ਸਿਰਸੇ ਦੇ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦਾ ਪਰਦਾ ਨਸ਼ਰ ਹੋਣ ਪਿਛੋਂ ਸਿੱਖ ਭਾਈਚਾਰੇ ਵਿਚ ਇਹ ਚਰਚਾ ਛਿੜ ਪਈ ਹੈ ਕਿ ਸਿੱਖ ਇਸ ਸਾਧ ਦੇ ਪੈਰੋਕਾਰ ਕਿਉਂ ਬਣੇ? ਕੁਝ ਸਿੱਖ ਆਗੂਆਂ ਵਲੋਂ ਡੇਰੇ ਵੱਲ ਗਏ ਸਿੱਖਾਂ ਨੂੰ ਘਰ ਵਾਪਸੀ ਦੀਆਂ ਅਪੀਲਾਂ ਕੀਤੀਆਂ ਜਾਣ ਲੱਗੀਆਂ ਹਨ। ਇਸ ਲੇਖ ਵਿਚ ਡਾæ ਹਰਭਜਨ ਸਿੰਘ ਨੇ ਸਵਾਲ ਉਠਾਇਆ ਹੈ ਕਿ ਸਿੱਖ ਡੇਰਾ ਸੱਚਾ ਸੌਦਾ ਜਾਂ ਅਜਿਹੇ ਹੋਰ ਡੇਰਿਆਂ ਵੱਲ ਕਿਉਂ ਗਏ? ਸਾਨੂੰ ਆਪਣੀਆਂ ਕਮੀਆਂ-ਬੇਸ਼ੀਆਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ।
ਸਿੱਖ ਆਗੂਆਂ ਨੂੰ ਵਣਜਾਰੇ ਸਿੱਖਾਂ ਜਾਂ ਨਿਮਨ ਸਮਝੇ ਜਾਂਦੇ ਸਿੱਖ ਕਬੀਲਿਆਂ ਦੀ ਸਾਰ ਲੈਣੀ ਚਾਹੀਦੀ ਹੈ ਤਾਂ ਜੋ ਉਹ ਸਿੱਖੀ ਛੱਡ ਕੇ ਕਿਸੇ ਹੋਰ ਪਾਸੇ ਨਾ ਜਾਣ। ਪਰ ਸਵਾਲ ਹੈ ਕਿ ਸਿੱਖਾਂ ਦੇ ਧਾਰਮਿਕ ਤੇ ਸਿਆਸੀ ਮੋਹਰੀਆਂ ਕੋਲ ਇਸ ਪਾਸੇ ਸੋਚਣ ਦਾ ਸਮਾਂ ਹੀ ਕਿੱਥੇ ਹੈ? ਇਨ੍ਹਾਂ ਹੀ ਨੁਕਤਿਆਂ ਨੂੰ ਲੇਖਕ ਨੇ ਲੇਖ ਵਿਚ ਉਭਾਰਿਆ ਹੈ। -ਸੰਪਾਦਕ
ਡਾæ ਹਰਭਜਨ ਸਿੰਘ ਦੇਹਰਾਦੂਨ
ਫੋਨ: 91-99971-39539
ਸਿਰਸਾ ਦੀਆਂ ਘਟਨਾਵਾਂ ਤੋਂ ਬਾਅਦ ਡੇਰਾ ਪ੍ਰੇਮੀਆਂ ਦੀ ਘਰ ਵਾਪਸੀ ਉਤੇ ਸਿੱਖ ਆਗੂਆਂ ਦੇ ਭਾਂਤ-ਭਾਂਤ ਦੇ ਬਿਆਨ ਆ ਰਹੇ ਹਨ। ਪਰ ਵੱਡਾ ਸਵਾਲ ਇਹ ਹੈ ਕਿ ਲੋਕ ਘਰ ਛੱਡ ਕੇ ਗਵਾਂਢੀਆਂ ਕੋਲ ਗਏ ਕਿਉਂ? ਚਰਚਾ ਇਸ ਮੁੱਦੇ ਉਤੇ ਹੋਣੀ ਚਾਹੀਦੀ ਹੈ, ਪਰ ਜੋ ਰਾਜ-ਨੇਤਾ ਆਪ ਡੇਰੇਦਾਰਾਂ ਦੇ ਚਰਨਾਂ ਉਤੇ ਨੱਕ ਰਗੜਦੇ ਰਹੇ ਹਨ, ਉਹ ਅਤੇ ਉਨ੍ਹਾਂ ਦੇ ਥਾਪੇ ਅਹੁਦੇਦਾਰ ਅਜਿਹੇ ਵਿਸ਼ਲੇਸ਼ਣ ਦੀ ਗੱਲ ਕਿਵੇਂ ਕਰ ਸਕਦੇ ਹਨ? ਦੋ-ਚਾਰ ਦਿਨ ਉਨ੍ਹਾਂ ਦੇ ਬਿਆਨ ਆਉਣਗੇ ਕਿ ਧਰਮ-ਪ੍ਰਚਾਰ ਦੀ ਲਹਿਰ ਤੇਜ਼ ਕੀਤੀ ਜਾਵੇਗੀ। ਕਿਹੜੀ ਧਰਮ ਪ੍ਰਚਾਰ-ਲਹਿਰ? ਠੀਕ ਉਹੋ ਪ੍ਰਵਚਨਾਂ ਦੀ ਲਹਿਰ ਜੋ ਸਾਰਾ ਦਿਨ ਟੀæਵੀæ, ਫੇਸਬੁਕ, ਵਟਸਐਪ ਉਤੇ ਬੇਰੋਕ ਚਲ ਰਹੀ ਹੈ। ਪ੍ਰਵਚਨ ਸੁਣਨਾ ਹੁਣ ਕਿਸੇ ਲਈ ਅਸੰਭਵ ਨਹੀਂ। ਚੰਗੇ ਚੰਗੇ ਕਥਾਵਾਚਕ, ਪ੍ਰਚਾਰਕ, ਰਾਗੀ-ਢਾਡੀ, ਜਦੋਂ ਮਰਜ਼ੀ ਸੁਣ ਲਓ। ਪਰ ਸਭ ਨੂੰ ਪਤਾ ਹੈ ਕਿ ਉਹ ਸਾਰੇ ਸਿਰਫ ਧਰਮ ਦਾ ਬਾਜ਼ਾਰੀਕਰਣ ਕਰਨ ਵਾਲੇ ਹਨ। ਟੀæਵੀæ ਚੈਨਲਾਂ ਉਤੇ ਸਮਾਂ ਖਰੀਦ ਰਖਿਆ ਹੈ-ਧਰਮ ਪ੍ਰਚਾਰ ਲਈ ਨਹੀਂ, ਧਰਮ ਵੇਚਣ ਵਾਸਤੇ।
ਇਹ ਕਹਿਣਾ ਸ਼ਾਇਦ ਠੀਕ ਨਹੀਂ ਕਿ ਧਰਮ ਕੇਵਲ ਨਿਰੰਕਾਰੀਆਂ, ਰਾਧਾ ਸਵਾਮੀਆਂ ਅਤੇ ਸਿਰਸਾ ਡੇਰਾ ਨੇ ਹੀ ਵੇਚਿਆ ਹੈ। ਧਰਮ ਨੂੰ ਹਰ ਡੇਰੇਦਾਰ ਅਤੇ ਧਾਰਮਿਕ ਸੰਸਥਾ, ਇਥੋਂ ਤੀਕ ਕਿ ਹਰ ਗੁਰਦੁਆਰਾ ਬਾਜ਼ਾਰ ਵਿਚ ਵੇਚ ਰਿਹਾ ਹੈ। ਕੁਝ ਲੋਕਾਂ ਕੋਲ ਇਸ ਨੂੰ ਵੇਚਣ ਦੀ ਤਕਨੀਕ ਬਹੁਤੀ ਵਧੀਆ ਸੀ, ਉਹ ਅੱਗੇ ਨਿਕਲ ਗਏ। ਉਨ੍ਹਾਂ ਦਾ ਕਿਰਦਾਰ ਭਾਵੇਂ ਕਿਹੋ ਜਿਹਾ ਸੀ, ਪਰ ਉਨ੍ਹਾਂ ਕੋਲ ਲੋਕਾਂ ਨੂੰ ਖਿੱਚਣ ਦੀ ਤਕਨੀਕ ਸੀ। ਜੋ ਆਲਸੀ ਹੁੰਦੇ ਹਨ, ਉਹ ਪਛੜ ਜਾਂਦੇ ਹਨ। ਉਹ ਆਪ ਕੁਝ ਕਰਦੇ ਨਹੀਂ, ਸਿਰਫ ਜੋ ਧਰਮ ਦੇ ਵਪਾਰ ਵਿਚ ਬਹੁਤਾ ਅੱਗੇ ਚਲੇ ਜਾਂਦਾ ਹੈ, ਉੁਸ ਨੂੰ ਗਾਲ੍ਹਾਂ ਕੱਢਦੇ ਹਨ। ਕਦੇ ਆਤਮ-ਮੰਥਨ ਨਹੀਂ ਕਰਦੇ ਕਿ ਅਸੀਂ ਕਿਉਂ ਪਿਛੇ ਰਹਿ ਗਏ? ਗੁਰੂ ਨਾਨਕ ਦੇਵ ਦਾ ਸੱਚਾ ਸੌਦਾ ਤਾਂ ਸਾਡੇ ਕੋਲ ਸੀ, ਉਸ ਦੇ ਗ੍ਰਾਹਕ ਕਿਉਂ ਦੌੜ ਗਏ ਹਨ?
