ਬਾਲਾ ਪ੍ਰੀਤਮ ਸਤਿਗੁਰੂ ਹਰਿ ਕ੍ਰਿਸ਼ਨ ਜੀ

ਗੋਪਾਲ ਸਿੰਘ ਪ੍ਰਿੰਸੀਪਲ
ਫੋਨ: 408-806-0286
ਸ੍ਰੀ ਗੁਰੂ ਹਰਿ ਕ੍ਰਿਸ਼ਨ ਸਿੱਖਾਂ ਦੇ ਅੱਠਵੇਂ ਗੁਰੂ ਸਨ। ਉਨ੍ਹਾਂ ਨੇ ਸ੍ਰੀ ਗੁਰੂ ਹਰਿ ਰਾਏ ਦੇ ਘਰ ਮਾਤਾ ਕ੍ਰਿਸ਼ਨ ਦੀ ਕੁਖੋਂ 7 ਜੁਲਾਈ ਸੰਨ 1656 ਨੂੰ ਕੀਰਤਪੁਰ ਸਾਹਿਬ ਵਿਖੇ ਅਵਤਾਰ ਧਾਰਿਆ। ਉਹ ਬਚਪਨ ਤੋਂ ਬਹੁਤ ਗੰਭੀਰ ਅਤੇ ਸ਼ਾਂਤ-ਚਿਤ ਸਨ। ਬਾਲ ਅਵਸਥਾ ਵਿਚ ਹੀ ਉਨ੍ਹਾਂ ਵਿਚ ਮਹਾਂ ਪੁਰਸ਼ਾਂ ਵਾਲੀ ‘ਜੋਤਿ’ ਅਤੇ ‘ਜੁਗਤਿ’ ਵਾਲੇ ਗੁਣ ਸਨ। ਗੁਰੂ ਹਰਿ ਰਾਏ ਦੀ ਸ਼ਹਿਜ਼ਾਦਾ ਦਾਰਾ ਸ਼ਿਕੋਹ (ਔਰੰਗਜ਼ੇਬ ਦਾ ਵੱਡਾ ਭਰਾ) ਨਾਲ ਮੁਲਾਕਾਤ ਦੀ ਚੁਗਲੀ ਔਰੰਗਜ਼ੇਬ ਕੋਲ ਬੜੀ ਮਾੜੀ ਨੀਅਤ ਨਾਲ ਕੀਤੀ ਗਈ। ਅਹਿਲਕਾਰਾਂ ਅਤੇ ਦਰਬਾਰੀਆਂ ਨੇ ਉਸ ਨੂੰ ਦੱਸਿਆ ਕਿ ਗੁਰੂ ਹਰਿ ਰਾਏ ਬਾਗੀ ਹੈ ਤੇ ਉਨ੍ਹਾਂ ਨੇ ਭਗੌੜੇ ਸ਼ਹਿਜ਼ਾਦੇ ਦਾਰਾ ਸ਼ਿਕੋਹ ਦੀ ਮਦਦ ਵੀ ਕੀਤੀ ਹੈ। ਨਾਲ ਇਹ ਵੀ ਕਿਹਾ ਕਿ ਸਿੱਖਾਂ ਦੇ ਗ੍ਰੰਥ ਵਿਚ ਇਸਲਾਮ ਦੀ ਤੌਹੀਨ ਕੀਤੀ ਗਈ ਹੈ।

ਔਰੰਗਜ਼ੇਬ ਨੇ ਆਪਣੇ ਦੂਤ ਰਾਹੀਂ ਗੁਰੂ ਹਰਿ ਰਾਏ ਨੂੰ ਦਿੱਲੀ ਬੁਲਾ ਭੇਜਿਆ। ਗੁਰੂ ਜੀ ਨੇ ਆਪਣੀ ਥਾਂ ਆਪਣੇ ਵੱਡੇ ਸਾਹਿਬਜ਼ਾਦੇ ਰਾਮ ਰਾਇ ਨੂੰ ਆਸ਼ੀਰਵਾਦ ਦੇ ਕੇ ਭੇਜ ਦਿੱਤਾ ਤੇ ਕਿਹਾ, ਬੇਟਾ ਜੀ! ਜਦੋਂ ਤੱਕ ਗੁਰੂ ਨਾਨਕ ਦੇ ਦਿੱਤੇ ਉਪਦੇਸ਼ਾਂ ‘ਤੇ ਚੱਲ ਕੇ ਬਾਦਸ਼ਾਹ ਦੇ ਸਵਾਲਾਂ ਦਾ ਜਵਾਬ ਦੇਵੋਗੇ ਅਤੇ ਹੁਕਮ ਦੀ ਉਲੰਘਣਾ ਨਹੀਂ ਕਰੋਗੇ, ਤਦ ਤੱਕ ਗੁਰੂ ਨਾਨਕ ਤੁਹਾਡੇ ਅੰਗ ਸੰਗ ਹੋਵੇਗਾ, ਗੁਰੂ ਦੇ ਹੁਕਮ ਤੋਂ ਬੇਮੁਖ ਨਹੀਂ ਹੋਣਾ। ਗੁਰੂ ਹਰਿ ਰਾਏ ਨੇ ਦਰਗਾਹ ਮੱਲ ਨੂੰ ਨਾਲ ਜਾਣ ਲਈ ਕਿਹਾ। ਬਾਬਾ ਰਾਮ ਰਾਇ 30 ਮਾਰਚ ਸੰਨ 1660 ਨੂੰ ਕੀਰਤਪੁਰ ਤੋਂ ਦਿੱਲੀ ਲਈ ਰਵਾਨਾ ਹੋਏ ਤੇ ਸ਼ਹਿਰ ਦੇ ਬਾਹਰ ਜਮਨਾ ਦੇ ਕੰਢੇ ਡੇਰੇ ਲਾਏ।
