ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਮੁੱਖ ਸਕੱਤਰ ਹਰਚਰਨ ਸਿੰਘ ਨੇ ਅਹੁਦਾ ਛੱਡਿਆ

ਫਤਿਹਗੜ੍ਹ ਸਾਹਿਬ: ਨਿਯੁਕਤੀ ਸਮੇਂ ਵਿਵਾਦਾਂ ਵਿਚ ਰਹੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਹਰਚਰਨ ਸਿੰਘ ਨੇ ਅਸਤੀਫਾ ਦੇ ਦਿੱਤਾ ਹੈ। ਸ਼੍ਰੋਮਣੀ ਕਮੇਟੀ ਨੇ ਸਖਤ ਵਿਰੋਧ ਦੇ ਬਾਵਜੂਦ ਉਨ੍ਹਾਂ ਨੂੰ ਮੋਟੀ ਤਨਖਾਹ ਉਤੇ ਨਿਯੁਕਤ ਕੀਤਾ ਸੀ। ਹੁਣ ਅਚਾਨਕ ਉਨ੍ਹਾਂ ਦੇ ਅਸਤੀਫੇ ਤੋਂ ਸਭ ਹੈਰਾਨ ਹਨ। ਸ੍ਰੀ ਹਰਚਰਨ ਸਿੰਘ 26 ਅਗਸਤ 2015 ਨੂੰ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਨਿਯੁਕਤ ਕੀਤੇ ਗਏ ਸਨ।

ਨਿਯੁਕਤੀ ਸਮੇਂ ਉਨ੍ਹਾਂ ਨੂੰ ਤਿੰਨ ਲੱਖ ਰੁਪਏ ਪ੍ਰਤੀ ਮਹੀਨਾ ਤਨਖਾਹ, ਰਿਹਾਇਸ਼ ਅਤੇ ਆਵਾਜਾਈ ਲਈ ਵਾਹਨ ਦੀਆਂ ਸੇਵਾਵਾਂ ਮੁਹੱਈਆ ਕਰਵਾਈਆਂ ਗਈਆਂ ਸਨ। ਉਨ੍ਹਾਂ ਪਹਿਲੀ ਮਾਰਚ 2017 ਨੂੰ ਤਨਖਾਹ ਘਟਾ ਕੇ ਇਕ ਲੱਖ ਰੁਪਏ ਲੈਣ ਦਾ ਐਲਾਨ ਕੀਤਾ ਸੀ। ਜ਼ਿਕਰਯੋਗ ਹੈ ਕਿ ਮੁੱਖ ਸਕੱਤਰ ਦੀ ਨਿਯੁਕਤੀ ਸਮੇਂ ਸਿੱਖ ਸਦਭਾਵਨਾ ਦਲ ਵੱਲੋਂ ਰੋਸ ਵਿਖਾਵਾ ਕੀਤਾ ਗਿਆ ਸੀ। ਸ਼੍ਰੋਮਣੀ ਅਕਾਲੀ ਦਲ 1920 ਵੱਲੋਂ ਫੈਸਲੇ ਨੂੰ ਅਦਾਲਤ ਵਿਚ ਚੁਣੌਤੀ ਵੀ ਦਿੱਤੀ ਗਈ ਸੀ ਜੋ ਵਿਚਾਰ ਅਧੀਨ ਹੈ। ਸਿੱਖ ਜਥੇਬੰਦੀਆਂ ਨੇ ਦੋਸ਼ ਲਾਇਆ ਸੀ ਕਿ ਉਮਰ ਸਬੰਧੀ ਸ਼ਰਤ ਅਤੇ ਵੱਧ ਤੋਂ ਵੱਧ ਤਨਖਾਹ ਦੇ ਨਿਯਮਾਂ ਨੂੰ ਛਿੱਕੇ ਟੰਗ ਦਿੱਤਾ ਗਿਆ ਹੈ।
ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੇ ਹਰਚਰਨ ਸਿੰਘ ਵੱਲੋਂ ਸਵੈ-ਇੱਛਤ ਤੌਰ ‘ਤੇ ਸੇਵਾ ਤਿਆਗਣ ਦੀ ਕੀਤੀ ਬੇਨਤੀ ਨੂੰ ਪ੍ਰਵਾਨ ਕਰ ਲਿਆ ਹੈ। ਦਰਅਸਲ, ਫਤਿਹਗੜ੍ਹ ਸਾਹਿਬ ਵਿਚ ਗਿਆਨੀ ਗੁਰਮੁਖ ਸਿੰਘ ਯਾਦਗਾਰੀ ਹਾਲ ਵਿਚ ਸ਼੍ਰੋਮਣੀ ਕਮੇਟੀ ਦੀ ਮੀਟਿੰਗ ਹੋਈ। ਇਸ ਵਿਚ ਕਈ ਮੁੱਦਿਆਂ ਉਤੇ ਵਿਚਾਰ-ਚਰਚਾ ਕੀਤੀ ਗਈ ਤੇ ਫੈਸਲੇ ਲਏ ਗਏ। ਇਸ ਦੌਰਾਨ ਹੀ ਹਰਚਰਨ ਸਿੰਘ ਨੇ ਅਸਤੀਫਾ ਸੌਂਪਿਆਂ ਜਿਸ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨੇ ਸਵੀਕਾਰ ਕਰ ਲਿਆ। ਮੀਟਿੰਗ ਦੀ ਜਾਣਕਾਰੀ ਦਿੰਦਿਆਂ ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਬੀਤੇ ਦਿਨੀਂ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਇਤਰਾਜ਼ਯੋਗ ਹਾਲਤ ਵਿਚ ਫੜੇ ਕਮੇਟੀ ਮੁਲਾਜ਼ਮਾਂ ਨੂੰ ਸ੍ਰੀ ਅਕਾਲ ਤਖਤ ਨੇ ਮੁਅੱਤਲ ਕਰ ਦਿੱਤਾ ਹੈ। ਉਨ੍ਹਾਂ ਪਾਤੜਾਂ ਵਿਚ ਇਕ ਪੁਲਿਸ ਮੁਲਾਜ਼ਮ ਵੱਲੋਂ ਸਿੱਖ ਲੜਕੀ ਨਾਲ ਛੇੜਛਾੜ ਤੇ ਅੰਬਾਲਾ ‘ਚ ਕੁੱਟਮਾਰ ਦਾ ਸ਼ਿਕਾਰ ਹੋਏ ਸਿੱਖ ਨੌਜਵਾਨ ਨੂੰ ਪੂਰੀ ਮਦਦ ਦੇਣ ਦਾ ਫੈਸਲਾ ਕੀਤਾ ਹੈ। ਪ੍ਰੋæ ਬਡੂੰਗਰ ਨੇ ਕਿਹਾ ਕਿ ਆਨੰਦ ਮੈਰਿਜ ਐਕਟ ਪ੍ਰਤੀ ਜਾਗਰੂਕਤਾ ਵਧਾਉਣ ਲਈ ਇਸ ਨੂੰ ਧਰਮ ਪ੍ਰਚਾਰ ਲਹਿਰ ਦਾ ਹਿੱਸਾ ਬਣਾਇਆ ਜਾਵੇਗਾ। ਇਟਲੀ ਤੋਂ ਬਣੀ ਕਿਰਪਾਨ ਦੇ ਨਮੂਨੇ ਰੱਦ ਕਰਨ ਤੇ ਐਨæਆਰæਆਈæ ਸਿੱਖ ਬੀਬੀ ਨੂੰ ਦਰਬਾਰ ਸਾਹਿਬ ਵਿਖੇ ਕੀਰਤਨ ਕਰਨ ਦੀ ਆਗਿਆ ਨਾ ਦਿੱਤੇ ਜਾਣ ‘ਤੇ ਕਮੇਟੀ ਪ੍ਰਧਾਨ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਦਾ ਫੈਸਲਾ ਸਰਬਉਚ ਹੈ ਤੇ ਸਭ ਨੂੰ ਮੰਨਣਾ ਚਾਹੀਦਾ ਹੈ।
