ਫਰੀਦਾ ਲੋੜੈ ਦਾਖ ਬਿਜਉਰੀਆਂ ਕਿਕਰਿ ਬੀਜੈ ਜਟੁ

ਡੇਰਾ ਸਿਰਸਾ ਦੇ ਮੁਖੀ ਨੂੰ ਸਜ਼ਾ ਮਿਲਣ ਤੋਂ ਬਾਅਦ ਵੱਖ ਵੱਖ ਪੱਖ ਉਘੜ ਕੇ ਸਾਹਮਣੇ ਆ ਰਹੇ ਹਨ। ਨੌਜਵਾਨ ਫੋਟੋਗ੍ਰਾਫਰ ਤੇ ਫਿਲਮਸਾਜ਼ ਰਣਦੀਪ ਮੱਦੋਕੇ ਨੇ ਆਪਣੇ ਇਸ ਲੇਖ ਵਿਚ ਡੇਰਾ ਸ਼ਰਧਾਲੂਆਂ ਦੇ ਪ੍ਰਸੰਗ ਵਿਚ ਜਾਤ-ਪਾਤ ਵਾਲਾ ਅਹਿਮ ਸਵਾਲ ਉਠਾਇਆ ਹੈ ਜਿਸ ਨੂੰ ਸਭ ਧਿਰਾਂ ਅਕਸਰ ਅਣਗੌਲਿਆਂ ਕਰ ਦਿੰਦੀਆਂ ਹਨ। ਦਰਅਸਲ ਇਹ ਲੇਖ ਸੁੱਤਿਆਂ ਨੂੰ ਜਗਾਉਣ ਲਈ ਮਾਰਿਆ ਹੰਭਲਾ ਹੈ। ਇਸ ਵਿਚ ਗਿਲੇ-ਸ਼ਿਕਵੇ ਵੀ ਹਨ, ਪਰ ਗੱਲ ਤੱਥਾਂ ਨੂੰ ਆਧਾਰ ਬਣਾ ਕੇ ਤੋਰੀ ਗਈ ਹੈ।

-ਸੰਪਾਦਕ

ਰਣਦੀਪ ਮੱਦੋਕੇ
ਫੋਨ: +91-98146-93368
ਡੇਰੇ ਵਾਲੇ ਸਾਧ ਦੇ ਮਸਲੇ ਨੂੰ ਲੈ ਕੇ ਹੋ ਰਹੇ ਹੋ-ਹੱਲੇ ਵਿਚ ਢੇਰ ਸਾਰੀਆਂ ਬਹਿਸ-ਮੁਬਾਹਿਸੇ ਚੱਲ ਰਹੇ ਹਨ। ਮੀਡੀਆ, ਰਾਜਨੀਤੀ, ਸਭਿਆ ਸਮਾਜ, ਵਿਰੋਧੀਆਂ ਅਤੇ ਹਮਾਇਤੀਆਂ ਦੀ ਆਪੋ-ਆਪਣੀ ਰਾਏ ਹੈ। ਮਸਲੇ ਦੀ ਅਸਲ ਜੜ੍ਹ ਤੱਕ ਪਹੁੰਚਣ ਦੀ ਖੇਚਲ ਕੋਈ ਨਹੀਂ ਕਰ ਰਿਹਾ, ਨਾ ਕਰਨਾ ਚਾਹੁੰਦਾ ਹੈ। ਜ਼ਿਆਦਾਤਰ, ਆਪਣੀ ਸਹੂਲੀਅਤ ਮੁਤਾਬਕ ਪਰਿਭਾਸ਼ਾਵਾਂ ਘੜੀਆਂ ਜਾ ਰਹੀਆਂ ਹਨ। ਬਿਨਾਂ ਸ਼ੱਕ, ਕਿਸੇ ਵੀ ਗੁਨਾਹਗਾਰ ਨੂੰ ਉਸ ਦੇ ਕੀਤੇ ਦੀ ਸਜ਼ਾ ਮਿਲਣੀ ਚਾਹੀਦੀ ਹੈ ਅਤੇ ਡੇਰੇਦਾਰ ਨੂੰ ਅਖੀਰ ਮਿਲ ਵੀ ਗਈ ਹੈ, ਪਰ ਹੁਣ ਸਵਾਲ ਇਹ ਹੈ ਕਿ ਅਗਾਂਹ ਤੋਂ ਇਹ ਸਿਲਸਿਲਾ ਪੂਰਨ ਰੂਪ ਵਿਚ ਠੱਲ੍ਹਿਆ ਗਿਆ ਹੈ ਜਾਂ ਡੇਰਾਵਾਦ ਦੀ ਮਿਆਦ ਪੁੱਗ ਗਈ ਹੈ, ਜਾਂ ਕੀ ਸਮਾਜ ਵੱਲੋਂ ਪ੍ਰਵਾਨਿਤ ਸਨਮਾਨਿਤ ਬਾਕੀ ਧਾਰਮਿਕ ਅਦਾਰਿਆਂ ਦਾ ਕਿਰਦਾਰ ਸ਼ਤ-ਪ੍ਰਤੀਸ਼ਤ ਦੁੱਧ ਧੋਤਾ ਹੈ? ਕੀ ਹਰ ਆਸਥਾ ਨਾਲ ਜੁੜੇ ਅਦਾਰਿਆਂ ਦੀ ਵੀ ਮੁੜ ਵਿਆਖਿਆ ਹੋਵੇਗੀ? ਉਨ੍ਹਾਂ ਹਜ਼ਾਰਾਂ ਭੋਲ਼ੇਭਾਲੇ ਲੋਕਾਂ ਦੀ ਹੋਣੀ ਜੋ ਡੇਰੇ ਦੇ ਸ਼ਰਧਾਲੂ ਹਨ/ਸਨ, ਕੀ ਸਮਾਜ ਵਿਚ ਰਹਿੰਦਿਆਂ ਉਨ੍ਹਾਂ ਨੂੰ ਸ਼ਰਮਸਾਰ ਅਤੇ ਸਭਿਆ ਸਮਾਜ ਦੇ ਮਖੌਲ ਦੇ ਪਾਤਰ ਬਣ ਕੇ ਅਲਗਾਓ ਵਿਚ ਰਹਿਣਾ ਪਵੇਗਾ?
ਕੀ ਡੇਰੇਦਾਰ ਦੇ ਚੁੰਗਲ ਵਿਚ ਜਾ ਫਸਣ ਦੇ ਉਹ ਇਕੱਲੇ ਜ਼ਿੰਮੇਵਾਰ ਹਨ, ਜਾਂ ਉਨ੍ਹਾਂ ਸਮਾਜਿਕ ਆਰਥਿਕ ਹਾਲਾਤ ਦੀ ਵੀ ਪੁਣਛਾਣ ਹੋਣੀ ਚਾਹੀਦੀ ਹੈ ਜਿਨ੍ਹਾਂ ਨੇ ਉਨ੍ਹਾਂ ਨੂੰ ਅੰਧ ਸ਼ਰਧਾਲੂ ਬਣਾਇਆ? ਕੀ ਹੁਣ ਸਭਿਆ ਸਮਾਜ ਵੱਲੋਂ ਉਨ੍ਹਾਂ ਨੂੰ ਆਰæਐਸ਼ਐਸ਼ ਵਰਗੇ ਦੰਗਈ/ਕਾਤਲ ਗਰੋਹਾਂ ਦੇ ਕੱਚੇ ਮਾਲ ਵਜੋਂ ਛੱਡ ਦਿੱਤਾ ਜਾਵੇਗਾ? ਕੀ ਸਭਿਆ ਸਮਾਜ ਨੂੰ ਆਪਣੇ ਹਿੱਸੇ ਦੀ ਸ਼ਰਮ ਵੀ ਮਹਿਸੂਸ ਕਰਨੀ ਨਹੀਂ ਬਣਦੀ? ਕੀ ਰਾਮ ਰਹੀਮ ਕਿਤੋਂ ਅਚਾਨਕ ਅਸਮਾਨੋਂ ਟਪਕਿਆ ਸੀ? ਕੀ ਉਹ ਇਕੱਲਾ ਹੀ ਜ਼ਿੰਮੇਵਾਰ ਹੈ, ਜਾਂ ਫਿਰ ਆਪਣੇ ਸੌੜੇ ਮੁਫਾਦਾਂ ਲਈ ਗੁਰਮੀਤ ਸਿੰਘ ਸਿੱਧੂ ਨੂੰ ਗੁਰਮੀਤ ਰਾਮ ਰਹੀਮ ਬਣਾ ਕੇ ਡੇਰਾ ਸੱਚਾ ਸੌਦਾ ਦੇ ਮੁਖੀ ਵਜੋਂ ਧੋਖੇ ਨਾਲ ਸਥਾਪਿਤ ਕਰਨ ਵਾਲੀ ਧਿਰ ਵੀ ਉਸ ਦੇ ਗੁਨਾਹਾਂ ਦੀ ਬਰਾਬਰ ਦੀ ਭਾਈਵਾਲ ਹੈ? ਕਿਉਂਕਿ ਇਸੇ ਧਿਰ ਦੇ ਸਮਰਥਕ ਅੱਜ ਸਾਧ ਦੀ ਬਰਬਾਦੀ ‘ਤੇ ਵੱਧ ਬਾਘੀਆਂ ਪਾ ਰਹੇ ਹਨ, ਇਸ ਗੱਲ ਦੀ ਸ਼ਰਮ ਮੰਨੇ ਬਗੈਰ, ਕਿ ਉਨ੍ਹਾਂ ਵੱਲੋਂ ‘ਮਾਨੁਸ ਕੀ ਜਾਤ ਸਭਿ ਏਕਿ ਪਹਿਚਾਨਬੋ’ ਦੇ ਸਿਧਾਂਤ ਨੂੰ ਤਿਲਾਂਜਲੀ ਦੇਣ ਦਾ ਨਤੀਜਾ ਹੈ ਇਹ ਸਭ।
ਇਨ੍ਹਾਂ ਡੇਰਿਆਂ ਦੇ ਸ਼ਰਧਾਲੂਆਂ ਦੀ ਬਹੁ ਗਿਣਤੀ ਸਮਾਜ ਦੇ ਹਾਸ਼ੀਅਗ੍ਰਸ਼ਤ ਵਰਗਾਂ ਵਿਚੋ ਆਉਂਦੀ ਹੈ, ਜੋ ਕਿਸੇ ਡੇਰੇ ਦੇ ਚੇਲੇ ਨਾ ਹੋਣ ਤੋਂ ਇਲਾਵਾ ਵੀ ਸਮਾਜ ਵਿਚ ਕਈ ਕਿਸਮ ਦੀ ਜਲਾਲਤ ਝੱਲਦੇ ਹਨ। ਨਾਮਨਿਹਾਦ ਸਭਿਆ ਸਮਾਜ ਇਨ੍ਹਾਂ ਦੀ ਹੋਣੀ ਨਾਲ ਕਿਸੇ ਡੇਰੇਦਾਰ ਨਾਲੋਂ ਵੀ ਕਿਤੇ ਵੱਧ ਖਿਲਵਾੜ ਕਰਦਾ ਹੈ। ਇਨ੍ਹਾਂ ਸ਼ਰਧਾਲੂਆਂ ਦੀ ਬਹੁ ਗਿਣਤੀ ਪੰਜਾਬ ਦੇ ਮਾਲਵੇ ਖਿੱਤੇ ਦੀ ਵਾਸੀ ਹੈ ਅਤੇ ਇਹ ਸਮਾਜ ਦੇ ਜਿਸ ਹਿੱਸੇ ਵਿਚੋਂ ਆਉਂਦੇ ਹਨ, ਉਥੇ ਇਸ ਵਰਗ ਦੇ ਲੋਕਾਂ ਦੀ ਦੁਰਦਸ਼ਾ ਸਮਾਜਿਕ, ਆਰਥਿਕ ਅਤੇ ਸੱਤਾ ਵਿਚ ਪ੍ਰਭਾਵਸ਼ਾਲੀ ਵਰਗ ਵੱਲੋਂ ਸਿਰਫ ਡੇਰੇ ਦੇ ਸ਼ਰਧਾਲੂ ਹੋਣ ਕਰ ਕੇ ਹੀ ਨਹੀਂ ਹੁੰਦੀ, ਸਗੋਂ ਇਹ ਜਦੋਂ ਕਿਤੇ ਆਪਣੇ ਸਮਾਜਿਕ ਮਾਣ-ਸਨਮਾਨ ਨੂੰ ਹਾਸਲ ਕਰਨ ਲਈ ਇਕਜੁਟ ਹੁੰਦੇ ਹਨ, ਤਾਂ ਵੀ ਪ੍ਰਭਾਵਸ਼ਾਲੀ ਵਰਗ ਦੇ ਹੱਥ-ਪੈਰ ਫੁੱਲ ਜਾਂਦੇ ਹਨ ਅਤੇ ਇਨ੍ਹਾਂ ਨੂੰ ਸਮਾਜਿਕ ਬਾਈਕਾਟ ਵਰਗੇ ਸਮੂਹਿਕ ਸੰਤਾਪ ਝੱਲਣੇ ਪੈਂਦੇ ਹਨ।
ਮਾਲਵਾ ਖਿੱਤੇ ਵਿਚ ਹੀ ਹਾਸ਼ੀਆਗ੍ਰਸਤ (ਦਲਿਤ) ਵਰਗ ਦੇ ਲੋਕ ਜ਼ਮੀਨ ਪ੍ਰਾਪਤੀ ਦਾ ਸੰਘਰਸ਼ ਵੀ ਕਰ ਰਹੇ ਹਨ। ਜ਼ਮੀਨ ਮਾਲਕ ਪ੍ਰਭਾਵਸ਼ਾਲੀ ਵਰਗ ਅਕਸਰ ਇਨ੍ਹਾਂ ਦੇ ਸਮਾਜਿਕ ਮਾਣ-ਸਨਮਾਨ ਦੀ ਲੜਾਈ ਖਿਲਾਫ ਉਠ ਖੜ੍ਹ ਹੁੰਦਾ ਹੈ, ਪ੍ਰਸ਼ਾਸਨ ਤੇ ਸਰਕਾਰਾਂ ਵੀ ਇਨ੍ਹਾਂ ਦੇ ਖਿਲਾਫ ਭੁਗਤਦੀਆਂ ਹਨ ਅਤੇ ਪ੍ਰਭਾਵਸ਼ਾਲੀ ਵਰਗ ਵੀ ਇਨ੍ਹਾਂ ਦੀ ਪਿੱਠ ਪੂਰਦਾ ਹੈ। ਸਮਾਜਿਕ ਬਾਈਕਾਟ ਅਤੇ ਸਮੂਹਕ ਹਮਲਿਆਂ ਦੀ ਮਾਰ ਝੱਲਦਾ ਇਹ ਵਰਗ ਆਪਣੀ ਹੋਣੀ ਬਦਲਣ ਲਈ ਸੌ ਥਾਈਂ ਅੱਕੀਂ-ਪਲਾਹੀਂ ਹੱਥ ਮਾਰਦਾ ਹੈ।
