ਸੁਪਨਾ ਤਿੱੜਕ ਜਾਵੇ ਤਾਂ…

ਡਾæ ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਹਨ, ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਪਿਛਲੇ ਇਕ ਅਰਸੇ ਤੋਂ ਪੰਜਾਬ ਟਾਈਮਜ਼ ਦੇ ਪਾਠਕ ਉਨ੍ਹਾਂ ਦੀਆਂ ਲਿਖਤਾਂ ਪੜ੍ਹਦੇ ਆ ਰਹੇ ਹਨ ਅਤੇ ਉਨ੍ਹਾਂ ਦੀ ਨਿਵੇਕਲੀ ਸ਼ੈਲੀ ਤੋਂ ਪ੍ਰਭਾਵਿਤ ਵੀ ਹੋਏ ਹਨ। ਪਿਛਲੇ ਲੇਖ ਵਿਚ ਉਨ੍ਹਾਂ ਅਜੋਕੇ ਮਸ਼ੀਨੀ ਯੁਗ ਵਿਚ ਕੁਦਰਤ ਦੀਆਂ ਨਿਆਮਤਾਂ ਦੇ ਤਬਾਹ ਹੋ ਜਾਣ ਉਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਸੀ ਕਿ ਮਾਨਵੀ ਕੁਕਰਮਾਂ ਦੀ ਸਜ਼ਾ ਭੁਗਤ ਰਹੀ ਏ ਸਰਘੀ (ਸਵੇਰ)।

ਨਵੀਂ ਸਰਘੀ ਦੀ ਆਮਦ ‘ਤੇ ਸਰਘੀ ਦਾ ਕਹਿਣਾ ਮੰਨੀਏ, ਸੁੰਗੜ ਰਹੀਆਂ ਕਿਸਮਤ ਰੇਖਾਵਾਂ ਨੂੰ ਲੰਮੇਰਾ ਕਰੀਏ, ਕਰਮਯੋਗਤਾ ‘ਚੋਂ ਮਾਨਵੀ ਰਹਿਤਲ ਨੂੰ ਪਰਿਭਾਸ਼ਤ ਕਰੀਏ, ਪੌਣਾਂ ਦੇ ਨਾਮ ਰੁਮਕਣੀ ਅਤੇ ਦਰਿਆਵਾਂ ਦੇ ਨਾਮ ਰਵਾਨਗੀ ਕਰੀਏ। ਹਥਲੇ ਲੇਖ ਵਿਚ ਡਾæ ਭੰਡਾਲ ਨੇ ਕਿਸੇ ਪਿਆਰੇ ਦੇ ਤੁਰ ਜਾਣ ਦੇ ਦਰਦ ਨੂੰ ਬੇਹਦ ਕਰੁਣਾਮਈ ਤਰੀਕੇ ਨਾਲ ਬਿਆਨਿਆ ਹੈ ਜਿਸ ਨੂੰ ਪੜ੍ਹ ਕੇ ਪਾਠਕ ਦੇ ਅੱਥਰੂ ਆਪ ਮੁਹਾਰੇ ਵਹਿ ਤੁਰਦੇ ਹਨ। ਉਨ੍ਹਾਂ ਪ੍ਰਭੂ ਚਰਨਾਂ ਵਿਚ ਅਰਦਾਸ ਕੀਤੀ ਹੈ, ਐ ਖੁਦਾ! ਜੇ ਕਿਸੇ ਦੀ ਅੱਖ ਵਿਚ ਸੁਪਨਾ ਧਰਦਾਂ ਏਂ ਤਾਂ ਸੁਪਨੇ ਨੂੰ ਵਿਗਸਣ ਅਤੇ ਮੌਲਣ ਦਾ ਵਰ ਦੇਈਂ, ਇਸ ਨੂੰ ਲੰਮੀ ਆਰਜਾ ਦੇਈਂ, ਇਸ ਨੂੰ ਸੰਪੂਰਨਤਾ ਦਾ ਵਰ ਦੇਈਂ, ਸੁਪਨੇ ਦੇ ਸੱਚ ਨੂੰ ਮਾਣਨ ਅਤੇ ਹੰਢਾਉਣ ਦਾ ਲੰਮਾ ਸਮਾਂ ਪੱਲੇ ਵਿਚ ਪਾਈਂ, ਸੁਪਨਿਆਂ ਦੇ ਰਾਂਗਲੇਪਣ ਨੂੰ ਸਾਹਾਂ ਵਿਚ ਵਸਾਉਣ ਦਾ ਸ਼ਰਫ ਦੇਵੀਂ। -ਸੰਪਾਦਕ

ਡਾæ ਗੁਰਬਖਸ਼ ਸਿੰਘ ਭੰਡਾਲ
ਬਹੁਤ ਦਰਦੀਲਾ ਹੁੰਦਾ ਏ ਸੁਪਨਿਆਂ ਦੇ ਤਿੜਕਣ ਨੂੰ ਆਪਣੇ ਦੀਦਿਆਂ ਵਿਚ ਉਤਾਰਨਾ ਅਤੇ ਇਸ ਦੀ ਕਰੁਣਾ ਨੂੰ ਆਪਣੇ ਸਾਹਾਂ ਦੇ ਨਾਮ ਕਰਨਾ। ਬੜਾ ਪੀੜਤ ਕਰਦਾ ਏ ਹੱਥੀਂ ਸਿਰਜੇ ਸੁਪਨੇ ਨੂੰ ਸਿਵਿਆਂ ਵੰਨੀਂ ਲੈ ਕੇ ਜਾਣਾ, ਆਖਰੀ ਅਲਵਿਦਾ ਕਹਿਣਾ, ਉਸ ਨੂੰ ਲਾਂਬੂ ਲਾਉਣਾ ਅਤੇ ਫਿਰ ਇਸ ਦੀ ਰਾਖ ਨੂੰ ਭਵਿੱਖ ਦੇ ਗਮਾਂ ਮਾਰੇ ਰਾਹਾਂ ਵਿਚ ਵਿਛਾਉਣਾ।
ਉਹ ਅੱਖ ਕਿੰਜ ਢੋਂਦੀ ਹੋਵੇਗੀ ਖਾਰੇ ਸਮੁੰਦਰਾਂ ਦਾ ਭਾਰ ਜਿਸ ਦੀ ਅੱਖ ਦਾ ਤਾਰਾ ਸਦਾ ਲਈ ਗਰਦਿਸ਼ ਵਿਚ ਅਲੋਪ ਹੋ ਗਿਆ ਹੋਵੇ, ਨਿੱਕੇ ਨਿੱਕੇ ਮਮਤਾਈ ਬੋਲਾਂ ਦਾ ਸਹਿਜ-ਸੰਸਾਰ ਸਦਾ ਲਈ ਖਾਮੋਸ਼ ਹੋ ਗਿਆ ਹੋਵੇ ਅਤੇ ਚਹਿਕਦਾ ਚਮਨ ਮਾਤਮੀ ਸੁੰਨ ਦੀ ਆਗੋਸ਼ ਬਣ ਗਿਆ ਹੋਵੇ।
ਜਦ ਕੋਈ ਸਾਥੋਂ ਦੂਰ ਜਾਂਦਾ ਏ ਤਾਂ ਸਾਡੇ ਪੱਲੇ ਇਕ ਆਸ ਧਰ ਜਾਂਦਾ ਏ। ਕਦੇ ਨਾ ਕਦੇ ਉਸ ਦੇ ਪਰਤਣ ਦੀ ਆਸ ਸਾਨੂੰ ਸੰਜੀਵ ਰੱਖਦੀ ਏ। ਪਰ ਜੇ ਕੋਈ ਸੋਗੀ-ਸਫਰ ਦਾ ਪਾਂਧੀ ਬਣ ਕੇ ਸਦਾ ਲਈ ਅਦਿੱਖ ਪਤਾਲਾਂ ਨੂੰ ਉਡਾਰੀ ਮਾਰ ਜਾਵੇ ਤਾਂ ਉਸ ਦੇ ਪਰਤਣ ਦਾ ਸੁਪਨਾ ਵੀ ਅੱਖਾਂ ਭਰ ਕੇ ਰੋਂਦਾ ਏ।
