ਲੋਕ ਚੇਤਨਾ ਦਾ ਚਿਰਾਗ ਅਜਮੇਰ ਔਲਖ

ਡਾæ ਗੁਰਬਖ਼ਸ਼ ਸਿੰਘ ਭੰਡਾਲ
ਫੋਨ: 216-556-2080
ਮਾਨਸਾ ਦੇ ਪੱਛੜੇ ਜਿਹੇ ਪਿੰਡ ਦੀਆਂ ਢੱਠੀਆਂ ਕੰਧਾਂ ਵਾਲੇ ਕੱਚੇ ਘਰ ਵਿਚ 1942 ਨੂੰ ਪੈਦਾ ਹੋਏ ਬੱਚੇ ਬਾਰੇ ਕਿਸੇ ਨੇ ਕਿਆਸ ਵੀ ਨਹੀਂ ਕੀਤਾ ਹੋਣਾ ਕਿ ਇਹ ਵੱਡਾ ਹੋ ਕੇ ਆਪਣੇ ਪਰਿਵਾਰ, ਪਿੰਡ ਅਤੇ ਇਲਾਕੇ ਦਾ ਨਾਮ ਰੌਸ਼ਨ ਕਰਨ ਦੇ ਨਾਲ ਨਾਲ ਸਮੁੱਚੇ ਪੰਜਾਬ ਵਿਚ ਲੋਕ ਚੇਤਨਾ ਅਜਿਹਾ ਚਾਨਣ ਵੰਡੇਗਾ ਕਿ ਆਪਣੇ ਹੱਕਾਂ ਲਈ ਸੰਘਰਸ਼ਸ਼ੀਲ ਲੋਕਾਂ ਲਈ ਆਸ ਦੀ ਕਿਰਨ ਬਣੇਗਾ ਅਤੇ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਵਿਚ ਪੜ੍ਹਦੇ ਵਿਦਿਆਰਥੀ, ਕਿਰਸਾਨ ਅਤੇ ਮਜ਼ਦੂਰ ਜਥੇਬੰਦੀਆਂ ਦੇ ਕਾਰਕੁਨ, ਉਸ ਦੀ ਚੰਗੇਰੀ ਸਿਹਤ ਦੀਆਂ ਦੁਆਵਾਂ ਮੰਗਦੇ ਮੌਤ ਕੋਲੋਂ ਉਸ ਨੂੰ ਮੋੜ ਲਿਆਉਣਗੇ।

ਆਪਣੇ ਸਮਿਆਂ ਦਾ ਰੋਲ ਮਾਡਲ ਅਤੇ ਪੰਜਾਬੀ ਥੀਏਟਰ ਨੂੰ ਆਮ ਲੋਕਾਂ ਦੀ ਪਸੰਦ ਬਣਾਉਣ ਵਾਲੇ ਅਜਮੇਰ ਔਲਖ ਨੂੰ ਭਾਰਤ ਵਿਚ ਹੀ ਨਹੀਂ, ਵਿਦੇਸ਼ਾਂ ਵਿਚ ਵੀ ਬਹੁਤ ਮਾਣ-ਸਨਮਾਨ ਮਿਲਿਆ, ਪਰ ਸਭ ਤੋਂ ਵੱਡਾ ਸਨਮਾਨ, ਲੋਕਾਂ ਦੀ ਅਪਣੱਤ ਅਤੇ ਮੋਹ ਹੈ ਜੋ ਉਸ ਦੀ ਲੋਕ ਮਾਨਤਾ ਦੀ ਤਸਦੀਕ ਹਨ।
ਕੁਝ ਲਿਖਦੇ ਰਹਿਣ ਦੀ ਕੁਦਰਤੀ ਦਾਤ ਨਾਲ ਵਰਸੋਏ ਔਲਖ ਸਾਹਿਬ ਨਿੱਕੇ ਹੁੰਦਿਆਂ ਹੀ ਗੀਤ-ਨੁਮਾ ਕਵਿਤਾਵਾਂ ਲਿਖਦੇ ਸਨ ਜਿਹੜੀਆਂ ਪਿਆਰ ਤੋਂ ਹਟ ਕੇ ਨਿਮਨ ਕਿਰਸਾਨੀ ਜ਼ਿੰਦਗੀ ਅਤੇ ਸੰਘਰਸ਼ ਦੀ ਗਵਾਹੀ ਭਰਦੀਆਂ ਸਨ। ਦਸਵੀਂ ਤੋਂ ਬਾਅਦ, ਕਿਰਤੀ ਕਿਰਸਾਨਾਂ ਵਾਲੀ ਮਾਨਸਿਕਤਾ ਨਾਲ ਲਬਰੇਜ਼ ਨਾਵਲ ‘ਜਗੀਰਦਾਰ’ ਵੀ ਲਿਖਿਆ। ਅੱਲੜ ਉਮਰ ਦੀਆਂ 95% ਲਿਖਤਾਂ ਪੇਂਡੂ ਜੀਵਨ ਦੀਆਂ ਮੁਸ਼ਕਲਾਂ ਨੂੰ ਦਰਸਾਉਂਦੀਆਂ ਸਨ। 