ਜਬਰ ਜਨਾਹ ਦੇ ਦੋਸ਼ ਵਿਚ ਲੰਗਾਹ ਨੂੰ ਸਿੱਖ ਪੰਥ ਵਿਚੋਂ ਛੇਕਿਆ

ਅੰਮ੍ਰਿਤਸਰ: ਅਕਾਲ ਤਖਤ ਤੋਂ ਪੰਜ ਜਥੇਦਾਰਾਂ ਨੇ ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਨੂੰ ਬੇਗਾਨੀ ਔਰਤ ਨਾਲ ਸਬੰਧ ਰੱਖਣ ਦੇ ਦੋਸ਼ ਹੇਠ ਸਿੱਖ ਪੰਥ ਵਿਚੋਂ ਛੇਕ ਦਿੱਤਾ ਹੈ। ਤਖਤ ਨੇ ਸਿੱਖ ਸੰਸਥਾਵਾਂ ਨੂੰ ਆਖਿਆ ਕਿ ਜੇਕਰ ਇਹ ਵਿਅਕਤੀ ਕਿਸੇ ਸੰਸਥਾ ਦਾ ਮੈਂਬਰ ਹੈ ਤਾਂ ਇਸ ਨੂੰ ਤੁਰਤ ਬਰਖਾਸਤ ਕਰ ਦਿੱਤਾ ਜਾਵੇ। ਹੁਕਮਨਾਮੇ ਵਿਚ ਕਿਸੇ ਵੀ ਧਾਰਮਿਕ ਅਸਥਾਨ ਵਿਚ ਉਸ ਦੇ ਨਾਂ ਦੀ ਅਰਦਾਸ ਨਾ ਕਰਨ ਦੀ ਤਾੜਨਾ ਵੀ ਕੀਤੀ ਗਈ।

ਇਹ ਹੁਕਮਨਾਮਾ ਅਕਾਲ ਤਖਤ ਦੀ ਫਸੀਲ ਤੋਂ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸਿੱਖ ਸੰਗਤਾਂ ਨੂੰ ਸੁਣਾਇਆ। ਇਸ ਤੋਂ ਪਹਿਲਾਂ ਅਕਾਲ ਤਖਤ ਵਿਖੇ ਪੰਜ ਸਿੰਘ ਸਾਹਿਬਾਨ ਦੀ ਧਾਰਮਿਕ ਸਲਾਹਕਾਰ ਕਮੇਟੀ ਦੇ ਮੈਂਬਰਾਂ ਨਾਲ ਮੀਟਿੰਗ ਹੋਈ, ਜਿਸ ਵਿਚ ਸੁੱਚਾ ਸਿੰਘ ਲੰਗਾਹ ਦੀ ਅਸ਼ਲੀਲ ਵੀਡੀਓ ਅਤੇ ਪੁਲਿਸ ਵੱਲੋਂ ਦਰਜ ਕੀਤੇ ਮਾਮਲੇ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।
ਮੀਟਿੰਗ ਉਪਰੰਤ ਪੰਜ ਜਥੇਦਾਰਾਂ ਦੀ ਮੀਟਿੰਗ ਵਿਚ ਉਸ ਨੂੰ ਪੰਥ ਵਿਚੋਂ ਛੇਕਣ ਦਾ ਫੈਸਲਾ ਕੀਤਾ ਗਿਆ। ਇਕੱਤਰਤਾ ਵਿਚ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਵਧੀਕ ਗ੍ਰੰਥੀ ਗਿਆਨੀ ਜਗਤਾਰ ਸਿੰਘ ਸ਼ਾਮਲ ਸਨ। ਜਥੇਦਾਰ ਗੁਰਬਚਨ ਸਿੰਘ ਨੇ ਦੱਸਿਆ ਕਿ ਸੁੱਚਾ ਸਿੰਘ ਲੰਗਾਹ ਖਿਲਾਫ਼ ਸਿੱਖ ਸੰਗਤ ਵੱਲੋਂ ਵੱਡੇ ਪੱਧਰ ਉਤੇ ਸ਼ਿਕਾਇਤਾਂ ਪੁੱਜੀਆਂ ਸਨ। ਇਸ ਤੋਂ ਇਲਾਵਾ ਅਖਬਾਰਾਂ ਅਤੇ ਇਲੈਕਟਰੋਨਿਕ ਮੀਡੀਆ ਰਾਹੀਂ ਵੀ ਇਸ ਦੀ ਭਾਰੀ ਚਰਚਾ ਹੋਈ ਹੈ। ਅਕਾਲੀ ਆਗੂ ਦੀ ਇਸ ਬਦਇਖਲਾਕੀ ਵਾਲੀ ਕਾਰਵਾਈ ਕਾਰਨ ਜਿਥੇ ਸਿੱਖ ਸੰਗਤਾਂ ਦੇ ਮਨਾਂ ਨੂੰ ਠੇਸ ਪੁੱਜੀ ਹੈ, ਉਥੇ ਸਿੱਖ ਕਿਰਦਾਰ ਨੂੰ ਵੀ ਢਾਹ ਲੱਗੀ ਹੈ।
ਉਨ੍ਹਾਂ ਦੱਸਿਆ ਕਿ ਪੰਜ ਜਥੇਦਾਰਾਂ ਨੇ ਸ੍ਰੀ ਲੰਗਾਹ ਨੂੰ ਸਿੱਖ ਰਹਿਤ ਮਰਿਆਦਾ ਅਨੁਸਾਰ ਬਜਰ ਕੁਰਹਿਤ ਕਰਨ ਦਾ ਦੋਸ਼ੀ ਮੰਨਿਆ ਹੈ। ਮਾਮਲੇ ਦੀ ਗੰਭੀਰਤਾ ਅਤੇ ਸਿੱਖ ਸੰਗਤ ਦੀਆਂ ਭਾਵਨਾਵਾਂ ਨੂੰ ਧਿਆਨ ਵਿਚ ਰੱਖਦਿਆਂ ਹੀ ਉਸ ਨੂੰ ਪੰਥ ਵਿਚੋਂ ਛੇਕਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਧਾਰਮਿਕ ਸਲਾਹਕਾਰ ਕਮੇਟੀ ਵੱਲੋਂ ਵੀ ਇਸੇ ਸਜ਼ਾ ਉਤੇ ਮੋਹਰ ਲਾਈ ਗਈ ਸੀ। ਉਨ੍ਹਾਂ ਸਮੂਹ ਸਿੱਖ ਸੰਗਤ ਨੂੰ ਆਦੇਸ਼ ਦਿੱਤਾ ਕਿ ਉਸ ਨਾਲ ਕਿਸੇ ਕਿਸਮ ਦੀ ਸਾਂਝ ਨਾ ਰੱਖੀ ਜਾਵੇ, ਉਸ ਦਾ ਨਾਂ ਲੈ ਕੇ ਕਿਸੇ ਵੀ ਗੁਰਦੁਆਰੇ ਵਿਚ ਅਰਦਾਸ ਨਾ ਕੀਤੀ ਜਾਵੇ ਅਤੇ ਸਿੱਖ ਸੰਸਥਾਵਾਂ ਉਸ ਨੂੰ ਬਤੌਰ ਮੈਂਬਰ ਤੁਰਤ ਬਰਖਾਸਤ ਕਰਨ। ਉਨ੍ਹਾਂ ਦੱਸਿਆ ਕਿ ਇਕੱਤਰਤਾ ਵਿਚ ਫੈਸਲਾ ਕੀਤਾ ਗਿਆ ਹੈ ਕਿ ਬਜਰ ਕੁਰਹਿਤ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਭਵਿੱਖ ਵਿਚ ਕਿਸੇ ਧਾਰਮਿਕ ਸੰਸਥਾ ਦੀ ਨੁਮਾਇੰਦਗੀ ਨਾ ਦਿੱਤੀ ਜਾਵੇ ਅਤੇ ਅਹੁਦੇਦਾਰ ਬਣਾਉਣ ਤੋਂ ਪਹਿਲਾਂ ਉਸ ਦੇ ਕਿਰਦਾਰ ਨੂੰ ਧਿਆਨ ਵਿਚ ਰੱਖਿਆ ਜਾਵੇ।
ਇਸ ਤੋਂ ਪਹਿਲਾਂ ਪੰਜ ਜਥੇਦਾਰਾਂ ਨੇ ਕੈਨੇਡਾ ਦੇ ਜਗਮੀਤ ਸਿੰਘ ਨੂੰ ਨਿਊ ਡੈਮੋਕਰੈਟਿਕ ਪਾਰਟੀ ਦਾ ਮੁਖੀ ਬਣਾਏ ਜਾਣ ਦੇ ਫੈਸਲੇ ਦੀ ਸ਼ਲਾਘਾ ਕੀਤੀ ਗਈ ਅਤੇ ਐਲਾਨ ਕੀਤਾ ਕਿ ਜਗਮੀਤ ਸਿੰਘ ਦੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਆਉਣ ‘ਤੇ ਉਸ ਦਾ ਸਨਮਾਨ ਕੀਤਾ ਜਾਵੇਗਾ।
