ਨਵੀਂ ਦਿੱਲੀ: ਰਾਮ ਜਨਮ-ਭੂਮੀ ਮਾਮਲੇ ਵਿਚ ਸ਼ੀਆ ਵਕਫ ਬੋਰਡ ਨੇ ਸੁਪਰੀਮ ਕੋਰਟ ‘ਚ ਹਲਫਨਾਮਾ ਦਾਇਰ ਕਰ ਦਿੱਤਾ ਹੈ। ਹਲਫਨਾਮੇ ‘ਚ ਸ਼ੀਆ ਵਕਫ ਨੇ ਕਿਹਾ ਕਿ ਅਯੁਧਿਆ ਵਿਚ ਝਗੜੇ ਵਾਲੀ ਜਗ੍ਹਾ ‘ਤੇ ਰਾਮ ਮੰਦਿਰ ਦਾ ਨਿਰਮਾਣ ਕੀਤਾ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਮਸਜਿਦ ਦਾ ਨਿਰਮਾਣ ਨੇੜੇ ਹੀ ਸਥਿਤ ਮੁਸਲਿਮ ਬਹੁ-ਗਿਣਤੀ ਇਲਾਕੇ ਵਿਚ ਹੋਵੇ, ਜਦੋਂ ਕਿ ਸ਼ੀਆ ਵਕਫ ਬੋਰਡ ਦੇ ਮਸ਼ਵਰੇ ਨਾਲ ਸੁੰਨੀ ਵਕਫ ਬੋਰਡ ਸਹਿਮਤ ਨਹੀਂ ਹੈ।
ਅਸਲ ਵਿਚ ਸ਼ੀਆ ਵਕਫ ਬੋਰਡ ਝਗੜੇ ਵਾਲੀ ਜਗ੍ਹਾ ‘ਤੇ ਮੰਦਿਰ ਬਣਾਏ ਜਾਣ ਦੀ ਗੱਲ ਖੁੱਲ੍ਹੇ ਤੌਰ ‘ਤੇ ਕਹਿੰਦਾ ਰਿਹਾ ਹੈ। ਸ਼ੀਆ ਵਕਫ ਬੋਰਡ ਵੱਲੋਂ ਸੁਪਰੀਮ ਕੋਰਟ ਵਿਚ ਦਾਇਰ ਕੀਤੇ ਹਲਫਨਾਮੇ ਵਿਚ ਬੋਰਡ ਦੇ ਮੁਖੀ ਵਸੀਮ ਰਿਜ਼ਵੀ ਨੇ ਕਿਹਾ ਕਿ ਜੇਕਰ ਝਗੜੇ ਵਾਲੀ ਜਗ੍ਹਾ ‘ਤੇ ਮੰਦਿਰ ਅਤੇ ਮਸਜਿਦ ਦੋਵਾਂ ਦਾ ਨਿਰਮਾਣ ਕੀਤਾ ਜਾਂਦਾ ਹੈ ਤਾਂ ਇਸ ਨਾਲ ਦੋਵੇਂ ਭਾਈਚਾਰਿਆਂ ਵਿਚ ਸੰਘਰਸ਼ ਦੀ ਸੰਭਾਵਨਾ ਬਣੀ ਰਹੇਗੀ ਅਤੇ ਇਸ ਤੋਂ ਬਚਿਆ ਜਾਣਾ ਚਾਹੀਦਾ ਹੈ। ਇਸ ਲਈ ਝਗੜੇ ਵਾਲੀ ਜਗ੍ਹਾ ‘ਤੇ ਰਾਮ ਮੰਦਿਰ ਦਾ ਨਿਰਮਾਣ ਕੀਤਾ ਜਾਵੇ ਅਤੇ ਝਗੜੇ ਵਾਲੀ ਜਗ੍ਹਾ ਤੋਂ ਥੋੜ੍ਹੀ ਦੂਰ ਮੁਸਲਿਮ ਬਹੁ-ਗਿਣਤੀ ਇਲਾਕੇ ‘ਚ ਮਸਜਿਦ ਦਾ ਨਿਰਮਾਣ ਕੀਤਾ ਜਾਵੇ।
ਰਿਜ਼ਵੀ ਨੇ ਕਿਹਾ ਕਿ ਉਨ੍ਹਾਂ ਕੋਲ 1946 ਤੱਕ ਝਗੜੇ ਵਾਲੀ ਜਗ੍ਹਾ ਦਾ ਕਬਜ਼ਾ ਸੀ ਅਤੇ ਸ਼ੀਆ ਦੇ ਮਾਲਕ ਹੁੰਦੇ ਸਨ ਪਰ ਬਰਤਾਨੀਆ ਸਰਕਾਰ ਨੇ ਇਸ ਜ਼ਮੀਨ ਨੂੰ ਸੁੰਨੀ ਵਕਫ ਬੋਰਡ ਨੂੰ ਦੇ ਦਿੱਤਾ ਸੀ। ਬੋਰਡ ਨੇ ਕਿਹਾ ਕਿ ਬਾਬਰੀ ਮਸਜਿਦ ਬਣਾਉਣ ਵਾਲੇ ਮੀਰ ਬਕੀ ਵੀ ਸ਼ੀਆ ਸਨ ਅਤੇ ਇਸ ਲਈ ਇਸ ‘ਤੇ ਸਾਡਾ ਪਹਿਲਾਂ ਹੱਕ ਬਣਦਾ ਹੈ।