ਮਨ ਵਿਚ ਬੜਾ ਚਾਅ ਹੁੰਦਾ ਏ ਧਰਤੀ ਦੀ ਕੁੱਖ ਵਿਚ ਬੀਜ ਪਾਉਣ ਦਾ, ਉਸ ਦੇ ਪੁੰਗਰਨ ਦਾ, ਉਸ ਦੀ ‘ਕੱਲੀ ‘ਕੱਲੀ ਪੱਤੀ ਨੂੰ ਗਿਣਦਿਆਂ ਗਿਣਦਿਆਂ ਉਸ ਦੇ ਵਿਗਸਣ ਦਾ, ਉਸ ਦੇ ਖਿੜਨ ਦਾ, ਉਸ ਦੇ ਮੌਲਣ ਦਾ ਅਤੇ ਪਰਿਵਾਰਕ-ਬਗੀਚੀ ਦੀ ਆਭਾ ਨੂੰ ਚਾਰ ਚੰਨ ਲਾਉਣ ਦਾ, ਪਰ ਜੇ ਕੋਈ ਡੋਡੀ ਕਰੁੱਤੇ ਹੀ ਕੁਦਰਤ ਦੀ ਕਰੋਪੀ ਦਾ ਸ਼ਿਕਾਰ ਹੋ ਆਪਣੀ ਅਉਧ ਮੁਕਾ ਬੈਠੇ ਤਾਂ ਚਮਨ ਦੀ ਹਿੱਕ ਵਿਚ ਗਮ ਦਾ ਗੋਲਾ ਉਗ ਆਉਂਦਾ ਏ ਅਤੇ ਚਮਨ ਇਸ ਦੀ ਪੀੜ ਸਹਿੰਦਾ, ਪਲ ਪਲ ਪਸੀਜਦਾ ਆਪਣੀ ਹਿੱਕ ਵਿਚ ਪਤਝੜ ਉਗਾ ਲੈਂਦਾ ਏ।
ਮੌਲਣ ਰੁੱਤ ਨੂੰ ਜੇ ਕੋਈ ਪੀਲੱਤਣ ਦਾ ਸਰਾਪ ਦੇ ਦੇਵੇ ਤਾਂ ਚੌਗਿਰਦੇ ਵਿਚ ਫੈਲੀ ਪੀਲੀ ਭਾਅ ਸਮਿਆਂ ‘ਤੇ ਸੋਗ ਤ੍ਰੌਂਕਦੀ ਇਸ ਦੀ ਜ਼ਰਜ਼ਰੀ ਹੋਂਦ ਦਾ ਵਿਰਲਾਪ ਬਣ ਬਹਿੰਦੀ ਏ।
ਜਦ ਇਕ ਪੱਤਾ ਟੁੱਟਦਾ ਏ ਤਾਂ ਟਾਹਣੀ ਦੀ ਅੱਖ ਵਿਚ ਵੀ ਨੀਰ ਸਿੰਮਦਾ ਏ। ਉਸ ਨੂੰ ਬਹੁਤ ਪੀੜ ਹੁੰਦੀ ਏ ਅਤੇ ਉਹ ਆਪਣਾ ਨੀਰ-ਰੂਪੀ ਦਰਦ ਬਿਰਖ ਦੇ ਮੁੱਢ ਦੇ ਨਾਮ ਕਰਦੀ ਏ ਅਤੇ ਫਿਜ਼ਾ ਵਿਚ ਇਕ ਹਉਕਾ ਧਰਦੀ ਏ। ਇਹ ਹਉਕੇ ਦਾ ਸੇਕ ਹੀ ਹੁੰਦਾ ਏ ਕਿ ਕਿਸੇ ਟਾਹਣੀ ਦੇ ਪੱਤਿਆਂ ਨੁੰ ਮਰੁੰਡਦੇ ਰਹੀਏ ਤਾਂ ਆਖਰ ਨੂੰ ਟਾਹਣੀ ਹੀ ਸੁੱਕ ਜਾਂਦੀ ਏ ਅਤੇ ਵਕਤ ਦੀ ਹਿੱਕ ‘ਤੇ ਗਮਾਂ ਦੀ ਦਸਤਾਵੇਜ਼ ਲਿੱਖ ਜਾਂਦੀ ਏ, ਜਿਸ ਨੂੰ ਪੜ੍ਹਨ ਲਈ ਮਾਨਸਿਕ ਸੰਵੇਦਨਾ ਚਾਹੀਦੀ ਏ।
ਜਦ ਕੋਈ ਬਾਪ ਆਪਣੀ ਆਂਦਰ ਨੂੰ ਅਗਨੀ ਦੇ ਹਵਾਲੇ ਕਰਦਾ ਏ ਤਾਂ ਹਰ ਅੱਖ ਵਿਚ ਗਲੇਡੂ ਭਰ ਆਉਂਦੇ ਨੇ ਅਤੇ ਪੌਣ ਦੀ ਹਿੱਕ ਵਿਚ ਉਗਦੀਆਂ ਨੇ ਸਿਸਕੀਆਂ। ਬੋਝਲ ਮਾਹੌਲ ਆਪਣਾ ਭਾਰ ਢੋਣ ਤੋਂ ਅਸਮਰਥ ਹੋ ਜਾਂਦਾ ਏ। ਕਿੰਨਾ ਔਖਾ ਹੋ ਜਾਂਦਾ ਏ ਹਵਾ ਲਈ ਕੀਰਨੇ ਅਤੇ ਵੈਣਾਂ ਦੀ ਕਰੁਣਾ ਨੂੰ ਆਪਣੇ ਪਿੰਡੇ ‘ਤੇ ਉਕਰਾਉਣਾ। ਆਪਣੇ ਲਾਡਲਿਆਂ ਨੂੰ ਦੁਨਿਆਵੀ ਸੇਕ ਤੋਂ ਬਚਾਉਣ ਵਾਲੇ ਮਾਪੇ ਆਪਣੇ ਹੱਥੀਂ ਆਪਣੇ ਨੈਣਾਂ ਦੇ ਤਾਰੇ ਨੂੰ ਜਦ ਚਿਤਾ ਦੇ ਹਵਾਲੇ ਕਰਦੇ ਨੇ ਤਾਂ ਇਕ ਲਾਂਬੂ ਉਨ੍ਹਾਂ ਦੇ ਅੰਤਰੀਵ ਵਿਚ ਬਲਦਾ ਏ ਜੋ ਉਸ ਨੂੰ ਅੰਦਰੋਂ ਸਾੜ ਕੇ ਸੁਆਹ ਕਰ ਦਿੰਦਾ ਏ। ਸਿਵੇ ਵਿਚੋਂ ਉਠਦੀਆਂ ਅੱਗ ਦੀਆਂ ਲਪਟਾਂ ਜੀਵਨ ਦੇ ਤਮਾਮ ਰੰਗ-ਤਮਾਸ਼ਿਆਂ ਨੂੰ ਭਸਮ ਕਰ ਦਿੰਦੀਆਂ ਨੇ ਅਤੇ ਮਾਪੇ ਇਕ ਜਿਉਂਦੇ ਪਿੰਜਰ ਬਣ ਕੇ ਰਹਿ ਜਾਂਦੇ ਨੇ। ਸੱਥਰ ‘ਤੇ ਬੈਠਿਆਂ ਜਦ ਆਪਣੇ ਲਾਡਲੇ ਦੀਆਂ ਬੀਤੀਆਂ ਗੱਲਾਂ ਚਲਦੀਆਂ ਨੇ ਤਾਂ ਇਕ ਹੂਕ ਫਿਜ਼ਾ ਵਿਚ ਘੁੱਲ ਜਾਂਦੀ ਏ ਅਤੇ ਵਾਤਾਵਰਣ ਵਿਚ ਸੋਗੀ ਵਾਰਤਾਲਾਪ ਸਿਸਕਦੀ ਏ।
