ਕੰਵਲ ਭੱਟੀ
ਪਿੰਡ ਬੂਥਗੜ (ਲੁਧਿਆਣਾ)
ਫੋਨ: 91-97801-00348
ਘਰ ਤੋਂ ਥੋੜ੍ਹੀ ਦੂਰ ਪਿੰਡ ਤੋਂ ਬਾਹਰ ਵੱਲ ਪੈਂਦੀ ਮੋਟਰ ‘ਤੇ ਪੰਜ ਰੁੱਖ ਗੂੜ੍ਹੀ ਛਾਂ ਦੇ ਹਾਮੀਦਾਰ ਸਨ। ਬਚਪਨ ਤੋਂ ਹੀ ਜਦੋਂ ਉਸ ਮੋਟਰ ਕੋਲੋਂ ਲੰਘਣਾ, ਮੇਰਾ ਮਨ ਚਾਅ ਤੇ ਹੁਲਾਸ ਨਾਲ ਭਰ ਜਾਣਾ। ਤਿੰਨ ਰੁੱਖ ਪਹੀ ਦੇ ਇੱਕ ਪਾਸੇ ਸਨ ਤੇ ਦੋ ਦੂਜੇ ਪਾਸੇ, ਜੋ ਹੌਲੀ ਹੌਲੀ ਇੱਕ ਦੂਜੇ ਵੱਲ ਝੁਕ ਕੇ ਇੱਕ ਗੁਫਾ ਜਿਹੀ ਬਣਾਉਂਦੇ ਸਨ।
ਸਵੇਰ-ਸ਼ਾਮ ਜਦੋਂ ਵੀ ਸੈਰ ਕਰਨ ਜਾਣਾ, ਪੰਜ ਕੁ ਮਿੰਟ ਉਨ੍ਹਾਂ ਰੁੱਖਾਂ ਕੋਲ ਜਰੂਰ ਖੜ੍ਹਨਾ।
ਉਨ੍ਹਾਂ ਰੁੱਖਾਂ ‘ਚ ਇੱਕ ਸੰਤੁਸ਼ਟੀ ਦੇਣ ਵਾਲੀ ਅਵੱਲੀ ਜਿਹੀ ਸ਼ਕਤੀ ਸੀ। ਜਦੋਂ ਮੈਂ ਰੁੱਖਾਂ ਦੀ ਛਾਂਵੇਂ ਜਾ ਬੈਠਣਾ ਤਾਂ ਇੰਜ ਪ੍ਰਤੀਤ ਹੋਣਾ ਜਿਵੇਂ ਮੇਰੇ ਬਜ਼ੁਰਗ ਮੈਨੂੰ ਆਸ਼ੀਰਵਾਦ ਦੇ ਰਹੇ ਹੋਣ। ਅੱਤ ਦੀ ਗਰਮੀ ਵਿਚ ਉਹ ਰੁੱਖ ਪਿੰਡ ਦੇ ਬਜ਼ੁਰਗਾਂ, ਨੌਜਵਾਨਾਂ ਤੇ ਬੱਚਿਆਂ ਦਾ ਰਹਿਣ ਆਸਰਾ ਸਨ। ਪਤਾ ਨਹੀਂ ਕਿੰਨੇ ਕੁ ਪੰਛੀ ਉਨ੍ਹਾਂ ਰੁੱਖਾਂ ‘ਤੇ ਦਿਨ ਰਾਤ ਚੀਂ-ਚੀਂ ਕਰਦੇ ਰਹਿੰਦੇ।