______________________________________
ਅਸਤੀਫਾ ਘਰੇਲੂ ਰੁਝੇਵਿਆਂ ਕਾਰਨ ਦਿੱਤਾ: ਹਰਚਰਨ
ਅੰਮ੍ਰਿਤਸਰ: ਹਰਚਰਨ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਕੁਝ ਮਹੀਨਿਆਂ ਤੋਂ ਇਹ ਸੇਵਾ ਛੱਡਣ ਬਾਰੇ ਮਨ ਬਣਾ ਰਹੇ ਸਨ ਕਿਉਂਕਿ ਕੁਝ ਘਰੇਲੂ ਰੁਝੇਵੇਂ ਅਤੇ ਅਧੂਰੇ ਪਏ ਕੰਮ ਪੂਰੇ ਕਰਨ ਵਾਲੇ ਹਨ। ਉਹ ਇਕ ਪੁਸਤਕ ਵੀ ਲਿਖ ਰਹੇ ਹਨ, ਜਿਸ ਨੂੰ ਉਹ ਪੂਰਾ ਕਰਨਗੇ। ਉਹ ਨੌਕਰੀ ਕਰਨ ਦੇ ਮੰਤਵ ਨਾਲ ਨਹੀਂ ਸਗੋਂ ਸੇਵਾ ਕਰਨ ਦੇ ਮੰਤਵ ਨਾਲ ਸ਼੍ਰੋਮਣੀ ਕਮੇਟੀ ‘ਚ ਆਏ ਸਨ।
___________________________________
ਨਵੀਂ ਅਸਾਮੀ ਬਾਰੇ ਅਜੇ ਕੋਈ ਫੈਸਲਾ ਨਹੀਂ
ਅੰਮ੍ਰਿਤਸਰ: ਹਰਚਰਨ ਸਿੰਘ ਵੱਲੋਂ ਅਸਤੀਫਾ ਦੇਣ ਮਗਰੋਂ ਇਸ ਅਸਾਮੀ ਵਾਸਤੇ ਨਵੀਂ ਭਰਤੀ ਦਾ ਕੰਮ ਠੰਢੇ ਬਸਤੇ ਵਿਚ ਜਾਣ ਦੀ ਸੰਭਾਵਨਾ ਹੈ, ਕਿਉਂਕਿ ਇਹ ਅਸਾਮੀ ਸਿੱਖ ਗੁਰਦੁਆਰਾ ਐਕਟ 1925 ਵਿਚ ਦਰਜ ਸੇਵਾ ਨਿਯਮਾਂ ‘ਚ ਸ਼ਾਮਲ ਨਹੀਂ ਹੈ। ਦੂਜੇ ਪਾਸੇ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਹੈ ਕਿ ਕਮੇਟੀ ਦੇ ਮੁੱਖ ਸਕੱਤਰ ਹਰਚਰਨ ਸਿੰਘ ਨੇ ਅਹੁਦੇ ਤੋਂ ਅਸਤੀਫਾ ਸਿਆਸੀ ਦਬਾਅ ਕਾਰਨ ਨਹੀਂ ਬਲਕਿ ਘਰੇਲੂ ਤੇ ਨਿੱਜੀ ਰੁਝੇਵਿਆਂ ਕਾਰਨ ਦਿੱਤਾ ਹੈ। ਇਹ ਮਾਮਲਾ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿੱਚ ਵਿਚਾਰਿਆ ਜਾਵੇਗਾ ਅਤੇ ਉਪਰੰਤ ਅਗਲਾ ਫੈਸਲਾ ਕੀਤਾ ਜਾਵੇਗਾ।