ਨਸ਼ਾ ਤਸਕਰੀ ‘ਚ ਮੁੜ ਮਜੀਠੀਆ ਵੱਲ ਉਂਗਲ

ਚੰਡੀਗੜ੍ਹ: ਪੰਜਾਬ ਵਿਚ ਨਸ਼ਾ ਤਸਕਰੀ ਮਾਮਲੇ ਵਿਚ ਇਕ ਵਾਰ ਮੁੜ ਬਾਦਲ ਸਰਕਾਰ ਦੇ ਚਹੇਤੇ ਮੰਤਰੀ ਰਹੇ ਬਿਕਰਮ ਸਿੰਘ ਮਜੀਠੀਆ ਵੱਲ ਉਂਗਲ ਉਠੀ ਹੈ। ਪੰਜਾਬ ਪੁਲਿਸ ਦੀ ਵਿਸ਼ੇਸ਼ ਟਾਸਕ ਫੋਰਸ ਵੱਲੋਂ ਨਸ਼ਿਆਂ ਦੇ ਮਾਮਲੇ ਵਿਚ ਗ੍ਰਿਫਤਾਰ ਕੀਤੇ ਪੁਲਿਸ ਇੰਸਪੈਕਟਰ ਇੰਦਰਜੀਤ ਸਿੰਘ ਦੀ ਗ੍ਰਿਫਤਾਰੀ ਪਿੱਛੋਂ ਖੁਲਾਸਾ ਹੋਇਆ ਹੈ ਕਿ ਉਹ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਚਹੇਤੇ ਪੁਲਿਸ ਅਫਸਰਾਂ ਵਿਚ ਗਿਣਿਆ ਜਾਂਦਾ ਰਿਹਾ ਹੈ।

ਇਸੇ ਕਰ ਕੇ ਉਸ ਦੀ ਤਾਇਨਾਤੀ ਵੀ ਚੰਗੇ ਟਿਕਾਣਿਆਂ ‘ਤੇ ਹੁੰਦੀ ਰਹੀ ਹੈ। ਇਹ ਵੀ ਪਤਾ ਲੱਗਾ ਹੈ ਕਿ ਇੰਦਰਜੀਤ ਸਿੰਘ ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਦਾ ਵੀ ਖਾਸ ਸੀ। ਜਿਥੇ ਵੀ ਸੀਨੀਅਰ ਅਫਸਰ ਦੀ ਬਦਲੀ ਹੁੰਦੀ ਸੀ, ਉਹ ਇੰਦਰਜੀਤ ਸਿੰਘ ਨੂੰ ਵੀ ਆਪਣੇ ਨਾਲ ਹੀ ਲੈ ਜਾਂਦਾ ਸੀ।
ਦੱਸਣਯੋਗ ਹੈ ਕਿ ਐਸ਼ਟੀæਐਫ਼ ਨੇ ਇਸ ਇੰਸਪੈਕਟਰ ਦੀਆਂ ਦੋ ਰਿਹਾਇਸ਼ਾਂ ਉਤੇ ਛਾਪੇ ਮਾਰ ਕੇ ਚਾਰ ਕਿਲੋ ਹੈਰੋਇਨ, ਤਿੰਨ ਕਿਲੋ ਸਮੈਕ, ਏæਕੇæ 47 ਰਾਈਫਲ, 9 ਵਿਦੇਸ਼ੀ ਪਿਸਤੌਲ, ਅਣਚੱਲੇ ਕਾਰਤੂਸ ਅਤੇ ਸਾਢੇ ਸੋਲ੍ਹਾਂ ਲੱਖ ਨਕਦੀ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਇਹ ਵੀ ਦੱਸਿਆ ਗਿਆ ਹੈ ਕਿ ਪਿਛਲੇ ਪੰਜ ਸਾਲਾਂ ਦੌਰਾਨ ਉਹ ਜਿਥੇ ਵੀ ਤਾਇਨਾਤ ਰਿਹਾ, ਉਸ ਨੇ ਵੱਡੇ ਪੱਧਰ ‘ਤੇ ਨਸ਼ਿਆਂ ਦੀਆਂ ਬਰਾਮਦਗੀਆਂ ਕੀਤੀਆਂ। ਇਸੇ ਕਾਰਨ ਉਸ ਨੂੰ ਚੋਖੇ ਮਾਣ-ਸਨਮਾਨ ਵੀ ਮਿਲਦੇ ਰਹੇ। ਮਾਣ-ਸਨਮਾਨ ਦੇਣ ਵਾਲੇ ਸੀਨੀਅਰ ਅਧਿਕਾਰੀਆਂ ਨੇ ਕਦੇ ਇਹ ਘੋਖਣ ਦਾ ਯਤਨ ਤੱਕ ਨਹੀਂ ਕੀਤਾ ਕਿ ਉਸ ਵੱਲੋਂ ਬਤੌਰ ਜਾਂਚ ਅਧਿਕਾਰੀ (ਆਈæਓæ) ਪੜਤਾਲੇ ਗਏ ਕੇਸ ਅਦਾਲਤਾਂ ਵਿਚ ਜਾ ਕੇ ਫੇਲ੍ਹ ਕਿਉਂ ਹੋ ਜਾਂਦੇ ਹਨ ਅਤੇ ਮੁਲਜ਼ਮ ਬਰੀ ਕਿਉਂ ਹੋ ਜਾਂਦੇ ਸਨ।
ਐਸ਼ਟੀæਐਫ਼ ਦੇ ਮੁਖੀ ਹਰਪ੍ਰੀਤ ਸਿੰਘ ਸਿੱਧੂ ਦਾ ਦਾਅਵਾ ਹੈ ਕਿ ਇਹ ਇੰਸਪੈਕਟਰ ਆਪਣੇ ਵੱਲੋਂ ਫੜੇ ਗਏ ਤਸਕਰਾਂ ਜਾਂ ਉਨ੍ਹਾਂ ਦੇ ਸਰਗਨਿਆਂ ਨਾਲ ਸੌਦੇਬਾਜ਼ੀ ਕਰ ਲੈਂਦਾ ਸੀ ਅਤੇ ਫਿਰ ਕੇਸ ਇੰਨੇ ਕੁ ਕਮਜ਼ੋਰ ਤਿਆਰ ਕਰਦਾ ਸੀ ਕਿ ਮੁਲਜ਼ਮ ਬਰੀ ਹੋ ਜਾਣ। ਉਸ ਦੇ ਅਜਿਹੇ ਰਿਕਾਰਡ ਦੇ ਮੱਦੇਨਜ਼ਰ ਉਸ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲਿਆ ਗਿਆ ਅਤੇ ਇਸੇ ਜਾਇਜ਼ੇ ਦੇ ਆਧਾਰ ਉਤੇ ਉਸ ਖਿਲਾਫ਼ ਕਾਰਵਾਈ ਹੋਈ ਹੈ।