ਗੁਰਮੀਤ ਰਾਮ ਰਹੀਮ ਨੇ ਡੇਰੇ ਨੂੰ ਬਣਾਇਆ ਸੀ ਅੱਯਾਸ਼ੀ ਦਾ ਅੱਡਾ

ਸਿਰਸਾ: ਡੇਰਾ ਸਿਰਸਾ ਦੀ ਤਲਾਸ਼ੀ ਮੁਹਿੰਮ ਪੂਰੀ ਹੋ ਗਈ ਹੈ। ਇਸ ਬਾਰੇ ਅਦਾਲਤ ਵੱਲੋਂ ਸੇਵਾ ਮੁਕਤ ਜੱਜ ਏæਕੇæਐਸ਼ ਪਵਾਰ ਦੀ ਅਗਵਾਈ ਵਾਲੇ ਕਮਿਸ਼ਨ ਨੇ ਆਪਣਾ ਕੰਮ ਖਤਮ ਕਰ ਕੇ ਇਕ ਰਿਪੋਰਟ ਤਿਆਰ ਕਰਨੀ ਹੈ। ਇਸ ਤਲਾਸ਼ੀ ਵਿਚ ਡੇਰਾ ਮੁਖੀ ਦੀਆਂ ਰੰਗਰਲੀਆਂ ਬਾਰੇ ਕਈ ਖੁਲਾਸੇ ਹੋਏ। ਜ਼ਬਤ ਹੋਏ ਸਮਾਨ ਤੋਂ ਇਹ ਪਤਾ ਲੱਗਦਾ ਹੈ ਕਿ ਬਾਬਾ ਸ਼ਾਹੀ ਜ਼ਿੰਦਗੀ ਜਿਉਂਦਾ ਰਿਹਾ ਹੈ। ਅਲਮਾਰੀਆਂ ਵਿਚੋਂ 3000 ਜੋੜੇ ਡਿਜ਼ਾਈਨਰ ਕੱਪੜੇ ਮਿਲੇ ਹਨ।

ਜੇਕਰ ਕੋਈ ਹਰ ਰੋਜ਼ ਜੁੱਤੀ ਪਾਵੇ ਤਾਂ ਤਕਰੀਬਨ 4 ਸਾਲ ਬਾਅਦ ਦੂਜੀ ਵਾਰ ਪਾਉਣ ਦਾ ਮੌਕਾ ਮਿਲੇਗਾ। ਅੰਦਾਜ਼ਾ ਹੈ ਕਿ ਬਾਬੇ ਦੇ ਤਨ ਪਾਉਣ ਵਾਲੇ ਕੱਪੜਿਆਂ ਦੀ ਕੀਮਤ 50 ਕਰੋੜ ਤੋਂ ਵੱਧ ਹੈ। ਇਹ ਉਹੀ ਪੈਸਾ ਹੈ ਜੋ ਰਾਮ ਰਹੀਮ ਦੇ ਪ੍ਰੇਮੀ ਉਸ ਨੂੰ ਸਮਾਜ ਸੁਧਾਰਨ ਲਈ ਦਿੰਦੇ ਸਨ। ਉਂਜ ਸਮੇਂ-ਸਮੇਂ ‘ਤੇ ਹਰਿਆਣਾ ਸਰਕਾਰ ਨੇ ਵੀ ਬਾਬੇ ਨੂੰ ਵਿੱਤੀ ਤੋਹਫੇ ਦਿੱਤੇ ਹਨ। ਗੁਫਾ ਵਿਚ ਕਿਸੇ 5 ਤਾਰਾ ਹੋਟਲ ਨਾਲੋਂ ਵੀ ਮਹਿੰਗਾ ਬੈੱਡ ਲੱਗਿਆ ਹੋਇਆ ਹੈ। ਇਥੇ ਐਸ਼ ਆਰਾਮ ਦਾ ਸਾਰਾ ਸਾਮਾਨ ਮੌਜੂਦ ਹੈ। ਡੇਰੇ ਵਿਚੋਂ ਨਗਦੀ, ਕੰਪਿਊਟਰ, ਹਾਰਡ ਡਿਸਕ ਤੋਂ ਇਲਾਵਾ ਬਿਨਾਂ ਮਾਅਰਕੇ ਵਾਲੀਆਂ ਦਵਾਈਆਂ ਵੀ ਮਿਲੀਆਂ ਹਨ। ਇਸ ਤੋਂ ਇਲਾਵਾ ਤਲਾਸ਼ੀ ਮੁਹਿੰਮ ਦੇ ਪਹਿਲੇ ਹੀ ਦਿਨ ਪੁਲਿਸ ਨੇ 5 ਨਾਬਾਲਗਾਂ ਨੂੰ ਗੁਫਾ ਵਿਚੋਂ ਛੁਡਵਾਇਆ ਸੀ।
