‘ਰੱਬ ਦਾ ਦੂਤ’: ਕੁਫਰ ਟੁੱਟਾ ਖੁਦਾ ਖੁਦਾ ਕਰ ਕੇ

ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੀਆਂ ਤੱਦੀਆਂ ਦਾ ਭਾਂਡਾ ਆਖਰਕਾਰ 25 ਅਗਸਤ ਨੂੰ ਨੱਕੋ-ਨੱਕ ਭਰ ਕੇ ਭੱਜ ਗਿਆ ਅਤੇ ਸੀæਬੀæਆਈæ ਅਦਾਲਤ ਨੇ ਉਸ ਨੂੰ ਬਲਾਤਕਾਰ ਦਾ ਦੋਸ਼ੀ ਗਰਦਾਨ ਦਿੱਤਾ। ਆਪਣੇ ਅੰਤਾਂ ਦੇ ਰਸੂਖ ਦੇ ਬਾਵਜੂਦ ਉਹ ਸਜ਼ਾ ਟਾਲਣ ਤੋਂ ਨਾਕਾਮ ਰਿਹਾ ਅਤੇ ਹੁਣ ਵੀਹ ਸਾਲਾਂ ਲਈ ਜੇਲ੍ਹ ਦੀਆਂ ਸੀਖਾਂ ਪਿਛੇ ਹੈ। ਸਾਡੇ ਕਾਲਮਨਵੀਸ ਬੂਟਾ ਸਿੰਘ ਨੇ ਇਸ ਸ਼ਖਸ, ਇਸ ਦੇ ਡੇਰੇ ਅਤੇ ਸਮੁੱਚੇ ਹਾਲਾਤ ਟਿੱਪਣੀ ਕੀਤੀ ਹੈ ਜੋ ਅਸੀਂ ਆਪਣੇ ਪਾਠਕਾਂ ਨਾਲ ਸਾਂਝੀ ਕਰ ਰਹੇ ਹਾਂ।

-ਸੰਪਾਦਕ

ਬੂਟਾ ਸਿੰਘ
ਫੋਨ: +91-94634-74342
ਆਖ਼ਰਕਾਰ 25 ਅਗਸਤ ਨੂੰ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਸੀæਬੀæਆਈæ ਦੀ ਅਦਾਲਤ ਵਲੋਂ ਕਸੂਰਵਾਰ ਕਰਾਰ ਦੇ ਦਿੱਤਾ ਗਿਆ। ਤਿੰਨ ਦਿਨ ਬਾਅਦ ਉਸ ਨੂੰ 20 ਸਾਲ ਬਾਮੁਸ਼ੱਕਤ ਕੈਦ ਅਤੇ 30 ਲੱਖ ਰੁਪਏ ਦੀ ਸਜ਼ਾ ਸੁਣਾਈ ਗਈ ਹੈ। ਇਸ ਨਾਲ ਜਿਥੇ ਉਸ ਦਾ ਦੈਵੀ ਮੁਖੌਟਾ ਲਹਿ ਕੇ ਮੁਜਰਿਮ ਕਿਰਦਾਰ ਬੇਪਰਦ ਹੋ ਗਿਆ ਉਥੇ ਉਸ ਦੀ ‘ਬਹਾਦਰੀ’ ਦੀ ਅਸਲੀਅਤ ਵੀ ਸਾਹਮਣੇ ਆ ਗਈ ਜਿਸ ਦਾ ਅਸ਼ਲੀਲ ਦਿਖਾਵਾ ਉਹ ਆਪਣੀਆਂ ਵਾਹਯਾਤ ਫਿਲਮਾਂ ਵਿਚ ਗੱਜ-ਵੱਜ ਕੇ ਕਰ ਰਿਹਾ ਸੀ। ਉਸ ਉਪਰ ਆਪਣੇ ਡੇਰੇ ਦੀਆਂ ਸਾਧਵੀਆਂ ਨਾਲ ਜਬਰ ਜਨਾਹ ਦਾ ਮੁਕੱਦਮਾ ਚੱਲ ਰਿਹਾ ਸੀ। ਇਸ ਤੋਂ ਬਿਨਾਂ, ਉਸ ਉਪਰ ‘ਪੂਰਾ ਸੱਚ’ ਅਖ਼ਬਾਰ ਦੇ ਸੰਪਾਦਕ ਰਾਮਚੰਦਰ ਛਤਰਪਤੀ ਅਤੇ ਡੇਰੇ ਦੇ ਸਾਬਕਾ ਪ੍ਰਬੰਧਕੀ ਮੈਂਬਰ ਰਣਜੀਤ ਸਿੰਘ ਨੂੰ ਕਤਲ ਕਰਾਉਣ ਅਤੇ ਡੇਰੇ ਦੇ ਚਾਰ ਸੌ ਸੇਵਾਦਾਰਾਂ ਨੂੰ ਨਪੁੰਸਕ ਬਣਾਉਣ ਦੇ ਤਿੰਨ ਹੋਰ ਮੁਕੱਦਮੇ ਵੀ ਸੁਣਵਾਈ ਅਧੀਨ ਹਨ। ਇਸ ਫ਼ੈਸਲੇ ਦਾ ਇਕ ਪੱਖ ਇਹ ਵੀ ਹੈ ਕਿ ਉਹ ਹਾਕਮ ਜਮਾਤੀ ਸਿਆਸਤਦਾਨ ਕਟਹਿਰੇ ਵਿਚ ਖੜ੍ਹੇ ਹੋਣ ਤੋਂ ਸਾਫ਼ ਬਚ ਗਏ ਜਿਨ੍ਹਾਂ ਦਾ ਇਸ ਮੁਜਰਿਮ ਨਾਲ ਗੰਢ-ਚਿਤਰਾਵਾ ਸੀ ਅਤੇ ਉਹ ਅਸਿੱਧੇ ਤੌਰ ‘ਤੇ ਇਸ ਦੇ ਜੁਰਮਾਂ ਵਿਚ ਹਿੱਸੇਦਾਰ ਸਨ। ਮੀਡੀਆ ਦੇ ਵੱਡੇ ਹਿੱਸੇ ਦੀ ਘਿਨਾਉਣੀ ਭੂਮਿਕਾ ਵੀ ਸਾਹਮਣੇ ਆ ਗਈ। ਚਾਪਲੂਸ ਟੀæਵੀæ ਚੈਨਲਾਂ ਦਾ ਕਮਾਲ ਦੇਖੋ, ਸਜ਼ਾ ਸੁਣਾਏ ਜਾਣ ਤੋਂ ਬਾਅਦ ਉਹ ਰਾਤੋ-ਰਾਤ ‘ਬਾਬਾ’ ਤੋਂ ‘ਗੁੰਡਾ’ ਬਣ ਗਿਆ।
ਜਿਸ ਮੁਕੱਦਮੇ ਦਾ ਫ਼ੈਸਲਾ ਸੁਣਾਇਆ ਗਿਆ, ਉਸ ਦਾ ਆਗਾਜ਼ ਡੇਰੇ ਦੀ ਇਕ ਸਾਧਵੀ ਵਲੋਂ ਮਈ 2002 ਵਿਚ ਡੇਰਾ ਮੁਖੀ ਉਪਰ ਜਿਨਸੀ ਸ਼ੋਸ਼ਣ ਦਾ ਇਲਜ਼ਾਮ ਲਗਾਉਂਦੇ ਹੋਏ ਪ੍ਰਧਾਨ ਮੰਤਰੀ ਨੂੰ ਬੇਨਾਮ ਚਿੱਠੀ ਲਿਖੇ ਜਾਣ ਨਾਲ ਹੋਇਆ ਸੀ ਜਿਸ ਦੀ ਨਕਲ ਪੰਜਾਬ-ਹਰਿਆਣਾ ਹਾਈਕੋਰਟ ਦੇ ਚੀਫ਼ ਜਸਟਿਸ ਨੂੰ ਭੇਜ ਕੇ ਡੇਰੇ ਵਿਚ ਸਾਧਵੀਆਂ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਗਈ ਸੀ। ‘ਰੱਬ ਦਾ ਦੂਤ’ (ਮਸੈਂਜਰ ਆਫ ਗਾਡ) ਵਲੋਂ ਸੱਤਾ ਦੇ ਗਲਿਆਰਿਆਂ ਵਿਚ ਆਪਣੇ ਜ਼ਬਰਦਸਤ ਰਸੂਖ਼ ਸਮੇਤ ਹਰ ਹਰਬਾ ਇਸਤੇਮਾਲ ਕਰ ਕੇ ਇਸ ਮਾਮਲੇ ਨੂੰ ਦਬਾਉਣ ਦੀ ਪੂਰੀ ਵਾਹ ਲਾਈ ਗਈ। ਇਹ ਮਾਮਲੇ ਉਠਾਉਣ ਅਤੇ ਉਨ੍ਹਾਂ ਦਾ ਸਾਥ ਦੇਣ ਵਾਲਿਆਂ ਨੂੰ ਧਮਕੀਆਂ ਦੇਣ ਤੋਂ ਲੈ ਕੇ ਕਤਲਾਂ ਦਾ ਸਿਲਸਿਲਾ ਚੱਲਿਆ। ਡੇਰਾ ਮੁਖੀ ਦੇ ਸਹਾਇਕ ਰਣਜੀਤ ਸਿੰਘ ਅਤੇ ਸੰਪਾਦਕ ਰਾਮਚੰਦਰ ਛਤਰਪਤੀ ਦੇ ਕਤਲ ਹੋਏ। ਹਾਈਕੋਰਟ ਵਲੋਂ ਬੇਨਾਮ ਚਿੱਠੀ ਦਾ ਨੋਟਿਸ ਲੈ ਕੇ ਸੀæਬੀæਆਈæ ਨੂੰ ਦਿੱਤੇ ਜਾਂਚ ਦੇ ਆਦੇਸ਼ ਤਹਿਤ ਐਫ਼ਆਈæਆਰæ ਦਰਜ ਹੋਈ ਅਤੇ ਜਾਂਚ ਦੇ ਲੰਮੇ ਅਮਲ ਤੋਂ ਬਾਅਦ ਮੁਕੱਦਮੇ ਚਲਣੇ ਸ਼ੁਰੂ ਹੋ ਗਏ।
ਡੇਰਾ ਮੁਖੀ ਨੂੰ ਆਜ਼ਾਦ ਅਦਾਲਤੀ ਅਮਲ ਹਰਗਿਜ਼ ਮਨਜ਼ੂਰ ਨਹੀਂ ਸੀ। ਉਸ ਵਲੋਂ ਉਪਰਲੀਆਂ ਅਦਾਲਤਾਂ ਵਿਚ ਪਹੁੰਚ ਕਰ ਕੇ ਹੇਠਲੀਆਂ ਅਦਾਲਤਾਂ ਦੇ ਅਮਲ ਵਿਚ ਅੜਿੱਕਾ ਪਾਇਆ ਗਿਆ ਅਤੇ ਆਪਣੇ ਉਪਰ ਦਰਜ ਮਾਮਲੇ ਖਾਰਜ ਕਰਾਉਣ ਲਈ ਦਰਖ਼ਾਸਤਾਂ ਦੇ ਕੇ ਅਦਾਲਤੀ ਅਮਲ ਨੂੰ ਉਲਝਾਇਆ ਅਤੇ ਲਮਕਾਇਆ ਗਿਆ; ਲੇਕਿਨ ਸੰਗੀਨ ਇਲਜ਼ਾਮਾਂ ਦੇ ਸਬੂਤ ਠੋਸ ਸਨ ਅਤੇ ਨਿਆਂ ਲਈ ਲੜ ਰਹੇ ਪੀੜਤ ਤੇ ਉਨ੍ਹਾਂ ਦਾ ਸਾਥ ਦੇਣ ਵਾਲੇ ਨਿਆਂਪਸੰਦ ਆਪਣੇ ਇਰਾਦੇ ਦੇ ਪੱਕੇ ਸਨ। ਓੜਕ ਸੱਚ ਦੀ ਜਿੱਤ ਹੋਈ। ਦਹਿਸ਼ਤੀ ਸਲਤਨਤ ਵਿਰੁਧ ਗਵਾਹੀ ਦੇਣ ਲਈ ਅੱਗੇ ਆਈਆਂ ਸਾਧਵੀਆਂ, ਪੱਤਰਕਾਰ ਛਤਰਪਤੀ ਅਤੇ ਰਣਜੀਤ ਸਿੰਘ ਦੇ ਪਰਿਵਾਰ, ਹੋਰ ਪੀੜਤ ਪਰਿਵਾਰ, ਸੱਚ ਦਾ ਡਟ ਕੇ ਸਾਥ ਦੇਣ ਵਾਲੇ ਮਾਸਟਰ ਬਲਵੰਤ ਸਿੰਘ ਅਤੇ ਹੋਰ ਇਨਸਾਫ਼ਪਸੰਦ ਕਾਰਕੁਨ, ਕੇਸ ਲੜਨ ਵਾਲੇ ਵਕੀਲ ਅਤੇ ਹੋਰ ਬੇਸ਼ੁਮਾਰ ਸਹਿਯੋਗੀ; ਇਹ ਸਾਰੇ ਸਲਾਮ ਦੇ ਹੱਕਦਾਰ ਹਨ ਜਿਨ੍ਹਾਂ ਨੇ ਇਸ ਪਾਖੰਡ ਦੀ ਸਲਤਨਤ ਦੇ ਖ਼ਿਲਾਫ਼ ਕਾਨੂੰਨੀ ਲੜਾਈ ਨੂੰ ਨਿਆਂ ਦੇ ਤਰਕਸੰਗਤ ਅੰਤ ਤਕ ਹੌਸਲੇ ਨਾਲ ਜਾਰੀ ਰੱਖਿਆ ਅਤੇ ਧਰਮ ਦੀ ਆੜ ਹੇਠ ਪਾਪਾਂ ਨੂੰ ਅੰਜਾਮ ਦੇਣ ਵਾਲੀ ‘ਰਿਆਸਤ ਅੰਦਰਲੀ ਰਿਆਸਤ’ ਨਾਲ ਟੱਕਰ ਲਈ।