ਰੋਜ਼ ਸ਼ਾਮ ਦੀ ਤਰ੍ਹਾਂ ਅੱਜ ਫਿਰ ਮੈਂ ਸੈਰ ਕਰਨ ਉਨ੍ਹਾਂ ਰੁੱਖਾਂ ਵਾਲੇ ਰਸਤੇ ਗਈ, ਦੂਰੋਂ ਤੁਰੀ ਆਉਂਦੀ ਨੂੰ ਮੋਟਰ ਦਾ ਦ੍ਰਿਸ਼ ਧੁੰਦਲਾ ਨਜ਼ਰ ਆ ਰਿਹਾ ਸੀ ਪਰ ਜਿਉਂ ਜਿਉਂ ਨੇੜੇ ਗਈ ਤਾਂ ਹਰੇ ਕਚੂਰ ਰੁੱਖ, ਜਿਨ੍ਹਾਂ ਨੇ ਮੋਟਰ ਦਾ ਕੋਠਾ ਢਕਿਆ ਹੋਇਆ ਸੀ, ਵਿਚੋਂ ਇੱਕ ਵੀ ਮੌਜੂਦ ਨਹੀਂ ਸੀ। ਸਿਰਫ ਮੋਟਰ ਦਾ ਸੁੰਨਾ ਜਿਹਾ ਕੋਠਾ ਦਿਸ ਰਿਹਾ ਸੀ। ਮੇਰਾ ਮੱਥਾ ਇੱਕ ਦਮ ਪਸੀਨੇ ਨਾਲ ਭਿੱਜ ਗਿਆ, ਦਿਲ ਦੀ ਹਾਲਤ ਇਸ ਤਰ੍ਹਾਂ ਹੋ ਗਈ ਜਿਵੇਂ ਕੋਈ ਬਹੁਤ ਪਿਆਰਾ ਖਿਡਾਉਣਾ ਗੁਆਚ ਗਿਆ ਹੋਵੇ। ਜਦੋਂ ਮੋਟਰ ਦੇ ਬਿਲਕੁਲ ਕੋਲ ਗਈ ਤਾਂ ਪੰਜ ਰੁੱਖਾਂ ਦੀਆਂ ਲਾਸ਼ਾਂ ਪਹੀ ਦੇ ਸੱਜੇ ਤੇ ਖੱਬੇ ਪਈਆਂ ਸਨ। ਮੈਂ ਭੱਜ ਕੇ ਉਨ੍ਹਾਂ ਕੋਲ ਗਈ।
ਹਾਏ ਰੱਬਾ, ਆਹ ਕੀ ਹੋ ਗਿਆ? ਕੀਹਨੇ ਕਰ’ਤਾ ਇਹ? ਮੇਰੇ ਮੂੰਹੋਂ ਆਪ ਮੁਹਾਰੇ ਨਿਕਲ ਗਿਆ। ਹੰਝੂ ਪਰਲ ਪਰਲ ਵਗਣ ਲੱਗੇ। ਮੈਂ ਕੱਟੇ ਰੁੱਖਾਂ ਨੂੰ ਹੱਥ ਲਾ ਲਾ ਦੇਖ ਰਹੀ ਸੀ। ਮਨ ਦੀ ਹਾਲਤ ਕਮਲਿਆਂ ਵਰਗੀ ਹੋ ਰਹੀ ਸੀ। ਸਰੀਰ ਨੇ ਜਵਾਬ ਦੇ ਦਿੱਤਾ ਤੇ ਮੈਂ ਗੋਡਿਆਂ ਭਾਰ ਮੋਏ ਰੁੱਖਾਂ ਵਿਚਾਲੇ ਬੈਠ ਗਈ। ਹਵਾ ਦਾ ਬੁੱਲਾ ਆਇਆ, ਰੁੱਖਾਂ ਦੇ ਪੱਤਿਆਂ ‘ਚ ਖੜ ਖੜ ਪੈਦਾ ਹੋਈ ਪਰ ਇਹ ਖੜ ਖੜ ਖੁਸ਼ੀ ਦੀ ਨਹੀਂ ਸਗੋਂ ਦਰਦ ਦੀ ਸੀ। ਜਿਵੇਂ ਮੈਨੂੰ ਕਹਿ ਰਹੀ ਹੋਵੇ ‘ਕਿਉਂ ਝੱਲੀ ਹੋਈ ਐਂ! ਮਰਿਆ ਹੋਇਆ ਵੀ ਕਦੇ ਕੋਈ ਜਿਉਂਦਾ ਹੋਇਐ ਭਲਾਂ?
ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਇਹ ਕੀ ਹੋਇਐ? ਕਿੱਦਾਂ ਹੋਇਐ? ਕੀਹਨੇ ਕੀਤਾ? ਕਿਉਂ ਕੀਤਾ? ਦਿਲ ਧਾਹਾਂ ਮਾਰ ਕੇ ਰੋਣ ਨੂੰ ਕਰ ਰਿਹਾ ਸੀ। ਇੰਨੇ ਨੂੰ ਮੋਟਰ ਦਾ ਮਾਲਕ ਮੋਢੇ ‘ਤੇ ਕਹੀ ਰੱਖੀ ਆ ਗਿਆ। ਉਸ ਨੂੰ ਦੇਖ ਕੇ ਬਹੁਤ ਗੁੱਸਾ ਚੜ੍ਹਿਆ ਪਰ ਚੁੱਪ ਵੀ ਧਾਰੀ ਨਹੀਂ ਸੀ ਜਾ ਸਕਦੀ। ਇਸ ਕਤਲੇਆਮ ਦਾ ਕਾਰਨ ਤਾਂ ਪੁੱਛਣਾ ਹੀ ਸੀ। ‘ਅੰਕਲ, ਆਹ ਵਿਚਾਰੇ ਦਰਖਤ ਕਾਹਤੋਂ ਵੱਢ’ਤੇ।’ ਮੈਂ ਇੱਕ ਦਮ ਪੁੱਛਿਆ। ਪਹਿਲਾਂ ਤਾਂ ਹਮੇਸ਼ਾ ਇੱਕ ਦਮ ਫਤਿਹ ਬੁਲਾਇਆ ਕਰਦੀ ਸਾਂ ਪਰ ਅੱਜ ਮੇਰਾ ਫਤਿਹ ਬੁਲਾਉਣ ਦਾ ਭੋਰਾ ਵੀ ਮਨ ਨਾ ਕੀਤਾ।
“ਓ ਪੁੱਤਰਾ, ਵਾਢੀ ਦਾ ਸਮਾਂ ਹੈ ਟਰੈਕਟਰ ਟਰਾਲੀਆਂ ਤੇ ਕੰਬਾਈਨ ਲੰਘਾਉਣੇ ਔਖੇ ਹੁੰਦੇ ਸਨ, ਡਿੱਕਾ ਲਾਈ ਜਾਂਦੇ ਸੀ ਤਾਂ ਕਰ ਕੇ ਵੱਢਣੇ ਪਏ। ਨਾਲੇ ਇਹ ਕਿਹੜਾ ਬੰਦੇ ਨੇ ਭਾਈ, ਕਹਿ ਦਾਂਗੇ, Ḕਹੋਈਂ ਬਾਈ ਪਰੇ, ਸੰਦ ਲੰਘਾਉਣੇ ਨੇ।Ḕ ਹਾ ਹਾ ਹਾ ਹਾæææ।”
ਮੋਟਰ ਦੇ ਮਾਲਕ ਨੇ ਇੰਜ ਜਵਾਬ ਦਿੱਤਾ ਜਿਵੇਂ ਕੋਈ ਵੱਡੀ ਬਹਾਦਰੀ ਤੇ ਸਮਾਜ ਭਲਾਈ ਦਾ ਕੰਮ ਕੀਤਾ ਹੋਵੇ। ਉਸ ਦਾ ਹਾਸਾ ਮੈਨੂੰ ਭਿਆਨਕ ਰਾਖਸ਼ ਦੀ ਤਰ੍ਹਾਂ ਲੱਗਿਆ। ਮੈਥੋਂ ਇਹ ਵੀ ਨਾ ਕਹਿ ਹੋਇਆ ਕਿ ਸੰਦ ਦੂਜੇ ਪਾਸਿਓਂ ਵੀ ਤਾਂ ਲੰਘਾਏ ਜਾ ਸਕਦੇ ਸਨ। ਪਰ ਹੁਣ ਕੀ ਹੋ ਸਕਦਾ ਸੀ। ਮੈਂ ਚੁੱਪ ਕਰਕੇ ਮੋਏ ਰੁੱਖਾਂ ਕੋਲੋਂ ਲੰਘ ਕੇ ਘਰ ਦੇ ਰਾਹੇ ਪੈ ਗਈ।