ਸਾਡੇ ਮਨਾਂ ਵਿਚ ਸੁਪਨੇ ਪਨਪਦੇ ਨੇ ਰਾਂਗਲੇ ਭਵਿੱਖ ਦੀ ਸਿਰਜਣਾ ਲਈ, ਆਸਾਂ ਦੀ ਪੂਰਤੀ ਲਈ, ਅਪੂਰਨ ਚਾਵਾਂ ਨੂੰ ਸੰਪੂਰਨਤਾ ਦਾ ਵਰ ਦੇਣ ਲਈ, ਦੱਬੀਆਂ ਭਾਵਨਾਵਾਂ ਨੂੰ ਜ਼ੁਬਾਨ ਦੇਣ ਲਈ, ਗੁੱਝੇ ਰੂਪ ਵਿਚ ਆਪਣੇ ਮਨ ਦੀ ਗੱਲ ਕਹਿਣ ਲਈ ਅਤੇ ਸਮਾਜ ਦੇ ਪੱਲੇ ਕੁਝ ਸਾਰਥਿਕਤਾ ਭਰਿਆ ਸਕੂਨ ਪਾਉਣ ਲਈ। ਪਰ ਜੇ ਸੁਪਨਾ ਪਨਪਣ ਦੀ ਉਮਰੇ ਹੀ ਅੱਖਾਂ ਮੀਟ ਜਾਵੇ ਤਾਂ ਚਾਵਾਂ ਦੀ ਝੋਲੀ ਵਿਚ ਪੈ ਜਾਂਦਾ ਏ ਪੀੜ-ਪਰਾਗਾ ਅਤੇ ਸਦੀਵੀ ਸੋਗ ਰਹਿ ਜਾਂਦਾ ਏ।
ਸੁਪਨਿਆਂ ਲਈ ਹਰ ਦੁਆਰੇ ‘ਤੇ ਮੰਨਤਾਂ ਮੰਨਦੇ ਹਾਂ, ਹਰ ਪੀਰ ਅੱਗੇ ਝੋਲੀ ਫੈਲਾਉਂਦੇ ਹਾਂ, ਖੈਰ ਲਈ ਔਲੀਏ ਅਤੇ ਰਹਿਬਰ ਨੂੰ ਧਿਆਉਂਦੇ ਹਾਂ, ਪਰ ਜੇ ਝੋਲੀ ਵਿਚ ਕੋਈ ਸਰਾਪ ਧਰ ਦੇਵੇ, ਹਉਕਿਆਂ ਭਰੀ ਆਸਥਾ ਵਰ ਦੇਵੇ ਜਾਂ ਅਲਾਹੁਣੀਆਂ ਦਾ ਸੇਕ ਸਾਹਾਂ ਦੇ ਨਾਮ ਕਰ ਦੇਵੇ ਤਾਂ ਮਾਪਾ ਨਾ ਜੀਵੇ ਨਾ ਮਰੇ, ਧੁਆਂਖੀ ਅਉਧ ਦਾ ਮਾਰੂ ਜੰਗਲ ਚਰੇ ਅਤੇ ਟੁੱਟਦੇ ਸਾਹਾਂ ਦੀ ਖੈਰਾਤ ਲਈ ਖਿਸਕਦਾ ਪੱਲੂ ਫੜੇ।
ਅਸੀਂ ਹਰ ਸਮੇਂ ਸੁਪਨਿਆਂ ਦੀ ਸੰਪੂਰਨਤਾ ਲਈ ਹਰ ਹੀਲਾ ਵਰਤਣ ਦੀ ਵਿਉਂਤ ਬਣਾਉਂਦੇ ਹਾਂ, ਸਾਧਨ ਜੁਟਾਉਂਦੇ ਹਾਂ, ਲੱਖ ਘਾੜਤਾਂ ਘੜਦੇ ਹਾਂ ਅਤੇ ਆਪਣੇ ਮਸਤਕ ਰੇਖਾਵਾਂ ਨੂੰ ਕਰਮ ਭੂਮੀ ਬਣਾਉਂਦੇ ਹਾਂ। ਪਰ ਕੋਈ ਕੀ ਕਰੇ ਜੇ ਸੁਪਨਾ ਹੀ ਅਣਿਆਈ ਮੌਤੇ ਮਰੇ, ਉਸ ਦਾ ਦਰਦ ਹਰ ਸਾਹ ਵਿਚ ਤਰੇ ਅਤੇ ਜਿਉਂਦੇ ਮਾਪਿਆਂ ਦੇ ਨੈਣੀਂ ਖਾਰੇ ਅੱਥਰੂਆਂ ਦਾ ਸਾਗਰ ਵਰ੍ਹੇ।