ਉਚ ਜਾਤੀ ਪ੍ਰਭਾਵਸ਼ਾਲੀ ਵਰਗ ਦੀ ਨੀਤੀ ਅਸਲ ਵਿਚ ਇਨ੍ਹਾਂ ਨੂੰ ਹਰ ਪਾਸਿਓਂ ਜੁੱਤੀ ਥੱਲੇ ਰੱਖਣ ਦੀ ਰਹਿੰਦੀ ਹੈ। ਡੇਰੇ ਵਿਚ ਛੁਟਪੁਟ ਉਚ ਜਾਤੀ ਪ੍ਰਭਾਵਸ਼ਾਲੀ ਵਰਗ ਦੀ ਸ਼ਮੂਲੀਅਤ ਵੀ ਹੁੰਦੀ ਹੈ, ਪਰ ਇਹ ਵਰਗ ਇਥੇ ਵੀ ਕਿਸੇ ਹੱਦ ਤੱਕ ਮੁਨਾਫ਼ੇ ਵਿਚ ਰਹਿੰਦਾ ਹੈ; ਉਹ ਭਾਵੇਂ ਸਤਸੰਗ ‘ਤੇ ਜਾਣ ਵੇਲੇ ਟਰਾਂਸਪੋਰਟ ਦੇ ਸਾਧਨ ਹੋਣ ਜਾਂ ਡੇਰੇ ਦੇ ਮਾਰਕੇ ਵਾਲੀਆਂ ਵਸਤਾਂ ਵੇਚਣ ਵਾਲੇ ਏਜੰਟ, ਜਾਂ ਦੁਕਾਨਦਾਰ ਹੋਣ; ਉਨ੍ਹਾਂ ਨੂੰ ਆਮ ਸ਼ਰਧਾਲੂਆਂ ਨਾਲੋਂ ਡੇਰੇ ਵੱਲੋਂ ਵੱਧ ‘ਸੱਚੇ ਸੌਦੇ’ ਕਰਨ ਦੇ ਮੌਕੇ ਹਾਸਲ ਹੁੰਦੇ ਹਨ।
ਕਹਿਣ ਨੂੰ ਤਾਂ ਵੱਡੀ ਗਿਣਤੀ ਵਰਗ ਇਹ ਕਹਿੰਦਾ ਹੈ ਕਿ ਡੇਰਿਆਂ ਵਿਚ ਹੀ ਅੰਧ ਸ਼ਰਧਾ ਹੁੰਦੀ ਹੈ, ਪਰ ਅੰਧ ਸ਼ਰਧਾ ਨਾਮਨਿਹਾਦ ਅਗਾਂਹਵਧੂ ਆਸਥਾ ਦੇ ਸਥਾਨਾਂ ‘ਤੇ ਉਸੇ ਤਰ੍ਹਾਂ ਵਿਆਪਕ ਰੂਪ ਵਿਚ ਵਿਦਮਾਨ ਹੈ। ਬੱਸ ਇਹ ‘ਥੋਡਾ ਕੁੱਤਾ, ਕੁੱਤਾ!æææ ਤੇ ਸਾਡਾ ਕੁੱਤਾ ਡੱਬੂ’ ਵਾਲੀ ਗੱਲ ਹੀ ਹੈ। ਆਪਣੇ ਅੰਦਰ ਕੋਈ ਵੀ ਝਾਕਣਾ ਨਹੀਂ ਚਾਹੁੰਦਾ। ਦੂਜਿਆਂ ਦੀ ਬੁਰਾਈ ਹੀ ਬੁਰਾਈ ਮੰਨੀ ਜਾਂਦੀ, ਆਪਣੀਆਂ ਬੁਰਾਈਆਂ ਨੂੰ ਅਗਾਂਹਵਧੂ ਦੇ ਲਬਾਦੇ ਹੇਠ ਚਲਾਕੀ ਨਾਲ ਲੁਕੋ ਲਿਆ ਜਾਂਦਾ ਹੈ।