_________________________________________
ਲੰਗਾਹ ਦਾ ਦਸ ਨੰਬਰੀ ਤੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਦਾਅਵੇਦਾਰੀ ਦਾ ਸਫਰ
ਚੰਡੀਗੜ੍ਹ: ਸਿਆਸਤ ਵਿਚ ਆਉਣ ਤੋਂ ਪਹਿਲਾਂ ਸੁੱਚਾ ਸਿੰਘ ਲੰਗਾਹ ‘ਤੇ ਕਈ ਮਾਮਲੇ ਦਰਜ ਸਨ। ਫਿਰ ਵੀ ਪ੍ਰਕਾਸ਼ ਸਿੰਘ ਬਾਦਲ ਉਸ ਨੂੰ ਸਿਆਸਤ ਵਿਚ ਲੈ ਕੇ ਆਏ ਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਵਜੋਂ ਚੋਣ ਲੜਾਈ। ਇਹ ਵੀ ਚਰਚਾ ਹੈ ਕਿ ਉਸ ਨੂੰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਾਉਣ ਦੀਆਂ ਤਿਆਰੀਆਂ ਸਨ। ਦਰਅਸਲ, ਸਿਆਸਤ ਵਿਚ ਆਉਣ ਪਿੱਛੋਂ ਸੁੱਚਾ ਸਿੰਘ ਲੰਗਾਹ ਨੇ ਕਈ ਵਾਰ ਸਿੱਖ ਪੰਥ, ਧਾਰਮਿਕ ਮਰਿਆਦਾ ਅਤੇ ਚੰਗੇ ਆਚਰਨ ਬਾਰੇ ਭਾਸ਼ਣ ਦਿੱਤੇ ਸਨ।
ਇਸ ਕਾਰਨ ਛੇਤੀ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਬਣ ਗਿਆ ਅਤੇ ਫਿਰ ਅਕਾਲੀ ਦਲ ਦੀ ਕੋਰ ਕਮੇਟੀ ਦਾ ਮੈਂਬਰ ਬਣਾ ਦਿੱਤਾ ਗਿਆ। ਸਾਲ 1997 ਵਿਚ ਵਿਧਾਨ ਸਭਾ ਚੋਣਾ ਜਿੱਤਣ ਪਿੱਛੋਂ ਪੀæਡਬਲਿਊæਡੀæ ਅਤੇ ਸਾਲ 2007 ਵਿਚ ਖੇਤੀਬਾੜੀ ਮੰਤਰੀ ਬਣਿਆ ਤਾਂ ਅਕਾਲੀ ਦਲ ਦੀ ਪਹਿਲੀ ਕਤਾਰ ਦੇ ਆਗੂਆਂ ਵਿਚ ਜਗ੍ਹਾ ਵੀ ਬਣਦੀ ਗਈ। ਦੁੱਧ ਵੇਚਣ ਵਾਲੇ ਤੋਂ ਕੈਬਨਿਟ ਮੰਤਰੀ ਤੇ ਧਰਮ ਪ੍ਰਚਾਰਕ ਬਣੇ ਸੁੱਚਾ ਸਿੰਘ ਲੰਗਾਹ ਦੀ ਦਾਗਦਾਰ ਜ਼ਿੰਦਗੀ ਕਿਸੇ ਤੋਂ ਲੁਕੀ ਨਹੀਂ। ਸਿਆਸੀ ਸਫਰ ਸ਼ੁਰੂ ਕਰਨ ਤੋਂ ਪਹਿਲਾਂ ਪੁਲਿਸ ਰਿਕਾਰਡ ਵਿਚ ਸੁੱਚਾ ਸਿੰਘ ਦਸ ਨੰਬਰੀ ਹੁੰਦਾ ਸੀ। ਉਸ ਦੇ ਬਾਵਜੂਦ ਉਸ ਨੂੰ ਕੈਬਨਿਟ ਮੰਤਰੀ ਬਣਾਇਆ ਗਿਆ ਸੀ। ਆਪਣੀ ਸਿਆਸੀ ਪਾਰੀ ਕਾਰਨ ਉਹ ਕੁਝ ਹੀ ਸਾਲਾਂ ਵਿਚ ਸੌ ਕਰੋੜ ਰੁਪਏ ਤੋਂ ਵੱਧ ਦਾ ਮਾਲਕ ਬਣ ਗਿਆ। ਵਿਰਾਸਤ ਵਿਚ ਉਸ ਨੂੰ ਸਿਰਫ ਤਿੰਨ ਏਕੜ ਜ਼ਮੀਨ ਮਿਲੀ ਸੀ, ਪਰ ਮੰਤਰੀ ਬਣਨ ਤੋਂ ਬਾਅਦ ਕਰੋੜਾਂ ਦਾ ਮਾਲਕ ਬਣ ਗਿਆ। ਵਿਰੋਧੀ ਪਾਰਟੀਆਂ ਨੇ ਕਈ ਵਾਰ ਉਸ ਉਤੇ ਗੈਰ ਕਾਨੂੰਨੀ ਕਬਜ਼ੇ ਕਰਨ ਅਤੇ ਤਸਕਰਾਂ ਦੀ ਮਿਲੀਭੁਗਤ ਦੇ ਦੋਸ਼ ਵੀ ਲਾਏ। ਸਾਲ 2002 ਵਿਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਉਣ ਉਤੇ ਵਿਜੀਲੈਂਸ ਨੇ ਕੇਸ ਵੀ ਦਰਜ ਕੀਤਾ ਸੀ, ਜਿਸ ਵਿਚ ਤਿੰਨ ਸਾਲ ਕੈਦ ਹੋ ਗਈ ਸੀ।
________________________
ਅਦਾਲਤ ਦੇ ਬਾਹਰ ਲੰਗਾਹ ‘ਤੇ ਕਿਰਪਾਨ ਨਾਲ ਹਮਲਾ
ਗੁਰਦਾਸਪੁਰ: ਮਹਿਲਾ ਸਿਪਾਹੀ ਨਾਲ ਜਬਰ ਜਨਾਹ ਤੇ ਧੋਖਾਧੜੀ ਕਰਨ ਵਰਗੇ ਸੰਗੀਨ ਦੋਸ਼ਾਂ ਵਿਚ ਘਿਰੇ ਅਕਾਲੀ ਦਲ ਦੇ ਸਾਬਕਾ ਮੰਤਰੀ ਤੇ ਸ਼੍ਰੋਮਣੀ ਕਮੇਟੀ ਮੈਂਬਰ ਸੁੱਚਾ ਸਿੰਘ ਲੰਗਾਹ ਨੇ ਗੁਰਦਾਸਪੁਰ ਅਦਾਲਤ ਵਿਚ ਸਮਰਪਣ ਕਰ ਦਿੱਤਾ। ਅਦਾਲਤ ਵਿਚ ਪੇਸ਼ ਹੋਣ ਤੋਂ ਬਾਅਦ ਜਦੋਂ ਪੁਲਿਸ ਨੇ ਲੰਗਾਹ ਨੂੰ ਆਪਣੀ ਗੱਡੀ ਵਿਚ ਬਿਠਾਇਆ ਤਾਂ ਅਚਾਨਕ ਇਕ ਸਿੱਖ ਨੌਜਵਾਨ ਨੇ ਕਿਰਪਾਨ ਨਾਲ ਹਮਲਾ ਕਰਨ ਦੀ ਕੋਸ਼ਿਸ਼ ਪਰ ਹਮਲੇ ਤੋਂ ਮੁਲਜ਼ਮ ਵਾਲ-ਵਾਲ ਬਚ ਗਿਆ। ਪੁਲਿਸ ਨੇ ਹਮਲਾਵਰ ਨੌਜਵਾਨ ਨੂੰ ਕਾਬੂ ਕਰ ਲਿਆ। ਇਸ ਮੌਕੇ ਪੁਲਿਸ ਨੂੰ ਲੋਕਾਂ ਦੇ ਤਿੱਖੇ ਰੋਹ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ ਲੰਗਾਹ ਨੇ ਕਿਹਾ ਕਿ ਅਦਾਲਤ ਵਿਚ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ। ਗੌਰਤਲਬ ਹੈ ਕਿ ਪੰਜਾਬ ਪੁਲਿਸ ਵਿਚ ਤਾਇਨਾਤ ਇਕ ਮਹਿਲਾ ਦੀ ਸ਼ਿਕਾਇਤ ਉਤੇ ਸਿਟੀ ਪੁਲਿਸ ਨੇ ਲੰਗਾਹ ਖਿਲਾਫ਼ 29 ਸਤੰਬਰ ਨੂੰ ਜਬਰ ਜਨਾਹ ਅਤੇ ਧੋਖਾਧੜੀ ਸਮੇਤ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ। ਕੇਸ ਦਰਜ ਹੋਣ ਤੋਂ ਬਾਅਦ ਮੁਲਜ਼ਮ ਗ੍ਰਿਫਤਾਰੀ ਤੋਂ ਬਚਣ ਦੀ ਕੋਸ਼ਿਸ਼ ਕਰ ਰਿਹਾ ਸੀ।