ਇਕ ਹੋਰ ਹਿੰਦੂਤਵੀ ਹਮਲਾ

ਨਵੀਂ ਦਿੱਲੀ: ਮਹਿਲਾ ਪੱਤਰਕਾਰ ਗੌਰੀ ਲੰਕੇਸ਼ ਨੂੰ ਹਿੰਦੂਤਵੀ ਫਾਸ਼ੀਵਾਦ ਦੀਆਂ ਮਨੁੱਖਤਾ ਵਿਰੋਧੀ ਸਾਜ਼ਿਸ਼ਾਂ ਵਿਰੁਧ ਤੇ ਦੱਬੇ ਕੁਚਲੇ ਸਮਾਜਿਕ ਹਿੱਸਿਆਂ ਦੇ ਹੱਕ ਵਿਚ ਧੜੱਲੇ ਨਾਲ ਆਵਾਜ਼ ਉਠਾਉਣ ਦੀ ਕੀਮਤ ਆਪਣੀ ਜਾਨ ਦੇ ਕੇ ਚੁਕਾਉਣੀ ਪਈ।

ਕੰਨੜ ਤੇ ਅੰਗਰੇਜ਼ੀ ਭਾਸ਼ਾਵਾਂ ਦੀ ਇਸ ਉਘੀ ਪੱਤਰਕਾਰ ਨੇ ਆਪਣੀਆਂ ਬੇਬਾਕ ਲੇਖਣੀਆਂ ਰਾਹੀਂ ਬਹੁਤ ਸਾਰੇ ਦੁਸ਼ਮਣ ਬਣਾ ਲਏ ਸਨ। ਇਸੇ ਕਾਰਨ ਉਸ ਨੂੰ ਲੰਮੇ ਸਮੇਂ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਸ ਦੀ ਆਵਾਜ਼ ਨੂੰ ਦਬਾਉਣ ਲਈ ਝੂਠੇ ਕੇਸਾਂ ਵਿਚ ਉਲਝਾਇਆ ਗਿਆ ਪਰ ਉਸ ਨੇ ਧਮਕੀਆਂ ਤੇ ਝੂਠੇ ਕੇਸਾਂ ਦੀ ਪ੍ਰਵਾਹ ਨਾ ਕਰਦੇ ਹੋਏ ਵਿਚਾਰਾਂ ਦੀ ਆਜ਼ਾਦੀ ਦੀ ਰਾਖੀ ਕਰਨ ਦੇ ਨਾਲ-ਨਾਲ ਹਿੰਦੂਤਵੀ ਫਾਸ਼ੀਵਾਦੀ ਤੇ ਹਰ ਤਰ੍ਹਾਂ ਦੀਆਂ ਪਿਛਾਖੜੀ ਤਾਕਤਾਂ ਵਿਰੁੱਧ ਦਲੇਰੀ ਨਾਲ ਮੁਹਿੰਮ ਜਾਰੀ ਰੱਖੀ। ਉਸ ਦਾ ਦੱਬੇ ਕੁਚਲੇ ਲੋਕਾਂ ਦੇ ਮੁੱਦਿਆਂ ਨੂੰ ਉਠਾਉਣ ਵਿਚ ਅਹਿਮ ਯੋਗਦਾਨ ਸੀ ਅਤੇ ਉਹ ਕਰਨਾਟਕਾ ਅਤੇ ਮੁਲਕ ਦੇ ਹੋਰ ਹਿੱਸਿਆਂ ਵਿਚ ਘੱਟ ਗਿਣਤੀਆਂ ਲਈ ਆਵਾਜ਼ ਉਠਾਉਣ ਵਿਚ ਹਮੇਸ਼ਾ ਮੂਹਰਲੀਆਂ ਸਫਾਂ ਵਿਚ ਰਹਿੰਦੀ ਸੀ।
