ਮਾੜੀ ਕਾਨੂੰਨ ਵਿਵਸਥਾ ਬਣਨ ਲੱਗੀ ਕੈਪਟਨ ਸਰਕਾਰ ਲਈ ਨਮੋਸ਼ੀ

ਚੰਡੀਗੜ੍ਹ: ਪੰਜਾਬ ਵਿਚ ਵਾਪਰ ਰਹੀਆਂ ਹਿੰਸਕ ਘਟਨਾਵਾਂ ਅਤੇ ਲੁੱਟ ਖੋਹ ਕਾਂਗਰਸ ਸਰਕਾਰ ਲਈ ਭਾਰੀ ਨਮੋਸ਼ੀ ਦਾ ਕਾਰਨ ਬਣ ਗਈ ਹੈ। ਸੱਤਾ ਸੰਭਾਲਣ ਤੋਂ ਡੇਢ ਮਹੀਨੇ ਵਿਚ ਹੀ ਵਾਪਰੀਆਂ ਕਈ ਵੱਡੀਆਂ ਘਟਨਾਵਾਂ ਨੇ ਪੁਲਿਸ ਦੀ ਕਾਰਗੁਜ਼ਾਰੀ ‘ਤੇ ਵੀ ਸਵਾਲੀਆ ਨਿਸ਼ਾਨ ਲਾਇਆ ਹੈ। ਗੈਂਗਸਟਰਾਂ ਦੀ ਸਮੱਸਿਆ ਦੇ ਨਾਲ-ਨਾਲ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ‘ਚ ਇਕਦਮ ਵਾਧਾ ਹੋਇਆ ਹੈ।

2 ਮਈ ਨੂੰ ਬਨੂੰੜ ਨੇੜੇ ਜਿਸ ਤਰ੍ਹਾਂ ਪੰਜ ਨਕਾਬਪੋਸ਼ਾਂ ਨੇ ਚਲਦੀ ਸੜਕ ‘ਤੇ ਚਿੱਟੇ ਦਿਨ ਇਕ ਬੈਂਕ ਦੇ ਨਕਦੀ ਵਾਲੇ ਵਾਹਨ ਨੂੰ ਲੁੱਟਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ, ਉਹ ਕਈ ਪੱਖਾਂ ਤੋਂ ਅੱਖਾਂ ਖੋਲ੍ਹਣ ਵਾਲੀ ਗੱਲ ਹੈ। ਬੈਂਕ ਦੇ ਇਸ ਵਾਹਨ ਵਿਚ ਦੋ ਗੰਨਮੈਨ ਮੌਜੂਦ ਸਨ, ਆਵਾਜਾਈ ਵਾਲੀ ਸੜਕ ‘ਤੇ ਇਹ ਵਾਹਨ ਦਿਨ ਸਮੇਂ ਜਾ ਰਿਹਾ ਸੀ। ਉਸ ਨੂੰ ਰੋਕਿਆ ਗਿਆ। ਇਕ ਗੰਨਮੈਨ ਨੂੰ ਜ਼ਖ਼ਮੀ ਕਰ ਦਿੱਤਾ ਗਿਆ।
ਦੂਸਰੇ ਤੋਂ ਬੰਦੂਕ ਖੋਹ ਲਈ ਗਈ ਅਤੇ ਫਿਰ ਇਸ ਮਜ਼ਬੂਤ ਅਤੇ ਸੁਰੱਖਿਅਤ ਵਾਹਨ ਵਿਚੋਂ 1æ33 ਕਰੋੜ ਰੁਪਏ ਲੁੱਟ ਕੇ ਇਹ ਲੁਟੇਰੇ ਫਰਾਰ ਹੋ ਗਏ। ਉਸ ਤੋਂ ਅਗਲੇ ਦਿਨ ਹੀ ਮਲੋਟ ਨੇੜੇ ਇਕ ਪਿੰਡ ਵਿਚ ਬੈਂਕ ਦੀ ਇਕ ਸ਼ਾਖਾ ‘ਤੇ ਦਿਨ-ਦਿਹਾੜੇ ਛੇ ਲੁਟੇਰਿਆਂ ਨੇ ਆ ਧਾਵਾ ਬੋਲਿਆ। 