ਹਿੰਦੂਤਵੀ ਮਾਹੌਲ ਦੀ ਹਿੰਸਾ

ਦਲੇਰ ਕੰਨੜ ਪੱਤਰਕਾਰ ਗੌਰੀ ਲੰਕੇਸ਼ ਦੀ ਹੱਤਿਆ ਨਾਲ ਸਮੁੱਚਾ ਮੁਲਕ ਇਕ ਵਾਰ ਫਿਰ ਝੰਜੋੜਿਆ ਗਿਆ ਹੈ। ਸਭ ਧਿਰਾਂ ਵੱਲੋਂ ਇਸ ਕਤਲ ਨੂੰ ਤਰਕਸ਼ੀਲ ਅਤੇ ਪ੍ਰਗਤੀਸ਼ੀਲ ਆਗੂਆਂ ਨਰਿੰਦਰ ਦਾਭੋਲਕਰ, ਗੋਵਿੰਦ ਪਨਸਾਰੇ ਅਤੇ ਐਮæਐਮæ ਕਲਬੁਰਗੀ ਦੀਆਂ ਹੱਤਿਆਵਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਕਈ ਸਾਲ ਲੰਘ ਜਾਣ ਦੇ ਬਾਵਜੂਦ ਇਨ੍ਹਾਂ ਸ਼ਖਸਾਂ ਦੇ ਕਾਤਲਾਂ ਨੂੰ ਅਜੇ ਤੱਕ ਲੱਭਿਆ ਨਹੀਂ ਜਾ ਸਕਿਆ ਹੈ। ਉਂਜ ਸਭ ਨੂੰ ਇਹ ਖਬਰ ਹੈ ਕਿ ਇਹ ਸਾਰੇ ਕਤਲ ਹਿੰਦੂ ਕੱਟੜਪੰਥੀਆਂ ਨੇ ਹੀ ਕੀਤੇ ਜਾਂ ਕਰਵਾਏ ਹਨ,

ਪਰ ਕੇਂਦਰੀ ਸੱਤਾ ਕਿਉਂਕਿ ਆਰæਐਸ਼ਐਸ਼ ਅਤੇ ਭਾਰਤੀ ਜਨਤਾ ਪਾਰਟੀ ਦੇ ਹੱਥਾਂ ਵਿਚ ਹੈ, ਇਸ ਲਈ ਜਾਂਚ ਕਰ ਰਹੀਆਂ ਏਜੰਸੀਆਂ ਹੱਥ ਉਤੇ ਹੱਥ ਧਰੀ ਬੈਠੀਆਂ ਹਨ। ਇਸੇ ਤਰ੍ਹਾਂ ਦੀ ਇਕ ਮਿਸਾਲ ਹਾਲ ਹੀ ਵਿਚ ਹਰਿਆਣਾ ਵਿਚ ਹੋਏ ਡੇਰਾ ਮੁਖੀ ਕਾਂਡ ਦੀ ਵੀ ਸਾਹਮਣੇ ਆਈ ਹੈ। ਹਰਿਆਣਾ ਵਿਚ ਵੀ ਇਸ ਵੇਲੇ ਭਾਰਤੀ ਜਨਤਾ ਪਾਰਟੀ ਦੀ ਹੀ ਸਰਕਾਰ ਹੈ। ਇਸ ਸਰਕਾਰ ਨੇ ਡੇਰੇ ਪ੍ਰਤੀ ਬਹੁਤ ਨਰਮੀ ਅਪਨਾਈ ਰੱਖੀ। ਪਹਿਲਾਂ ਤਾਂ ਡੇਰਾ ਮੁਖੀ ਨੂੰ ਸਜ਼ਾ ਸੁਣਾਉਣ ਮੌਕੇ ਪੰਚਕੂਲਾ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਡੇਰੇ ਦੇ ਸ਼ਰਧਾਲੂ ਇਕੱਠੇ ਹੋ ਲੈਣ ਦਿੱਤੇ ਗਏ। ਅਸਲ ਵਿਚ ਹਰਿਆਣਾ ਸਰਕਾਰ ਅਤੇ ਡੇਰੇ ਦੇ ਪ੍ਰਬੰਧਕਾਂ ਦੀ ਇਹੀ ਵਿਉਂਤਬੰਦੀ ਸੀ ਕਿ ਅਦਾਲਤ ਉਤੇ ਦਬਾਅ ਬਣਾ ਕੇ ਸਜ਼ਾ ਦਾ ਫੈਸਲਾ ਅਗਾਂਹ ਟਾਲਿਆ ਜਾ ਸਕਦਾ ਹੈ, ਪਰ ਜੱਜ ਦੀ ਸਖਤੀ ਕਾਰਨ ਅਜਿਹਾ ਸੰਭਵ ਨਹੀਂ ਹੋ ਸਕਿਆ ਅਤੇ ਇਸ ਮੌਕੇ ਭੜਕੀ ਹਿੰਸਾ ਵਿਚ 38 ਜਾਨਾਂ ਚਲੀਆਂ ਗਈਆਂ। ਇਸ ਤੋਂ ਬਾਅਦ ਡੇਰੇ ਦੀ ਤਲਾਸ਼ੀ ਲਈ ਵੀ ਸਰਕਾਰ ਨੇ ਕੁਝ ਨਹੀਂ ਕੀਤਾ। ਅਦਾਲਤ ਦੇ ਹੁਕਮਾਂ ਤੋਂ ਬਾਅਦ ਹੀ ਡੇਰੇ ਦੀ ਤਲਾਸ਼ੀ ਦਾ ਕੰਮ ਸ਼ੁਰੂ ਕੀਤਾ ਗਿਆ। ਸਿੱਟੇ ਵਜੋਂ ਇੰਨੇ ਸਮੇਂ ਦੇ ਵਕਫੇ ਦੌਰਾਨ ਡੇਰੇ ਦੇ ਪ੍ਰਬੰਧਕ ਇਤਰਾਜ਼ਯੋਗ ਸਮੱਗਰੀ ਇਧਰ-ਉਧਰ ਕਰਨ ਵਿਚ ਕਾਮਯਾਬ ਹੋ ਗਏ। ਇਸ ਦੌਰਾਨ ਡੇਰਾ ਮੁਖੀ ਦੀ ਕਥਿਤ ਗੁਫਾ ਅਤੇ ਸਾਧਵੀਆਂ ਦੀ ਰਿਹਾਇਸ਼ ਤੱਕ ਬਣਾਏ ਗੁਪਤ ਰਸਤੇ ਵਿਚ ਕੰਧ ਵੀ ਕੱਢ ਦਿੱਤੀ ਗਈ ਸੀ। ਫਿਰ ਵੀ ਤਲਾਸ਼ੀ ਦੌਰਾਨ ਬਹੁਤ ਕੁਝ ਅਜਿਹਾ ਮਿਲਿਆ ਹੈ ਜਿਸ ਨਾਲ ਡੇਰੇ ‘ਤੇ ਸਿਕੰਜ਼ਾ ਕੱਸਿਆ ਜਾ ਸਕਦਾ ਹੈ, ਪਰ ਸਰਕਾਰ ਦੀ ਇਹ ਨੀਅਤ ਨਹੀਂ ਹੈ। ਇਹੀ ਹਾਲ ਨਰਿੰਦਰ ਦਾਭੋਲਕਰ, ਗੋਵਿੰਦ ਪਨਸਾਰੇ ਅਤੇ ਐਮæਐਮæ ਕਲਬੁਰਗੀ ਦੀਆਂ ਹੱਤਿਆਵਾਂ ਵਾਲੇ ਕੇਸਾਂ ਦਾ ਹੈ। ਇਨ੍ਹਾਂ ਕੇਸਾਂ ਵਿਚ ਉਸ ਤਰ੍ਹਾਂ ਪੈਰਵੀ ਨਹੀਂ ਕੀਤੀ ਜਾ ਰਹੀ ਜਿਸ ਤਰ੍ਹਾਂ ਕੀਤੀ ਜਾਣੀ ਚਾਹੀਦੀ ਸੀ। ਦਾਭੋਲਕਰ ਵਾਲੇ ਮਾਮਲੇ ਵਿਚ ਤਾਂ ਜਾਂਚ ਹਾਈਕੋਰਟ ਦੇ ਦਖਲ ਤੋਂ ਬਾਅਦ ਸ਼ੁਰੂ ਕੀਤੀ ਗਈ ਸੀ। ਹੁਣ ਗੌਰੀ ਲੰਕੇਸ਼ ਦਾ ਕੇਸ ਵੀ ਇਸ ਲੜੀ ਵਿਚ ਜੁੜ ਗਿਆ ਹੈ। ਇਹ ਸੰਭਵ ਹੈ ਕਿ ਗੌਰੀ ਲੰਕੇਸ਼ ਦੇ ਕਾਤਲਾਂ ਦਾ ਕਦੀ ਵੀ ਪਤਾ ਨਾ ਲੱਗੇ, ਪਰ ਇਥੇ ਮੁਖ ਮਸਲਾ ਕਾਤਲਾਂ ਦੀ ਸ਼ਨਾਖਤ ਦਾ ਨਹੀਂ ਹੈ। ਅਸਲ ਵਿਚ ਜਦੋਂ ਤੋਂ ਕੇਂਦਰ ਵਿਚ ਨਰਿੰਦਰ ਮੋਦੀ ਸਰਕਾਰ ਬਣੀ ਹੈ, ਮਾਹੌਲ ਹੀ ਕੁਝ ਇਸ ਤਰ੍ਹਾਂ ਦਾ ਬਣਾਇਆ ਜਾ ਰਿਹਾ ਹੈ ਕਿ ਅਜਿਹੀਆਂ ਵਾਰਦਾਤਾਂ ਲਈ ਆਮ ਕਾਰਕੁਨਾਂ ਨੂੰ ਉਕਸਾਇਆ ਜਾ ਰਿਹਾ ਹੈ। ਪੁਣੇ ਵਿਚ ਮੁਸਲਮਾਨ ਨੌਜਵਾਨ ਦੀ ਹੱਤਿਆ ਤਾਂ ਨਰਿੰਦਰ ਮੋਦੀ ਦੀ ਤਾਜਪੋਸ਼ੀ ਤੋਂ ਡੇਢ ਹਫਤੇ ਬਾਅਦ ਹੀ ਹੋ ਗਈ ਸੀ। ਉਸ ਨੂੰ ਹਿੰਦੂ ਕੱਟੜਵਾਦੀਆਂ ਨੇ ਕੁੱਟ ਕੁੱਟ ਕੇ ਮਾਰ ਦਿੱਤਾ ਸੀ। ਪ੍ਰਧਾਨ ਮੰਤਰੀ ਮੋਦੀ ਵਲੋਂ ਉਸ ਵੇਲੇ ਧਾਰੀ ਖਾਮੋਸ਼ੀ ਅੱਜ ਤੱਕ ਜਾਰੀ ਹੈ। ਇਸ ਦੌਰਾਨ ਮੁਲਕ ਦੇ ਵੱਖ-ਵੱਖ ਹਿੱਸਿਆਂ ਵਿਚ ਮੁਸਲਮਾਨਾਂ, ਈਸਾਈਆਂ ਅਤੇ ਦਲਿਤਾਂ ਨਾਲ ਵਾਰ-ਵਾਰ ਵਧੀਕੀਆਂ ਹੋਈਆਂ। ਇਹ ਸਾਰੇ ਮਾਮਲੇ ਗਾਹੇ-ਬਗਾਹੇ ਮੀਡੀਆ ਵਿਚ ਸੁਰਖੀਆਂ ਬਣੇ, ਪਰ ਆਖਰਕਾਰ ਗੱਲ ਸਿਫਰ ਉਤੇ ਆਣ ਕੇ ਟਿਕ ਜਾਂਦੀ ਰਹੀ।
