ਇੰਦੌਰ ‘ਚ ਗੁਰਦੁਆਰਾ ਢਾਹੇ ਜਾਣ ਪਿੱਛੋਂ ਸਿੱਖਾਂ ‘ਚ ਰੋਹ

ਇੰਦੌਰ: ਮੱਧ ਪ੍ਰਦੇਸ਼ ਦੇ ਇੰਦੌਰ ਜ਼ਿਲ੍ਹੇ ਦੇ ਰਾਜ ਮੁਹੱਲਾ ਇਲਾਕੇ ਵਿਚ ਸਥਿਤ ਗੁਰਦੁਆਰਾ ਸਾਹਿਬ ਕਰਤਾਰ ਕੀਰਤਨ ਦੀ ਇਮਾਰਤ ਨੂੰ ਪ੍ਰਸ਼ਾਸਨ ਵੱਲੋਂ ਪੂਰੀ ਤਰ੍ਹਾਂ ਢਹਿ-ਢੇਰੀ ਕਰ ਦਿੱਤਾ ਗਿਆ। ਗੁਰੂ ਘਰ ਵਿਖੇ ਹਫਤਾਵਰੀ ਸਮਾਗਮ ਚੱਲ ਰਿਹਾ ਸੀ। ਅਚਾਨਕ ਪੁਲਿਸ ਸਮੇਤ ਨਗਰ ਨਿਗਮ ਅਧਿਕਾਰੀ ਗੁਰੂ ਘਰ ਅੰਦਰ ਦਾਖਲ ਹੋਏ। ਮਰਿਆਦਾ ਦੀ ਉਲੰਘਣਾ ਕਰਦਿਆਂ ਜੋੜਿਆਂ ਸਮੇਤ ਦਾਖਲ ਹੋਈ ਲਗਭਗ 400 ਪੁਲਿਸ ਕਰਮੀਆਂ ਸਮੇਤ ਬਾਕੀ ਲੋਕਾਂ ਦੀ ਫੋਰਸ ਨੇ ਗੁਰੂ ਘਰ ਅੰਦਰ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਬਰੀ ਚੁੱਕਣੇ ਸ਼ੁਰੂ ਕਰ ਦਿੱਤੇ।

ਇਸ ਕਾਰਵਾਈ ਦਾ ਸੰਗਤ ਨੇ ਵਿਰੋਧ ਸ਼ੁਰੂ ਕਰ ਦਿੱਤਾ, ਪਰ ਅਧਿਕਾਰੀਆਂ ਦੀ ਗਿਣਤੀ ਵੱਧ ਹੋਣ ਕਾਰਨ ਸੰਗਤ ਨੂੰ ਧੱਕੇ ਮਾਰ ਕੇ ਗੁਰੂ ਘਰ ‘ਚੋਂ ਬਾਹਰ ਕੱਢਿਆ ਜਾਣ ਲੱਗਾ। ਦੀਵਾਨ ਗੁਰੂ ਘਰ ਦੀ ਪਹਿਲੀ ਮੰਜ਼ਲ ‘ਤੇ ਸਜਿਆ ਹੋਇਆ ਸੀ। ਪੁਲਿਸ ਵੱਲੋਂ ਬੀਬੀਆਂ ਨੂੰ ਘੜੀਸ ਕੇ ਪੌੜੀਆਂ ਤੋਂ ਥੱਲੇ ਉਤਾਰਿਆ ਗਿਆ। ਪ੍ਰਬੰਧਕਾਂ ਮੁਤਾਬਕ ਮੋਦੀ ਸਰਕਾਰ ਵੱਲੋਂ ਇੰਦੌਰ ਸ਼ਹਿਰ ਨੂੰ ਸਮਾਰਟ ਸਿਟੀ ਯੋਜਨਾ ਵਿਚ ਸ਼ਾਮਲ ਕੀਤੇ ਜਾਣ ਤੋਂ ਬਾਅਦ ਸਰਕਾਰ ਨੇ ਸਾਰੇ ਧਾਰਮਿਕ ਅਸਥਾਨਾਂ ਨੂੰ ਕੋਈ ਹੋਰ ਥਾਂ ਅਲਾਟ ਕਰ ਕੇ ਉਥੇ ਸ਼ਿਫਟ ਕੀਤੇ ਜਾਣ ਦੀ ਸੂਚਨਾ ਦਿੱਤੀ ਸੀ। ਇਸ ਤੋਂ ਬਾਅਦ ਸਿੱਖ ਸੰਗਤ ਨੇ ਮੰਗ ਕੀਤੀ ਸੀ ਗੁਰੂ ਘਰ 50 ਸਾਲ ਪੁਰਾਣਾ ਹੋਣ ਕਰ ਕੇ ਸੰਗਤ ਦੀਆਂ ਭਾਵਨਾਵਾਂ ਇਸ ਅਸਥਾਨ ਨਾਲ ਜੁੜੀਆਂ ਹੋਈਆਂ ਹਨ।
ਇਸ ਕਰ ਕੇ ਕੋਈ ਹੋਰ ਰਾਹ ਕੱਢਿਆ ਜਾਵੇ, ਪਰ ਅਚਾਨਕ ਪ੍ਰਸ਼ਾਸਨ ਵੱਲੋਂ ਇਹ ਕਦਮ ਚੁੱਕਿਆ ਜਾਣਾ ਅਤੀ ਨਿੰਦਣਯੋਗ ਹੈ। ਤਸਵੀਰਾਂ ਬਿਆਨ ਕਰਦੀਆਂ ਹਨ ਕਿ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਪੂਰੀ ਤਰ੍ਹਾਂ ਤਹਿਸ ਨਹਿਸ ਕਰ ਦਿੱਤਾ ਗਿਆ ਹੈ। ਪੁਲਿਸ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 4 ਸਰੂਪਾਂ ਵਿਚੋਂ 3 ਸਰੂਪ ਵੀ ਚੁੱਕ ਕੇ ਕਿਧਰੇ ਲੈ ਗਈ ਹੈ। ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ, ਜਦਕਿ ਇਕ ਸਰੂਪ ਨੂੰ ਸੰਗਤ ਆਪਣੇ ਕੋਲ ਰੱਖਣ ਵਿਚ ਕਾਮਯਾਬ ਹੋ ਗਈ।
ਇਸ ਤੋਂ ਇਲਾਵਾ ਗੁਰੂ ਘਰ ਅੰਦਰ ਪਈਆਂ 300 ਸਾਲ ਪੁਰਾਣੀਆਂ ਕਿਰਪਾਨਾਂ (ਸੋਨੇ ਤੇ ਚਾਂਦੀ ਦੇ ਮੁੱਠੇ ਵਾਲੀਆਂ), ਦੋ ਚਾਂਦੀ ਦੇ ਫੁੱਲਦਾਨ ਤੇ ਗੋਲਕ ਵਿਚਲੀ 75 ਤੋਂ 80 ਹਜ਼ਾਰ ਦੇ ਕਰੀਬ ਭੇਟਾ ਰਾਸ਼ੀ ਤੇ ਲਾਕਰ ਦੀ 3 ਲੱਖ ਤੋਂ ਵੱਧ ਨਗਦੀ ਚੁੱਕ ਕੇ ਲੈ ਗਈ ਹੈ।
ਪੁਲਿਸ ਨੇ ਧੱਕੇਸ਼ਾਹੀ ਕਰਦਿਆਂ ਦੂਜੀ ਮੰਜ਼ਲ ‘ਤੇ ਬਣਾਈ ਹੋਈ ਲਾਇਬਰੇਰੀ ਦੀਆਂ 40,000 ਕਿਤਾਬਾਂ ਵੀ ਲੁੱਟ ਲਈਆਂ ਗਈਆਂ ਹਨ। ਸੰਗਤ ਦਾ ਰੋਸ ਹੈ ਕਿ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਤੇ ਇਸ ਤਰ੍ਹਾਂ ਬਿਨਾਂ ਦੱਸੇ ਕੀਤੀ ਗਈ ਕਾਰਵਾਈ ਸ਼ਰੇਆਮ ਧੱਕਾ ਹੈ।