10 ਲੱਖ ਤੋਂ ਵਧੇਰੇ ਦੀ ਰਕਮ ਲੁੱਟੀ ਅਤੇ ਮੋਟਰ ਸਾਈਕਲਾਂ ‘ਤੇ ਫਰਾਰ ਹੋ ਗਏ। ਅਜਿਹਾ ਲਗਾਤਾਰ ਵਾਪਰ ਰਿਹਾ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਾਲ ਹੀ ਵਿਚ ਵਾਪਰੀਆਂ ਘਟਨਾਵਾਂ ਦੇ ਮੁੱਦੇ ‘ਤੇ ਸੀਨੀਅਰ ਪੁਲੀਸ ਅਧਿਕਾਰੀਆਂ ਨਾਲ ਨਾਖ਼ੁਸ਼ੀ ਵੀ ਪ੍ਰਗਟਾਈ। ਪੰਜਾਬ ਵਿਚ ਇਸ ਸਮੇਂ ਸਿਪਾਹੀ ਤੋਂ ਲੈ ਕੇ ਡੀæਜੀæਪੀæ ਤੱਕ ਦੀ ਕੁੱਲ ਨਫਰੀ 80 ਹਜ਼ਾਰ ਤੋਂ ਜ਼ਿਆਦਾ ਹੈ ਅਤੇ ਇਹ ਗਿਣਤੀ ਆਬਾਦੀ ਦੇ ਅਨੁਪਾਤ ਨਾਲ ਹੋਰ ਰਾਜਾਂ ਨਾਲੋਂ ਕਿਤੇ ਵੱਧ ਹੈ। ਭਾਰੀ ਪੁਲੀਸ ਫੋਰਸ ਦੇ ਬਾਵਜੂਦ ਕਾਨੂੰਨ ਵਿਵਸਥਾ ਲੀਹੋਂ ਲੱਥੀ ਹੋਈ ਹੈ।
ਪੰਜਾਬ ਵਿਚ ਪਿਛਲੇ ਕੁਝ ਦਿਨਾਂ ਦੌਰਾਨ ਹੀ ਅੱਧੀ ਦਰਜਨ ਤੋਂ ਵੱਧ ਵਿਅਕਤੀਆਂ ਦੇ ਕਤਲ ਹੋ ਚੁੱਕੇ ਹਨ। ਗੁਰਦਾਸਪੁਰ ਵਿਚ ਦਿਨ-ਦਿਹਾੜੇ ਗੈਂਗਵਾਰ ਹੋਈ। ਇਸ ਤੋਂ ਪਹਿਲਾਂ ਵਾਪਰੀਆਂ ਵੱਡੀਆਂ ਘਟਨਾਵਾਂ ਜਿਨ੍ਹਾਂ ਵਿਚ ਆਰæਐਸ਼ਐਸ਼ ਦੇ ਆਗੂ ਬ੍ਰਿਗੇਡੀਅਰ (ਸੇਵਾ ਮੁਕਤ) ਜਗਦੀਸ਼ ਗਗਨੇਜਾ, ਨਾਮਧਾਰੀ ਸੰਪਰਦਾ ਦੀ ਆਗੂ ਮਾਤਾ ਚੰਦ ਕੌਰ, ਲੁਧਿਆਣਾ ਤੇ ਖੰਨਾ ਸ਼ਹਿਰਾਂ ਵਿਚ ਹਿੰਦੂ ਨੇਤਾਵਾਂ ਅਤੇ ਖੰਨਾ ਪੁਲਿਸ ਜ਼ਿਲ੍ਹੇ ਵਿੱਚ ਹੀ ਡੇਰਾ ਸਿਰਸਾ ਨਾਲ ਸਬੰਧਤ ਦੋ ਵਿਅਕਤੀਆਂ ਦੀਆਂ ਮੌਤਾਂ ਦਾ ਪੁਲਿਸ ਕੋਈ ਸੁਰਾਗ ਨਹੀਂ ਲਾ ਸਕੀ।
________________________________________________
ਪੰਜਾਬ ਵਿਚ ਉਪਰੋਥਲੀ ਵਾਪਰੀਆਂ ਘਟਨਾਵਾਂæææ