ਬੱਚਿਆਂ ਨਾਲ ਘੁੱਗ ਵਸਦਾ ਏ ਸੰਸਾਰ, ਘਰ ਦੇ ਅਰਥਾਂ ਦਾ ਹੁੰਦਾ ਏ ਵਿਸਥਾਰ, ਵਿਹੜੇ ਵਿਚ ਪੈਂਦੀ ਏ ਧਮਕਾਰ ਅਤੇ ਕਮਰੇ ਵਿਚ ਨਿੱਕੇ ਨਿੱਕੇ ਰੋਸਿਆਂ ਅਤੇ ਲੜਾਈ-ਝਗੜਿਆਂ ਦੇ ਨਿਪਟਾਰੇ ਲਈ ਹਰ ਦਮ ਲੱਗਾ ਰਹਿੰਦਾ ਏ ਦਰਬਾਰ, ਪਰ ਜੇ ਬੱਚੇ ਹੀ ਖੇਡਣ ਉਮਰੇ ਅਣਕਿਆਸੇ ਅਤੇ ਅਣਚਾਹੇ ਮੌਤ-ਮਾਰਗ ਨੂੰ ਤੁਰ ਜਾਣ ਤਾਂ ਘਰ ਜਿਉਂਦਾ ਨਹੀਂ ਸਿਰਫ ਜਿਉਣ ਦਾ ਭਰਮ ਪਾਲਦਾ ਏ। ਮਾਪੇ ਤਾਂ ਜਿਉਣ ਦਾ ਭੁਲੇਖਾ ਪਾਲਣ ਤੋਂ ਵੀ ਅਸਮਰਥ ਹੋ ਜਾਂਦੇ ਨੇ। ਬੱਚਿਆਂ ਦੇ ਖਿਡੌਣਿਆਂ, ਕੱਪੜਿਆਂ, ਕਿਤਾਬਾਂ, ਸ਼ੀਲਡਾਂ ਅਤੇ ਕਲਾ-ਕ੍ਰਿਤਾਂ ਦੀ ਘਰ ਵਿਚ ਹਾਜਰੀ, ਉਨ੍ਹਾਂ ਦੀ ਹੋਂਦ-ਅਣਹੋਂਦ ਵਿਚਲੇ ਅੰਤਰ ਦੇ ਡੂੰਘੇ ਦਰਦ ਨੂੰ ਘਰ ਦੀ ਹਰ ਨੁੱਕਰ ਵਿਚ ਟਿਕਾਉਂਦੀ ਏ ਅਤੇ ਉਨ੍ਹਾਂ ਦੇ ਪੈਂਦੇ ਭੁਲੇਖਿਆਂ ਨਾਲ ਹੀ, ਅੰਤ ਵਿਚ ਘਰ ਨੂੰ ਆਖਰੀ ਹਿੱਚਕੀ ਆ ਜਾਂਦੀ ਏ।
ਸੁਪਨਾ ਅੱਖ ਖੋਲ੍ਹਦਾ ਏ, ਜਦ ਅਸੀਂ ਔਲਾਦ ਈ ਸੁੱਖਣਾ ਸੁੱਖਦੇ ਹਾਂ। ਸੁਪਨਾ ਅਹੁਲਦਾ ਏ, ਜਦ ਸਾਡੀ ਝੋਲੀ ਵਿਚ ਬੱਚੇ ਦੀ ਦਾਤ ਪੈਂਦੀ ਏ। ਸੁਪਨਾ ਮੌਲਦਾ ਏ, ਜਦ ਬੱਚਾ ਖੇਡਦਾ, ਹੱਸਦਾ, ਹਸਾਉਂਦਾ, ਨਿੱਕੀਆਂ ਸ਼ਰਾਰਤਾਂ ਵਿਚ ਸਾਨੂੰ ਉਲਝਾਉਂਦਾ, ਤੋਤਲੇ ਬੋਲਾਂ ਨਾਲ ਸਾਡੇ ਸੋਹਲ ਭਾਵਾਂ ਨੂੰ ਵਰਚਾਉਂਦਾ, ਅਮੋੜ ਵੇਗਮਈ ਮਾਸੂਮੀਅਤ ਭਰੇ ਵਰਤਾਰੇ ਨਾਲ ਖਿਝਾਉਂਦਾ ਅਤੇ ਸਾਨੂੰ ਦੁਨਿਆਵੀ ਝਮੇਲਿਆਂ ਤੋਂ ਕੁਝ ਸਮੇਂ ਲਈ ਰਾਹਤ ਦਿਵਾਉਂਦਾ ਏ।
ਤਿੜਕੇ ਸੁਪਨੇ ਦੀਆਂ ਕਿਚਰਾਂ ਜਦ ਸਾਡੀਆਂ ਅੱਖਾਂ ਦੇ ਕੁੱਕਰੇ ਬਣ ਕੇ ਰੜਕਦੀਆਂ ਨੇ ਤਾਂ ਨਜ਼ਰ ਨੂੰ ਪੀੜਾ ਦੀ ਨਜ਼ਰ ਲੱਗ ਜਾਂਦੀ ਏ ਅਤੇ ਪੀੜਾ-ਪੀੜਾ ਹੋ ਕੇ ਜੀਣ ਨੂੰ ਜਿਉਣਾ ਆਖਣਾ, ਜੀਵਨ ਦਾ ਨਿਰਾਦਰ ਏ। ਇਹ ਕਿਚਰਾਂ ਹੀ ਹੁੰਦੀਆਂ ਨੇ ਜੋ ਤੁਰਦਿਆਂ ਸਾਡੇ ਪੈਰਾਂ ਦੀਆਂ ਤਲੀਆਂ ਵਿਚ ਖੁੱਣੀਆਂ ਜਾਂਦੀਆਂ ਨੇ ਅਤੇ ਸਾਡੇ ਰਾਹਾਂ ਨੂੰ ਪਿੰਡੇ ‘ਤੇ ਦਰਦ ਉਕਰਾਉਣ ਦੀ ਸਜ਼ਾ ਸੁਣਾਉਂਦੀਆਂ ਨੇ।
ਸੁਪਨਿਆਂ ਵਰਗੇ ਸੁਪਨੇ ਜਿਉਣ ਦੇ ਆਦੀ ਲੋਕ ਅੰਦਰੋਂ-ਬਾਹਰੋਂ ਪੂਰਨ ਰੂਪ ਵਿਚ ਟੁੱਟ ਜਾਂਦੇ ਨੇ ਜਦ ਕੋਈ ਸੁਪਨਾ ਸਿੱਖਰ ਦੁਪਹਿਰੇ ਡੁੱਬ ਕੇ ਹਨੇਰ ਪਾ ਜਾਵੇ ਜਾਂ ਉਹ ਆਪਣੀ ਖਿੜ੍ਹਨ ਰੁੱਤ ਤੋਂ ਪਹਿਲਾਂ ਹੀ ਪੱਤੀ ਪੱਤੀ ਹੋ ਜਾਵੇ।
ਸੁਪਨੇ ਸਿਰਫ ਲੈਣ ਵਾਸਤੇ ਹੀ ਨਹੀਂ ਹੁੰਦੇ ਸਗੋਂ ਇਹ ਤਲਾਸ਼ਣੇ ਪੈਂਦੇ ਨੇ ਅਤੇ ਸੁਪਨਿਆਂ ਨੂੰ ਦੀਦਿਆਂ ਵਿਚ ਧਰ ਕੇ ਕਰਮਭੂਮੀ ਦੀ ਸਾਣ ‘ਤੇ ਚਾੜ੍ਹ ਕੇ ਤਰਾਸ਼ਣੇ ਪੈਂਦੇ ਨੇ।
ਕੁਝ ਸੁਪਨੇ ਪੂਰਨਤਾ ਦੀ ਜੂਨ ਹੰਢਾਉਂਦੇ ਨੇ ਪਰ ਕੁਝ ਅੱਧ ਵਿਚਾਲੇ ਹੀ ਸੁਪਨਸਾਜ਼ ਦਾ ਸਾਥ ਛੱਡ ਜਾਂਦੇ ਨੇ। ਅਜਿਹੇ ਸੁਪਨੇ ਹੀ ਸਭ ਤੋਂ ਵੱਧ ਪੀੜ ਦਿੰਦੇ ਨੇ ਕਿਉਂਕਿ ਇਨ੍ਹਾਂ ਸੁਪਨਿਆਂ ਨਾਲ ਉਮਰਾਂ ਦੀ ਸਾਂਝ ਦੇ ਟੁੱਟਣ ਦੀ ਕਸਕ ਹਰ ਪਲ ਰੜ੍ਹਕਦੀ ਰਹਿੰਦੀ ਏ। ਐ ਖੁਦਾਇਆ! ਅਜਿਹੇ ਸੁਪਨੇ ਨਾ ਹੀ ਦਏਂ ਤਾਂ ਚੰਗਾ ਏ। ਘੱਟੋ ਘੱਟ ਕਿਸੇ ਚੀਜ਼ ਦੇ ਨਾ ਮਿਲਣ ਦਾ ਤਾਂ ਸਬਰ ਕੀਤਾ ਜਾ ਸਕਦਾ ਏ ਪਰ ਮਿਲਣ ‘ਤੇ ਖੁੱਸ ਜਾਣ ਦਾ ਦਰਦ ਜ਼ਰਨਾ ਬਹੁਤ ਔਖਾ ਹੁੰਦਾ ਏ। ਕਈ ਵਾਰ ਇਹ ਦਰਦ, ਦਰਦੀਲੀ ਗਾਥਾ ਬਣ ਕੇ ਸੋਚ-ਸਫਿਆਂ ‘ਤੇ ਫੈਲ ਜਾਂਦਾ ਅਤੇ ਸਾਡੇ ਰੋਮ ਰੋਮ ਵਿਚ ਰਚ ਕੇ ਸਾਡੇ ਨਾਲ ਯੁੱਗਾਂ ਜੇਡੀ ਅਪਣੱਤ ਪਾ ਬਹਿੰਦਾ ਏ।
ਪਲ ਪਲ ਕਰਕੇ ਮਰ ਰਹੇ ਸੁਪਨੇ ਦੀ ਸਦੀਵਤਾ ਦੀ ਮੁਹਾਰਨੀ ਪੜ੍ਹਨ ਵਾਲੇ ਲੋਕ ਹਉਕੇ ਦੀ ਜੂਨ ਜੀਵਨ ਯਾਤਰਾ ਦੇ ਨਾਂਵੇਂ ਲਾਉਂਦੇ ਨੇ ਅਤੇ ਮਨ ਦੇ ਹੁੱਜ਼ਰੇ ਨੂੰ ਅਕੀਦਤਗਾਹ ਬਣਾਉਂਦੇ ਨੇ।
ਐ ਖੁਦਾ! ਜੇ ਕਿਸੇ ਦੀ ਅੱਖ ਵਿਚ ਸੁਪਨਾ ਧਰਦਾਂ ਏਂ ਤਾਂ ਸੁਪਨੇ ਨੂੰ ਵਿਗਸਣ ਅਤੇ ਮੌਲਣ ਦਾ ਵਰ ਦੇਈਂ, ਇਸ ਨੂੰ ਲੰਮੀ ਆਰਜਾ ਦੇਈਂ, ਇਸ ਨੂੰ ਸੰਪੂਰਨਤਾ ਦਾ ਵਰ ਦੇਈਂ, ਸੁਪਨੇ ਦੇ ਸੱਚ ਨੂੰ ਮਾਣਨ ਅਤੇ ਹੰਢਾਉਣ ਦਾ ਲੰਮਾ ਸਮਾਂ ਪੱਲੇ ਵਿਚ ਪਾਈਂ, ਸੁਪਨਿਆਂ ਦੇ ਰਾਂਗਲੇਪਣ ਨੂੰ ਸਾਹਾਂ ਵਿਚ ਵਸਾਉਣ ਦਾ ਸ਼ਰਫ ਦੇਵੀਂ, ਸੁਪਨਿਆਂ ਨੂੰ ਜੀਵਨ-ਸੈæਲੀ ਦਾ ਹਿੱਸਾ ਬਣਾਈਂ ਅਤੇ ਇਸ ਨੂੰ ਕਰਮਸ਼ੈਲੀ ਦੇ ਨਾਂਵੇਂ ਲਾਈਂ, ਸੁਪਨਿਆਂ ਦੇ ਸਾਥ ਵਿਚ ਠੰਢੜੀ ਛਾਂ ਮਾਣਨ ਦਾ ਮਾਣ ਮਿਲਦਾ ਰਹੇ, ਸੁਪਨਿਆਂ ਦੀ ਜੂਹੇ ਕਦੇ ਪਤਝੜ ਨਾ ਆਵੇ। ਇਹ ਸਦੀਵ ਕਾਲ ਲਈ ਬਹਾਰਾਂ ਦਾ ਲਿਬਾਸ ਪਾਵੇ, ਸੁਪਨਿਆਂ ਦੀ ਮਹਿਕ ਹਰ ਸਾਹ ਵਿਚ ਰਚ ਜਾਵੇ ਅਤੇ ਸੁਪਨਈ ਫਿਜ਼ਾ ਚੌਗਿਰਦੇ ਨੂੰ ਮਹਿਕਾਵੇ।