ਜੇ ਪ੍ਰਵਚਨਾਂ ਦੀ ਗੱਲ ਕਰੀਏ ਤਾਂ ḔਸੰਤḔ ਗੁਰਮੀਤ ਸਿੰਘ ਕੋਈ ਬਹੁਤ ਅੱਛਾ ਬੁਲਾਰਾ ਨਹੀਂ ਸੀ। ਸੰਤ ਸਿੰਘ ਮਸਕੀਨ, ਗਿਆਨੀ ਪਿੰਦਰਪਾਲ ਸਿੰਘ, ਗਿਆਨੀ ਜਸਵੰਤ ਸਿੰਘ ਪਰਵਾਨਾ ਅਤੇ ਕਿਤਨੇ ਹੋਰ ਬੁਲਾਰੇ ਉਸ ਤੋਂ ਅੱਛੇ ਬੁਲਾਰੇ ਹਨ। ਫਿਰ ਲੋਕ ਉਸ ਕੋਲ ਕੀ ਲੈਣ ਜਾਂਦੇ ਸਨ? ਸ਼ਾਇਦ ਕੇਵਲ ਅਧਿਆਤਮਕ ਪ੍ਰਵਚਨਾਂ ਨਾਲ ਲੋਕ ਧਰਮ ਵੱਲ ਰੁਚਿਤ ਨਹੀਂ ਹੁੰਦੇ। ਅਜਿਹੇ ਪ੍ਰਵਚਨ ਈਸਾ ਤੋਂ ਪਹਿਲਾਂ ਵੀ ਸਨ। ਯਹੂਦੀਆਂ ਕੋਲ ਵੱਡੇ ਵੱਡੇ ਵਿਆਖਿਆਕਾਰ ਲੇਵੀ ਮੌਜੂਦ ਸਨ। ਹਜ਼ਰਤ ਮੁਹੰਮਦ ਸਾਹਿਬ ਤੋਂ ਪਹਿਲਾਂ ਵੀ ਸਨ, ਮਹਾਤਮਾ ਬੁਧ ਤੋਂ ਅਤੇ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਵੀ ਸਨ।
ਗੁਰੁਬਾਣੀ ਦਾ ਫੁਰਮਾਨ ਹੈ,
ਮੁਖ ਤੇ ਪੜਤਾ ਟੀਕਾ ਸਹਿਤ॥
ਹਿਰਦੈ ਰਾਮੁ ਨਹੀ ਪੂਰਨ ਰਹਤ॥
ਉਪਦੇਸੁ ਕਰੇ ਕਰਿ ਲੋਕ ਦ੍ਰਿੜਾਵੈ॥
ਅਪਨਾ ਕਹਿਆ ਆਪਿ ਨ ਕਮਾਵੈ॥
ਮਹਾਨ ਪੁਰਖ ਵੱਡਾ ਪ੍ਰਵਚਨ ਲੈ ਕੇ ਅਵਤ੍ਰਿਤ ਨਹੀਂ ਹੋਏ, ਬਲਕਿ ਲੋਕਾਂ ਦੀਆਂ ਸਮੱਸਿਆਵਾਂ ਦੂਰ ਕਰਨ ਦੇ ਵੱਡੇ ਪ੍ਰੋਗਰਾਮ ਲੈ ਕੇ ਆਏ ਸਨ। ਪਹਿਲੇ ਗੁਰੂ ਜੀ ਤੋਂ ਦਸ ਪਾਤਸ਼ਾਹੀਆਂ ਤੱਕ, ਸਾਰੇ ਗੁਰੂ ਸਾਹਿਬਾਨ ਅਤੇ ਉਨ੍ਹਾਂ ਦੇ ਪਰਿਵਾਰ ਆਮ ਲੋਕਾਂ ਦੀਆਂ ਬੁਨਿਆਦੀ ਸਮੱਸਿਆਵਾਂ ਨਾਲ ਜੁੜੇ ਰਹੇ ਸਨ, ਜਿਸ ਕਾਰਨ ਸਿੱਖ ਪੰਥ ਦਾ ਵਿਸਤਾਰ ਹੋਇਆ ਸੀ।
ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਵਿਚ ਆਲੀਸ਼ਾਨ ਗੁਰਦੁਆਰਾ ਬਣਾ ਕੇ ਲੋਕਾਂ ਨੂੰ ਧਰਮ ਵਲ ਪ੍ਰੇਰਿਤ ਨਹੀਂ ਸੀ ਕੀਤਾ, ਬਲਕਿ ਜ਼ਰੂਰਤਮੰਦਾਂ ਵਾਸਤੇ ਭੋਜਨ ਅਤੇ ਆਸਰਾ ਦੇਣ ਦੇ ਕਾਰਜ ਕੀਤੇ। ਵਿਦਿਆ ਲੋਕਾਂ ਤੀਕ ਪਹੁੰਚੇ, ਇਸ ਲਈ ਸਰਲ ਲਿਪੀ ਦਾ ਪ੍ਰਚਾਰ ਕੀਤਾ। ਲੋਕਾਂ ਨੂੰ ਸਿਖਿਅਤ ਕਰਨ ਦਾ ਮਹਾਨ ਕਾਰਜ ਗੁਰੂ ਅੰਗਦ ਦੇਵ ਨੂੰ ਸੌਂਪਿਆ। ਮਲਕ ਭਾਗੋ ਨੂੰ ਛੱਡ ਕੇ ਲਾਲੋ ਦੇ ਘਰ ਗਏ ਅਤੇ ਸਪਸ਼ਟ ਐਲਾਨ ਕੀਤਾ ਕਿ ਉਹ ਗਰੀਬਾਂ ਦੇ ਦੁਖ-ਦਰਦ ਸੁਣਨ ਵਾਸਤੇ ਆਏ ਹਨ। ਉਚੇ ਲੋਕਾਂ ਤੋਂ ਕੀ ਲੈਣਾ ਹੈ? ਉਹ ਤਾਂ ਪਹਿਲਾਂ ਹੀ ਕਿਸੇ ਸਮੱਸਿਆ ਵਿਚ ਨਹੀਂ। ਜੇ ਸਿਰਫ ਅਧਿਆਤਮਕਤਾ ਹੀ ਧਰਮ ਹੁੰਦੀ ਤਾਂ ਉਹ ਮਲਕ ਭਾਗੋ ਕੋਲ ਹੋਰ ਵੀ ਪਹਿਲਾਂ ਜਾਂਦੇ, ਕਿਉਂਕਿ ਆਤਮਕ ਤੌਰ ‘ਤੇ ਉਹ ਲਾਲੋ ਨਾਲੋਂ ਕਿਤੇ ਖਰਾਬ ਸੀ।
ਗੁਰੂ ਨਾਨਕ ਦੇਵ ਜੀ ਵਣਜਾਰਿਆਂ, ਸਿਕਲੀਗਰਾਂ ਅਤੇ ਹੋਰ ਗਰੀਬ ਕਿਰਤੀਆਂ ਕੋਲ ਗਏ। ਜਿਥੇ ਕਿਤੇ ਸਾਲਸ ਰਾਏ ਜਾਂ ਮਨਸੁਖ ਵਰਗਾ ਧਨੀ ਮਿਲ ਗਿਆ, ਉਸ ਨੂੰ ਅਮੀਰੀ ਛੱਡ ਕੇ ਗਰੀਬਾਂ ਦੀ ਸੇਵਾ ਵਿਚ ਲਾਇਆ। ਗੁਰੂ ਗੋਬਿੰਦ ਸਿੰਘ ਜੀ ਨੂੰ ਪਹਾੜੀ ਰਾਜਿਆਂ ਨੇ ਕਿਹਾ ਕਿ ਸ਼ੂਦਰਾਂ ਨੂੰ ਪੰਥ ਵਿਚ ਸ਼ਾਮਿਲ ਨਾ ਕਰੋ, ਤਾਂ ਅਸੀਂ ਸਾਰੇ ਰਾਜਪੂਤ ਤੁਹਾਡੇ ਪੰਥ ਵਿਚ ਸ਼ਾਮਿਲ ਹੋ ਜਾਵਾਂਗੇ। ਉਨ੍ਹਾਂ ਕਿਹਾ, ਇਨ੍ਹਾਂ ਸ਼ੂਦਰਾਂ ਨੂੰ ਹਾਕਮ ਬਣਾਉਣਾ ਹੈ। ਇਹ ਧਰਤੀ ਦੇ ਸਿਰਦਾਰ ਹੋਣਗੇ। ਇਹੋ ਮੇਰੇ ਸੂਰਬੀਰ ਖੱਤਰੀ ਹੋਣਗੇ। ਇਹੋ ਵਿਦਵਾਨ ਪੰਡਿਤ ਬਣਨਗੇ।
ਗੁਰੂ ਪਾਤਸ਼ਾਹਾਂ ਨੇ ਲੰਗਰ ਲਾਏ, ਹਸਪਤਾਲ ਬਣਵਾਏ, ਗਰੀਬਾਂ ਦੇ ਵਿਆਹ ਕਰਵਾਏ, ਜਿਥੇ ਪੀਣ ਦਾ ਪਾਣੀ ਨਹੀਂ ਸੀ, ਖੂਹ-ਬਾਉਲੀਆਂ ਬਣਵਾਏ। ਸਾਧਾਰਨ ਸਿੱਖ ਨੂੰ ਵਪਾਰ ਅਤੇ ਕਿਰਤ ਵਿਚ ਲਾਇਆ, ਤਾਂ ਸਿੱਖ ਪੰਥ ਦਾ ਵਿਸਤਾਰ ਹੋਇਆ। ਲੋਕਾਂ ਦਾ ਸਿਰਫ ਸਿਧਾਂਤਾਂ ਨਾਲ ਪੇਟ ਨਹੀਂ ਭਰ ਜਾਂਦਾ। ਜਦੋਂ ਰੋਜ਼ ਦੀ ਆਰਤੀ ਵਿਚ Ḕਭੂਖੇ ਭਗਤਿ ਨ ਕੀਜੈ॥ ਯਹ ਮਾਲਾ ਅਪਨੀ ਲੀਜੈ॥æææਦੁਇ ਸੇਰ ਮਾਂਗਉ ਚੂਨਾ॥ ਪਾਉ ਘੀਉ ਸੰਗਿ ਲੂਨਾ॥ ਅਧ ਸੇਰੁ ਮਾਂਗਉ ਦਾਲੇ॥ ਮੋ ਕਉ ਦੋਨਉ ਵਖਤ ਜਿਵਾਲੇ॥2॥ ਖਾਟ ਮਾਂਗਉ ਚਉਪਾਈ॥ ਸਿਰਹਾਨਾ ਅਵਰ ਤੁਲਾਈ॥ ਊਪਰ ਕਉ ਮਾਂਗਉ ਖੀਂਧਾæææ॥” ਦਾ ਪ੍ਰਵਚਨ ਸ਼ਾਮਿਲ ਕਰ ਦਿੱਤਾ ਸੀ ਤਾਂ ਕੇਵਲ ਸਿੱਖਾਂ ਨੂੰ ਨਹੀਂ, ਮਾਨਵ ਸਮਾਜ ਨੂੰ ਸੰਦੇਸ਼ ਦਿੱਤਾ ਸੀ ਕਿ ਮਨੁਖਤਾ ਦੀਆਂ ਬੁਨਿਆਦੀ ਸਮੱਸਿਆਵਾਂ ਦਾ ਹੱਲ ਹੀ ਰੱਬ ਦੀ ਪੂਜਾ ਅਤੇ ਆਰਤੀ ਹੈ। ਇਨ੍ਹਾਂ ਸਮੱਸਿਆਵਾਂ ਤੋਂ ਬੇਮੁਖਤਾ ਧਰਮ ਦੇ ਨਾਂ ‘ਤੇ ਧੋਖਾ ਹੈ। ਹੁਣ ਇਹ ਸ਼ਬਦ ਸਿਰਫ ਰਸਮੀ ਗਾਇਨ ਵਾਸਤੇ ਰਹਿ ਗਿਆ ਹੈ।
ਧਰਮ ਦਾ ਪ੍ਰਵਚਨ ਉਦੋਂ ਪ੍ਰਭਾਵਹੀਣ ਹੋ ਜਾਂਦਾ ਹੈ, ਜਦੋਂ ਉਹ ਰਸਮੀ ਪੂਜਾ ਬਣ ਕੇ ਰਹਿ ਜਾਵੇ ਅਤੇ ਸਿੱਖ ਪੰਥ ਦਾ ਕਲਿਆਣਕਾਰੀ ਵਿਚਾਰ ਬਹੁਤ ਉਚਾ-ਸੁੱਚਾ ਹੁੰਦਿਆਂ ਵੀ ਅਜ ਪ੍ਰਭਾਵਹੀਣ ਹੋ ਚੁਕਾ ਹੈ, ਕਿਉਂਕਿ ਧਾਰਮਿਕ ਸੰਸਥਾਵਾਂ ਸਿਰਫ ਆਪਣੇ ਧੰਦਿਆਂ ਦਾ ਪ੍ਰਸਾਰ ਕਰ ਰਹੀਆਂ ਹਨ, ਲੋਕਾਂ ਦੇ ਦੁਖ-ਦਰਦ ਦੀ ਉਨ੍ਹਾਂ ਨੂੰ ਕੋਈ ਪ੍ਰਵਾਹ ਨਹੀਂ। ਗਰੀਬ ਕਿਸਾਨ ਆਤਮਹੱਤਿਆ ਕਰ ਰਹੇ ਹਨ, ਪਰ ਧਾਰਮਿਕ ਡੇਰੇਦਾਰ ਉਨ੍ਹਾਂ ਦੇ ਘਰ ਖਾਲੀ ਬੋਰੀਆਂ ਸੁਟ ਆਉਂਦੇ ਹਨ ਕਿ ਭਰ ਕੇ ਤਿਆਰ ਰੱਖਣੀ, ਅਸੀਂ ਵਾਪਸੀ ਵਿਚ ਲੈ ਜਾਵਾਂਗੇ। ਕਰਨਗੇ ਕੀ? ਸੰਗਮਰਮਰ ਉਤੇ ਅਤੇ ਆਪਣੇ ਆਰਾਮ ਉਤੇ ਖਰਚ ਲੈਣਗੇ, ਬਿਨਾ ਕਿਸੇ ਜਵਾਬਦੇਹੀ ਅਤੇ ਹਿਸਾਬ-ਕਿਤਾਬ ਦੇ। ਗੁਰਦੁਆਰੇ ਬਣਾਉਣ ਅਤੇ ਇਨ੍ਹਾਂ ਨੂੰ ਨਿਜੀ ਕਾਰੋਬਾਰ ਬਣਾਉਣ ਉਤੇ ਕੋਈ ਕੰਟਰੋਲ ਨਹੀਂ? ਕਿਉਂ ਨਹੀਂ ਕੋਈ ਕਾਰ ਸੇਵਾ ਵਾਲਾ ਸੰਤ ਪਿੰਡ ਦੇ ਵੱਡੇ ਲੋਕਾਂ ਤੋਂ ਅਨਾਜ ਇਕੱਤਰ ਕਰ ਕੇ ਉਸੇ ਪਿੰਡ ਦੇ ਗਰੀਬਾਂ ਵਿਚ ਵੰਡ ਦੇਣ ਨੂੰ ਕਾਰ ਸੇਵਾ ਕਹਿੰਦਾ? ਇਸ ਲਈ ਕਿ ਇਮਾਰਤਾਂ ਬਣਾਉਣ ਦਾ ਜਸ ਲੈਣਾ ਹੀ ਮਨੋਰਥ ਹੈ, ਸੇਵਾ ਕਰਨਾ ਨਹੀਂ।
ਸਾਡੇ ਪਿੰਡ ਵੀ ਕਾਰ ਸੇਵਾ ਦਾ ਇਕ ਡੇਰਾ ਹੈ। ਮੁੱਖ ਡੇਰਾ ਅਨੰਦਪੁਰ ਸਾਹਿਬ ਹੈ। ਵੱਡੇ ਸੰਤ ਚਲਾਣਾ ਕਰ ਗਏ। ਦੋ ਗੱਦੀਦਾਰਾਂ ਵਿਚ ਕਲੇਸ਼ ਹੋਣਾ ਹੀ ਸੀ। ਮੁੱਖ ਗੱਦੀਦਾਰ ਨੇ ਦੂਜੇ ਸ਼ਰੀਕ ਨੂੰ ਡੇਢ-ਦੋ ਕਰੋੜ ਰੁਪਿਆ ਦੇ ਕੇ ਸ਼ਾਂਤ ਕਰ ਲਿਆ। ਦੱਸੋ! ਕਾਰ ਸੇਵਾ ਦੇ ਨਾਂ ਉਤੇ ਇਕੱਠਾ ਕੀਤਾ ਪੈਸਾ, ਉਸ ਸੰਤ ਦਾ ਨਿਜੀ ਹੋ ਗਿਆ। ਆਪਣੀ ਪ੍ਰਭੁਤਾ ਲਈ ਸੰਗਤ ਤੋਂ ਗੁਰਦੁਆਰਿਆਂ ਦੀ ਉਸਾਰੀ ਵਾਸਤੇ ਇਕੱਤਰ ਕੀਤੀ ਮਾਇਆ ਕਿਸੇ ਵਿਰੋਧੀ ਨੂੰ ਸ਼ਾਂਤ ਕਰਨ ਵਾਸਤੇ ਉਸ ਦੇ ਅੱਗੇ ਸੁਟ ਦਿੱਤੀ। ਅਸੀਂ ਕਹਿੰਦੇ ਹਾਂ ਕਿ ਗੁਰਦੁਆਰਿਆਂ ਦੀਆਂ ਇਮਾਰਤਾਂ ਉਤੇ ਪੈਸਾ ਫਜ਼ੂਲ ਖਰਚ ਹੋ ਰਿਹਾ ਹੈ। ਇਥੇ ਤਾਂ ਮਹਾਪੁਰਖ ਪੈਸਾ ਨਿਜੀ ਸਵਾਰਥਾਂ ਵਾਸਤੇ ਵਰਤ ਰਹੇ ਹਨ। ਉਸ ਡੇਢ-ਦੋ ਕਰੋੜ ਰੁਪਏ ਨਾਲ ਕਿਤਨੇ ਗਰੀਬ ਬੱਚਿਆਂ ਦੀ ਪੜ੍ਹਾਈ ਦਾ ਪ੍ਰਬੰਧ ਹੋ ਸਕਦਾ ਸੀ? ਉਹ ਪੈਸਾ ਕਿਰਤੀ ਸਿੱਖਾਂ ਦੀ ਖੂਨ ਪਸੀਨੇ ਦੀ ਕਮਾਈ ਸੀ, ਜੋ ਇਕ ਵਿਹਲੜ ਦੇ ਹਵਾਲੇ ਕਰ ਦਿੱਤਾ।