ਚੰਡੀਗੜ੍ਹ: ਮੁਹਾਲੀ ਜ਼ਿਲ੍ਹੇ ਵਿਚ ਬੈਂਕ ਦੀ ਕੈਸ਼ ਵੈਨ ਵਿਚੋਂ 1æ33 ਕਰੋੜ ਰੁਪਏ ਦਿਨ-ਦਿਹਾੜੇ ਲੁੱਟੇ ਜਾਣਾ; ਇਸੇ ਜ਼ਿਲ੍ਹੇ ਵਿਚ ਇਕ ਗੈਸ ਏਜੰਸੀ ਵਿਚੋਂ 1æ70 ਲੱਖ ਰੁਪਏ ਦੀ ਲੁੱਟ; ਫਿਰੋਜ਼ਪੁਰ ਜ਼ਿਲ੍ਹੇ ਵਿਚ ਅਕਾਲੀ ਪਿਉ-ਪੁੱਤ ਦੀ ਕਾਂਗਰਸੀ ਵਰਕਰ ਤੇ ਸਾਥੀਆਂ ਵੱਲੋਂ ਹੱਤਿਆ; ਫ਼ਰੀਦਕੋਟ ਵਿਚ ਨਗਰਪਾਲਕਾ ਦੇ ਅਕਾਲੀ ਪ੍ਰਧਾਨ ਨੂੰ ਅਹੁਦੇ ਤੋਂ ਜਬਰੀ ਹਟਾਏ ਜਾਣ ਦੀ ਕੋਸ਼ਿਸ਼ ਅਤੇ ਕੌਂਸਲਰਾਂ ਨੂੰ ਅਗਵਾ ਕਰਨ ਦੇ ਦੋਸ਼। ਸਿਰਫ਼ ਇਕ ਦਿਨ ਵਿਚ ਅਜਿਹੀਆਂ ਚਾਰ ਘਟਨਾਵਾਂ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਦੀ ਖੁਸ਼ਨੁਮਾ ਤਸਵੀਰ ਨਹੀਂ ਪੇਸ਼ ਕਰਦੀਆਂ। ਇਹ ਦਰਸਾਉਂਦੀਆਂ ਹਨ ਕਿ ਸਥਿਤੀ ਕਿੱਧਰ ਨੂੰ ਜਾ ਰਹੀ ਹੈ। ਪੰਜਾਬ ਸਰਕਾਰ ਦੇ ਤਰਜਮਾਨ ਇਸ ਨੂੰ ਕਦੇ ਕਦਾਈਂ ਵਾਪਰਨ ਵਾਲਾ ਵਰਤਾਰਾ ਕਹਿ ਸਕਦੇ ਹਨ, ਪਰ ਪਿਛਲੇ ਡੇਢ ਮਹੀਨੇ ਦੀ ਦ੍ਰਿਸ਼ਾਵਲੀ ਘੱਟੋ-ਘੱਟ ਅਮਨ ਕਾਨੂੰਨ ਦੀ ਵਿਵਸਥਾ ਦੇ ਮੁਹਾਜ਼ ਤੋਂ ‘ਸਭ ਅੱਛਾ’ ਨਾ ਹੋਣ ਦੇ ਸੰਕੇਤ ਦਿੰਦੀ ਆ ਰਹੀ ਹੈ। ਇਕੱਲੇ ਗਿੱਦੜਬਾਹਾ ਹਲਕੇ ਵਿਚ ਚਾਰ ਦਿਨਾਂ ਦੌਰਾਨ ਸਿਆਸੀ ਰੰਗਤ ਵਾਲੇ ਚਾਰ ਹਮਲਿਆਂ ਦੀਆਂ ਚਾਰ ਵਾਰਦਾਤਾਂ ਵਾਪਰੀਆਂ ਜਿਨ੍ਹਾਂ ਵਿਚ ਸ਼ੱਕ ਦੀ ਉਂਗਲ ਸਥਾਨਕ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹਮਾਇਤੀਆਂ ਵੱਲ ਉਠੀ।