ਉਤਰ ਪ੍ਰਦੇਸ਼ ਵਿਚ ਮਿਸਾਲੀ ਜਿੱਤ ਹਾਸਲ ਕਰਨ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਆਪਣੇ ਰੰਗ ਵਿਚ ਆ ਗਈ ਹੈ। ਕਿਸੇ ਦੇ ਚਿੱਤ-ਚੇਤੇ ਵੀ ਨਹੀਂ ਸੀ ਕਿ ਇਹ ਮੁਲਕ ਦੇ ਸਭ ਤੋਂ ਵੱਡੇ ਸੂਬੇ ਦੀ ਕਮਾਨ ਯੋਗੀ ਅਦਿਤਿਆਨਾਥ ਵਰਗੇ ਕੱਟੜ ਆਗੂ ਦੇ ਹੱਥ ਦੇ ਦੇਵੇਗੀ, ਪਰ ਪਾਰਟੀ ਦੀ ਨਬਜ਼ ਟੋਹਣ ਵਾਲੇ ਕੁਝ ਸਿਆਸੀ ਮਾਹਿਰਾਂ ਨੇ ਇਸ ਚੋਣ ‘ਤੇ ਕੋਈ ਹੈਰਾਨੀ ਜ਼ਾਹਰ ਨਹੀਂ ਕੀਤੀ। ਇਨ੍ਹਾਂ ਮਾਹਿਰਾਂ ਨੇ ਤਾਂ ਪਾਰਟੀ ਵੱਲੋਂ ਪਹਿਲਾਂ ਲੋਕ ਸਭਾ ਚੋਣਾਂ ਦੌਰਾਨ ਅਤੇ ਹੁਣ ਉਤਰ ਪ੍ਰਦੇਸ਼ ਵਿਚ ਵਿਧਾਨ ਸਭਾ ਚੋਣਾਂ ਮੌਕੇ ਕੀਤੀ ਧਾਰਮਿਕ ਕਤਾਰਬੰਦੀ ਦਾ ਮਸਲਾ ਉਭਾਰਿਆ ਸੀ।
ਉਦੋਂ ਵੀ ਅਤੇ ਹੁਣ ਵੀ ਏਜੰਡਾ ਤਾਂ ਵਿਕਾਸ ਦਾ ਹੀ ਪ੍ਰਚਾਰਿਆ ਗਿਆ, ਪਰ ਇਸ ਏਜੰਡੇ ਦੇ ਓਹਲੇ, ਧਾਰਮਿਕ ਵੰਡੀਆਂ ਦੇ ਆਧਾਰ ਉਤੇ ਸਿਆਸਤ ਮਘਾਈ ਗਈ। ਜ਼ਾਹਰ ਹੈ ਕਿ ਭਾਰਤੀ ਜਨਤਾ ਪਾਰਟੀ ਨੂੰ ਇਹ ਰਣਨੀਤੀ ਖੂਬ ਰਾਸ ਆਈ ਹੈ। ਸੂਬੇ ਦੇ 403 ਹਲਕਿਆਂ ਤੋਂ ਇਕ ਵੀ ਮੁਸਲਮਾਨ ਆਗੂ ਨੂੰ ਟਿਕਟ ਨਾ ਦੇ ਕੇ ਇਸ ਨੇ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਇਹ ਆਉਣ ਵਾਲੇ ਦਿਨਾਂ ਵਿਚ ਕਿਸ ਤਰ੍ਹਾਂ ਦੀ ਸਿਆਸੀ ਸ਼ਤਰੰਜ ਖੇਡਣ ਵਾਲੀ ਹੈ। ਹੁਣ ਯੋਗੀ ਦੀ ਚੋਣ ਨੇ ਦਰਸਾ ਦਿੱਤਾ ਹੈ ਕਿ ਇਸ ਦਾ ਅਸਲ ਏਜੰਡਾ ਹੈ ਕੀ! ਯੋਗੀ ਅਦਿਤਿਆਨਾਥ ਸਿਆਸੀ ਸਰਗਰਮੀ ਅਤੇ ਬਿਆਨਾਂ ਦੇ ਪੱਖ ਤੋਂ ਹੀ ਨਹੀਂ, ਦਰਸ਼ਨੀ ਪੱਖ ਤੋਂ ਹਿੰਦੂਤਵੀ ਤਾਕਤਾਂ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰਦਾ ਹੈ। ਘੱਟ-ਗਿਣਤੀ ਮੁਸਲਮਾਨਾਂ ਅਤੇ ਈਸਾਈਆਂ ਬਾਰੇ ਉਸ ਦੇ ਬਿਆਨ ਕਿਸੇ ਤੋਂ ਛੁਪੇ ਹੋਏ ਨਹੀਂ ਹਨ। ਜਦੋਂ ਇਹ ਕੱਟੜ ਆਗੂ ਅੱਗ ਉਗਲਦੇ ਬਿਆਨ ਦਾਗਦਾ ਹੁੰਦਾ ਸੀ ਤਾਂ ਭਾਰਤੀ ਜਨਤਾ ਪਾਰਟੀ ਦਾ ਇਕ ਹੀ ਜਵਾਬ ਹੁੰਦਾ ਸੀ ਕਿ ਇਹ ਉਸ ਦੇ ਨਿਜੀ ਵਿਚਾਰ ਹਨ, ਪਾਰਟੀ ਨਾਲ ਇਸ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਅਸਲ ਵਿਚ ਭਾਜਪਾ ਨੇ ਅਜਿਹੇ ਅਨੇਕਾਂ ਕੱਟੜ ਆਗੂਆਂ ਨੂੰ ਖੁੱਲ੍ਹੀ ਛੁੱਟੀ ਦਿੱਤੀ ਹੋਈ ਸੀ ਅਤੇ ਉਹ ਨਿੱਤ ਦਿਨ ਦੂਜੇ ਧਰਮਾਂ ਦੇ ਲੋਕਾਂ ਖਿਲਾਫ ਅਜਿਹੇ ਭਾਸ਼ਣਾਂ ਨਾਲ ਆਪਣਾ ਸਿਆਸੀ ਅਖਾੜਾ ਮਘਾਈ ਰੱਖਦੇ ਸਨ। ਇਹ ਧਰਮ ਦੇ ਆਧਾਰ ਉਤੇ ਹੀ ਕਤਾਰਬੰਦੀ ਸੀ ਜੋ ਯੋਗੀ ਅਦਿਤਿਆਨਾਥ ਵਰਗੇ ਕੱਟੜ ਆਗੂ ਲਗਾਤਾਰ ਕਰਦੇ ਰਹੇ। ਨਤੀਜੇ ਵਜੋਂ ਅੱਜ ਉਤਰ ਪ੍ਰਦੇਸ਼ ਦੀ ਸੱਤਾ ਉਨ੍ਹਾਂ ਦੇ ਹੱਥ ਆ ਗਈ ਹੈ ਅਤੇ ਭਾਰਤੀ ਜਨਤਾ ਪਾਰਟੀ ਨੇ ਸਾਬਤ ਕਰ ਦਿੱਤਾ ਹੈ ਕਿ ਇਹ ਮੁਸਲਮਾਨਾਂ ਤੋਂ ਬਗੈਰ ਚੋਣਾਂ ਲੜੇਗੀ ਵੀ ਅਤੇ ਜਿੱਤੇਗੀ ਵੀ; ਉਨ੍ਹਾਂ ਹਲਕਿਆਂ ਵਿਚ ਵੀ, ਜਿਥੇ ਮੁਸਲਮਾਨਾਂ ਦੀ ਬਹੁ-ਗਿਣਤੀ ਹੈ। ਇਸ ਮਾਮਲੇ ‘ਤੇ ਸਭ ਚੋਣ ਮਾਹਿਰ ਅੰਕੜਿਆਂ ਦੀ ਗਿਣਤੀ-ਮਿਣਤੀ ਕਰਦੇ ਰਹਿ ਗਏ ਹਨ ਅਤੇ ਭਾਰਤੀ ਜਨਤਾ ਪਾਰਟੀ ਦੀ ਕਤਾਰਬੰਦੀ ਵਾਲੀ ਸਿਆਸਤ ਇਕ ਵਾਰ ਫਿਰ ਮੋਰਚਾ ਮਾਰ ਗਈ ਹੈ। ਰਾਮ ਮੰਦਿਰ ਵਾਲੇ ਅੰਦੋਲਨ ਵੇਲੇ ਵੀ ਕੁਝ ਅਜਿਹਾ ਹੀ ਵਾਪਰਿਆ ਸੀ ਅਤੇ ਇਹ ਪਾਰਟੀ ਇਕੋ ਛਾਲ ਨਾਲ ਕੌਮੀ ਸਿਆਸੀ ਪਿੜ ਵਿਚ ਆਪਣਾ ਝੰਡਾ ਗੱਡਣ ਵਿਚ ਕਾਮਯਾਬ ਹੋ ਗਈ ਸੀ।
ਮੁਲਕ ਦੇ ਲੋਕਾਂ ਨੇ ਇਹ ਕੌਤਕ ਹੁਣ ਇਕ ਵਾਰ ਫਿਰ ਦੇਖ ਲਿਆ ਹੈ। ਸਿਤਮਜ਼ਰੀਫੀ ਇਹ ਹੈ ਕਿ ਇਹ ਸਾਰਾ ਕੌਤਕ ਵਿਕਾਸ ਦੇ ਨਾਂ ਉਤੇ ਕੀਤਾ ਗਿਆ ਹੈ। ਐਤਕੀਂ ਉਤਰ ਪ੍ਰਦੇਸ਼ ਵਿਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਧੂੰਆਂਧਾਰ ਪ੍ਰਚਾਰ ਕੀਤਾ। ਚੋਣ ਮੁਹਿੰਮ ਦੇ ਆਖਰੀ ਤਿੰਨ ਦਿਨ ਤਾਂ ਉਹ ਵਾਰਾਨਸੀ ਤੋਂ ਬਾਹਰ ਨਹੀਂ ਨਿਕਲੇ ਜਿਥੋਂ ਉਹ ਲੋਕ ਸਭਾ ਵਿਚ ਨੁਮਾਇੰਦਗੀ ਕਰ ਰਹੇ ਹਨ। ਖੈਰ! ਇਸ ਚੋਣ ਮੁਹਿੰਮ ਦੌਰਾਨ ਮੋਦੀ ਵੱਲੋਂ ਰੈਲੀ ਵਿਚ ਦਿੱਤੇ ਭਾਸ਼ਣ ਸੁਣਨ ਵਾਲੇ ਹਨ। ਵਿਕਾਸ ਦੇ ਨਾਲ-ਨਾਲ ਉਨ੍ਹਾਂ ਜਿਸ ਢੰਗ ਨਾਲ ਧਾਰਮਿਕ ਕਤਾਰਬੰਦੀ ਲਈ ਲੋਕਾਂ ਨੂੰ ਸ਼ਿਸ਼ਕੇਰਿਆ, ਉਸ ਬਾਰੇ ਮੀਡੀਆ ਵਿਚ ਖੂਬ ਬਹਿਸ ਛਿੜੀ, ਪਰ ਪਾਰਟੀ ਦੇ ਕਿਸੇ ਵੀ ਆਗੂ ਨੇ ਇਸ ਬਹਿਸ ਵਿਚੋਂ ਉਪਜੇ ਇਕ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ। ਇਸ ਦੀ ਥਾਂ ਉਹ ਧਰਮ ਨਿਰਪੱਖਤਾ ਨੂੰ ‘ਅਖੌਤੀ’ ਆਖ ਕੇ ਦੂਜੀਆਂ ਪਾਰਟੀਆਂ ਉਤੇ ਸਵਾਲਾਂ ਦੀ ਵਾਛੜ ਕਰਦੇ ਰਹੇ। ਹਰ ਆਗੂ ਇਹੀ ਤਰਕ ਦਿੰਦਾ, ਕਿ ਭਾਰਤੀ ਜਨਤਾ ਪਾਰਟੀ ਹੋਰ ਪਾਰਟੀਆਂ ਵਾਂਗ ਘੱਟ-ਗਿਣਤੀਆਂ ਨੂੰ ਲੁਭਾਉਣ ਵਾਲੀ ਸਿਆਸਤ ਨਹੀਂ ਕਰੇਗੀ। ਹੁਣ ਨਵੇਂ ਸਾਜੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਦੇ ਸਾਰੇ ਬਿਆਨ ਵੀ ਵਿਕਾਸ ਬਾਰੇ ਹੀ ਆ ਰਹੇ ਹਨ। ਉਂਜ ਇਸ ਦੇ ਨਾਲ ਹੀ ਰਾਮ ਮੰਦਿਰ ਦੀ ਚਰਚਾ ਵੱਡੇ ਪੱਧਰ ਉਤੇ ਛਿੜ ਚੁਕੀ ਹੈ। ਮੁਲਕ ਦੀ ਸੁਪਰੀਮ ਕੋਰਟ ਨੇ ਵੀ ਇਸ ਬਾਰੇ ਆਪਣਾ ਦਾਈਆ ਦੱਸ ਦਿੱਤਾ ਹੈ। ਸੁਪਰੀਮ ਕੋਰਟ ਦੇ ਪਹਿਲੇ ਸਿੱਖ ਚੀਫ ਜਸਟਿਸ ਜੇæ ਐਸ਼ ਖੇਹਰ ਨੇ ਬਾਬਰੀ ਮਸਜਿਦ ਵਿਵਾਦ ਨਾਲ ਸਬੰਧਤ ਧਿਰਾਂ ਨੂੰ ਸੁਝਾਅ ਦਿੱਤਾ ਹੈ ਕਿ ਉਹ ਅਦਾਲਤ ਤੋਂ ਬਾਹਰ ਆਪਣੀ ਕੋਈ ਸਹਿਮਤੀ ਬਣਾ ਲੈਣ। ਯਾਦ ਰਹੇ, ਆਪਸ ਵਿਚ ਬੈਠ ਕੇ ਮਸਲਾ ਹੱਲ ਕਰਨ ਸਬੰਧੀ ਪਹਿਲਾਂ ਅੱਠ ਕੋਸ਼ਿਸ਼ਾਂ ਹੋ ਚੁਕੀਆਂ ਹਨ। ਇਨ੍ਹਾਂ ਕੋਸ਼ਿਸ਼ਾਂ ਦੀ ਅਸਫਲਤਾ ਤੋਂ ਬਾਅਦ ਹੀ ਕੇਸ ਸੁਪਰੀਮ ਕੋਰਟ ਦੀ ਦਹਿਲੀਜ਼ ਤੱਕ ਅੱਪੜਿਆ ਸੀ। ਸਾਫ ਜ਼ਾਹਰ ਹੈ ਕਿ ਕਤਾਰਬੰਦੀ ਅਦਾਲਤਾਂ ਅੰਦਰ ਵੀ ਧੁਸ ਦੇ ਕੇ ਜਾ ਵੜੀ ਹੈ। ਇਹ ਉਹ ਹਾਲਾਤ ਹਨ ਜਦੋਂ ਕੇਂਦਰ ਵਿਚ ਸੱਤਾਧਾਰੀ ਨਰੇਂਦਰ ਮੋਦੀ ਅਤੇ ਉਤਰ ਪ੍ਰਦੇਸ਼ ਵਿਚ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਦੀ ਜੋੜੀ ਬਣੀ ਹੈ। ਇਸ ਤੋਂ ਪਹਿਲਾਂ ਮੋਦੀ ਅਤੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਦੀ ਜੋੜੀ ਨੇ ਜੋ ਗੁਲ ਖਲਾਏ ਹਨ, ਉਹ ਵੀ ਸਭ ਦੇ ਸਾਹਮਣੇ ਹਨ। ਗੁਜਰਾਤ ਦੀ ਸਿਆਸਤ ਦਾ ਕਾਲਾ ਸਫਾ ਅੱਜ ਵੀ ਸਭ ਦਾ ਮੂੰਹ ਚਿੜਾ ਰਿਹਾ ਹੈ, ਜਦੋਂ ਦੇਖਦਿਆਂ-ਦੇਖਦਿਆਂ ਮੁਸਲਮਾਨਾਂ ਦਾ ਕਤਲੇਆਮ ਕੀਤਾ ਗਿਆ ਸੀ। ਉਸ ਤੋਂ ਬਾਅਦ ਇਹ ਜੋੜੀ ਜਿੱਤਦੀ ਹੀ ਗਈ, ਕਾਰਨ ਸਿਰਫ ਇਕ ਹੀ ਸੀ ਕਿ ਟੱਕਰ ਦੇਣ ਵਾਲੀ ਕੋਈ ਵਿਰੋਧੀ ਧਿਰ ਨਹੀਂ ਸੀ ਅਤੇ ਹੁਣ ਵੀ ਹਾਲਾਤ ਕੋਈ ਵੱਖਰੇ ਨਹੀਂ ਹਨ। ਸਿਰ ਉਤੇ ਚੜ੍ਹੀਆਂ ਆ ਰਹੀਆਂ ਇਨ੍ਹਾਂ ਹਿੰਦੂਤਵੀ ਤਾਕਤਾਂ ਨੂੰ ਠੱਲ੍ਹਣ ਵਾਲੀ ਤਕੜੀ ਵਿਰੋਧੀ ਧਿਰ ਕਿਤੇ ਰੜਕ ਨਹੀਂ ਰਹੀ। ਇਸ ਤੋਂ ਆਉਣ ਵਾਲੇ ਦਿਨਾਂ ਦੀ ਸਿਆਸਤ ਦਾ ਅੰਦਾਜ਼ਾ ਸਹਿਜੇ ਹੀ ਲਾਇਆ ਸਕਦਾ ਹੈ।