ਜਿਨ੍ਹਾਂ ਡੇਰਿਆਂ ਦੀ ਅਸੀਂ ਨਿੰਦਿਆ ਕਰਦੇ ਹਾਂ, ਕੋਈ ਸੰਦੇਹ ਨਹੀਂ ਕਿ ਉਹ ਲੋਕਾਂ ਦਾ ਆਰਥਿਕ ਸ਼ੋਸ਼ਣ ਕਰ ਰਹੇ ਹਨ, ਪਰ ਲੋਕਾਂ ਨੂੰ ਖਿੱਚਣ ਵਾਸਤੇ ਕੋਈ 10 ਜਾਂ 20 ਪ੍ਰਤੀਸ਼ਤ ਲੋਕ ਭਲਾਈ ਉਤੇ ਖਰਚ ਵੀ ਕਰਦੇ ਹਨ। ਜਦੋਂ ਕਿ ਸਿੱਖ ਪੰਥ ਇਤਨਾ ਰਵਾਇਤੀ ਹੋ ਚੁਕਾ ਹੈ ਕਿ ਜੇ ਕਿਤੇ ਧਰਮ ਪ੍ਰਚਾਰ ਲਈ ਕੋਈ ਫੰਡ ਹੈ ਵੀ, ਤਾਂ ਉਹ ਸਿਰਫ ਪ੍ਰਚਾਰਕਾਂ ਦੀਆਂ ਤਨਖਾਹਾਂ ਵਾਸਤੇ ਹੈ, ਕਿਸੇ ਗਰੀਬ ਦੀ ਇਮਦਾਦ ਲਈ ਇਕ ਕੌਡੀ ਵੀ ਨਹੀਂ।
ਮੌਜੂਦਾ ਛੱਤੀਸਗੜ੍ਹ ਵਿਚ 50 ਹਜ਼ਾਰ ਦੇ ਕਰੀਬ ਸਤਨਾਮੀ ਸਿੱਖ ਹਨ। ਉਹ ਸਤਨਾਮ ਦਾ ਜਾਪ ਕਰਦੇ ਹਨ ਅਤੇ ਗੁਰੂ ਨਾਨਕ ਦਾ ਸਿੱਖ ਅਖਵਾਉਣ ਦੇ ਬਹੁਤ ਇਛੁਕ ਹਨ। 1980 ਦੇ ਆਸ-ਪਾਸ ਇਕ ਪੜ੍ਹਿਆ-ਲਿਖਿਆ ਸਤਨਾਮੀ ਡਾæ ਕੌਸ਼ਲ ਕੁਝ ਹੋਰ ਸਾਥੀਆਂ ਨਾਲ ਸਿੱਖ ਬਣ ਗਿਆ। ਉਸ ਨੇ ਸਿੱਖਾਂ ਦੀਆਂ ਸਰਵਉਚ ਧਾਰਮਿਕ ਸੰਸਥਾਵਾਂ ਦੇ ਬਹੁਤ ਤਰਲੇ ਕੀਤੇ ਕਿ ਮੈਂ 50 ਹਜ਼ਾਰ ਸਤਨਾਮੀ ਇਕੋ ਵਾਰ ਅੰਮ੍ਰਿਤਧਾਰੀ ਹੋਣ ਵਾਸਤੇ ਇਕੱਠੇ ਕਰਦਾ ਹਾਂ, ਅੰਮ੍ਰਿਤ ਛਕਾਉਣ ਦਾ ਪ੍ਰਬੰਧ ਕਰੋ। ਪਰ ਕੌਣ ਕਰੇ? ਗਰੀਬਾਂ ਨੂੰ ਸਿੱਖ ਪੰਥ ਵਿਚ ਲਿਆ ਕੇ ਗਲ ਮੁਸੀਬਤ ਪਾਉਣੀ ਸੀ!
ਸਤਨਾਮੀਆਂ ਦਾ ਇਕ ਬਹੁਤ ਉਦਮੀ ਸਿੱਖ ਮੁੰਡਾ, ਜਿਸ ਦਾ ਨਾਂ ਮੈਂ ਭੁਲ ਗਿਆ ਹਾਂ, ਕਦੇ-ਕਦੇ ਮਿਲਦਾ ਰਹਿੰਦਾ ਹੈ। ਇਕ ਵਾਰ ਦਰਬਾਰ ਸਾਹਿਬ ਮਿਲ ਗਿਆ। ਕਹਿਣ ਲੱਗਾ, “ਹਮ ਯਹਾਂ ਕਮੇਟੀ ਕੋ ਕਹਿਣੇ ਆਏ ਹੈਂ ਕਿ ਕੁਝ ਮਦਦ ਕਰੋ, ਸਤਨਾਮੀਓਂ ਕੋ ਸਿੱਖ ਪੰਥ ਮੇਂ ਲਾਯਾ ਜਾਏ। ਮਗਰ ਹਮਾਰੀ ਕੋਈ ਸੁਨਤਾ ਨਹੀਂ।” ਮੈਂ ਪੁਛਿਆ, “ਕਿਥੇ ਰੁਕਿਆ ਹੈਂ।” ਕਹਿਣ ਲੱਗਾ, “ਪਰਿਕਰਮਾ ਮੇਂ ਪੜੇ ਹੈਂ।” ਮੈਂ ਉਸ ਨੂੰ ਆਪਣੇ ਕਮਰੇ ਵਿਚ ਲੈ ਆਇਆ ਤੇ ਕਿਹਾ ਕਿ ਦੋ ਦਿਨ ਰਹਿਣਾ ਹੈ, ਮੇਰੇ ਨਾਲ ਏæਸੀæ ਕਮਰੇ ਵਿਚ ਟਿਕ ਜਾ। ਧਰਮ ਪ੍ਰਚਾਰ ਸਕੱਤਰ ਨੂੰ ਮਿਲਾਇਆ। ਪਰ ਨਾ ਕੁਝ ਹੋਣਾ ਸੀ, ਨਾ ਹੋਇਆ। ਹਾਂ, ਇਕ ਬਹੁਤ ਵੱਡਾ ਕੰਮ ਜ਼ਰੂਰ ਹੋਇਆ। ਸਕਾਟਲੈਂਡ ਦੇ ਸਿੱਖਾਂ ਨੇ ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਵਿਚ ਸਤਨਾਮੀਆਂ ਲਈ ਇਕ ਕੇਂਦਰ ਬਹੁਤ ਚਾਅ ਸਹਿਤ ਸਥਾਪਤ ਕੀਤਾ। ਆਸ ਸੀ ਕਿ ਇਥੇ ਸਤਨਾਮੀ ਸਿੱਖਾਂ ਨੂੰ ਵਿਦਿਆ ਦਿੱਤੀ ਜਾਵੇ। ਲੰਗਰ ਆਦਿ ਦਾ ਪ੍ਰਬੰਧ ਕੀਤਾ ਜਾਵੇ। ਸਤਨਾਮੀ ਹੀ ਇਸ ਨੂੰ ਸੰਭਾਲਣ ਅਤੇ ਗੁਰਮਤਿ ਦੀ ਵਿਦਿਆ ਲੈ ਕੇ ਫਿਰ ਉਹ ਆਪਣੇ ਲੋਕਾਂ ਵਿਚ ਜਾ ਕੇ ਸਿੱਖ ਧਰਮ ਦਾ ਪ੍ਰਚਾਰ ਕਰਨ। ਕੇਂਦਰ ਬਣ ਗਿਆ, ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਹਾਇਤਾ ਨਾਲ ਉਥੇ ਇਕ ਵਿਅਕਤੀ ਨੇ ਕਬਜ਼ਾ ਕਰ ਲਿਆ। ਛੱਤੀਸਗੜ੍ਹ ਸਿੱਖ ਪੰਚਾਇਤ ਅਤੇ ਹੋਰ ਸਿੱਖ ਸੰਸਥਾਵਾਂ ਨੇ ਹਰ ਪ੍ਰਕਾਰ ਦਾ ਯਤਨ ਕੀਤਾ। ਸ਼੍ਰੋਮਣੀ ਕਮੇਟੀ ਨੂੰ ਮਤੇ ਭੇਜੇ, ਤਰਲੇ ਕੀਤੇ, ਪਰ ਕੇਂਦਰ ਨੂੰ ਆਜ਼ਾਦ ਨਹੀਂ ਕਰਵਾ ਸਕੇ। ਹਾਰ-ਹੁਟ ਕੇ ਬੈਠ ਗਏ। ਹੁਣ ਸ਼੍ਰੋਮਣੀ ਕਮੇਟੀ ਨੇ ਇਥੇ ਕੁਝ ਪ੍ਰਚਾਰਕ ਆਦਿ ਭੇਜ ਦਿੱਤੇ ਹਨ, ਜਿਨ੍ਹਾਂ ਦੀ ਗੱਲ ਸਤਨਾਮੀਆਂ ਨੂੰ ਸਮਝ ਨਾ ਆਵੇ। ਨਾ ਉਹ ਸਤਨਾਮੀਆਂ ਦੀ ਗੱਲ ਸਮਝਣ। ਸਤਨਾਮੀਆਂ ਨੂੰ ਆਪਣੇ ਪੰਥਾਂ ਵਲ ਖਿੱਚਣ ਲਈ ਈਸਾਈ ਮਿਸ਼ਨਰੀ ਅਤੇ ਹੋਰ ਡੇਰੇ ਪੂਰੀ ਤਰ੍ਹਾਂ ਸਰਗਰਮ ਹੋ ਗਏ ਹਨ।
ਮਹਾਰਾਸ਼ਟਰ ਵਿਚ ਗੁਰੂ ਨਾਨਕ ਨਾਮਲੇਵਾ ਵਣਜਾਰੇ ਅਤੇ ਸਿਕਲੀਗਰ ਬਹੁਤ ਹਨ। ਇਤਨੇ ਕਿ ਵਣਜਾਰਿਆਂ ਵਿਚੋਂ ਉਥੇ ਵਸੰਤ ਰਾਓ ਨਾਇਕ ਨੇ ਮਹਾਰਾਸ਼ਟਰ ਉਤੇ 15 ਸਾਲ ਇਕ-ਛਤਰ ਰਾਜ ਕੀਤਾ। ਨਾਗਪੁਰ ਦੇ ਸ਼ ਚੰਨਣ ਸਿੰਘ ਨੇ ਆਪਣਾ ਵਪਾਰ ਛੱਡ ਕੇ ਵਣਜਾਰਿਆਂ ਵਿਚ ਪ੍ਰਚਾਰ ਕਰਨ ਲਈ ਕੋਂਢਾਲੀ ਵਿਖੇ ਆਸ਼ਰਮ ਬਣਾਇਆ। ਉਨ੍ਹਾਂ ਨੇ ਵਣਜਾਰਿਆਂ, ਸਿਕਲੀਗਰਾਂ ਅਤੇ ਮਿਹਤਰ ਸਿੱਖਾਂ ਵਿਚ ਬਹੁਤ ਪ੍ਰਚਾਰ ਕੀਤਾ। ਉਨ੍ਹਾਂ ਦੀ ਪ੍ਰੇਰਨਾ ਕਾਰਨ ਸਾਲ 1994 ਵਿਚ ਗੁਰਮਤਿ ਕਾਲਜ, ਪਟਿਆਲਾ ਵਲੋਂ ਮੈਂ ਦੋ ਵਿਦਿਆਰਥੀਆਂ ਨਾਲ ਕੋਂਢਾਲੀ ਆਸ਼ਰਮ ਵਿਚ ਗਿਆ। ਕੁਝ ਦਿਨ ਉਥੇ ਰੁਕ ਕੇ ਵਣਜਾਰਿਆਂ ਦੇ ਪਿੰਡਾਂ ਵਿਚ ਗਏ। ਵਸੰਤ ਰਾਓ ਦੇ ਪਿੰਡ ਵਸੰਤ ਨਗਰ ਵੀ ਗਏ। ਹੰਸਾ ਨਾਮ ਦਾ ਇਕ ਬਜ਼ੁਰਗ ਮਿਲਿਆ। ਸਾਨੂੰ ਵੇਖ ਕੇ ਬੀੜੀ ਸੁੱਟ ਦਿੱਤੀ। ਕੋਲ ਜਾ ਕੇ ਪੁਛਿਆ, ਕੌਣ ਹੋ? ਕਹਿਣ ਲੱਗਾ, ਗੁਰੂ ਨਾਨਕ ਕਾ ਸਿੱਖ। ਅਸਾਂ ਕਿਹਾ ਕੈਸੇ ਸਿੱਖ ਹੋ, ਬੀੜੀ ਪੀ ਰਹੇ ਹੋ? ਗੁੱਸੇ ਨਾਲ ਕਹਿਣ ਲੱਗਾ, ਗੁਰੂ ਨਾਨਕ ਕਾ ਦਾਗਾ ਹੂਆ ਸਿੱਖ ਹੂੰ। ਅਸੀਂ ਕਿਹਾ, ਉਹ ਕੀ ਹੁੰਦਾ ਹੈ? ਗੁੱਸੇ ਨਾਲ ਬਾਂਹ ਤੋਂ ਕਮੀਜ਼ ਹਟਾ ਕੇ ਨਿਸ਼ਾਨ ਦਿਖਾਇਆ ਅਤੇ ਕਿਹਾ, ਜਬ ਹਮਾਰੇ ਬਚੋਂ ਕੀ ਸ਼ਾਦੀ ਹੋਤੀ ਹੈ, ਤੋ ਗਰਮ ਸਲਾਖ ਸੇ ਨਿਸ਼ਾਨ ਲਗਾ ਦੇਤੇ ਹੈਂ ਕਿ ਤੁਮ ਗੁਰੂ ਨਾਨਕ ਨਾਮ ਕੇ ਦਾਗੇ ਹੋ। ਗੁਰੂ ਨਾਨਕ ਕੇ ਇਲਾਵਾ ਕਿਸੀ ਔਰ ਦੇਵਤਾ ਕੀ ਪੂਜਾ ਨਹੀਂ ਕਰਨੀ। Ḕਜਿਸ ਘਰ ਨਾਨਕ ਪੂਜਾ ਤਿਸ ਘਰ ਦੇਉ ਨਾ ਦੂਜਾ।Ḕ
ਹਰ ਸਮਾਗਮ ‘ਤੇ ਗੁਰੂ ਨਾਨਕ ਦਾ ਸਵਾ ਰੁਪਿਆ ਜ਼ਰੂਰ ਕੱਢਦੇ ਹਨ। ਉਨ੍ਹਾਂ ਦੇ ਮੰਦਿਰਾਂ ਵਿਚ ਹਜ਼ੂਰ ਸਾਹਿਬ ਭੇਜੇ ਦਸਵੰਧ ਦੀਆਂ ਪੁਰਾਣੀਆਂ ਰਸੀਦਾਂ ਪਈਆਂ ਹੋਈਆਂ ਹਨ। ਪਰ ਗਰੀਬੀ ਅਤਿ ਦੀ ਹੈ। ਗਰੀਬ ਦਾ ਧਰਮ ਸਿਰਫ ਰੋਟੀ ਹੁੰਦਾ ਹੈ। ਗੁਰੂ ਨਾਨਕ ਦੇਵ ਦੇ ਲੰਗਰ ਮਨੁਖ ਦੀ ਬੁਨਿਆਦੀ ਲੋੜ ਕਾਰਨ ਸਥਾਪਤ ਹੋਏ ਸਨ। ਉਸ ਕੋਲ ਰੋਟੀ ਨਹੀਂ, ਤੁਸੀਂ ਉਸ ਨੂੰ ਪ੍ਰਵਚਨਾਂ ਦਾ ਅੰਮ੍ਰਿਤ ਦਿੰਦੇ ਹੋ। ਅਜਿਹੇ ਪ੍ਰਵਚਨ ਜਿਨ੍ਹਾਂ ਦਾ ਮਾਨਵ ਦੀਆਂ ਸਮੱਸਿਆਵਾਂ ਨਾਲ ਸਬੰਧ ਨਹੀਂ, ਪੁਜਾਰੀਆਂ ਦੀ ਉਹੋ ਅਫੀਮ ਹੈ, ਜਿਸ ਦਾ ਵਰਣਨ ਮਾਰਕਸ ਨੇ ਕੀਤਾ ਸੀ।
ਵਣਜਾਰਿਆਂ ਦੇ 25 ਕੁ ਘਰਾਂ ਦੇ ਇਕ ਛੋਟੇ ਜਿਹੇ ਟਾਂਡੇ ਵਿਚ ਗਏ। ਕਿਹਾ, ਕੋਈ ਆਰਥਿਕ ਮਦਦ ਕਰਨੀ ਚਾਹੀਏ ਤਾਂ ਤੁਹਾਡੇ ਟਾਂਡੇ ਦੀ ਜ਼ਰੂਰਤ? ਕਹਿਣ ਲੱਗੇ, ਪੱਚੀ ਕੁ ਹਜ਼ਾਰ ਰੁਪਏ। ਕਿਸੀ ਕੋ ਬੈਲ, ਖਾਦ, ਬੀਜ ਕੀ ਜ਼ਰੂਰਤ ਹੋਗੀ ਤੋ ਇਸੀ ਮੇਂ ਸੇ ਕਰਜ਼ ਦੇ ਦੇਂਗੇ। ਥੋੜਾ ਬਯਾਜ (ਵਿਆਜ) ਭੀ ਲੇਂਗੇ। ਇਤਨੇ ਮੇਂ ਕਾਮ ਚਲਤਾ ਰਹੇਗਾ।