ਬਾਦਸ਼ਾਹ ਔਰੰਗਜ਼ੇਬ ਹਮੇਸ਼ਾ ਚਾਹੁੰਦਾ ਸੀ ਕਿ ਜੇ ਕੋਈ ਵਲੀ ਫਕੀਰ ਮਿਲਣ ਆਵੇ ਤਾਂ ਆਪਣੀ ਕੋਈ ਕਰਾਮਾਤ ਵਿਖਾਵੇ। ਰਾਮ ਰਾਇ ਨੇ ਬਾਦਸ਼ਾਹ ਨੂੰ ਖੁਸ਼ ਕਰਨ ਲਈ 72 ਕਰਾਮਾਤਾਂ ਵਿਖਾਈਆਂ। ਉਹ ਆਪਣੀ ਹੱਦ ਉਦੋਂ ਲੰਘ ਗਿਆ ਜਦੋਂ ਉਸ ਨੇ ਗੁਰੂ ਗ੍ਰੰਥ ਸਾਹਿਬ ਦੀ ਇਕ ਤੁਕ ਦਾ ਗਲਤ ਪਾਠ ਕੀਤਾ ਅਤੇ ‘ਮੁਸਲਮਾਨ’ ਸ਼ਬਦ ਦੀ ਥਾਂ ਬੇਈਮਾਨ ਪੜ੍ਹ ਦਿੱਤਾ। ਨਾਲ ਗਏ ਸਿੱਖਾਂ- ਦਰਗਾਹ ਮੱਲ, ਗੁਰਦਾਸ, ਮਨੀ ਰਾਮ ਤੇ ਕਲਿਆਣਾ ਨੇ ਸਾਹਿਬਜ਼ਾਦੇ ਦੀ ਇਸ ਬੇਬਾਕੀ ਦੀ ਨਿੰਦਿਆ ਕੀਤੀ ਅਤੇ ਫੌਰਨ ਗੁਰੂ ਹਰਿ ਰਾਏ ਨੂੰ ਲਿਖੇ ਪੱਤਰ ਵਿਚ ਰਾਮ ਰਾਇ ਉਤੇ ਬਾਣੀ ਨੂੰ ਵਿਗਾੜਨ ਦਾ ਦੋਸ਼ ਲਾਇਆ। ਗੁਰੂ ਹਰਿ ਰਾਏ, ਰਾਮ ਰਾਇ ਦੀ ਇਸ ਕਰਤੂਤ ਤੋਂ ਬਹੁਤ ਗੁੱਸੇ ਹੋਏ ਤੇ ਲਿਖ ਭੇਜਿਆ ਕਿ ਤੂੰ ਗੁਰੂ ਬਾਣੀ ਨੂੰ ਬਦਲ ਕੇ ਘੋਰ ਪਾਪ ਕੀਤਾ ਹੈ ਜੋ ਬਖਸ਼ਿਆ ਨਹੀਂ ਜਾ ਸਕਦਾ। ਉਨ੍ਹਾਂ ਰਾਮ ਰਾਇ ਨੂੰ ਛੇਕ ਦਿੱਤਾ ਅਤੇ ਕਿਹਾ ਕਿ ‘ਤੂੰ ਹੁਣ ਜਿਥੇ ਚਾਹੇ ਜਾਹ, ਪਰ ਮੈਨੂੰ ਆਪਣਾ ਮੂੰਹ ਨਾ ਵਿਖਾਈਂ।’
ਗੁਰੂ ਹਰਿ ਰਾਏ ਨੇ ਆਪਣੇ ਛੋਟੇ ਸਪੁੱਤਰ ਹਰਿ ਕ੍ਰਿਸ਼ਨ ਨੂੰ ਗੱਦੀ ਦੇਣਾ ਯੋਗ ਸਮਝਿਆ। ਗੁਰੂ ਜੀ ਨੇ ਆਪਣੇ ਸਿੰਘਾਸਨ ‘ਤੇ ਉਨ੍ਹਾਂ ਨੂੰ ਬਿਠਾਇਆ, ਉਨ੍ਹਾਂ ਦੇ ਗੁਰੂ ਬਣ ਜਾਣ ਦਾ ਐਲਾਨ ਕੀਤਾ ਅਤੇ ਸਿੱਖਾਂ ਨੂੰ ਹੁਕਮ ਕੀਤਾ ਕਿ ਇਸ ਨੂੰ ਹੀ ਮੇਰਾ ਰੂਪ ਕਰ ਕੇ ਜਾਣਨ। ਸਾਰੀ ਸੰਗਤ ਨੇ ਨਵੇਂ ਗੁਰੂ ਨੂੰ ਮੱਥਾ ਟੇਕਿਆ।
ਇਸ ਤੋਂ ਅਗਲੇ ਦਿਨ 6 ਅਕਤੂਬਰ 1661 ਨੂੰ ਗੁਰੂ ਹਰਿ ਰਾਏ ਜੋਤੀ ਜੋਤ ਸਮਾ ਗਏ। ਗੁਰੂ ਹਰਿ ਕ੍ਰਿਸ਼ਨ ਨੇ ਸੰਗਤਾਂ ਨੂੰ ਧੀਰਜ ਦਿੱਤਾ ਤੇ ਕਿਹਾ ਕਿ ਨਿਰਾਸ਼ ਨਾ ਹੋਣ, ਵਾਹਿਗੁਰੂ ਦੇ ਭਾਣੇ ਨੂੰ ਮੰਨਣ। ਜਿਉਂ ਜਿਉਂ ਸਮਾਂ ਬੀਤਦਾ ਗਿਆ, ਦੂਰੋਂ ਨੇੜਿਓਂ ਸੰਗਤਾਂ ਆਉਣ ਲੱਗੀਆਂ। ਗੁਰੂ ਜੀ ਉਮਰ ਵਿਚ ਛੋਟੇ ਸਨ, ਪਰ ਸਿਆਣਪ ਵਿਚ ਭਰਵੇਂ। ਜੋ ਵੀ ਦਰਸ਼ਨ ਕਰਨ ਆਉਂਦੇ, ਸਤਿ ਗਿਆਨ ਪ੍ਰਾਪਤ ਕਰ ਕੇ ਜਾਂਦੇ। ਉਨ੍ਹਾਂ ਅੰਦਰ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਕਰਨ ਦੀ ਅਦੁੱਤੀ ਯੋਗਤਾ ਸੀ। ਉਹ ਸੰਗਤਾਂ ਨੂੰ ਇਕ ਅਕਾਲ ਪੁਰਖ ਨਾਲ ਜੁੜਨ ਦੀ ਪ੍ਰੇਰਨਾ ਦਿੰਦੇ ਅਤੇ ਦਇਆ, ਸੰਤੋਖ ਤੇ ਮਾਨਵ ਪ੍ਰੇਮ ਦੇ ਗੁਣ ਅਪਨਾਉਣ ਦਾ ਉਪਦੇਸ਼ ਦਿੰਦੇ। ਉਨ੍ਹਾਂ ਗੁਰੂਆਂ ਦੀ ਸਿੱਖਿਆ ਨੂੰ ਜਾਰੀ ਰੱਖਿਆ ਅਤੇ ਉਨ੍ਹਾਂ ਵੱਲੋਂ ਦਿੱਤੇ ਵਿਰਸੇ ਨੂੰ ਸੰਭਾਲੀ ਰੱਖਿਆ।
ਭਾਈ ਸੰਤੋਖ ਸਿੰਘ ਲਿਖਦੇ ਹਨ, “ਜਿਵੇਂ ਸਵੇਰ ਦਾ ਸੂਰਜ ਵੇਖਣ ਵਿਚ ਛੋਟਾ ਹੁੰਦਾ ਹੈ, ਪਰ ਉਸ ਦਾ ਚਾਨਣ ਸਾਰੇ ਸੰਸਾਰ ਨੂੰ ਰੋਸ਼ਨ ਕਰ ਦਿੰਦਾ ਹੈ, ਤਿਵੇਂ ਗੁਰੂ ਹਰਿ ਕ੍ਰਿਸ਼ਨ ਦੀ ਪ੍ਰਸਿੱਧੀ ਬੇਅੰਤ ਸੀ।”
ਸ੍ਰੀ ਗੁਰੂ ਹਰਿ ਕ੍ਰਿਸ਼ਨ ਦੀ ਆਦਰਸ਼ਕ ਜ਼ਿੰਦਗੀ ਦੀ ਸਫਲਤਾ ਦਾ ਰਾਜ਼ ਇਹ ਸੀ ਕਿ ਉਨ੍ਹਾਂ ਗੁਰੂ ਨਾਨਕ ਦੇ ਮਿਸ਼ਨ ਨੂੰ ਅੱਗੇ ਚਲਾਉਂਦਿਆਂ ਔਰੰਗਜ਼ੇਬ ਦੇ ਜ਼ੁਲਮ ਅੱਗੇ ਝੁਕਣਾ ਪਰਵਾਨ ਨਾ ਕੀਤਾ। ਛੋਟੀ ਉਮਰੇ ਗੁਰੂ ਬਣਨ ਕਾਰਨ ਅਤੇ ਘੱਟ ਸਮਾਂ ਗੁਰੂ ਰਹਿਣ ਕਾਰਨ ਉਨ੍ਹਾਂ ਨੂੰ ‘ਬਾਲਾ ਪ੍ਰੀਤਮ ਗੁਰੂ’ ਜਾਂ ‘ਬਾਲ ਸੰਤ’ ਕਹਿ ਕੇ ਜਾਣਿਆ ਜਾਂਦਾ ਹੈ।
ਗੁਰੂ ਹਰਿ ਕ੍ਰਿਸ਼ਨ ਨੂੰ ਜਦੋਂ ਗੁਰਿਆਈ ਮਿਲੀ ਤਾਂ ਉਨ੍ਹਾਂ ਦੇ ਵੱਡੇ ਭਰਾ ਰਾਮ ਰਾਇ ਨੇ ਬਹੁਤ ਬੁਰਾ ਮਨਾਇਆ ਅਤੇ ਗਲਤ ਸ਼ਬਦ ਵੀ ਉਨ੍ਹਾਂ ਖਿਲਾਫ ਆਖੇ। ਰਾਮ ਰਾਇ ਦਾ ਵਿਚਾਰ ਸੀ ਕਿ ਗੁਰਗੱਦੀ ਉਨ੍ਹਾਂ ਨੂੰ ਮਿਲਣੀ ਚਾਹੀਦੀ ਹੈ, ਕਿਉਂਕਿ ਉਹ ਗੁਰੂ ਹਰਿ ਰਾਏ ਦੇ ਵੱਡੇ ਸਪੁੱਤਰ ਹਨ। ਉਸ ਨੇ ਪ੍ਰਿਥੀਏ ਵਾਂਗ ਆਪਣੇ ਛੋਟੇ ਭਰਾ ਸ੍ਰੀ ਹਰਿ ਕ੍ਰਿਸ਼ਨ ਖਿਲਾਫ ਸਾਜ਼ਿਸ਼ ਕਰਨੀ ਸ਼ੁਰੂ ਕਰ ਦਿੱਤੀ। ਰਾਮ ਰਾਇ ਨੇ ਭ੍ਰਿਸ਼ਟ ਅਤੇ ਬੇਈਮਾਨ ਮਸੰਦਾਂ ਨਾਲ ਰਲ ਕੇ ਆਪਣੇ ਆਪ ਨੂੰ ਸਿੱਖਾਂ ਦਾ ਅਸਲੀ ਗੁਰੂ ਹੋਣ ਦਾ ਐਲਾਨ ਕਰ ਦਿੱਤਾ। ਜਦੋਂ ਸੱਭੇ ਕੋਸ਼ਿਸ਼ਾਂ ਅਸਫਲ ਰਹੀਆਂ ਤਾਂ ਉਸ ਨੇ ਔਰੰਗਜ਼ੇਬ ਕੋਲ ਸ਼ਿਕਾਇਤ ਕਰ ਦਿੱਤੀ ਕਿ ਗੁਰਗੱਦੀ ਦਾ ਅਸਲੀ ਵਾਰਿਸ ਉਹ ਹੈ। ਔਰੰਗਜ਼ੇਬ ਵੀ ਇਹੋ ਚਾਹੁੰਦਾ ਸੀ ਕਿ ‘ਸਿੱਖ ਲਹਿਰ’ ਨੂੰ ਕਿਵੇਂ ਨਾ ਕਿਵੇਂ ਕਮਜ਼ੋਰ ਕੀਤਾ ਅਤੇ ਦਬਾਇਆ ਜਾਵੇ।
ਔਰੰਗਜ਼ੇਬ ਕੋਈ ਸਖਤ ਕਦਮ ਚੁਕਣਾ ਵਾਜਬ ਨਹੀਂ ਸੀ ਸਮਝਦਾ। ਉਸ ਨੂੰ ਆਪਣੇ ਮਿਸ਼ਨ (ਪੰਜਾਬ ਵਿਚ ਇਸਲਾਮ ਦਾ ਪ੍ਰਚਾਰ) ਨੂੰ ਪੂਰਾ ਕਰਨ ਦਾ ਚੰਗਾ ਮੌਕਾ ਮਿਲ ਗਿਆ। ਰਾਮ ਰਾਇ ਨੂੰ ਗੱਦੀ ‘ਤੇ ਬਿਠਾ ਕੇ ਜਾਂ ਦੋਹਾਂ ਭਰਾਵਾਂ ਨੂੰ ਆਪਸ ਵਿਚ ਲੜਾ ਕੇ ਉਹ ਪੰਜਾਬ ਵਿਚ ਇਸਲਾਮ ਦਾ ਪ੍ਰਚਾਰ ਕਰਨ ਵਿਚ ਸਫਲ ਹੋ ਸਕਦਾ ਸੀ। ਉਸ ਦੀ ਦਿਲੀ ਮਨਸ਼ਾ ਸੀ ਕਿ ਗੁਰੂ ਹਰਿ ਕ੍ਰਿਸ਼ਨ ਨੂੰ ਦਿੱਲੀ ਬੁਲਾ ਕੇ ਉਨ੍ਹਾਂ ਨਾਲ ਗੱਲਬਾਤ ਕਰ ਕੇ, ਗੁਰਿਆਈ ਰਾਮ ਰਾਇ ਨੂੰ ਦਿਵਾ ਦਿੱਤੀ ਜਾਵੇ। ਔਰੰਗਜ਼ੇਬ ਨੇ ਸ੍ਰੀ ਗੁਰੂ ਹਰਿ ਕ੍ਰਿਸ਼ਨ ਨੂੰ ਆਪਣਾ ਕੇਸ ਪੇਸ਼ ਕਰਨ ਲਈ ਦਿੱਲੀ ਬੁਲਾਇਆ। ਗੁਰੂ ਜੀ ਨੇ ਆਪਣੇ ਪਿਤਾ ਜੀ ਦੇ ਕਹਿਣ ‘ਤੇ ‘ਕਿ ਜ਼ਾਲਮ ਬਾਦਸ਼ਾਹ ਔਰੰਗਜ਼ੇਬ ਨੂੰ ਨਹੀਂ ਮਿਲਣਾ’, ਦਿੱਲੀ ਜਾਣ ਤੋਂ ਨਾਂਹ ਕਰ ਦਿੱਤੀ। ਔਰੰਗਜ਼ੇਬ ਨੂੰ ਇਹ ਸੁਣ ਕੇ ਬਹੁਤ ਹੈਰਾਨੀ ਹੋਈ। ਉਹ ਆਪਣੇ ਉਦੇਸ਼ ਵਿਚ ਸਖਤੀ ਦੀ ਥਾਂ ਨਰਮੀ ਨਾਲ ਸਫਲ ਹੋਣਾ ਚਾਹੁੰਦਾ ਸੀ। ਉਸ ਨੂੰ ਪਤਾ ਸੀ ਕਿ ਗੁਰੂ ਅਰਜਨ ਦੇਵ ਦੀ ਸ਼ਹਾਦਤ ਅਤੇ ਗੁਰੂ ਹਰਿਗੋਬਿੰਦ ਦੀ ਨਜ਼ਰਬੰਦੀ ਕਰ ਕੇ ਸਿੱਖ ਸੰਗਤਾਂ ਅਤੇ ਆਮ ਲੋਕਾਂ ਵਿਚ ਭਾਰੀ ਰੋਸ ਸੀ। ਉਸ ਨੇ ‘ਦੰਡ ਨੀਤੀ’ ਦੀ ਥਾਂ ‘ਭੇਦ ਨੀਤੀ’ ਨੂੰ ਚੰਗਾ ਸਮਝਿਆ। ਸਿੱਖ ਸੰਗਤਾਂ ਨੇ ਗੁਰੂ ਹਰਿ ਕ੍ਰਿਸ਼ਨ ਨੂੰ ਬੇਨਤੀ ਕੀਤੀ ਕਿ ਉਹ ਔਰੰਗਜ਼ੇਬ ਨਾਲ ਬੇਸ਼ਕ ‘ਨਾ-ਮਿਲਵਰਤਣ’ ਰੱਖਣ, ਪਰ ਦਿੱਲੀ ਜਾ ਕੇ ਸਿੱਖਾਂ ਵਿਚ ਰਾਮ ਰਾਇ ਵੱਲੋਂ ਪੈਦਾ ਕੀਤੀਆਂ ਗਲਤਫਹਿਮੀਆਂ ਦੂਰ ਕਰਨ। ਉਹ ਸਿੱਖ ਸੰਗਤਾਂ ਦੀ ਇਸ ਬੇਨਤੀ ਅਤੇ ਅੰਬੇਰ ਦੇ ਰਾਜਾ ਜੈ ਸਿੰਘ ਦੇ ਸੱਦੇ ਉਤੇ ਦਿੱਲੀ ਜਾ ਕੇ ਉਸ ਦੇ ਮਹੱਲ ਵਿਚ ਠਹਿਰਨ ਲਈ ਰਜ਼ਾਮੰਦ ਹੋ ਗਏ। ਉਨ੍ਹਾਂ ਦਰਗਾਹ ਮੱਲ ਆਦਿ ਮੁਖ ਸਿੱਖਾਂ ਨੂੰ ਨਾਲ ਲੈ ਕੇ ਮਾਰਚ 1663 ‘ਚ ਦਿੱਲੀ ਵੱਲ ਕੂਚ ਕੀਤਾ।