1965 ਵਿਚ ਪੰਜਾਬੀ ਯੂਨੀਵਰਸਿਟੀ ਤੋਂ ਪੰਜਾਬੀ ਵਿਚ ਐਮæਏæ ਕਰਨ ‘ਤੇ ਨਹਿਰੂ ਮੈਮੋਰੀਅਲ ਕਾਲਜ ਮਾਨਸਾ ਵਿਚ ਨੌਕਰੀ ਮਿਲ ਗਈ ਜਿਥੇ ਸਾਰੀ ਉਮਰ ਪੜ੍ਹਾਉਣ ਦੇ ਨਾਲ ਨਾਲ, ਕਾਲਜ ਦੇ ਵਿਦਿਆਰਥੀਆਂ ਵਿਚ ਨਾਟਕ ਪ੍ਰਤੀ ਅਜਿਹੀ ਖਿੱਚ ਪੈਦਾ ਕੀਤੀ ਕਿ ਉਨ੍ਹਾਂ ਦਾ ਨਾਟਕ ਯੂਨੀਵਰਸਿਟੀ ਫੈਸਟੀਵਲ ਵਿਚ ਹਰ ਵਾਰ ਅੱਵਲ ਆਉਂਦਾ ਸੀ, ਕਿਉਂਕਿ ਉਨ੍ਹਾਂ ਦੇ ਨਾਟਕ ਜ਼ਿੰਦਗੀ ਦੀ ਬਾਤ ਪਾਉਂਦੇ ਹਨ ਅਤੇ ਇਉਂ ਜਾਪਦਾ ਸੀ ਜਿਵੇਂ ਰੰਗਮੰਚ ‘ਤੇ ਜ਼ਿੰਦਗੀ, ਜਿਉਂਦੀ-ਜਾਗਦੀ ਧੜਕ ਰਹੀ ਹੋਵੇ!
ਗੁਰਦਿਆਲ ਸਿੰਘ ਨਾਵਲਿਸਟ, ਪ੍ਰੋæ ਕਰਮਜੀਤ ਸਿੰਘ ਆਦਿ ਵਰਗੇ ਪੰਜਾਬੀ ਸਾਹਿਤਕਾਰਾਂ ਦੀ ਨੇਕ ਸਲਾਹ ਨਾਲ ਅਜਮੇਰ ਔਲਖ ਨੇ ਨਾਟਕ ਖੇਤਰ ਨੂੰ ਪੂਰਨ ਰੂਪ ਵਿਚ ਅਪਣਾ ਲਿਆ। ਉਨ੍ਹਾਂ ਦਾ ਨਾਟਕ ‘ਅਰਬਦ ਨਰਬਦ ਧੰਧੂਕਾਰਾ’ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਨਾਟਕ ਮੁਕਾਬਲਿਆਂ ਵਿਚ ਚਰਚਿਤ ਰਿਹਾ ਜਿਸ ਦਾ ਵਿਸ਼ਾ ਸੀ- ਪਿਆਰ ਤੋਂ ਪਹਿਲਾਂ ਰੋਟੀ ਦਾ ਮਸਲਾ ਆਉਂਦਾ ਹੈ ਜੋ ਸਭ ਤੋਂ ਵੱਡਾ ਮਸਲਾ ਹੈ ਜਿਵੇਂ ਅੰਮ੍ਰਿਤਾ ਪ੍ਰੀਤਮ ਨੇ ਵੀ ਕਿਹਾ ਸੀ- ‘ਹੁਸਨ ਇਸ਼ਕ ਦੀਆਂ ਗੱਲਾਂ, ਵੇ ਬੀਬਾ ਵਿਹਲੇ ਵੇਲੇ ਦੀਆਂ ਗੱਲਾਂ’।
