ਜਸਟਿਸ ਨਾਰੰਗ ਕਮਿਸ਼ਨ ਦੀ ਰਿਪੋਰਟ ਆਈ ਸਵਾਲਾਂ ਦੇ ਘੇਰੇ ਵਿਚ

ਚੰਡੀਗੜ੍ਹ: ਰੇਤ ਖੱਡਾਂ ਦੀ ਨਿਲਾਮੀ ਵਿਚ ਘਪਲੇ ਦੀ ਜਾਂਚ ਕਰ ਰਹੇ ਜਸਟਿਸ ਨਾਰੰਗ ਕਮਿਸ਼ਨ ਵੱਲੋਂ ਸਰਕਾਰ ਨੂੰ ਸੌਂਪੀ ਰਿਪੋਰਟ ਸਵਾਲਾਂ ਦੇ ਘੇਰੇ ਵਿਚ ਹੈ। ਰਿਪੋਰਟ ਵਿਚ ਕਈ ਅਹਿਮ ਤੱਥਾਂ ਨੂੰ ਅੱਖੋਂ ਓਹਲੇ ਕਰ ਦਿੱਤਾ ਗਿਆ। ਰੇਤ ਖੱਡਾਂ ਦੀ ਨਿਲਾਮੀ ਮਾਮਲੇ ਵਿਚ ਸਿੰਜਾਈ ਮੰਤਰੀ ਰਾਣਾ ਗੁਰਜੀਤ ਸਿੰਘ ਦੀ ਭੂਮਿਕਾ ਦੀ ਜਾਂਚ ਕਰ ਰਹੇ ਜਸਟਿਸ ਜੇæਐਸ਼ਨਾਰੰਗ ਦੀ ਅਗਵਾਈ ਵਾਲੇ ਨਿਆਇਕ ਕਮਿਸ਼ਨ ਨੇ ਸ਼ਾਇਦ ਜਾਂਚ ਦੌਰਾਨ ਇਸ ਅਹਿਮ ਤੱਥ ਨੂੰ ਮੂਲੋਂ ਹੀ ਨਜ਼ਰ ਅੰਦਾਜ਼ ਕਰ ਦਿੱਤਾ ਕਿ ਖੱਡਾਂ ਦੀ ਸਫਲ ਬੋਲੀ ਦੇਣ ਵਾਲਾ ਖਾਨਸਾਮਾ ਅਮਿਤ ਬਹਾਦੁਰ ਤੇ ਰਾਣਾ ਦੀ ਕੰਪਨੀ ‘ਚ ਡਿਪਟੀ ਜਨਰਲ ਮੈਨੇਜਰ ਕੁਲਵਿੰਦਰ ਪਾਲ ਸਿੰਘ, ਦਾ ਉਸ ਨਾਲ ਕੋਈ ਸਬੰੰਧ ਹੋ ਸਕਦਾ ਹੈ।

ਕਮਿਸ਼ਨ ਨੇ 10 ਅਗਸਤ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੌਂਪੀ ਰਿਪੋਰਟ ਵਿਚ ਇਹ ਗੱਲ ਕਿਤੇ ਵੀ ਦਰਜ ਨਹੀਂ ਕੀਤੀ ਕਿ ਬਹਾਦੁਰ ਤੇ ਕੁਲਵਿੰਦਰ ਨੇ ਮਹਿਜ਼ ਮੂਹਰੇ ਹੋ ਕੇ ਨਿਲਾਮੀ ਵਿਚ ਹਿੱਸਾ ਲਿਆ ਤੇ ਨਾ ਹੀ ਉਨ੍ਹਾਂ ਦੇ ਖਾਤਿਆਂ ਵਿਚੋਂ ਇਕ ਦੁਆਨੀ ਸਰਕਾਰ ਨੂੰ ਦਿੱਤੀ ਗਈ। ਇਸ ਦੀ ਥਾਂ ਰਿਪੋਰਟ ਵਿਚ ਇਹ ਜ਼ਰੂਰ ਦਰਜ ਹੈ ਕਿ ਦੋਵਾਂ ਨੇ ਸਾਹਿਲ ਸਿੰਗਲਾ (ਮੰਤਰੀ ਦੇ ਚਾਰਟਰਡ ਅਕਾਊਂਟੈਂਟ ਦਾ ਪੁੱਤਰ) ਤੇ ਸੰਜੀਤ ਰੰਧਾਵਾ (ਮੰਤਰੀ ਦੇ ਚੋਣ ਏਜੰਟ ਕੈਪਟਨ ਜੇæਐਸ਼ਰੰਧਾਵਾ ਦਾ ਪੁੱਤਰ) ਲਈ ਅੱਗੇ ਹੋ ਕੇ ਖੱਡਾਂ ਦੀ ਬੋਲੀ ਦਿੱਤੀ।
ਰਿਪੋਰਟ ਵਿਚ ਇਸ ਗੱਲ ਦਾ ਵੀ ਕਿਤੇ ਕੋਈ ਜ਼ਿਕਰ ਨਹੀਂ ਕਿ ਉਨ੍ਹਾਂ ਅਮਿਤ ਬਹਾਦੁਰ ਜਾਂ ਰਾਣਾ ਗੁਰਜੀਤ ਨੂੰ ਦੋਵਾਂ ਵਿਚਾਲੇ ਹੋਏ ਵਿੱਤੀ ਲੈਣ ਬਾਬਤ ਕੋਈ ਸਵਾਲ ਕੀਤਾ ਹੋਵੇ। ਇਨ੍ਹਾਂ ਕਾਲਮਾਂ ਵਿਚ ਹੀ ਛਪੀ ਇਕ ਰਿਪੋਰਟ ‘ਚ ਖੁਲਾਸਾ ਕੀਤਾ ਗਿਆ ਸੀ ਕਿ ਮੰਤਰੀ ਵੱਲੋਂ ਚੋਣ ਕਮਿਸ਼ਨ ਕੋਲ ਦਾਖਲ ਹਲਫਨਾਮੇ ‘ਚ ਉਨ੍ਹਾਂ ਚਾਰ ਕੰਪਨੀਆਂ ਨਾਲ ਕਾਰੋਬਾਰ ਕਰਨ ਦੀ ਗੱਲ ਕਬੂਲੀ ਸੀ, ਜਿਸ ਵਿਚ ਬਹਾਦੁਰ ਤੇ ਇਕ ਹੋਰ ਮੁਲਾਜ਼ਮ ਬਲਰਾਜ ਸਿੰਘ ਡਾਇਰੈਕਟਰ ਸਨ। ਇਨ੍ਹਾਂ ਦੋਵਾਂ ਨੇ ਖੱਡਾ ਦੀ ਨਿਲਾਮੀ ਮੌਕੇ ਬੋਲੀ ਦਿੱਤੀ ਸੀ।
ਰਾਣਾ ਗੁਰਜੀਤ ਨੇ ਇਨ੍ਹਾਂ ਚਾਰ ਕੰਪਨੀਆਂ ਤੋਂ ਕਰਜ਼ੇ ਤੇ ਐਂਡਵਾਸ ਵਜੋਂ 25 ਕਰੋੜ ਰੁਪਏ ਲਏ ਸਨ। ਕਮਿਸ਼ਨ ਨੇ ਬਹਾਦੁਰ ਤੇ ਕੁਲਵਿੰਦਰ ਦੇ ਇਨ੍ਹਾਂ ਦਾਅਵਿਆਂ ਨੂੰ ਵੀ ਸਹਿਜੇ ਮੰਨ ਲਿਆ ਕਿ ਉਨ੍ਹਾਂ ਨਿਲਾਮੀ ਤੋਂ ਹਫਤਿਆਂ ਪਹਿਲਾਂ ਮੰਤਰੀ ਦੀਆਂ ਕੰਪਨੀਆਂ ਤੋਂ ਅਸਤੀਫੇ ਦੇ ਦਿੱਤੇ ਸਨ। ਕਮਿਸ਼ਨ ਨੇ ਜਾਂਚ ਦੌਰਾਨ ਕੁਲਵਿੰਦਰ ਵੱਲੋਂ ਮੰਤਰੀ ਰਾਣਾ ਗੁਰਜੀਤ ਸਿੰਘ ਦੀ ਥਾਂ ਖਰੜ ਸਬਡਵੀਜ਼ਨ ਦਫਤਰ ਵਿਚ ਜ਼ਮੀਨ ਦੀ ਵਿਕਰੀ ਸਬੰਧੀ ਦਸਤਾਵੇਜ਼ਾਂ ਉਤੇ ਪਾਈ ਸਹੀ ਨੂੰ ਵੀ ਨਜ਼ਰ ਅੰਦਾਜ਼ ਕੀਤਾ।
______________________________________
ਰਾਣੇ ਵੱਲੋਂ ਕੱਢੇ ਰੇਤੇ ਦਾ ਸੀæਬੀæਆਈæ ਕਰੇ ਹਿਸਾਬ: ਖਹਿਰਾ
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਤੇ ਰਾਣਾ ਗੁਰਜੀਤ ਮਾਈਨਿੰਗ ਮਾਮਲੇ ਨੂੰ ਜਾਣਬੁਝ ਕੇ ਬੰਦ ਕਰਵਾਉਣ ਦਾ ਇਲਜ਼ਾਮ ਲਾਉਂਦਿਆਂ ਇਸ ਦੀ ਜਾਂਚ ਸੀæਬੀæਆਈæ ਤੋਂ ਕਰਵਾਉਣ ਦੀ ਮੰਗ ਕੀਤੀ ਹੈ। ਖਹਿਰਾ ਨੇ ਇਲਜ਼ਾਮ ਲਾਇਆ ਕਿ ਜਸਟਿਸ ਨਾਰੰਗ ਦੀ ਰਿਪੋਰਟ ‘ਚ ਖੁਲਾਸਾ ਹੋਇਆ ਹੈ ਕਿ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਨੌਕਰ ਅਮਿਤ ਬਹਾਦਰ ਕੋਲ ਮਈਨਜ਼ ਖਰੀਦਣ ਲਈ ਪੈਸੇ ਤੱਕ ਨਹੀਂ ਸਨ ਤੇ ਇਸ ਲਈ ਇਹ ਸਭ ਰਾਣਾ ਗੁਰਜੀਤ ਦਾ ਕੀਤਾ ਕਰਾਇਆ ਹੈ। ਉਨ੍ਹਾਂ ਕਿਹਾ ਕਿ ਰਾਣਾ ਗੁਰਜੀਤ ਨੂੰ ਬਚਾਉਣ ਲਈ ਕਲੀਨ ਚਿੱਟ ਦਿੱਤੀ ਹੈ ਤੇ ਰਾਣਾ ਵੱਲੋਂ ਸਾਰੀ ਗੜਬੜ ਕਰਨ ਦੇ ਬਾਵਜੂਦ ਰਿਪੋਰਟ ‘ਚ ਉਸ ਉਤੇ ਸਵਾਲ ਨਹੀਂ ਚੁੱਕੇ ਗਏ ਹਨ।