ਲੇਕਿਨ ਡੇਰਾ ਮੁਖੀ ਦੀ ਆਪਣੇ ਡੇਰਾ ਪ੍ਰੇਮੀਆਂ ਉਪਰ ਮਨੋਵਿਗਿਆਨਕ ਜਕੜ ਐਨੀ ਕੀਲਵੀਂ ਹੈ ਕਿ ਅਜੇ ਵੀ ਦਹਿ-ਲੱਖਾਂ ਸ਼ਰਧਾਲੂ ਸੱਚ ਦਾ ਸਾਹਮਣਾ ਕਰਨ ਦੀ ਬਜਾਏ ਇਕਸੁਰ ਹੋ ਕੇ ਇਲਜ਼ਾਮਾਂ ਨੂੰ ਝੂਠੇ ਅਤੇ ਸਾਜ਼ਿਸ਼ੀ ਕਰਾਰ ਦੇ ਰਹੇ ਹਨ। ਉਹ ਇਸ ਸਵਾਲ ਉਪਰ ਠੰਡੇ ਦਿਮਾਗ ਨਾਲ ਸੋਚ-ਵਿਚਾਰ ਕਰਨ ਲਈ ਤਿਆਰ ਨਹੀਂ ਕਿ ਪੀੜਤ ਸਾਧਵੀਆਂ ਨੂੰ ਨਿਆਂ ਦੇਣਾ ਕਿਉਂ ਜ਼ਰੂਰੀ ਹੈ। ਇਸ ਮੁਲਕ ਦੀ ਸੰਸਕ੍ਰਿਤੀ ਵਿਚ ਔਰਤਾਂ ਨਾਲ ਧੱਕੇ ਅਤੇ ਦਾਬੇ ਨੂੰ ਸਮਾਜੀ ਪ੍ਰਵਾਨਗੀ ਦੀਆਂ ਜੜ੍ਹਾਂ ਇਸ ਕਦਰ ਮਜ਼ਬੂਤ ਹਨ ਕਿ ਡੇਰੇ ਦੇ ਸ਼ਰਧਾਲੂਆਂ ਨੂੰ ਡੇਰਾ ਮੁਖੀ ਦੇ ਰੂਪ ਵਿਚ ‘ਰੱਬ ਦਾ ਦੂਤ’ ਤਾਂ ਨਜ਼ਰ ਆਉਂਦਾ ਹੈ, ਪਰ ਸਾਧਵੀਆਂ ਨਾਲ ਜਿਨਸੀ ਹਿੰਸਾ ਅਤੇ ਡੇਰਾ ਮੁਖੀ ਦੀਆਂ ਅੱਯਾਸ਼ੀਆਂ ਦਾ ਨੰਗਾ ਸੱਚ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਕਦੇ ਨਹੀਂ ਟੁੰਬਦਾ। ਖ਼ਾਲਸਤਾਨੀ ਸਰਗਣੇ ਗੁਰਜੰਟ ਸਿੰਘ ਰਾਜਸਥਾਨੀ ਨਾਲ ਗੂੜ੍ਹੀ ਸਾਂਝ ਤੋਂ ਲੈ ਕੇ ਬੇਹੂਦਾ ਵਿਸ਼ਿਆਂ ਵਾਲੀਆਂ ਭੱਦੀਆਂ ਫਿਲਮਾਂ ਬਣਾਉਣ ਦੀ ਕਲਾਕਾਰੀ ਤਕ ਇਸ ਸਾਧ ਦੇ ਵੱਖੋ-ਵੱਖ ਰੂਪ ਕਿਹੜੇ ਧਾਰਮਿਕ ਅਤੇ ਰੂਹਾਨੀ ਮੁੱਲਾਂ ਦੀ ਨੁਮਾਇੰਦਗੀ ਕਰਦੇ ਹਨ, ਜ਼ਿਹਨੀਂ ਤੌਰ ‘ਤੇ ਗ਼ੁਲਾਮ ਲੋਕ ਇਹ ਕਦੇ ਨਹੀਂ ਸੋਚਦੇ। ਪੰਜਾਬ ਦੇ ਬਾਦਲਕਿਆਂ, ਕੈਪਟਨਕਿਆਂ ਤੋਂ ਲੈ ਕੇ ਸੰਘ ਪਰਿਵਾਰ ਦੇ ਚੋਟੀ ਦੇ ਆਗੂ ਇਸ ਸਾਧ ਦਾ ਅਸ਼ੀਰਵਾਦ ਲੈਣ ਲਈ ਅਕਸਰ ਹੀ ਡੇਰੇ ਦੀਆਂ ਚੌਕੀਆਂ ਭਰਦੇ ਰਹਿੰਦੇ ਸਨ, ਪਰ ਡੇਰਾ ਪ੍ਰੇਮੀ ਅੰਨ੍ਹੀ ਸ਼ਰਧਾ ਵਿਚੋਂ ਬਾਹਰ ਨਿਕਲ ਕੇ ਇਹ ਸੋਚਣ ਲਈ ਤਿਆਰ ਨਹੀਂ ਕਿ ਵੋਟ ਬਟੋਰੂ ਹਾਕਮ ਜਮਾਤੀ ਪਾਰਟੀਆਂ ਦੇ ਵੱਡੇ-ਵੱਡੇ ਆਗੂ ਜਿਸ ਡੇਰਾ ਮੁਖੀ ਦੇ ਪੈਰਾਂ ਵਿਚ ਵਿਛਣ ਲਈ ਤਤਪਰ ਰਹਿੰਦੇ ਸਨ, ਉਸ ਦੇ ਖ਼ਿਲਾਫ਼ ਝੂਠੇ ਇਲਜ਼ਾਮਾਂ ਨੂੰ ਲੈ ਕੇ ਅਦਾਲਤੀ ਅਮਲ ਪੰਦਰਾਂ ਸਾਲ ਕਿਵੇਂ ਟਿਕ ਸਕਦਾ ਸੀ। ਉਨ੍ਹਾਂ ਕਦੇ ਇਹ ਸੋਚਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਜਿਸ ਡੇਰਾ ਮੁਖੀ ਨੇ ਨਿੱਜੀ ਸੁਰੱਖਿਆ ਲਈ ਅੱਵਲ ਦਰਜੇ ਦੀ ਜ਼ੈੱਡ+ ਸੁਰੱਖਿਆ ਛੱਤਰੀ ਲੈ ਰੱਖੀ ਹੈ ਅਤੇ ਜਿਸ ਨੇ ਆਪਣੀ ਜਾਨ ਨੂੰ ਖ਼ਤਰੇ ਦੇ ਬਹਾਨੇ ਅਦਾਲਤ ਵਿਚ ਪੇਸ਼ ਹੋਣ ਦੀ ਬਜਾਏ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤੀ ਅਮਲ ਵਿਚ ਸ਼ਾਮਲ ਹੋਣ ਦੀ ਪੱਕੀ ਮੋਹਲਤ ਹਾਈਕੋਰਟ ਤੋਂ ਹਾਸਲ ਕੀਤੀ ਹੋਈ ਸੀ, ਉਸ ਦੇ ਉਪਰ ਬੇਬੁਨਿਆਦ ਮੁਕੱਦਮੇ ਕਿਵੇਂ ਸੰਭਵ ਸਨ।
ਇਸ ਸਾਧ ਨੂੰ ਕਸੂਰਵਾਰ ਐਲਾਨੇ ਜਾਣ ਦੀ ਦੇਰ ਸੀ ਕਿ ਸ਼ਰਧਾਲੂਆਂ ਨੇ ਅਦਾਲਤੀ ਫ਼ੈਸਲੇ ਨੂੰ ਉਪਰਲੀ ਅਦਾਲਤ ਵਿਚ ਚੁਣੌਤੀ ਦੇਣ ਦਾ ਸਹੀ ਰਸਤਾ ਅਖ਼ਤਿਆਰ ਕਰਨ ਅਤੇ ਇਸ ਦੇ ਖ਼ਿਲਾਫ਼ ਪੁਰਅਮਨ ਵਿਰੋਧ ਪ੍ਰਦਰਸ਼ਨ ਕਰਨ ਦੀ ਬਜਾਏ ਬੇਤਹਾਸ਼ਾ ਸਾੜਫੂਕ ਅਤੇ ਹਿੰਸਾ ਦਾ ਨਹੱਕ ਰਸਤਾ ਅਖ਼ਤਿਆਰ ਕਰ ਲਿਆ। ਇਸ ਤੋਂ ਇਕ ਵਾਰ ਫਿਰ ਸਾਬਤ ਹੋ ਗਿਆ ਹੈ ਕਿ ਇਨ੍ਹਾਂ ਡੇਰਿਆਂ ਦੇ ਸ਼ਾਂਤੀ ਅਤੇ ਮਨੁੱਖਤਾ ਦੀ ਸੇਵਾ ਦੇ ਦਾਅਵੇ ਕਿੰਨੇ ਝੂਠੇ ਹਨ!
ਇਹ ਹਿੰਸਾ ਪਹਿਲੀ ਦਫ਼ਾ ਨਹੀਂ ਹੋਈ, ਇਸ ਤੋਂ ਪਹਿਲਾਂ 2007 ਵਿਚ ਵੀ ਡੇਰਾ ਪ੍ਰੇਮੀਆਂ ਦੇ ਹਜੂਮਾਂ ਵਲੋਂ ਡੇਰਾ ਮੁਖੀ ਉਪਰ ਕਾਨੂੰਨੀ ਕਾਰਵਾਈ ਕੀਤੇ ਜਾਣ ਦੇ ਖ਼ਿਲਾਫ਼ ਚੰਡੀਗੜ੍ਹ ਅਤੇ ਅੰਬਾਲਾ ਵਿਚ ਵੱਡੇ ਸ਼ਕਤੀ ਪ੍ਰਦਰਸ਼ਨ ਕੀਤੇ ਸਨ। ਇਸੇ ਤਰ੍ਹਾਂ, ਪੰਜਾਬ ਦੇ ਮਾਲਵਾ ਖਿੱਤੇ ਵਿਚ ਸਿੱਖਾਂ ਨਾਲ ਟਕਰਾਓ ਵਿਚੋਂ ਵਾਰ ਵਾਰ ਹਿੰਸਕ ਪ੍ਰਦਰਸ਼ਨਾਂ ਦਾ ਸਿਲਸਿਲਾ ਚਲਾਇਆ ਗਿਆ। ਹਾਲੀਆ ਹਿੰਸਾ ਵੀ ਆਪਮੁਹਾਰੀ ਨਹੀਂ, ਸਗੋਂ ਇਸ ਦੀ ਤਿਆਰੀ ਡੇਰਾ ਮੁਖੀ ਦੀ ਸਿੱਧੀ ਅਗਵਾਈ ਹੇਠ ਡੇਰਾ ਪ੍ਰਬੰਧਕਾਂ ਵਲੋਂ ਲੰਮੇ ਸਮੇਂ ਤੋਂ ਗਿਣ-ਮਿਥ ਕੇ ਕੀਤੀ ਗਈ ਸੀ। ਬਹੁਤ ਥਾਵਾਂ ਉਪਰ ‘ਨਾਮ ਚਰਚਾ ਘਰਾਂ’ ਅੰਦਰੋਂ ਅਤੇ ‘ਪ੍ਰੇਮੀਆਂ’ ਕੋਲੋਂ ਵਿਸਫੋਟਕ ਸਮੱਗਰੀ ਅਤੇ ਖ਼ਤਰਨਾਕ ਹਥਿਆਰ ਬਰਾਮਦ ਹੋਏ ਹਨ। 25 ਅਗਸਤ ਤੋਂ ਕੁਝ ਦਿਨ ਪਹਿਲਾਂ ਹੀ ਪੰਜਾਬ ਅਤੇ ਹਰਿਆਣਾ ਤੋਂ ਪੰਚਕੂਲਾ ਵਿਚ ਡੇਰੇ ਲਾਈ ਬੈਠੇ ਅਤੇ ਸਿਰਸਾ ਸਦਰ ਮੁਕਾਮ ਤੇ ਹੋਰ ‘ਨਾਮ ਚਰਚਾ ਘਰਾਂ’ ਵਿਚ ਜਮਾਂ੍ਹ ਹੋ ਚੁੱਕੇ ਹਜੂਮਾਂ ਦੇ ਹਿੰਸਕ ਇਰਾਦਿਆਂ ਅਤੇ ਪ੍ਰੇਮੀਆਂ ਦੇ ਸੰਭਾਵੀ ਪ੍ਰਤੀਕਰਮ ਦੀ ਹਰਿਆਣਾ ਸਰਕਾਰ ਤੇ ਪ੍ਰਸ਼ਾਸਨ ਨੂੰ ਪੂਰੀ ਜਾਣਕਾਰੀ ਸੀ। ਸੱਤਾਧਾਰੀ ਅਤੇ ਆਹਲਾ ਪੁਲਿਸ ਅਧਿਕਾਰੀ ਇਹ ਵੀ ਜਾਣਦੇ ਸਨ ਕਿ ਡੇਰਾ ਮੁਖੀ ਦੇ ਖ਼ਿਲਾਫ਼ ਅਦਾਲਤੀ ਫ਼ੈਸਲਾ ਦਿੱਤੇ ਜਾਣ ਦੇ ਖ਼ਦਸ਼ਿਆਂ ਦੇ ਮੱਦੇਨਜ਼ਰ ਡੇਰਾ ਪ੍ਰਬੰਧਕਾਂ ਵਲੋਂ ਵਿਉਂਤਬੱਧ ਹਿੰਸਾ ਦੀ ਪੂਰੀ ਤਿਆਰੀ ਕੀਤੀ ਗਈ ਹੈ ਅਤੇ ਖੁਫ਼ੀਆ ਏਜੰਸੀਆਂ ਕੋਲ ਇਸ ਦੀਆਂ ਵਿਸਤਾਰਤ ਰਿਪੋਰਟਾਂ ਸਨ। ਇਸ ਦੇ ਬਾਵਜੂਦ ਵੱਡੇ ਇਕੱਠ ਹੋਣ ਤੋਂ ਰੋਕਣ ਦੀ ਕੋਈ ਕਾਰਗਰ ਪੇਸ਼ਬੰਦੀ ਨਹੀਂ ਕੀਤੀ ਗਈ। ਇਸ ਨਰਮਗੋਸ਼ੇ ਦਾ ਨੋਟਿਸ ਲੈ ਕੇ ਹਾਈਕੋਰਟ ਵਲੋਂ ਖਿਚਾਈ ਕੀਤੇ ਜਾਣ ਤੋਂ ਬਾਅਦ ਵੀ ਪੁਲਿਸ ਵਲੋਂ ਲਗਾਏ ਨਾਕਿਆਂ ਉਪਰ ਚੈਕਿੰਗ ਨਾਮਨਿਹਾਦ ਹੀ ਸੀ। ਇਸ ਤੋਂ ਜ਼ਾਹਿਰ ਹੈ ਕਿ ਮਨੋਹਰ ਲਾਲ ਖੱਟਰ ਸਰਕਾਰ ਸਮੇਤ ਪੂਰਾ ਸੰਘ ਬ੍ਰਿਗੇਡ ਜ਼ਾਹਰਾ ਤੌਰ ‘ਤੇ ਡੇਰੇ ਦੀ ਨਾਰਾਜ਼ਗੀ ਨਾ ਸਹੇੜਨ ਅਤੇ ਡੇਰਾ ਮੁਖੀ ਨੂੰ ਭਰਮਾ-ਪਤਿਆ ਕੇ ਕਟਹਿਰੇ ਵਿਚ ਲਿਆਉਣ ਦੀ ਸੋਚੀ-ਸਮਝੀ ਨੀਤੀ ‘ਤੇ ਚੱਲ ਰਿਹਾ ਸੀ। ਇਸ ਵਿਚ ਉਹ ਕਾਮਯਾਬ ਵੀ ਹੋਇਆ। ਜਦੋਂ ਅਦਾਲਤ ਵਲੋਂ ਕਸੂਰਵਾਰ ਕਰਾਰ ਦਿੱਤੇ ਜਾਣ ‘ਤੇ ਹਜੂਮ ਵਲੋਂ ਥਾਂ-ਥਾਂ ਹਿੰਸਾ ਕੀਤੀ ਗਈ ਤਾਂ ਉਸ ਨੂੰ ਦਬਾਉਣ ਲਈ ਪੁਲਿਸ ਅਤੇ ਸੁਰੱਖਿਆ ਬਲਾਂ ਵਲੋਂ ਕੀਤੀ ਬੇਤਹਾਸ਼ਾ ਗੋਲੀਬਾਰੀ ਨੇ 31 ਜਣਿਆਂ ਦੀ ਜਾਨ ਲੈ ਲਈ। ਇਸ ਜਾਨੀ ਨੁਕਸਾਨ ਨੂੰ ਰੋਕਿਆ ਜਾ ਸਕਦਾ ਸੀ। ਇਸ ਦੇ ਕੋਈ ਵੀ ਸਪਸ਼ਟੀਕਰਨ ਦਿੱਤੇ ਜਾਣ ਨਾਲ ਨਾ ਖੱਟਰ ਸਰਕਾਰ ਇਸ ਜੁਰਮ ਤੋਂ ਬਰੀ ਹੋ ਸਕਦੀ ਹੈ, ਨਾ ਡੇਰੇ ਦੇ ਪ੍ਰਬੰਧਕ। ਹਿੰਸਾ ਤੋਂ ਬਾਅਦ ਮੁੱਖ ਮੰਤਰੀ ਖੱਟਰ ਦਾ ਬਿਆਨ ਸਰਕਾਰ ਦੀ ਨੀਅਤ ਅਤੇ ਸੋਚੀ-ਸਮਝੀ ਨੀਤੀ ਨੂੰ ਹੋਰ ਸਪਸ਼ਟ ਕਰਦਾ ਹੈ ਜਿਸ ਵਿਚ ਉਸ ਨੇ ਦਾਅਵਾ ਕੀਤਾ ਕਿ ਹਿੰਸਾ ਡੇਰਾ ਪ੍ਰੇਮੀਆਂ ਨੇ ਨਹੀਂ, ਸਗੋਂ ‘ਸ਼ਰਾਰਤੀ ਅਨਸਰਾਂ’ ਵਲੋਂ ਕੀਤੀ ਗਈ ਹੈ; ਜਦਕਿ ਡੇਰੇ ਦੇ ਉਘੇ ਚਿਹਰੇ ਸਾੜਫੂਕ ਕਰ ਰਹੇ ਹਜੂਮਾਂ ਕੋਲ ਚੁੱਪਚਾਪ ਖੜ੍ਹੇ ਤਮਾਸ਼ਾ ਦੇਖ ਰਹੇ ਸਨ, ਇਸ ਦੇ ਵੀਡੀਓ ਕਲਿਪ ਟੀæਵੀæ ਚੈਨਲਾਂ ਉਪਰ ਵਾਰ-ਵਾਰ ਪ੍ਰਸਾਰਤ ਹੋ ਚੁੱਕੇ ਹਨ। ਸਵਾਲ ਇਹ ਹੈ ਕਿ ਖੱਟਰ ਨੇ ਕਿਸ ਆਧਾਰ ‘ਤੇ ਫਟਾਫਟ ‘ਸ਼ਰਾਰਤੀ ਅਨਸਰਾਂ’ ਦੀ ਸ਼ਨਾਖ਼ਤ ਕਰ ਲਈ ਜਿਹੜੇ ਡੇਰਾ ਪ੍ਰੇਮੀ ਨਹੀਂ ਸਨ?
ਜਿਥੋਂ ਤਕ ਸਰਕਾਰੀ ਅਤੇ ਨਿੱਜੀ ਜਾਇਦਾਦਾਂ ਦੀ ਵਿਆਪਕ ਸਾੜਫੂਕ ਦਾ ਨੋਟਿਸ ਲੈ ਕੇ ਹਾਈਕੋਰਟ ਦਾ ਇਸ ਦੀ ਹਰਜਾਨਾ ਪੂਰਤੀ ਡੇਰੇ ਦੀਆਂ ਜਾਇਦਾਦਾਂ ਦੀ ਕੁਰਕੀ ਦੁਆਰਾ ਕਰਨ ਦਾ ਸਵਾਲ ਹੈ, ਇਹ ਫ਼ੈਸਲਾ ਤਾਂ ਸਹੀ ਹੈ, ਪਰ ਪੁਲਿਸ ਵਲੋਂ ਕੀਤੀ ਵਿਆਪਕ ਵੀਡੀਓਗ੍ਰਾਫ਼ੀ ਦੇ ਆਧਾਰ ‘ਤੇ ਆਉਣ ਵਾਲੇ ਦਿਨਾਂ ਵਿਚ ਸਾਧਾਰਨ ਸ਼ਰਧਾਲੂਆਂ ਦੀ ਖਿੱਚਧੂਹ ਕੀਤੇ ਜਾਣ ਦੀ ਚੋਖੀ ਸੰਭਾਵਨਾ ਵੀ ਹੈ ਜਿਨ੍ਹਾਂ ਨੂੰ ਡੇਰੇ ਦੇ ਪ੍ਰਬੰਧਕਾਂ ਵਲੋਂ ਉਕਸਾ ਕੇ ਅਤੇ ਲਾਮਬੰਦ ਕਰ ਕੇ ਲਿਆਂਦਾ ਗਿਆ ਸੀ। ਹਿੰਸਾ ਦੇ ਅਸਲ ਸਾਜ਼ਿਸ਼ਘਾੜੇ ਬਾਰਸੂਖ਼ ਪ੍ਰਬੰਧਕ ਮਹਿਫ਼ੂਜ਼ ਰਹਿਣਗੇ ਅਤੇ ਸਾਧਾਰਨ ਸ਼ਰਧਾਲੂਆਂ ਨੂੰ ਪੁਲਿਸ ਹੱਥੋਂ ਲੁੱਟ ਅਤੇ ਖੱਜਲਖ਼ੁਆਰੀ ਦਾ ਸਾਹਮਣਾ ਕਰਨਾ ਪਵੇਗਾ ਜਿਨ੍ਹਾਂ ਵਿਚ ਮੁੱਖ ਤੌਰ ‘ਤੇ ਕਿਰਤੀ ਅਤੇ ਦੱਬੇਕੁਚਲੇ ਲੋਕ ਹਨ; ਜੋ ਥੁੜ੍ਹਾਂ ਮਾਰੀ ਸੰਤਾਪੀ ਜ਼ਿੰਦਗੀ ਦੀ ਮਾਯੂਸੀ ਵਿਚੋਂ ਡੇਰਿਆਂ ਦੇ ਜਾਲ ਵਿਚ ਫਸਦੇ ਹਨ।