ਇਹੀ ਨੁਕਤਾ ਹੈ ਜਿਸ ‘ਤੇ ਵਾਰ-ਵਾਰ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ। ਆਰæਐਸ਼ਐਸ਼ ਅਤੇ ਹੋਰ ਕੱਟੜਪੰਥੀ ਜਥੇਬੰਦੀਆਂ ਦੀ ਅਗਵਾਈ ਹੇਠ ਜਿਸ ਤਰ੍ਹਾਂ ਚੁਣ-ਚੁਣ ਕੇ ਘੱਟ ਗਿਣਤੀਆਂ ਅਤੇ ਦਲਿਤਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਮਸਲਾ ਇਨ੍ਹਾਂ ਵਧੀਕੀਆਂ ਖਿਲਾਫ ਆਵਾਜ਼ ਬੁਲੰਦ ਕਰਨ ਦਾ ਹੈ। ਦਰਅਸਲ, ਸੱਤਾ ਉਤੇ ਕਾਬਜ਼ ਹੋਣ ਕਰ ਕੇ ਇਹ ਜਥੇਬੰਦੀਆਂ ਫਿਲਹਾਲ ਕਿਸੇ ਦੀ ਪੇਸ਼ ਨਹੀਂ ਦੇਣ ਜਾ ਰਹੀਆਂ। ਹੋਰ ਤਾਂ ਹੋਰ, ਪੱਤਰਕਾਰਾਂ ਨੂੰ ਕੰਮ ਕਰਨਾ ਔਖਾ ਹੋਇਆ ਪਿਆ ਹੈ। ਫਰਜ਼ੀ ਖਬਰਾਂ ਦੇ ਸਹਾਰੇ ਇੰਨਾ ਝੂਠਾ ਪ੍ਰਚਾਰ ਵਿੱਢਿਆ ਗਿਆ ਹੈ ਕਿ ਮਾਹੌਲ ਵਿਚ ਲਗਾਤਾਰ ਕੁੜਿੱਤਣ ਅਤੇ ਨਫਰਤ ਫੈਲ ਰਹੀ ਹੈ। ਗੌਰੀ ਲੰਕੇਸ਼ ਵੀ ਇਸੇ ਜ਼ਹਿਰੀਲੇ ਪ੍ਰਚਾਰ ਦੀ ਸ਼ਿਕਾਰ ਹੋਈ ਹੈ। ਉਸ ਨੇ ਆਪਣੀ 15 ਰੋਜ਼ਾ ਅਖਬਾਰ ‘ਗੌਰੀ ਲੰਕੇਸ਼ ਪੱਤ੍ਰਿਕੇ’ ਵਿਚ ਜਿਹੜਾ ਆਖਰੀ ਸੰਪਾਦਕੀ ਲਿਖਿਆ ਸੀ, ਉਹ ਫਰਜ਼ੀ ਖਬਰਾਂ ਬਾਰੇ ਹੀ ਸੀ। ਉਸ ਨੇ ਆਪਣੀ ਇਸ ਲਿਖਤ ਵਿਚ ਤਫਸੀਲ ਨਾਲ ਚਰਚਾ ਕੀਤੀ ਸੀ ਕਿ ਹਿੰਦੂ ਕਟੜਪੰਥੀ ਜਥੇਬੰਦੀਆਂ ਕਿਸ ਤਰ੍ਹਾਂ ਲੋਕਾਂ ਨੂੰ ਗੁੰਮਰਾਹ ਕਰ ਕੇ ਉਕਸਾ ਰਹੀਆਂ ਹਨ। ਬੱਸ ਉਸ ਦਾ ਇਹੀ ਪੈਂਤੜਾ ਹੀ ਇਨ੍ਹਾਂ ਜਥੇਬੰਦੀਆਂ ਨੂੰ ਰਾਸ ਨਹੀਂ ਆਇਆ ਅਤੇ ਉਸ ਨੂੰ ਕਤਲ ਕਰ ਦਿੱਤਾ ਗਿਆ। ਹੁਣ ਐਨæਡੀæਟੀæਵੀæ ਦੇ ਮਸ਼ਹੂਰ ਪੱਤਰਕਾਰ ਰਵੀਸ਼ ਕੁਮਾਰ ਖਿਲਾਫ ਅਜਿਹਾ ਪ੍ਰਚਾਰ ਸ਼ੁਰੂ ਕੀਤਾ ਗਿਆ ਹੈ। ਇਹ ਜਥੇਬੰਦੀਆਂ ਮੀਡੀਆ ਅਤੇ ਸੋਸ਼ਲ ਮੀਡੀਆ ‘ਤੇ ਇਸੇ ਤਰ੍ਹਾਂ ਕਿਸੇ ਖਾਸ ਸ਼ਖਸ, ਸੰਸਥਾ ਜਾਂ ਜਥੇਬੰਦੀਆਂ ਨੂੰ ਨਿਸ਼ਾਨੇ ਉਤੇ ਰੱਖਦੀਆਂ ਹਨ ਅਤੇ ਉਸ ਖਿਲਾਫ ਲਗਾਤਾਰ ਦੁਰ-ਪ੍ਰਚਾਰ ਕਰਦੀਆਂ ਹਨ। ਸਿੱਟੇ ਵਜੋਂ, ਮਾਹੌਲ ਵਿਚ ਹਿੰਸਾ-ਦਰ-ਹਿੰਸਾ ਭਰਦੀ ਜਾਂਦੀ ਹੈ ਅਤੇ ਇਹ ਜਥੇਬੰਦੀਆਂ ਦੂਰ ਬੈਠੀਆਂ ਤਮਾਸ਼ਾ ਦੇਖਦੀਆਂ ਰਹਿੰਦੀਆਂ ਹਨ। ਇਨ੍ਹਾਂ ਜਥੇਬੰਦੀਆ ਦਾ ਇਹ ਸਟਾਈਲ ਮੋਦੀ ਸਰਕਾਰ ਦੀ ਕਾਇਮੀ ਦੇ ਨਾਲ ਹੀ ਅਰੰਭ ਹੋ ਗਿਆ ਸੀ ਅਤੇ ਬਾਦਸਤੂਰ ਜਾਰੀ ਹੈ। ਉਂਜ ਗੌਰੀ ਲੰਕੇਸ਼ ਦੀ ਹੱਤਿਆ ਤੋਂ ਬਾਅਦ ਜਿਸ ਤਰ੍ਹਾਂ ਮੁਲਕ ਵਿਚ ਰੋਸ ਵਿਖਾਵਿਆਂ ਦੀ ਵੱਡੇ ਪੱਧਰ ‘ਤੇ ਲੜੀ ਚੱਲੀ ਹੈ, ਉਸ ਨੂੰ ਹੋਰ ਅੱਗੇ ਤੱਕ ਲੈ ਕੇ ਜਾਣ ਦੀ ਜ਼ਰੂਰਤ ਹੈ ਤਾਂ ਕਿ ਵੱਧ ਤੋਂ ਵੱਧ ਲੋਕਾਂ ਨੂੰ ਚੇਤਨ ਕਰ ਕੇ ਲਾਮਬੰਦ ਕੀਤਾ ਜਾ ਸਕੇ। ਹਿੰਦੂ ਕੱਟੜਪੰਥੀਆਂ ਵੱਲੋਂ ਚਲਾਈ ਜਾ ਰਹੀ ਨਫਰਤ ਦੀ ਇਸ ਮੁਹਿੰਮ ਨੂੰ ਇਸੇ ਤਰ੍ਹਾਂ ਹੀ ਨੱਥ ਪਾਈ ਜਾ ਸਕਦੀ ਹੈ।