ਜੈਤੋ ਦਾ ਮੋਰਚਾ ਅਤੇ ਸ਼ਹੀਦ ਭਗਤ ਸਿੰਘ

ਸਿੱਖ ਇਤਿਹਾਸ ਵਿਚ ਜੈਤੋ ਦੇ ਮੋਰਚੇ ਦੀ ਵੱਖਰੀ ਪਛਾਣ ਹੈ। ਇਕ ਤਾਂ ਇਹ ਮੋਰਚਾ ਆਪਣੇ ਆਗਾਜ਼ ਪੱਖੋਂ ਵਿਲੱਖਣ ਸੀ, ਦੂਜੇ ਇਸ ਵਿਚ ਪੰਡਿਤ ਜਵਾਹਰ ਲਾਲ ਨਹਿਰੂ ਵਰਗੇ ਕੌਮੀ ਆਗੂਆਂ ਦੀ ਸ਼ਮੂਲੀਅਤ ਸਦਕਾ ਇਹ ਕੌਮੀ ਅੰਦੋਲਨ ਦਾ ਅਨਿੱਖੜਵਾਂ ਅੰਗ ਹੋ ਨਿਬੜਿਆ। ਇਸ ਤੋਂ ਇਲਾਵਾ ਭਗਤ ਸਿੰਘ ਵਰਗੇ ਇਨਕਲਾਬੀ ਵਿਚਾਰਧਾਰਾ ਨੂੰ ਸਮਰਪਿਤ ਨੌਜਵਾਨ ਦੀ ਨਿਰੋਲ ਧਾਰਮਿਕ ਲਹਿਰ ਵਿਚ ਸ਼ਮੂਲੀਅਤ ਕਰ ਕੇ ਪਹਿਲੀ ਰੂਪੋਸ਼ੀ ਸਹੇੜਨਾ ਵੀ ਉਸ ਦੀ ਵਿਸ਼ਾਲ ਚੇਤਨਤਾ ਦਾ ਪ੍ਰਤੱਖ ਪ੍ਰਮਾਣ ਹੈ। ਪ੍ਰੋæ ਮਲਵਿੰਦਰ ਜੀਤ ਸਿੰਘ ਵੜੈਚ ਨੇ ਆਪਣੇ ਇਸ ਲੇਖ ਵਿਚ ਇਸ ਮੋਰਚੇ ਦੇ ਵੱਖ ਵੱਖ ਪੱਖਾਂ ਬਾਰੇ ਵਿਸਥਾਰ ਸਹਿਤ ਚਰਚਾ ਕੀਤੀ ਹੈ।

ਪ੍ਰੋæ ਮਲਵਿੰਦਰ ਜੀਤ ਸਿੰਘ ਵੜੈਚ
ਫੋਨ: +91-0172-2556314
ਗੁਰਦੁਆਰਾ ਸੁਧਾਰ ਲਹਿਰ ਅੰਦਰ ਜੈਤੋ ਦੇ ਮੋਰਚੇ ਦੀ ਵੱਖਰੀ ਹੀ ਪਛਾਣ ਹੈ, ਕਿਉਂਕਿ ਇਹ ਨਾਂ ਸਿਰਫ ਆਪਣੇ ਆਗਾਜ਼ ਪੱਖੋਂ ਵਿਲੱਖਣ ਸੀ, ਬਲਕਿ ਇਸ ਵਿਚ ਪੰਡਿਤ ਜਵਾਹਰ ਲਾਲ ਨਹਿਰੂ ਵਰਗੇ ਕੌਮੀ ਆਗੂਆਂ ਦੀ ਸ਼ਮੂਲੀਅਤ ਸਦਕਾ ਇਹ ਕੌਮੀ ਅੰਦੋਲਨ ਦਾ ਅਨਿੱਖੜਵਾਂ ਅੰਗ ਵੀ ਹੋ ਨਿਬੜਿਆ ਸੀ। ਇਸ ਤੋਂ ਇਲਾਵਾ ਭਗਤ ਸਿੰਘ ਵਰਗੇ ਇਨਕਲਾਬੀ ਵਿਚਾਰਧਾਰਾ ਨੂੰ ਸਮਰਪਿਤ ਨੌਜਵਾਨ ਦੀ ਨਿਰੋਲ ਧਾਰਮਿਕ ਲਹਿਰ ਵਿਚ ਸ਼ਮੂਲੀਅਤ ਕਰ ਕੇ ਪਹਿਲੀ ਰੂਪੋਸ਼ੀ ਸਹੇੜਨਾ ਵੀ ਉਸ ਦੀ ਵਿਸ਼ਾਲ ਚੇਤਨਤਾ ਦਾ ਪ੍ਰਤੱਖ ਪ੍ਰਮਾਣ ਹੈ। ਹਾਲਾਂਕਿ ਉਸ ਨੇ ਇਸ ਮੋਰਚੇ ਤੋਂ ਤਿੰਨ-ਚਾਰ ਸਾਲ ਪਹਿਲਾਂ ਵੀ 1920 ਦੇ ਨਨਕਾਣਾ ਸਾਹਿਬ ਦੇ ਖੂਨੀ ਸਾਕੇ ਪਿੱਛੋਂ 5 ਮਾਰਚ ਨੂੰ ਇਸੇ ਸਾਕੇ ਦੀ ਯਾਦਗਾਰੀ ਕਾਨਫਰੰਸ ਵਿਚ ਨਾ ਕੇਵਲ ਹਾਜ਼ਰੀ ਹੀ ਭਰੀ ਸੀ, ਬਲਕਿ ਉਸ ਨੇ ਸਿੱਖ ਸੰਗਤਾਂ ਵਾਂਗ ਕਾਲੀ ਦਸਤਾਰ ਸਜਾਉਣ ਤੋਂ ਇਲਾਵਾ ਗੁਰਮੁਖੀ ਵਿਚ ਮੁਹਾਰਤ ਵੀ ਹਾਸਲ ਕੀਤੀ ਸੀ ਜੋ ਉਹ ਪਹਿਲਾਂ ਬਿਲਕੁਲ ਨਹੀਂ ਸੀ ਜਾਣਦਾ ਅਤੇ ਉਥੋਂ ਯਾਦਗਾਰੀ ਕੈਲੰਡਰ ਲਿਆਉਣੋਂ ਵੀ ਨਹੀਂ ਸੀ ਖੁੰਝਿਆ।
ਮੁਮਕਿਨ ਹੈ ਕਿ ਸ਼ਹੀਦੀ ਜਥੇ ਦੀ ਆਉ ਭਗਤ ਕਰਦਾ ਹੋਇਆ ਭਗਤ ਸਿੰਘ ਭਲੀ-ਭਾਂਤ ਸਚੇਤ ਸੀ ਕਿ ਇਸ ਦੇ ਬਦਲੇ ਉਸ ਨੂੰ ਜੇਲ੍ਹ ਜਾਣਾ ਹੀ ਪਵੇਗਾ, ਖਾਸ ਕਰ ਕੇ ਉਸ ਦਾ ਆਪਣਾ ਹੀ ‘ਸ਼ਰੀਕ’ ਦਿਲਬਾਗ ਸਿੰਘ ਜੋ ਸਰਕਾਰ ਕੋਲ ਹਮੇਸ਼ਾ ਇਹ ਦਾਅਵਾ ਕਰਦਾ ਆਇਆ ਸੀ ਕਿ ‘ਸਾਡੇ ਪਿੰਡ ਵਿਚ ਮੇਰੀ ਰਜ਼ਾ ਬਿਨਾ ਪੱਤਾ ਵੀ ਨਹੀਂ ਹਿਲ ਸਕਦਾ’, ਜਿਸ ਨੂੰ ਪੁਗਾਉਣ ਲਈ ਉਸ ਨੇ ਅੱਡੀ-ਚੋਟੀ ਦਾ ਜ਼ੋਰ ਵੀ ਲਾਇਆ ਸੀ।
ਇਸ ਵਰਤਾਰੇ ਬਾਰੇ ਚਰਚਾ ਕਰਦਿਆਂ ਇਹ ਵੀ ਕੁਥਾਏਂ ਨਹੀਂ ਹੋਵੇਗਾ ਕਿ ਭਗਤ ਸਿੰਘ ਕੁਝ ਕੁ ਮਹੀਨੇ ਪਹਿਲਾਂ ਹੀ ਆਪਣੇ ਘਰਦਿਆਂ ਵੱਲੋਂ ‘ਰੂਪੋਸ਼ੀ’ ਤੋਂ ਵਾਪਸ ਪਰਤਿਆ ਸੀ ਜਿਸ ਦੌਰਾਨ ਉਹ ਕਾਨ੍ਹਪੁਰ ਵਿਚ ਐਚæਐਸ਼ਆਰæ ਦੇ ਗਠਨ ਅਤੇ ਨਾਲ ਹੀ ਉਸ ਦੀਆਂ ‘ਵਾਰਦਾਤਾਂ’ ਵਿਚ ਵੀ ਵਧ-ਚੜ੍ਹ ਕੇ ਸ਼ਾਮਲ ਰਹਿ ਚੁੱਕਿਆ ਸੀ। ਭਗਤ ਸਿੰਘ ਦੇ ਇਨਕਲਾਬੀ ਜੀਵਨ ਵਿਚ ਉਸ ਦੀ 1927 ਵਾਲੀ ਪਹਿਲੀ ਗ੍ਰਿਫਤਾਰੀ ਮੀਲ ਪੱਥਰ ਵਜੋਂ ਪ੍ਰਸਿਧ ਹੈ। ਸ਼ਾਇਦ ਇਕ ਤਾਂ ਉਸ ਦੀ ਲੁਭਾਉਣੀ ਮੰਜੇ ਵਾਲੀ ਫੋਟੋ ਕਰ ਕੇ ਅਤੇ ਉਸ ਗ੍ਰਿਫਤਾਰੀ ਦਾ ‘ਮੈਂ ਨਾਸਤਕ ਕਿਉਂ ਹਾਂ’ ਨਾਲ ਜੋੜ-ਮੇਲ ਕਰ ਕੇ। ਇਹ ਵੀ ਜ਼ਿਕਰਯੋਗ ਹੈ ਕਿ ਉਦੋਂ ਭਗਤ ਸਿੰਘ 16-17 ਕੁ ਸਾਲ ਦਾ ਹੀ ਸੀ।
ਮੋਰਚੇ ਦਾ ਆਗਾਜ਼
ਮਹਾਰਾਜ ਰਿਪੁਦਮਨ ਸਿੰਘ ਦੀ ਬਰਤਰਫੀ: ਮਹਾਰਾਜ ਰਿਪੁਦਮਨ ਸਿੰਘ ਦਾ ਜਨਮ ਪਿਤਾ ਮਹਾਰਾਜਾ ਹੀਰਾ ਸਿੰਘ ਅਤੇ ਮਾਤਾ ਰਾਣੀ ਜਸਮੇਰ ਕੌਰ ਦੇ ਘਰ 4 ਮਾਰਚ 1883 ਨੂੰ ਹੋਇਆ ਸੀ। ਉਨ੍ਹਾਂ ਦੀ ਸਿੱਖਿਆ ਪ੍ਰਸਿੱਧ ਵਿਦਵਾਨ ਤੇ ਖੋਜੀ ਭਾਈ ਕਾਨ੍ਹ ਸਿੰਘ ਨਾਭਾ ਦੀ ਦੇਖ-ਰੇਖ ਵਿਚ ਹੋਈ ਸੀ। ਉਨ੍ਹਾਂ ਨੂੰ ਮਸਤੂਆਣੇ ਵਾਲੇ ਸੰਤ ਅਤਰ ਸਿੰਘ ਅਤੇ ਹੋਰ ਧਰਮੀ ਹਸਤੀਆਂ ਦੀ ਸੰਗਤ ਵੀ ਪ੍ਰਾਪਤ ਹੋਈ। 1906 ਤੋਂ 1908 ਤੱਕ ਟਿੱਕਾ ਰਿਪੁਦਮਨ ਸਿੰਘ ਗਵਰਨਰ ਜਨਰਲ (ਵਾਇਸਰਾਏ) ਦੀ ਲੈਜਿਸਲੇਟਿਵ ਕੌਂਸਲ ਦੇ ਮੈਂਬਰ ਰਹੇ। ਕੌਂਸਲ ਦੇ ਮੈਂਬਰ ਹੁੰਦਿਆਂ ਉਨ੍ਹਾਂ ਸਰਕਾਰੀ ਮੈਂਬਰਾਂ ਦੀ ਹਮਾਇਤ ਕਰਨ ਦੀ ਥਾਂ ਨੈਸ਼ਨਲਿਸਟ ਮੈਂਬਰਾਂ-ਜੀæਕੇæ ਗੋਖਲੇ, ਆਰæਬੀæ ਘੋਸ਼, ਪੰਡਿਤ ਮਦਨ ਮੋਹਨ ਮਾਲਵੀਆ ਆਦਿ ਦਾ ਸਾਥ ਦਿੱਤਾ ਜਿਸ ਕਰ ਕੇ ਉਹ ਸਰਕਾਰ ਦੀਆਂ ਅੱਖਾਂ ਵਿਚ ਰੜਕਣ ਲੱਗੇ। ਆਪਣੇ ਪਿਤਾ ਮਹਾਰਾਜਾ ਹੀਰਾ ਸਿੰਘ ਦੇ ਅਕਾਲ-ਚਲਾਣੇ ਪਿੱਛੋਂ ਜਨਵਰੀ 1912 ਵਿਚ ਰਾਜ ਗੱਦੀ ਸੰਭਾਲਣ ਸਮੇਂ ਵੀ ਉਨ੍ਹਾਂ ਅੰਗਰੇਜ਼ ਅਧਿਕਾਰੀ ਹੱਥੋਂ ਤਾਜਪੋਸ਼ੀ ਦੀ ਰਸਮ ਕਰਵਾਉਣ ਦੀ ਥਾਂ ਸਿੱਖ ਰੀਤੀ ਨੂੰ ਅਪਨਾਇਆ, ਜਿਸ ਕਰ ਕੇ ਅੰਗਰੇਜ਼ ਸਰਕਾਰ ਉਨ੍ਹਾਂ ਨੂੰ ਬਾਗੀ ਸਮਝਣ ਲੱਗ ਪਈ। ਉਨ੍ਹਾਂ ਖਿਲਾਫ 1914-15 ਦੇ ਗਦਰੀ ਦੇਸ਼ ਭਗਤਾਂ ਨਾਲ ਹਮਦਰਦੀ ਰੱਖਣ ਦੀਆਂ ਰਿਪੋਰਟਾਂ ਵੀ ਸਰਕਾਰ ਕੋਲ ਪਹੁੰਚੀਆਂ।
ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਸਮੇਂ ਸਰਕਾਰ ਅਕਾਲੀਆਂ ਦੇ ਖਿਲਾਫ ਸੀ। ਨਨਕਾਣਾ ਸਾਹਿਬ ਦੇ ਸਾਕੇ ਦੇ ਸ਼ਹੀਦਾਂ ਦੀ ਯਾਦ ਵਿਚ 5 ਅਪਰੈਲ 1921 ਦੇ ਦਿਨ ਲਈ ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਸੰਗਤਾਂ ਨੂੰ ਕਾਲੇ ਰੰਗ ਦੀ ਦਸਤਾਰ ਜਾਂ ਦੁਪੱਟੇ ਸਜਾਉਣ, ਥਾਂ-ਥਾਂ ਦੀਵਾਨ ਕੀਤੇ ਜਾਣ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੇ ਭੋਗ ਪਾਏ ਜਾਣ ਦੀ ਅਪੀਲ ਕੀਤੀ ਗਈ। ਸਿੱਖ ਮਹਾਰਾਜਿਆਂ ਵਿਚੋਂ ਸ਼ਾਇਦ ਇਕੋ ਮਹਾਰਾਜਾ ਰਿਪੁਦਮਨ ਸਿੰਘ ਹੀ ਸਨ, ਜਿਨ੍ਹਾਂ ਨੇ ਇਸ ਅਪੀਲ ‘ਤੇ ਅਮਲ ਕਰਦਿਆਂ ਕਾਲੀ ਦਸਤਾਰ ਸਜਾਈ ਅਤੇ ਕੁੱਲ ਦਫਤਰ ਬੰਦ ਰੱਖਣ ਦੀ ਹਦਾਇਤ ਕੀਤੀ ਸੀ।
ਹਿੰਦ ਸਰਕਾਰ ਸ਼੍ਰੋਮਣੀ ਕਮੇਟੀ ਤੋਂ ਬਹੁਤ ਔਖੀ ਸੀ ਤੇ ਮਹਾਰਾਜ ਦੇ ਪਹਿਲਾਂ ਤੋਂ ਹੀ ਖਿਲਾਫ ਸੀ, ਪਰ ਉਹ ਸਿੱਧਾ ਵਾਰ ਕਰਨ ਦੀ ਥਾਂ ਮੌਕੇ ਦੀ ਉਡੀਕ ਕਰ ਰਹੀ ਸੀ। ਇਹ ਮੌਕਾ ਸਰਕਾਰ ਨੂੰ ਨਾਭਾ ਅਤੇ ਪਟਿਆਲਾ ਦੇ ਮਹਾਰਾਜਿਆਂ ਦੇ ਘਰੋਗੀ ਝਗੜੇ ਵਿਚੋਂ ਮਿਲ ਗਿਆ। ਦੋਵੇਂ ਮਹਾਰਾਜੇ ਇਕੋ ਹੀ ਖਾਨਦਾਨ ਬਾਬਾ ਫੂਲ ਦੇ ਵੰਸ਼ ਵਿਚੋਂ ਸਨ ਅਤੇ ਸਿੱਖ ਪੰਥ ਦਾ ਅੰਗ ਸਨ। ਸ਼੍ਰੋਮਣੀ ਕਮੇਟੀ ਦੇ ਹੋਰ ਬਾਰਸੂਖ ਸੱਜਣਾਂ ਨੇ ਝਗੜੇ ਨੂੰ ਮੁਕਾਉਣ ਦਾ ਯਤਨ ਕੀਤਾ, ਪਰ ਸਰਕਾਰ ਨੇ ਦੋਵਾਂ ਦੇ ਅਹਿਲਕਾਰਾਂ ਨੂੰ ਅੰਦਰ-ਖਾਤੇ ਆਪਣੇ ਨਾਲ ਗੰਢ ਲਿਆ। ਉਨ੍ਹਾਂ ਨੇ ਦੋਵਾਂ ਵਿਚਕਾਰ ਵੱਡਾ ਪਾੜ ਪੈਦਾ ਕਰ ਦਿੱਤਾ। ਪਟਿਆਲਾ ਨਰੇਸ਼ ਮਹਾਰਾਜਾ ਭੁਪਿੰਦਰ ਸਿੰਘ ਵੱਲੋਂ ਮਹਾਰਾਜਾ ਨਾਭਾ ਖਿਲਾਫ ਕਈ ਸੰਗੀਨ ਦੋਸ਼ ਲਾ ਕੇ ਹਿੰਦ ਸਰਕਾਰ ਕੋਲ ਦਖਲ ਦੇਣ ਲਈ ਦਰਖਾਸਤ ਕੀਤੀ ਗਈ। ਸਰਕਾਰੀ ਏਜੰਟਾਂ ਨੇ ਚਲਾਕੀ ਨਾਲ ਮਹਾਰਾਜਾ ਨਾਭਾ ਨੂੰ ਸਰਕਾਰ ਕੋਲੋਂ ਫੈਸਲਾ ਕਰਵਾ ਲੈਣ ਲਈ ਮਨਾ ਲਿਆ। 1922 ਦੇ ਅਖੀਰ ਵਿਚ ਅਲਾਹਾਬਾਦ ਹਾਈ ਕੋਰਟ ਦੇ ਇਕ ਜੱਜ ਨੇ ਪੜਤਾਲ ਕਰ ਕੇ ਮਹਾਰਾਜਾ ਨਾਭਾ ਖਿਲਾਫ ਫੈਸਲਾ ਦਿੱਤਾ। ਜੁਲਾਈ 1923 ਵਿਚ ਮਹਾਰਾਜੇ ‘ਤੇ ਦਬਾਅ ਪਾ ਕੇ ਗੱਦੀ ਛੱਡ ਕੇ ਗੁਜ਼ਾਰਾ ਭੱਤਾ ਲੈ ਲੈਣ ਦੀ ਲਿਖਤ ਲੈ ਲਈ। ਮਹਾਰਾਜਾ ਨਾਭਾ ਨੂੰ ਤਿੰਨ ਲੱਖ ਰੁਪਏ ਸਾਲਾਨਾ ਦੇ ਕੇ ਦੇਹਰਾਦੂਨ ਭੇਜ ਦਿੱਤਾ ਤੇ ਰਿਆਸਤ ਦੇ ਪ੍ਰਬੰਧ ਵਾਸਤੇ ਅੰਗਰੇਜ਼ ਐਡਮਿਨਿਸਟ੍ਰੇਟਰ (ਪ੍ਰਬੰਧਕ) ਦੀ ਨਿਯੁਕਤੀ ਕਰ ਦਿੱਤੀ ਗਈ।
ਸਰਕਾਰ ਦੀ ਇਸ ਕਾਰਵਾਈ ਨਾਲ ਸਿੱਖ ਪੰਥ ਵਿਚ ਭਾਰੀ ਰੋਸ ਫੈਲ ਗਿਆ ਤੇ ਸ਼੍ਰੋਮਣੀ ਕਮੇਟੀ ਨੇ ਮਹਾਰਾਜੇ ਨਾਲ ਹਮਦਰਦੀ ਅਤੇ ਉਨ੍ਹਾਂ ਨੂੰ ਮੁੜ ਨਾਭੇ ਦੀ ਗੱਦੀ ਦੀ ਪ੍ਰਾਪਤੀ ਲਈ ਪਾਠ ਤੇ ਅਰਦਾਸੇ ਕੀਤੇ। ਜੈਤੋ ਵਿਚ ਹੋ ਰਹੇ ਇਕ ਦੀਵਾਨ ਵਿਚ 27 ਅਗਸਤ 1923 ਨੂੰ ਮਹਾਰਾਜ ਦੀ ਤਾਬਿਆ ਬੈਠੇ ਗ੍ਰੰਥੀ ਸਿੰਘ ਨੂੰ ਗ੍ਰਿਫਤਾਰ ਕਰ ਲਿਆ, ਫਿਰ 14 ਸਤੰਬਰ 1923 ਨੂੰ ਗੁਰਦੁਆਰਾ ਗੰਗਸਰ ਅੰਦਰ ਹੋ ਰਹੇ ਅਖੰਡ ਪਾਠ ਨੂੰ ਖੰਡਤ ਕਰ ਦਿੱਤਾ ਗਿਆ ਜਿਸ ਦੇ ਫਲਸਰੂਪ 14 ਸਤੰਬਰ 1923 ਤੋਂ ਬਾਕਾਇਦਾ, ਅਕਾਲੀ ਲਹਿਰ ਦਾ ਸਭ ਤੋਂ ਵੱਡਾ, ਜੈਤੋ ਦਾ ਮੋਰਚਾ ਸ਼ੁਰੂ ਹੋ ਗਿਆ।
ਮੋਰਚੇ ਦੀ ਮੋਰਚਾਬੰਦੀ
ਇਸ ਮੋਰਚੇ ਦੀ ਵਾਗਡੋਰ ਅਕਾਲ ਤਖਤ ਨੂੰ ਸੌਂਪ ਦਿੱਤੀ ਗਈ ਜਿਸ ਅਧੀਨ ਸ਼ਾਂਤਮਈ ਸਿੱਖ ਸੱਤਿਆਗ੍ਰਹੀਆਂ ਦੇ ਪੰਜ-ਪੰਜ ਸੌ ਦੇ ਜ਼ਿਲ੍ਹੇਵਾਰ ਜਥੇ ਜੈਤੋ ਵੱਲ ਚਾਲੇ ਪਾਉਣ ਲੱਗ ਪਏ। ਇਨ੍ਹਾਂ ਸੱਤਿਆਗ੍ਰਹੀਆਂ ‘ਤੇ ਗੋਲੀ ਚਲਾਈ ਗਈ ਤੇ ਲਾਠੀ-ਚਾਰਜ ਕੀਤਾ ਗਿਆ ਪਰ ਪੰਜਾਬ ਵਿਚੋਂ ਹੀ ਨਹੀਂ, ਭਾਰਤ ਅਤੇ ਵਿਦੇਸ਼ਾਂ ਵਿਚੋਂ ਵੀ ਸਿੱਖਾਂ ਨੇ ਇਸ ਅੰਦੋਲਨ ਵਿਚ ਵਧ ਚੜ੍ਹ ਕੇ ਭਾਗ ਲਿਆ। ਇਸ ਮੋਰਚੇ ਦੇ ਪੰਜਵੇਂ ਜਥੇ ਨੇ ਲਾਇਲਪੁਰ ਤੋਂ 12 ਅਪਰੈਲ 1924 ਨੂੰ ਚੱਲ ਕੇ ਮੋਰਚੇ ਦੇ ਮੁੱਖ ਕੇਂਦਰ ਅੰਮ੍ਰਿਤਸਰ ਵਿਚ 26 ਅਪਰੈਲ ਨੂੰ ਪਹੁੰਚਣਾ ਸੀ।
ਸਰਕਾਰੀ ਰਿਕਾਰਡ ਅਨੁਸਾਰ, ‘ਭਗਤ ਸਿੰਘ ਚੱਕ ਨੰਬਰ 105 ਪਹੁੰਚਿਆ ਜਿਥੇ ਉਸ ਦੇ ਪਿਤਾ ਦੀ ਜਮੀਨ ਸੀ। ਉਥੇ ਉਸ ਨੇ ਲਾਇਲਪੁਰ ਦੇ ਸ਼ਹੀਦੀ ਜਥੇ ਦੀ ਟਹਿਲ-ਸੇਵਾ ਕੀਤੀ ਜਿਸ ਦੇ ਸਿੱਟੇ ਵਜੋਂ ਉਸ ਖਿਲਾਫ ਕ੍ਰਿਮੀਨਲ ਲਾਅ ਅਮੈਂਡਮੈਂਟ ਐਕਟ, ਧਾਰਾ 17 (1) ਅਧੀਨ ਮੁਕੱਦਮਾ ਦਰਜ ਕੀਤਾ ਗਿਆ, ਪਰ ਉਹ ਭਗੌੜਾ ਹੋ ਗਿਆ। ਇਸ ਸਮੇਂ ਉਹ ਉਤਰ ਪ੍ਰਦੇਸ਼ ਚਲਾ ਗਿਆ। ਇਥੇ ਉਹ ਤਕਰੀਬਨ ਇਕ ਮਹੀਨਾ ਕਾਨ੍ਹਪੁਰ ਵਿਚ ਰਿਹਾ ਤੇ ਹਸਰਤ ਮੋਹਾਣੀ ਨੂੰ ਮਿਲਿਆ। ਉਥੋਂ ਉਹ ਅਲੀਗੜ੍ਹ ਚਲਿਆ ਗਿਆ ਜਿਥੇ ਉਹ ਤਿੰਨ ਮਹੀਨੇ ਨੈਸ਼ਨਲ ਮੁਸਲਿਮ ਯੂਨੀਵਰਸਿਟੀ ਸਕੂਲ ਦੇ ਹੈਡਮਾਸਟਰ ਵਜੋਂ ਕਾਰਜ ਕਰਦਾ ਰਿਹਾ।’
ਕਿਉਂਕਿ ਹਰ ਜਥਾ ਜੈਤੋ ਵੱਲ ਪੈਦਲ ਹੀ ਜਾਂਦਾ ਸੀ, ਸੋ ਆਪਣੇ ਲੰਮੇ ਸਫਰ ਵਿਚ ਇਸ ਨੂੰ ਹਰ ਵਾਰੀ ਕਿਸੇ ਨਵੀਂ ਥਾਂ ਭੋਜਨ ਅਤੇ ਆਰਾਮ ਲਈ ਠਹਿਰਨਾ ਪੈਂਦਾ ਸੀ ਤੇ ਜਥੇ ਦੀ ਗਿਣਤੀ ਦੇ ਮੱਦੇਨਜ਼ਰ ਉਸ ਲਈ ਅਗਾਊਂ ਪ੍ਰਬੰਧ ਕੀਤੇ ਜਾਂਦੇ ਸਨ। ਇਸ ਮਕਸਦ ਲਈ, ਸਰਦਾਰ ਕਰਤਾਰ ਸਿੰਘ ਅਤੇ ਸਰਦਾਰ ਜਵਾਲਾ ਸਿੰਘ, ਜਿਹੜੇ ਮੋਰਚੇ ਦੇ ਆਗੂ ਸਨ, ਸਰਦਾਰ ਕਿਸ਼ਨ ਸਿੰਘ ਕੋਲ ਲਾਹੌਰ ਗਏ ਅਤੇ ਪਿੰਡ ਵਿਚ ਜਥੇ ਲਈ ਲੋੜੀਂਦੇ ਪ੍ਰਬੰਧ ਕਰਨ ਦੀ ਬੇਨਤੀ ਕੀਤੀ। ਉਸ ਨੇ ਭਾਵੇਂ ਸਾਰਾ ਪ੍ਰਬੰਧ ਆਪ ਹੀ ਕੀਤਾ ਹੁੰਦਾ, ਪਰ ਪਹਿਲਾਂ ਹੀ ਬਣੇ ਪ੍ਰੋਗਰਾਮ ਅਨੁਸਾਰ ਉਨ੍ਹਾਂ ਬੰਬਈ ਜਾਣਾ ਸੀ, ਸੋ ਉਨ੍ਹਾਂ ਨੇ ਇਹ ਜਿੰਮੇਵਾਰੀ ਆਪਣੇ ਲੜਕੇ ਭਗਤ ਸਿੰਘ ਨੂੰ ਸੌਂਪੀ। ਦੂਜੇ ਪਾਸੇ, ਇਸੇ ਪਰਿਵਾਰ ਵਿਚੋਂ ਹੀ ਇਸ ਉਪਰਾਲੇ ਦਾ ਵਿਰੋਧੀ ਸੀ ਦਿਲਬਾਗ ਸਿੰਘ ਜਿਸ ਨੂੰ ਆਨਰੇਰੀ ਮੈਜਿਸਟਰੇਟ ਦੀ ਪਦਵੀ ਮਿਲੀ ਹੋਈ ਸੀ, ਜੋ ਅੰਗਰੇਜ਼ੀ ਹਕੂਮਤ ਆਪਣੇ ਪਿੱਠੂਆਂ ਨੂੰ ਦਿਆ ਕਰਦੀ ਸੀ। ਦਿਲੋਂ ਤਾਂ ਲੋਕ ਭਾਵੇਂ ਅੰਦੋਲਨ ਦੇ ਪੱਖ ਵਿਚ ਸਨ, ਪਰ ਉਹ ਸਰਕਾਰ ਦੀ ਨਾਰਾਜ਼ਗੀ ਤੋਂ ਅਤੇ ਪੁਲਿਸ ਤੋਂ ਇਲਾਵਾ ਬਹੁਤਾ ਦਿਲਬਾਗ ਸਿੰਘ ਜਿਹੇ ਬੰਦਿਆਂ ਤੋਂ ਡਰਦੇ ਵੀ ਸਨ। ਲੋਕਾਂ ਦਾ ਡਰ ਉਦੋਂ ਅਸਲੀਅਤ ਵਿਚ ਬਦਲ ਗਿਆ, ਜਦੋਂ ਉਨ੍ਹਾਂ ਨੇ ਪੁਲਿਸ ਦੀਆਂ ਹੇੜ੍ਹਾਂ ਨੂੰ ਪਿੰਡ ਦੇ ਆਲੇ-ਦੁਆਲੇ ਮੰਡਰਾਉਂਦਿਆਂ ਵੇਖਿਆ।