ਗੁਰੂ ਹਰਿ ਕ੍ਰਿਸ਼ਨ ਰੋਪੜ, ਬਨੂੜ ਅਤੇ ਅੰਬਾਲੇ ਦੇ ਰਸਤੇ ਦਿੱਲੀ ਰਵਾਨਾ ਹੋਏ। ਰਸਤੇ ਵਿਚ ਜੋ ਸਿੱਖ ਦਰਸ਼ਨ ਕਰਨ ਆਉਂਦੇ, ਉਨ੍ਹਾਂ ਨੂੰ ਉਪਦੇਸ਼ ਕਰਦੇ ਗਏ। ਜਦੋਂ ਗੁਰੂ ਜੀ 60 ਮੀਲ ਦਾ ਸਫਰ ਮੁਕਾ ਕੇ ਅੰਬਾਲੇ ਦੇ ਪੰਜੋਖਰੇ ਪਹੁੰਚੇ, ਤਾਂ ਇਲਾਕੇ ਦੇ ਇਕ ਸਿੱਖ ਨੇ ਬੇਨਤੀ ਕੀਤੀ ਕਿ ਮਹਾਰਾਜ! ਪਿਛੇ ਕਾਬਲ, ਪਿਸ਼ਾਵਰ ਤੇ ਕਸ਼ਮੀਰ ਦੀਆਂ ਸੰਗਤਾਂ ਆ ਰਹੀਆਂ ਹਨ, ਤੁਸੀਂ ਇਕ ਦਿਨ ਪੰਜੋਖਰੇ ਠਹਿਰੋ। ਗੁਰੂ ਜੀ ਰਜ਼ਾਮੰਦ ਹੋ ਗਏ। ਪੰਜੋਖਰਾ ਅੰਬਾਲਾ ਰੇਲਵੇ ਸਟੇਸ਼ਨ ਤੋਂ ਛੇ ਮੀਲ ਦੂਰ ਪੂਰਬ ਵਾਲੇ ਪਾਸੇ ਪੱਕੀ ਸੜਕ ‘ਤੇ ਹੈ। ਇਸ ਪਿੰਡ ਤੋਂ ਇਕ ਫਰਲਾਂਗ ਉਤਰ-ਪੂਰਬ ਵੱਲ ਗੁਰੂ ਹਰਿ ਕ੍ਰਿਸ਼ਨ ਦਾ ਗੁਰਦੁਆਰਾ ਹੈ।
ਪੰਜੋਖਰੇ ਵਿਚ ਲਾਲ ਚੰਦ ਨਾਂ ਦਾ ਬ੍ਰਾਹਮਣ ਰਹਿੰਦਾ ਸੀ ਜਿਸ ਨੂੰ ਆਪਣੀ ਉਚੀ ਜਾਤ ਅਤੇ ਵਿਦਵਤਾ ਦਾ ਬੜਾ ਹੰਕਾਰ ਸੀ। ਉਹ ਸਿੱਖਾਂ ਨੂੰ ਸੁਣਾ ਸੁਣਾ ਕਿ ਦੁਆਪਰ ਦੇ ਅਵਤਾਰ ਕ੍ਰਿਸ਼ਨ ਨੇ ਗੀਤਾ ਲਿਖੀ, ਇਹ ਸੱਤ ਅੱਠ ਸਾਲ ਦਾ ਬਾਲ ਆਪਣੇ ਆਪ ਨੂੰ ਗੁਰੂ ਹਰਿ ਕ੍ਰਿਸ਼ਨ ਅਖਾਵਾਉਂਦਾ ਹੈ। ਜੇ ਇਸ ਵਿਚ ਸੱਚਮੁੱਚ ਕੋਈ ਆਤਮਿਕ ਸ਼ਕਤੀ ਹੈ ਤਾਂ ਗੀਤਾ ਦੇ ਕਿਸੇ ਸ਼ਲੋਕ ਦਾ ਅਰਥ ਕਰ ਕੇ ਵਿਖਾਵੇ। ਇਹ ਗੱਲ ਗੁਰੂ ਜੀ ਤੱਕ ਪਹੁੰਚ ਗਈ। ਉਸ ਪੰਡਿਤ ਨੇ ਗੁਰੂ ਸਾਹਿਬ ਨੂੰ ਆ ਵੰਗਾਰਿਆ। ਉਨ੍ਹਾਂ ਪੰਡਿਤ ਨੂੰ ਕਿਹਾ ਕਿ ਜੇ ਤੁਸੀਂ ਗੁਰੂ ਨਾਨਕ ਦੀਆਂ ਬਖਸ਼ਿਸ਼ਾਂ ਦੀ ਬਰਕਤ ਦੇਖਣੀ ਹੈ ਤਾਂ ਆਪਣੇ ਨਗਰ ਵਿਚੋਂ ਆਪ ਹੀ ਕਿਸੇ ਨੂੰ ਲੈ ਆ ਤੇ ਗੁਰੂ ਨਾਨਕ ਦੀ ਮਿਹਰ ਨਾਲ ਉਹ ਤੁਹਾਡੀ ਤਸੱਲੀ ਕਰਾ ਦੇਵੇਗਾ। ਪੰਡਿਤ, ਛੱਜੂ ਨਾਮੀ ਝਿਊਰ ਨੂੰ ਲੈ ਆਇਆ। ਗੁਰੂ ਜੀ ਨੇ ਛੱਜੂ ਨੂੰ ਇਸ਼ਨਾਨ ਕਰਵਾ ਕੇ ਉਸ ਦੇ ਸਿਰ ‘ਤੇ ਆਪਣੀ ਮਿਹਰ ਭਰੀ ਚੰਦਨ ਦੀ ਛੜੀ ਰੱਖ ਦਿੱਤੀ।
ਸਤਿਗੁਰੂ ਦੀ ਮਿਹਰ ਨਾਲ ਉਹ ਝਿਊਰ ਕਿਸੇ ਉਘੇ ਵਿਦਵਾਨ ਜਾਂ ਵਕਤਾ ਵਾਂਗ ਗੀਤਾ ਦੇ ਸ਼ਲੋਕਾਂ ਦਾ ਪਾਠ ਅਤੇ ਅਰਥ ਸੁਣਾਉਣ ਲੱਗ ਪਿਆ। ਸਭ ਹੈਰਾਨ। ਲਾਲ ਚੰਦ ਦਾ ਹੰਕਾਰ ਜਾਂਦਾ ਰਿਹਾ ਤੇ ਉਹ ਨਿਰਮਾਣਤਾ ਨਾਲ ਗੁਰੂ ਜੀ ਦੇ ਚਰਨੀਂ ਢਹਿ ਪਿਆ। ਲਾਲ ਚੰਦ ਗੁਰੂ ਗੋਬਿੰਦ ਸਿੰਘ ਸਮੇਂ ਅੰਮ੍ਰਿਤ ਛਕ ਕੇ ਸਿੰਘ ਸਜ ਗਿਆ ਅਤੇ ਲਾਲ ਚੰਦ ਤੋਂ ਲਾਲ ਸਿੰਘ ਹੋ ਗਿਆ। ਮਗਰੋਂ ਉਸ ਨੇ ਚਮਕੌਰ ਦੇ ਯੁੱਧ ਵਿਚ ਸ਼ਹੀਦੀ ਪ੍ਰਾਪਤ ਕੀਤੀ।
ਗੁਰੂ ਜੀ ਪੰਜੋਖਰੇ ਤੋਂ ਧਾਲੇਸਰ, ਕੁਰੂਕਸ਼ੇਤਰ, ਪਾਣੀਪਤ ਹੁੰਦੇ ਹੋਏ ਦਿੱਲੀ ਪਹੁੰਚੇ ਅਤੇ ਅੰਬੇਰ ਦੇ ਰਾਜਾ ਜੈ ਸਿੰਘ ਦੇ ਬੰਗਲੇ ਵਿਚ ਠਹਿਰੇ ਜਿਥੇ ਅੱਜ ਕੱਲ੍ਹ ਗੁਰਦੁਆਰਾ ਬੰਗਲਾ ਸਾਹਿਬ ਹੈ। ਗੁਰੂ ਜੀ ਦੇ ਆਗਮਨ ਦੀ ਖਬਰ ਸੁਣ ਕੇ ਦਿੱਲੀ ਦੀਆਂ ਸੰਗਤਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਹਰ ਰੋਜ਼ ਕੀਰਤਨ ਹੁੰਦਾ, ਦੀਵਾਨ ਸਜਦਾ ਤੇ ਰੂਹਾਨੀ ਵਿਚਾਰਾਂ ਹੁੰਦੀਆਂ। ਔਰੰਗਜ਼ੇਬ ਗੁਰੂ ਸਾਹਿਬ ਦੀ ਮਹਿਮਾ ਸੁਣ ਕੇ ਅਤੇ ਦਿੱਲੀ ਵਿਚ ਉਨ੍ਹਾਂ ਪ੍ਰਤੀ ਲੋਕਾਂ ਦਾ ਉਤਸ਼ਾਹ ਵੇਖ ਕੇ ਉਨ੍ਹਾਂ ਨੂੰ ਮਿਲਣ ਲਈ ਉਤਾਵਲਾ ਹੋ ਗਿਆ। ਉਸ ਨੇ ਆਪਣੇ ਸ਼ਹਿਜ਼ਾਦੇ ਮੁਅੱਜ਼ਮ ਨੂੰ ਗੁਰੂ ਜੀ ਪਾਸ ਸੰਦੇਸ਼ ਦੇ ਕੇ ਭੇਜਿਆ ਕਿ ਉਹ ਗੁਰੂ ਜੀ ਦੇ ਦਰਸ਼ਨ ਕਰਨਾ ਚਾਹੁੰਦਾ ਹੈ। ਸਤਿਗੁਰਾਂ ਨੇ ਸ਼ਹਿਜ਼ਾਦੇ ਨੂੰ ਕਿਹਾ ਕਿ ਸਾਡਾ ਪ੍ਰਣ ਹੈ ਕਿ ਅਸੀਂ ਕਿਸੇ ਬਾਦਸ਼ਾਹ ਦੇ ਮੱਥੇ ਨਹੀਂ ਲੱਗਣਾ। ਸ਼ਹਿਜ਼ਾਦਾ ਨਿਰਾਸ਼ ਹੋ ਕੇ ਮੁੜ ਗਿਆ ਅਤੇ ਔਰੰਗਜ਼ੇਬ ਕੋਲ ਜਾ ਕੇ ਗੁਰੂ ਜੀ ਦੀ ਵਧਦੀ ਮਹਿਮਾ ਬਾਰੇ ਦੱਸਿਆ।
ਇਸ ਸਮੇਂ ਦੌਰਾਨ ਰਾਜਾ ਜੈ ਸਿੰਘ ਦੀ ਰਾਣੀ ਨੇ ਗੁਰੂ ਹਰਿ ਕ੍ਰਿਸ਼ਨ ਨੂੰ ਪ੍ਰਸ਼ਾਦਾ ਛਕਾਉਣ ਲਈ ਆਪਣੇ ਮਹਿਲਾਂ ਵਿਚ ਬੁਲਾਇਆ। ਗੁਰੂ ਜੀ ਦੀ ਸ਼ਕਤੀ ਪਰਖਣ ਦੀ ਨੀਤੀ ਨਾਲ ਰਾਣੀ ਨੌਕਰਾਣੀਆਂ ਵਾਲੇ ਕੱਪੜੇ ਪਾ ਕੇ ਬਾਕੀ ਸਾਰੀਆਂ ਨੌਕਰਾਣੀਆਂ ਨਾਲ ਬੈਠ ਗਈ। ਗੁਰੂ ਜੀ ਦੇ ਪਹੁੰਚਣ ‘ਤੇ ਸਭ ਨੇ ਮੱਥਾ ਟੇਕਿਆ। ਗੁਰੂ ਜੀ ਆਪਣੀ ਚੰਦਨ ਦੀ ਛੜੀ ਹਰ ਇਕ ਦੇ ਸਿਰ ‘ਤੇ ਰੱਖ ਕੇ ਕਹਿੰਦੇ ਗਏ ਕਿ ਇਹ ਵੀ ਰਾਣੀ ਨਹੀਂ, ਇਹ ਵੀ ਰਾਣੀ ਨਹੀਂ ਤੇ ਆਖਰ ਰਾਣੀ ਦੀ ਗੋਦ ਵਿਚ ਬੈਠ ਗਏ ਤੇ ਕਿਹਾ, “ਇਹ ਰਾਣੀ ਹੈ।” ਰਾਣੀ ਗੁਰੂ ਜੀ ਤੋਂ ਬਹੁਤ ਪ੍ਰਭਾਵਿਤ ਹੋਈ ਅਤੇ ਗੁਰੂ ਜੀ ਨੂੰ ਪ੍ਰੇਮ ਨਾਲ ਪ੍ਰਸ਼ਾਦਾ ਛਕਾਇਆ ਅਤੇ ਹੀਰੇ ਜਵਾਰਾਤ ਭੇਟ ਕਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।
ਗੁਰੂ ਜੀ ਦਿੱਲੀ ਤੋਂ ਵਾਪਸ ਨਹੀਂ ਜਾ ਸਕੇ। ਇਸ ਸਮੇਂ ਇਕ ਭਿਆਨਕ ਘਟਨਾ ਵਾਪਰੀ- ਦਿੱਲੀ ਦੇ ਲੋਕਾਂ ਨੂੰ ਪਲੇਗ ਅਤੇ ਚੇਚਕ ਦੀ ਬਿਮਾਰੀ ਨੇ ਆ ਘੇਰਿਆ। ਸੰਗਤਾਂ ਨੇ ਗੁਰੂ ਸਾਹਿਬ ਨੂੰ ਅਰਜੋਈ ਕੀਤੀ ਕਿ ਇਨ੍ਹਾਂ ਬਿਮਾਰੀਆਂ ਤੋਂ ਪੀੜਤ ਲੋਕਾਂ ਦੇ ਸਿਰਾਂ ‘ਤੇ ਆਪਣਾ ਮਿਹਰ ਭਰਿਆ ਹੱਥ ਰੱਖਣ। ਗੁਰੂ ਜੀ ਨੇ ਤਨ-ਮਨ ਨਾਲ ਰੋਗੀਆਂ ਦੀ ਸੇਵਾ ਕੀਤੀ। ਗੁਰੂ ਸਾਹਿਬ ਨੇ ਚੁਬੱਚਾ ਤਿਆਰ ਕਰਵਾਇਆ ਜਿਸ ਵਿਚ ਜਲ ਅਤੇ ਬਾਣੀ ਦੇ ਪਰਤਾਪ ਕਾਰਨ ਅਨੇਕਾਂ ਰੋਗੀਆਂ ਦੇ ਰੋਗ ਹਰਨ ਹੋਏ। ਇਸ ਸੇਵਾ ਦੌਰਾਨ ਗੁਰੂ ਸਾਹਿਬ ਆਪ ਚੇਚਕ ਦੀ ਬਿਮਾਰੀ ਦਾ ਸ਼ਿਕਾਰ ਹੋ ਗਏ। ਉਨ੍ਹਾਂ ਦਾ ਨਾਜ਼ੁਕ ਸਰੀਰ, ਰੋਗ ਨੇ ਰੋਲ ਦਿੱਤਾ। ਉਨ੍ਹਾਂ ਦਾ ਅੰਤਮ ਸਮਾਂ ਜਾਣਦੇ ਹੋਏ ਸਮੂਹ ਸੰਗਤ ਨੇ ਬੇਨਤੀ ਕੀਤੀ ਕਿ ਉਨ੍ਹਾਂ ਤੋਂ ਬਾਅਦ ਸਿੱਖ ਸੰਗਤ ਦੀ ਰਹਿਨੁਮਾਈ ਕੌਣ ਕਰੇਗਾ?
ਗੁਰੂ ਜੀ ਨੇ ਆਪਣੇ ਮਸੰਦ ਗੁਰਬਖਸ਼ ਸਿੰਘ ਤੋਂ ਨਾਰੀਅਲ ਅਤੇ ਪੰਜ ਪੈਸੇ ਥਾਲ ਵਿਚ ਰਖਵਾ ਕੇ ਮੱਥਾ ਟੇਕਿਆ ਅਤੇ ਫਰਮਾਇਆ ਕਿ ਬਾਬੇ ਬਕਾਲੇ ਗੁਰੂ ਨਾਨਕ ਦੀ ਗੱਦੀ ਦਾ ਅਗਲਾ ਵਾਰਸ ਬਿਰਾਜਮਾਨ ਹੈ (ਉਨ੍ਹਾਂ ਦਾ ਸੰਕੇਤ ਤੇਗ ਬਹਾਦਰ ਵੱਲ ਸੀ)। ਇਹ ਕੌਤਕ ਵਰਤਾ ਕੇ ਗੁਰੂ ਜੀ 30 ਮਾਰਚ 1664 ਵਿਚ ਜੋਤੀ ਜੋਤ ਸਮਾ ਗਏ। ਉਨ੍ਹਾਂ ਦਾ ਅੰਤਮ ਸਸਕਾਰ ਗੁਰਦੁਆਰਾ ਬਾਲਾ ਸਾਹਿਬ ਸਥਾਨ ‘ਤੇ ਕੀਤਾ ਗਿਆ। ਗੁਰੂ ਗੋਬਿੰਦ ਸਿੰਘ ਦੇ ਦੋਵੇਂ ਮਹਿਲਾਂ- ਮਾਤਾ ਸੁੰਦਰੀ ਅਤੇ ਮਾਤਾ ਸਾਹਿਬ ਕੌਰ ਦਾ ਸਸਕਾਰ ਵੀ ਇਸੇ ਸਥਾਨ ‘ਤੇ ਹੋਇਆ ਸੀ।