ਮੈਂ ਪਿਛਲੇ ਸੱਤ ਸਾਲਾਂ ਤੋਂ ਪੰਜਾਬ ਦੇ ਇਸ ਵਾਂਝੇ ਵਰਗ ਬਾਰੇ ਦਸਤਾਵੇਜ਼ੀ ਫਿਲਮ ਤੇ ਫੋਟੋਗਰਾਫੀ ਪ੍ਰੋਜੈਕਟ ‘ਲੈਂਡਲੈੱਸ’ ਉਤੇ ਕੰਮ ਕਰ ਰਿਹਾ ਹਾਂ ਅਤੇ ਇਨ੍ਹਾਂ ਦੀ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਭਾਗੀਦਾਰੀ ਨੂੰ ਸਮਝਣ ਲਈ ਇਨ੍ਹਾਂ ਦੀ ਸ਼ਮੂਲੀਅਤ ਵਾਲੀਆਂ ਥਾਂਵਾਂ ‘ਤੇ ਵੀ ਗਿਆ ਹਾਂ, ਭਾਵੇਂ ਇਹ ਸਭ ਕੁਝ ਮੇਰੇ ਪ੍ਰੋਜੈਕਟ ਦਾ ਸਿੱਧਾ ਹਿੱਸਾ ਨਹੀਂ ਸੀ, ਪਰ ਮੈਂ ਇੰਨਾ ਕੁਝ ਹਾਸਿਲ ਕਰਨ ਦੀ ਭਟਕਣ ਨੂੰ ਸਮਝਣਾ ਚਾਹੁੰਦਾ ਸੀ। ਜਿਥੇ ਬਹੁਤ ਸਾਰੇ ਡੇਰਿਆਂ ਵਾਲਿਆਂ ਨੂੰ ਮੈਂ ਸਿੱਧੇ ਤੌਰ ‘ਤੇ ਮਿਲਿਆ ਅਤੇ ਜਾਣਿਆ ਕਿ ਕਿਸ ਵਰਗ ਦੇ ਲੋਕ ਇਥੇ ਜ਼ਿਆਦਾ ਆਉਂਦੇ ਹਨ, ਸ਼ਰਧਾਲੂਆਂ ਨੂੰ ਵੀ ਪੁੱਛਿਆ ਕਿ ਤੁਹਾਨੂੰ ਇਥੇ ਆ ਕੇ ਕੀ ਮਹਿਸੂਸ/ਹਾਸਿਲ ਹੁੰਦਾ ਹੈ। ਸੱਚੇ ਸੌਦੇ ਵਾਲਿਆਂ ਦੀ ਪ੍ਰਬੰਧਕ ਕਮੇਟੀ ਭਾਵੇਂ ਬਹੁਤ ਤੇਜ਼-ਤਰਾਰ ਹੋਣ ਕਰ ਕੇ ਬਹੁਤ ਕੁਝ ਦੀ ਵਿਆਖਿਆ ਸੱਚ ਨਾਲੋਂ ਅਲੱਗ ਕਰਦੀ ਹੈ ਅਤੇ ਇਹ ਕਹਿੰਦੀ ਹੈ ਕਿ ਉਨ੍ਹਾਂ ਦੇ ਡੇਰੇ ਵਿਚ ਤਾਂ ਸਭ ਧਰਮਾਂ/ਜਾਤਾਂ ਦੇ ਲੋਕ ਬਰਾਬਰ ਆਉਂਦੇ ਹਨ, ਪਰ ਅਸਲ ਵਿਚ ਇੰਜ ਨਹੀਂ ਹੈ। ਮੈਂ ਕਿਸੇ ਦਲਿਤ ਦੇ ਘਰ ਵਿਚ ਹੁੰਦੀ ਡੇਰੇ ਵਾਲਿਆਂ ਦੀ ਨਾਮ ਚਰਚਾ ਵਿਚ ਵੀ ਗਿਆ, ਉਥੇ ਕਿਸੇ ਕਿਸਮ ਦੀ ਰੂਹਾਨੀਅਤ ਨਾਲੋਂ ਵੱਧ ਸਮਾਜਿਕ ਬਰਾਬਰੀ ਅਤੇ ਮਾਣ-ਸਨਮਾਨ ਦੀ ਭਾਵਨਾ ਮੈਂ ਉਭਰਵੇਂ ਰੂਪ ਵਿਚ ਦੇਖੀ। ਗਰੀਬ ਦਲਿਤਾਂ ਵਿਚ ਕੁਝ ਉਚ ਜਾਤੀ ਪ੍ਰੇਮੀ, ਇਕ ਭੰਗੀਦਾਸ (ਕਿਸੇ ਪਿੰਡ ਦੀ ਸੰਗਤ ਦਾ ਮੁਖੀ) ਵੀ ਕਿਸੇ ਵਿਤਕਰੇ ਤੋਂ ਬਿਨਾਂ ਹਰ ਕੰਮ ਵਿਚ ਸ਼ਾਮਿਲ ਸੀ। ਸਾਰੇ ਲੋਕ ਖਾਦ ਵਾਲੇ ਗੱਟਿਆਂ ਦੀ ਵੱਡੀ ਪੱਲੀ ਉਪਰ ਕਿਸੇ ਵੱਖਰੀ ਲਾਈਨ ਜਾਂ ਬਿਨਾਂ ਵਖਰੇਵੇਂ ਤੋਂ ਬੈਠੇ ਸਨ।
ਸੁਆਲ ਉਠਦਾ ਹੈ ਕਿ ਅਜਿਹਾ ਸਭ ਕੁਝ ਬਾਕੀ ਅਗਾਂਹਵਧੂ ਆਸਥਾ ਦੇ ਸਥਾਨਾਂ ‘ਤੇ ਜਾਂ ਆਸਥਾ ਵਿਚ ਵਿਸ਼ਵਾਸ ਰੱਖਣ ਵਾਲਿਆਂ ਵਿਚ ਵੀ ਮੌਜੂਦ ਹੈ? ਹਾਸ਼ੀਆਗ੍ਰਸਤ ਵਰਗ ਨੂੰ ਜਨਗਣਨਾ ਵਿਚ ਆਪਣੇ ਧਰਮ ਦੀ ਗਿਣਤੀ ਨੂੰ ਵਧਾਉਣ ਲਈ ਬਹਾਨੇ ਬਣਾ ਕੇ ਨਾਲ ਰੱਖਣ ਨਾਲੋਂ ਕਿਤੇ ਅਗਾਂਹ ਦੇ ਸੁਆਲਾਂ ਨੂੰ ਵੀ ਸੰਬੋਧਨ ਹੋਣਾ ਪਵੇਗਾ ਅਤੇ ਰਾਜਨੀਤੀ ਵਿਚ ਆਪਣੇ ਆਪ ਨੂੰ ਅਗਾਂਹਵਧੂ ਧਿਰ ਕਹਾਉਣ ਵਾਲੀ ਧਿਰ ਨੂੰ ਵੀ ਆਪਣੀ ਪੀੜ੍ਹੀ ਹੇਠ ਸੋਟਾ ਮਾਰਨ ਦੀ ਲੋੜ ਹੈ; ਨਹੀਂ ਤਾਂ ਨਾ ਇਹ ਵਰਤਾਰੇ ਰੁਕਣੇ ਹਨ ਅਤੇ ਨਾ ਹੀ ਸੁਘੜ-ਸਿਆਣੇ ਸਮਾਜ ਦੇ ਨਕਸ਼ ਘੜੇ ਜਾ ਸਕਦੇ ਹਨ। ਬਾਬਾ ਫ਼ਰੀਦ ਜੀ ਦੇ ਕਹਿਣ ਅਨੁਸਾਰ, ਕਿੱਕਰਾਂ ਬੀਜ ਕੇ ਦਾਖਾਂ ਖਾਣ ਦੀ ਆਸ ਨਹੀਂ ਰੱਖੀ ਜਾ ਸਕਦੀ।