ਜਥੇ ਦੇ ਪਹੁੰਚਣ ਵਾਲੇ ਦਿਨ ਸਤਾਰਾਂ ਸਾਲਾਂ ਦੇ ਨੌਜਵਾਨ ਭਗਤ ਸਿੰਘ ਨੇ ਨਾ ਕੇਵਲ ਇਕ ਖੁੱਲ੍ਹੀ ਥਾਂ ‘ਤੇ ਜਥੇ ਨੂੰ ਲੰਗਰ ਹੀ ਛਕਾਇਆ, ਸਗੋਂ ਸ਼ਹੀਦਾਂ ਦੀ ਕੁਰਬਾਨੀ ਤੇ ਜੋਸ਼ੀਲਾ ਭਾਸ਼ਣ ਵੀ ਦਿੱਤਾ। ਆਸ ਅਨੁਸਾਰ ਇਸ ਕਾਰਵਾਈ ਨੂੰ ਦਿਲਬਾਗ ਸਿੰਘ ਨੇ ਆਪਣੇ ਮਾਣ-ਸਤਿਕਾਰ ਦਾ ਅਪਮਾਨ ਸਮਝਿਆ ਅਤੇ ਭਗਤ ਸਿੰਘ ਨੂੰ ਜੇਲ੍ਹ ਵਿਚ ਬੰਦ ਕਰਵਾਉਣ ਦੀ ਮਨਸ਼ਾ ਨਾਲ ਉਸ ਖਿਲਾਫ ਮੁਕੱਦਮਾ ਦਰਜ ਕਰਵਾ ਦਿੱਤਾ।
ਗੁਰਦੁਆਰਾ ਸੁਧਾਰ ਲਹਿਰ ਸਬੰਧੀ ਅੰਦੋਲਨ ਦੇ ਅਪਰੈਲ 1925 ਵਿਚ ਮੁੱਕਣ ‘ਤੇ ਜਦੋਂ ਸਾਰੇ ਸੱਤਿਆਗ੍ਰਹੀ ਰਿਹਾ ਕਰ ਦਿੱਤੇ ਗਏ ਤਾਂ ਵੀ ਦਿਲਬਾਗ ਸਿੰਘ ਕਾਰਨ ਭਗਤ ਸਿੰਘ ਦੇ ਵਾਰੰਟ ਵਾਪਸ ਨਾ ਲਏ ਗਏ ਜੋ ਕਿਤੇ 1925 ਦੇ ਅਖੀਰ ਵਿਚ ਹੀ ਜਾ ਕੇ ਮਨਸੂਖ ਹੋਏ ਸਨ।
ਖੁਫੀਆ ਏਜੰਸੀ ਦੀਆਂ ਉਸ ਵੇਲੇ ਦੀ ਉਕਤ ਰਿਪੋਰਟ ਅਨੁਸਾਰ ਸਰਕਾਰ ਨੂੰ ਸ਼ੱਕ ਸੀ ਕਿ ਭਗਤ ਸਿੰਘ ਨੇ ਲਾਹੌਰ ਵਿਚ ਫਰਵਰੀ 1925 ਵਿਚ ਸਰਕਾਰ ਖਿਲਾਫ ਇਸ਼ਤਿਹਾਰ ਵੰਡੇ ਸਨ ਅਤੇ ਉਸ ਨੇ ਅਕਤੂਬਰ 1925 ਵਿਚ ਗੁਜਰਾਂਵਾਲੇ ਵਿਚ ਇਕ ਰਾਜਨੀਤਕ ਨਾਟਕ ਵਿਚ ਵੀ ਹਿੱਸਾ ਲਿਆ ਸੀ। ਇਹ ਵੀ ਦੱਸਿਆ ਜਾਂਦਾ ਹੈ ਕਿ ਫਰਾਰ ਹੋਣ ਦੌਰਾਨ ਭਗਤ ਸਿੰਘ ਨੇ ਨਹਿਰੀ ਪਾਣੀ ਦੀਆਂ ਦਰਾਂ ਵਧਾਉਣ ਖਿਲਾਫ ਜ਼ਿਮੀਂਦਾਰ ਸਭਾ ਦੇ ਅੰਦੋਲਨ ਵਿਚ ਵੀ ਭਾਗ ਲਿਆ ਸੀ।
#