ਗੌਰੀ ਲੰਕੇਸ਼ ਕੰਨੜ ਭਾਸ਼ਾ ਦੇ ਮਹਾਨ ਲੇਖਕ ਪੀæ ਲੰਕੇਸ਼ ਦੀ ਧੀ ਸੀ। ਲੰਕੇਸ਼ ਸੁਚੱਜੇ ਨਾਟਕਕਾਰ ਅਤੇ ਬੇਖੌਫ਼ ਪੱਤਰਕਾਰ ਸਨ। ਸਾਲ 2000 ਵਿਚ ਉਨ੍ਹਾਂ ਦੇ ਚਲਾਣੇ ਮਗਰੋਂ ਗੌਰੀ ਨੇ ਦਿੱਲੀ ਵਿਚ ਇਕ ਅੰਗਰੇਜ਼ੀ ਅਖਬਾਰ ਦੀ ਨੌਕਰੀ ਛੱਡ ਕੇ ਬੰਗਲੌਰ ਵਿਚ ਪਿਤਾ ਵੱਲੋਂ 20 ਵਰ੍ਹਿਆਂ ਤੋਂ ਪ੍ਰਕਾਸ਼ਿਤ ਕੀਤੇ ਜਾ ਰਹੇ ਹਫਤਾਵਾਰੀ ਅਖਬਾਰ ‘ਲੰਕੇਸ਼ ਪਤ੍ਰਿਕੇ’ ਦੀ ਸੰਪਾਦਕੀ ਜ਼ਿੰਮੇਵਾਰੀ ਸੰਭਾਲੀ।
‘ਲੰਕੇਸ਼ ਪਤ੍ਰਿਕੇ’ ਆਪਣੀ ਬੇਖੌਫ਼ ਲੇਖਣੀ ਲਈ ਜਾਣਿਆ ਜਾਂਦਾ ਹੈ। ਇਸੇ ਕਾਰਨ ਗੌਰੀ ਲੰਕੇਸ਼ ਖਿਲਾਫ਼ ਕਰਨਾਟਕ ਦੀਆਂ ਕਈ ਅਦਾਲਤਾਂ ਵਿਚ ਮਾਣਹਾਨੀ ਦੇ ਮੁਕੱਦਮੇ ਚੱਲ ਰਹੇ ਸਨ ਅਤੇ ਦੋ ਵਿਚ ਉਸ ਨੂੰ ਦੋਸ਼ੀ ਵੀ ਠਹਿਰਾਇਆ ਜਾ ਚੁੱਕਾ ਸੀ। ਯਾਦ ਰਹੇ ਕਿ 55 ਸਾਲਾ ਗੌਰੀ ਲੰਕੇਸ਼ ਜਦੋਂ ਘਰ ਪਰਤਣ ਮਗਰੋਂ ਕਾਰ ਵਿਚੋਂ ਉਤਰ ਕੇ ਗੇਟ ਖੋਲ੍ਹ ਰਹੀ ਸੀ ਤਾਂ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਉਨ੍ਹਾਂ ਉਤੇ ਗੋਲੀਆਂ ਦੀ ਵਾਛੜ ਕਰ ਦਿੱਤੀ।
_________________________________
ਸੰਘ ਪਰਿਵਾਰ ਵੱਲ ਉਠੀ ਉਂਗਲ
