ਬਡੂੰਗਰ ਦੀਆਂ ਸਰਗਰਮੀਆਂ ਦਾ ਮਸਲਾ ਭਖਿਆ

ਅੰਮ੍ਰਿਤਸਰ: ਸੱਤਾ ਖੁੱਸਣ ਮਗਰੋਂ ਸਿੱਖ ਮਸਲਿਆਂ ‘ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਸ਼੍ਰੋਮਣੀ ਕਮੇਟੀ ਦੀਆਂ ਇਕਦਮ ਵਧੀਆਂ ਸਰਗਰਮੀਆਂ ਕਾਰਨ ਇਨ੍ਹੀਂ ਦਿਨੀਂ ਪੰਜਾਬ ਦਾ ਸਿਆਸੀ ਮਾਹੌਲ ਕਾਫੀ ਗਰਮ ਹੈ। ਕਾਂਗਰਸ ਸਰਕਾਰ ਬਣਨ ਪਿੱਛੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਤੇ ਬਾਦਲਾਂ ਨੇ ਜਿਥੇ ਸਿੱਖ ਮਸਲਿਆਂ ‘ਤੇ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਿਆ ਹੋਇਆ ਸੀ, ਉਥੇ ਕਾਂਗਰਸ ਨੇ ਵੀ ਦੋਵਾਂ ਧਿਰਾਂ ਖਿਲਾਫ ਝੰਡਾ ਚੁੱਕ ਲਿਆ ਹੈ।

ਸ੍ਰੀ ਹਰਿਮੰਦਰ ਸਾਹਿਬ ਵਿਚ ਬਣੀ 1984 ਦੇ ਸ਼ਹੀਦਾਂ ਦੀ ਯਾਦਗਾਰ ਵਿਚ ਸ਼ਹੀਦਾਂ ਦੀਆਂ ਤਸਵੀਰਾਂ ਵਾਲੀ ਗੈਲਰੀ ਬਣਾਉਣ ਦੇ ਮੁੱਦੇ ‘ਤੇ ਕਾਂਗਰਸ ਨੇ ਦੋਵਾਂ ਧਿਰਾਂ ਨੂੰ ਨਿਸ਼ਾਨਾ ਬਣਾਇਆ ਹੈ। ਕਾਂਗਰਸ ਨੇ ਇਸ ਗੈਲਰੀ ਦੀ ਕਾਰ ਸੇਵਾ ਦਮਦਮੀ ਟਕਸਾਲ ਨੂੰ ਦੇਣ ‘ਤੇ ਵੀ ਇਤਰਾਜ਼ ਜਤਾਉਂਦਿਆਂ ਦੋਸ਼ ਲਾਇਆ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ, ਬਾਦਲਾਂ ਨਾਲ ਮਿਲ ਕੇ ਪੰਜਾਬ ਨੂੰ ਮੁੜ ਕਾਲੇ ਦੌਰ ਵੱਲ ਧੱਕਣ ਦੀਆਂ ਸਾਜ਼ਿਸ਼ਾਂ ਰਚ ਰਹੇ ਹਨ।
ਕਾਂਗਰਸ ਨੇ ਇਹ ਸਵਾਲ ਵੀ ਕੀਤਾ ਹੈ ਕਿ ਸੂਬੇ ਵਿਚ ਲਗਾਤਾਰ ਦੋ ਦਹਾਕੇ ਅਕਾਲੀ ਦਲ ਬਾਦਲ ਦੀ ਹਕੂਮਤ ਰਹੀ, ਉਦੋਂ ਸਾਕਾ ਨੀਲਾ ਤਾਰਾ ਸਮੇਂ ਮਾਰੇ ਗਏ ਸਿੱਖਾਂ ਦੀ ਯਾਦ ਕਿਉਂ ਨਹੀਂ ਆਈ। ਕੈਪਟਨ ਅਮਰਿੰਦਰ ਸਿੰਘ ਦਾ ਦੋਸ਼ ਹੈ ਕਿ ਦਮਦਮੀ ਟਕਸਾਲ ਪੰਜਾਬ ਦੇ ਮਾਹੌਲ ਤੇ ਸ਼ਾਂਤੀ ਨੂੰ ਭੰਗ ਕਾਰਨ ਦੇ ਮੰਤਵ ਨਾਲ ਲੋਕਾਂ ਨੂੰ ਉਕਸਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਧਰ, ਕੈਪਟਨ ਦੇ ਇਹ ਦੋਸ਼ ਅਕਾਲੀਆਂ ਨੂੰ ਕਾਫੀ ਚੁਭੇ ਹਨ ਤੇ ਅਕਾਲੀ ਦਲ ਦੇ ਬੁਲਾਰੇ ਵਿਰਸਾ ਸਿੰਘ ਵਲਟੋਹਾ ਨੇ ਜਵਾਬ ਵਿਚ ਕਿਹਾ ਹੈ ਕਿ ਕਾਂਗਰਸ ਨੂੰ ਇਸ ਗੈਲਰੀ ਤੋਂ ਇਸ ਲਈ ਤਕਲੀਫ ਹੈ, ਕਿਉਂਕਿ 1984 ਵਿਚ ਅਕਾਲ ਤਖਤ ਸਾਹਿਬ ‘ਤੇ ਹਮਲਾ ਕਰਵਾਉਣ ਪਿੱਛੇ ਉਸੇ ਦਾ ਹੱਥ ਸੀ। ਯਾਦ ਰਹੇ ਕਿ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਪ੍ਰੋæ ਬਡੂੰਗਰ ਵੱਲੋਂ ਖਾੜਕੂਵਾਦ ਸਮੇਂ 21 ਸਿੱਖ ਨੌਜਵਾਨਾਂ ਦੀ ਹਿਰਾਸਤੀ ਮੌਤ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਗੁਰੂ ਘਰਾਂ ‘ਤੇ ਕਬਜ਼ੇ ਵਰਗੇ ਦੋਸ਼ ਲਾ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਿੱਧਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਸ਼੍ਰੋਮਣੀ ਕਮੇਟੀ ਪ੍ਰਧਾਨ ਇਨ੍ਹਾਂ ਮਸਲਿਆਂ ਨੂੰ ਲੈ ਕੇ ਬਾਦਲਾਂ ਵੱਲੋਂ ਕਾਂਗਰਸ ਸਰਕਾਰ ਵਿਰੁੱਧ ਲਾਏ ਧਰਨਿਆਂ ਵਿਚ ਜਾ ਬੈਠੇ ਸਨ। ਉਦੋਂ ਪ੍ਰੋæ ਬਡੂੰਗਰ ਵੱਲੋਂ ਕਿਸੇ ਸਿਆਸੀ ਧਿਰ ਦਾ ਸਾਥ ਦੇਣ ਦੇ ਫੈਸਲੇ ਦੀ ਕਾਫੀ ਅਲੋਚਨਾ ਹੋਈ ਸੀ ਤੇ ਉਨ੍ਹਾਂ ਨੂੰ ਅਕਾਲ ਤਖਤ ਜਾ ਕੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਸਪਸ਼ਟੀਕਰਨ ਦੇਣਾ ਪਿਆ ਸੀ। ਪ੍ਰੋæ ਬਡੂੰਗਰ ਨੇ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਦੀ ਪੰਜਾਬ ਫੇਰੀ ਦੌਰਾਨ ਆਓ-ਭਗਤ ਨਾ ਕਰਨ ‘ਤੇ ਵੀ ਕੈਪਟਨ ਨੂੰ ਘੇਰਿਆ ਸੀ। ਸ਼੍ਰੋਮਣੀ ਕਮੇਟੀ ਪ੍ਰਧਾਨ ਦੀਆਂ ਇਨ੍ਹਾਂ ਸਰਗਰਮੀਆਂ ਖਿਲਾਫ ਹੁਣ ਕਾਂਗਰਸੀ ਖੁੱਲ੍ਹ ਕੇ ਸਾਹਮਣੇ ਆਏ ਹੋਏ ਹਨ ਤੇ ਬਡੂੰਗਰ ਉਤੇ ਸੂਬੇ ਦੇ ਸ਼ਾਂਤਮਈ ਮਾਹੌਲ ਨੂੰ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਦਾ ਇਲਜ਼ਾਮ ਲਾਇਆ ਜਾ ਰਿਹਾ ਹੈ।
ਕੁਝ ਗਰਮਖਿਆਲ ਜਥੇਬੰਦੀਆਂ ਵੱਲੋਂ ਖਾਲਿਸਤਾਨ ਦੇ ਨਾਂ ‘ਤੇ ਵਿੱਢੀ ਮੁਹਿੰਮ ਦੀ ਹਮਾਇਤ ‘ਤੇ ਵੀ ਕਮੇਟੀ ਪ੍ਰਧਾਨ ਦੀ ਅਲੋਚਨਾ ਹੋ ਰਹੀ ਹੈ। ਕਾਂਗਰਸੀ ਲੀਡਰਾਂ ਨੇ ਆਖਿਆ ਕਿ ਇਸ ਤੋਂ ਵੱਡਾ ਸਬੂਤ ਕੀ ਹੋ ਸਕਦਾ ਹੈ ਕਿ ਸ਼੍ਰੋਮਣੀ ਕਮੇਟੀ ਦੀ ਅਗਵਾਈ ਵਿਚ ਇਹ ਪੂਰੀ ਦੀ ਪੂਰੀ ਖੇਡ ਬਾਦਲਾਂ ਦੇ ਇਸ਼ਾਰਿਆਂ ‘ਤੇ ਖੇਡੀ ਜਾ ਰਹੀ ਹੈ।