ਸ਼ ਚੰਨਣ ਸਿੰਘ ਕਹਿਣ ਲੱਗੇ, 11 ਅੰਮ੍ਰਿਤਧਾਰੀ ਸਿੱਖੋਂ ਕੀ ਕਮੇਟੀ ਬਣਾਓ, ਉਸ ਕੋ ਪੈਸਾ ਦੇਂਗੇ। 15 ਵਿਅਕਤੀ ਅੰਮ੍ਰਿਤਧਾਰੀ ਹੋਣ ਲਈ ਤਿਆਰ ਹੋ ਗਏ ਯਾਨਿ 25 ਹਜਾਰ ਰੁਪਏ ਵਿਚ ਪੂਰਾ ਪਿੰਡ ਸਿੱਖ। ਸਿੱਖ ਵੀ ਕਾਹਦਾ, ਪਹਿਲਾਂ ਹੀ ਸਿੱਖ ਹੈ। ਘਰ ਵਾਪਸੀ ਦਾ ਰੌਲਾ ਪਾ ਰਹੇ ਹਾਂ, ਘਰ ਵਿਚ ਪਿਆਂ ਨੂੰ ਸੰਭਾਲਦੇ ਨਹੀਂ।
ਵਣਜਾਰਿਆਂ ਦਾ ਇਕ ਹੋਰ ਟਾਂਡਾ ਵੇਖਿਆ। ਨੌਜਵਾਨਾਂ ਨੂੰ ਮਿਲੇ। ਪੁਛਿਆ, ਕੀ ਮਦਦ ਕਰ ਸਕਦੇ ਹਾਂ। ਕਹਿਣ ਲੱਗੇ, ਕੁਝ ਦਿਹਾੜੀ ਵਗੈਰਾ ਮਿਲ ਜਾਵੇ, ਤੋ ਪੰਜਾਬ ਵੀ ਚਲੇ ਜਾਏਂਗੇ। ਅਗਲੇ ਦਿਨ ਕੋਂਢਾਲੀ ਆ ਕੇ ਬੈਠ ਗਏ, Ḕਹਮੇਂ ਪੰਜਾਬ ਲੇ ਚਲੋ।Ḕ
ਮੈਂ ਇਕ ਵਿਸਤ੍ਰਿਤ ਰਿਪੋਰਟ ਤਿਆਰ ਕਰ ਕੇ ਗੁਰੂ ਨਾਨਕ ਫਾਊਂਡੇਸ਼ਨ ਨੂੰ ਦਿੱਤੀ, ਇਕ ਕਾਪੀ ਸ਼੍ਰੋਮਣੀ ਕਮੇਟੀ ਨੂੰ। ਕੁਝ ਪਰਚਿਆਂ ਵਿਚ ਵੀ ਛਪੀ। ਮੈਂ ਸ਼੍ਰੋਮਣੀ ਕਮੇਟੀ ਨੂੰ ਸੁਝਾਅ ਦਿੱਤਾ ਕਿ ਉਹ ਧਰਮ ਪ੍ਰਚਾਰ ਵਿਚ ਇਕ ਸੈਲ ਕਾਇਮ ਕਰਨ। ਇਕ ਦਫਤਰ ਨਾਗਪੁਰ ਵਿਚ ਹੋਵੇ। ਪੰਜਾਬ ਦੇ ਕਿਸਾਨਾਂ ਅਤੇ ਕਾਰੋਬਾਰੀ ਸਿੱਖਾਂ ਨੂੰ ਅਕਾਲ ਤਖਤ ਵਲੋਂ ਬੇਨਤੀ ਕੀਤੀ ਜਾਵੇ ਕਿ ਦਿਹਾੜੀਦਾਰ ਅਤੇ ਕਾਮੇ ਵਣਜਾਰੇ ਸਿੱਖਾਂ ਨੂੰ ਲਾਇਆ ਜਾਵੇ। ਜੋ ਕੰਮ ਬਿਹਾਰੀ ਮਜ਼ਦੂਰ ਕਰਦਾ ਹੈ, ਉਹ ਵਣਜਾਰੇ ਸਿੱਖਾਂ ਨੂੰ ਦਿੱਤਾ ਜਾਵੇ। ਪਰ ਕਿਸ ਨੇ ਇਹ ਕੰਮ ਕਰਨਾ ਸੀ! ਕਮੇਟੀਆਂ ਤਾਂ ਧਰਮ ਪ੍ਰਚਾਰਕ ਰੱਖ ਸਕਦੀਆਂ ਹਨ, ਗੁਰਦੁਆਰੇ ਬਣਾ ਸਕਦੀਆਂ ਹਨ, ਕੀਰਤਨ ਦਰਬਾਰ ਕਰ ਸਕਦੀਆਂ ਹਨ, ਵਿਦਿਆਲੇ ਬਣਾ ਕੇ ਗ੍ਰੰਥੀਆਂ ਦੀ ਫੌਜ ਵਧਾ ਸਕਦੀਆਂ ਹਨ, ਪ੍ਰਧਾਨ ਜੀ ਦੇ ਨਜ਼ਦੀਕੀ ਪ੍ਰੋਫੈਸਰ ਬੁਲਾ ਕੇ ਸੈਮੀਨਾਰ ਕਰਵਾ ਸਕਦੀਆਂ ਹਨ, ਸ਼ਤਾਬਦੀਆਂ ਧੂਮ-ਧਾਮ ਨਾਲ ਮਨਾ ਸਕਦੀਆਂ ਹਨ (ਹੁਣ ਸ਼ਤਾਬਦੀ ਦਾ ਇੰਤਜ਼ਾਰ ਵੀ ਨਹੀਂ ਕਰਦੇ, ਅਰਧ-ਸ਼ਤਾਬਦੀਆਂ ਦਾ ਨਵਾਂ ਸੰਕਲਪ ਹੋਂਦ ਵਿਚ ਆ ਗਿਆ ਹੈ)। Ḕਗਰੀਬ ਕਾ ਮੂੰਹ ਗੁਰੂ ਕੀ ਗੋਲਕ’ ਗੁਰੂ ਦਾ ਵਾਕ ਸੀ, ਗੁਰੂ ਨਾਲ ਹੀ ਤੋਰ ਦਿੱਤਾ। ਸਮਾਜ ਕਲਿਆਣ ਉਨ੍ਹਾਂ ਦਾ ਮੁੱਦਾ ਹੀ ਨਹੀਂ ਹੈ।
ਕੁਝ ਸਾਲ ਪਹਿਲਾਂ ਮੱਧ ਪ੍ਰਦੇਸ਼ ਅਤੇ ਕੇਂਦਰੀ ਸ਼੍ਰੀ ਗੁਰੂ ਸਿੰਘ ਸਭਾ, ਭੋਪਾਲ ਨੇ ਸਿਕਲੀਗਰ ਸਿੱਖਾਂ ਵਾਸਤੇ ਬੁਰਹਾਨਪੁਰ ਵਿਚ ਇਕ ਵਿਦਿਆਲਾ ਖੋਲ੍ਹਣ ਦਾ ਮਨ ਬਣਾਇਆ। ਮੇਰੇ ਤੋਂ ਵੀ ਸੁਝਾਅ ਮੰਗੇ। ਮੈਂ ਬੇਨਤੀ ਕੀਤੀ, ਜ਼ਰੂਰ ਖੋਲ੍ਹੋ, ਬਹੁਤ ਅੱਛਾ ਹੈ। ਪਰ ਉਥੇ ਇਨ੍ਹਾਂ ਪਛੜੇ ਬੱਚਿਆਂ ਨੂੰ ਹੱਥਾਂ ਨਾਲ ਕੀਤੇ ਜਾਣ ਵਾਲੇ ਛੋਟੇ-ਮੋਟੇ ਕਿਤਿਆਂ ਦੀ ਸਿਖਲਾਈ ਦਿਓ। ਪ੍ਰਦੇਸ਼ ਦੇ ਸਿੱਖਾਂ ਨੂੰ ਬੇਨਤੀ ਕਰੋ ਕਿ ਤੁਹਾਡੇ ਕੋਲੋਂ ਸਿਖਿਅਤ ਬੱਚਿਆਂ ਨੂੰ ਕੰਮ ਦੇਣ। ਨਾਲ-ਨਾਲ ਇਨ੍ਹਾਂ ਨੂੰ ਗੁਰਮਤਿ ਪੜ੍ਹਾਓ। ਜੇ ਇਕ ਪ੍ਰਚਾਰਕ ਰੱਖ ਕੇ ਗੁਰਬਾਣੀ ਪੜ੍ਹਾਉਣੀ ਹੁੰਦੀ ਤਾਂ, ਵਿਦਿਆਲਾ ਜ਼ਰੂਰ ਸਥਾਪਤ ਹੋ ਜਾਣਾ ਸੀ, ਪਰ ਗਰੀਬਾਂ ਦੀਆਂ ਆਰਥਿਕ ਸਮੱਸਿਆਵਾਂ ਦਾ ਅਣਚਾਹਿਆ ਬੋਝ ਕੌਣ ਉਠਾਵੇ?