ਆਪਣੇ ਨਾਟਕਾਂ ਨੂੰ ਪਿੰਡਾਂ ਵਿਚ ਲੈ ਕੇ ਜਾਣ ਦੀ ਪਿਰਤ ਅਜਿਹੀ ਪਾਈ ਕਿ ਪਿੰਡਾਂ ਦੇ ਲੋਕ ਉਨ੍ਹਾਂ ਦੇ ਨਾਟਕਾਂ ਨਾਲ ਜੁੜ ਜਾਂਦੇ ਸਨ, ਕਿਉਂਕਿ ਇਹ ਨਾਟਕ ਉਨ੍ਹਾਂ ਦੀਆਂ ਮੁਸੀਬਤਾਂ ਅਤੇ ਔਕੜਾਂ ਦੀ ਬਾਤ ਪਾਉਂਦੇ ਸਨ ਜੋ ਮਾਨਸਾ ਵਰਗੇ ਇਲਾਕੇ ਦੇ ਅਜਮੇਰ ਔਲਖ ਲਈ ਬਹੁਤ ਵੱਡੀ ਪ੍ਰਾਪਤੀ ਸੀ। ਲੋਕ ਹਿੱਤਾਂ ਨੂੰ ਅਰਪਤ ‘ਲੋਕ ਕਲਾ ਮੰਚ ਮਾਨਸਾ’ ਦੀ ਸਥਾਪਨਾ ਅਜਿਹੇ ਮਕਸਦ ਨੂੰ ਲੈ ਕੇ ਕੀਤੀ ਗਈ। ਔਲਖ ਦੇ ਪਾਤਰ ਪੇਂਡੂ ਹੋਣ ਕਾਰਨ, ਉਨ੍ਹਾਂ ਦੇ ਕਲਾਕਾਰ ਅਕਸਰ ਹੀ ਪੇਂਡੂ ਹੁੰਦੇ ਹਨ, ਕਿਉਂਕਿ ਪੇਂਡੂ ਰਹਿਤਲ ਨੂੰ ਬਿਹਤਰ ਤਰੀਕੇ ਨਾਲ ਉਹੀ ਸਮਝ ਸਕਦਾ ਹੈ ਜਿਸ ਨੇ ਉਨ੍ਹਾਂ ਮੁਸ਼ਕਲਾਂ ਨੂੰ ਹੰਢਾਇਆ ਹੋਵੇ।
ਜੀਵਨ ਦੀ ਸਭ ਤੋਂ ਖੂਬਸੂਰਤ ਯਾਦ ਜਿਸ ਨੇ ਅਜਮੇਰ ਔਲਖ ਨੂੰ ਨਾਟਕਕਾਰ ਵਜੋਂ ਸਥਾਪਤ ਕੀਤਾ, ਬਾਰੇ ਉਨ੍ਹਾਂ ਦਾ ਕਹਿਣਾ ਹੈ, “1979 ਵਿਚ ਐਚæਐਸ਼ ਭੱਟੀ ਦੀ ਸੰਸਥਾ ਵਲੋਂ ਤਿੰਨ ਦਿਨਾਂ ਨਾਟਕ ਮੇਲਾ ਟੈਗੋਰ ਥੀਏਟਰ ਚੰਡੀਗੜ੍ਹ ਵਿਚ ਕਰਵਾਇਆ ਗਿਆ। ਸਾਡੇ ਨਾਟਕ ਤੋਂ ਪਹਿਲਾਂ ਹਰਪਾਲ ਟਿਵਾਣਾ ਦਾ ਨਾਟਕ ਸੀ ਜਿਸ ਦਾ ਸੈੱਟ ਬਹੁਤ ਵੱਡਾ ਸੀ ਅਤੇ ਉਸ ਨਾਟਕ ਵਿਚ 40 ਅਦਾਕਾਰ ਸਨ ਜੋ ਬਹੁਤ ਹੰਢੇ ਵਰਤੇ ਸਨ। ਸਾਡੇ ਮਨ ਵਿਚ ਹੀਣ-ਭਾਵਨਾ ਅਤੇ ਡਰ ਪੈਦਾ ਹੋ ਗਿਆ ਕਿ ਸਾਡੇ ਕੋਲ ਤਾਂ ਵਾਣ ਦਾ ਮੰਜਾ ਅਤੇ ਖੁੰਢ ਹੈ ਜਿਸ ਨੂੰ ਨਾਟਕ ਲਈ ਸੈੱਟ ਵਜੋਂ ਵਰਤਣਾ ਸੀ। ਸਾਡੇ ਕਲਾਕਾਰ ਪਿੰਡਾਂ ਦੇ ਸਨ ਜੋ ਪਹਿਲੀ ਵਾਰ ਚੰਡੀਗੜ੍ਹ ਦੇ ਟੈਗੋਰ ਥੀਏਟਰ ਵਿਚ ਨਾਟਕ ‘ਬਿਗਾਨੇ ਬੋਹੜ ਦੀ ਛਾਂ’ ਖੇਡਣ ਆਏ ਸਨ। ਟਿਵਾਣਾ ਦੇ ਨਾਟਕ ਖਤਮ ਹੁੰਦਿਆਂ ਨੂੰ 10 ਵਜ ਗਏ ਅਤੇ ਸਾਡਾ ਨਾਟਕ ਇਸ ਤੋਂ ਬਾਅਦ ਸ਼ੁਰੂ ਹੋਇਆ। ਸਾਨੂੰ ਤੌਖਲਾ ਸੀ ਕਿ ਦਰਸ਼ਕ ਬਹੁਤ ਘੱਟ ਰਹਿ ਜਾਣਗੇ, ਪਰ ਸਾਡੇ ਨਾਟਕ ਪ੍ਰਤੀ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਅਤੇ ਉਨ੍ਹਾਂ ਵਲੋਂ ਮਾਨਸਾ ਦੇ ਇਲਾਕੇ ਦੇ ਕਲਾਕਾਰਾਂ ਨੂੰ ਇੰਨਾ ਜ਼ਿਆਦਾ ਮਾਣ ਦਿਤਾ ਗਿਆ ਕਿ ਦੂਸਰੇ ਦਿਨ ਦੀਆਂ ਸਾਰੀਆਂ ਅਖਬਾਰਾਂ ਨੇ ਮੈਂਨੂੰ ਨਾਟਕਕਾਰ ਵਜੋਂ ਸਥਾਪਤ ਕਰ ਦਿਤਾ। ਸਾਨੂੰ ਤਾਂ ਆਪਣੇ ਕਲਾਕਾਰਾਂ ਨੂੰ ਦਰਸ਼ਕਾਂ ਸਾਹਮਣੇ ਪੇਸ਼ ਕਰਨ ਦਾ ਵੀ ਪਤਾ ਨਹੀਂ ਸੀ, ਪਰ ਮੇਰੇ ਗੁਰੂ ਪ੍ਰੋæ ਅਤਰ ਸਿੰਘ ਨੇ ਮੈਨੂੰ ਕਿਹਾ ਕਿ ਆਪਣੇ ਕਲਾਕਾਰਾਂ ਨੂੰ ਦਰਸ਼ਕਾਂ ਸਾਹਮਣੇ ਪੇਸ਼ ਕਰੋ ਜਿਥੇ ਦਰਸ਼ਕਾਂ ਨੇ ਖੂਬ ਤਾੜੀਆਂ ਵਜਾ ਕੇ ਹੌਸਲਾ ਅਫਜ਼ਾਈ ਕੀਤੀ। ਅਗਲੇ ਦਿਨ ਪੰਜਾਬੀ ਸਾਹਿਤ ਦੇ ਬਾਬਾ ਬੋਹੜ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਵੱਲੋਂ ਮਿਲਣ ‘ਤੇ ਇਹ ਕਹਿਣਾ- ‘ਅਜਮੇਰ ਮੈਂ ਤੇਰਾ ਨਾਟਕ ਦੇਖ ਕੇ ਰੋਣ ਹੀ ਲੱਗ ਪਿਆ ਸੀ, ਕਿਉਂਕਿ ਮੇਰੇ ਮਾਂ-ਪਿਉ ਅਕਸਰ ਹੀ ਇਸ ਤਰ੍ਹਾਂ ਲੜਿਆ ਕਰਦੇ ਸਨ ਜਿਵੇਂ ਤੂੰ ਨਾਟਕ ਵਿਚ ਪੇਸ਼ ਕੀਤਾ ਸੀ। ਕਿਰਸਾਨ ਦੀ ਮੰਦਹਾਲੀ ਅਤੇ ਉਸ ਦੀ ਬੇਚੈਨ ਜ਼ਿੰਦਗੀ ਦੀ ਪੇਸ਼ਕਾਰੀ ਸਦਕਾ ਤੂੰ ਹੁਣ ਉਤਮ ਨਾਟਕਕਾਰ ਬਣ ਗਿਆਂ ਏਂ’ ਸਭ ਤੋਂ ਵੱਡਾ ਸਨਮਾਨ ਸੀ।
