨੂੰ ਪੰਜਾਬ ਕਲਾ ਪ੍ਰੀਸ਼ਦ ਦੀ ਅਗਵਾਈ ਕਰਨ ਦੀ ਪੇਸ਼ਕਸ਼ ਦਾ ਪੱਤਰ ਵੀ ਅੰਗਰੇਜ਼ੀ ਵਿਚ ਲਿਖਣ ਕਾਰਨ ਕਈ ਤਰ੍ਹਾਂ ਦੇ ਨਵੇਂ ਸ਼ੰਕੇ ਪੈਦਾ ਹੋ ਗਏ ਹਨ।
____________________________________
ਸਿਆਸੀ ਪਾਰਟੀਆਂ ਨੂੰ ਭਰਨਾ ਪਵੇਗਾ ਪ੍ਰਣ ਪੱਤਰ
ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਕਿ ਮੀਲ ਪੱਥਰਾਂ ਉਪਰ ਪੰਜਾਬੀਆਂ ਦੀ ਮਾਂ ਬੋਲੀ ਨੂੰ ਤੀਸਰੇ ਥਾਂ ਉਤੇ ਰੱਖਣਾ ਪੰਜਾਬੀਆਂ ਵਿਰੁੱਧ ਸਾਜ਼ਿਸ਼ ਹੈ ਅਤੇ ਫੈਡਰੇਸ਼ਨ ਸੂਬੇ ਦੀਆਂ ਸਮੂਹ ਸਿਆਸੀ ਪਾਰਟੀਆਂ ਕੋਲੋਂ ਪੰਜਾਬ ਵਿਚ ਮੁਕੰਮਲ ਤੌਰ ਉਤੇ ਪੰਜਾਬੀ ਭਾਸ਼ਾ ਲਾਗੂ ਕਰਵਾਉਣ ਲਈ ਪ੍ਰਣ ਪੱਤਰ ਭਰਵਾਉਣ ਦੀ ਮੁਹਿੰਮ ਚਲਾਵੇਗੀ ਤਾਂ ਜੋ ਸਾਰੇ ਸਿਆਸੀ ਪਾਰਟੀਆਂ ਦੇ ਆਗੂਆਂ ਦਾ ਮਾਂ ਬੋਲੀ ਪ੍ਰਤੀ ਸਟੈਂਡ ਸਪੱਸ਼ਟ ਹੋ ਸਕੇ। ਕੇਂਦਰੀ ਪੰਜਾਬੀ ਲੇਖਕ ਸਭਾ ਪੰਜਾਬ ਦੇ ਪ੍ਰਧਾਨ ਡਾæ ਸਰਬਜੀਤ ਸਿੰਘ ਨੇ ਕਿਹਾ ਕਿ ਉਹ ਭਾਰਤ ਸਰਕਾਰ ਦੇ ਸੜਕੀ ਵਿਭਾਗ ਕੋਲ ਇਹ ਮੁੱਦਾ ਉਠਾ ਰਹੇ ਹਨ।
__________________________________
ਲਹਿੰਦੇ ਪੰਜਾਬ ਵਿਚ ਵੀ ਮਾਂ ਬੋਲੀ ਲਈ ਆਵਾਜ਼ ਬੁਲੰਦ
ਲਾਹੌਰ: ਪੰਜਾਬੀ ਮਾਂ ਬੋਲੀ ਨੂੰ ਬਣਦਾ ਹੱਕ ਤੇ ਸਨਮਾਨ ਦਿਵਾਉਣ ਲਈ ਲਹਿੰਦੇ ਪੰਜਾਬ ਦੀਆਂ ਵੱਖ-ਵੱਖ ਜਥੇਬੰਦੀਆਂ ਅਤੇ ਕਾਰਕੁਨਾਂ ਵੱਲੋਂ ਪੰਜਾਬੀ ਪ੍ਰਚਾਰ ਤੇ ਪੰਜਾਬੀ ਪੜ੍ਹਾਉ ਤਹਿਰੀਕ ਸੰਸਥਾਵਾਂ ਦੀ ਅਗਵਾਈ ਵਿਚ ਭੁੱਖ ਹੜਤਾਲ ਰੱਖ ਕੇ ਸੂਬਾ ਸਰਕਾਰ ਪ੍ਰਤੀ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਗਈ। ਭੁੱਖ ਹੜਤਾਲ ਵਿਚ ਪੰਜਾਬੀ ਖੋਜਗੜ੍ਹ, ਲੁਕਾਈ ਪੰਜਾਬ, ਪੰਜਾਬੀ ਸਾਂਝ ਸੰਗਤ, ਪੰਜਾਬੀ ਅਦਬੀ ਸੰਗਤ, ਪੰਜਾਬੀ ਅਦਬੀ ਬੋਰਡ, ਕੁਕਨੂਸ ਲਾਇਲਪੁਰ, ਪੰਜਾਬ ਲੋਕ ਲਹਿਰ ਤੇ ਪੰਜਾਬ ਸੋਸ਼ਲ ਮੂਵਮੈਂਟ ਆਦਿ ਸੰਸਥਾਵਾਂ ਵੀ ਸ਼ਾਮਲ ਹੋਈਆਂ। ਇਸ ਮਗਰੋਂ ਲਾਹੌਰ ਪੰਜਾਬ ਅਸੈਂਬਲੀ ਦੇ ਸਾਹਮਣੇ ਰੋਸ ਮੁਜ਼ਾਹਰਾ ਕੀਤਾ ਗਿਆ। ਪੰਜਾਬੀ ਪ੍ਰਚਾਰ ਸੰਸਥਾ ਦੇ ਸਦਰ ਅਹਿਮਦ ਰਜ਼ਾ ਨੇ ਪੰਜਾਬ ਵਿਚ ਮਾਂ-ਬੋਲੀ ਪੰਜਾਬੀ ਨਾਲ ਕੀਤੇ ਜਾ ਰਹੇ ਮਤਰੇਈ ਮਾਂ ਵਾਲੇ ਸਲੂਕ ਲਈ ਲਹਿੰਦੇ ਪੰਜਾਬ ਦੀ ਸੂਬਾ ਸਰਕਾਰ ਨੂੰ ਜ਼ਿੰਮੇਵਾਰ ਠਹਿਰਾ ਕੇ ਮਾਂ-ਬੋਲੀ ਨੂੰ ਤਰਜੀਹ ਦੇਣ ਦੀ ਅਪੀਲ ਕਰਦਿਆਂ ਸੂਬੇ ਦੇ ਲੋਕਾਂ ਨੂੰ ਪੰਜਾਬੀ ਦੇ ਪ੍ਰਚਾਰ-ਪ੍ਰਸਾਰ ਲਈ ਉਸਾਰੂ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ। ਉਨ੍ਹਾਂ ਪਹਿਲੀ ਜਮਾਤ ਤੋਂ ਗ੍ਰੈਜੂਏਸ਼ਨ ਤੱਕ ਪੰਜਾਬੀ ਨੂੰ ਵਿਸ਼ੇ ਦੇ ਤੌਰ ‘ਤੇ ਲਾਗੂ ਕਰਨ ਅਤੇ ਪੰਜਾਬ ਅਸੈਂਬਲੀ ਵਿਚ ਪੰਜਾਬੀ ਬੋਲਣ ‘ਤੇ ਲਾਈ ਗਈ ਪਾਬੰਦੀ ਨੂੰ ਖਤਮ ਕਰਨ ਦੀ ਵੀ ਮੰਗ ਕੀਤੀ। ਪ੍ਰੋæ ਤਾਰਿਕ ਜਟਾਲਾ ਨੇ ਕਿਹਾ ਕਿ ਪੰਜਾਬੀ ਭਾਸ਼ਾ ਨਾਲ ਹੀਣ ਭਾਵਨਾ ਜੋੜ ਦਿੱਤੀ ਗਈ ਹੈ, ਜਿਸ ਕਾਰਨ ਨਵੀਂ ਪੀੜੀ ਪੰਜਾਬੀ ਭਾਸ਼ਾ ਤੋਂ ਆਪਣੀ ਦੂਰੀ ਬਣਾ ਰਹੀ ਹੈ। ਬਾਬਾ ਨਜ਼ਮੀ ਨੇ ਸਕੂਲੀ ਪੰਜਾਬੀ ਪੁਸਤਕਾਂ ਵਿਚ ਬਾਬਾ ਬੁੱਲ੍ਹਾ ਸ਼ਾਹ, ਸ਼ਾਹ ਹੁਸੈਨ, ਬਾਬਾ ਗੁਰੂ ਨਾਨਕ ਦੇਵ ਜੀ, ਸ਼ੇਖ਼ ਫ਼ਰੀਦ, ਵਾਰਿਸ ਸ਼ਾਹ ਆਦਿ ਦੇ ਪੰਜਾਬੀ ਸੂਫ਼ੀ ਕਲਾਮ ਨੂੰ ਸ਼ਾਮਲ ਕਰਨ ਦੀ ਮੰਗ ਕੀਤੀ। ਰੋਜ਼ਾਨਾ ਲੁਕਾਈ ਦੇ ਸੰਪਾਦਕ ਜ਼ਮੀਲ ਪਾਲ ਨੇ ਕਿਹਾ ਪੰਜਾਬ ਸੂਬੇ ਵਿਚ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਦੀ ਬਜਾਏ ਸਰਕਾਰ ਵੱਲੋਂ ਇਸ ਨੂੰ ਲਗਾਤਾਰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ।
_________________________________
ਸੁਖਬੀਰ ਨੂੰ ਵੀ ਆਈ ਮਾਂ ਬੋਲੀ ਦੀ ਯਾਦ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵੀ ਮਾਂ ਬੋਲੀ ਨਾਲ ਹੋ ਰਹੇ ਧੱਕੇ ਖਿਲਾਫ ਆਵਾਜ਼ ਬੁਲੰਦ ਕਰਨ ਦੀ ਯਾਦ ਆ ਗਈ ਹੈ। ਵਧ ਰਹੇ ਰੋਹ ਨੂੰ ਵੇਖਦੇ ਹੋਏ ਸੁਖਬੀਰ ਨੇ ਕੇਂਦਰੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੂੰ ਖਤ ਲਿਖਦਿਆਂ ਬੇਨਤੀ ਕੀਤੀ ਕਿ ਉਹ ਪੰਜਾਬ ਵਿਚ ਕੌਮੀ ਸ਼ਾਹ-ਮਾਰਗਾਂ ‘ਤੇ ਸਾਰੇ ਸਾਈਨ-ਬੋਰਡ ਪੰਜਾਬੀ ਵਿਚ ਲਿਖਵਾਏ ਜਾਣਾ ਯਕੀਨ ਬਣਾਉਣ। ਬਾਦਲ ਨੇ ਕਿਹਾ ਕਿ ਕਿੰਨੇ ਅਫਸੋਸ ਦੀ ਗੱਲ ਹੈ ਕਿ ਸੂਬੇ ਅੰਦਰ ਕੌਮੀ ਸ਼ਾਹ-ਮਾਰਗਾਂ ਦੇ ਸਾਈਨ-ਬੋਰਡਾਂ ‘ਤੇ ਪੰਜਾਬੀ ਨੂੰ ਪਹਿਲ ਨਹੀਂ ਦਿੱਤੀ ਜਾ ਰਹੀ।