ਰਾਮ ਰਹੀਮ ਦੀ ਗ੍ਰਿਫਤਾਰੀ ਤੋਂ ਬਾਅਦ ਘਰ ਵਾਪਸੀ ਦੀਆਂ ਅਪੀਲਾਂ ਹੋਈਆਂ ਹਨ ਅਤੇ ਧਰਮ ਪ੍ਰਚਾਰ ਲਹਿਰ ਨੂੰ ਜ਼ੋਰ-ਸ਼ੋਰ ਨਾਲ ਚਲਾਉਣ ਦੀਆਂ ਗੱਲਾਂ ਰੋਜ਼ ਅਖਬਾਰਾਂ ਵਿਚ ਹਨ। ਪਰ ਮੇਰਾ ਇਹ ਦਾਅਵਾ ਹੈ ਕਿ ਜੇ ਲਾਊਡ ਸਪੀਕਰ ਲਾ ਕੇ ਗਲੀ-ਗਲੀ ਵੀ ਸਾਰਾ ਦਿਨ ਧਰਮ ਦੇ ਸਿਧਾਂਤ ਸੁਣਾਉਣ ਲੱਗ ਜਾਵਾਂਗੇ ਤਾਂ ਵੀ ਲੋਕ ਘਰ ਨਹੀਂ ਪਰਤਣਗੇ। ਉਨ੍ਹਾਂ ਘਰ ਛੱਡਿਆ ਕਿਉਂ ਹੈ? ਘਰ ਛੱਡਣਾ ਆਸਾਨ ਨਹੀਂ। ਪਰ ਜਦੋਂ ਘਰ ਵਿਚ ਕਿਸੇ ਦੀ ਸੁਣਵਾਈ ਨਾ ਹੋਵੇ, ਉਹ ਤੰਗ ਆ ਕੇ ਘਰ ਛੱਡ ਦਿੰਦਾ ਹੈ। ਗੁਰਦੁਆਰੇ ਵਿਚ ਜਾਤੀਵਾਦ ਆ ਗਿਆ, ਜਾਤ ਆਧਾਰਤ ਗੁਰਦੁਆਰੇ ਬਣ ਗਏ। ਕੀ ਕਿਸੇ ਕਦੇ ਰੋਕਿਆ ਹੈ? ਜਾਂ ਅਜਿਹੀਆਂ ਕੁਰੀਤੀਆਂ ਵਿਰੁਧ ਸਖਤ ਕਦਮ ਚੁਕਣ ਸਬੰਧੀ ਕੋਈ ਬਿਆਨ ਵੀ ਆਇਆ ਹੈ? ਘਰ ਵਾਪਸੀਯੋਗ ਮਾਹੌਲ ਤਿਆਰ ਕਰਨਾ ਪਵੇਗਾ। ਰਵਾਇਤੀ ਪੂਜਾ-ਪਾਠ, ਤੀਰਥ ਯਾਤਰਾਵਾਂ ਦਾ ਅਡੰਬਰ, ਸੇਲ ‘ਤੇ ਲੱਗੀਆਂ ਅਰਦਾਸਾਂ ਅਤੇ ਅਖੰਡ ਪਾਠ, ਬਾਜ਼ਾਰ ਦੀ ਵਸਤੂ ਬਣੇ ਕੀਰਤਨ ਦਾ ਪ੍ਰਭਾਵ ਧਰਮ ਤੋਂ ਉਚਾਟ ਕਰਨ ਵਾਲੀਆਂ ਗੱਲਾਂ ਹਨ। ਕਰਮਕਾਂਡੀ ਧਰਮ ਤੋਂ ਮੁਕਤੀ ਲੈਣੀ ਪਵੇਗੀ, ਕਲਿਆਣਕਾਰੀ ਧਰਮ ਨੂੰ ਅਪਨਾਉਣਾ ਪਵੇਗਾ।
ਅਸੀਂ ਛੋਟੇ ਸੀ। ਸਾਡੇ ਪਿੰਡ ਦੇ ਰਵਿਦਾਸੀਆਂ ਵਿਚੋਂ ਗੁਰੂ ਘਰ ਦੇ ਸ਼ਰਧਾਲੂ ਨਿਰੰਜਨ ਸਿੰਘ ਨੇ ਪ੍ਰਸ਼ਾਦ ਨੂੰ ਹੱਥ ਲਾ ਦਿੱਤਾ। ਲੋਕਾਂ ਰੌਲਾ ਪਾ ਦਿੱਤਾ, ਇਹ ਚਮਾਰ ਹੈ। ਭਗਤ ਰਵਿਦਾਸ ਗੁਰੂ ਗ੍ਰੰਥ ਸਾਹਿਬ ਵਿਚ ਕੈਦ ਹੈ। ਉਨ੍ਹਾਂ ਦੇ ਸ਼ਬਦ ਹੇਕਾਂ ਲਾ ਕੇ ਪੜ੍ਹਨ ਵਾਸਤੇ ਹਨ ਜਾਂ ਮਾਨਵੀ ਬਰਾਬਰੀ ਸਬੰਧੀ ਪਖੰਡਮਈ ਭਾਸ਼ਣ ਦੇਣ ਦੀ ਸਮੱਗਰੀ ਬਣ ਗਈ ਹੈ, ਮਨੁਖਤਾ ਦੇ ਮੱਥੇ ਤੋਂ ਚਮਾਰ ਦਾ ਕਲੰਕ ਹਟਾਉਣ ਵਾਸਤੇ ਨਹੀਂ ਹਨ। ਡੇਰਿਆਂ ਦੇ ਪੈਰੋਕਾਰ ਬਾਜ਼ੀਗਰ, ਸਿੰਧੀ, ਬਹਾਵਲਪੁਰੀ, ਮਜ਼੍ਹਬੀ, ਚਮਾਰ-ਇਹ ਸਾਰੇ ਕੌਣ ਹਨ? ਇਹ ਉਹ ਸਿੱਖ ਸਨ, ਜਿਨ੍ਹਾਂ ਨੂੰ ਗੁਰਦੁਆਰਿਆਂ ਵਿਚ ਬਣਦਾ ਸਨਮਾਨ ਨਹੀਂ ਮਿਲਿਆ। ਹੁਣ ਹੋਰ ਪਾਸੇ ਤੁਰ ਗਏ ਹਨ ਤਾਂ ਅਸੀਂ ਔਖੇ ਹਾਂ। ਸ਼੍ਰੋਮਣੀ ਕਮੇਟੀ ਅਧੀਨ ਗੁਰਦੁਆਰਿਆਂ ਦੀ ਹਜ਼ਾਰਾਂ ਏਕੜ ਜਮੀਨ ਹੈ। ਕਦੇ ਕਿਸੇ ਸੋਚਿਆ ਹੈ ਕਿ ਇਹ ਜਮੀਨ ਚਾਰ-ਚਾਰ, ਪੰਜ-ਪੰਜ ਏਕੜ ਕਰ ਕੇ ਉਸ ਇਲਾਕੇ ਦੇ ਕੇਵਲ ਗਰੀਬ ਸਿੱਖਾਂ ਨੂੰ ਘੱਟੋ-ਘੱਟ ਠੇਕੇ ਉਤੇ ਦਿੱਤੀ ਜਾਵੇ। ਇਹ ਕਿਵੇਂ ਹੋ ਸਕਦਾ ਹੈ? ਇਸ ਉਤੇ ਤਾਂ ਜਗੀਰਦਾਰ ਨੇਤਾਵਾਂ ਦਾ ਹੱਕ ਹੈ। ਉਨ੍ਹਾਂ ਦਾ ਹੀ, ਜੋ ਹੁਣ ਘਰ ਵਾਪਸੀ ਦੇ ਬਿਆਨ ਦੇ ਰਹੇ ਹਨ।
ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਵਸਾਇਆ ਤਾਂ ਆਸ-ਪਾਸ ਗਰੀਬ ਕਿਰਤੀਆਂ ਲਈ ਬਾਜ਼ਾਰ ਸਥਾਪਤ ਕਰ ਦਿੱਤੇ। ਉਨ੍ਹਾਂ ਦੀ ਨਕਲ ਕਰ ਕੇ ਹੁਣ ਡੇਰੇਦਾਰ ਇਹ ਕੰਮ ਕਰ ਲੈਂਦੇ ਹਨ, ਪਰ ਅਸੀਂ ਤਾਂ ਨਹੀਂ ਕਰਦੇ। ਕਿਸੇ ਗੁਰਦੁਆਰੇ ਵਿਚ ਕੋਈ ਮਾਰਕੀਟ ਬਣਾ ਕੇ ਕਦੇ ਗਰੀਬਾਂ ਦੇ ਕਾਰੋਬਾਰ ਸਥਾਪਤ ਕਰਨ ਦਾ ਕੋਈ ਯਤਨ ਹੋਇਆ ਹੈ ਜਾਂ ਅਸੀਂ ਅੱਗੇ ਕਿਸੇ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਅਸੀਂ ਘਰ ਪਰਤੇ ਲੋੜਵੰਦਾਂ ਦੇ ਦੁਖ ਦੂਰ ਕਰਨ ਲਈ ਅਜਿਹੇ ਯਤਨ ਕਰਾਂਗੇ?