ਡੇਰਾ ਸਿਰਸਾ ਦੀ ਜਾਂਚ ਟੀਮ ਨੂੰ ਡੇਰਾ ਸਿਰਸਾ ‘ਚ 4 ਆਰੇ ਵੀ ਮਿਲੇ ਹਨ, ਜਿਨ੍ਹਾਂ ਵਿਚੋਂ 2 ਆਰੇ ਬਿਨਾਂ ਲਾਈਸੈਂਸ ਚੱਲ ਰਹੇ ਸਨ। ਇਸ ਤੋਂ ਇਲਾਵਾ ਡੇਰੇ ਵਿਚੋਂ ਅੱਧੀ ਟਰਾਲੀ ਦੇ ਕਰੀਬ ਡਾਂਗਾਂ ਅਤੇ ਡੰਡੇ ਵੀ ਮਿਲੇ ਹਨ। ਜਾਂਚ ਟੀਮ ਨੇ ਗੁਫਾ ਵਿਚੋਂ ਇਕ ਏ-47 ਦੇ ਮੈਗਜ਼ੀਨ ਦਾ ਕਵਰ ਬਰਾਮਦ ਕੀਤਾ ਹੈ। ਇਹ ਦੱਸਿਆ ਜਾ ਰਿਹਾ ਹੈ ਕਿ ਇਹ ਵਿਸਫੋਟਕ ਦੀਵਾਲੀ ‘ਤੇ ਚਲਾਉਣ ਵਾਲੇ ਪਟਾਕਿਆਂ ਵਾਂਗ ਸੀ ਪਰ ਇਹ ਪਟਾਕੇ ਬਿਨਾਂ ਲਾਇਸੈਂਸ ਦੇ ਤਿਆਰ ਕੀਤੇ ਜਾਂਦੇ ਸਨ।
ਗੁਰਮੀਤ ਰਾਮ ਰਹੀਮ ਨੂੰ ਮਹਿੰਗੀਆਂ ਕਾਰਾਂ ਦਾ ਸ਼ੌਕ ਕਾਫੀ ਸਮੇਂ ਤੋਂ ਹੈ। ਜਦੋਂ ਤੋਂ ਉਸ ਨੇ ਗਲੈਮਰ ਦੀ ਦੁਨੀਆਂ ਵਿਚ ਪੈਰ ਧਰਿਆ ਸੀ, ਉਸ ਨੇ ਹਰ ਪਲ ਕੁਝ ਵੱਖਰਾ ਕਰਨ ਬਾਰੇ ਹੀ ਸੋਚਿਆ ਸੀ। ਇਸੇ ਲਈ ਜੇਲ੍ਹ ਜਾਣ ਤੋਂ ਪਹਿਲਾਂ ਉਸ ਨੇ ਆਪਣੀ ਆਖਰੀ ਫਿਲਮ ਦੀ ਪ੍ਰਮੋਸ਼ਨ ਲਈ ਵਿਸ਼ੇਸ਼ ਰੂਪ ਵਿਚ ਤਿਆਰ ਕੀਤੇ ਟਰੈਕਟਰ ਦੀ ਸਵਾਰੀ ਵੀ ਕੀਤੀ। ਫਿਲਮੀ ਦੁਨੀਆਂ ਵਿਚ ਰਾਮ ਰਹੀਮ ਨੇ ਕਾਫੀ ਸਰਗਰਮੀ ਵਧਾਈ ਹੋਈ ਸੀ।
___________________________________
ਸਾਧਵੀਆਂ ਦੇ ਨਿਵਾਸ ਤੱਕ ਜਾਂਦੀ ਸੀ ਬਾਬੇ ਦੀ ਗੁਫਾ
ਸਿਰਸਾ: ਹਰਿਆਣਾ ਦੇ ਸਿਰਸਾ ਵਿਚ ਰਾਮ ਰਹੀਮ ਦੇ ਕੈਂਪ ਤੋਂ ਪੁਲਿਸ ਨੂੰ ਦੋ ਗੁਫਾਵਾਂ ਮਿਲੀਆਂ। ਇਨ੍ਹਾਂ ਗੁਫਾਵਾਂ ਵਿਚ ਬਣੇ ਸੁਰੰਗ ਦੇ ਰਸਤੇ ਰਾਮ ਰਹੀਮ ਦੇ ਕਮਰੇ ਤੇ ਸਾਧਵੀਆਂ ਦੇ ਨਿਵਾਸ ਨਾਲ ਜੁੜੇ ਹੋਏ ਸਨ। ਜਾਂਚ ਟੀਮ ਨੇ ਅਚਾਨਕ ਇਕ ਦਰਵਾਜ਼ਾ ਖੋਲ੍ਹਿਆ ਤੇ ਸਾਹਮਣੇ ਇਕ ਸੁਰੰਗ ਦੇਖੀ। ਇਹ ਸੁਰੰਗ ਬਾਬਾ ਦੇ ਕਮਰੇ ਤੋਂ ਸ਼ੁਰੂ ਹੋ ਕੇ ਸਾਧਵੀਆਂ ਦਾ ਕਮਰਾ ਗੁਫਾ ਦੇ ਆਖ਼ਰੀ ‘ਚ ਲੁਕਾ ਰੱਖਿਆ ਸੀ। ਸਵਾਲ ਇਹ ਹੈ, ਰਾਮ ਰਹੀਮ ਦੇ ਕਮਰੇ ਵਿਚ ਇਹ ਗੁਪਤ ਗੁਫਾ ਕਿਉਂ ਬਣੀ? ਸਾਧਵੀਆਂ ਦੇ ਕਮਰੇ ਵਿਚ ਗੁਫਾ ਕਿਉਂ ਖਤਮ ਹੋਈ? ਕੀ ਸਾਧੀਆਂ ਨੂੰ ਇਸ ਗੁਫਾ ਵਿਚੋਂ ਰਾਮ ਰਹੀਮ ਦੇ ਕਮਰੇ ਵਿਚ ਲਿਆਇਆ ਜਾਂਦਾ ਸੀ।
_________________________________
ਹਿੱਕ ਦੇ ਜ਼ੋਰ ਨਾਲ ਜ਼ਮੀਨ ਖਰੀਦਦਾ ਸੀ ਡੇਰਾ
ਸਿਰਸਾ: ਗੁਰਮੀਤ ਰਾਮ ਰਹੀਮ ਦੇ ਜੇਲ੍ਹ ਜਾਣ ਮਗਰੋਂ ਡੇਰੇ ਦੇ ਨਵੇਂ ਤੋਂ ਨਵੇਂ ਕਾਰਨਾਮਿਆਂ ਦੇ ਖੁਲਾਸੇ ਹੋ ਰਹੇ ਹਨ। ਡੇਰੇ ‘ਤੇ ਦੋਸ਼ ਲੱਗ ਰਹੇ ਹਨ ਕਿ ਉਸ ਨੇ ਪਿੰਡ ਵਾਸੀਆਂ ਨੂੰ ਖੇਤੀ ਵਾਲੀ ਜ਼ਮੀਨ ਕੌਡੀਆਂ ਦੇ ਭਾਅ ਜਬਰੀ ਵੇਚਣ ਲਈ ਮਜਬੂਰ ਕੀਤਾ। ਸਿਰਸਾ ਡੇਰੇ ਦੇ ਦੋ ਪਾਸਿਆਂ ‘ਤੇ ਪੈਂਦੇ ਬੇਗੂ ਅਤੇ ਨੇਜੀਆ ਪਿੰਡਾਂ ਦੇ ਵਸਨੀਕਾਂ ਨੇ ਦੋਸ਼ ਲਾਇਆ ਕਿ ਬਾਜ਼ਾਰੀ ਮੁੱਲ ਤੋਂ ਕਿਤੇ ਘੱਟ ਉਨ੍ਹਾਂ ਤੋਂ ਧੱਕੇ ਨਾਲ ਜ਼ਮੀਨ ਖਰੀਦੀ ਗਈ ਸੀ। ਇਕ ਮੋਟੇ ਅੰਦਾਜ਼ੇ ਮੁਤਾਬਕ ਡੇਰੇ ਕੋਲ ਸਿਰਸਾ ‘ਚ ਕਰੀਬ 975 ਏਕੜ ਜ਼ਮੀਨ ਹੈ ਜੋ ਮਾਲੀਆ ਰਿਕਾਰਡ ਮੁਤਾਬਕ ਬੇਗੂ ਅਤੇ ਨੇਜੀਆ ਪਿੰਡਾਂ ਦੇ ਨਾਂ ਬੋਲਦੀ ਹੈ। ਇਸ ਜ਼ਮੀਨ ਦਾ ਅੰਦਾਜ਼ਨ ਮੁੱਲ 1500 ਕਰੋੜ ਰੁਪਏ ਬਣਦਾ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ 1995 ਤੋਂ 2000 ਦੌਰਾਨ 50 ਤੋਂ ਵਧ ਕਿਸਾਨਾਂ ਨੇ ਆਪਣੀ ਖੇਤੀ ਵਾਲੀ ਜ਼ਮੀਨ ਡੇਰੇ ਵੱਲੋਂ ਅਪਣਾਏ ਹੱਥਕੰਡਿਆਂ ਕਾਰਨ ਉਨ੍ਹਾਂ ਦੇ ਨਾਮ ਕਰ ਦਿੱਤੀ ਸੀ।
___________________________________
ਸਿੱਖ ਵੀ ਬਾਬੇ ਖਿਲਾਫ ਹਾਈ ਕੋਰਟ ਪੁੱਜੇ
ਚੰਡੀਗੜ੍ਹ: ਬਲਾਤਕਾਰੀ ਬਾਬੇ ਗੁਰਮੀਤ ਰਾਮ ਰਹੀਮ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਾਉਣ ਦਾ ਕੇਸ ਹਾਈ ਕੋਰਟ ਪੁੱਜ ਗਿਆ ਹੈ। ਹਾਈ ਕੋਰਟ ਨੇ ਇਸ ਕੇਸ ਦੀ ਸੁਣਵਾਈ ਵੀ ਸ਼ੁਰੂ ਕਰ ਦਿੱਤੀ ਹੈ। ਇਸ ਕੇਸ ਨੂੰ ਸਭ ਤੋਂ ਪਹਿਲਾਂ ਉਠਾਉਣ ਵਾਲੇ ਰਜਿੰਦਰ ਸਿੰਘ ਸਿੱਧੂ ਨੇ ਹੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਦੱਸਣਯੋਗ ਹੈ 2007 ‘ਚ ਬਲਾਤਕਾਰੀ ਬਾਬੇ ਗੁਰਮੀਤ ਰਾਮ ਰਹੀਮ ਨੇ ਸਲਾਬਤਪੁਰਾ ‘ਚ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਾ ਕੇ ਉਨ੍ਹਾਂ ਦੀ ਰੀਸ ਕੀਤੀ ਸੀ। ਇਸ ਤੋਂ ਬਾਅਦ ਰਜਿੰਦਰ ਸਿੰਘ ਸਿੱਧੂ ਦੀ ਸ਼ਿਕਾਇਤ ‘ਤੇ ਹੀ ਬਾਬੇ ਖ਼ਿਲਾਫ ਮਾਮਲਾ ਦਰਜ ਹੋਇਆ। ਬਾਅਦ ‘ਚ ਪੰਜਾਬ ਪੁਲਿਸ ਨੇ ਇਸ ਮਾਮਲੇ ਨੂੰ ਰਫਾ-ਦਫਾ ਕਰਵਾ ਦਿੱਤਾ ਸੀ।