ਉਨ੍ਹਾਂ ਰੁੱਖਾਂ ਦਾ ਕਤਲ ਮੈਨੂੰ ਬਜ਼ੁਰਗਾਂ ਦਾ ਕਤਲ ਜਾਪਿਆ। ਜਦੋਂ ਦੀ ਮੈਂ ਸੋਝੀ ਸੰਭਾਲੀ ਸੀ, ਉਦੋਂ ਤੋਂ ਹੀ ਇਹ ਰੁੱਖ ਹਰੇ-ਭਰੇ ਸਨ। ਪ੍ਰਤੀਤ ਤਾਂ ਇੰਜ ਹੁੰਦਾ ਸੀ ਜਿਵੇਂ ਇਹ ਰੁੱਖ ਉਨ੍ਹਾਂ ਦੇ ਵੱਡੇ ਵਡੇਰਿਆਂ ਨੇ ਲਾਏ ਹੋਣ। ਕਿਉਂਕਿ ਆਪਣੇ ਹੱਥੀਂ ਲਾ ਕੇ ਅਤੇ ਪਾਲ ਕੇ ਕੋਈ ਵੀ ਵਿਅਕਤੀ ਉਸ ਦਾ ਕਤਲ ਨਹੀਂ ਕਰ ਸਕਦਾ। ਪਰ ਉਸ ਮੋਟਰ ਦੇ ਮਾਲਕ ਨੇ ਆਪਣੇ ਬਜ਼ੁਰਗਾਂ ਦਾ ਕਤਲ ਕਰ ਦਿੱਤਾ ਸੀ। ਰੁੱਖਾਂ ਦੀ ਕੀਮਤ ਇਨ੍ਹਾਂ ਪੱਥਰ ਦਿਲਾਂ ਨੂੰ ਕੌਣ ਸਮਝਾਵੇ? ਅਕਸਰ ਮਨੁੱਖ ਦੇ ਕਤਲ ਦੀ ਤਾਂ ਅਦਾਲਤਾਂ ਵੱਲੋਂ ਵੱਡੀ ਸਜ਼ਾ ਦਿੱਤੀ ਜਾਂਦੀ ਹੈ ਪਰ ਜੇ ਰੁੱਖਾਂ ਦਾ ਕਤਲ ਕਰਨ ਵਾਲਿਆਂ ਨੂੰ ਵੀ ਸਜ਼ਾ ਸੁਣਾਈ ਜਾਂਦੀ ਤਾਂ ਸ਼ਾਇਦ ਅੱਜ ਉਹ ਬਜ਼ੁਰਗਾਂ ਨਿਆਈਂ ਪੰਜ ਰੁੱਖ-ਦੋ ਤੂਤ, ਦੋ ਨਿੰਮਾਂ ਅਤੇ ਇੱਕ ਕਿੱਕਰ ਜਿਉਂਦੇ ਹੁੰਦੇ। ਹੁਣ ਉਨ੍ਹਾਂ ਰੁੱਖਾਂ ਬਿਨਾ ਸੁੰਨੇ ਤੇ ਉਜਾੜ ਵਰਗੇ ਰਸਤੇ ਨੇ ਪਿੰਡ ਦੀ ਚੜ੍ਹਦੀ ਵਾਲੇ ਪਾਸੇ ਨਾਲੋਂ ਮੇਰਾ ਮੋਹ ਤੋੜ ਜਿਹਾ ਦਿੱਤਾ ਹੈ।