ਵਿਕਸਿਤ ਮੁਲਕਾਂ ਦੀ ਸਿਆਸਤ ਵਿਚ ਪੰਜਾਬੀਆਂ ਦਾ ਦਬਦਬਾ ਵਧਿਆ

ਜਲੰਧਰ: ਪੰਜਾਬ ਦੀ ਧਰਤੀ ਤੋਂ ਉਠ ਕੇ ਪੂਰੀ ਦੁਨੀਆਂ ਵਿਚ ਜਾ ਵਸੇ ਸਿੱਖਾਂ ਨੇ ਵੱਖ-ਵੱਖ ਦੇਸ਼ਾਂ ਵਿਚ ਆਪਣੇ ਪੈਰ ਜਮਾਉਣ ਤੋਂ ਬਾਅਦ ਹੁਣ ਉਨ੍ਹਾਂ ਦੇਸ਼ਾਂ ਦੇ ਕਾਨੂੰਨਸਾਜ਼ਾਂ ‘ਚ ਸ਼ਾਮਲ ਹੋਣ ਦਾ ਸਫਰ ਵੀ ਸ਼ੁਰੂ ਕਰ ਦਿੱਤਾ ਹੈ। ਇਹ ਸਫਰ ਦੁਨੀਆਂ ਦੇ ਸਭ ਤੋਂ ਵਧੇਰੇ ਵਿਕਸਤ ਦੇਸ਼ਾਂ ਵਿਚ ਵੱਧ ਸਫਲ ਹੋ ਰਿਹਾ ਹੈ। ਪਹਿਲਾਂ-ਪਹਿਲ ਕੁਝ ਵਿਕਸਤ ਮੁਲਕਾਂ ਵਿਚ ਪੰਜਾਬੀ ਮੂਲ ਦੇ ਆਗੂ ਪਾਰਲੀਮੈਂਟ ਜਾਂ ਸੂਬਾਈ ਅਸੰਬਲੀਆਂ ਲਈ ਚੁਣੇ ਜਾਂਦੇ ਰਹੇ ਹਨ, ਪਰ ਇਹ ਸਾਰੇ ਆਗੂ ਕੇਸਾਧਾਰੀ ਨਹੀਂ ਸਨ।

ਪਹਿਲੀ ਵਾਰ ਕੋਈ ਸਾਬਤ ਸੂਰਤ ਸਿੱਖ ਕੈਨੇਡਾ ਦੀ ਪਾਰਲੀਮੈਂਟ ਲਈ 1993 ਵਿਚ ਚੁਣਿਆ ਗਿਆ ਸੀ। ਮੋਗਾ ਦੇ ਜੰਮਪਲ ਗੁਰਬਖਸ਼ ਸਿੰਘ ਮੱਲੀ ਫਿਰ ਲਗਾਤਾਰ ਚਾਰ ਵਾਰ ਮੈਂਬਰ ਪਾਰਲੀਮੈਂਟ ਚੁਣੇ ਜਾਂਦੇ ਰਹੇ ਹਨ। ਉਂਜ ਪਹਿਲਾ ਪੰਜਾਬੀ ਦਲੀਪ ਸਿੰਘ ਸਾਧੂ ਅਮਰੀਕਾ ਦੀ ਕਾਂਗਰਸ ਲਈ 1956 ਵਿਚ ਚੁਣਿਆ ਗਿਆ ਸੀ। ਉਹ ਅੰਮ੍ਰਿਤਸਰ ਦੇ ਪਿੰਡ ਛੱਜਲਵੱਡੀ ਦਾ ਜੰਮਪਲ ਸੀ ਤੇ ਲਗਾਤਾਰ ਦੋ ਵਾਰ ਕਾਂਗਰਸਮੈਨ ਬਣਿਆ ਸੀ। ਉਨ੍ਹਾਂ ਤੋਂ ਬਾਅਦ ਬਰਤਾਨੀਆ ਦੀ ਪਾਰਲੀਮੈਂਟ ਲਈ ਤਿੰਨ ਵਾਰ ਸ੍ਰੀ ਪਿਆਰਾ ਸਿੰਘ ਖਾਬੜਾ ਚੁਣੇ ਗਏ। ਉਹ ਅਪਰੈਲ 92 ਤੋਂ ਜੂਨ 2007 ਤੱਕ ਮੈਂਬਰ ਪਾਰਲੀਮੈਂਟ ਰਹੇ। ਉਹ ਹੁਸ਼ਿਆਰਪੁਰ ਜ਼ਿਲ੍ਹੇ ਦੇ ਕਸਬਾ ਕੋਟਫਤੂਹੀ ਨੇੜੇ ਪਿੰਡ ਚੇਲਾ ਦੇ ਜੰਮਪਲ ਸਨ। ਵਰਨਣਯੋਗ ਹੈ ਕਿ ਜਿਸ ਹਲਕੇ ਤੋਂ ਪਿਆਰਾ ਸਿੰਘ ਐਮæਪੀæ ਜਿੱਤਦੇ ਰਹੇ ਸਨ, ਉਥੋਂ 1998 ਤੋਂ ਲਗਾਤਾਰ ਪੰਜਾਬੀ ਮੂਲ ਦੇ ਵਰਿੰਦਰ ਸ਼ਰਮਾ ਚੌਥੀ ਵਾਰ ਇਹ ਸੀਟ ਜਿੱਤ ਕੇ ਐਮæ ਪੀæ ਬਣੇ ਹਨ। 