ਪ੍ਰੋæ ਬਲਕਾਰ ਸਿੰਘ
ਸਿਆਸਤਨੁਮਾ ਧਰਮ ਅਤੇ ਧਰਮਨੁਮਾ ਸਿਆਸਤ ਜਿਸ ਤਰ੍ਹਾਂ ਦਾ ਮੁੱਦਾ ਇਸ ਵੇਲੇ ਹੋ ਗਿਆ ਹੈ, ਇਸ ਤਰ੍ਹਾਂ ਪਹਿਲਾਂ ਕਦੇ ਵੀ ਨਹੀਂ ਸੀ। ਸਿਆਸਤ ਦੇ ਇਹ ਰੰਗ ਵਰਤਮਾਨ ਵਿਚ ਸਾਰਿਆਂ ਨੂੰ ਭੁਗਤਣੇ ਪੈ ਰਹੇ ਹਨ। ਸਿਆਸਤ ਦਾ ਵਰਤਮਾਨ ਪ੍ਰਸੰਗ ਕਿਸੇ ਵੀ ਕਿਸਮ ਦੇ ਉਲਾਰ ਦੀ ਦਾਸਤਾਨ ਹੁੰਦਾ ਜਾ ਰਿਹਾ ਹੈ ਅਤੇ ਧਰਮ ਨੂੰ ਆਪਣੇ ਵਰਗਾ ਕਰ ਲੈਣ ਲਈ ਸਿਆਸਤਦਾਨ ਪੱਬਾਂ ਭਾਰ ਹੋਏ ਨਜ਼ਰ ਆਉਣ ਲੱਗੇ ਹਨ। ਹੁਣ ਇਹ ਲੱਗਣ ਲੱਗਾ ਹੈ ਕਿ ਸਿਆਸਤ ਨੂੰ ਆਪਣੀ ਖੁਰਦੀ ਸਾਖ ਧਰਮ ਦੇ ਆਸਰੇ ਬਚਾਉਣ ਦੀ ਲੋੜ ਪੈ ਗਈ ਹੈ।
ਕੇਂਦਰ ਵਿਚ ਭਾਜਪਾ ਇਸ ਪਾਸੇ ਲੱਗੀ ਹੋਈ ਹੈ ਅਤੇ ਪੰਜਾਬ ਵਿਚ ਅਕਾਲੀ ਇਸ ਪਾਸੇ ਪਹਿਲਾਂ ਤੋਂ ਹੀ ਤੁਰੇ ਹੋਏ ਹਨ। ਇਸ ਦਾ ਸਭ ਤੋਂ ਵੱਧ ਫਿਕਰ ਉਨ੍ਹਾਂ ਨੂੰ ਹੋਣਾ ਚਾਹੀਦਾ ਹੈ ਜਿਨ੍ਹਾਂ ਨੇ ਪੰਥਕ ਸਿਆਸਤ ਨੂੰ ਖਾੜਕੂ ਸਿਆਸਤ ਹੋਣ ਵਾਲੇ ਰਾਹ ਪਾਇਆ ਸੀ ਅਤੇ ਅਜੇ ਵੀ ਇਸੇ ਨਾਲ ਨਿਭਣ ਦਾ ਸਿਦਕ ਪਾਲੀ ਜਾ ਰਹੇ ਹਨ। ਧਰਮ ਨੂੰ ਧਰਮ ਨਿਰਪੇਖ ਦੀ ਵਿਧਾਨਕਤਾ ਨੇ ਉਨਾ ਨੁਕਸਾਨ ਨਹੀਂ ਪਹੁੰਚਾਇਆ ਜਿੰਨਾ ਸਿਆਸੀ ਸਿਧਾਂਤ ਨਾਲ ਜੁੜੇ ਹੋਏ ਚਿੰਤਕਾਂ ਨੇ ਪਹੁੰਚਾਇਆ ਹੈ। ਇਸ ਦੇ ਬਾਵਜੂਦ ਧਰਮ, ਸਿਆਸਤ ਦੇ ਮੁਕਾਬਲੇ ਸਦਾ ਹੀ ਘੱਟ ਨੁਕਸਾਨਦੇਹ ਮੰਨਿਆ ਜਾਂਦਾ ਹੈ। ਇਸ ਦਾ ਕਾਰਨ ਹੈ ਕਿ ਧਾਰਮਿਕ ਉਲਾਰ ਦਾ ਉਸ ਤਰ੍ਹਾਂ ਕਦੇ ਨੁਕਸਾਨ ਨਹੀਂ ਹੋਇਆ ਜਿਸ ਤਰ੍ਹਾਂ ਸਿਆਸੀ ਉਲਾਰ ਦਾ ਹੁੰਦਾ ਆਇਆ ਹੈ।
1947 ਦੀ ਵੰਡ ਧਰਮ ਕਰ ਕੇ ਨਹੀਂ, ਸਿਆਸਤ ਕਰ ਕੇ ਹੋਈ ਸੀ। ਧਰਮ ਅਤੇ ਸਿਆਸਤ ਨੂੰ ਲੈ ਕੇ ਜਿਹੋ ਜਿਹਾ ਮਸਲਾ ਪੰਜਾਬ ਵਿਚ ਸ਼੍ਰੋਮਣੀ ਕਮੇਟੀ ਦੇ ਪੈਰੋਂ ਖੜ੍ਹਾ ਹੋ ਗਿਆ ਹੈ, ਇਹ ਹੋਰ ਕਿਸੇ ਸੂਬੇ ਵਿਚ ਨਹੀਂ ਹੈ। ਕਾਰਨ ਇਹ ਹੈ ਕਿ ਸਿੱਖ ਸਿਆਸਤਦਾਨਾਂ ਨੇ ਇਸ ਨੂੰ ਮੀਰੀ-ਪੀਰੀ ਦੇ ਗੁਰਮਤਿ ਸੰਕਲਪ ਨਾਲ ਜੋੜ ਕੇ ਲਗਾਤਾਰ ਵਰਤਿਆ ਹੈ। ਕੌਣ ਕਿਸ ਨੂੰ ਦੱਸੇ ਕਿ ਛੇਵੇਂ ਪਾਤਸ਼ਾਹ ਨੇ ਸਹਿਜ ਸਥਾਪਨਾ ਦੀ ਵਿਧੀ ਵਜੋਂ ਮੀਰੀ-ਪੀਰੀ ਦਾ ਸੰਕਲਪ ਸਾਹਮਣੇ ਲਿਆਂਦਾ ਸੀ। ਇਸ ਨੂੰ ਭਗਤੀ ਤੇ ਸ਼ਕਤੀ, ਸ਼ਸਤਰ ਤੇ ਸ਼ਾਸਤਰ ਅਤੇ ਸੰਤ ਤੇ ਸਿਪਾਹੀ ਦੀ ਸੁਰ ਅਤੇ ਵਿਧੀ ਵਿਚ ਹੀ ਸਮਝਿਆ ਤੇ ਸਮਝਾਇਆ ਜਾਣਾ ਚਾਹੀਦਾ ਹੈ। ਵਿਦਵਾਨ ਅਜਿਹਾ ਕਰਦੇ ਵੀ ਰਹੇ ਹਨ, ਪਰ ਸਿੱਖ ਸਿਆਸਤ ਨੇ ਇਸ ਨੂੰ ਜਿਸ ਤਰ੍ਹਾਂ ਪ੍ਰਾਪਤ ਸਿਆਸਤ ਤਕ ਮਹਿਦੂਦ ਕਰ ਦਿੱਤਾ ਹੈ, ਉਸ ਨਾਲ ਮੀਰੀ-ਪੀਰੀ ਆਪਣੇ ਗੁਰਮਤਿ ਪ੍ਰਸੰਗ ਵਿਚੋਂ ਨਿਕਲ ਕੇ ਸਿਆਸੀ ਪੈਂਤੜਾ ਹੁੰਦੀ ਰਹੀ ਹੈ। ਇਸ ਵਿਚੋਂ ਨਿਕਲ ਸਕਣ ਲਈ ਸੰਵਾਦ ਰਾਹੀਂ ਸਾਂਝੀ-ਸਮਝ ਬਨਾਉਣ ਦੇ ਰਸਤੇ ਬੰਦ ਲੱਗਣ ਲੱਗ ਪਏ ਹਨ। ਸ਼੍ਰੋਮਣੀ ਕਮੇਟੀ ਦੇ ਵਰਤਮਾਨ ਪ੍ਰਧਾਨ ਵੱਲੋਂ ਅਕਾਲੀਆਂ ਦੇ ਹੱਥਠੋਕੇ ਵਰਗਾ ਪ੍ਰਭਾਵ ਦੇਣ ਨੂੰ ਲੈ ਕੇ ਜਿਹੋ ਜਿਹੀ ਬਿਆਨਬਾਜ਼ੀ ਹੋਣ ਲੱਗੀ ਹੈ, ਇਸ ਨਾਲ ਉਲਝਣਾਂ ਵਧਣ ਦੀਆਂ ਸੰਭਾਵਨਾਵਾਂ ਪੈਦਾ ਹੋ ਗਈਆਂ ਹਨ। ਇਸ ਨਾਲ ਜੁੜੇ ਹੋਏ ਜਿੰਨੇ ਵੀ ਬਿਆਨ ਪ੍ਰਧਾਨ ਵੱਲੋਂ ਆ ਰਹੇ ਹਨ, ਉਹ ਮਸਲੇ ਨੂੰ ਸੁਲਝਾਉਣ ਦੀ ਥਾਂ ਉਲਝਾ ਰਹੇ ਹਨ।
ਪ੍ਰਧਾਨ ਬਣਨ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਦੇ ਅਧਿਆਪਕਾਂ ਦੇ ਸੱਦੇ ‘ਤੇ ਆਏ ਜਥੇਦਾਰ ਕਿਰਪਾਲ ਸਿੰਘ ਬਡੂੰਗਰ ਨੇ ਨਿਸ਼ੰਗ ਹੋ ਕੇ ਕਿਹਾ ਸੀ ਕਿ ਉਨ੍ਹਾਂ ਨੂੰ ਪ੍ਰਧਾਨ ਇਸ ਲਈ ਬਣਾਇਆ ਗਿਆ, ਕਿਉਂਕਿ ਬਾਦਲ ਸਾਹਿਬ ਇਹ ਸਮਝਦੇ ਹਨ ਕਿ ਇਸ ਨਾਲ ਵਿਧਾਨ ਸਭਾ 2017 ਦੀਆਂ ਚੋਣਾਂ ਜਿੱਤੀਆਂ ਜਾ ਸਕਦੀਆਂ ਹਨ। ਨਤੀਜਿਆਂ ਨੇ ਇਹ ਸੱਚ ਸਾਹਮਣੇ ਲੈ ਆਂਦਾ ਕਿ ਉਨ੍ਹਾਂ ਦੀ ਪਹਿਲੀ ਪ੍ਰਧਾਨਗੀ ਵੇਲੇ ਵੀ ਹੁਣ ਵਾਂਗ ਕੈਪਟਨ ਦੀ ਸਰਕਾਰ ਹੀ ਬਣੀ ਸੀ। ਪੰਥਕ ਸੁਰ ਵਿਚ ਪ੍ਰਾਪਤ ਹੋਈਆਂ ਅਹੁਦੇਦਾਰੀਆਂ ਸਿਆਸਤਦਾਨਾਂ ਵੱਲੋਂ ਬਖ਼ਸ਼ੀ ਹੋਈ ਨੌਕਰੀ ਸਮਝਾਂਗੇ ਤਾਂ ਸਿਆਸਤ ਦਾ ਮਾੜਾ ਮੋਟਾ ਸੱਚ ਵੀ ਝੂਠ ਲੱਗਣ ਲੱਗ ਪਵੇਗਾ? ਸਿਆਸਤ ਦਾ ਸੱਚ, ਸੱਚ ਦੀ ਸਿਆਸਤ ਨੂੰ ਬਹੁਤ ਪਿੱਛੇ ਛੱਡਦਾ ਜਾ ਰਿਹਾ ਹੈ ਅਤੇ ਇਸ ਵਰਤਾਰੇ ਨਾਲ ਕੌਮੀ ਪੱਧਰ ‘ਤੇ ਦਰ ਗੁਜ਼ਰ ਕਰਨ ਦੀ ਸਿਆਸਤ, ਆਮ ਬੰਦੇ ਦੀ ਹੋਣੀ ਹੁੰਦੀ ਜਾ ਰਹੀ ਹੈ, ਕਿਉਂਕਿ ਸਿਆਸਤ ਨੂੰ ਆਦਤ ਬਣਾ ਲੈਣ ਵੱਲ ਧੱਕਿਆ ਜਾ ਰਿਹਾ ਹੈ। ਇਸ ਨਾਲ ਚੋਣਾਂ ਦੀ ਸਿਆਸਤ, ਲੋਕਤੰਤਰੀ ਨੈਤਿਕਤਾ ਨੂੰ ਛੱਡ ਕੇ ਪ੍ਰਬੰਧਕੀ ਉਤਮਤਾ ਦੇ ਰਾਹ ਪੈ ਗਈ ਹੈ। ਇਸ ਦਾ ਅਰੰਭ ਤਾਂ ਧਰਮ ਨਿਰਪੇਖਤਾ ਦੀ ਆੜ ਵਿਚ ਧਰਮ ਨੂੰ ਸਿਆਸਤ ਵਾਸਤੇ ਵਰਤਣ ਦੇ ਦੋਗਲੇ ਮਾਪਦੰਡਾਂ ਨਾਲ ਬਹੁਤ ਪਹਿਲਾਂ ਹੋ ਗਿਆ ਸੀ। ਭਾਰਤ ਦੀ ਸਭਿਆਚਾਰਕ ਵੰਨ-ਸੁਵੰਨਤਾ ਨੂੰ ਦਰਪੇਸ਼ ਚੁਣੌਤੀਆਂ ਇਸੇ ਸਿਆਸੀ ਪੈਂਤੜੇ ਦੀ ਦੇਣ ਹਨ। ਇਸ ਦਾ ਘੱਟ ਗਿਣਤੀ ਭਾਈਚਾਰਿਆਂ ਨੂੰ ਬਹੁਤ ਨੁਕਸਾਨ ਝੱਲਣਾ ਪਿਆ ਹੈ। ਇਸ ਦਾ ਦੁਖਾਂਤਕ ਪੱਖ ਇਹ ਹੈ ਕਿ ਸਿਆਸੀ ਸਮੱਸਿਆਵਾਂ ਵਿਚ ਘਿਰੀਆਂ ਖੇਤਰੀ ਸਿਆਸੀ ਪਾਰਟੀਆਂ ਇਸ ਸਿਆਸੀ ਪੈਂਤੜੇ ਬਾਰੇ ਸੁਚੇਤ ਹੋ ਕੇ ਸਿਰ ਬਚਾਉਣ ਦੇ ਰਾਹ ਪੈਣ ਦੀ ਥਾਂ, ਇਸ ਸਿਆਸੀ ਪੈਂਤੜੇ ਨੂੰ ਸ਼ਹਿ ਦੇ ਰਹੀਆਂ ਹਨ। ਇਸ ਨਾਲ ਸਿਆਸਤ ਦਾ ਸੱਚ ਕੇਂਦਰ ਵਿਚ ਆ ਗਿਆ ਹੈ ਅਤੇ ਸੱਚ ਦੀ ਸਿਆਸਤ ਹਾਸ਼ੀਏ ‘ਤੇ ਧੱਕੀ ਜਾ ਚੁੱਕੀ ਹੈ। ਇਕ ਹੱਦ ਤਕ ਇਹ ਸਿਆਸੀ ਸਥਿਤੀ ਕੇਂਦਰੀਕਰਨ ਦੀ ਸਿਆਸਤ ਨੂੰ ਠੀਕ ਬੈਠਦੀ ਰਹੀ ਹੈ, ਪਰ ਇਸ ਵੇਲੇ ਖੇਤਰੀ ਸਿਆਸਤ ਅਤੇ ਕੇਂਦਰੀ ਸਿਆਸਤ ਤਣਾਅ ਵਿਚ ਆਉਂਦੀਆਂ ਜਾ ਰਹੀਆਂ ਹਨ। ਪ੍ਰਧਾਨ ਨੂੰ ਅਕਾਲੀਆਂ ਵੇਲੇ ਬੋਲਣ ਦੀ ਲੋੜ ਨਹੀਂ ਪਈ ਅਤੇ ਹੁਣ ਕੈਪਟਨ ਸਰਕਾਰ ਖਿਲਾਫ ਬੋਲਣ ਦਾ ਕੋਈ ਮੌਕਾ ਹੱਥੋਂ ਜਾਣ ਨਹੀਂ ਦੇਣਾ ਚਾਹੁੰਦੇ। ਕੀ ਉਹ ਕਾਂਗਰਸੀ ਸਿੱਖਾਂ ਦੇ ਪ੍ਰਧਾਨ ਨਹੀਂ ਹਨ?
ਸਿੱਖ ਧਰਮ ਨੇ ਸਿੱਖ ਸੰਸਥਾਵਾਂ ਦੇ ਅਹੁਦਿਆਂ ਦੇ ਅਧਿਕਾਰ ਦੀ ਥਾਂ, ਅਹੁਦਿਆਂ ਦੀ ਨੈਤਿਕਤਾ ਸਾਹਮਣੇ ਲਿਆਂਦੀ ਸੀ। ਸਿੱਖ ਸਿਆਸਤ ਨਾਲ ਇਸ ਵਿਚ ਅਹੁਦਿਆਂ ਦੀ ਸਿਆਸਤ ਸ਼ਾਮਲ ਹੋ ਗਈ ਹੈ। ਇਸ ਨਾਲ ਨਿਭਦਿਆਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਨੂੰ ਸ਼ੇਰ ਦੀ ਸਵਾਰੀ ਕਹਿੰਦੇ ਹੁੰਦੇ ਸਨ। ਉਹ ਮਿਸਾਲ ਦਿੰਦੇ ਸਨ ਕਿ ਪ੍ਰਧਾਨ ਕੋਲੋਂ ਕੋਈ ਚੰਗਾ ਕੰਮ ਹੋ ਜਾਵੇ ਤਾਂ ਉਹ ਗੁਰੂ-ਕਿਰਪਾ ਦੇ ਖਾਤੇ ਪੈਂਦਾ ਹੈ, ਜੇ ਕੁਝ ਗ਼ਲਤ ਹੋ ਜਾਵੇ ਤਾਂ ਪੰਥਕ ਆਤੰਕਣ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹੋ ਜਿਹੀ ਪ੍ਰਬੰਧਕੀ ਅਹੁਦੇਦਾਰੀ ਵਿਚ ਸਿਆਸੀ ਧਰਨਿਆਂ ਵਿਚ ਸ਼ਾਮਲ ਹੋ ਕੇ ਵਰਤਮਾਨ ਪ੍ਰਧਾਨ ਨੇ ਨੌਕਰੀਨੁਮਾ ਪ੍ਰਧਾਨਗੀ ਦੀ ਨਵੀਂ ਪਿਰਤ ਸਾਹਮਣੇ ਲਿਆਂਦੀ ਹੈ। ਸਵਾਲ ਇਹ ਪੈਦਾ ਹੋ ਗਿਆ ਕਿ ਪ੍ਰਸ਼ਨਾਂ ਦੇ ਘੇਰੇ ਵਿਚ ਵਰਤਮਾਨ ਪ੍ਰਧਾਨ ਹੀ ਕਿਉਂ ਫਸਦੇ ਜਾ ਰਹੇ ਹਨ? ਇਸ ਦਾ ਪ੍ਰਧਾਨ ਤੋਂ ਬਿਨਾਂ ਸਭ ਨੂੰ ਪਤਾ ਹੈ ਕਿ ਅਜਿਹਾ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਨੂੰ ਅਕਾਲੀ ਦਲ ਦੀ ਨੌਕਰੀ ਬਣਾ ਦੇਣ ਕਰ ਕੇ ਹੋ ਰਿਹਾ ਹੈ। ਉਹ ਸੋਚਦੇ ਠੀਕ ਹਨ, ਪਰ ਕਰਦੇ ਗ਼ਲਤ ਹਨ। ਉਨ੍ਹਾਂ ਨੂੰ ਪਤਾ ਹੈ ਕਿ ਭਰੇ ਹੋਏ ਕਟੋਰੇ ਵਿਚ ਚਮੇਲੀ ਦੇ ਫੁੱਲ ਵਾਂਗ ਹੀ ਟਿਕਿਆ ਜਾ ਸਕਦਾ ਹੈ, ਪਰ ਇਸ ਨਾਲ ਨਿਭਣ ਵੇਲੇ ਉਨ੍ਹਾਂ ਕੋਲੋਂ ਚਮੇਲੀ ਦੇ ਫੁੱਲ ਤੇ ਦੁੱਧ ਦਾ ਕਟੋਰਾ ਡੁੱਲ੍ਹ ਜਾਂਦਾ ਹੈ। ਸਿਆਸਤ ਵਿਚ ਉਲਝਦੇ ਜਾ ਰਹੇ ਪ੍ਰਧਾਨ ਨੂੰ ਇਹੋ ਜਿਹੀ ਲੀਲਾ ਤੋਂ ਕੌਣ ਬਚਾ ਸਕਦਾ ਹੈ। ਵੈਸੇ ਵੀ ਅਹੁਦੇ ਨਾਲ ਅਕਲ ਨੂੰ ਨਹੀਂ ਜੋੜਨਾ ਚਾਹੀਦਾ, ਕਿਉਂਕਿ ਅਹੁਦੇ, ਸਾਖ ਬਣਾਉਂਦੇ ਵੀ ਹਨ ਤੇ ਗੁਆਉਂਦੇ ਵੀ ਹਨ।
ਭੁੱਲਣਾ ਨਹੀਂ ਚਾਹੀਦਾ ਕਿ ਸਿੱਖ ਸੰਸਥਾਵਾਂ ਦਾ ਸਿੱਖ ਸਿਆਸਤਦਾਨਾਂ ਨੇ ਸਿਆਸੀ ਅਪਹਰਣ ਕਰ ਲਿਆ ਹੈ ਅਤੇ ਅਹੁਦਿਆਂ ‘ਤੇ ਇੱਦਾਂ ਹੀ ਟਿਕਿਆ ਜਾ ਸਕਦਾ, ਜਿਵੇਂ ਸਿੱਖ ਸੰਸਥਾਵਾਂ ਦੇ ਵਰਤਮਾਨ ਅਹੁਦੇਦਾਰ ਟਿਕੇ ਹੋਏ ਹਨ। ਇਸੇ ਕਰ ਕੇ ਕੋਈ ਵੀ ਅਹੁਦੇਦਾਰ ਕਿਸੇ ਕਿਸਮ ਦੇ ਸੁਧਾਰ ਦੀਆਂ ਸੰਭਾਵਨਾਵਾਂ ਦੇ ਸਨਮੁਖ ਨਹੀਂ ਹੋਣਾ ਚਾਹੁੰਦਾ। ਜਦੋਂ ਅਹੁਦੇਦਾਰੀ, ਅਹੁਦੇਦਾਰ ‘ਤੇ ਹਾਵੀ ਹੋ ਜਾਏ, ਨਤੀਜੇ ਖੁਆਰੀ ‘ਚ ਨਿਕਲਦੇ ਰਹੇ ਹਨ। ਸਿਆਸਤਦਾਨ ਜਿਵੇਂ ਆਪਣੀਆਂ ਗ਼ਲਤੀਆਂ ਨੂੰ ਪਾਰਟੀ ਜ਼ਾਬਤੇ ਹੇਠ ਲੁਕਾਉਣ ਦੀ ਕੋਸ਼ਿਸ਼ ਕਰ ਲੈਂਦਾ ਹੈ, ਉਸ ਦੀ ਰੀਸ ਵਿਚ ਸਿੱਖ ਸੰਸਥਾਵਾਂ ਦੇ ਅਹੁਦੇਦਾਰ ਆਪਣੀਆਂ ਨਾਕਾਮੀਆਂ ਨੂੰ ਚਾਪਲੂਸਾਂ ਦੀ ਦੀਵਾਰ ਓਹਲੇ ਕਰਨ ਦੀ ਕੋਸ਼ਿਸ਼ ਕਰਦੇ ਹਨ।
ਇਨ੍ਹਾਂ ਵਰਤਾਰਿਆਂ ਨਾਲ ਜੁੜੇ ਲੋਕ ਆਪਣੀ ਆਪਣੀ ਥਾਂ ਬੇਸ਼ੱਕ ਸੰਤੁਸ਼ਟ ਲੱਗਦੇ ਹੋਣ, ਪਰ ਕੁੱਲ ਮਿਲਾ ਕੇ ਅਹੁਦਿਆਂ ਦਾ ਮੰਡੀਕਰਨ ਹੀ ਸਾਹਮਣੇ ਆ ਰਿਹਾ ਹੈ। ਜਿੰਨਾ ਚਿਰ ਸਿੱਖ ਸੰਸਥਾਵਾਂ ਦੇ ਅਹੁਦੇਦਾਰ ਆਪਣਾ ਏਜੰਡਾ ਆਪ ਤਿਆਰ ਕਰ ਕੇ ਲਾਗੂ ਕਰਨ ਦੀ ਕੋਸ਼ਿਸ਼ ਨਹੀਂ ਕਰਦੇ, ਉਨਾ ਚਿਰ ਬੇਗਾਨੇ ਏਜੰਡੇ ‘ਤੇ ਕੰਮ ਕਰਨ ਦੀ ਸਿਆਸਤ ਨਾਲ ਇਸੇ ਤਰ੍ਹਾਂ ਨਿਭਣਾ ਪਵੇਗਾ। ਇਸ ਨਾਲ ‘ਪੰਥ ਤੇਰੇ ਦੀਆਂ ਗੂੰਜਾਂ ਦਿਨੋ ਦਿਨ ਪੈਣਗੀਆਂ’ ਦੀ ਪੰਥਕ ਰੀਝ ਸਿਆਸਤ ਦੀ ਸ਼ਿਕਾਰ ਹੁੰਦੀ ਰਹੇਗੀ। ਸਿੱਖ ਸੰਸਥਾਵਾਂ ਦੇ ਅਹੁਦੇਦਾਰ ਇਸ ਵਿਚੋਂ ਨਿਕਲਣ ਦੀ ਥਾਂ ਇਸ ਨਾਲ ਨਿਭਣ ਵਾਲੇ ਰਾਹ ਪਏ ਹੋਏ ਹਨ।