ਥੀਏਟਰ ਨੂੰ 40 ਸਾਲ ਸਮਰਪਿਤ ਕਰਨ ਵਾਲੇ ਅਜਮੇਰ ਔਲਖ ਨੇ 16 ਨਾਟਕ ਲਿਖੇ ਅਤੇ ਨਿਰਦੇਸ਼ ਕੀਤੇ ਹਨ। ਉਸ ਨੂੰ ਬਹੁਤ ਸਾਰੀਆਂ ਸੰਸਥਾਵਾਂ ਵਲੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ ਜਿਨ੍ਹਾਂ ਵਿਚ ਭਾਸ਼ਾ ਵਿਭਾਗ ਪੰਜਾਬ ਵਲੋਂ ਸ਼੍ਰੋਮਣੀ ਨਾਟਕਕਾਰ ਦਾ ਇਨਾਮ, 2005 ਵਿਚ ਡਾæ ਏæਪੀæਜੇæ ਅਬਦੁੱਲ ਕਲਾਮ ਵਲੋਂ ਭਾਰਤੀ ਸੰਗੀਤ ਨਾਟਕ ਅਕੈਡਮੀ ਅਵਾਰਡ 2006 ਵਿਚ ਨਾਟਕ ‘ਇਸ਼ਕ ਬਾਝ ਨਮਾਜ਼ ਦਾ ਹੱਜ ਨਾਹੀਂ’ ਲਈ ਭਾਰਤੀ ਸਾਹਿਤ ਅਕਾਦਮੀ ਅਵਾਰਡ ਮਿਲਿਆ, ਪਰ ਅਜਮੇਰ ਔਲਖ ਦਾ ਕਹਿਣਾ ਹੈ ਕਿ ਉਸ ਦਾ ਸਭ ਤੋਂ ਵੱਡਾ ਸਨਮਾਨ ਦਰਸ਼ਕਾਂ ਵਲੋਂ ਦਿਖਾਇਆ ਮੋਹ, ਮਾਣ ਅਤੇ ਮੁਹੱਬਤ ਹੈ- ਜਦ ਮੈਂ 2008 ਵਿਚ ਕੈਂਸਰ ਵਰਗੀ ਨਾਮੁਰਦ ਬਿਮਾਰੀ ਨਾਲ ਜੂਝ ਰਿਹਾ ਸੀ, ਮੇਰੇ ਕੋਲ ਇਲਾਜ ਲਈ ਕੋਈ ਪੈਸਾ ਨਹੀਂ ਸੀ। ਉਸ ਸਮੇਂ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਅਤੇ ਕਿਰਸਾਨ ਤੇ ਮਜ਼ਦੂਰਾਂ ਦੀਆਂ ਜਥੇਬੰਦੀਆਂ ਨੇ ਆਪਣੇ ਸਾਰੇ ਆਰਥਿਕ ਵਸੀਲੇ ਵਰਤਦਿਆਂ, ਮੇਰਾ ਹੌਸਲਾ ਵਧਾਇਆ। ਇਸ ਨਾਲ ਮੇਰਾ ਇਹ ਵਿਸ਼ਵਾਸ ਹੋਰ ਪੱਕਾ ਹੋ ਗਿਆ ਕਿ ਲੋਕਾਂ ਨਾਲ ਜੁੜੀ ਕਲਾ ਨੂੰ ਲੋਕ ਸੱਚੇ ਮਨ ਨਾਲ ਪਿਆਰ ਕਰਦੇ ਹਨ।