20ਵੀਂ ਸਦੀ ਦੇ ਆਖਰੀ ਦਹਾਕੇ ‘ਚ ਕੈਨੇਡਾ ਦੀ ਪਾਰਲੀਮੈਂਟ ਵਿਚ ਉਜਲ ਦੁਸਾਂਝ, ਹਰਬ ਧਾਲੀਵਾਲ, ਗੁਰਬਖਸ਼ ਸਿੰਘ ਮੱਲੀ ਤੇ ਹੋਰ ਕਈ ਮੈਂਬਰ ਜਿੱਤ ਕੇ ਗਏ ਸਨ। ਉਂਟਾਰੀਓ ਤੇ ਬ੍ਰਿਟਿਸ਼ ਕੋਲੰਬੀਆ ਦੀਆਂ ਸੂਬਾਈ ਅਸੰਬਲੀਆਂ ਵਿਚ ਵੀ ਕਈ ਪੰਜਾਬੀ ਮੈਂਬਰ ਪੁੱਜੇ ਤੇ ਮੰਤਰੀ ਵੀ ਬਣੇ।
ਉਜਲ ਦੁਸਾਂਝ ਤਾਂ ਬ੍ਰਿਟਿਸ਼ ਕੋਲੰਬੀਆ ਦੇ ਮੁੱਖ ਮੰਤਰੀ ਵੀ ਰਹੇ। ਸ਼ ਮੱਲੀ ਨੂੰ ਛੱਡ ਕੇ ਇਹ ਸਾਰੇ ਗੈਰ-ਕੇਸਾਧਾਰੀ ਸਨ, ਪਰ ਨਵੀਂ ਸਦੀ ਦੇ ਅਰੰਭ ਹੋਣ ਤੋਂ ਪਹਿਲਾਂ ਹੀ ਸਿੱਖਾਂ ਦੀ ਪਛਾਣ ਬਾਰੇ ਜਾਗ੍ਰਿਤੀ ਅਰੰਭ ਹੋ ਗਈ ਸੀ। ਨਾ ਸਿਰਫ ਪੰਜਾਬੋਂ ਗਏ ਸਿੱਖਾਂ ਨੇ ਹੀ, ਸਗੋਂ ਵਿਦੇਸ਼ਾਂ ਵਿਚ ਪੈਦਾ ਹੋਈ ਨਵੀਂ ਪੀੜੀ ਨੇ ਵੀ ਸਿੱਖ ਕਕਾਰਾਂ ਭਾਵ ਦਸਤਾਰ ਬੰਨ੍ਹਣ ਤੇ ਕੇਸਾਧਾਰੀ ਹੋਣ ਵੱਲ ਰੁਝਾਨ ਵਧਾ ਲਿਆ ਸੀ।
ਬਰਤਾਨੀਆ ਵਰਗੇ ਦੁਨੀਆਂ ਦੇ ਮੋਹਰੀ ਵਿਕਸਤ ਦੇਸ਼ ਵਿਚ ਲੰਡਨ ਤੇ ਬਰਮਿੰਘਮ ਦੇ ਦੋ ਵੱਡੇ ਕੇਂਦਰਾਂ ਤੋਂ ਦੋ ਸਾਬਤ ਸੂਰਤ ਸਿੱਖ ਤਨਮਨਜੀਤ ਸਿੰਘ ਢੇਸੀ ਅਤੇ ਬੀਬੀ ਪ੍ਰੀਤ ਕੌਰ ਗਿੱਲ ਹੁਣੇ ਹੋਈਆਂ ਬਰਤਾਨੀਆ ਦੀ ਪਾਰਲੀਮੈਂਟ ਦੀਆਂ ਚੋਣਾਂ ਵਿਚ ਜਿੱਤੇ ਹਨ। ਕੈਨੇਡਾ ‘ਚ ਇਸ ਵੇਲੇ ਫੈਡਰਲ ਸਰਕਾਰ ਦੇ ਛੇ ਮੰਤਰੀਆਂ ਵਿਚੋਂ ਚਾਰ ਸਾਬਤ ਸੂਰਤ ਸਿੱਖ ਹਨ। ਇਨ੍ਹਾਂ ਵਿਚੋਂ ਹਰਜੀਤ ਸਿੰਘ ਸੱਜਣ ਨੂੰ ਰੱਖਿਆ ਮੰਤਰੀ ਅਤੇ ਨਵਦੀਪ ਸਿੰਘ ਬੈਂਸ ਸਨਅਤ ਤੇ ਸਾਇੰਸ ਮੰਤਰੀ ਦੇ ਅਹਿਮ ਅਹੁਦਿਆਂ ਉਪਰ ਕੰਮ ਕਰ ਰਹੇ ਹਨ, ਜਦਕਿ ਦੋ ਔਰਤਾਂ ਪਾਰਲੀਮੈਂਟ ਮੈਂਬਰਾਂ ਬਰਦੀਸ਼ ਚੱਗਰ ਟੂਰਿਜ਼ਮ ਅਤੇ ਅਮਰਜੀਤ ਕੌਰ ਸੋਹੀ ਬੁਨਿਆਦੀ ਢਾਂਚਾ ਮੰਤਰੀ ਹਨ। ਸ਼ ਬੈਂਸ ਦੂਜੀ ਵਾਰ ਮੈਂਬਰ ਪਾਰਲੀਮੈਂਟ ਬਣੇ ਹਨ। ਚਾਰ ਵਾਰ ਮੈਂਬਰ ਪਾਰਲੀਮੈਂਟ ਰਹੇ ਗੁਰਬਖਸ਼ ਸਿੰਘ ਮੱਲੀ ਦੀ ਪਹਿਲੀ ਵਾਰ ਉਂਟਾਰੀਓ ਸੂਬਾਈ ਅਸੰਬਲੀ ਲਈ ਮੈਂਬਰ ਚੁਣੀ ਗਈ ਧੀ ਹਰਿੰਦਰ ਕੌਰ ਮੱਲੀ ਨੇ ਹੀ ਅਸੰਬਲੀ ‘ਚ ਸਿੱਖਾਂ ਦੀ ਨਸਲਕੁਸ਼ੀ ਵਾਲਾ ਮਤਾ ਪੇਸ਼ ਕੀਤਾ ਸੀ, ਜੋ ਪਾਸ ਕਰ ਦਿੱਤਾ ਗਿਆ ਹੈ। ਦੁਨੀਆਂ ਦੇ ਇਤਿਹਾਸ ਵਿਚ ਸਿੱਖਾਂ ਦੀ ਪਛਾਣ ਨੂੰ ਕੌਮਾਂਤਰੀ ਪੱਧਰ ‘ਤੇ ਉਭਾਰਨ ਵੱਲ ਇਹ ਪਹਿਲਾ ਵੱਡਾ ਮੋੜ ਕਿਹਾ ਜਾ ਰਿਹਾ ਹੈ।
ਕੈਨੇਡਾ ਦੀ ਸਿਆਸਤ ਵਿਚ ਪੱਗ ਬੰਨ੍ਹ ਕੇ ਤੇ ਖੁੱਲ੍ਹੀ ਦਾੜ੍ਹੀ ਛੱਡ ਕੇ ਕੌਮੀ ਪੱਧਰ ਦੀ ਸਿਆਸਤ ‘ਚ ਉਭਰਨ ਵਾਲਾ 38 ਸਾਲਾ ਜਗਮੀਤ ਸਿੰਘ ਜਿੰਮੀ ਧਾਲੀਵਾਲ ਨਿਊ ਡੈਮੋਕਰੇਟਿਕ ਪਾਰਟੀ ਦਾ ਡਿਪਟੀ ਲੀਡਰ ਹੈ ਤੇ ਉਂਟਾਰੀਓ ਸੂਬਾਈ ਅਸੰਬਲੀ ‘ਚ ਵਿਧਾਇਕ ਹੈ। ਫੈਸ਼ਨ ਦੀ ਦੁਨੀਆਂ ਵਿਚ ਨਾਂ ਚਮਕਾਉਣ ਵਾਲੇ ਜਿੰਮੀ ਨੂੰ ਕੈਨੇਡਾ ‘ਚ ਐਨæਡੀæਪੀæ ਦੇ ਸੰਭਾਵਤ ਆਗੂ ਵਜੋਂ ਵੀ ਵੇਖਿਆ ਜਾ ਰਿਹਾ ਹੈ। ਨਿਊਜ਼ੀਲੈਂਡ ਪਾਰਲੀਮੈਂਟ ‘ਚ 2008 ਵਿਚ ਪੁੱਜਣ ਵਾਲੇ ਕੰਵਲਜੀਤ ਸਿੰਘ ਬਖਸ਼ੀ ਵੀ ਸਾਬਤ ਸੂਰਤ ਸਿੱਖ ਹਨ ਤੇ ਉਹ ਹੁਣ ਤੀਜੀ ਵਾਰ ਪਾਰਲੀਮੈਂਟ ‘ਚ ਪੁੱਜੇ ਹਨ। ਸ਼ ਬਖਸ਼ੀ ਦਿੱਲੀ ਦੇ ਜੰਮਪਲ ਹਨ। ਰਾਮਗੜ੍ਹੀਆ ਭਾਈਚਾਰੇ ਦੇ ਪਰਿਵਾਰ ਦੇ ਮੈਂਬਰ ਪਰਮਿੰਦਰ ਸਿੰਘ ਮਰਵਾਹਾ ਦੋ ਵਾਰ ਯੂਗਾਂਡਾ ਦੇ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਹਨ।