ਡੋਨਲਡ ਟਰੰਪ ਨੇ ਆਲਮੀ ਤਪਸ਼ ਘਟਾਉਣ ਦੇ ਯਤਨਾਂ ਨੂੰ ਦਿੱਤਾ ਝਟਕਾ

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਪੈਰਿਸ ਵਾਤਾਵਰਨ ਸਮਝੌਤੇ ਤੋਂ ਅਮਰੀਕਾ ਦੇ ਪਿੱਛੇ ਹਟਣ ਦੇ ਐਲਾਨ ਨੇ ਵਿਸ਼ਵ ਦੇ ਵਧ ਰਹੇ ਤਾਪਮਾਨ ਨੂੰ ਘੱਟ ਕਰਨ ਦੇ ਯਤਨਾਂ ਨੂੰ ਲੀਹ ਤੋਂ ਲਾਹ ਦਿੱਤਾ ਹੈ। ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਵੱਲੋਂ ਕੀਤੇ ਇਸ ਸਮਝੌਤੇ ਨੂੰ ਟਰੰਪ ਨੇ ਇਸ ਤਰ੍ਹਾਂ ਦਾ ਸੰਧੀ ਪੱਤਰ ਕਰਾਰ ਦਿੱਤਾ ਹੈ ਜੋ ਅਮਰੀਕਾ ਲਈ ਨੁਕਸਾਨ ਵਾਲਾ ਅਤੇ ਆਰਥਿਕ ਵਿਰੋਧੀ ਦੇਸ਼ਾਂ ਭਾਰਤ, ਚੀਨ ਅਤੇ ਯੂਰਪੀਨ ਦੇਸ਼ਾਂ ਲਈ ਲਾਭਕਾਰੀ ਹੈ।

ਟਰੰਪ ਦੇ ਐਲਾਨ ਨੂੰ ਯੂਰਪ ਦੇ ਗੁੱਸੇ ਹੋਏ ਉਸ ਦੇ ਸਹਿਯੋਗੀ ਦੇਸ਼ਾਂ ਸਮੇਤ ਕਈ ਦੇਸ਼ਾਂ ਨੇ ਖਾਰਜ ਕਰ ਦਿੱਤਾ ਹੈ। ਫਰਾਂਸ, ਜਰਮਨੀ ਤੇ ਇਟਲੀ ਨੇ ਇਕ ਸਾਂਝੇ ਬਿਆਨ ਵਿਚ ਕਿਹਾ ਕਿ ਸਮਝੌਤੇ ‘ਤੇ ਫਿਰ ਗੱਲਬਾਤ ਨਹੀਂ ਹੋ ਸਕਦੀ? ਅਮਰੀਕਾ ਚੀਨ ਪਿੱਛੋਂ ਗਰੀਨ ਹਾਊਸ ਗੈਸਾਂ ਵਿਸਰਜਤ ਕਰਨ ਵਾਲਾ ਵਿਸ਼ਵ ਦਾ ਦੂਸਰਾ ਵੱਡਾ ਦੇਸ਼ ਹੈ। ਇਸ ਕਾਰਨ ਟਰੰਪ ਦੇ ਫੈਸਲੇ ਨਾਲ ਵਿਸ਼ਵ ਤਾਪਮਾਨ ਵਿਚ ਵਾਧੇ ਨੂੰ ਘਟਾਉਣ ਦੇ ਯਤਨਾਂ ‘ਤੇ ਉਲਟਾ ਅਸਰ ਪਵੇਗਾ। ਟਰੰਪ ਦੇ ਇਸ ਫੈਸਲੇ ‘ਤੇ ਭਾਰਤ ਸਮੇਤ ਵਿਸ਼ਵ ਦੇ ਕਈ ਦੇਸ਼ਾਂ ਨੇ ਸਖਤ ਪ੍ਰਤੀਕ੍ਰਿਆ ਜ਼ਾਹਿਰ ਕੀਤੀ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਵਾਤਾਵਰਨ ਪ੍ਰਦੂਸ਼ਣ ਨਾਲ ਨਜਿੱਠਣ ਲਈ ਕੋਈ ਕਦਮ ਨਾ ਚੁੱਕਣਾ ਨੈਤਿਕ ਅਪਰਾਧ ਹੋਵੇਗਾ।
ਟਰੰਪ ਦਾ ਕਹਿਣਾ ਹੈ ਕਿ ਉਹ ਆਪਣੀ ਸਮਝ ਮੁਤਾਬਕ ਉਸ ਸਮਝੌਤੇ ਦਾ ਸਮਰਥਨ ਨਹੀਂ ਕਰ ਸਕਦਾ ਜੋ ਅਮਰੀਕਾ ਨੂੰ ਸਜ਼ਾ ਦਿੰਦਾ ਹੈ। ਇਹ ਸਮਝੌਤਾ ਸਾਡੇ ਦੇਸ਼ ‘ਤੇ ਭਾਰੀ ਵਿੱਤੀ ਅਤੇ ਆਰਥਿਕ ਭਾਰ ਪਾਉਂਦਾ ਹੈ।
ਅਮਰੀਕਾ ਦੁਨੀਆਂ ਦਾ ਸਭ ਤੋਂ ਵੱਧ ਕਾਰਬਨ ਪੈਦਾ ਕਰਨ ਵਾਲਾ ਮੁਲਕ ਹੈ ਪਰ ਟਰੰਪ ਨੇ ਅਮਰੀਕੀਆਂ ਲਈ ਪੈਰਿਸ ਸਮਝੌਤੇ ਨੂੰ ਕੁਢੱਬਾ ਬਣਾਉਣ ਪੱਖੋਂ ਕੋਈ ਕਸਰ ਬਾਕੀ ਨਹੀਂ ਛੱਡੀ। ਉਹ ਆਲਮੀ ਤਪਸ਼ ਜਾਂ ਵਾਤਾਵਰਣ ਤਬਦੀਲੀ ਵਰਗੇ ਮੁੱਦਿਆਂ ਨੂੰ ‘ਬੇਲੋੜੀ ਬਕਵਾਸ’ ਦੱਸਦਾ ਆਇਆ ਹੈ। ਉਸ ਦੀ ਦਲੀਲ ਰਹੀ ਹੈ ਕਿ ਪੈਰਿਸ ਸਮਝੌਤੇ ਵਰਗੀਆਂ ਆਲਮੀ ਸੰਧੀਆਂ ਅਮਰੀਕਾ, ਖਾਸ ਕਰ ਕੇ ਗੋਰੇ ਅਮਰੀਕੀਆਂ ਦੇ ਆਰਥਿਕ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਹਨ। ਲਿਹਾਜ਼ਾ, ਅਮਰੀਕਾ ਲਈ ਜ਼ਰੂਰੀ ਨਹੀਂ ਕਿ ਉਹ ਅਜਿਹੀਆਂ ਸੰਧੀਆਂ ਦਾ ਪਾਬੰਦ ਰਹੇ।
ਪੈਰਿਸ ਸਮਝੌਤਾ ਢੇਰਾਂ ਦੇ ਢੇਰ ਕਾਰਬਨ ਪੈਦਾ ਕਰਨ ਵਾਲੇ ਸਨਅਤੀ ਅਦਾਰਿਆਂ ਨੂੰ ਬੰਦ ਕਰਨ ਤਕ ਮਹਿਦੂਦ ਨਹੀਂ ਬਲਕਿ ਇਹ ਸਾਡੇ ਗ੍ਰਹਿ, ਸਾਡੀ ਕਾਇਨਾਤ ਤੇ ਸਮੁੱਚੀ ਮਨੁੱਖਤਾ ਨੂੰ ਤਬਾਹੀ ਤੋਂ ਬਚਾਉਣ ਲਈ ਬਹੁਤ ਡੂੰਘੀ ਸੋਚ-ਵਿਚਾਰ ਸਦਕਾ ਵਜੂਦ ਵਿਚ ਆਇਆ ਇਕ ਸਮੂਹਿਕ ਉਪਰਾਲਾ ਹੈ। ਉਂਜ, ਇਹ ਪਹਿਲੀ ਵਾਰ ਨਹੀਂ ਜਦੋਂ ਅਮਰੀਕਾ ਨੇ ਆਪਣੇ ਸੌੜੇ ਹਿੱਤਾਂ ਦੀ ਖਾਤਰ ਕਿਸੇ ਆਲਮੀ ਸਮਝੌਤੇ ਨਾਲੋਂ ਨਾਤਾ ਤੋੜਿਆ ਹੈ। ਉਸ ਨੇ ਪਰਮਾਣੂ ਨਿਸ਼ਸਤਰੀਕਰਨ ਦਾ ਰਾਹ ਪੱਧਰਾ ਕਰਨ ਵਾਲੀ ਵਿਆਪਕ ਟੈਸਟ ਬੈਨ ਸੰਧੀ (ਸੀæਟੀæਬੀæਟੀæ) ਦੀ ਤਾਈਦ ਕਰਨ ਤੋਂ ਵੀ ਨਾਂਹ ਕਰ ਦਿੱਤੀ ਸੀ।
_________________________________
ਟਰੰਪ ਦਾ ਭਾਰਤ ਤੇ ਚੀਨ ਵਿਰੁਧ ਗੁੱਸਾ
ਵਾਸ਼ਿੰਗਟਨ: ਡੋਨਲਡ ਟਰੰਪ ਨੇ ਆਖਿਆ ਹੈ ਕਿ ਪੈਰਿਸ ਸਮਝੌਤੇ ਵਿਚ ਭਾਰਤ ਤੇ ਚੀਨ ਵਰਗੇ ਪ੍ਰਦੂਸ਼ਿਤ ਦੇਸ਼ਾਂ ਲਈ ਕੋਈ ਖਾਸ ਸਖਤੀ ਨਹੀਂ ਕੀਤੀ ਗਈ। ਇਸ ਦੇ ਨਾਲ ਹੀ ਟਰੰਪ ਨੇ ਗਲੋਬਲ ਵਾਰਮਿੰਗ ਰੋਕਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਮੱਠੀ ਰਫਤਾਰ ਉਤੇ ਵੀ ਚਿੰਤਾ ਦਾ ਪ੍ਰਗਟਾਵਾ ਕੀਤਾ। ਟਰੰਪ ਅਨੁਸਾਰ ਇਸ ਸਮਝੌਤੇ ਵਿਚ ਭਾਰਤ, ਚੀਨ ਤੇ ਯੂਰਪ ਦੇ ਦੇਸ਼ਾਂ ਨੂੰ ਕਈ ਸਹੂਲਤਾਂ ਦਿੱਤੀਆਂ ਗਈਆਂ ਹਨ।