ਸਿੱਖ ਪੰਥ ਵੱਲ ਲੋਕਾਂ ਨੂੰ ਰੁਚਿਤ ਕਰਨ ਲਈ ਮੁਖ ਰੂਪ ਵਿਚ ਗੁਰਦੁਆਰਾ ਪ੍ਰਬੰਧਕਾਂ ਨੂੰ ਆਪਣੀ ਸੋਚ ਬਦਲਣੀ ਪਵੇਗੀ। ਗਲੀ-ਗਲੀ ਗੁਰਦੁਆਰੇ ਬਣਾਉਣ ਅਤੇ ਸਾਰਾ ਪੈਸਾ ਸੰਗਮਰਮਰ ਦੇ ਨਾਂ ਉਤੇ ਰਾਜਸਥਾਨ ਦੇ ਵਪਾਰੀਆਂ ਨੂੰ ਦੇਣ ਦੀ ਰੀਤ ਰੋਕਣੀ ਪਵੇਗੀ। ਵਾਧੂ ਗੁਰਦੁਆਰਿਆਂ ਦੀ ਪੜਤਾਲ ਕਰਵਾ ਕੇ ਉਸ ਸਥਾਨ ਦੀ ਵਰਤੋਂ ਹੋਰ ਸਮਾਜਿਕ ਕਾਰਜਾਂ ਵਾਸਤੇ ਕਰਨੀ ਪਵੇਗੀ। ਜਿਵੇਂ ਗੁਰੂ ਗ੍ਰੰਥ ਸਾਹਿਬ ਦੀ ਪ੍ਰਾਈਵੇਟ ਛਪਾਈ ਬੰਦ ਹੋਈ ਹੈ, ਉਵੇਂ ਕਿਸੇ ਨਵੇਂ ਗੁਰਦੁਆਰੇ ਦੀ ਸਥਾਪਨਾ ਅਕਾਲ ਤਖਤ ਦੀ ਪ੍ਰਵਾਨਗੀ ਬਿਨਾ ਕਦੇ ਨਾ ਹੋਵੇ। ਇਮਾਰਤਾਂ ‘ਤੇ ਹੋਣ ਵਾਲੇ ਖਰਚ ਉਤੇ ਵੀ ਕਾਬੂ ਪਾਉਣਾ ਪਵੇਗਾ। ਇਤਨੇ ਵੱਡੇ ਵੱਡੇ ਆਲੀਸ਼ਾਨ ਹਾਲ ਹਨ, ਬੰਦੇ ਵਿਚ ਚਾਰ ਵੀ ਨਹੀਂ ਹੁੰਦੇ। ਇੰਜ ਹੀ ਹਰ ਕਿਸੇ ਨੂੰ ਸੰਸਥਾ ਬਣਾ ਕੇ ਪੈਸੇ ਉਗਰਾਹੁਣ ਤੋਂ ਰੋਕਣਾ ਪਵੇਗਾ। ਹਰ ਗੁਰਦੁਆਰੇ ਵਿਚ ਸਹਿਜਧਾਰੀ, ਦਲਿਤ, ਪਛੜੀ ਸ਼੍ਰੇਣੀ ਦੇ ਸਿੱਖਾਂ ਨੂੰ ਪ੍ਰਬੰਧ ਵਿਚ ਲਾਜ਼ਮੀ ਸ਼ਾਮਿਲ ਕਰਨ ਦਾ ਅਸੂਲ ਬਣਾਉਣਾ ਪਵੇਗਾ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਸਿੰਧੀ, ਵਣਜਾਰੇ, ਸਿਕਲੀਗਰ ਅਤੇ ਹੋਰ ਪਛੜੀਆਂ ਸ਼੍ਰੇਣੀਆਂ ਦੇ ਸਿੱਖਾਂ ਨੂੰ ਨਾਮਜ਼ਦ ਕਰਨ ਦੀ ਵਿਵਸਥਾ ਕਰਨੀ ਪਵੇਗੀ। ਜ਼ਿਲਿਆਂ ਦੇ ਧਰਮ-ਪ੍ਰਚਾਰ ਮੁਖੀਆਂ ਦੀ ਥਾਂ ਲੋਕ-ਭਲਾਈ ਵਾਸਤੇ ਸੁਪਰਵਾਈਜ਼ਰ ਲਾਉਣੇ ਪੈਣਗੇ। ਪ੍ਰਚਾਰਕਾਂ ਦੀ ਮਦਦ ਨਾਲ ਸੰਪੰਨ ਸਿੱਖਾਂ ਨੂੰ ਪ੍ਰੇਰਨਾ ਦੇ ਕੇ ਆਪਣੇ ਇਲਾਕੇ ਵਿਚ ਗਰੀਬ ਬੱਚਿਆਂ ਦੀ ਪੜ੍ਹਾਈ ਅਤੇ ਹੋਰ ਭਲਾਈ ਦੇ ਕਾਰਜਾਂ ਲਈ ਵਿਵਸਥਾ ਕਰਨ ਦੇ ਪਾਬੰਦ ਹੋਣੇ ਚਾਹੀਦੇ ਹਨ। ਪ੍ਰਚਾਰਕਾਂ ਦੀ ਵਧੀਆ ਕਾਰਗੁਜ਼ਾਰੀ ਦਾ ਆਧਾਰ ਭਾਸ਼ਣਬਾਜ਼ੀ ਦੀ ਥਾਂ ਲੋਕ-ਕਲਿਆਣ ਵਿਚ ਪਾਇਆ ਯੋਗਦਾਨ ਹੋਣਾ ਚਾਹੀਦਾ ਹੈ।
ਸ਼੍ਰੋਮਣੀ ਕਮੇਟੀ ਨੂੰ ਲੋਕ-ਭਲਾਈ ਦੇ ਕਾਰਜਾਂ ਵਾਸਤੇ ਇਕ ਵੱਖਰਾ ਫੰਡ ਕਾਇਮ ਕਰਨਾ ਚਾਹੀਦਾ ਹੈ, ਜਿਸ ਵਿਚ ਵਿਸ਼ਵ ਦੇ ਸਿੱਖਾਂ ਨੂੰ ਆਪਣਾ ਯੋਗਦਾਨ ਪਾਉਣ ਦੀ ਅਪੀਲ ਕਰਨੀ ਚਾਹੀਦੀ ਹੈ। ਇਸ ਫੰਡ ਦੇ ਸਮੁੱਚੇ ਪ੍ਰਬੰਧ ਲਈ ਵਿਸ਼ਵ ਦੇ ਸਿੱਖਾਂ ਦੀ ਇਕ ਨੁਮਾਇੰਦਾ ਕਮੇਟੀ ਬਣਾਉਣੀ ਚਾਹੀਦੀ ਹੈ ਅਤੇ ਇਸ ਦੀ ਵਰਤੋਂ ਕੇਵਲ ਗਰੀਬ ਬੱਚਿਆਂ ਦੀ ਪੜ੍ਹਾਈ, ਗਰੀਬ ਬੱਚੀਆਂ ਦੇ ਵਿਆਹ ਅਤੇ ਗਰੀਬਾਂ ਨੂੰ ਮੈਡੀਕਲ ਮਦਦ ਦੇਣ ਵਾਸਤੇ ਕਰਨੀ ਚਾਹੀਦੀ ਹੈ, ਕਿਸੇ ਪ੍ਰਕਾਰ ਦੀ ਕੋਈ ਤਨਖਾਹ ਵਗੈਰਾ ਇਸ ਵਿਚੋਂ ਨਹੀਂ ਦਿੱਤੀ ਜਾਣੀ ਚਾਹੀਦੀ।
ਇਹ ਜ਼ਿਕਰ ਵੀ ਕਰ ਦੇਵਾਂ ਕਿ ਸਿਰਸੇ ਦੀਆਂ ਘਟਨਾਵਾਂ ਪਿਛੋਂ ਕੇਵਲ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦਾ ਹੀ ਸਾਰਥਕ ਬਿਆਨ ਆਇਆ ਹੈ। ਉਨ੍ਹਾਂ ਸ਼੍ਰੋਮਣੀ ਕਮੇਟੀ ਨੂੰ ਆਪਣੇ ਕਾਰਖਾਨੇ ਲਾ ਕੇ ਗਰੀਬ ਸਿੱਖਾਂ ਨੂੰ ਨੌਕਰੀ ਦੇਣ ਦਾ ਪ੍ਰਬੰਧ ਕਰਨ ਦੀ ਪ੍ਰੇਰਨਾ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਗੁਰਦੁਆਰਿਆਂ ਵਿਚ ਘਿਓ ਦੀ ਇਤਨੀ ਖਪਤ ਹੈ ਕਿ ਇਕ ਮਿਲਕ ਪਲਾਂਟ ਇਹ ਲੋੜ ਪੂਰੀ ਨਹੀਂ ਕਰ ਸਕਦਾ ਅਤੇ ਇਕ ਕੱਪੜਾ ਮਿਲ ਸਿਰੋਪਿਆਂ ਦੇ ਕੱਪੜੇ ਦੀ ਜ਼ਰੂਰਤ ਪੂਰੀ ਨਹੀਂ ਕਰ ਸਕਦੀ। ਇਹ ਬਿਲਕੁਲ ਠੀਕ ਹੈ। ਸ਼੍ਰੋਮਣੀ ਕਮੇਟੀ ਨੂੰ ਹੋਰ ਧਨੀ ਸਿੱਖਾਂ ਦੀ ਸਹਾਇਤਾ ਨਾਲ ਇਸ ਪਾਸੇ ਯਤਨ ਕਰਨਾ ਚਾਹੀਦਾ ਹੈ, ਪਰ ਸਮੱਸਿਆ ਫਿਰ ਇਹੋ ਆਉਣੀ ਹੈ ਕਿ ਪ੍ਰਬੰਧਕ ਇਨ੍ਹਾਂ ਕਾਰਖਾਨਿਆਂ ਵਿਚ ਗਰੀਬਾਂ ਨੂੰ ਨੌਕਰੀਆਂ ਦੇਣਗੇ ਜਾਂ ਸਿਰਫ ਆਪਣੇ ਸਿਫਾਰਸ਼ੀ ਲੋਕਾਂ ਨੂੰ?