ਬਜ਼ੁਰਗ ਖਾੜਕੂ ਸੰਤੋਖ ਸਿੰਘ ਬਾਜਵਾ ਗ੍ਰਿਫ਼ਤਾਰ

ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਪੁਲਿਸ ਨੇ 27 ਸਾਲ ਪਹਿਲਾਂ ਸ਼ਾਹਬਾਦ ਮਾਰਕੰਡਾ (ਹਰਿਆਣਾ) ਵਿਖੇ ਹਰਿਆਣਾ ਰੋਡਵੇਜ਼ ਦੀ ਬੱਸ ਵਿਚ ਟ੍ਰਾਂਜਿਸਟਰ ਬੰਬ ਧਮਾਕਾ ਕਰਨ ਦੇ ਦੋਸ਼ ਵਿਚ ਕਈ ਰਾਜਾਂ ਦੀ ਪੁਲਿਸ ਨੂੰ ਲੋੜੀਂਦੇ 70 ਸਾਲਾ ਸੰਤੋਖ ਸਿੰਘ ਬਾਜਵਾ ਨੂੰ ਗ੍ਰਿਫਤਾਰ ਕੀਤਾ ਹੈ।
ਪਤਾ ਲੱਗਾ ਹੈ ਕਿ ਉਸ ਕੋਲੋਂ ਬਲਵੰਤ ਸਿੰਘ ਦੇ ਨਾਂ ‘ਤੇ ਬਣਾਏ ਫਰਜ਼ੀ ਪਛਾਣ ਪੱਤਰ ਤੇ ਡਰਾਈਵਿੰਗ ਲਾਇਸੈਂਸ ਵੀ ਬਰਾਮਦ ਹੋਇਆ ਹੈ। ਇਸ ਤੋਂ ਇਲਾਵਾ ਉਸ ਕੋਲੋਂ ਪ੍ਰੈੱਸ ਦਾ ਕਾਰਡ ਵੀ ਮਿਲਿਆ ਹੈ ਜਿਸ ਉਪਰ ਫਰੀਲਾਂਸ ਪੱਤਰਕਾਰ ਲਿਖਿਆ ਹੈ। ਇਹ ਫਰਜ਼ੀ ਕਾਰਡ ਫਰੀਦਕੋਟ ਤੋਂ ਬਣੇ ਹਨ। ਉਸ ਕੋਲੋਂ ਲੈਪਟਾਪ, ਕੈਮਰਾ, ਡੀਵੀਡੀ ਤੇ ਤਿੰਨ ਕੈਸਿਟਾਂ ਵੀ ਬਰਾਮਦ ਹੋਈਆਂ। ਸ਼ਾਹਬਾਦ ਮਾਰਕੰਡਾ ਵਿਖੇ ਹਰਿਆਣਾ ਰੋਡਵੇਜ਼ ਦੀ ਬੱਸ ਵਿਚ 10 ਮਈ, 1985 ਨੂੰ ਹੋਏ ਬੰਬ ਧਮਾਕੇ ਦੌਰਾਨ ਉਦੋਂ ਦੋ ਵਿਅਕਤੀਆਂ ਦੀ ਮੌਤ ਹੋ ਗਈ ਸੀ ਤੇ 15 ਵਿਅਕਤੀ ਜ਼ਖ਼ਮੀ ਹੋਏ ਸਨ। ਥਾਣਾ ਸ਼ਾਹਬਾਦ ਮਾਰਕੰਡਾ (ਕੁਰੂਕਸ਼ੇਤਰ) ਦੀ ਪੁਲਿਸ ਨੇ ਉਦੋਂ ਤਿੰਨ ਮੁਲਜ਼ਮਾਂ ਗੁਰਬਖਸ਼ ਸਿੰਘ, ਕੁਲਦੀਪ ਸਿੰਘ ਤੇ ਪ੍ਰੀਤਮ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਪਰ ਮੁੱਖ ਮੁਲਜ਼ਮ ਮੰਨਿਆ ਜਾਂਦਾ ਬਾਜਵਾ 27 ਸਾਲਾਂ ਤੋਂ ਫਰਾਰ ਸੀ। ਉਸ ਨੂੰ ਅਦਾਲਤ ਵੱਲੋਂ 24 ਸਤੰਬਰ 1985 ਤੋਂ ਭਗੌੜਾ ਐਲਾਨਿਆ ਗਿਆ ਸੀ। ਮੁੱਢਲੀ ਪੜਤਾਲ ਦੌਰਾਨ ਪਤਾ ਲੱਗਾ ਹੈ ਕਿ ਸੰਤੋਖ ਸਿੰਘ ਬਾਜਵਾ ਇਨ੍ਹਾਂ 27 ਸਾਲਾਂ ਦੌਰਾਨ ਹਿਮਾਚਲ ਪ੍ਰਦੇਸ਼, ਹਰਿਆਣਾ ਤੇ ਪੰਜਾਬ ਵਿਚ ਵੱਖ-ਵੱਖ ਲੁਕਵੇਂ ਟਿਕਾਣਿਆਂ ‘ਤੇ ਫਰਜ਼ੀ ਬਲਵੰਤ ਸਿੰਘ ਨਾਂ ਹੇਠ ਰਹਿੰਦਾ ਰਿਹਾ। ਉਹ ਜ਼ਿਆਦਾ ਸਮਾਂ ਪਾਊਂਟਾ ਸਾਹਿਬ ਨੇੜੇ ਹੀ ਰਿਹਾ। ਉਂਜ ਉਹ ਗੰਗਾਨਗਰ (ਰਾਜਸਥਾਨ) ਤੇ ਫਿਰੋਜ਼ਪੁਰ ਨੇੜੇ ਵੀ ਰਿਹਾ।
ਚੰਡੀਗੜ੍ਹ ਪੁਲਿਸ ਦੀ ਅਪਰਾਧ ਸ਼ਾਖਾ ਦੇ ਇੰਚਾਰਜ ਇੰਸਪੈਕਟਰ ਰਣਜੋਧ ਸਿੰਘ ਨੇ ਸ਼ ਬਾਜਵਾ ਨੂੰ ਸੈਕਟਰ-37 ਤੇ 38 ਦੇ ਚੌਕ ਤੋਂ ਗੁਪਤ ਸੂਚਨਾ ਦੇ ਅਧਾਰ ‘ਤੇ ਗ੍ਰਿਫਤਾਰ ਕੀਤਾ। ਪੁਲਿਸ ਅਨੁਸਾਰ ਬਾਜਵਾ ਇੰਡੀਕਾ ਕਾਰ (ਡੀæਐਲ਼ 4ਸੀਐਮ 1615) ਰਾਹੀਂ ਚੰਡੀਗੜ੍ਹ ਵਿਚੋਂ ਲੰਘ ਕੇ ਖਰੜ ਵਿਖੇ ਕਿਸੇ ਨੂੰ ਮਿਲਣ ਜਾ ਰਿਹਾ ਸੀ। ਪੁੱਛ-ਪੜਤਾਲ ਦੌਰਾਨ ਮੁਲਜ਼ਮ ਨੇ ਮੰਨਿਆ ਹੈ ਕਿ ਉਸ ਦਾ ਅਸਲ ਨਾਂ ਸੰਤੋਖ ਸਿੰਘ ਬਾਜਵਾ ਹੈ ਤੇ ਉਹ ਹਰਿਆਣਾ ਦੇ ਜ਼ਿਲ੍ਹਾ ਕੁਰੂਕਸ਼ੇਤਰ ਦੇ ਪਿੰਡ ਅਧੋਈ ਦਾ ਵਸਨੀਕ ਹੈ। ਉਸ ਨੇ ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ਐਮਏ ਕੀਤੀ  ਤੇ ਪੰਜਾਬ ਪੁਲਿਸ ਦੀ ਨੌਕਰੀ ਛੱਡਣ ਤੋਂ ਬਾਅਦ ਉਸ ਨੇ ਸਾਲ 1965 ਵਿਚ ਆਈਟੀਆਈ ਸਮਰਾਲਾ ਵਿਖੇ ਹੋਸਟਲ ਸੁਪਰਡੈਂਟ ਦੀ ਨੌਕਰੀ ਵੀ ਕੀਤੀ ਸੀ।
ਕੌਮੀ ਐਮਰਜੈਂਸੀ ਵੇਲੇ ਵੀ ਉਹ ਅੰਬਾਲਾ ਕੇਂਦਰੀ ਜੇਲ੍ਹ ਵਿਚ ਬੰਦ ਰਿਹਾ ਹੈ। ਐਸਐਸਪੀ ਚੰਡੀਗੜ੍ਹ ਨੌਨਿਹਾਲ ਸਿੰਘ ਨੇ ਦੱਸਿਆ ਕਿ ਹੁਣ ਤੱਕ ਦੀ ਪੜਤਾਲ ਤੋਂ ਪਤਾ ਲੱਗਾ ਹੈ ਕਿ ਸੰਤੋਖ ਸਿੰਘ ਬਾਜਵਾ ਸਾਲ 1968 ਵਿਚ ਕੈਨੇਡਾ ਗਿਆ ਸੀ ਤੇ ਉਥੇ ਉਸ ਦਾ ਸੰਪਰਕ ਜਸਟਿਸ (ਸੇਵਾਮੁਕਤ) ਅਜੀਤ ਸਿੰਘ ਬੈਂਸ ਦੇ ਭਰਾ ਹਰਦਿਆਲ ਸਿੰਘ ਬੈਂਸ ਨਾਲ ਹੋਇਆ ਸੀ। ਉਸ ਵੇਲੇ ਹਰਦਿਆਲ ਬੈਂਸ ਕਮਿਊਨਿਸਟ ਪਾਰਟੀ ਆਫ ਕੈਨੇਡਾ (ਸੀਪੀਸੀ) ਦਾ ਸਕੱਤਰ ਸੀ ਤੇ ਉਸ ਦੇ ਪ੍ਰਭਾਵ ਹੇਠ ਉਹ ਵੀ ਇਸ ਪਾਰਟੀ ਵਿਚ ਸ਼ਾਮਲ ਹੋਇਆ ਸੀ। ਬਾਜਵਾ ਨੇ ਆਪਣੇ ਤਿੰਨ ਕਾਲਜ ਦੇ ਦੋਸਤਾਂ ਪਿੰਡ ਟਾਂਡਾ ਦੇ ਗੁਰਦੀਪ ਸਿੰਘ ਤੇ ਕਾਬਲ ਸਿੰਘ ਤੇ ਚੰਡੀਗੜ੍ਹ ਦੇ ਅਮਰਜੀਤ ਸਿੰਘ ਨੂੰ ਵੀ ਉਥੇ ਸੱਦ ਲਿਆ ਸੀ। ਉਹ ਪਹਿਲਾਂ ਖੱਬੇ ਪੱਖੀ ਸੋਚ ਦਾ ਧਾਰਨੀ ਸੀ ਤੇ 1984 ਤੋਂ ਬਾਅਦ ਖਾੜਕੂ ਲਹਿਰ ਦੇ ਅਸਰ ਹੇਠ ਉਸ ਨੇ ਬੱਸ ਵਿਚ ਬੰਬ ਧਮਾਕਾ ਕੀਤਾ ਸੀ। ਚੰਡੀਗੜ੍ਹ ਪੁਲਿਸ ਨੇ ਬਾਜਵਾ ਵਿਰੁੱਧ ਧਾਰਾ 419, 420, 467, 468 ਤੇ 471 ਤੇ ਆਰਮਜ਼ ਐਕਟ ਦੀ ਧਾਰਾ 25, 54 ਤੇ 59 ਤਹਿਤ ਕੇਸ ਦਰਜ ਕਰ ਲਿਆ ਹੈ।
___________________________________________________
ਕੌਮੀ ਖੇਡਾਂ ‘ਚ ਲਿਆ ਸੀ ਹਿੱਸਾ