ਗੌਰੀ ਲੰਕੇਸ਼ ਦੀ ਹੱਤਿਆ ਉਤੇ ਸਿਆਸਤ ਵੀ ਜ਼ੋਰ ਫੜ ਚੁੱਕੀ ਹੈ। ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਸਮੇਤ ਭਾਜਪਾ ਦੇ ਰਾਜਸੀ ਵਿਰੋਧੀਆਂ ਨੇ ਸ਼ੱਕ ਦੀ ਉਂਗਲੀ ਸੰਘ ਪਰਿਵਾਰ ਨਾਲ ਜੁੜੇ ਸੰਗਠਨਾਂ ਵੱਲ ਉਠਾਈ ਹੈ। ਦੂਜੇ ਪਾਸੇ ਪ੍ਰਧਾਨ ਮੰਤਰੀ, ਉਨ੍ਹਾਂ ਦੇ ਕਈ ਸਾਥੀ ਮੰਤਰੀਆਂ ਅਤੇ ਆਰæਐਸ਼ਐਸ਼ ਦੇ ਮੁਖੀ ਮੋਹਨ ਭਾਗਵਤ ਨੇ ਹੱਤਿਆ ਲਈ ਕਰਨਾਟਕ ਦੇ ਮੁੱਖ ਮੰਤਰੀ ਪੀæ ਸਿੱਧਾਰਮਈਆ ਪਾਸੋਂ ਜਵਾਬ ਮੰਗਿਆ ਹੈ। ਕਰਨਾਟਕ ਦੇ ਭਾਜਪਾ ਵਿਧਾਇਕ ਤੇ ਸਾਬਕਾ ਮੰਤਰੀ ਡੀæਐਨæ ਜੀਵਰਾਜ ਨੇ ਗੌਰੀ ਲੰਕੇਸ਼ ਦੀ ਹੱਤਿਆ ‘ਤੇ ਵਿਵਾਦਮਈ ਬਿਆਨ ਦਿੱਤਾ। ਉਨ੍ਹਾਂ ਨੇ ਕਰਨਾਟਕ ਦੇ ਚਿਕਮੰਗਲੁਰੂ ਵਿਚ ਪਾਰਟੀ ਕਾਰਕੁਨਾਂ ਦੀ ਮੀਟਿੰਗ ਕਹਿ ਦਿੱਤਾ ਕਿ ਲੰਕੇਸ਼ ਜੇਕਰ ਆਰæਐਸ਼ਐਸ਼ ਖਿਲਾਫ਼ ਨਾ ਲਿਖਦੀ ਤਾਂ ਅੱਜ ਉਹ ਜ਼ਿੰਦਾ ਹੁੰਦੀ। ਇਸ ਦਾ ਅਰਥ ਹੈ ਕਿ ਭਾਜਪਾ ਲੀਡਰ ਮੰਨ ਰਹੇ ਹਨ ਕਿ ਗੌਰੀ ਲੰਕੇਸ਼ ਦੀ ਹੱਤਿਆ ਪਿੱਛੇ ਆਰæਐਸ਼ਐਸ਼ ਦਾ ਹੱਥ ਹੈ। ਅਖਬਾਰ ‘ਦ ਹਿੰਦੂ’ ਮੁਤਾਬਕ ਜੀਵ ਰਾਜ ਨੇ ਮੀਟਿੰਗ ਵਿਚ ਕਿਹਾ ਕਿ ਜਦੋਂ ਤੋਂ ਕਾਂਗਰਸ ਸਰਕਾਰ ਸੱਤਾ ਵਿਚ ਆਈ ਹੈ, ਉਦੋਂ ਤੋਂ 11 ਭਾਜਪਾ ਆਗੂਆਂ ਤੇ ਹਿੰਦੂ ਸੰਗਠਨਾਂ ਦੇ ਮੁਖੀਆਂ ਦੀ ਹੱਤਿਆ ਹੋ ਚੁੱਕੀ ਹੈ। ਤੁਹਾਨੂੰ ਨਹੀਂ ਲੱਗਦਾ ਕਿ ਜੇਕਰ ਇਨ੍ਹਾਂ ਹੱਤਿਆਵਾਂ ਲਈ ਗੌਰੀ ਲੰਕੇਸ਼ ਨੇ ਸਿਧਾਰਮਈਆ ਦੀ ਅਲੋਚਨਾ ਕੀਤੀ ਹੁੰਦੀ ਤਾਂ ਅੱਜ ਉਹ ਜ਼ਿੰਦਾ ਹੁੰਦੀ।