ਇਤਿਹਾਸਕਾਰਾਂ ਅਨੁਸਾਰ ਜਦੋਂ ਔਰੰਗਜ਼ੇਬ ਗੁਰੂ ਜੀ ਦੇ ਦਰਸ਼ਨਾਂ ਲਈ ਪਹੁੰਚਿਆ ਤਾਂ ਨਾ-ਮਿਲਵਰਤਣ ਨੂੰ ਅੰਤ ਸਮੇਂ ਤੱਕ ਨਿਭਾਉਣ ਵਾਲੇ ਅਤੇ ਜਾਬਰ ਤੇ ਜ਼ੁਲਮ ਅੱਗੇ ਨਾ ਝੁਕਣ ਵਾਲੇ ਸਤਿਗੁਰੂ ਜੋਤੀ ਜੋਤ ਸਮਾ ਚੁਕੇ ਸਨ। ਸ੍ਰੀ ਗੁਰੂ ਹਰਿ ਕ੍ਰਿਸ਼ਨ ਨੂੰ ਉਨ੍ਹਾਂ ਦੇ ਆਪਣੇ ਹੁਕਮ ਅਨੁਸਾਰ, ਅੰਬੇਰ ਦੇ ਰਾਜਾ ਜੈ ਸਿੰਘ ਦੇ ਬੰਗਲੇ ਤੋਂ ਜਮਨਾ ਦੇ ਕੰਢੇ ਤੰਬੂਆਂ ਵਿਚ ਲਿਜਾਇਆ ਗਿਆ। ਸਿੱਖ ਹੈਰਾਨ ਸਨ ਕਿ ਗੁਰੂ ਜੀ ਇੰਨਾ ਦੁੱਖ ਕਿਉਂ ਪਾ ਰਹੇ ਸਨ! ਉਹ ਮਾਯੂਸ ਹੋ ਕੇ ਸੋਚਦੇ ਕਿ ਸਿੱਖ ਕੌਮ ਦੀ ਅਗਵਾਈ ਹੁਣ ਕੌਣ ਕਰੇਗਾ? ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਅਨੁਸਾਰ, ਗੁਰੂ ਸਾਹਿਬ ਨੇ ਸਿੱਖਾਂ ਨੂੰ ਇਉਂ ਹੌਸਲਾ ਦਿੱਤਾ:
ਗੁਰਗੱਦੀ ਅਨੰਤ ਹੈ। ਇਹ ਸਦਾ ਰਹੇਗੀ ਅਤੇ ਇਸ ਦਾ ਜਸ ਵਧਦਾ ਹੀ ਜਾਵੇਗਾ। ਗੁਰੂ ਗ੍ਰੰਥ ਸਾਹਿਬ ਸਭ ਦਾ ਸੁਆਮੀ ਹੈ। ਜੋ ਮੇਰੇ ਦਰਸ਼ਨ ਕਰਨਾ ਚਾਹੇ, ਉਹ ਸ਼ਰਧਾ ਨਾਲ ਗ੍ਰੰਥ ਸਾਹਿਬ ਦਾ ਪਾਠ ਕਰੇ। ਇਸ ਤਰ੍ਹਾਂ ਉਸ ਦੇ ਪਾਪਾਂ ਦਾ ਨਾਸ਼ ਹੋ ਜਾਏਗਾ। ਜੋ ਇਸ ਦੀ ਸਿੱਖਿਆ ਅਨੁਸਾਰ ਚਲੇਗਾ, ਉਸ ਨੂੰ ਧਰਮ, ਅਰਥ, ਨਾਮ, ਮੋਹ-ਚਹੁੰਆਂ ਪਦਾਰਥਾਂ ਦੀ ਪ੍ਰਾਪਤੀ ਹੋਵੇਗੀ। ਜਿਸ ਨੂੰ ਵਿਸ਼ਵਾਸ ਜਾਂ ਨਿਸ਼ਚਾ ਨਹੀਂ, ਉਸ ਨੂੰ ਕੁਝ ਵੀ ਪ੍ਰਾਪਤ ਨਹੀਂ ਹੁੰਦਾ। ਇਹ ਸਰੀਰ ਨਾਸ਼ਵਾਨ ਹੈ, ਇਹ ਸਦਾ ਨਹੀਂ ਰਹਿੰਦਾ। ਗ੍ਰੰਥ ਸਾਹਿਬ ਵਿਚ ਗੁਰੂ ਦੀ ਆਤਮਾ ਦਾ ਨਿਵਾਸ ਹੈ। ਇਸ ਅੱਗੇ ਹੀ ਰੋਜ਼ ਸਿਰ ਨਿਵਾਓ। ਇਸ ਤਰ੍ਹਾਂ ਤੁਸੀਂ ਆਪਣੇ ਮਨੋਵੇਗ ਨੂੰ ਜਿੱਤ ਸਕੋਗੇ ਅਤੇ ਮੁਕਤੀ ਪ੍ਰਾਪਤ ਕਰ ਸਕੋਗੇ।
ਗੁਰੂ ਹਰਿ ਕ੍ਰਿਸ਼ਨ ਮਹਾਨ ਸ਼ਖਸੀਅਤ ਦੇ ਮਾਲਕ ਸਨ। ਜਿਸ ਨੇ ਵੀ ਉਨ੍ਹਾਂ ਦੇ ਦਰਸ਼ਨ ਕੀਤੇ, ਉਨ੍ਹਾਂ ਦੇ ਨਾ ਕੇਵਲ ਦੁਖ ਹਰਨ ਹੋਏ, ਬਲਕਿ ਪਰਮ-ਪਦਵੀ ਵੀ ਪ੍ਰਾਪਤ ਹੋਈ। ਉਹ ਜ਼ੁਲਮ ਅੱਗੇ ਕਦੇ ਝੁਕੇ ਨਹੀਂ। ਉਨ੍ਹਾਂ ਨੇ ਸਿੱਖ ਸੰਗਤ ਦੀ ਯੋਗ ਅਗਵਾਈ ਕੀਤੀ। ਆਪ ਦੇ ਮਹਾਨ ਕਾਰਜਾਂ ਸਦਕਾ ਹਰ ਸਿੱਖ ਦਾ ਸੀਸ ਝੁਕਦਾ ਹੈ ਅਤੇ ਗੁਰੂ ਗੋਬਿੰਦ ਸਿੰਘ ਦੇ ਇਹ ਮਹਾਂਵਾਕ ਅਟੱਲ ਸੱਚਾਈ ਬਣ ਜਾਂਦੇ ਹਨ:
ਸ੍ਰੀ ਹਰਿ ਕ੍ਰਿਸ਼ਨ ਧਿਆਈਐ
ਜਿਸ ਡਿਠੇ ਸਭਿ ਦੁਖਿ ਜਾਇ॥