ਬਾਜਵਾ ਕਿਸੇ ਵੇਲੇ ਪੰਜਾਬ ਪੁਲਿਸ ਵਿਚ ਸਹਾਇਕ ਸਬ ਇੰਸਪੈਕਟਰ (ਏਐਸਆਈ) ਵੀ ਰਹਿ ਚੁੱਕਾ ਹੈ। ਉਸ ਨੇ ਸਾਲ 1963 ਦੌਰਾਨ ਆਲ ਇੰਡੀਆ ਪੁਲਿਸ ਸਪੋਰਟਸ ਵਿਚੋਂ 200 ਮੀਟਰ, 400 ਮੀਟਰ ਤੇ 100 ਮੀਟਰ ਰਿਲੇਅ ਦੌੜ ਵਿਚੋਂ ਚਾਰ ਸੋਨ ਤਮਗੇ ਹਾਸਲ ਕੀਤੇ ਸਨ। ਉਸ ਨੇ ਇਸੇ ਵਰ੍ਹੇ ਅਲਾਹਾਬਾਦ ਵਿਚ ਹੋਈਆਂ ਕੌਮੀ ਖੇਡਾਂ ਵਿਚੋਂ ਵੀ ਸੋਨ ਤਗਮਾ ਜਿੱਤਿਆ ਸੀ ਤੇ ਇਨ੍ਹਾਂ ਖੇਡਾਂ ਵਿਚ ਉਡਣਾ ਸਿੱਖ ਮਿਲਖਾ ਸਿੰਘ ਨੇ ਵੀ ਹਿੱਸਾ ਲਿਆ ਸੀ। ਉਸ ਨੇ ਪੰਜਾਬ ਯੂਨੀਵਰਸਿਟੀ ਵੱਲੋਂ ਡੀਏਵੀ ਕਾਲਜ ਜਲੰਧਰ ਵਿਚ ਪੜ੍ਹਨ ਵੇਲੇ ਇੰਟਰ ਯੂਨੀਵਰਸਿਟੀ ਖੇਡਾਂ ਵਿਚੋਂ ਵੀ ਦੂਸਰੀ ਪੁਜੀਸ਼ਨ ਹਾਸਲ ਕੀਤੀ ਸੀ।
___________________________________________________
ਕਈ ਵਰ੍ਹੇ ਕੈਨੇਡਾ ਵਿਚ ਗੁਜ਼ਾਰੇ
ਸਾਲ 1968 ਵਿਚ ਉਹ ਨੌਕਰੀ ਛੱਡ ਕੇ ਕੈਨੇਡਾ ਚਲਾ ਗਿਆ ਸੀ ਜਿਥੇ ਉਸ ਨੇ ਡੇਵਿਸ ਮੈਡੀਸਨ ਫੈਕਟਰੀ ਵਿਚ ਦੋ ਸਾਲ ਕੰਮ ਕੀਤਾ ਸੀ। ਕੈਨੇਡਾ ਤੋਂ ਵਾਪਸ ਆ ਕੇ ਉਸ ਨੇ ਮਹੀਨਾ ਵਾਰ ਮੈਗਜ਼ੀਨ ‘ਕਿਰਤੀ ਯੁੱਗ’ ਸ਼ੁਰੂ ਕੀਤਾ ਸੀ। ਇਸ ਮੈਗਜ਼ੀਨ ਦੇ ਬਤੌਰ ਸੰਪਾਦਕ ਉਸ ਨੇ 14-15 ਅਡੀਸ਼ਨ ਕੱਢੇ ਸਨ। ਫਿਰ ਸਾਲ 1970-1975 ਵਿਚ ਉਸ ਨੇ ਆਪਣੇ ਪਿੰਡ ਵਿਚ ਹੀ ਖੇਤੀਬਾੜੀ ਕੀਤੀ ਤੇ ਇਸੇ ਦੌਰਾਨ ਉਸ ਦਾ ਸੰਪਰਕ ਸ਼ਾਹਬਾਦ ਦੇ ਗੁਰਬਖਸ਼ ਸਿੰਘ ਤੇ ਕੁਲਦੀਪ ਸਿੰਘ ਤੇ ਲੁਧਿਆਣਾ ਦੇ ਪਰਮਜੀਤ ਸਿੰਘ ਨਾਲ ਹੋਇਆ ਜੋ ਬੱਸ ਬੰਬ ਬਲਾਸਟ ਕਾਂਡ ਦੇ ਮੁਲਜ਼ਮ ਹਨ।

Be the first to comment

Leave a Reply

Your email address will not be published.