ਅਜਮੇਰ ਔਲਖ ਨੇ ਆਪਣੀ ਜ਼ਿੰਦਗੀ ਨੂੰ ਆਪਣੇ ਰੰਗ-ਢੰਗ ਅਤੇ ਆਪਣੀ ਮਰਜ਼ੀ ਨਾਲ ਜੀਵਿਆ। ਆਪਣੇ ਵਿਆਹ ਬਾਰੇ ਉਨ੍ਹਾਂ ਬੜੀ ਦਿਲਚਸਪੀ ਨਾਲ ਦੱਸਿਆ, “ਮੈਂ ਪਟਿਆਲੇ ਪੜ੍ਹਦਾ ਸੀ ਤਾਂ ਮਾਂ ਦੀ ਚਿੱਠੀ ਆਈ ਕਿ ਤੇਰਾ ਤਾਇਆ ਰਿਸ਼ਤਾ ਕਰਵਾਉਂਦਾ ਹੈ, ਪਿੰਡ ਆ ਜਾ ਅਤੇ ਕੁੜੀ ਦੇਖ ਲੈ ਤਾਂ ਕਿ ਤੇਰੀ ਮੰਗਣੀ ਕਰ ਦੇਈਏ। ਮੈਂ ਮਾਂ ਨੂੰ ਚਿੱਠੀ ਲਿਖੀ ਅਤੇ ਕਿਹਾ ਕਿ ਇਹ ਚਿੱਠੀ ਮੇਰੇ ਹੋਣ ਵਾਲੇ ਸਹੁਰਾ ਸਾਹਿਬ ਨੂੰ ਪੜ੍ਹਾ ਦੇਵੇ। ਚਿੱਠੀ ਵਿਚ ਮੈਂ ਲਿਖਿਆ ਕਿ ਸਾਡਾ ਕੱਚਾ ਘਰ ਹੈ, ਕੰਧਾਂ ਢੱਠੀਆਂ ਹੋਈਆਂ ਹਨ। ਸਾਡੇ ਵਿਚ ਇੰਨੀ ਸਮਰੱਥਾ ਨਹੀਂ ਕਿ ਕਿ ਢੱਠੀ ਕੰਧ ਨੂੰ ਦੁਬਾਰਾ ਬਣਾ ਲਈਏ। ਸਾਡੇ ਸਿਰ 12 ਹਜ਼ਾਰ ਦਾ ਕਰਜ਼ਾ ਵੀ ਹੈ (1964-65 ਦੀ ਗੱਲ ਹੈ)। ਇਹ ਸਭ ਕੁਝ ਜਾਨਣ ਤੋਂ ਬਾਅਦ ਜੇ ਤੁਹਾਨੂੰ ਮਨਜ਼ੂਰ ਹੋਵੇ, ਤਾਂ ਮੈਂ ਦੱਸ ਦੇਵਾਂ ਕਿ ਮੈਂ ਵਿਆਹ, ਨੌਕਰੀ ਲੱਗਣ ਤੋਂ ਬਾਅਦ ਹੀ ਕਰਾਂਗਾ। ਇਹ ਪੱਤਰ ਮੇਰੀ ਮਾਂ ਨੇ ਮੇਰੇ ਹੋਣ ਵਾਲੇ ਸਹੁਰੇ ਨੂੰ ਪਹੁੰਚਾ ਦਿਤਾ ਅਤੇ ਉਨ੍ਹਾਂ ਦਾ ਚਿੱਠੀ ਪੜ੍ਹ ਕੇ ਕਹਿਣਾ ਸੀ ਕਿ ਮੈਂ ਆਪਣੀ ਧੀ ਦਾ ਵਿਆਹ ਇਥੇ ਹੀ ਕਰਾਂਗਾ। ਫਿਰ ਜਦ ਮੈਂ ਮਾਨਸਾ ਕਾਲਜ ਵਿਚ ਨੌਕਰੀ ‘ਤੇ ਲੱਗ ਗਿਆ ਤਾਂ ਮੇਰਾ ਰਿਸ਼ਤਾ ਉਸ ਕੁੜੀ (ਮਨਜੀਤ ਕੌਰ) ਨਾਲ ਹੀ ਹੋਇਆ। ਵਿਆਹ ਤੋਂ ਪਹਿਲਾਂ ਮੈਂ ਆਪਣੇ ਸਹੁਰਿਆਂ ਨੂੰ ਦੱਸ ਦਿਤਾ ਕਿ ਪੰਜ ਬੰਦੇ ਬਰਾਤ ਵਿਚ ਆਉਣਗੇ ਅਤੇ 9 ਵਜੇ ਬਰਾਤ ਬਠਿੰਡੇ ਪਹੁੰਚ ਜਾਵੇਗੀ ਅਤੇ ਮੈਂ ਦਾਜ ਬਿਲਕੁਲ ਨਹੀਂ ਲੈਣਾ। ਮੈਂ ਆਪਣੇ ਰਿਸ਼ਤੇਦਾਰਾਂ ਨੂੰ ਵਿਆਹ ਦਾ ਸੱਦਾ, ਚਿੱਠੀ ਰਾਹੀਂ ਭੇਜ ਦਿਤਾ ਕਿ ਮੇਰੇ ਵਿਆਹ ਵਿਚ ਮੀਟ ਜਾਂ ਸ਼ਰਾਬ ਦੀ ਆਸ ਨਾ ਰੱਖਣ, ਮੱਕੀ ਦੀ ਰੋਟੀ ਅਤੇ ਸਾਗ ਮਿਲੇਗਾ। ਅਸੀਂ ਪੰਜ ਬਰਾਤੀ ਸਵੇਰੇ 8æ30 ਵਜੇ ਹੀ ਬਠਿੰਡੇ ਪਹੁੰਚ ਗਏ। ਵਿਆਹ ਤੋਂ ਬਾਅਦ ਤੁਰਨ ਲੱਗੇ ਤਾਂ ਸਹੁਰੇ ਕਹਿਣ ਲੱਗੇ ਕਿ ਟਰੱਕ ਲਿਆਓ ਅਤੇ ਦਾਜ ਲੱਦ ਲਓ। ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਤਾਂ ਕੁਝ ਲੈ ਕੇ ਨਹੀਂ ਜਾਣਾ। ਮੈਂ ਆਪਣੀ ਜ਼ਿੱਦ ‘ਤੇ ਅੜਿਆ ਰਿਹਾ ਤਾਂ ਮੇਰੀ ਪਤਨੀ ਮਨਜੀਤ ਕੌਰ ਦਾ ਸੁਨੇਹਾ ਆਇਆ ਕਿ ਮੈਨੂੰ ਮਿਲੋ। ਜਦ ਮੈਂ ਆਪਣੀ ਪਤਨੀ ਮਨਜੀਤ ਕੌਰ ਨਾਲ ਗੱਲ ਕੀਤੀ ਤਾਂ ਮੇਰੀ ਪਤਨੀ ਨੇ ਕਿਹਾ ਕਿ ਦਾਜ ਵਿਚ ਸਿਰਫ ਤਿੰਨ ਕੁ ਰਜਾਈਆਂ, ਦੋ ਕੁਰਸੀਆਂ ਅਤੇ ਇਕ ਟੇਬਲ ਹੈ ਜੋ ਮੈਂ ਆਪਣੀ ਤਨਖਾਹ ਵਿਚੋਂ ਬਣਾਇਆ ਹੈ। ਇਸ ਵਿਚ ਮਾਪਿਆਂ ਦਾ ਕੋਈ ਖਰਚਾ ਨਹੀਂ ਹੈ। ਜ਼ਿੱਦ ਨਾ ਕਰੋ ਅਤੇ ਇਸ ਨੂੰ ਲੈ ਜਾਓ ਤਾਂ ਮੈਂ ਮੰਨ ਗਿਆ। ਕੋਈ ਮੰਨ ਸਕਦਾ ਹੈ ਕਿ ਉਸ ਸਮੇਂ ਮੇਰੇ ਵਿਆਹ ‘ਤੇ ਕੁਲ 750 ਰੁਪਏ ਖਰਚ ਆਏ ਸਨ। ਅੱਜ ਕੱਲ੍ਹ ਦੇ ਵਿਆਹਾਂ ‘ਤੇ ਹੋ ਰਹੇ ਫਜ਼ੂਲ ਖਰਚੇ ਤੋਂ ਬਚਣ ਲਈ ਸਾਨੂੰ ਅੱਗੇ ਆ ਕੇ ਦ੍ਰਿੜਤਾ ਨਾਲ ਫੈਸਲੇ ਕਰਨੇ ਪੈਣਗੇ ਤਾਂ ਹੀ ਅਸੀਂ ਸਮਾਜਿਕ ਬੁਰਾਈਆਂ ਤੋਂ ਬਚ ਸਕਦੇ ਹਾਂ।”
ਅਜਮੇਰ ਔਲਖ ਦਾ ਸਾਰਾ ਪਰਿਵਾਰ ਹੀ ਨਾਟਕ/ਕਲਾ ਨਾਲ ਜੁੜਿਆ ਹੋਇਆ ਹੈ। ਉਸ ਦੀ ਪਤਨੀ ਮਨਜੀਤ ਕੌਰ, ਧੀਆਂ- ਸੁਪਨਦੀਪ ਕੌਰ ਜੋ ਮਾਨਸਾ ਕਾਲਜ ਵਿਚ ਪੰਜਾਬੀ ਦੀ ਪ੍ਰੋਫੈਸਰ ਹੈ, ਸੁਹਜਦੀਪ ਕੌਰ ਅਤੇ ਅਜ਼ਮੀਤ ਕੌਰ ਜੋ ਮਾਨਸਾ ਕਾਲਜ ਵਿਚ ਹਿਸਟਰੀ ਦੀ ਪ੍ਰੋਫੈਸਰ ਹੈ, ਥੀਏਟਰ ਨਾਲ ਜੁੜੀਆਂ ਹੋਈਆਂ ਹਨ। ਵੱਡੀ ਲੜਕੀ ਸੁਪਨਦੀਪ ਜਿਸ ਨੂੰ ਦਸ ਸਾਲ ਤੱਕ ਬੱਚਾ ਨਾ ਹੋਣ ਕਾਰਨ ਗੋਦ ਲਿਆ ਸੀ, ਥੀਏਟਰ ਨਾਲ ਜੁੜੇ ਮਨਜੀਤ ਚਾਹਲ ਨਾਲ ਵਿਆਹੀ ਹੋਈ ਹੈ। ਸੁਹਜਦੀਪ ਕੌਰ ਉਘੇ ਗਾਇਕ ਗੁਰਵਿੰਦਰ ਬਰਾੜ ਨਾਲ ਵਿਆਹੀ ਹੋਈ ਹੈ, ਸਭ ਤੋਂ ਛੋਟੀ ਅਜ਼ਮੀਤ ਥੀਏਟਰ ਨਾਲ ਜੁੜੇ ਸੁਭਾਸ਼ ਬਿੱਟੂ ਨਾਲ ਵਿਆਹੀ ਹੋਈ ਹੈ।
ਅਜਮੇਰ ਔਲਖ ਨੇ ਆਪਣੀ ਗੱਲਬਾਤ ਦੌਰਾਨ ਇਹ ਵੀ ਦੱਸਿਆ- ਮੈਂ ਸਾਰੀ ਉਮਰ ਸਮਾਜਿਕ ਸਰੋਕਾਰਾਂ ਨਾਲ ਜੁੜਿਆ ਰਿਹਾ ਹਾਂ ਅਤੇ ਮੇਰੇ ਥੀਏਟਰ ਦਾ ਧਰਾਤਲ ਪੇਂਡੂ ਹੈ। ਇਨ੍ਹਾਂ ਪਿੰਡਾਂ ਨੇ ਮੈਨੂੰ ਬਹੁਤ ਵੱਡੀ ਮਾਨਤਾ ਦਿਵਾਈ ਹੈ, ਭਾਵੇਂ ਮੈਂ ਮੁੰਬਈ, ਦਿੱਲੀ, ਹਰਿਆਣਾ ਆਦਿ ਵਿਚ ਬਹੁਤ ਸਾਰੇ ਨਾਟਕ ਖੇਡੇ ਹਨ। ਨਵੇਂ ਨਾਟਕਕਾਰਾਂ ਲਈ ਜ਼ਰੂਰੀ ਹੈ ਕਿ ਉਹ ਮੁੱਢ ਤੋਂ ਸ਼ੁਰੂ ਕਰਨ, ਵੱਡੇ-ਵੱਡੇ ਸੈੱਟ ਜਾਂ ਨਾਟਕ ਲਈ ਅਡੰਬਰ ਕਰਨ ਦੀ ਲੋੜ ਨਹੀਂ। ਲੋਕਾਂ ਨਾਲ ਜੁੜੇ ਵਿਸ਼ੇ ਲਓ। ਲੋਕ ਆਪ ਹੀ ਤੁਹਾਡੇ ਨਾਟਕਾਂ ਨਾਲ ਜੁੜਨਗੇ। ਲੋਕ ਹੀ ਤੁਹਾਡਾ ਮਾਣ-ਸਨਮਾਨ ਅਤੇ ਮਾਨਤਾ ਹੁੰਦੇ ਹਨ, ਕਿਉਂਕਿ ਕੋਈ ਵੀ ਕਲਾ ਲੋਕਾਂ ਲਈ ਹੋਵੇ ਤਾਂ ਲੋਕ ਉਸ ਕਲਾ ਲਈ ਅਰਪਤ ਹੋ ਜਾਂਦੇ ਹਨ।
ਅਜਮੇਰ ਔਲਖ ਪੰਜਾਬੀ ਧਰਾਤਲ ‘ਤੇ ਨਿਮਨ ਕਿਰਸਾਨੀ ਦੀਆਂ ਸਮੱਸਿਆਵਾਂ, ਆਮ ਲੋਕਾਂ ਦੇ ਸਰੋਕਾਰਾਂ ਅਤੇ ਬੰਦੇ ਦੇ ਸੰਘਰਸ਼ ਦੀ ਗਾਥਾ, ਲੋਕਾਂ ਦੀ ਸੋਚ ਵਿਚ ਚੇਤਨਾ ਦਾ ਜਾਗ ਲਾਉਂਦੇ ਰਹਿਣਗੇ।